Thursday, November 26, 2009

47 ਦਾ ਦੁਖਾਂਤ ਤੇ ਜਲਾਵਤਨੀ ਦਾ ਦੌਰ

ਯੋਗ ਸਾਧਨਾ ਦੇ ਨਾਲ ਨਾਲ ਹਰਿਭਜਨ ਸਿੰਘ ਨੇ ਹਾਈ ਸਕੂਲ ਵਿਚ ਪੜ੍ਹਾਈ ਦਾ ਸਿਲਸਿਲਾ ਵੀ ਜ਼ਾਰੀ ਰੱਖਿਆ ਸੀ । ਉਹ ਸਕੂਲ ਦੇ ਚੋਣਵੇਂ ਐਥਲੀਟਾਂ ਵਿਚੋਂ ਵੀ ਸੀ । ਸਕੂਲ ਦੀ ਫੁਟਬਾਲ ਦਾ ਉਹ ਕਪਤਾਨ ਸੀ । ਹਾਕੀ ਅਤੇ ਐਥਲੈਟਿਕਸ ਦੇ ਮੈਦਾਨ ਵਿਚ ਵੀ ਉਸਨੇ ਕਈ ਤਮਗੇ ਹਾਸਲ ਕੀਤੇ ਸਨ । ਆਪਣੇ ਸਹਿਪਾਠੀਆਂ ਤੇ ਅਧਿਆਪਕਾਂ ਵਿਚ ਉਹ ਹਰਮਨ ਪਿਆਰਾ ਸੀ । ਇਨ੍ਹਾਂ ਸਾਰੇ ਖੇਤਰਾਂ ਵਿਚ ਉਸ ਦੀਆਂ ਪ੍ਰਾਪਤੀਆਂ ਦਾ ਧੁਰਾ ਉਸ ਦੀ ਯੋਗ ਸਾਧਨਾ ਸੀ । ਪਰ ਖੇਡ ਦੇ ਮੈਦਾਨਾਂ ਅਤੇ ਸਕੂਲੀ ਸਿੱਖਿਆ ਅਤੇ ਦਾਇਰਿਆਂ ਤੋਂ ਵੀ ਬਾਹਰ ਜ਼ਿੰਦਗੀ ਉਸ ਦੀ ਸਿੱਖਿਆ ਲਈ ਇਕ ਹੋਰ ਹੀ ਮੈਦਾਨ ਤਿਆਰ ਕਰ ਰਹੀ ਸੀ । ਇਹ ਉਹ ਰਣਭੂਮੀ ਸੀ, ਜਿਥੇ ਉਸ ਦੇ ਜਬਤ ਅਤੇ ਅਗਵਾਈ ਦੇਣ ਦੀ ਸਮਰੱਥਾ ਦੀ ਅਸਲ ਅਗਨ ਪ੍ਰੀਖਿਆ ਹੋਣੀ ਸੀ ।
ਅਗਸਤ 1947 ਵਿਚ ਜਦੋਂ ਭਾਰਤ ਦੀ ਅਜ਼ਾਦੀ ਦੇ ਨਾਲ ਨਾਲ ਮੁਲਕ ਦੀ ਵੰਡ ਦਾ ਐਲਾਨ ਕੀਤਾ ਗਿਆ । ਉਸ ਸਮੇਂ ਹਰਿਭਜਨ ਨੇ ਹਾਲੀ ਉਮਰ ਦੇ ਅਠਾਰਾਂ ਵਰ੍ਹੇ ਵੀ ਪੂਰੇ ਨਹੀਂ ਸੀ ਕੀਤੇ । ਚਾਰੇ ਪਾਸੇ ਕਤਲੇਆਮ ਦਾ ਬਜ਼ਾਰ ਗਰਮ ਸੀ । ਫਿਰਕਾਪ੍ਰਸਤੀ ਅਤੇ ਹੈਵਾਨੀਅਤ ਦਾ ਕੋਹਰਾਮ ਆਪਣੇ ਪੂਰੇ ਜੋਬਨ 'ਤੇ ਸੀ । ਪਿੰਡ ਦੇ ਮੋਢੀ ਹੋਣ ਕਾਰਨ ਸਮੁੱਚੇ ਪਿੰਡ ਦੀ ਸੁਰੱਖਿਆ ਦਾ ਭਾਰ ਉਨ੍ਹਾਂ ਦੇ ਪਰਿਵਾਰ ਉਤੇ ਹੀ ਸੀ । ਸਿਰਫ ਇੰਨਾਂ ਹੀ ਨਹੀਂ, ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਅਨੇਕਾਂ ਬੇਸਹਾਰਾ ਲੋਕ ਕਿਸੇ ਸੁਰੱਖਿਅਤ ਥਾਂ ਦੀ ਭਾਲ ਵਿਚ ਉਨ੍ਹਾਂ ਦੇ ਪਿੰਡ ਵਿਚ ਆ ਡੇਰਾ ਲਾ ਰਹੇ ਸਨ । ਸਰਕਾਰੀ ਤੰਤਰ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਚੁੱਕਾ ਸੀ । ਚੁਫੇਰੇ ਅਰਾਜਕਤਾ ਅਤੇ ਭੈਅ ਦਾ ਮਾਹੋਲ ਸੀ । ਉਨ੍ਹਾਂ ਸਾਰੇ ਲੋਕਾਂ ਨੂੰ ਵਰ੍ਹਦੀ ਅੱਗ ਵਿਚੋਂ ਸੁਰੱਖਿਅਤ ਕੱਢ ਕੇ ਲੈ ਜਾਣ ਦਾ ਭਾਰ ਵੀ ਉਸ ਨੌਜਵਾਨ ਯੋਗੀ ਨੇ ਆਪਣੇ ਉਤੇ ਲੈ ਲਿਆ ਸੀ ।
ਬਹੁਤ ਸਾਰੇ ਲੋਕਾਂ ਉਤੇ ਇਹ ਬਿਪਤਾ ਜਿਵੇਂ ਚਾਣਚੱਕ ਹੀ ਆ ਪਾਈ ਸੀ । ਮੁਸੀਬਤਾਂ ਦੇ ਪਹਾੜ ਨੇ ਉਨ੍ਹਾਂ ਨੂੰ ਸੁੱਤੇ ਪਏ ਹੀ ਦਬੋਚਿਆ ਸੀ । ਰਾਤੋ ਰਾਤ ਉਨ੍ਹਾਂ ਦੇ ਘਰ ਬਾਰ , ਪਿੰਡ ਸ਼ਹਿਰ ਸਭ ਪਰਦੇਸ ਹੋ ਗਏ ਸਨ । ਪੁਰਖਾਂ ਦੀ ਧਰਤੀ ਨਾ ਸਿਰਫ ਅਜਨਬੀ ਹੋ ਗਈ ਸੀ, ਸਗੋਂ ਉਨ੍ਹਾਂ ਦੇ ਖੁਨ ਦੀ ਤਿਹਾਈ ਸੀ । ਕੱਲ੍ਹ ਤਕ ਜੋ ਆਪਣਾ ਗਿਰਾਂ ਸੀ ਹੁਣ ਕਤਲਗਾਹ ਵਿਚ ਤਬਦੀਲ ਹੋ ਚੁੱਕਾ ਸੀ । ਆਪੋ ਆਪਣੀ ਖੁਮਾਰੀ ਦੇ ਵਿਚ ਡੁੱਬੇ ਲੋਕਾਂ ਨੂੰ ਘਟਨਾਵਾਂ ਦੇ ਸ਼ੂਕਦੇ ਦਰਿਆ ਨੇ ਸੰਭਲਣ ਦਾ ਮੌਕਾ ਹੀ ਨਹੀਂ ਸੀ ਦਿੱਤਾ ।
ਪਰ ਨੌਜਵਾਨ ਯੋਗੀ ਭਜਨ ਨੇ ਸਮੇਂ ਦੀ ਚਾਲ ਨੂੰ ਦੂਰੋਂ ਹੀ ਭਾਂਪ ਲਿਆ ਸੀ । ਭਾਰਤ-ਪਾਕਿ ਦੀ ਗੱਲ ਨੂੰ ਹਾਲੇ ਅਫਵਾਹਾਂ ਵਜੋਂ ਹੀ ਲਿਆ ਜਾ ਰਿਹਾ ਸੀ , ਜਦੋਂ ਉਸ ਨੇ ਆਉਣ ਵਾਲੀ ਮਹਾਂਮਾਰੀ ਦਾ ਮੁਕਾਬਲਾ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਸੀ । ਦੋ ਸਾਲ ਪਹਿਲੇ ਹੀ ਉਸ ਨੇ ਆਪਣੇ ਦੋਸਤਾਂ ਮਿਤਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਟਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ । ਉਹ ਹਰ ਰੋਜ਼ ਸਵੇਰੇ ਉਠੱ ਕੇ ਉਨ੍ਹਾਂ ਦੀ ਪ੍ਰੇਡ ਕਰਵਾਉਂਦਾ। ਨੌਜਵਾਨਾਂ ਦਾ ਇਹ ਕਾਫਲਾ ਜਦ ਰੋਜ਼ ਦੋ ਮੀਲ ਤਾਈਂ ਲੈਫਟ-ਰਾਈਟ ਕਰਦਾ ਪਿੰਡ ਵਿਚੋਂ ਲੰਘਦਾ ਤਾਂ ਕਿਸੇ ਨੂੰ ਉਸ ਦਾ ਅਰਥ ਸਮਝ ਨਹੀਂ ਸੀ ਆਉਂਦਾ । ਬਹੁਤੇ ਲੋਕ ਇਸ ਨੂੰ ਹਰਿਭਜਨ ਦੇ ਦਿਮਾਗ ਦੀ ਖਬਤ ਹੀ ਸਮਝਦੇ ਸਨ ।
ਪਰ ਜਿਸ ਦਿਨ ਸਰਕਾਰੀ ਤੌਰ 'ਤੇ ਵੰਡ ਦਾ ਐਲਾਨ ਹੋਇਆ, ਮਨਾਂ ਅੰਦਰ ਖੌਲਦਾ ਹੋਇਆ ਡਰ ਹਿੰਸਾ ਦਾ ਲਾਵਾ ਬਣ ਕੇ ਗਲੀਆਂ , ਬਜ਼ਾਰਾਂ ਵਿਚ ਫੈਲ ਗਿਆ । ਦੇਖਦੇ ਹੀ ਦੇਖਦੇ ਆਲੇ ਦੁਆਲੇ ਵਾਲੇ ਪਿੰਡਾਂ ਵਿਚੋਂ ਹੇੜਾਂ ਦੀਆਂ ਹੇੜਾਂ ਉਨ੍ਹਾਂ ਦੇ ਪਿੰਡ ਵੱਲ ਨੂੰ ਆਉਣ ਲੱਗੀਆਂ । ਹਰ ਕੋਈ ਆਪਣੀ ਜਾਨ ਬਚਾਉਂਦਾ ਫਿਰਦਾ ਸੀ । ਸੱਤ ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਭੀੜ ਉਥੇ ਇਕੱਠੀ ਸੀ । ਉਨ੍ਹਾਂ ਨੂੰ ਨਵੀਂ ਬਣੀ ਸਰਹੱਦ ਤੋਂ ਪਾਰ ਪਹੁੰਚਾਣ ਦੀ ਜ਼ਿਮੇਵਾਰੀ ਹੁਣ ਉਸ ਨੌਜਵਾਨ ਟੋਲੇ ਉਤੇ ਹੀ ਸੀ ।
ਕਾਫਿਲਾ ਤੁਰਦਾ ਜਾ ਰਿਹਾ ਸੀ । ਲੈਫਟ૶ਰਾਈਟ ਕਰਦੇ ਮੁੱਠੀ ਭਰ ਨੌਜਵਾਨ ਕਤਾਰਾਂ ਬੰਨੀ ਉਨ੍ਹਾਂ ਦੇ ਨਾਲ ਚੱਲ ਰਹੇ ਸਨ। ਛੋਟੇ ਛੋਟੇ ਬੱਚੇ ਅਤੇ ਔਰਤਾਂ ਵੀ ਕਾਫਲੇ ਦਾ ਹਿੱਸਾ ਸਨ । ਇਸ ਲਈ ਉਹ ਕਿਸੇ ਤਰ੍ਹਾਂ ਦੇ ਟਕਰਾ ਤੋਂ ਬਚਣ ਦੀ ਜੀਅ ਤੋੜ ਕੋਸ਼ਿਸ਼ ਕਰ ਰਹੇ ਸਨ । ਆਮ ਰਾਹਾਂ ਤੋਂ ਲਾਂਭੇ ਲਾਂਭੇ , ਰਸਤੇ ਵਿਚ ਆਉਂਦੇ ਪਿੰਡਾਂ ਤੋਂ ਬਚਦੇ ਬਚਾਉਂਦੇ ਉਹ ਅੱਗੇ ਵੱਧ ਰਹੇ ਸਨ । ਕਿਧਰੇ ਕੋਈ ਪੱਕੀ ਸੜਕ ਨਹੀਂ ਸੀ । ਬਹੁਤਾ ਪੈਂਡਾ ਝੋਨੇ ਦੇ ਖੇਤਾਂ ਵਿਚੋਂ ਤੈਹ ਕਰਨਾ ਪੈ ਰਿਹਾ ਸੀ ।
ਗਿੱਟੇ ਗਿੱਟੇ ਚਿੱਕੜ ਚੋਂ ਲੰਘਦੇ ਲੰਘਾਉਂਦੇ ਬੱਚੇ ਬੁੱਢੇ , ਔਰਤਾਂ ਅੱਗੇ ਵਧਦੇ ਜਾ ਰਹੇ ਸਨ । ਕੁਝ ਜ਼ਰੂਰੀ ਸਮਾਨ ਘੋੜਿਆਂ, ਬਲਦਾਂ, ਖੋਤਿਆਂ ਤੇ ਗੱਡਿਆਂ 'ਤੇ ਲੱਦਿਆ ਹੋਇਆ ਸੀ । ਬਸ ਇਹੋ ਉਨ੍ਹਾਂ ਦੀ ਬਚੀ ਖੁਚੀ ਜ਼ਿੰਦਗੀ ਸੀ । ਪੀਣ ਲਈ ਪਾਣੀ ਵੀ ਉਸ ਚਿੱਕੜ ਵਿਚੋਂ ਹੀ ਹਾਸਲ ਕਰਨਾ ਪੈਂਦਾ ਸੀ । ਚਿੱਕੜ ਨੂੰ ਇਕ ਤੌਲੀਏ ਵਿਚ ਪਾ ਕੇ ਉਸ ਨੂੰ ਇਕ ਬਰਤਨ ਵਿਚ ਨਿਚੋੜਿਆ ਜਾਂਦਾ ਤੇ ਉਸ ਨਾਲ ਬੱਚੇ ਬੁੱਢਿਆਂ ਦੀ ਪਿਆਸ ਬੁਝਾਈ ਜਾਂਦੀ । ਅਠਾਰਾਂ ਦਿਨ ਤੱਕ ਇਹ ਕਾਫਲਾ ਸਿਰ ਸੁੱਟੀਂ ਤੁਰਦਾ ਹੀ ਰਿਹਾ ਸੀ । ਜੇ ਕਿਸੇ ਵੀ ਪਾਸਿੳਂ ਹਮਲਾ ਹੋ ਜਾਂਦਾ ਤਾਂ ਕਿਸੇ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਪਣਾ ਹੀ ਮਹਾਂਭਾਰਤ ਸੀ ।
ਅਠਾਰਾਂ ਦਿਨ ਬਾਅਦ ਇਹ ਕਾਫਲਾ ਲਾਹੌਰ ਰਾਵੀ ਦਰਿਆ ਦੇ ਕੰਢੇ 'ਤੇ ਆ ਪਹੁੰਚਿਆ । ਬਚਦੇ ਬਚਾਉਂਦੇ ਹੋਏ ਨਿਕਲਣ ਦੇ ਸਭ ਰਾਹ ਹੁਣ ਬੰਦ ਹੋ ਚੁੱਕੇ ਸਨ । ਵੈਤਰਨੀ ਵਾਂਗ ਸੂਕਦਾ ਉਹ ਦਰਿਆ ਉਨ੍ਹਾਂ ਦੇ ਸਾਹਮਣੇ ਸੀ , ਜਿਸ ਨੂੰ ਹਰ ਹਾਲ ਵਿਚ ਪਾਰ ਕਰਨਾ ਪੈਣਾ ਹੀ ਸੀ । ਦਰਿਆ ਉਤੇ ਇਕ ਬਹੁਤ ਵਡੱਾ ਪੁਲ ਸੀ, ਜਿਸ ਉਤੇ ਧਾੜਵਈਆਂ ਦਾ ਕਬਜ਼ਾ ਸੀ । ਇਸ ਪਾਸੇ ਸੱਤ ਹਜ਼ਾਰ ਘਰੋਂ ਬੇਘਰ ਹੋਏ ਲੋਕ ਸੀ, ਜਿਨ੍ਹਾਂ ਦੀ ਹਾਲਤ ਬਹੁਤ ਹੀ ਖਸਤਾ ਜਾਪਦੀ ਸੀ । ਦੂਜੇ ਪਾਸੇ ਤੀਹ ਹਜ਼ਾਰ ਦਾ ਹਜ਼ੂਮ ਬੰਦੂਕਾਂ, ਤਲਵਾਰਾਂ, ਭਾਲੇ ਲਈ ਉਨ੍ਹਾਂ ਦੀ ਰਾਹ ਦੇਖ ਰਿਹਾ ਸੀ ।
ਪੁਲ ਦੇ ਇਸ ਪਾਸੇ ਫੌਜ ਦੀ ਇਕ ਟੁਕੜੀ ਤੈਨਾਤ ਸੀ । ਪਰ ਉਸ ਦਾ ਕਪਤਾਨ ਬਹੁਤ ਹੀ ਕਮਜ਼ੋਰ ਮਾਦੇ ਦਾ ਬੰਦਾ ਸੀ । ਉਸ ਕੋਲ 200 ਟਰੇਂਡ ਸਿਪਾਹੀਆਂ ਦੀ ਵੱਡੀ ਕੁਮਕ ਸੀ । ਪਰ ਉਸ ਨੇ ਸ਼ਰ੍ਹੇਆਮ ਆਪਣਾ ਫਰਜ਼ ਨਿਭਾਉਣ ਤੇਂ ਇਨਕਾਰ ਕਰ ਦਿੱਤਾ । ਉਹ ਪਹਿਲੋਂ ਹੀ ਬੁਰੀ ਤਰ੍ਹਾਂ ਡਰਿਆ ਹੋਇਆ ਸੀ । ਉਸ ਨੂੰ ਕੁਝ ਵੀ ਸੁਝ ਨਹੀਂ ਸੀ ਰਿਹਾ । ਉਸ ਨੇ ਸਾਫ ਸ਼ਬਦਾਂ ਵਿਚ ਐਲਾਨ ਕਰ ਦਿੱਤਾ ਕਿ ਉਹ ਉਨ੍ਹਾਂ ਲੋਕਾਂ ਦੀ ਹਿਫਾਜ਼ਤ ਕਰਨ ਤੇ ਅਸਮਰਥ ਹੈ ।
ਸੰਕਟ ਦੀ ਘੜੀ ਵਿਚ ਹਰਿਭਜਨ ਸਿੰਘ ਵਲੋਂ ਤਿਆਰ ਕੀਤਾ ਨੌਜਵਾਨਾਂ ਦਾ ਉਹ ਜਥਾ ਹੀ ਕੰਮ ਆਇਆ । ਗਰੁੱਪ ਲੀਡਰ ਵਜੋਂ ਹਰਿਭਜਨ ਦੇ ਮੂੰਹੋਂ ਨਿਕਲਣ ਦੀ ਹੀ ਦੇਰ ਸੀ, ਇਕ ਤੋਂ ਬਾਅਦ ਇਕ ਜਵਾਨ ਔਰਤਾਂ ਨੇ ਇਕ ਦੂਜੀ ਉਤੇ ਲੰਮੀ ਪੈ ਕੇ ਇਕ ਬੈਰੀਕੇਡ ਖੜਾ ਕਰ ਦਿੱਤਾ ਸੀ। ਜਿਊਂਦੀਆਂ ਜਾਗਦੀਆਂ ਇਨਸਾਨੀ ਦੇਹਾਂ ਦੇ ਪਿੱਛੇ ਮਰਦਾਂ ਨੇ ਮੋਰਚਾ ਸਾਂਭ ਲਿਆ ਸੀ । ਜਿਸ ਦੇ ਕੋਲ ਜੋ ਵੀ ਹਥਿਆਰ ਸੀ , ਉਸ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਮੁਸਤੈਦ ਸੀ । ਜਥੇ ਦੇ ਕੋਲ 23 ਐਮ ਐਮ ਦੀਆਂ ਸ਼ਾਟ ਗੰਨਜ਼ ਵੀ ਸਨ , ਜੋ ਇਨਸਾਨੀ ਬੈਰੀਕੇਡ ਪਿੱਛੇ ਤੈਨਾਤ ਹੋ ਚੁੱਕੀਆਂ ਸਨ । ਇਹ ਸਾਰਾ ਕੁਝ ਪੰਜ ਮਿੰਟ ਤੋਂ ਵੀ ਘੱਟ ਅਰਸੇ ਵਿਚ ਹੀ ਵਾਪਰ ਗਿਆ ਸੀ।
ਹੁਣ ਆਰਮੀ ਦੇ ਕਪਤਾਨ ਨੂੰ ਵੀ ਸਥਿਤੀ ਦਾ ਅਹਿਸਾਸ ਹੋ ਗਿਆ ਸੀ । ਜਥੇ ਦੇ ਆਗੂ ਹਰਿਭਜਨ ਸਿੰਘ ਨੇ ਉਸ ਨੂੰ ਪੁਲ ਖਾਲੀ ਕਰਾਉਣ ਲਈ ਅੱਧੇ ਘੰਟੇ ਦਾ ਸਮਾਂ ਦਿੱਤਾ । ਉਹ ਆਦਮੀ ਜੋ ਥੋੜੀ ਦੇਰ ਪਹਿਲਾਂ ਆਪਣੀ ਬੇਬਸੀ ਦਾ ਰੋਣਾ ਰੋ ਰਿਹਾ ਸੀ , ਉਹ ਪੰਦਰਾਂ ਮਿੰਟ ਦਾ ਹੋਰ ਸਮਾਂ ਮੰਗ ਰਿਹਾ ਸੀ । ਉਸ ਨੂੰ ਹੁਣ ਇਸ ਬੇਸਹਾਰਾ ਜਾਪਦੇ ਜਥੇ ਦੇ ਅਨੁਸ਼ਾਸਨ ਤੇ ਉਸ ਦੀ ਤਾਕਤ ਦਾ ਅੰਦਾਜ਼ਾ ਹੋ ਚੁੱਕਾ ਸੀ । ਪੁਲ ਨੂੰ ਉਡਾ ਦੇਣ ਦੀ ਉਨ੍ਹਾਂ ਦੀ ਧਮਕੀ ਨੂੰ ਉਸ ਨੇ ਗੰਭੀਰਤਾ ਨਾਲ ਲਿਆ ਸੀ ।
ਸਾਰੀ ਫੌਜ ਦੇਖਦੇ ਹੀ ਦੇਖਦੇ ਹਰਕਤ ਵਿਚ ਆ ਗਈ । ਅੱਧੇ ਘੰਟੇ ਤੋਂ ਵੀ ਘੱਟ ਸਮੇਂ ਦੇ ਵਿਚ ਪੂਰਾ ਪੁਲ ਦੰਗਈਆਂ ਦੇ ਕਬਜ਼ੇ ਤੋਂ ਮੁਕਤ ਹੋ ਚੁੱਕਾ ਸੀ । ਕੁਝ ਦੇਰ ਪਹਿਲੋਂ ਜੋ ਉਨ੍ਹਾਂ ਨੂੰ ਮਰਦੇ ਦੇਖਣ ਲਈ ਤਿਆਰ ਸੀ , ਉਹੀ ਹੁਣ ਪੂਰੇ ਕਾਫਲੇ ਨੂੰ ਸ਼ਹਿਰ ਤੋਂ ਦੂਰ ਦਸ ਮੀਲ ਤੱਕ ਹਿਫਾਜ਼ਤ ਨਾਲ ਛੱਡ ਕੇ ਗਿਆ ਸੀ ।
ਅਰਾਜਕਤਾ ਦੇ ਉਸੇ ਦੌਰ ਦੀ ਇਕ ਹੋਰ ਘਟਨਾ ਅਤਿਅੰਤ ਅਹਿਮ ਹੈ । ਇਹ ਵੀ ਯੋਗੀ ਭਜਨ ਦੇ ਜਵਾਨੀ ਵੇਲੇ ਦੇ ਦੌਰ ਉਤੇ ਭਰਪੂਰ ਰੌਸ਼ਨੀ ਪਾਉਂਦੀ ਹੈ । ਘਟਨਾ ਦਾ ਸੰਖੇਪ ਵੇਰਵਾ ਕੁਝ ਇਸ ਤਰ੍ਹਾਂ ਹੈ :
ਅਮਨ-ਕਾਨੂੰਨ ਦਾ ਚੁਫੇਰੇ ਭੋਗ ਪੈ ਚੁੱਕਾ ਸੀ । ਇਨ੍ਹਾਂ ਹਾਲਤਾਂ ਦਾ ਲਾਹਾ ਲੈਣ ਲਈ ਅਫਗਾਨਿਸਤਾਨ ਵਿਚਲੇ ਪਠਾਨਾਂ ਦੇ ਕੁਝ ਕਬੀਲੇ ਆਨੰਦਪੁਰ ਸਾਹਿਬ 'ਤੇ ਹਮਲਾ ਕਰਨ ਦੀਆਂ ਗੋਂਦਾਂ ਗੁੰਦ ਰਹੇ ਸਨ । ਉਸ ਸਥਿਤੀ ਦਾ ਮੁਕਾਬਕਾ ਕਰਨ ਲਈ ਸੰਤ ਹਜ਼ਾਰਾ ਸਿੰਘ ਨੇ ਆਪਣੇ ਸਾਰੇ ਸ਼ਾਗਿਰਦਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ ।
ਆਪਣੇ ਰੂਹਾਨੀ ਟੀਚਰ ਦੇ ਇਸ ਸੱਦੇ ਉਤੇ ਗੁਰੂ ਦਾ ਉਹ ਸਿੱਖ ਹਰਿਭਜਨ ਸਿੰਘ ਕਿਵੇਂ ਪਿੱਛੇ ਰਹਿ ਸਕਦਾ ਸੀ । ਉਨ੍ਹਾਂ ਔਖੇ ਸਮਿਆਂ ਵਿਚ ਕਰੀਬ ਦੋ ਸੌ ਨੌਜਵਾਨ ਸੰਤਾਂ ਦੀ ਪੁਕਾਰ ਉਤੇ ਇਕੱਠੇ ਹੋਏ ਸਨ । ਹਥਿਆਰਾਂ ਦੀ ਗਿਣਤੀ ਨਾ ਦੇ ਹੀ ਬਰਾਬਰ ਸੀ । ਦੂਜੇ ਪਾਸੇ ਕੋਈ ਪੰਦਰਾਂ ਹਜ਼ਾਰ ਹਥਿਆਰਬੰਦ ਲੋਕਾਂ ਦੇ ਇਕੱਠੇ ਹੋਣ ਦੀ ਕ਼ਬਰ ਸੀ । ਹਾਲਾਤ ਦੀ ਸੰਜੀਦਗੀ ਨੂੰ ਦੇਖਦੇ ਹੋਏ ਸੰਤ ਹਜ਼ਾਰਾ ਸਿੰਘ ਨੇ ਸਭ ਨੂੰ ਇਕ ਦਿਨ ਦਾ ਸਮਾਂ ਦਿੱਤਾ, ਤਾਂ ਜੋ ਉਹ ਆਪਣੇ ਚਹੇਤਿਆਂ ਨੂੰ ਆਖਰੀ ਵਾਰ ਮਿਲ ਲੈਣ ।
ਹਰਿਭਜਨ ਸਿੰਘ ਦੀ ਹਾਲੇ ਸ਼ਾਦੀ ਨਹੀਂ ਸੀ ਹੋਈ । ਇਸ ਲਈ ਉਹ ਸ਼ਹਾਦਤ ਦੀ ਰਾਹ ਉਤੇ ਜਾਣ ਦੀ ਇਜਾਜ਼ਤ ਲੈਣ ਆਪਣੀ ਮਾਂ ਕੋਲ ਗਿਆ ਸੀ । ਮਾਂ ਦਾ ਦਿਲ ਆਖਰ ਮਾਂ ਦਾ ਦਿਲ ਹੁੰਦਾ ਹੈ । ਸਾਰ ਗੱਲ ਨੂੰ ਸੁਣ ਕੇ ਉਸ ਨੇ ਹਰਿਭਜਨ ਨੂੰ ਕਿਹਾ ਸੀ ਕਿ ਕੋਈ ਵੀ ਮਾਂ ਆਪਣੇ ਇਕੱਲੌਤੇ ਲਾਡਲੇ ਨੂੰ ਮੌਤ ਦੇ ਮੂੰਹ ਵਿਚ ਜਾਣ ਲਈ ਅਸ਼ੀਰਵਾਦ ਨਹੀਂ ਦੇ ਸਕਦੀ । ਪਰ ਕਿਉਂ ਜੋ ਉਸ ਨੇ ਆਪਣਾ ਮਨ ਬਣ ਲਿਆ ਸੀ , ਇਸ ਲਈ ਉਹ ਰੋਕੇਗੀ ਨਹੀਂ । ਯੋਗੀ ਭਜਨ ਦੀ ਮਾਂ ਨੇ ਉਸ ਵਿਚ ਭਰੋਸਾ ਜਤਾਇਆ ਸੀ ਕਿ ਕੁਰਬਾਨੀ ਦੇ ਜਿਸ ਮਾਰਗ ਉਤੇ ਉਹ ਜਾ ਰਿਹਾ ਹੈ , ਉਹ ਉਸ ਨੂੰ ਕਦੇ ਦਾਗਦਾਰ ਨਹੀਂ ਕਰੇਗਾ ।
ਮਾਂ ਤੇ ਪੁੱਤਰ ਵਿਚਲੇ ਇਹ ਸੰਵਾਦ ਸਾਡੇ ਇਤਿਹਾਸ ਦਾ ਇਕ ਬਹੁਮੁੱਲਾ ਸਰਮਾਇਆ ਹਨ । ਇਹ ਉਹ ਘੜੀਆਂ ਨੇ ਜਿਨ੍ਹਾਂ ਉਤੇ ਕੌਈ ਵੀ ਕੌਮ ਫਖਰ ਕਰ ਸਕਦੀ ਹੈ । ਆਪਣੀ ਮਾਂ ਕੋਲੋਂ ਸ਼ਹਾਦਤ ਦਾ ਜਾਮ ਪੀਣ ਦੀ ਇਜਾਜ਼ਤ ਲੈ ਹਰਿਭਜਨ ਸਿੰਘ ਮੁੜ ਸੰਤ ਹਜ਼ਾਰਾ ਸਿੰਘ ਦੀ ਹਜ਼ੂਰੀ ਵਿਚ ਜਾ ਹਾਜ਼ਰ ਹੋਇਆ ਸੀ ।
ਪਰ ਉਦੋਂ ਤੀਕ ਹਾਲਤ ਬਦਲ ਗਈ ਸੀ । ਖਤਰੇ ਦੀ ਘੜੀ ਹੁਣ ਟਲ ਗਈ ਸੀ । ਸਿਰਲੱਥ ਨੌਜਵਾਨਾਂ ਨੂੰ ਗੁਰਦੁਆਰੇ ਵਿਚ ਇਕੱਠੇ ਹੋਏ ਦੇਖ ਕੇ ਸ਼ਾਇਦ ਦੰਗਈਆਂ ਨੇ ਆਪਣਾ ਇਰਾਦਾ ਬਦਲ ਲਿਆ ਸੀ । ਉਸ ਸਮੇਂ ਤਕ ਸਰਕਾਰੀ ਤੰਤਰ ਵੀ ਕੁਝ ਹੱਦ ਤੱਕ ਹਰਕਤ ਵਿਚ ਆ ਗਿਆ ਸੀ । ਕੁਝ ਵੀ ਹੋਵੇ ਸੰਕਟ ਦੀ ਇਹ ਘੜੀ ਹਰਿਭਜਨ ਲਈ ਇਮਤਿਹਾਨ ਦਾ ਇਕ ਅਹਿਮ ਮੌਕਾ ਸੀ, ਜਿਸ ਵਿਚੋਂ ਉਹ ਬੜੀ ਹੀ ਸਾਬਤ ਕਦਮੀ ਨਾਲ ਕਾਮਯਾਬ ਹੋ ਕੇ ਨਿਕਲਿਆ ਸੀ । ਅਗਨੀ ਪਰੀਖਿਆਵਾਂ ਦੀ ਹਰ ਕੜੀ ਵਿਚੋਂ ਉਹ ਹਰ ਵਾਰ ਕੁੰਦਨ ਵਾਂਗ ਹੋਰ ਵਧੇਰੇ ਨਿੱਖਰ ਕੇ ਨਿਕਲਦਾ ਸੀ । ਹੋਣੀ ਉਸ ਨੂੰ ਖੁਦ ਆਪਣੇ ਹੱਥੀਂ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰ ਰਹੀ ਸੀ , ਜੋ ਕਿ ਹਾਲੇ ਵੀ ਭਵਿੱਖ ਦੇ ਗਰਭ ਵਿਚ ਛੁਪੀਆਂ ਉਸ ਦਾ ਰਾਹ ਦੇਖ ਰਹੀਆਂ ਸਨ ।

No comments:

Post a Comment