“ ਰੱਬ ਸਾਡੇ ਉਤੇ ਨਹੀਂ ਹੈ, ਨਾ ਸਾਡੇ ਥੱਲੇ ਹੈ, ਨਾ ਹੀ
ਸੱਜੇ ਹੈ , ਨਾ ਹੀ ਖੱਬੇ, ਨਾ ਹੀ ਸਾਹਮਣੇ ਹੈ ਅਤੇ ਨਾ
ਹੀ ਪਿੱਛੇ । ਰੱਬ ਉਹੀ ਕੁਝ ਹੈ ਜੋ ਅਸੀਂ ਹਾਂ । ਉਹੀ
ਸਾਡਾ ਰੱਬ ਹੈ । ਪਿਛਲੇ ਸੈਂਕੜੇ, ਹਜ਼ਾਰਾਂ ਸਾਲ ਤੱਕ
ਇਨਸਾਨ ਨੇ ਰੱਬ ਨੂੰ ਆਪਣੇ ਆਪ ਤੋਂ ਵੱਖ ਕਰਕੇ
ਆਪਣੇ ਆਪ ਨੂੰ ਹੀ ਸਤਿਕਾਰ ਨਹੀਂ ਦਿੱਤਾ । ਜੇ
ਤੁਸੀਂ ਇਹ ਦਾਅਵਾ ਕਰਦੇ ਹੋ ਕਿ ਤੁਸੀਂ ਰੱਬ ਦੀ
ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਝੂਠ ਬੋਲ ਰਹੇ ਹੋ ।
ਤੁਸੀਂ ਰੱਬ ਦੀ ਤਲਾਸ਼ ਨਹੀਂ ਕਰ ਰਹੇ । ਤੁਸੀਂ ਹੀ ਰੱਬ
ਹੋ ।"
ਅਕਤੂਬਰ, 10 1974
ਇਕ ਵਾਰ ਹਰਿਭਜਨ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ । ਉਨ੍ਹਾਂ ਦੇ ਨਾਲ ਦੋ ਸਾਥੀ ਹੋਰ ਵੀ ਸਨ । ਜਿਨ੍ਹਾਂ ਵਿਚੋਂ ਸ਼ਿਲੌਂਗ ਦਾ ਡਿਪਟੀ ਕਮਿਸ਼ਨਰ ਸੀ ਤੇ ਦੂਜਾ ਆਸਾਮ ਦਾ ਚੀਫ ਸੈਕਟਰੀ । ਚੜ੍ਹਾਈ ਚੜ੍ਹਨ ਤੋਂ ਬਾਅਦ ਜਦੋਂ ਉਹ ਪਹਾੜ ਦੀ ਚੋਟੀ 'ਤੇ ਪਹੁੰਚੇ ਤਾਂ ਸਭ ਥੱਕੇ ਹੋਏ ਸਨ । ਹਰਿਭਜਨ ਨੂੰ ਪਿਆਸ ਲੱਗ ਰਹੀ ਸੀ । ਉਹ ਪਾਣੀ ਲੱਭਦੇ ਲੱਭਦੇ ਇਕ ਸਰੋਤ ਕੋਲ ਪੁੱਜੇ । ਇੱਥੇ ਇਕ ਹੋਰ ਰਹੱਸਮਈ ਅਨੁਭਵ ਉਨ੍ਹਾਂ ਦੀ ਰਾਹ ਦੇਖ ਰਿਹਾ ਸੀ। ਬਾਅਦ ਵਿਚ ਖੁਦ ਉਨ੍ਹਾਂ ਆਪਣੇ ਉਸ ਅਤਿ ਸੂਖਮ ਅਨੁਭਵ ਨੂੰ ਖ਼ੁਦ ਸ਼ਬਦਾਂ ਵਿਚ ਪਰੋਇਆ । ਉਹ ਅਨੁਭਵ ਕੁਝ ਇਸ ਤਰ੍ਹਾਂ ਸੀ ;
'' ਪਾਣੀ ਪੀਂਦੇ ਸਾਰ…….ਬਹੁਤ ਠੰਡਾ ਸੀ, ਬਸ ਸਰੀਰਕ ਤੋਰ 'ਤੇ ਮੇਰੀ ਇਹ ਆਖਰੀ ਅਨੁਭੂਤੀ ਸੀ । ਅਗਲੀ ਗੱਲ ਜੋ ਮੈਨੂੰ ਯਾਦ ਆਉਂਦੀ ਹੈ …..ਮੈਂ ਰੋਸ਼ਨੀ ਦੇ ਇਕ ਦਾਇਰੇ ਵਿਚ ਲੇਟਿਆ ਹੋਇਆ ਸੀ । ਉਹ ਰੋਸ਼ਨੀ ਚਾਰੇ ਪਾਸਿਆਂ ਤੋਂ ਆ ਰਹੀ ਸੀ । ਮੇਰੀ ਸਾਰੀ ਜੀਵਨ ਕਥਾ ਫਿਲਮ ਵਾਂਗ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੀ । ਜਨਮ ਤੋਂ ਲੈ ਕੇ ਇਕ ਇਕ ਮਰਹਲਾ…, ਉਥੋਂ ਤੱਕ ਜਦੋਂ ਮੈਂ ਵੈਸ਼ਨੋ ਦੇਵੀ ਦੀ ਚੜ੍ਹਾਈ ਚੜ੍ਹਦਾ ਆ ਰਿਹਾ ਸੀ । ਫ਼ਿਲਮ ਦਾ ਸਿਲਸਿਲਾ ਇਕ ਥਾਂ 'ਤੇ ਰੁਕ ਗਿਆ , ਮੈ ਆਪਣੇ ਆਪ ਨੂੰ ਪਾਣੀ ਪੀਂਦੇ ਹੋਏ ਦੇਖ ਸਕਦਾ ਸੀ ।"
ਮੈਨੂੰ ਇਕ ਆਵਾਜ਼ ਸੁਣਾਈ ਦਿੱਤੀ; '' ਹੁਣ ਤੂੰ ਫੈਸਲਾ ਕਰ।" ਮੈਨੂੰ ਲੱਗਾ ਕਿ ਮੈਂ ਰੌਸ਼ਨੀ ਦੇ ਇਕ ਖੰਭੇ ਵਿਚ ਹਾਂ । ਜੋ ਮੈਨੂੰ ਧਰਤੀ ਦੇ ਅੰਦਰ ਲਈ ਜਾ ਰਿਹਾ ਹੈ । ਜਿਉਂ ਜਿਉਂ ਮੈਂ ਥੱਲੇ ਉਤਰਦਾ ਜਾ ਰਿਹਾ ਸੀ , ਸਭ ਸ਼ਾਂਤ ਹੁੰਦਾ ਜਾ ਰਿਹਾ ਸੀ । ਆਖਰ ਮੈਂ ਉਸ ਸੁਰੰਗ ਦੇ ਸਿਰੇ 'ਤੇ ਪਹੁੰਚ ਗਿਆ । ਅੱਗੇ ਖੁੱਲ੍ਹਾ ਆਕਾਸ਼ ਸੀ ਚੁਫੇਰੇ ਰੋਸ਼ਨੀ ਹੀ ਰੋਸ਼ਨੀ ।
ਉਹੀ ਆਵਾਜ਼ ਮੈਨੂੰ ਆਪਣਾ ਰਾਹ ਚੁਣਨ ਲਈ ਕਹਿ ਰਹੀ ਸੀ । ਇਕ ਰਾਹ ਬਹੁਤ ਸੁਖਾਵਾਂ ਤੇ ਨਿੱਘਾ ਲੱਗਦਾ ਸੀ । ਦੂਜੇ ਪਾਸੇ ਬਰਫੀਲੀਆਂ ਚੋਟੀਆਂ ਸਨ । ਆਵਾਜ਼ ਫੇਰ ਆਈ ਸੀ, ''ਜੋ ਚਾਹੇਂ ਚੁਣ ਸਕਦਾਂ ।" ਦੋਹੇਂ ਪਾਸਿਆਂ ਤੋਂ ਮੈਂ ਬਲਾ ਦੀ ਖਿੱਚ ਮਹਿਸੂਸ ਕਰ ਰਿਹਾ ਸੀ । ਇਕ ਪਲ ਲਈ ਮੈਂ ਖੜ੍ਹਾ ਰਿਹਾ ਤੇ ਸੋਚਿਆ, ਨਹੀਂ ਮੈਂ ਕਿਸੇ ਪਾਸੇ ਵੀ ਨਹੀਂ ਜਾਵਾਂਗਾ । ਕਿਉਂ ਜੋ ਇਹ ਇਕ ਪਵਿੱਤਰ ਭੂਮੀ ਸੀ । ਇੱਥੇ ਹੋਈ ਮੌਤ ਦਾ ਮਤਲਬ ਸੀ ਕਿ ਆਉਣ ਵਾਲੇ ਤੀਰਥ ਯਾਤਰੀਆਂ ਦੇ ਯਕੀਨ ਨੂੰ ਧੱਕਾ ਲੱਗ ਸਕਦਾ ਸੀ । ਮੈਂ ਦੇਵੀ ਮਾਂ ਨੂੰ ਬੇਨਤੀ ਕੀਤੀ, ….ਉਸ ਕਿਹਾ, '' ਤਾਂ ਫੇਰ ਵਾਪਸ ਮੁੜ ਜਾ ਤੇ ਜਾ ਕੇ ਧਰਮ ਦਾ ਪਰਚਾਰ ਕਰ।"
ਇਸ ਤੋਂ ਬਾਅਦ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਇਕ ਭੀੜ ਉਸ ਦੁਆਲੇ ਜੁੜੀ ਹੋਈ ਸੀ । ਉਸ ਦਾ ਸ਼ਰੀਰ ਕੰਬਲਾਂ ਨਾਲ ਲੱਦਿਆ ਪਿਆ ਸੀ । ਮੈਨੂੰ ਉਠੱਦੇ ਦੇਖ ਕੇ ਉਨ੍ਹਾਂ ਵਿਚ ਅਜੀਬ ਜਿਹੀ ਹਲਚਲ ਹੋਈ ਸੀ । ਇਹ ਲੋਕ ਮੈਨੂੰ ਮਰਿਆ ਹੋਇਆ ਘੋਸ਼ਿਤ ਕਰ ਚੁੱਕੇ ਸਨ । ਭੀੜ ਵਿਚ ਇਕ ਡਾਕਟਰ ਵੀ ਸੀ, ਜਿਸ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਸੀ । ਉਹ ਸਿਲਸਿਲਾ ਕੋਈ ਪੌਣੇ ਘੰਟੇ ਦੇ ਕਰੀਬ ਚੱਲਿਆ ਸੀ । ਉਸ ਕੋਲ ਹੁਣ ਉਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਕਰਨ ਤੋਂ ਸਿਵਾ ਕੋਈ ਚਾਰਾ ਵੀ ਨਹੀਂ ਸੀ ।
ਇਸ ਘਟਨਾ ਤੋਂ ਬਾਅਦ ਹਰਿਭਜਨ ਨੇ ਨਾਲ ਦੇ ਅਫਸਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਇਹ ਯਾਤਰਾ ਤਾਂ ਹੁਣ ਮੁਕੰਮਲ ਹੋ ਚੁੱਕੀ ਹੈ । ਹੁਣ ਤਾਂ ਸਮਾਂ ਇਕ ਨਵੇਂ ਸਫਰ ਦੀ ਸ਼ੁਰੂਆਤ ਦਾ ਸੀ । ਫੇਰ ਉਹ ਵਾਪਸ ਆ ਕੇ ਸ਼ੁਕਰਾਨੇ ਦੀ ਅਰਦਾਸ ਲਈ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ ।
ਇਸ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਬਹੁਤ ਸਾਰੇ ਰਹੱਸਵਾਦੀਆਂ ਦੇ ਜੀਵਨ ਵਿਚ ਆਉਂਦਾ ਹੈ । ਸਧਾਰਣ ਮਨੁੱਖੀ ਮਨ ਲਈ ਇਹ ਸਭ ਇਕ ਅਬੁੱਝ ਪਹੇਲੀ ਵਾਂਗ ਹੈ । ਮਨ ਦੀ ਇਕ ਵੰਨਗੀ ਇਹ ਵੀ ਹੈ ਕਿ ਜੋ ਪਹੇਲੀ ਉਸ ਤੋਂ ਬੁੱਝੀ ਨਾ ਜਾਵੇ ਉਹ ਉਸ ਲਈ ਅਰਥਹੀਣ ਹੋ ਜਾਂਦੀ ਹੈ । ਪਰ ਕੁਝ ਇਹੋ ਜਿਹੇ ਸਿਰ ਫਿਰੇ ਵੀ ਹੁੰਦੇ ਹਨ ਜਿਨ੍ਹਾਂ ਦਾ ਸਾਰਾ ਜੀਵਨ ਇਨ੍ਹਾਂ ਅਣਗਾਹੇ ਆਕਾਸ਼ਾਂ ਦੀ ਥਾਹ ਪਾਉਂਦੇ ਹੋਏ ਹੀ ਲੰਘ ਜਾਂਦਾ ਹੈ । ਸਦੀਆਂ ਤਾਈਂ ਇਹ ਖੋਜ ਧਰਮ ਦੇ ਹੀ ਦਾਇਰੇ ਤੱਕ ਸਿਮਟੀ ਰਹੀ । ਪਰ ਹੁਣ ਪਛੱਮ ਤੇ ਪੂਰਬ ਦੀਆਂ ਸਭਿਅਤਾਵਾਂ ਦੇ ਕੁਝ ਨੇੜੇ ਆਉਣ ਨਾਲ ਵਿਗਿਆਨਕ ਖੋਜ ਵੀ ਇਸ ਦਿਸ਼ਾ ਵਿਚ ਸ਼ੁਰੂ ਹੋਈ ਹੈ ।
ਰਹੱਸਦਰਸ਼ੀਆਂ ਦੇ ਜੀਵਨ ਵਿਚ ਇਨ੍ਹਾਂ ਘਟਨਾਵਾਂ ਨੂੰ ਮ੍ਰਿਤੂ ਦੇ ਅਨੁਭਵ ਜਾਂ ਸੱਚ ਦੀ ਅਨੁਭੂਤੀ ਦੇ ਨਾਲ ਜੋੜਿਆ ਜਾਂਦਾ ਹੈ । ਯੋਗ ਤੇ ਤੰਤਰ ਦੇ ਸਾਹਿਤ ਵਿਚ ਚੇਤਨਾ ਦੇ ਇਸ ਮੰਜ਼ਰ ਨੂੰ ਕਈ ਨਾਵਾਂ ਨਾਲ ਦਰਜ ਕੀਤਾ ਗਿਆ ਹੈ । ਇਸ ਨੂੰ ਪਰਾ ਸਰੀਰੀ ਅਨੁਭਵ ਵਜੋਂ ਵੀ ਬਖਾਨ ਕੀਤਾ ਜਾਂਦਾ ਹੈ । ਉਨ੍ਹਾਂ ਦੇ ਸ਼ਬਦਾਂ ਵਿਚ ਇਹ ਉਹ ਅਨੂਭਵ ਹੈ ਜਦੋਂ ਜੈਵੀ ਚੇਤਨਾ ਦੇਹ ਦੇ ਬੰਧਨਾਂ ਤੋਂ ਬਾਹਰ ਆ ਕੇ ਸਿਧੇ ਤੌਰ 'ਤੇ ਬ੍ਰਹਿਮੰਡੀ ਚੇਤਨਾ ਦੇ ਨਾਲ ਇਕ ਸੁਰ ਹੁੰਦੀ ਹੈ । ਇੱਥੇ ਮੌਤ ਦਾ ਅਨੁਭਵ ਵੀ ਹੈ ਤੇ ਅਸੀਮ ਗਿਆਨ ਦੀ ਅਨੁਭੂਤੀ ਹੈ । ਵਿਆਖਿਆ ਲਈ ਉਹ ਕਈ ਤਰ੍ਹਾਂ ਦੇ ਪ੍ਰਸੰਗ ਪ੍ਰਸਤੁਤ ਕਰਦੇ ਹਨ ਜੋ ਅਤਿਅੰਤ ਦਿਲਚਸਪ ਹਨ ।
ਇਹ ਕੁਝ ਇਸ ਤਰ੍ਹਾਂ ਨਾਲ ਹੈ ਕਿ ਜਿਵੇਂ ਕੋਈ ਮਨੁੱਖ , ਜੋ ਉਮਰ ਭਰ ਦੀਵਾਰ ਵਿਚਲੀ ਇਕ ਛੋਟੀ ਜਿਹੀ ਮੋਰੀ ਰਾਹੀਂ ਆਕਾਸ਼ ਦੇਖਦਾ ਰਿਹਾ ਹੋਵੇ । ਉਸ ਲਈ ਆਕਾਸ਼ ਦਾ ਉਹੀ ਰੂਪ ਇਕੋ ਇਕ ਸੱਚਾਈ ਹੋਵੇ ਤੇ ਇਕ ਦਿਨ ਅਚਾਨਕ ਉਹ ਦੀਵਾਰ ਹਟ ਜਾਵੇ। ਉਹ ਸਿੱਧਾ ਹੀ ਆਕਾਸ਼ ਦੇ ਸਾਹਮਣੇ ਆ ਪਵੇ ਤਾਂ ਉਸ ਦੀ ਚੇਤਨਾ ਨਿਸ਼ਚਿਤ ਹੀ ਮੌਤ ਤੇ ਪੁਨਰਜਨਮ ਦੇ ਦੂਹਰੇ ਅਤੇ ਸਮਾਨੰਤਰ ਅਨੁਭਵ ਵਿਚੋਂ ਗੁਜ਼ਰਦੀ ਹੈ । ਇਸ ਦ੍ਰਿਸ਼ਟਾਂਤ ਦਾ ਪੂਰਬਲਾ ਭਾਗ ਪਲੈਟੋ ਦੀ ਗਿਆਨ ਗੁਫ਼ਾ ਦੇ ਨਾਲ ਕਾਫੀ ਕੁਝ ਮਿਲਦਾ ਜੁਲਦਾ ਹੈ । ਪੱਛਮੀ ਚਿੰਤਨ ਦੇ ਵਿਕਾਸ ਅਤੇ ਸੀਮਾਵਾਂ ਨੂੰ ਤੈਹ ਕਰਨ ਵਿਚ ਇਸ ਗੁਫਾ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ।
ਸਰੀਰ ਵਿਚ ਰਹਿੰਦੇ ਹੋਏ ਵੀ ਮ੍ਰਿਤੂ ਦਾ ਅਨੁਭਵ ਕਰਨਾ ਰੱਹਸ ਦੀ ਯਾਤਰਾ ਦਾ ਇਕ ਲਾਜ਼ਮੀ ਪੜਾਵ ਹੈ । ਪੁਰਾਤਨ ਯੋਗੀਆਂ, ਤਾਂਤਰਿਕਾਂ , ਬੋਧੀਆਂ ਤੇ ਤਿੱਬਤੀ ਲਾਮਿਆਂ ਨੇ ਇਸ ਦਿਸ਼ਾ ਵਿਚ ਹੋਏ ਕਈ ਤਜ਼ਰਬਿਆਂ ਨੂੰ ਕਲਮਬੱਧ ਵੀ ਕੀਤਾ ਹੈ । ਆਧੁਨਿਕ ਯੁਗ ਦੇ ਵੀ ਕਈ ਰੂਹਾਨੀ ਆਗੂਆਂ ਨੇ ਇਸ ਅਨੁਭਵ ਦਾ ਤਫਸੀਲੀ ਬਿਉਰਾ ਦਿੱਤਾ ਹੈ । ਇਨ੍ਹਾਂ ਵਿਚ ਮਹਾਂਰਿਸ਼ੀ ਰਮਨ ਤੇ ਓਸ਼ੋ ਵਰਗੀਆਂ ਸ਼ਖ਼ਸੀਅਤਾਂ ਵੀ ਹਨ ।
ਇਸ ਅਨੁਭਵ ਦੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਸ ਨੂੰ ਆਮ ਜੀਵਨ ਦੀਆਂ ਕਾਰਜ-ਕਾਰਨ ਨੇਮ ਅਧੀਨ ਬੱਧੀਆਂ ਘਟਨਾਵਾਂ ਦੀ ਲੜੀ ਨਾਲ ਜੋੜ ਕੇ ਸਮਝਿਆ ਹੀ ਨਹੀਂ ਜਾ ਸਕਦਾ । ਕਾਰਜ-ਕਾਰਨ ਦੀ ਸਧਾਰਨ ਲੜੀ ਇੱਥੇ ਆਣ ਕੇ ਟੁੱਟਦੀ ਹੈ । ਜ਼ੈਨੱ ਬੁੱਧ ਵਿਚ ਅਨੇਕਾਂ ਕਹਾਣੀਆਂ ਨੇ ਮਸਲਨ ਇਕ ਜ਼ੈਨੱ ਫਕੀਰ ਆਪਣੇ ਰਾਹ ਤੁਰਿਆ ਜਾ ਰਿਹਾ ਹੈ । ਉਸ ਦੇ ਕੋਲ ਆ ਕੇ ਘੜਾ ਅਚਾਨਕ ਫੁਟ ਜਾਂਦਾ ਹੈ ਤੇ ਉਹ ਫਕੀਰ ਬੁੱਧਤਵ ਨੂੰ ਪ੍ਰਾਪਤ ਹੋ ਜਾਂਦਾ ਹੈ । ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਇਕ ਪੱਤੇ ਨੂੰ ਟੁੱਟ ਕੇ ਡਿੱਗਦੇ ਦੇਖ ਕੇ ਲਾਓ ਸੇ ਨੂੰ ਗਿਆਨ ਪ੍ਰਾਪਤ ਹੋ ਗਿਆ ਸੀ । ਦੋਹਾਂ ਦਰਮਿਆਨ ਕਾਰਜ-ਕਾਰਨ ਦਾ ਸੰਬਧ ਸਥਾਪਿਤ ਕਰਨਾ ਅਸੰਭਵ ਹੈ । ਹਾਲਾਂਕਿ ਇਕ ਸੰਬਧ ਹੈ ਜੋ ਚੇਤਨਾ ਦੇ ਧਰਾਂਤਲਾਂ ਨਾਲ ਜੁੜਿਆ ਹੈ । ਯੋਗੀ ਭਜਨ ਦੇ ਜੀਵਨ ਦੀ ਇਸ ਘਟਨਾ ਨੂੰ ਵੀ ਕੁਝ ਇਸੇ ਤਰ੍ਹਾਂ ਦੇ ਪਰੀਪੇਖ ਵਿਚ ਰੱਖ ਕੇ ਵੇਖਣ ਦੀ ਲੋੜ ਹੈ ।
ਨਿਸ਼ਚਿਤ ਹੀ ਇਹ ਘਟਨਾ ਹਰਿਭਜਨ ਦੇ ਰੂਹਾਨੀ ਸਫਰ ਵਿਚ ਇਕ ਨਵਾਂ ਮੋੜ ਸੀ। ਜੇ. ਕ੍ਰਿਸ਼ਨਾਮੂਰਤੀ ਦੇ ਇਸ ਤਰ੍ਹਾਂ ਦੇ ਅਨੁਭਵਾਂ ਦਾ ਕਾਫੀ ਤਫਸੀਲੀ ਬਿਉਰਾ ਉਪਲਬਧ ਹੈ । ਪਰ ਯੋਗੀ ਭਜਨ ਦੇ ਇਸ ਬਿਆਨ ਦੀ ਖੂਬਸੂਰਤੀ ਤੇ ਤਾਜ਼ਗੀ ਇਸ ਗੱਲ ਵਿਚ ਹੈ ਕਿ ਉਹ ਸਿੱਧਾ ਪ੍ਰਥਮ ਸ੍ਰੋਤ ਤੋਂ ਆਉਂਦਾ ਹੈ । ਆਪਣੇ ਅਨੁਭਵ ਨੂੰ ਸ਼ਬਦ ਦੇਣ ਵਾਲੇ ਉਹ ਖੁਦ ਆਪ ਹਨ । ਇਹ ਗੱਲ ਤਾਂ ਨਿਸ਼ਚਿਤ ਹੈ ਕਿ ਵਿਗਿਆਨ ਦੇ ਬਾਹਰਮੁਖੀ ਢੰਗ ਤਰੀਕਿਆਂ ਨਾਲ ਚੇਤਨਾ ਦੇ ਅੰਤਰ ਜਗਤ ਦੀ ਪੜਤਾਲ ਸੰਭਵ ਨਹੀਂ , ਜਾਂ ਘੱਟੋ ਘੱਟ ਉਸ ਦੀਆਂ ਸੀਮਾਵਾਂ ਅਤਿਅੰਤ ਸੌੜੀਆਂ ਹਨ । ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਕੋਈ ਘਰ ਦੇ ਅੰਦਰ ਜਾਏ ਬਿਨਾ ਹੀ ਅੰਦਰਲੀ ਤਸਵੀਰ ਚਿਤਰਨ ਦੀ ਕੋਸ਼ਿਸ਼ ਕਰੇ । ਇਸ ਲਈ ਅੰਤਰ ਜਗਤ ਦੇ ਨਿੱਜੀ ਅਨੁਭਵ ਦੀ ਜੋ ਤਸਵੀਰ ਹਰਿਭਜਨ ਨੇ ਖਿੱਚੀ ਹੈ ਉਹ ਹੋਰ ਵੀ ਬਹੁਮੁੱਲੀ ਹੋ ਜਾਂਦੀ ਹੈ ।
ਅਸੀਮ ਤੇ ਅਨੰਤ ਦਿਸ਼ਾਵਾਂ ਤੋਂ ਆਉਂਦੀ ਰੋਸ਼ਨੀ ਇਹੋ ਜਿਹੇ ਅਨੁਭਵਾਂ ਦਾ ਅਨਿੱਖੜ ਹਿੱਸਾ ਹੁੰਦੀ ਹੈ । ਮੂਸਾ ਨੂੰ ਇਹੋ ਪ੍ਰਕਾਸ਼ ਕੋਹਿਤੂਰ 'ਤੇ ਨਜ਼ਰ ਆਇਆ ਸੀ । ਆਪਣੇ ਇਸੇ ਅਨੁਭਵ ਨੂੰ ਸੂਫੀ ਅਬੁਲ ਹਸਨ ਅਲਵਾਰੀ ਨੇ ਬੜੇ ਹੀ ਸ਼ਾਇਰਾਨਾ ਅੰਦਾਜ਼ ਵਿਚ ਬਿਆਨ ਕੀਤਾ ਹੈ ।
''ਅਦਿੱਖ ਦਿਸ਼ਾਵਾਂ ਤੋਂ ਰੋਸ਼ਨੀ ਦਾ ਹੜ੍ਹ ਆ ਰਹਾ ਸੀ । ਮੈਂ ਟਕਟਕੀ ਲਾਈ ਸ਼ੂਨਯ ਵਿਚ ਵੇਖ ਰਿਹਾ ਸੀ । ਫੇਰ ਇਕ ਸਮਾਂ ਆਇਆ ਜਦੋਂ ਮੈਂ ਉਸ ਅੰਦਰ ਘੁਲਣਾ ਸ਼ੁਰੂ ਹੋ ਗਿਆ । ਮੈਂ ਖੁਦ ਪ੍ਰਕਾਸ਼ ਹੋ ਗਿਆ ਸੀ ।"
ਇਹ ਅਨੁਭਵ ਕਬੀਰ ਦੇ 'ਲਾਲ ਦੀ ਲਾਲੀ' ਵਰਗਾ ਹੈ, ਜਿਸ ਨੂੰ ਜੋ ਵੀ ਦੇਖਣ ਜਾਂਦਾ ਹੈ , ਲਾਲ ਹੋ ਜਾਂਦਾ ਹੈ । ਸੇਂਟ ਜੋਨ ਨੇ ਇਸ ਨੂੰ 'ਅਸਲ ਪ੍ਰਕਾਸ਼' ਕਿਹਾ ਹੈ । ਇਸੇ ਨੂੰ ਪੁਰਾਤਨ ਰਿਸ਼ੀ ਚੇਤਨਾ ਦੀ ਤੁਰੀਆ ਅਵਸਥਾ ਕਹਿੰਦੇ ਹਨ । ਯੋਗੀ ਭਜਨ ਨੇ ਵੀ ਆਪਣੇ ਇਸ ਅਨੁਭਵ ਨੂੰ ਇਹੋ ਨਾਂ ਦਿੱਤਾ ਹੈ ।
ਪੀਟਰ ਰੱਸਲ, ਜੋ ਕਿ ਸਟੀਫਨ ਹਾਕਿੰਗ ਵਰਗੇ ਮਸ਼ਹੂਰ ਭੌਤਿਕ ਸ਼ਾਸਤਰੀ ਦਾ ਸਾਥੀ ਰਿਹਾ ਹੈ , ਨੇ ਇਸ ਦਿਸ਼ਾ ਵਿਚ ਕਾਫੀ ਕੰਮ ਕੀਤਾ ਹੈ । ਪ੍ਰਸਿੱਧ ਵਿਗਿਆਨੀ ਡੇਵਿਡ ਬੌਹਮ ਤੇ ਕਾਰਲ ਪ੍ਰਿਬਰਾਮ ਨੇ ਵੀ ਚੇਤਨਾ ਦੇ ਇਸ ਜਗਤ ਬਾਰੇ ਕਈ ਖੋਜਾਂ ਕੀਤੀਆਂ ਹਨ । ਇਨ੍ਹਾਂ ਤੋਂ ਚੇਤਨਾ ਅਤੇ ਪ੍ਰਕਾਸ਼ ਦੇ ਅੰਤਰ ਸਬੰਧਾਂ ਬਾਰੇ ਪੁਰਾਣੇ ਰਹੱਸ ਦਰਸ਼ੀਆਂ ਦੇ ਅਨੁਭਵਾਂ ਦੀ ਪ੍ਰੋੜਤਾ ਹੁੰਦੀ ਹੈ । ਇਸ ਦਾ ਸਾਰ ਇਹ ਹੈ ਕਿ ਆਮ ਤੌਰ 'ਤੇ ਸਾਡੀ ਚੇਤਨਾ ਵਸਤੂ ਜਗਤ ਦੀ ਭਿੰਨਤਾ ਵਿਚ ਹੀ ਖਿਲਰੀ ਰਹਿੰਦੀ ਹੈ । ਇਸ ਲਈ ਅਸੀਂ ਵਸਤੂ ਦਾ ਅਨੁਭਵ ਤਾਂ ਕਰਦੇ ਹਾਂ ਪਰ ਉਸ ਚੇਤਨਾ ਦਾ ਨਹੀਂ ਜਿਸ ਵਿਚ ਇਹ ਪ੍ਰਗਟ ਹੋ ਰਹੀ ਹੁੰਦੀ ਹੈ । ਪਰ ਧਿਆਨ ਦੀ ਖਾਸ ਅਵਸਥਾ ਵਿਚ ਸਭ ਭਿੰਨ ਭਿੰਨ ਤੱਤਾਂ ਤੋਂ ਮੁਕਤ ਹੋ ਕੇ ਚੇਤਨਾ ਜਦ ਸ਼ੁਧ ਰੂਪ ਵਿਚ ਖੁਦ ਦੇ ਰੂ-ਬ-ਰੂ ਹੁੰਦੀ ਹੈ ਤਾਂ ਇਥੇ ਕਿਸੇ ਵਸਤ ਦਾ ਅਕਸ ਨਹੀਂ ਉਭਰਦਾ , ਸਿਰਫ ਤੇ ਸਿਰਫ ਪ੍ਰਕਾਸ਼ ਹੁੰਦਾ ਹੈ ।
ਪਦਾਰਥ ਤੋਂ ਊਰਜਾ ਦੇ ਜਗਤ ਵਿਚ ਉਤਰਦਾ ਵਿਗਿਆਨ ਵੀ ਕੁਝ ਕੁਝ ਇਹੋ ਜਿਹੇ ਸਿੱਟਿਆਂ 'ਤੇ ਪੁੱਜਦਾ ਜਾ ਰਿਹਾ ਹੈ । ਸਾਪੇਖਿਕ ਵਿਗਿਆਨ ਤੇ ਕੁਆਂਟਮ ਫਿਜ਼ਿਕਸ ਵੀ ਪ੍ਰਕਾਸ਼ ਦੇ ਸੁਭਾਅ ਬਾਰੇ ਇਹੋ ਨਤੀਜੇ ਕੱਢਦੇ ਹਨ ਕਿ ਉਸ ਦੀ ਹੋਂਦ ਭੌਤਿਕ ਜਗਤ ਦੀਆਂ ਸੀਮਾਵਾਂ ਤੋਂ ਮੁਕਤ ਹੈ । ਸ਼ੁਧ ਰੂਪ ਵਿਚ ਪ੍ਰਕਾਸ਼ ਸਮੇਂ ਤੇ ਸਥਾਨ ਦੇ ਬੰਧੇਜਾਂ ਤੋਂ ਪਾਰ ਹੈ । ਉਥੇ ਆ ਕੇ ਕਾਲ ਰੁਕ ਜਾਂਦਾ ਹੈ ਤੇ ਉਹ ਚੇਤਨਾ ਵਾਂਗ ਹੀ ਸਰਵ-ਵਿਆਪੀ ਹੋ ਜਾਂਦਾ ਹੈ । ਉਸ ਚੇਤਨਾ ਵਾਂਗ ਜੋ ਕਿਸੇ ਸਰੀਰਕ ਬੰਧਨ ਦੀ ਮੁਥਾਜ ਨਹੀਂ ਹੁੰਦੀ । ਇਹੋ ਕਾਰਨ ਹੈ ਕਿ ਆਦਿ ਕਾਲ ਤੋਂ ਹੀ ਚੇਤਨਾ ਦਾ ਦੀਦਾਰ ਤੇ ਸਾਖਸ਼ਾਤ ਕਰਨ ਵਾਲਿਆਂ ਨੇ ਹਮੇਸ਼ਾ ਉਸ ਨੂੰ ਪ੍ਰਕਾਸ਼ ਦੇ ਰੂਪ ਵਿਚ ਹੀ ਦੇਖਿਆ ਹੈ ।
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਕਵੀ ਦੀਆਂ ਇਹ ਪੰਗਤੀਆਂ ਹਰਿਭਜਨ ਸਿੰਘ ਦੇ ਜੀਵਨ ਚਾਲ 'ਤੇ ਪੂਰੀਆਂ ਖਰੀਆਂ ਉਤਰਦੀਆਂ ਸਨ । ਉਨ੍ਹਾਂ ਦੇ ਜੀਵਨ ਵਿਚ ਵੀ ਆਰਾਮ ਨਾਂ ਦੀ ਸ਼ੈ ਲਈ ਕੋਈ ਜਗ੍ਹਾ ਨਹੀਂ ਸੀ । ਅੰਮ੍ਰਿਤਸਰ ਵਿਚ ਆਪਣੇ ਮੁਕਾਮ ਦੌਰਾਨ ਹੀ ਉਹ ਆਪਣੇ ਦੋਸਤਾਂ ਨਾਲ ਧਰਮਸ਼ਾਲਾ ਦੀਆਂ ਪਹਾੜੀਆਂ ਵੱਲ ਗਏ ਸਨ । ਉਥੇ ਇਤਫਾਕਨ ਘੱਗਲ ਨਾਂ ਦੇ ਇਕ ਪਿੰਡ ਵਿਚ ਉਨ੍ਹਾਂ ਦੀ ਮੁਲਾਕਾਤ ਇਕ ਜਿਓਤਸ਼ੀ ਨਾਲ ਹੋਈ ।
ਉਸ ਦੇ ਦੋਸਤ ਜਿਓਤਸ਼ੀ ਕੋਲੋਂ ਆਪਣਾ ਭਵਿੱਖ ਜਾਨਣਾ ਚਾਹੁੰਦੇ ਸਨ । ਪਰ ਜਿਓਤਸ਼ੀ ਦੀ ਦਿਲਚਸਪੀ ਹਰਿਭਜਨ ਵਿਚ ਸੀ । ਉਸ ਨੇ ਦੱਸਿਆ ਕਿ ਛੇਤੀ ਹੀ ਹਰਿਭਜਨ ਦੀ ਜ਼ਿੰਦਗੀ ਦਾ ਇਕ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ । ਭਵਿੱਖਬਾਣੀ ਇਹ ਵੀ ਸੀ ਕਿ ਹਰਿਭਜਨ ਸਿੰਘ ਕੁਝ ਦੇਰ ਬਾਅਦ ਹੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦੇਣਗੇ ਤੇ ਦੂਰ ਵਿਦੇਸ਼ਾਂ ਦੀ ਧਰਤੀ ਨੂੰ ਰੁਖ਼ ਕਰਨਗੇ ।
ਉਸ ਸਮੇਂ ਤੱਕ ਹਰਿਭਜਨ ਸਿੰਘ ਯੋਗੀ ਹੁਰਾਂ ਨੇ ਸ਼ਾਇਦ ਇਸ ਬਾਬਤ ਸੋਚਿਆ ਵੀ ਨਹੀਂ ਸੀ । ਪਰ ਹੁਣ ਬੀਜ ਉਨ੍ਹਾਂ ਦੇ ਅੰਦਰ ਪੈ ਚੁੱਕਾ ਸੀ । ਵੈਸ਼ਨੋ ਦੇਵੀ ਦੀ ਉਸ ਯਾਤਰਾ ਦੌਰਾਨ ਹੋਈਆਂ ਘਟਨਾਵਾਂ ਨੇ ਉਨ੍ਹਾਂ ਨੂੰ ਹੋਰ ਵੀ ਪੱਕਾ ਕਰ ਦਿੱਤਾ ਸੀ । ਅੰਦਰ ਇਕ ਹਲਚਲ ਸੀ । ਮਨ ਹੀ ਮਨ ਉਹ ਹੁਣ ਇਸ ਦੇਸ਼ ਤੋਂ ਵਿਦਾਇਗੀ ਲੈਣ ਦਾ ਫੈਸਲਾ ਕਰ ਚੁੱਕੇ ਸਨ । ਪਰ ਹਾਲੇ ਵੀ ਕੁਝ ਤਿਆਰੀ ਬਾਕੀ ਸੀ ।
ਹੁਣ ਹਰਿਭਜਨ ਸਿੰਘ ਦੇ ਮਨ ਅੰਦਰ ਹਠ-ਯੋਗ ਸਿੱਖਣ ਦੀ ਨਵੀਂ ਉਮੰਗ ਉਠੀ । ਸੰਨ 1968 ਵਿਚ ਯੋਗ ਦੀ ਇਸ ਸ਼ਾਖਾ ਦੇ ਅਧਿਐਨ ਲਈ ਉਹ ਵਿਸ਼ਵਾਯਤਨ ਯੋਗ ਆਸ਼ਰਮ ਵਿਚ ਜਾ ਪਹੁੰਚੇ । ਸਵਾਮੀ ਧਿਰੇਂਦਰ ਬ੍ਰਹਮਚਾਰੀ ਇਸ ਆਸ਼ਰਮ ਦੇ ਮੋਢੀ ਸਨ । ਯੋਗ ਦਾ ਇਹ ਸੰਸਾਰ ਪ੍ਰਸਿੱਧ ਆਸ਼ਰਮ ਸਵਰਗੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਨਿਗੇਹਬਾਨੀ ਹੇਠ ਸ਼ੁਰੂ ਹੋਇਆ ਸੀ । ਉਨ੍ਹੀਂ ਦਿਨੀਂ ਇਸ ਆਸ਼ਰਮ ਦੀ ਮੁੱਖ ਪੈਟਰਨ ਸ੍ਰੀਮਤੀ ਇੰਦਰਾ ਗਾਂਧੀ ਸੀ । ਇਸ ਆਸ਼ਰਮ ਵਿਚ ਰਹਿ ਕੇ ਹਰਿਭਜਨ ਸਿੰਘ ਨੇ ਧੀਰੇਂਦਰ ਬ੍ਰਹਮਚਾਰੀ ਕੋਲੋਂ ਯੋਗ ਵਿੱਦਿਆ ਦੇ ਅੰਤਮ ਪਾਠ ਹਾਸਲ ਕੀਤੇ ।
1968 ਵਿਚ ਹਰਿਭਜਨ ਸਿੰਘ ਇਕ ਕਸਟਮ ਅਧਿਕਾਰੀ ਦੇ ਰੂਪ ਵਿਚ ਪਾਲਮ ਇੰਟਰਨੈਸ਼ਨਲ ਏਅਰਪੋਰਟ ਉਤੇ ਡਿਊਟੀ ਕਰ ਰਹੇ ਸਨ। ਸਾਧਕ ਦੇ ਰੂਪ ਵਿਚ ਉਨ੍ਹਾਂ ਨੇ ਆਪਣਾ ਪੰਧ ਮੁਕਾ ਲਿਆ ਸੀ । ਪ੍ਰਕਾਸ਼ ਦੀਆਂ ਜੋ ਚਿਣਗਾਂ ਉਨ੍ਹਾਂ ਅੰਦਰੋਂ ਫੁੱਟ ਰਹੀਆਂ ਸਨ, ਉਹ ਉਨ੍ਹਾਂ ਨੂੰ ਸਾਰੀ ਦੁਨੀਆ ਵਿਚ ਖਿੰਡਾਉਣਾ ਚਾਹੁੰਦੇ ਸਨ । ਉਨ੍ਹਾਂ ਦੇ ਅੰਦਰੋਂ ਕੋਈ ਉਸ ਨੂੰ ਪੁਕਾਰਦਾ ਸੀ, ਖਿੱਚਦਾ ਸੀ ।
ਇਸੇ ਪੁਕਾਰ ਨੂੰ ਸੁਣਦਿਆਂ ਉਨ੍ਹਾਂ ਸਰਕਾਰੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ । ਉਨ੍ਹਾਂ ਦੀ ਯੋਜਨਾ ਪੱਛਮੀ ਮੁਲਕਾਂ ਵਿਚ ਜਾ ਕੇ ਯੋਗ ਦੇ ਸਨਾਤਨ ਗਿਆਨ ਦੀ ਅਲਖ ਜਗਾਉਣ ਦੀ ਸੀ । ਉਨ੍ਹਾਂ ਨੂੰ ਜਾਪਦਾ ਕਿ ਕੋਈ ਰੱਹਸਮਈ ਸ਼ਕਤੀ ਹੈ ਜੋ ਉਨ੍ਹਾਂ ਨੂੰ ਇਸ ਦਿਸ਼ਾ ਵਿਚ ਕਦਮ ਪੁੱਟਣ ਲਈ ਮਜਬੂਰ ਕਰ ਰਹੀ ਹੈ । ਮਨ ਹੀ ਮਨ ਉਨ੍ਹਾਂ ਅੰਦਰ ਇਹ ਵਿਚਾਰ ਚਲ ਰਹੇ ਸਨ ਕਿ ਜੇਕਰ ਯੋਗ ਵਿੱਦਿਆ ਦੇ ਰਾਹੀਂ ਉਨ੍ਹਾਂ ਅਗਿਆਤ ਭੂਮੀਆਂ 'ਤੇ ਵੈਦਿਕ ਸੰਸਕ੍ਰਿਤੀ ਦੀ ਜੋਤ ਜਗਾਈ ਜਾ ਸਕਦੀ ਹੈ , ਤਾਂ ਇਸੇ ਮਾਧਿਅਮ ਰਾਹੀਂ ਸਿੱਖ ਗੁਰੂਆਂ ਦੇ ਅਮਰ ਰੂਹਾਨੀ ਗਿਆਨ ਨੂੰ ਵੀ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ । ਵਿਸ਼ਵਾਯਤਨ ਆਸ਼ਰਮ ਵਿਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਆਪਣੀ ਇਹ ਇੱਛਾ ਕੁਝ ਦੋਸਤਾਂ ਨਾਲ ਸਾਂਝੀ ਕੀਤੀ ਸੀ ।
ਘਟਨਾਵਾਂ ਖੁਦ ਉਨ੍ਹਾਂ ਦੀ ਸੰਭਾਵੀ ਮੰਜ਼ਿਲ ਵੱਲ ਉਨ੍ਹਾਂ ਦਾ ਰਾਹ ਪੱਧਰਾ ਕਰ ਰਹੀਆਂ ਸਨ। ਸਤੰਬਰ ਮਹੀਨੇ ਦੀ ਗੱਲ ਹੈ। ਹਰਿਭਜਨ ਸਿੰਘ ਆਪਣੀ ਡਿਉਟੀ ਕਰ ਰਹੇ ਸਨ । ਨਵੀਂ ਦਿੱਲੀ ਕਸਟਮ ਡਿਊਟੀ ਡੀਪੂ 'ਤੇ ਇਕ ਕਨੇਡੀਅਨ ਸ਼ਖਸ ਉਨ੍ਹਾਂ ਕੋਲ ਆਇਆ । ਗੱਲਾਂ ਹੀ ਗੱਲਾਂ ਵਿਚ ਪਤਾ ਲੱਗਾ ਕਿ ਟੋਰਾਂਟੋ ਯੂਨੀਵਰਸਿਟੀ ਵਿਚ ਯੋਗ ਪੜ੍ਹਾਣ ਲਈ ਉਹ ਕਿਸੇ ਅਧਿਆਪਕ ਦੀ ਤਲਾਸ਼ ਵਿਚ ਸੀ । ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਹ ਆਪਣੀ ਭਾਲ ਵਿਚ ਨਾਕਾਮ ਰਿਹਾ ਸੀ ।
ਮੰਜ਼ਿਲ ਖੁਦ ਚੱਲ ਕੇ ਉਨ੍ਹਾਂ ਦੇ ਕਦਮਾਂ ਵਿਚ ਆਈ ਸੀ । ਆਪ-ਮੁਹਾਰੇ ਹੀ ਦੋਹਾਂ ਵਿਚ ਇਕ ਸਬੰਧ ਤਾਂ ਪਹਿਲਾਂ ਹੀ ਜੁੜ ਗਿਆ ਸੀ । ਹਰਿਭਜਨ ਸਿੰਘ ਨੇ ਉਨ੍ਹਾਂ ਨਾਲ ਯੋਗ ਦੀਆਂ ਵੱਖ ਵੱਖ ਸ਼ਾਖਾਵਾਂ ਵਿਚ ਹਾਸਲ ਕੀਤੀ ਆਪਣੀ ਟ੍ਰਰੇਨਿੰਗ ਬਾਬਤ ਗੱਲ ਕੀਤੀ । ਤੁਰੰਤ ਉਹ ਪੇਸ਼ਕਸ਼ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤੀ ਗਈ । ਹਰਿਭਜਨ ਤਾਂ ਪਹਿਲਾਂ ਹੀ ਮਨ ਬਣਾਈ ਬੈਠੇ ਸਨ । ਸਭ ਮਾਮਲਾ ਤੈਹ ਹੋ ਗਿਆ । ਹੁਣ ਉਹ ਘੱਟ ਤੋਂ ਘੱਟ ਸਮੇਂ ਵਿਚ ਵਿਦਾਇਗੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰਨੀਆਂ ਚਾਹੂੰਦੇ ਸਨ।
ਸਤੰਬਰ ਮਹੀਨੇ ਵਿਚ ਹੀ ਉਨ੍ਹਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ । ਚਾਣਚੱਕ ਲਏ ਗਏ ਉਨ੍ਹਾਂ ਦੇ ਇਸ ਫੈਸਲੇ ਤੋਂ ਕਈ ਲੋਕ ਬਹੁਤ ਹੈਰਾਨ ਸਨ । ਧਰਮ-ਪਤਨੀ ਅਤੇ ਤਿੰਨ ਬੱਚਿਆਂ ਨੂੰ ਪਿੱਛੇ ਛੱਡ ਉਹ ਨਵੀਆਂ ਮੰਜ਼ਿਲਾਂ ਵੱਲ ਨਿਕਲ ਤੁਰੇ ਸਨ , ਅਨਜਾਣ ਰਾਹਾਂ ਉਤੇ । ਗੁਰੂ ਅਤੇ ਗੋਬਿੰਦ ਵਿਚ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੀ ਇਨ੍ਹਾਂ ਅਜਨਬੀ ਰਾਹਾਂ ਉਤੇ ਉਨ੍ਹਾਂ ਦਾ ਹਮਰਾਹੀ ਵੀ ਸੀ ਤੇ ਪਥ-ਪ੍ਰਦਰਸ਼ਕ ਵੀ।
Thursday, November 26, 2009
Subscribe to:
Post Comments (Atom)
No comments:
Post a Comment