ਯੋਗੀ ਜੀ ਵਲੋਂ ਜਿਸ ਨਵੀਂ ਜੀਵਨ ਜਾਚ ਨੂੰ ਪ੍ਰਚਲਤ ਕੀਤਾ ਗਿਆ, ਨਵੀਂ ਆਰਥਿਕਤਾ ਉਸਦਾ ਕੁਦਰਤੀ ਪ੍ਰਗਟਾਓ ਸੀ । ਯੋਗੀ ਜੀ ਦੀ ਪ੍ਰੇਰਨਾ ਨਾਲ ਖੜੀ ਹੋਈਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਦਾ ਮਕਸਦ ਸਿਰਫ਼ ਨਵਾਂ ਬਿਜ਼ਨਸ ਕਰਨਾ ਨਹੀਂ ਸੀ । ਯੋਗੀ ਜੀ ਜਿਸ ਜੀਵਨ ਜਾਂਚ ਦੇ ਮੁਕਾਬਲੇ ਤੇ ਨਵੀਂ ਤਰ੍ਹਾਂ ਦੀ ਜੀਵਨ ਜਾਚ ਪ੍ਰਚਾਰ ਕਰ ਰਹੇ ਸਨ, ਉਹ ਪ੍ਰਚਲਿਤ ਆਰਥਿਕ ਨਿਜ਼ਾਮ ਦਾ ਹੀ ਬਦਲ ਹੈ । ਨਵੀਂ ਤਰ੍ਹਾਂ ਦੀ ਜੀਵਨ ਜਾਚ ਨੂੰ ਮਜ਼ਬੂਤ ਅਧਾਰ ਪ੍ਰਦਾਨ ਕਰਨ ਲਈ ਜਾਂ ਉਸ ਦੇ ਪੂਰਨ ਵਿਗਾਸ ਲਈ ਇਸ ਨਾਲ ਇਕਸੁਰ ਆਰਥਿਕ ਗਤੀਵਿਧੀ ਦਾ ਹੋਣਾ ਕੁਦਰਤੀ ਸੀ । ਯੋਗੀ ਜੀ ਦੇ ਵਿਸ਼ਾਲ ਬਿਜ਼ਨਸ ਤੰਤਰ ਦੇ ਪਿਛੇ ਇਹ ਫਿਲੌਸਫੀ ਹੀ ਕੰਮ ਕਰ ਰਹੀ ਸੀ । ਸ਼ੁਰੂ ਵਿਚ ਇਹ ਬਿਜ਼ਨਸ ਬਹੁਤ ਛੋਟੇ ਪੱਧਰ ਤੇ ਸ਼ੁਰੂ ਹੋਏ । ਅਸਲ ਵਿਚ ਸਿੱਖ ਧਰਮ ਵਿਚ ਨਵੇਂ ਸ਼ਾਮਲ ਹੋਏ ਅਮਰੀਕੀਆਂ ਨੂੰ ਅਮਰੀਕਾ ਦੀ ਮੁਖਧਾਰਾ ਵਿਚ ਆਪਣੇ ਆਪ ਨੂੰ ਸ਼ਾਮਲ ਕਰਨਾ ਮੁਸ਼ਕਲ ਲੱਗ ਰਿਹਾ ਸੀ । ਇਸ ਕਰਕੇ ਉਨ੍ਹਾਂ ਵਲੋਂ ਆਪੋ ਆਪਣੇ ਛੋਟੇ ਛੋਟੇ ਬਿਜ਼ਨਸ ਸ਼ੁਰੂ ਕੀਤੇ ਗਏ । ਪੱਗ ਬੰਨਣ ਵਾਲੇ ਪਹਿਲੇ ਅਮਰੀਕੀ ਸਿੰਘ ਗੁਰੂ ਸਿੰਘ ਦੀ ਅਗਵਾਈ ਹੇਠ ਪਹਿਲਾ ਬਿਜ਼ਨਸ ਸ਼ੁਰੂ ਕੀਤਾ ਗਿਆ । ਉਨ੍ਹਾਂ ਵੱਲੋਂ ਇਕੱਠੇ ਹੋ ਕੇ ਲਾਂਸ ਏਜਲਸ ਵਿਚ ਸਨਸ਼ਾਈਨ ਬਰਾਸ ਬੈਂਡ ਫੈਕਟਰੀ ਸ਼ੁਰੂ ਕੀਤੀ ਗਈ । ਇਸ ਮੌਕੇ ਦੀ ਭਾਵਨਾ ਅਤੇ ਸੋਚ ਨੂੰ ਬੀਡਜ਼ ਔਫ ਟਰੁੱਥ ਮੈਗਜ਼ੀਨ ਦੇ 1973 ਦੇ ਇਕ ਅੰਕ ਵਿਚ ਬਿਆਨ ਕੀਤਾ ਗਿਆ ਹੈ :
ਇਕ ਇਕ ਜਾਂ ਦੋ ਦੋ ਕਰਕੇ ਅਸੀਂ ਸੱਤੇ ਜਣੇ ਹਰ ਸਵੇਰ ਬਰਾਸ ਬੈਡ ਫੈਕਟਰੀ ਵਿਚ ਪਹੁੰਚਦੇ । ਪਰ ਸਾਡਾ ਇਹ ਇਕੱਠੇ ਹੋਣਾ ਕੁਝ ਆਦਮੀਆਂ ਦੁਆਰਾ ਲੌਸ ਏਂਜਲਸ ਵਿਚ ਸਿਰਫ ਕੰਮ ਤੇ ਜਾਣਾ ਨਹੀਂ ਸੀ ਹੁੰਦਾ । ਇਸ ਵਿਚ ਕੁਝ ਵਿਸ਼ੇਸ਼ ਸੀ । ਇਕ ਖਾਸ ਨਿੱਘ ਅਤੇ ਉਦੇਸ਼ ਸੀ । ਅਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਕ ਦੂਜੇ ਦਾ ਹੱਥ ਫੜਕੇ ਇਕ ਸਰਕਲ ਵਿਚ ਖੜ੍ਹੇ ਹੁੰਦੇ ਅਤੇ ਗਾਉਂਦੇ, ਜਾਪ ਕਰਦੇ । ਅਸੀਂ ਜਦੋਂ ਜਾਪ ਕਰਦੇ ਤਾਂ ਅਸੀਂ ਇਹ ਸੋਚਦੇ ਸਾਂ ਕਿ ਅਸੀਂ ਸਿਰਫ ਇਕ ਬਿਜ਼ਨਸ ਕਰਨ ਨਾਲੋਂ ਕੁਝ ਵੱਡਾ ਕਰ ਰਹੇ ਹਾਂ । ਸਿਰਫ ਪੈਸਾ ਕਮਾਉਣ ਨਾਲੋਂ ਕੁਝ ਵੱਡਾ ਕਰ ਰਹੇ ਹਾਂ । ਕਿਸੇ ਵੀ ਪਦਾਰਥਕ ਚੀਜ਼ ਨਾਲੋਂ ਕੁਝ ਵੱਡਾ ਕਰ ਰਹੇ ਹਾਂ । ਸਾਨੂੰ ਪਤਾ ਸੀ ਕਿ ਅਸੀਂ ਇਕ ਆਦਰਸ਼ ਨੂੰ ਜਿਊਣ ਦੀ ਕੋਸ਼ਿਸ਼ ਕਰ ਰਹੇ ਹਾਂ । ਸ਼ਾਂਤੀ ਅਤੇ ਸਦਭਾਵ ਨਾਲ ਜਿਊਣ ਦਾ ਇਕ ਰਸਤਾ ਤਿਆਰ ਕਰ ਰਹੇ ਹਾਂ ।
ਇਹ ਛੋਟੇ ਛੋਟੇ ਬਿਜ਼ਨਸ ਜੁੜ ਕੇ ਹੀ ਇਕ ਵੱਡੀ ਕੰਪਨੀ ਦਾ ਹਿੱਸਾ ਬਣ ਗਏ । ਖਾਲਸਾ ਇੰਟਰਨੈਸ਼ਨਲ ਟ੍ਰੇਡਿੰਗ ਨਾਂ ਦੀ ਇਕ ਵੱਡੀ ਹੋਲਡਿੰਗ ਕੰਪਨੀ ਬਣਾਈ ਗਈ । ਜਿਸ ਨੇ ਅੱਗੇ ਆਪਣੇ ਬਿਜ਼ਨਸ ਦੇ ਪਸਾਰ ਲਈ ਨਵੀਂ ਕੰਪਨੀਆਂ ਖੜ੍ਹੀਆਂ ਕੀਤੀਆਂ। ਇਹ ਕੰਪਨੀਆਂ ਫੂਡ ਮੈਨੂਫੈਕਚਰਿੰਗ ਅਤੇ ਸੇਲਜ਼, ਹੈਲਥਕੇਅਰ ਪ੍ਰੋਡਕਟਸ, ਸਰਵਿਸ ਬਿਜ਼ਨਸ ਆਦਿ ਨਾਲ ਸੰਬਧਤ ਸਨ । ਕਿੱਟ ਨਾਂ ਦੀ ਇਸ ਹੋਲਡਿੰਗ ਕੰਪਨੀ ਦਾ ਕਾਰਪੋਰੇਟ ਢਾਂਚਾ ਵੱਖਰੀ ਤਰ੍ਹਾਂ ਦੇ ਸਿਧਾਂਤਾਂ ਤੇ ਉਸਰਿਆ ਹੈ । ਇਸ ਮੁਤਾਬਕ ਹਰ ਬਿਜ਼ਨਸ ਆਪਣਾ ਮੁਖ ਜ਼ੋਰ ਆਪਣੇ ਵਿਕਾਸ ਅਤੇ ਨਵੀਂ ਖੋਜ ਤੇ ਦਿੰਦਾ ਹੈ ਪਰ ਸਟਰੈਟਿਜਿਕ ਪਲੈਨਿੰਗ, ਪ੍ਰੋਡਕਟ ਡਿਵੈਲਪਮੈਂਟ, ਫਾਇਨਾਂਸ ਸਰਵਿਸਜ਼ ਅਤੇ ਕੰਪਿਊਟਰ ਸਰਵਿਸਜ਼ ਵਗੈਰਾ ਕਿੱਟ ਦੇ ਪ੍ਰਫੈਸ਼ਨਲਜ਼ ਦੁਆਰਾ ਦੇਖੀਆਂ ਜਾਦੀਆਂ ਹਨ । ਇਸ ਤਰ੍ਹਾਂ ਹਰ ਕੰਪਨੀ ਨੂੰ ਕਿੱਟ ਦੀ ਦੇਖ ਰੇਖ ਹੇਠ ਆਪਣੇ ਕਾਰੋਬਾਰ ਨਾਲੋਂ ਕਿਤੇ ਵੱਡੀ ਕੰਪਨੀ ਜਿੰਨੀਆਂ ਪ੍ਰਸਾਸ਼ਕੀ ਸੇਵਾਵਾਂ ਮਿਲ ਜਾਂਦੀਆਂ ਹਨ । ਇਸੇ ਦਾ ਸਦਕਾ ਹੈ ਕਿ ਯੋਗੀ ਜੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਇਹ ਕੰਪਨੀਆਂ ਕੁਝ ਹੀ ਸਾਲਾਂ ਵਿਚ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਵਿਚ ਗਿਣੀਆਂ ਜਾਣ ਲੱਗੀਆਂ ਹਨ । ਯੋਗੀ ਟੀ ਕੰਪਨੀ ਅਤੇ ਖਾਲਸਾ ਸਕਿਉਰਿਟੀ ਸਰਵਿਸ ਇਸ ਦੀ ਇਕ ਉਘੜਵੀਂ ਮਿਸਾਲ ਹੈ ।
ਯੋਗੀ ਟੀ ਕੰਪਨੀ
ਸੱਤਰਵਿਆਂ ਦੇ ਮੁੱਢ ਵਿਚ ਜਦ ਯੋਗੀ ਜੀ ਅਮਰੀਕਾ ਵਿਚ ਕੁੰਡਲਨੀ ਯੋਗਾ ਦੀਆਂ ਕਲਾਸਾਂ ਲੈਂਦੇ ਸਨ ਤਾਂ ਹਰ ਕਲਾਸ ਤੋਂ ਬਾਅਦ ਵਿਦਿਆਰਥੀਆਂ ਨੂੰ ਇਕ ਖਾਸ ਤਰ੍ਹਾਂ ਦੀ ਮਸਾਲਾ ਚਾਹ ਵਰਤਾਈ ਜਾਂਦੀ ਸੀ । ਇਹ ਚਾਹ ਭਾਰਤ ਦੇ ਦੇਸੀ ਅਤੇ ਆਯੁਰਵੈਦਿਕ ਫਾਰਮੂਲੇ 'ਤੇ ਅਧਾਰਤ ਸੀ । ਇਸ ਚਾਹ ਦਾ ਇਕ ਖਾਸ ਤਰ੍ਹਾਂ ਦਾ ਸਵਾਦ ਅਤੇ ਖ਼ੁਸ਼ਬੂ ਸੀ । ਉਨ੍ਹਾਂ ਦੇ ਵਿਦਆਰਥੀ ਪਿਆਰ ਨਾਲ ਇਸ ਚਾਹ ਨੂੰ ਯੋਗੀ ਟੀ ਕਹਿਣ ਲੱਗ ਪਏ । ਇਸ ਤੋਂ ਕੁਝ ਹੀ ਅਰਸੇ ਬਾਅਦ ਪੱਛਮ ਦਾ ਇਹ ਯੋਗੀ ਭਾਈਚਾਰਾ ਐਨਾ ਕੁ ਫੈਲ ਗਿਆ ਕਿ ਉਨ੍ਹਾਂ ਇਕ ਨਵੀਂ ਤਰ੍ਹਾਂ ਦਾ ਫੂਡ ਕਲਚਰ ਪ੍ਰਚਲਤ ਕਰਨ ਦੇ ਮਕਸਦ ਨਾਲ ਅਮਰੀਕਾ, ਕਨੇਡਾ ਅਤੇ ਯੂਰਪ ਵਿਚ ਕਈ ਥਾਵਾਂ 'ਤੇ ਗੋਲਡਨ ਟੈਂਪਲ ਵੈਜੀਟੇਰੀਅਨ ਰੈਸਟੋਰੈਂਟ ਖੋਲ੍ਹੇ । ਉਸ ਦੌਰ 'ਚ ਇਸ ਖਿੱਤੇ ਅੰਦਰ ਵੈਜੀਟੇਰੀਅਨ ਰੈਸਟੋਰੈਂਟ ਲੱਭਂਣੇ ਮੁਸ਼ਕਲ ਹੁੰਦੇ ਸਨ । ਇਸ ਉਦਮ ਦਾ ਦੋ ਧਰੁਵੀ ਮਕਸਦ ਸੀ । ਇਕ ਤਾਂ 3 ਐਚ ਓ ਦੀ ਲਹਿਰ ਨਾਲ ਜੁੜੇ ਲੋਕਾਂ ਨੂੰ ਕੰਮ ਮਿਲ ਰਿਹਾ ਸੀ ਅਤੇ ਨਾਲੋ ਨਾਲ ਉਹ ਆਪਣੀ ਲਹਿਰ ਦੇ ਸਿਧਾਤਾਂ ਦੇ ਪਸਾਰ ਲਈ ਕੰਮ ਕਰ ਰਹੇ ਸਨ । ਇਨ੍ਹਾਂ ਯੋਗਾ ਵਿਦਿਆਰਥੀਆਂ ਵਲੋਂ ਇਕ ਨਵੀਂ ਤਰ੍ਹਾਂ ਦੇ ਸਮੂਹਿਕ ਉਦੱਮ ਤਹਿਤ ਇਹ ਗੋਲਡਨ ਟੈਂਪਲ ਰੈਸਟੋਰੈਂਟ ਖੋਲ੍ਹੇ ਗਏ ਸਨ । ਅਜਿਹਾ ਪਹਿਲਾ ਰੈਸਟੋਰੈਂਟ 1972 ਵਿਚ ਵਸ਼ਿੰਗਟਨ ਡੀ ਸੀ ਵਿਚ ਖੋਲ੍ਹਿਆ ਗਿਆ ਸੀ । 1973 ਤੱਕ ਅਜਿਹੇ ਰੈਸਟੋਰੈਂਟਾਂ ਦੀ ਗਿਣਤੀ 12 ਹੋ ਗਈ । ਇਹ ਪੂਰੇ ਸੰਸਾਰ ਵਿਚ ਸਨ । ਵਸ਼ਿੰਗਟਨ, ਐਮਸਟਰਡਮ, ਲੰਡਨ, ਲੌਸ ਏਂਜਲਸ, ਟਕਸਨ, ਫੀਨਿਕਸ, ਬੋਸਟਨ, ਔਟਵਾ, ਟੋਰਾਂਟੋ, ਕੰਨਸਾਸ ਸਿਟੀ, ਡੈਨਵਰ ਅਤੇ ਸੈਂਟਾ ਫੇ ਆਦਿ ਸ਼ਹਿਰਾਂ ਵਿਚ ਇਨ੍ਹਾਂ ਰੈਸਟੋਰੈਂਟਾਂ ਨੇ ਯੋਗਾ ਲਹਿਰ ਦੀ ਮਹਿਕ ਖਿਲਾਰਨੀ ਸ਼ੁਰੂ ਕਰ ਦਿੱਤੀ ਸੀ । ਇਨ੍ਹਾਂ ਰੈਸਟੋਰੈਂਟਾਂ ਵਿਚ ਆਉਣ ਵਾਲੇ ਗ੍ਰਾਹਕਾਂ ਨੂੰ ਵੀ ਇਹ ਖਾਸ ਤਰ੍ਹਾਂ ਦੀ ਚਾਹ ਪਿਲਾਈ ਜਾਂਦੀ ਸੀ । ਹੌਲੀ-ਹੌਲੀ ਇਹ ਚਾਹ ਇੰਨੀ ਪੌਪੂਲਰ ਹੋ ਗਈ ਕਿ ਇਥੇ ਆਉਣ ਵਾਲੇ ਗ੍ਰਾਹਕਾਂ ਨੇ ਇਹ ਚਾਹ ਘਰ ਲਿਜਾਣ ਵਾਸਤੇ ਮੰਗਣੀ ਸ਼ੁਰੂ ਕਰ ਦਿੱਤੀ । ਇਸ ਤਰੀਕੇ ਨਾਲ ਸ਼ੁਰੂ ਹੋਈ ਇਹ ਚਾਹ ਲਹਿਰ 1984 ਵਿਚ ਯੋਗੀ ਟੀ ਕੰਪਨੀ ਦੇ ਰੂਪ ਵਿਚ ਪਲਟ ਗਈ ਤੇ ਇਸ ਕੰਪਨੀ ਦੁਆਰਾ ਪੇਸ਼ਾਵਾਰਨਾ ਤਰੀਕੇ ਨਾਲ ਇਸ ਚਾਹ ਦਾ ਉਤਪਾਦਨ ਸ਼ੁਰੂ ਕਰ ਦਿਤੱਾ ਗਿਆ । ਜਲਦੀ ਹੀ ਇਹ ਚਾਹ ਅਲੱਗ ਅਲੱਗ ਰੂਪਾਂ 'ਚ ਪੂਰੇ ਅਮਰੀਕਾਂ ਦੇ ਸਟੋਰਾਂ 'ਤੇ ਮਿਲਣ ਲੱਗੀ । ਅੱਜ ਯੋਗੀ ਟੀ ਕੰਪਨੀ ਅਮਰੀਕਾ ਦੀ ਹਰਬਲ ਉਤਪਾਦਾਂ ਦੀ ਮਾਰਕੀਟ ਵਿਚ ਸਭ ਤੋਂ ਤੇਜ਼ੀ ਨਾਲ ਫੈਲ ਰਹੀ ਕੰਪਨੀ ਹੈ ਅਤੇ ਯੂਰਪ ਵਿਚ ਵੀ ਇਹ ਆਪਣੇ ਪੈਰ ਪਸਾਰ ਚੁੱਕੀ ਹੈ । ਯੋਗ ਜੀ ਦੀ ਇਹ ਧਾਰਨਾ ਸੀ ਕਿ ਸਾਰੇ ਜੀਵਾਂ ਅੰਦਰ ਮੌਜੂਦ ਦੈਵਿਕਤਾ ਪ੍ਰਤੀ ਸਤਿਕਾਰ ਤੇ ਉਸਾਰਿਆ ਬਿਜ਼ਨਸ ਹੀ ਸਮਾਜ ਵਿਚ ਅਸਲ ਅਤੇ ਸਥਾਈ ਤਬਦੀਲੀ ਲਿਆ ਸਕਦਾ ਹੈ । ਜੇ ਬਿਜ਼ਨਸ ਵਿਚ ਅਜਿਹਾ ਮਾਹੌਲ ਤਿਆਰ ਕੀਤਾ ਜਾਵੇ, ਜਿਹੜਾ ਹਰ ਵਿਅਕਤੀ ਦੇ ਅੰਦਰ ਲੁਪਤ ਸੰਭਾਵਨਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਹੋਣ ਦਾ ਮੌਕਾ ਦੇਵੇ ਅਤੇ ਨਾਲੋ ਨਾਲ ਵਸਤਾਂ ਦੇ ਉਤਪਾਦਨ ਦੇ ਮੁਨਾਫੇ 'ਤੇ ਵੀ ਕੇਂਦਰਤ ਹੋਵੇ, ਉਹ 'ਕੰਮ' ਦੀ ਧਾਰਨਾ ਵਿਚ ਇਕ ਬੁਨਿਆਦੀ ਤਬਦੀਲੀ ਲਿਆ ਸਕਦਾ ਹੈ । ਇਹੀ ਸੋਚ ਸੀ, ਜਿਸ ਸਦਕਾ ਬਿਜ਼ਨਸ ਸਿਰਫ਼ ਬਿਜ਼ਨਸ ਨਾ ਰਿਹਾ, ਬਲਕਿ ਇਕ ਨਵੇਂ ਮਾਨਵੀ ਭਾਈਚਾਰੇ ਦੇ ਉਥਾਨ ਦਾ ਵਹੀਕਲ ਬਣ ਗਿਆ ।
ਪੀਸ ਸਿਰੀਅਲਜ਼
ਪੱਛਮੀ ਲੋਕਾਂ ਦੁਆਰਾ ਬਰੇਕਫਾਸਟ ਮੌਕੇ ਵਰਤੀ ਜਾਂਦੀ ਫੂਡ ਆਈਟਮ ਸਿਰੀਅਲ ਦਾ ਉਤਪਾਦਨ ਵੀ ਉਨ੍ਹਾਂ ਹੀ ਸਿਧਾਂਤਾਂ 'ਤੇ ਅਧਾਰਤ ਹੈ, ਜਿਨ੍ਹਾਂ 'ਤੇ ਯੋਗੀ ਟੀ ਕੰਪਨੀ ਉਸਰੀ ਹੈ । ਇਸ 'ਚ ਵੀ ਔਰਗੈਨਿਕ ਤਰੀਕੇ ਨਾਲ ਪੈਦਾ ਕੀਤੀ ਜਾਂਦੀ ਸਮੱਗਰੀ ਹੀ ਵਰਤੀ ਜਾਂਦੀ ਹੈ ਅਤੇ ਇਸ ਕੰਪਨੀ ਦੇ ਮੁਨਾਫੇ ਦਾ 10 ਫੀਸਦੀ ਅਜਿਹੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਜਾਂਦਾ ਹੈ, ਜਿਹੜੀਆਂ ਵਿਸ਼ਵ ਅਮਨ ਦੇ ਖੇਤਰ ਵਿਚ ਕੰਮ ਕਰ ਰਹੀਆਂ ਹੋਣ । ਇਹ ਅਸਲ ਵਿਚ ਸਿੱਖੀ ਦੇ ਦਸਵੰਧ ਦੇ ਸੰਕਲਪ ਨੂੰ ਇਕ ਆਧੁਨਿਕ ਰੂਪ ਦੇਣ ਦਾ ਉਪਰਾਲਾ ਹੈ । ਇਹ ਬਿਜ਼ਨਸ ਨਾਲ ਇਕ ਨਵਾਂ ਅਯਾਮ ਜੋੜਣ ਦੀ ਕੋਸ਼ਿਸ਼ ਹੈ । ਇਸ ਕੰਪਨੀ ਦਾ ਹਰ ਮੁਲਾਜ਼ਮ ਅਤੇ ਹਰ ਗਾਹਕ ਆਪਣੀ ਆਮ ਜ਼ਿੰਦਗੀ ਜਿਊਂਦਿਆਂ ਵੀ ਕਿਸੇ ਮਾਨਵੀ ਕਾਰਜ ਵਿਚ ਆਪਣਾ ਯੋਗਦਾਨ ਪਾ ਰਿਹਾ ਹੁੰਦਾ ਹੈ । ਦੂਜੇ ਪਾਸੇ ਇਹ ਔਰਗੈਨਿਕ ਵਸਤਾਂ ਦੇ ਉਤਪਾਦਨ ਨੂੰ ਉਤਸ਼ਾਹਤ ਕਰ ਰਿਹਾ ਹੁੰਦਾ ਹੈ । ਇਸੇ ਤਰ੍ਹਾਂ ਦੇ ਸਿਧਾਂਤਾਂ 'ਤੇ ਗੋਲਡਨ ਟੈਂਪਲ ਬਲਕ ਗਰੇਨੌਲਾ ਬਣਾਉਣ ਵਾਲੀ ਇਕ ਹੋਰ ਕੰਪਨੀ ਉਸਰੀ ਹੈ ।
ਵਾਹਗੁਰੂ ਚਿਊ
ਵਾਹਗੁਰੂ ਚਿਊ ਦੇ ਉਤਪਾਦਨ ਪਿੱਛੇ ਇਹ ਸਿਧਾਂਤ ਕੰਮ ਕਰ ਰਿਹਾ ਹੈ ਕਿ ਪ੍ਰਚਲਤ ਕੈਂਡੀ ਕਲਚਰ ਦੇ ਮੁਕਾਬਲੇ ਨੈਚੂਰਲ ਫੂਡ ਦਾ ਨਵਾਂ ਕਲਚਰ ਵਿਕਸਤ ਕੀਤਾ ਜਾਵੇ । ਵਾਹਗੁਰੂ ਚਿਉ ਅਮਰੀਕਾ ਦੀ ਸਵੀਟ ਕੈਂਡੀ ਮਾਰਕੀਟ ਵਿਚ ਇਕ ਨਵੀਂ ਤਰਾਂ ਦਾ ਤਜ਼ਰਬਾ ਹੈ । ਇਸ ਦੀ ਖੋਜ ਵੀ ਬੜੇ ਅਦਭੁਤ ਇਤਫਾਕ ਨਾਲ ਹੀ ਹੋਈ । ਅਮਰੀਕਾ ਦੇ ਓਰੇਗਾਨ ਖੇਤਰ ਵਿਚ ਇਕ ਛੋਟੇ ਜਿਹੇ ਕਸਬੇ ਯੂਜੀਨ 'ਚ ਇਕ ਅਮਰੀਕੀ ਸਿੰਘ ਨਿਰਵੈਰ ਸਿੰਘ ਅਤੇ ਉਸ ਦੀ ਪਤਨੀ ਗੋਲਡਨ ਟੈਂਪਲ ਗਰੈਨੋਲਾ ਤਿਆਰ ਕਰਦੇ ਸਨ । ਇੱਥੇ ਹੀ ਇਕ ਦਿਨ ਬਚੀ ਹੋਈ ਸਮੱਗਰੀ ਕਾਜੂ, ਬਦਾਮ, ਮਗਜ਼ ਆਦਿ ਨੂੰ ਉਨ੍ਹਾਂ ਮਿੱਠੇ ਵਿਚ ਮਿਲਾ ਦਿੱਤਾ ਅਤੇ ਉਸ ਦੀਆਂ ਗੋਲੀਆਂ ਬਣਾ ਲਈਆਂ । ਉਹ ਕਿਸੇ ਪਾਰਟੀ 'ਤੇ ਜਾ ਰਹੇ ਸਨ ਤੇ ਜਾਣ ਵੇਲੇ ਉਹ ਇਨ੍ਹਾਂ ਮਿੱਠੀਆਂ ਗੋਲੀਆਂ ਨੂੰ ਨਾਲ ਲੈ ਗਏ । ਉਹ ਅਮਰੀਕੀ ਸਿੱਖਾਂ ਦੀ ਪਾਰਟੀ ਸੀ । ਜਿਸ ਨੇ ਵੀ ਉਹ ਗੋਲੀ ਖਾਧੀ, ਉਸਦੇ ਮੂੰਹੋਂ ਨਿਕਲਿਆ, ਵਾਹਗੁਰੂ। ਇਥੋਂ ਹੀ ਨਵੀਂ ਤਰ੍ਹਾਂ ਦੀ ਕੈਂਡੀ ਬਣਾਉਣ ਦਾ ਖਿਆਲ ਪੈਦਾ ਹੋਇਆ ਤੇ ਅੱਜ ਇਸ ਕੰਪਨੀ ਦੀ ਵੱਡੀ ਮਾਰਕੀਟ ਹੈ ।
ਸਨਸ਼ਾਈਨ ਸਪਾ ਅਤੇ ਸੂਦਿੰਗ ਟੱਚ
ਇਹ ਦੋ ਕੰਪਨੀਆਂ ਆਯੁਰਵੈਦਿਕ ਅਤੇ ਹਰਲ ਫਾਰਮੂਲਿਆਂ 'ਤੇ ਅਧਾਰਤ ਬੌਡੀ ਕੇਅਰ ਵਸਤਾਂ ਦਾ ਉਤਪਾਦਨ ਕਰਦੀਆਂ ਹਨ । ਇਨ੍ਹਾਂ 'ਚ ਸੁਗੰਧ ਵਾਲੇ ਤੇਲ, ਥੈਰਾਪਿਊਟਿਕ ਤੇਲ, ਹਰਬ ਸਾਲਟ ਸਕਰੱਬਜ਼, ਮਾਲਿਸ਼ ਵਾਲੀਆਂ ਕ੍ਰੀਮਾਂ ਅਤੇ ਲੋਸ਼ਨ ਵਗੈਰਾ ਸ਼ਾਮਲ ਹਨ । ਇਹ ਦੋਵੇਂ ਕੰਪਨੀਆਂ ਸਰੀਰ ਦੀ ਸੰਭਾਲ ਲਈ ਵਰਤੇ ਜਾਂਦੇ ਅਜਿਹੇ ਉਤਪਾਦ ਤਿਆਰ ਕਰਦੀਆਂ ਹਨ, ਜਿਹੜੇ ਸਾਰੇ ਦੇ ਸਾਰੇ ਆਯੂਰਵੈਦਿਕ ਤਰੀਕਿਆਂ ਨਾਲ ਤਿਆਰ ਕੀਤੇ ਜਾਦੇ ਹਨ ਜਿਨ੍ਹਾਂ 'ਚ ਦੁਰਲਭ ਜੜ੍ਹੀਆਂ ਬੂਟੀਆਂ ਵਰਤੀਆਂ ਜਾਂਦੀਆਂ ਹਨ । ਬੌਡੀ ਕੇਅਰ ਉਤਪਾਦ ਬਹੁ-ਕੌਮੀ ਕੰਪਨੀਆਂ ਦੇ ਕਬਜ਼ੇ ਵਾਲੀ ਮਾਰਕੀਟ ਹੈ । ਇਨ੍ਹਾਂ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤਾਂ ਅਤੇ ਉਨ੍ਹਾਂ ਨੂੰ ਤਿਆਰ ਕਰਨ ਦੀ ਵਿਧੀ ਨਿਰੀਪੁਰੀ ਮੁਨਾਫੇ ਦੀ ਸੋਚ ਤੇ ਉਸਰੀ ਹੈ । ਇਨ੍ਹਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਫਾਰਮੂਲੇ ਮਨੁੱਖੀ ਸਰੀਰ ਪ੍ਰਤੀ ਕਿਸੇ ਗਹਿਰੇ ਸਤਿਕਾਰ ਵਾਲੀ ਸੋਚ ਤੋਂ ਸੱਖਣੇ ਹਨ । ਇਨ੍ਹਾਂ ਦੋਵੇਂ ਕੰਪਨੀਆਂ ਦਾ ਮਕਸਦ ਬੌਡੀ-ਕੇਅਰ ਉਤਪਾਦਾਂ ਦੀ ਮਾਰਕੀਟ ਵਿਚ ਇਕ ਆਯੁਰਵੈਦਿਕ/ਹਰਬਲ ਬਦਲ ਤਿਆਰ ਕਰਨਾ ਹੈ । ਆਯੁਰਵੈਦ ਤੇ ਹਰਬਲ ਫਾਰਮੂਲੇ ਅਜਿਹੇ ਦ੍ਰਿਸ਼ਟੀਕੋਣ ਤੇ ਜੀਵਨ ਦੇ ਪ੍ਰਰਿਚਾਲਕ ਹਨ, ਜਿਥੇ ਮਨੁੱਖ ਅਤੇ ਕੁਦਰਤ ਦੇ ਇਕਸੁਰਤਾ ਵਾਲੇ ਰਿਸ਼ਤੇ ਪ੍ਰਤੀ ਸਤਿਕਾਰ ਦੀ ਭਾਵਨਾ ਮੌਜੂਦ ਹੈ ।
ਹਰਬਲ ਜੈਮੱਜ਼
ਮੌਜੂਦਾ ਦੌਰ 'ਚ ਮਨੁੱਖਤਾ ਦੀ ਆਧੁਨਿਕ ਅਤੇ ਸ਼ਹਿਰੀ ਜੀਵਨ ਜਾਚ ਅਜਿਹੀ ਹੈ ਕਿ ਹਰ ਵਕਤ ਹੀ ਅਸੀਂ ਤਨ ਅਤੇ ਮਨ ਦੀਆਂ ਨਿੱਕੀਆਂ ਨਿੱਕੀਆਂ ਤਕਲੀਫਾਂ ਅਤੇ ਲੋੜਾਂ ਲਈ ਕਈ ਪ੍ਰਕਾਰ ਦੇ ਟੌਨਿਕਾਂ ਅਤੇ ਗੋਲੀਆਂ ਤੇ ਨਿਰਭਰ ਹੋ ਗਏ ਹਾਂ । ਅੱਜ ਕੱਲ ਦੇ ਸ਼ਹਿਰੀ ਜੀਵਨ 'ਚ ਅਜਿਹੇ ਵਿਰਲੇ ਲੋਕ ਹੀ ਮਿਲਣਗੇ, ਜਿਹੜੇ ਪੂਰੀ ਤਰ੍ਹਾਂ ਅਜਿਹੇ ਮਸਨੂਈ ਤਰੀਕਿਆਂ ਤੇ ਨਿਰਭਰਤਾ ਤੋਂ ਬਚੇ ਹੋਣ । ਤਣਾਅ 'ਤੇ ਅਧਾਰਤ ਜੀਵਨ, ਗੈਰ-ਕੁਦਰਤੀ 'ਤੇ ਪ੍ਰਦੂਸ਼ਤ ਭੋਜਨ, ਅੰਨ੍ਹੇ ਮੁਨਾਫ਼ੇ 'ਤੇ ਅਧਾਰਤ ਕਾਰਪੋਰੇਸ਼ਨਾਂ ਦੁਆਰਾ ਪ੍ਰਚਾਰਿਆ ਜਾ ਰਿਹਾ ਟੀ ਵੀ ਕਲਚਰ ਲਗਾਤਾਰ ਹੀ ਅਜਿਹੇ ਰੁਝਾਨਾਂ ਨੂੰ ਉਤਸ਼ਾਹਿਤ ਕਰੀ ਜਾਂਦਾ ਹੈ ।
ਲਗਾਤਾਰ ਅਜਿਹੀਆਂ ਗੋਲੀਆਂ, ਟੌਨਿਕਾ ਦਾ ਇਸਤੇਮਾਲ ਮਨੁੱਖੀ ਤਨ-ਮਨ ਤੇ ਅੱਗੇ ਹੋਰ ਦੁਸ਼-ਪ੍ਰਭਾਵ ਪਾਈ ਜਾਂਦਾ ਹੈ । ਇਸ ਤਰ੍ਹਾਂ ਦੀ ਸਥਿਤੀ ਵਿਚ ਇਕ ਯੋਗਿਕ ਦਖਲ ਦੇਣ ਲਈ ਹਰਬਲ ਜੈਮੱਜ਼ ਦਾ ਉਤਪਾਦਨ ਸ਼ੁਰੂ ਕੀਤਾ ਗਿਆ ।
ਇਸ ਕੰਪਨੀ ਦੁਆਰਾ ਅਜਿਹੇ ਅਨੇਕਾਂ ਹਰਬਲ ਕੈਪਸੂਲ ਤਿਆਰ ਕੀਤੇ ਗਏ ਹਨ, ਜਿਹੜੇ ਇਕ ਬਹੁਤ ਸੰਵੇਦਨਸ਼ੀਲ ਤਰੀਕੇ ਨਾਲ ਸਮਾਜ ਨੂੰ ਗੋਲੀਆਂ/ਟੌਨਿਕਾਂ ਦੇ ਚਕੱਰ 'ਚੋਂ ਨਿਕਲਣ ਦਾ ਮੌਕਾ ਪੈਦਾ ਕਰ ਸਕਦੇ ਹਨ । ਇਹ ਹਰਬਲ ਉਤਪਾਦ ਜਿੱਥੇ ਗੋਲੀਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ 'ਚ ਮਦਦ ਕਰਦੇ ਹਨ, ਉਥੇ ਨਾਲ ਹੀ ਸਰੀਰ ਵਿਚ ਅਜਿਹੇ ਤੱਤਾਂ ਦਾ ਸੰਚਾਰ ਕਰਦੇ ਹਨ, ਜਿਹੜਾ ਸਰੀਰ ਦੇ ਕੁਦਰਤੀ ਸਿਸਟਮ ਨੂੰ ਮੁੜ ਉਸਦੇ ਮੂਲ ਸੰਤੁਲਨ ਵਿਚ ਲਿਆਉਣ ਲਈ ਮਦਦ ਕਰ ਸਕਦਾ ਹੈ । ਇਸ ਸਭ ਕਾਸੇ ਦੇ ਪਿੱਛੇ ਮੂਲ ਸਿਧਾਂਤ ਨਵੀਂ ਰੂਹਾਨੀ ਜੀਵਨ ਜਾਚ ਦਾ ਅਧਾਰ ਮਜ਼ਬੂਤ ਕਰਨਾ ਹੀ ਹੈ ।
ਯੋਗੀ ਬੌਟੈਨੀਕਲਜ਼
ਇਹ ਬਹੁ-ਕੌਮੀ ਕੰਪਨੀ ਵੀ ਬਦਲਵੀਂ ਆਰਥਿਕਤਾ ਦੇ ਖੇਤਰ ਵਿਚ ਇਕ ਨਵਾਂ ਪ੍ਰਯੋਗ ਹੈ । ਕੰਪਨੀ ਔਰਗੈਨਿਕ ਜਾਂ ਜੈਵਿਕ ਤਰੀਕਿਆਂ ਨਾਲ ਦੁਰਲਭ ਜੜ੍ਹੀਆਂ-ਬੂਟੀਆਂ ਅਤੇ ਮਸਾਲਿਆਂ ਦਾ ਉਤਪਾਦਨ ਕਰਦੀ ਹੈ । ਇਸ ਕੰਪਨੀ ਦਾ ਇਹ ਨਾਅਰਾ ਹੈ ਕਿ ਔਰਗੈਨਿਕ ਹਰਬਲਜ਼ ਦਾ ਇਸਤੇਮਾਲ ਆਰਥਿਕ ਪੱਖੋਂ ਵੀ ਅਤੇ ਵਾਤਾਵਰਣ ਦੇ ਪੱਖੋਂ ਵੀ ਲਾਹੇਵੰਦਾ ਹੈ । ਇਸ ਕੰਪਨੀ ਦੁਆਰਾ ਦੱਖਣੀ ਭਾਰਤ ਅਤੇ ਯੂਰਪ ਵਿਚ ਇਨ੍ਹਾਂ ਵਿਧੀਆਂ ਦੁਆਰਾ ਜੜ੍ਹੀਆਂ ਬੂਟੀਆਂ ਅਤੇ ਮਸਾਲਿਆਂ ਦਾ ਉਤਪਾਦਨ ਕਰਵਾਇਆ ਜਾ ਰਿਹਾ ਹੈ । ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਵੀ ਯੋਗੀ ਜੀ ਦਾ ਇਕ ਅਹਿਮ ਪ੍ਰੋਗਰਾਮ ਰਿਹਾ ਹੈ । ਉਨ੍ਹਾਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਵੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਉਹ ਆਪਣੀ ਖੇਤੀ 'ਚ ਅਜਿਹੇ ਪ੍ਰਯੋਗ ਕਰਨ ਤਾਂ ਇਸ ਨਾਲ ਨਾ ਸਿਰਫ ਵਾਤਾਵਰਣ ਦਾ ਸੰਤੁਲਣ ਬਣਾਉਣ 'ਚ ਹੀ ਮਦਦ ਮਿਲੇਗੀ, ਬਲਕਿ ਪੰਜਾਬ ਦੇ ਕਿਸਾਨ ਆਰਥਿਕ ਤੌਰ 'ਤੇ ਵੀ ਕਈ ਤਰ੍ਹਾਂ ਦੀ ਨਵੀਂ ਮਾਰਕੀਟ ਪ੍ਰਾਪਤ ਕਰ ਸਕਦੇ ਹਨ । ਲੋੜ ਸਿਰਫ ਅਜਿਹੀ ਸੋਝੀ ਵਿਕਸਤ ਕਰਨ ਦੀ ਹੈ ।
ਅਕਾਲ ਸਕਿਉਰਿਟੀ
ਰੂਹਾਨੀ ਲਹਿਰਾਂ ਦੇ ਸੰਸਾਰ ਵਿਚ ਅਕਾਲ ਸਕਿਉਰਟੀ ਸਰਵਿਸ ਯੋਗੀ ਜੀ ਦੁਆਰਾ ਕੀਤਾ ਗਿਆ ਇਕ ਬਿਲਕੁਲ ਵਿਲੱਖਣ ਪ੍ਰਯੋਗ ਹੈ । ਇਸ ਕੰਪਨੀ ਦੀ ਸਥਾਪਨਾ 1980 ਵਿਚ ਕੀਤੀ ਗਈ । ਇਸ ਦੇ ਜਨਮ ਦੀ ਕਹਾਣੀ ਵੀ ਅਦਭੁਤ ਹੈ । ਇਸ ਕੰਪਨੀ ਦੇ ਇਕ ਫਾਊਂਡਰ ਮੈਂਬਰ ਗੁਰਤੇਜ ਸਿੰਘ ਖਾਲਸਾ ਦੇ ਦੱਸਣ ਮੁਤਾਬਕ ਉਨ੍ਹੀਂ ਦਿਨੀਂ ਅਮਰੀਕਾ ਵਿਚ ਸਿੱਖਾਂ ਦੀ ਕੋਈ ਪਛਾਣ ਨਹੀਂ ਸੀ । ਕੁਝ ਅਮਰੀਕੀ ਸਿੱਖ ਨੌਜਵਾਨਾਂ ਨੂੰ ਉਥੋਂ ਦੇ ਦਫਤਰਾਂ ਵਿਚ ਸਿਰਫ਼ ਇਸ ਕਰਕੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਉਨ੍ਹਾਂ ਦਾ ਪਹਿਾਰਵਾ ਬੜਾ ਅਜੀਬ ਸੀ । ਅਮਰੀਕੀ ਕੰਪਨੀਆਂ ਸਿੱਖ ਬਾਣੇ ਵਾਲੇ ਲੋਕਾਂ ਨੂੰ ਆਪਣੇ ਦਫਤਰਾਂ 'ਚ ਰੱਖਣ ਲਈ ਤਿਆਰ ਨਹੀਂ ਸਨ । ਉਨ੍ਹਾਂ ਜਦ ਇਹ ਗੱਲ ਯੋਗੀ ਜੀ ਨੂੰ ਦੱਸੀ ਤਾਂ ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਆਪਣੀ ਕੰਪਨੀ ਸ਼ੁਰੂ ਕਰਨ ਦਾ ਆਦੇਸ਼ ਦਿੱਤਾ । ਇਸ ਤਰ੍ਹਾਂ ਬਹੁਤ ਛੋਟੇ ਪੱਧਰ 'ਤੇ ਅਕਾਲ ਸਕਿਉਰਟੀ ਸ਼ੁਰੂ ਹੋ ਗਈ । ਇਹ ਸਿਰਫ ਤਿੰਨ ਬੰਦਿਆਂ ਨਾਲ ਸ਼ੁਰੂ ਕੀਤੀ ਗਈ ਸੀ । ਸ਼ੁਰੂ ਸ਼ੁਰੂ ਵਿਚ ਅਮਰੀਕਾ ਦੇ ਨਿਊ ਮੈਕਸੀਕੋ ਪ੍ਰਾਂਤ ਵਿਚ ਇਸ ਕੰਪਨੀ ਨੂੰ ਕੁਝ ਠੇਕੇ ਮਿਲੇ । 1985 ਤੱਕ ਇਹ ਟੈਕਸਾਸ, ਐਰੀਜ਼ੋਨਾ, ਨੇਵਾਡਾ ਅਤੇ ਕੈਲੀਫੋਰਨੀਆ ਤੱਕ ਪਹੁੱਚ ਗਈ । ਕਾਰਪੋਰੇਟ ਜਗਤ ਨਾਲ ਸੰਬਧਤ ਇਕ ਅਮਰੀਕੀ ਮੈਗਜ਼ੀਨ ਦੁਆਰਾ ਇਸ ਨੂੰ ਅਮਰੀਕਾ ਦੀਆਂ ਸਭ ਤੋਂ ਤੇਜ਼ੀ ਨਾਲ ਫੇਲ੍ਹ ਰਹੀਆਂ 500 ਕੰਪਨੀਆਂ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ। 1987 ਤੱਕ ਇਸ ਨੂੰ ਅਮਰੀਕੀ ਸਰਕਾਰ ਦੇ ਵੀ ਕਈ ਠੇਕੇ ਮਿਲ ਗਏ । ਅੱਜ ਇਸ ਕੰਪਨੀ 'ਚ 12 ਹਜ਼ਾਰ ਤੋਂ ਵੱਧ ਮੁਲਾਜ਼ਮ ਹਨ ਅਤੇ ਇਸ ਦੀ ਗਿਣਤੀ ਅਮਰੀਕਾ ਦੀਆਂ ਪ੍ਰਮੁੱਖ ਸਕਿਉਰਿਟੀ ਸਰਵਿਸਿਜ਼ ਵਿਚ ਹੋਣ ਲੱਗੀ ਹੈ । ਪਿੱਛੇ ਜਿਹੇ ਅਮਰੀਕਾ ਦੇ ਪ੍ਰਮੁੱਖ ਅਖਬਾਰ ਨਿਊਯਾਰਕ ਟਾਈਮਜ਼ ਨੇ ਵੀ ਇਸ ਕੰਪਨੀ ਦੇ ਜ਼ਬਰਦਸਤ ਉਭਾਰ ਨੂੰ ਨੋਟ ਕੀਤਾ ਸੀ ।
ਅਕਾਲ ਸਕਿਉਰਿਟੀ ਸਰਵਿਸ ਯੋਗੀ ਜੀ ਦੁਆਰਾ ਸੰਤ ਸਿਪਾਹੀ ਦੇ ਸੰਕਲਪ ਨੂੰ ਨਵਾਂ ਸੰਦਰਭ ਦੇਣ ਦੀ ਇਕ ਕੋਸ਼ਿਸ਼ ਹੈ । ਇਹ ਅਜਿਹਾ ਪ੍ਰਯੋਗ ਹੈ ਕਿ ਰੂਹਾਨੀ ਅਤੇ ਯੋਗੀ ਜੀਵਨ ਸੁਰੱਖਿਆ ਜਿਹੇ ਖੇਤਰਾ'ਚ ਵੀ ਜਦ ਪ੍ਰਗਟ ਹੁੰਦਾ ਹੈ ਤਾਂ ਉਹ ਨਵੇਂ ਚਮਤਕਾਰ ਕਰ ਸਕਦਾ ਹੈ । ਇਸ ਜ਼ਰੀਏ ਉਹ ਇਹ ਲੁਕਵਾਂ ਜਾਂ ਜਲਿਟ ਸੰਦੇਸ਼ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਰੂਹਾਨੀਅਤ ਦਾ ਮਤਲਬ ਕਮਜ਼ੋਰੀ ਨਹੀਂ ਹੈ, ਬਲਕਿ ਇਹ ਹਰ ਤਰ੍ਹਾਂ ਦੀ ਤਾਕਤ ਦਿੰਦੀ ਹੈ, ਪਰ ਉਸ ਤਾਕਤ ਦੇ ਉਤੋਂ ਦੀ ਉਸ ਤੋਂ ਵੀ ਸ਼ਕਤੀਸ਼ਾਲੀ ਸੰਜਮ ਦਿੰਦੀ ਹੈ । ਅਕਾਲ ਸਕਿਉਰਿਟੀ ਸਰਵਿਸ ਦੇ ਵਾਈਸ ਪ੍ਰੈਜੀਡੈਂਟ ਗੁਰਤੇਜ ਸਿੰਘ ਖਾਲਸਾ ਆਪਣੇ ਆਪ ਵਿਚ ਯੋਗੀ ਜੀ ਦੇ ਇਸ ਨਵੇਂ ਸੰਕਲਪ ਦੀ ਮੂਰਤ ਹਨ । ਇਹ ਅਮਰੀਕੀ ਸਿੱਖ ਨੌਜਵਾਨ ਨਿਹੰਗਾਂ ਵਾਲਾ ਬਣਾ ਪਹਿਨਦਾ ਹੈ । ਅਮਰੀਕਾ ਦੀ ਇਸ ਸ਼ਕਤੀਸ਼ਾਲੀ ਸੁਰੱਖਿਆ ਸਰਵਿਸ ਦਾ ਸੰਚਾਲਕ ਹੈ । ਕਵਿਤਾਵਾਂ ਲਿਖਦਾ ਹੈ। ਉਸ ਦੀ ਕਵਿਤਾਵਾਂ ਦੀ ਇਕ ਕਿਤਾਬ ਛਪ ਚੁੱਕੀ ਹੈ । ਇਕ ਨਾਵਲ 'ਰਜਨੀ' ਪ੍ਰਕਾਸ਼ਨ ਅਧੀਨ ਹੈ । ਉਸ ਦਾ ਜੀਵਨ ਰੂਹਾਨੀਅਤ, ਸ਼ਾਇਰੀ ਤੇ ਸ਼ਕਤੀ ਦਾ ਅਦਭੁਤ ਮਿਸ਼ਨ ਹੈ ।
ਸਨ ਐਂਡ ਸਨ
ਯੋਗੀ ਜੀ ਦੀ ਪ੍ਰੇਰਣਾ ਨਾਲ ਬਣੀ ਇਹ ਸੌਫਟਵੇਅਰ ਕੰਪਨੀ ਹੈ । ਸਨ ਐਂਡ ਸਨ (Son & Sun ) 1992 ਵਿਚ ਸਥਾਪਤ ਕੀਤੀ ਗਈ। ਇਸ ਕੰਪਨੀ ਦਾ ਅਕੱਥ ਮਨੋਰਥ ਇਹ ਦਰਸਾਉਂਦਾ ਹੈ ਕਿ ਰੂਹਾਨੀ ਮਨ, ਇਕ ਯੋਗੀ ਮਨ, ਤਕਨੀਕ ਦੇ ਖੇਤਰ 'ਚ ਵੀ ਜ਼ਿਆਦਾ ਗਹਿਰਾ ਉਤਰ ਸਕਦਾ ਹੈ ਅਤੇ ਉਸ ਨਾਲ ਵੀ ਮਨੁੱਖੀ ਮੁੱਲਾਂ ਦਾ ਕੋਈ ਅਦਭੁਤ ਜੋੜ ਬਿਠਾ ਸਕਦਾ ਹੈ । ਵਾਸਤਵ ਵਿਚ ਯੋਗੀ ਜੀ ਦਾ ਮਕਸਦ ਇਹ ਦਰਸਾਉਣਾ ਸੀ ਕਿ ਰੂਹਾਨੀਅਤ ਅਤੇ ਧਰਮ ਜੀਵਨ ਤੋਂ ਹਟਵੀਂ ਕੋਈ ਚੀਜ਼ ਨਹੀਂ ਹੈ, ਬਲਕਿ ਇਸੇ ਜੀਵਨ ਨੂੰ ਗਹਿਰਾਈ, ਸੰਵੇਦਨਸ਼ੀਲਤਾ, ਸ਼ਿਦਤ, ਸਵੱਛਤਾ ਅਤੇ ਧੜੱਲੇ ਨਾਲ ਜਿਊਣ ਦਾ ਇਕ ਅੰਦਾਜ਼ ਹੈ । ਸਨ ਐਂਡ ਸਨ ਦੇ ਸੰਚਾਲਕ ਗੁਰੂਕਾ ਸਿੰਘ ਖਾਲਸਾ ਦੇ ਚਿਹਰੇ ਤੋਂ ਡੁੱਲ੍ਹ-ਡੁੱਲ੍ਹ ਪੈਂਦਾ ਨੂਰ ਯੋਗੀ ਜੀ ਦੇ ਇਸ ਸੁਪਨੇ ਦਾ ਹੀ ਪ੍ਰਤੀਕ ਹੈ । ਉਨ੍ਹਾਂ ਕਿਹਾ ਸੀ ਕਿ ਰੱਬ ਠੰਡੀਆਂ ਪਰਬਤੀ ਚੋਟੀਆਂ ਤੇ ਨਹੀਂ ਬਲਕਿ ਨਿੱਘੇ ਘਰਾਂ ਵਿਚ ਰਹਿੰਦਾ ਹੈ । ਉਹ ਗੁਰਮਤਿ ਦੇ ਇਸ ਸਿਧਾਂਤ ਨੂੰ ਮੂਰਤੀਮਾਨ ਕਰਨ ਲੱਗੇ ਹੋਏ ਸਨ ਕਿ ਰੂਹਾਨੀਅਤ ਸਮਾਜਿਕ ਜ਼ਿੰਮੇਵਾਰੀਆਂ ਤੋਂ ਹਟਵੀਂ ਕੋਈ ਚੀਜ਼ ਨਹੀਂ ਹੈ । ਬਲਕਿ ਜੀਵਨ ਨੂੰ ਖੁਭਕੇ ਜਿਊਣ ਦੀ ਇਕ ਕਲਾ ਹੈ । ਉਨ੍ਹਾਂ ਯੋਗਾ ਤੇ ਰੂਹਾਨੀ ਵਿਧੀਆਂ ਰਾਹੀਂ ਜੀਵਨ ਦੇ ਹਰ ਖੇਤਰ ਵਿਚ ਅੱਗੇ ਨਿਕਲਣ ਦੀ ਜਾਚ ਦੱਸੀ ਹੈ । ਕਾਰਪੋਰੇਟ ਜਗਤ ਅਤੇ ਬਿਜ਼ਨਸ ਦੇ ਖੇਤਰ ਵਿਚ ਚੁਣੌਤੀਆਂ ਭਰਭੂਰ ਅਤੇ ਦਬਾਅ ਵਾਲੇ ਜੀਵਨ ਦੀ ਅਗਵਾਈ ਲਈ ਵੀ ਉਨ੍ਹਾਂ ਦੁਆਰਾ ਵਿਸ਼ੇਸ਼ ਕੋਰਸ ਲਏ ਗਏ । ਉਨ੍ਹਾਂ ਦੇ ਵਿਦਿਆਰਥਅਿਾਂ ਦੁਆਰਾ ਅਜਿਹੇ ਯੋਗਾ ਮੈਨੂਅਲਜ਼ ਵੀ ਤਿਆਰ ਕੀਤੇ ਗਏ ਹਨ ਜਿਹੜੇ ਬਿਜ਼ਨਸ ਦੀ ਦੁਨੀਆਂ ਵਿਚ ਤਣਾਅ ਮੁਕਤ ਜੀਵਨ ਜਿਊਣ ਲਈ ਮਾਰਗ ਦਰਸ਼ਨ ਕਰ ਸਕਦੇ ਹਨ । ਦਰਸ਼ਨ ਸਿੰਘ ਖਾਲਸਾ ਦੁਆਰਾ ਯੋਗਾ ਸੀਕਰੈਟੱਸ ਫੌਰ ਬਿਜ਼ਨਸ ਸਕਸੈਸੱ ਆਦਿ ਕੁਝ ਅਜਿਹੀਆਂ ਯੋਗਾ ਗਾਈਡਜ਼ ਤਿਆਰ ਕੀਤੀਆਂ ਗਈਆਂ ਹਨ ।
ਨਿਊ ਏਜ ਮੀਡੀਆ
3 ਐਚ ਓ ਦਾ ਸ਼ੁਰੂਆਤੀ ਦੌਰ ਦਾ ਮੈਗਜ਼ੀਨ ਬੀਡਜ਼ ਔਫ਼ ਟਰੁੱਥ ਦੁਨੀਆ ਦੇ ਵੱਖ ਵੱਖ ਹਿਸਿਆਂ ਵਿਚ ਸਰਗਰਮ ਸੈਂਟਰਾਂ ਵਿਚਕਾਰ ਇਕ ਜੋੜ ਦਾ ਕੰਮ ਕਰਦਾ ਸੀ । 3 ਐਚ ਓ ਦਾ ਇਹ ਮੁਢਲਾ ਮੀਡੀਆ ਸੀ । ਨਵੀਂ ਤਰ੍ਹਾਂ ਦਾ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਪ੍ਰਕਾਸ਼ਨ ਰੋਕ ਦਿੱਤਾ ਗਿਆ ਅਤੇ ਇਸ ਦੀ ਥਾਂ ਤੇ ਨਵਾਂ ਮੀਡੀਆ ਆ ਗਿਆ । ਯੋਗੀ ਜੀ ਦੀ ਪ੍ਰੇਰਣਾ ਨਾਲ ਅਮਰੀਕੀ ਸਿੱਖਾਂ ਵਲੋਂ ਕੁਝ ਸਮਾਂ ਪਹਿਲਾਂ ਇਕ ਲਾਈਫ ਸਟਾਈਲ ਮੈਗਜ਼ੀਨ ਅਕਵੇਰੀਅਨ ਟਾਈਮਜ਼ ਸ਼ੁਰੂ ਕੀਤਾ ਗਿਆ । ਇਸ ਤ੍ਰੈਮਾਸਿਕ ਮੈਗਜ਼ੀਨ ਦਾ ਮਤਲਬ ਯੋਗੀ ਅਤੇ ਹੋਲਿਸਟਿਕ ਜੀਵਨ ਜਾਚ ਦਾ ਵਾਹਨ ਬਣਨ ਵਾਲਾ ਮੀਡੀਆ ਤਿਆਰ ਕਰਨਾ ਹੈ । ਇਸ ਸਮੇਂ ਸਾਰੀ ਦੁਨੀਆ ਦੇ ਹੀ ਮੈਟਰੋ ਅਤੇ ਸ਼ਹਿਰੀ ਜੀਵਨ 'ਚ ਅਜਿਹੇ ਲਾਈਫ ਸਟਾਈਲ ਮੈਗਜ਼ੀਨਾਂ ਦੀ ਭਰਮਾਰ ਹੈ, ਜਿੱਥੇ ਲਾਈਫ ਸਟਾਈਲ ਦਾ ਮਤਲਬ ਸੈਕਸੀ ਹੋਣਾ ਜਾਂ ਲੱਗਣਾ, ਬਰੈਂਡ ਚੇਤਨਾ ਵਿਕਸਤ ਕਰਨਾ, ਕਪੜਿਆਂ, ਗਹਿਣਿਆਂ, ਜੁਤਿਆਂ ਤੇ ਹੋਰ ਸਾਜੋ ਸਮਾਨ ਬਾਰੇ ਜਾਗਰੂਕ ਹੋਣਾ, ਬਹੁ-ਕੌਮੀ ਕਾਰਪੋਰੇਸ਼ਨਾਂ, ਹੌਲੀਵੁਡ, ਪੌਪ ਮਿਊਜ਼ਿਕ ਕਲਚਰ ਫੈਸ਼ਨ ਇੰਡਸਟਰੀ ਆਦਿ ਦੁਆਰਾ ਪ੍ਰਚਾਰੀ ਜਾਂਦੀ ਜੀਵਨ ਜਾਚ ਵਿਚ ਚਲਣਾ ਅਤੇ ਢਲਣਾ ਹੈ । ਅਕਵੇਰੀਅਨ ਟਾਈਮਜ਼ ਇਸ ਤਰ੍ਹਾਂ ਦੇ ਲਾਈਫ ਸਟਾਈਲ ਦੇ ਮੁਕਾਬਲੇ ਬਦਲਵੀਂ ਜੀਵਨ ਜਾਂਚ ਦਾ ਇਕ ਪਲੇਟਫਾਰਮ ਉਸਾਰਨ ਦਾ ਸਨਿਮਰ ਯਤਨ ਹੈ । ਇਹ ਅਜਿਹਾ ਲਾਈਫ ਸਟਾਈਲ ਹੈ, ਜਿਹੜਾ ਯੋਗਾ ਸਾਧਨਾ, ਸਾਤਵਿਕ ਭੋਜਨ, ਕਪੜਿਆਂ ਦੀ ਸ਼ਾਨਦਾਰ ਸਾਦਗੀ, ਰੂਹਾਨੀ ਸੰਗੀਤ 'ਤੇ ਕਲਾ ਅਤੇ ਕੁਦਰਤ ਨਾਲ ਇਕਸੁਰਤਾ ਤੇ ਅਧਾਰਤ ਹੈ ।
ਸਿੱਖਨੈੱਟ
ਸਿੱਖ ਧਰਮ ਇੰਟਰਨੈਸ਼ਨਲ ਦੇ ਸੰਪਰਕ ਮੀਡੀਆ ਦੀ ਥਾਂ ਹੁਣ ਸਿੱਖਨੈਟੱ ਨਾਂ ਦੀ ਸਾਈਟ ਨੇ ਲੈ ਲਈ ਹੈ । ਇਹ ਇਸ ਵਕਤ ਗਲੋਬਲ ਸਿੱਖ ਸਮਾਜ ਦਾ ਇਕ ਬੁਲਿਟਨ ਬਣ ਚੁੱਕਿਆ ਹੈ । ਇਸ ਵਿਚ ਸਿੱਖ ਧਰਮਾ ਇੰਟਰਨੈਸ਼ਨਲ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਤਾਂ ਹੁੰਦੀ ਹੈ, ਨਾਲ ਹੀ ਪੂਰੀ ਦੁਨੀਆ ਦੇ ਸਿੱਖਾਂ ਨਾਲ ਸੰਬਧਤ ਮੁੱਿਦਆਂ ਤੇ ਘਟਨਾਵਾਂ ਨੂੰ ਇਸ ਸਾਈਟ ਦੇ ਘੇਰੇ ਵਿਚ ਲਿਆਂਦਾ ਗਿਆ ਹੈ । ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਸਵਾਲਾਂ ਸਬੰਧੀ ਵੀ ਇਸ ਵਿਚ ਸੈਕਸ਼ਨ ਹਨ । ਚੈਟਿੰਗ ਦੇ ਇੰਟੈਰਕਟਿਵ ਸੈਕਸ਼ਨ ਵੀ ਹਨ । ਸਿੱਖ ਮੈਟਰੀਮੋਨੀਅਲ ਹੈ । ਗੁਰਬਾਣੀ ਕੀਰਤਨ ਦਾ ਬੇਹਦ ਸ਼ਾਨਦਾਰ ਸੈਕਸ਼ਨ ਹੈ । ਇਹ ਸਾਈਟ ਸਿਰਫ ਪੱਛਮੀ ਸਿੱਖਾਂ ਦੇ ਆਪਸੀ ਸੰਪਰਕ ਦਾ ਸਾਧਨ ਨਹੀਂ ਹੈ ਬਲਕਿ ਇਹ ਸਿੱਖ ਧਰਮ ਬਾਰੇ ਜਾਣਕਾਰੀ ਦਾ ਇਕ ਅਹਿਮ ਸਰੋਤ ਬਣ ਚੁੱਕੀ ਹੈ ।
Wednesday, November 25, 2009
Subscribe to:
Post Comments (Atom)
No comments:
Post a Comment