ਅੱਜ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਿਸ ਯੋਗੀ ਭਜਨ ਨੂੰ ਆਪਣਾ ਟੀਚਰ ਮੰਨਦੇ ਹਨ, ਉਨ੍ਹਾਂ ਦੇ ਪਹਿਲੇ ਅਧਿਆਪਕ ਉਨਾਂ ਦੇ ਦਾਦਾ ਭਾਈ ਫਤਹਿ ਸਿੰਘ ਜੀ ਸਨ । ਬਚਪਨ ਵਿਚ ਹੀ ਧਰਮ ਦਾ ਪਹਿਲਾ ਗੁਰ ਉਨ੍ਹਾਂ ਆਪਣੇ ਦਾਦਾ ਤੋਂ ਹੀ ਹਾਸਲ ਕੀਤਾ ਸੀ । ਉਹ ਦੋਵੇਂ ਤੜਕਸਾਰ ਉਠੱ ਕੇ ਰੋਜ਼ਾਨਾ ਧਰਮਸ਼ਾਲ ਜਾਇਆ ਕਰਦੇ ਸਨ । ਉਨ੍ਹੀਂ ਦਿਨੀਂ ਗੁਰਦੁਆਰੇ ਨੂੰ ਧਰਮਸ਼ਾਲ ਹੀ ਕਿਹਾ ਜਾਂਦਾ ਸੀ । ਉਹ ਥਾਂ ਜਿਥੇ ਧਰਮ ਦੀ ਸਿਖਿਆ ਦਿੱਤੀ ਜਾਂਦੀ ਹੈ । ਦੋਹਾਂ ਦਰਮਿਆਨ ਭਾਵੋਂ ਉਮਰ ਦਾ ਫਾਸਲਾ ਬਹੁਤ ਵੱਡਾ ਸੀ । ਪਰ ਗੁਰੂ ਦੇ ਸਿੱਖ ਦੇ ਰੂਪ ਵਿਚ ਦੋਹਾਂ ਦਾ ਰਿਸ਼ਤਾ ਬਿਲਕੁਲ ਬਰਾਬਰੀ ਵਾਲਾ ਸੀ ।
ਬਾਲਕ ਹਰਿਭਜਨ ਤਰ੍ਹਾਂ ਤਰ੍ਹਾਂ ਦੇ ਸਵਾਲ ਉਨ੍ਹਾਂ ਕੋਲੋਂ ਪੁੱਛਦਾ ਰਹਿੰਦਾ ਸੀ । ਭਾਈ ਫਤਹਿ ਸਿੰਘ ਸਹਿਜ ਸੁਭਾਅ ਉਨ੍ਹਾਂ ਦਾ ਜਵਾਬ ਦਿੰਦੇ ਰਹਿੰਦੇ । ਇਕ ਦਿਨ ਆਪਣੇ ਹੀ ਰੌਂ ਵਿਚ ਉਨ੍ਹਾਂ ਹਰਿਭਜਨ ਨੂੰ ਦੱਸਿਆ ਕਿ ਗੁਰਦੁਆਰੇ ਗੁਰੂ ਦਾ ਸਿੱਖ ਪ੍ਰਾਰਥਨਾ ਕਰਨ ਨਹੀਂ ਜਾਂਦਾ । ਇਹ ਸੁਣ ਕੇ ਹਰਿਭਜਨ ਦਾ ਬਾਲਮਨ ਵੀ ਇਕ ਦਮ ਸਕਤੇ ਵਿਚ ਆ ਗਿਆ । ਉਸ ਨੇ ਦਾਦਾ ਜੀ ਨੂੰ ਵਰਜਦੇ ਹੋਏ ਕਿਹਾ ਕਿ ਜੇ ਸੰਤ ਜੀ ਨੇ ਉਨ੍ਹਾਂ ਦੀ ਗੱਲ ਸੁਣ ਲਈ ਤਾਂ ਉਹ ਜ਼ਰੂਰ ਉਨ੍ਹਾਂ ਨੂੰ ਸਜ਼ਾ ਦੇਣਗੇ । ਪਰ ਜਦੋਂ ਸਾਰੀ ਵਿਆਖਿਆ ਉਸ ਸਾਹਮਣੇ ਕੀਤੀ ਗਈ ਤਾਂ ਇਹ ਹਰਿਭਜਨ ਲਈ ਬਿਲਕੁਲ ਵੱਖਰੀ ਹੀ ਭਾਂਤ ਦਾ ਅਨੁਭਵ ਸੀ ; ਜਿਸ ਨੇ ਉਮਰ ਭਰ ਲਈ ਉਸ ਦੀ ਚੇਤਨਾ ਉਤੇ ਇਕ ਡੂੰਘੀ ਛਾਪ ਛੱਡੀ ਸੀ । ਉਸ ਨੂੰ ਦੱਸਿਆ ਗਿਆ ਸੀ ਗੁਰਦੁਆਰੇ ਜਾਣਾ ਗੁਰੂ ਦੇ ਸਿੱਖ ਲਈ ਆਪਣਾ ਨਿੱਜੀ ਸੁਆਰਥ ਹੁੰਦਾ ਹੈ । ਸੱਚਾ ਸਿੱਖ ਕੁਝ ਮੰਗਣ ਨਹੀਂ ਸਗੋਂ ਸ਼ੁਕਰਾਨੇ ਲਈ ਗੁਰੂ ਦੇ ਦੁਆਰ 'ਤੇ ਜਾਂਦਾ ਹੈ। ਆਪਣੀ ਹਉਮੈ ਤੇ ਆਪ ਨੂੰ ਉਸ ਦਰ ਤੋਂ ਨਿਛਾਵਰ ਕਰਨ ਲਈ । ਸ਼ੁਕਰਾਨੇ ਦੀ ਇਸ ਅਦਾ ਵਿਚ ਹੀ ਸਵੈ ਦੇ ਅਰਥ ਛੁਪੇ ਹੁੰਦੇ ਹਨ ।
ਦਾਦਾ ਫਤਹਿ ਸਿੰਘ ਦੀ ਇਸ ਸਿੱਖਿਆ ਨੇ ਹਰਿਭਜਨ ਦੀ ਚੇਤਨਾ ਨੂੰ ਇਕ ਨਵਾਂ ਹੀ ਮੋੜ ਦਿੱਤਾ ਸੀ । ਹਰ ਪੁਰਾਤਨ ਸ਼ੈ ਤੇ ਰਵਾਇਤ ਹੁਣ ਉਸ ਲਈ ਕੁਝ ਵੱਖਰੇ ਹੀ ਅਰਥ ਧਾਰਨ ਕਰ ਗਈ ਸੀ । ਖੁਦ ਉਸ ਨੂੰ ਵੀ ਉਸ ਸਮੇਂ ਇਸ ਘਟਨਾ ਦੀ ਸਹੀ ਅਹਿਮੀਅਤ ਦਾ ਅਨੁਮਾਨ ਨਹੀਂ ਸੀ । ਪਰ ਬੀਜ ਬੋਇਆ ਜਾ ਚੁੱਕਾ ਸੀ । ਇਸ ਦਾ ਅਹਿਸਾਸ ਉਸ ਨੂੰ ਅਵੱਸ਼ ਸੀ । ਸੱਚ ਲਈ ਉਸ ਦੀ ਉਹ ਪਿਆਸ ਹੁਣ ਹੋਰ ਵੀ ਭੜਕ ਗਈ ਸੀ ।
ਬਾਲਕ ਹਰਿਭਜਨ ਦੇ ਬੌਧਿਕ ਵਿਕਾਸ ਵਿਚ ਉਨ੍ਹਾਂ ਦੇ ਦਾਦਾ ਦਾਦੀ ਦੀ ਭੁਮਿਕਾ ਇੰਨੀ ਅਹਿਮ ਸੀ ਕਿ ਕਈ ਦਹਾਕੇ ਬਾਅਦ ਵੀ ਉਹ ਅਕਸਰ ਇਸ ਦਾ ਜ਼ਿਕਰ ਕਰਿਆ ਕਰਦੇ ਸਨ । ਗ੍ਰਹਿਸਥ ਜੀਵਨ ਦੀ ਰੂਹਾਨੀ ਅਹਿਮੀਅਤ ਦਾ ਇਲਮ ਉਨ੍ਹਾਂ ਨੂੰ ਆਪਣੇ ਦਾਦਾ ਭਾਈ ਫਤਹਿ ਸਿੰਘ ਪਾਸੋਂ ਹੀ ਹੋਇਆ ਸੀ । ਛੋਟੀ ਉਮਰੇ ਹੀ ਉਨ੍ਹਾਂ ਇਹ ਜਾਣ ਲਿਆ ਸੀ ਕਿ ਜੀਵਨ ਦੇ ਡੂੰਘੇ ਰਹੱਸਾਂ ਨੂੰ ਜਾਨਣ ਲਈ ਨਾ ਭਗਵੇਂ ਪਾਣ ਦੀ ਲੋੜ ਹੈ, ਨਾ ਹੀ ਸੰਸਾਰ ਛੱਡ ਕੇ ਮੜ੍ਹੀਆਂ ਜਾ ਮੱਲਣ 'ਚ ਕੋਈ ਤੁਕ ਹੈ ਹਸੰਦਿਆਂ ਖੇਡੰਦਿਆਂ ਵਿਚੇ ਹੋਈਐ ਮੁਕਤਿ । ਗੁਰਬਾਣੀ ਦੇ ਇਸ ਬੁਨਿਆਦੀ ਨੁਕਤੇ ਨੂੰ ਉਨ੍ਹਾਂ ਆਪਣੇ ਦਾਦਾ ਜੀ ਤੋਂ ਹਾਸਲ ਕਰ ਲਿਆ ਸੀ । ਬਾਲਪਨ ਅੰਦਰ ਹੀ ਦ੍ਰਿੜ ਹੋਏ ਇਸ ਗਿਆਨ ਨੇ ਗ੍ਰਹਿਸਥ ਅਤੇ ਸ਼ਾਦੀਸ਼ੁਦਾ ਜ਼ਿੰਦਗੀ ਬਾਰੇ ਉਨ੍ਹਾਂ ਨੇ ਪ੍ਰੌੜ ਵਿਚਾਰਾਂ ਦਾ ਅਧਾਰ ਤਿਆਰ ਕੀਤਾ ਸੀ । ਇਸੇ ਪ੍ਰਤੀਬੱਧਤਾ ਦੇ ਅਧਾਰ ਉਤੇ ਉਨ੍ਹਾਂ ਪੱਛਮੀ ਸਮਾਜ ਅੰਦਰ ਤਿੜਕ ਰਹੇ ਰਿਸ਼ਤਿਆਂ ਤੇ ਪਰਿਵਾਰ ਦੀ ਖੇਰੂੰ ਖੇਰੂੰ ਹੋ ਰਹੀ ਸੰਸਥਾ ਮੁੜ ਪੈਰਾਂ ਸਿਰ ਕਰਨ ਵਿਚ ਵਿਸ਼ੇਸ਼ ਭੁਮਿਕਾ ਨਿਭਾਈ ।
ਯੋਗ ਸਾਧਨਾ ਤੇ ਧਿਆਨ ਦੇ ਖੇਤਰ ਵਿਚ ਹਰਿਭਜਨ ਸਿੰਘ ਯੋਗੀ ਦਾ ਨਾਂ ਅੱਜ ਸੰਸਾਰ ਪ੍ਰਸਿੱਧ ਹੈ । ਉਨ੍ਹਾਂ ਦੇ ਮੁਰੀਦਾਂ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਮੌਜੂਦਾ ਸਮੇਂ ਸੰਸਾਰ ਵਿਚ ਸ਼ਵੇਤ ਕੁੰਡਲਨੀ ਯੋਗ ਦੀ ਸਿੱਖਿਆ ਦੇਣ ਵਾਲਾ ਇਕੋ ਇਕ ਟੀਚਰ ਯੋਗੀ ਭਜਨ ਹੀ ਸੀ । ਪ੍ਰਾਚੀਨ ਸਮਿਆਂ ਤੋਂ ਇਹ ਵੀ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਕਿਸੇ ਵੀ ਇਕ ਯੋਗ ਵਿਚ ਸਿਰਫ ਇਕੋ ਹੀ ਦੇਹਧਾਰੀ ਮਹਾਂਤਾਂਤਰਿਕ ਹੋ ਸਕਦਾ ਹੈ । ਇਸ ਨੂੰ ਇਕ ਤੱਥ ਵਾਂਗ ਸਵੀਕਾਰ ਕੀਤਾ ਜਾ ਸਕਦਾ ਹੈ ।
ਇਸ ਯੁਗ ਦਾ ਮਹਾਂ ਤਾਂਤਰਿਕ ਹੋਰ ਕੋਈ ਨਹੀਂ, ਭਜਨ ਯੋਗੀ ਜੀ ਸਨ । ਤਰਾਸ਼ੇ ਹੋਏ ਹੀਰੇ ਨੂੰ ਦੇਖ ਕੇ ਕੋਈ ਵੀ ਉਸ ਦੇ ਮੁਕੱਦਰ 'ਤੇ ਰਸ਼ਕ ਕਰ ਸਕਦਾ ਹੈ । ਪਰ ਉਸ ਬੁਲੰਦੀ 'ਤੇ ਪਹੁੰਚਣ ਲਈ ਜੋ ਘਾਲਨਾਵਾਂ ਘਾਲਣੀਆਂ ਪੈਂਦੀਆਂ ਨੇ, ਉਨ੍ਹਾਂ ਦਾ ਤਸੱਵਰ ਕਰ ਕੇ ਵੀ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਹਨ । ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਹੈ । ਯੋਗ ਭਾਰਤ ਦੀ ਭੂਮੀ 'ਤੇ ਵਿਕਸਤ ਹੋਈ ਗਿਆਨ ਦੀ ਇਕ ਅਤਿਅੰਤ ਪ੍ਰਾਚੀਨ ਸ਼ਾਖਾ ਹੈ । ਅਸਲ ਵਿਚ ਇਹ ਇਕ ਅਜਿਹਾ ਤੰਤਰ ਹੈ ਜੋ ਸ਼ਖ਼ਸੀ ਚੇਤਨਾ ਨੂੰ ਬਿਰਹੋਂ/ ਵਿਯੋਗ ਦੀ ਅਵਸਥਾ ਵਿਚੋਂ ਬੁਲੰਦ ਕਰ ਕੇ ਉਸ ਨੂੰ ਬ੍ਰਹਿਮੰਡੀ ਚੇਤਨਾ ਨਾਲ ਇਕਮਿਕ ਕਰਦਾ ਹੈ । ਇਹ ਅਵਸਥਾ ਹੀ ਯੋਗ ਹੈ । ਵਸਲ ਦੀ ਵੇਲਾ, ਮਹਾਂ ਮਿਲਨ ਦਾ ਆਨੰਦ । ਕੋਈ ਇਸ ਨੂੰ ਬ੍ਰਹਮ ਚੇਤਨਾ ਕਹਿੰਦਾ ਹੈ । ਕੋਈ ਕ੍ਰਿਸ਼ਨ ਜਾਂ ਫੇਰ ਕ੍ਰਾਈਸਟ ਕਾਂਸ਼ਸਨੇਸ ਦਾ ਨਾਂ ਦੇ ਲੈਂਦਾ ਹੈ । ਪਰ ਇਸ ਚੇਤਨਾ ਤੱਕ ਪਹੁੰਚਣ ਦੀ ਕੋਈ ਸਿੱਧੀ ਡੰਡੀ ਜਾਂ ਸ਼ਾਹਰਾਹ ਨਹੀਂ । ਇਹ ਅੰਤਰੀਵੀ ਸਪੇਸ 'ਚ ਫੈਲਿਆ ਇਕ ਮਹੀਨ ਤੇ ਗੁੰਝਲਦਾਰ ਤੰਤਰ ਹੈ । ਬਿਨਾ ਕਿਸੇ ਮਾਹਿਰ ਗੁਰੂ ਦੀ ਬਾਂਹ ਫੜੇ ਇਸ ਪੰਧ ਉਤੇ ਇਕ ਕਦਮ ਪੁੱਟਣਾ ਵੀ ਔਖਾ ਹੈ ।
ਗੱਲ ਲਗਭਗ ਇਹੋ ਜਹੀ ਹੀ ਹੈ ਜਿਵੇਂ ਕਿਸੇ ਅਨਜਾਣ ਘਣੇ ਜੰਗਲ ਵਿਚ, ਜਿੱਥੇ ਪੈਰ ਪੈਰ 'ਤੇ ਹਿੰਸਕ ਜਾਨਵਰਾਂ ਦਾ ਖ਼ਤਰਾ ਹੈ, ਘੋਰ ਹਨੇਰਾ ਤੇ ਜ਼ਮੀਨ ਦਲਦਲੀ ਹੈ । ਇਕੱਲੇ ਸਫਰ ਕਰਨਾ ਜਾਣ ਬੁੱਝ ਕੇ ਮੁਸੀਬਤ ਲੈਣ ਵਾਲੀ ਗੱਲ ਹੁੰਦੀ ਹੈ । ਜੋ ਵੀ ਸ਼ਖ਼ਸ ਵਿਯੋਗ ਦੀ ਕੈਦ ਤੋਂ ਯੋਗ ਦੇ ਮਹਾਂਮਿਲਨ ਤੱਕ ਦੇ ਸਨਾਤਨ ਪੰਧ ਉਤੇ ਨਾ ਸਿਰਫ ਖੁਦ ਹੀ ਪੂਰੀ ਤਰ੍ਹਾਂ ਮੁਹਾਰਤ ਹਾਸਲ ਕਰਦਾ ਹੈ, ਸਗੋਂ ਹੋਰਾਂ ਨੂੰ ਵੀ ਮਹਿਫੂਜ਼ ਮੰਜ਼ਿਲ ਤਕ ਲੈ ਜਾਣ ਦੇ ਯੋਗ ਹੋ ਜਾਂਦਾ ਹੈ, ਸਿਰਫ ਉਹ ਸ਼ਖਸ ਹੀ ਮਹਾਂ ਤਾਂਤਰਿਕ ਦੀ ਉਪਾਧੀ ਦਾ ਹੱਕਦਾਰ ਹੋ ਸਕਦਾ ਹੈ ।
ਇਸ ਮੁਕਾਮ ਤੱਕ ਪਹੁੰਚਣ ਲਈ ਦਹਾਕਿਆਂ ਬੁੱਧੀ ਤਪੱਸਿਆ ਦੀ ਲੋੜ ਹੁੰਦੀ ਹੈ । ਸਾਧਕ ਨੂੰ ਆਪਣੀ ਦੇਹ ਦੇ ਨਾਲ ਨਾਲ ਮਨ ਤੇ ਬੁੱਧੀ ਨੂੰ ਵੀ ਸਾਧਨਾ ਦੇ ਅਗਨ ਕੁੰਡ ਵਿਚ ਤਪਾ ਕੇ ਕੁੰਦਨ ਕਰਨਾ ਹੁੰਦਾ ਹੈ । ਆਪਣੀ ਚੇਤਨਾ ਦੇ ਅੰਦਰ ਸੇਵਾ ਤੇ ਤਰਕ ਦੁਆਲੇ ਬੱਧੇ ਆਧੁਨਿਕ ਮਨ ਲਈ ਇਹ ਚੁਣੌਤੀ ਸਭ ਤੋਂ ਵਧੇਰੇ ਕਠਿਨ ਹੁੰਦੀ ਹੈ । ਪਰ ਇਹੋ ਇਸ ਪੰਧ ਉਤੇ ਪੈਰ ਧਰਨ ਦੀ ਪਹਿਲੀ ਸ਼ਰਤ ਹੈ ।
ਸਦੀਆਂ ਤੋਂ ਹੀ ਤੰਤਰ ਵਿੱਦਿਆ ਨੂੰ ਇਕ ਅਤਿਅੰਤ ਗੁਪਤ ਵਿੱਦਿਆ ਦੇ ਰੂਪ ਵਿਚ ਹੀ ਪ੍ਰਵਾਣ ਕੀਤਾ ਗਿਆ ਹੈ । ਗੁਰੂ ਸ਼ਿਸ਼ ਪਰੰਪਰਾ ਦੇ ਰਾਹੀਂ ਹੀ ਇਸ ਨੂੰ ਆਉਂਦੀਆਂ ਪੀੜੀਆਂ ਦੇ ਸਪੁਰਦ ਕੀਤਾ ਜਾਂਦਾ ਸੀ । ਹਰ ਸ਼ਿਸ਼ ਨੂੰ ਅਨੇਕਾਂ ਸਖਤ ਇਮਤਿਹਾਨਾਂ ਤੇ ਚੁਣੌਤੀਆਂ ਵਿਚੋਂ ਲੰਘਣਾ ਪੈਂਦਾ ਸੀ । ਗੁਰੂ ਦੇ ਸਾਹਮਣੇ ਇਹ ਗੱਲ ਸਾਬਤ ਕਰਨੀ ਪੈਂਦੀ ਸੀ ਕਿ ਉਹ ਸਖ਼ਸ਼ ਸ਼ਿਸ਼ ਹੋਣ ਦਾ ਸਹੀ ਹੱਕਦਾਰ ਹੈ । ਜਦ ਗੁਰੂ ਨੂੰ ਇਸ ਗੱਲ ਦਾ ਹਰ ਤਰ੍ਹਾਂ ਨਾਲ ਯਕੀਨ ਹੋ ਜਾਂਦਾ ਕਿ ਤੰਤਰ ਵਿੱਦਿਆ ਦਾ ਮਹਾਂ ਗਿਆਨ ਉਸ ਸਖ਼ਸ਼ ਦੇ ਹੱਥਾਂ ਵਿਚ ਸੁਰੱਖਿਅਤ ਰਹੇਗਾ, ਉਦੋਂ ਹੀ ਉਹ ਕਿਸੇ ਨੂੰ ਆਪਣਾ ਸ਼ਿਸ਼ ਸਵੀਕਾਰ ਸਕਦਾ ਸੀ ।
ਇਸ ਗਿਆਨ ਨੂੰ ਗਲਤ ਹੱਥਾਂ ਵਿਚ ਪੈਣ ਤੋਂ ਰੋਕਣ ਲਈ ਬਹੁਤ ਸਖਤ ਪ੍ਰਬੰਧ ਕੀਤੇ ਗਏ ਸਨ । ਪੁਰਾਣੇ ਸਮਿਆਂ ਅੰਦਰ ਗੁਰੂ ਦੀ ਭਾਲ ਹੀ ਇਕ ਵੱਡੀ ਚੁਣੌਤੀ ਹੁੰਦੀ ਸੀ । ਸਾਧਕ ਨੂੰ ਉਨ੍ਹਾਂ ਦੀ ਤਲਾਸ਼ ਵਿਚ ਕਈ ਜ਼ਫਰ ਜਾਲਣੇ ਪੈਂਦੇ । ਖੁਹੀਂ ਜਾਲ ਸੁੱਟਣੇ ਪੈਂਦੇ । ਬਰਫਾਨੀ ਪਹਾੜੀਆਂ ਦੀ ਤੇ ਰੇਗਿਸਤਾਨਾਂ ਦੀ ਧੂੜ ਫੱਕਣੀ ਪੈਂਦੀ । ਫੇਰ ਕਿਤੇ ਜਾ ਕੇ ਗੁਰੂ ਦਾ ਦਰ ਲਭੱਦਾ ਸੀ ਤੇ ਫੇਰ ਅਸਲ ਪ੍ਰੀਖਿਆ ਤਾਂ ਇਸ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ ।
ਇਸ ਗਿਆਨ ਨੂੰ ਇੰਨਾਂ ਗੁਪਤ ਰਖਣ ਤੇ ਇਸ ਦੇ ਗਿਰਦ ਇੰਨੀਆਂ ਬਾੜਾਂ ਖੜ੍ਹੇ ਕਰਨ ਦੇ ਵੀ ਵਾਜਬ ਕਾਰਨ ਸੀ । ਅੱਜ ਦੀਆਂ ਸਰਕਾਰਾਂ ਤੇ ਕੌਮੀ ਰਾਜ ਪ੍ਰਮਾਣੂ ਤਕਨੀਕ ਅਤੇ ਪ੍ਰਮਾਣੂ ਅੱਡਿਆਂ ਦੀ ਹਿਫ਼ਾਜ਼ਤ ਕਰਦੇ ਹਨ । ਜੇ ਇਹ ਤਕਨੀਕ ਜਾਂ ਹਥਿਆਰ ਦਹਿਸ਼ਤਗਰਦਾਂ ਦੇ ਹੱਥ ਲੱਗ ਜਾਣ ਤਾਂ ਹੋਣ ਵਾਲੀ ਤਬਾਹੀ ਦਾ ਸ਼ਾਇਦ ਕਿਆਸ ਕਰਨਾ ਵੀ ਔਖਾ ਹੋ ਜਾਵੇਗਾ । ਇਸੇ ਤਰੀਕੇ ਨਾਲ ਪ੍ਰਾਚੀਨ ਯੋਗੀ ਇਸ ਰੂਹਾਨੀ ਵਿੱਦਿਆ ਦੇ ਰਹੱਸਾਂ ਨੂੰ ਸੀਮਤ ਹਲਕਿਆਂ ਵਿਚ ਹੀ ਮਹਿਫੂਜ਼ ਰੱਖਦੇ ਸਨ ।
ਇਸ ਸਿਲਸਿਲੇ ਵਿਚ ਅਨੇਕਾਂ ਕਹਾਣੀਆਂ ਪ੍ਰਚਲਿਤ ਨੇ ਜਿਹਨਾਂ ਤੋਂ ਪਤਾ ਲਗੱਦਾ ਹੈ ਕਿ ਯੋਗਾ ਦੇ ਪੁਰਾਣੇ ਮਾਸਟਰ ਇਸ ਗਿਆਨ ਨੂੰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲੋਂ ਵੀ ਵਧੇਰੇ ਸੰਭਾਲ ਕੇ ਰੱਖਦੇ ਸਨ । ਇਸ ਦਾ ਇਕ ਕਾਰਨ ਇਸ ਰਹੱਸਮਈ ਵਿੱਧਿਆ ਦੇ ਗਲਤ ਹੱਥਾਂ ਵਿਚ ਪੈ ਜਾਣ ਦਾ ਖੌਫ ਸੀ । ਦੂਜਾ ਕਾਰਨ ਸੀ ਇਸ ਵਿੱਦਿਆ ਦਾ ਅਤਿਅੰਤ ਉਤੱਮ ਤੇ ਸਰਵੋਤਮ ਸਥਾਨ । ਇਸ ਦਾ ਹੱਕਦਾਰ ਬਨਣ ਤੋਂ ਪਹਿਲਾਂ ਬੰਦੇ ਨੂੰ ਆਪਣੇ ਹਉਮੈ ਦੇ ਸਾਰੇ ਮਹੀਨ ਤੰਦਾਂ ਤੋਂ ਮੁਕਤ ਹੋਣਾ ਪੈਂਦਾ ਸੀ । ਉਨ੍ਹਾਂ ਦੀ ਧਾਰਨਾ ਇਹ ਸੀ ਕਿ ਤੰਤਰ ਆਦਮੀ ਦੇ ਅੰਦਰ ਉਰਜਾ ਦੇ ਨਵੇਂ ਭੰਡਾਰ ਖੋਲ੍ਹਦਾ ਹੈ । ਜਿਨ੍ਹਾਂ ਦਾ ਮਾਲਕ ਹੋ ਕੇ ਉਹ ਕਈ ਸ਼ਕਤੀਆਂ ਦਾ ਸੁਆਮੀ ਹੋ ਬੈਠਦਾ ਹੈ । ਜੇ ਅਜਿਹਾ ਸ਼ਖ਼ਸ ''ਹਉਮੈ" ਦੇ ਕੇਂਦਰ ਤੋਂ ਮੁਕਤ ਨਾ ਹੋਵੇ ਤਾਂ ਇਹ ਸ਼ਕਤੀਆਂ ਉਸ ਅੰਦਰਲੀਆਂ ਦਾਨਵੀ ਰੁਚੀਆਂ ਨੂੰ ਹੋਰ ਵੀ ਪ੍ਰਬਲ ਤੇ ਪ੍ਰਚੰਡ ਕਰ ਦਿੰਦੀਆਂ ਹਨ । ਅਜਿਹਾ ਸ਼ਖਸ ਸਿਰਫ ਮਾਨਵਤਾ ਹੀ ਨਹੀਂ ਸਗੋਂ ਸਮੂਹ ਜੀਵਨ ਤੇ ਕੁਦਰਤੀ ਸਮਤੋਲ ਲਈ ਵੀ ਖ਼ਤਰਾ ਬਣ ਜਾਂਦਾ ਹੈ ।
ਪਦਾਰਥ ਦੀ ਊਰਜਾ ਹੋਵੋ ਜਾਂ ਮਨੋ ਉਰਜਾ, ਗਲਤ ਹਥਾਂ ਵਿਚ ਪੈ ਕੇ ਉਸ ਦੀ ਭੂਮਿਕਾ ਵਿਨਾਸ਼ਕਾਰੀ ਹੋ ਜਾਂਦੀ ਹੈ । ਅੱਜ ਤੋਂ ਕੋਈ ਛੇ ਦਹਾਕੇ ਪਹਿਲਾਂ ਜਦੋਂ ਮਨੁਖ ਨੇ ਪ੍ਰਮਾਣੂ ਉਰਜਾ ਦੇ ਰਹੱਸਮਈ ਤੇ ਵਰਜਿਤ ਸੰਸਾਰ ਵਿਚ ਪ੍ਰਵੇਸ਼ ਕੀਤਾ ਸੀ । ਉਸ ਸਮੇਂ ਵੀ ਯੁਗ ਦੇ ਮਨੀਸ਼ੀਆਂ ਨੇ ਇਹ ਚੇਤਾਵਨੀ ਦਿੱਤੀ ਸੀ । ਉਨ੍ਹਾਂ ਦਾ ਇਹ ਕਹਿਣਾ ਸੀ ਕਿ ਊਰਜਾ ਦੇ ਜਿਨ੍ਹਾਂ ਸਰੋਤਾਂ ਦਾ ਅੱਜ ਮਨੁਖ ਮਾਲਕ ਬਣ ਗਿਆ ਹੈ, ਉਸ ਦੀ ਚੇਤਨਾ ਇੰਨੀ ਵਿਕਸਤ ਨਹੀਂ ਕਿ ਉਨ੍ਹਾਂ ਦੀ ਸਹੀ ਵਰਤੋ ਕਰ ਸਕੇ । ਕੁਝ ਇਸ ਕਿਸਮ ਦਾ ਤੌਖਲਾ ਪ੍ਰਾਚੀਨ ਯੋਗੀਆਂ ਦੇ ਅੰਦਰ ਵੀ ਸੀ । ਪਰ ਮਨੁਖ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ੈਤਾਨ ਆਪਣਾ ਰਾਹ ਕਿਵੇਂ ਨਾ ਕਿਵੇਂ ਕੱਢ ਹੀ ਲ਼ੈਦਾ ਹੈ । ਪੁਰਾਣਾਂ ਅਤੇ ਮਹਾਂਕਾਵਾਂ ਦੇ ਅਨੇਕਾਂ ਕਿੱਸੇ ਇਸ ਗੱਲ ਦਾ ਪ੍ਰਮਾਣ ਨੇ ਕਿ ਕਿਸ ਤਰ੍ਹਾਂ ਅਨੇਕਾਂ ਲੋਕਾਂ ਨੇ ਤਾਂਤਰਿਕ ਸ਼ਕਤੀਆਂ ਹਾਸਲ ਕਰ ਸਾਰੀ ਕਾਇਨਾਤ ਲਈ ਚੁਨੌਤੀ ਖੜ੍ਹੀ ਕਰ ਦਿੱਤੀ ਸੀ । ਕਿੰਨੀ ਵੀ ਕੋਸ਼ਿਸ਼ ਕਰੋ ਪ੍ਰਕਾਸ਼ ਨੂੰ ਲੁਕੋ ਕੇ ਰੱਖਣਾ ਹਮੇਸ਼ਾ ਹੀ ਇਕ ਚੁਣੌਤੀ ਹੁੰਦੀ ਹੈ । ਪਰ ਫੇਰ ਵੀ ਇਹਤਿਆਤ ਵਜੋਂ ਇਸ ਵਿੱਦਿਆ ਨੂੰ ਅਤਿਅੰਤ ਸੁਰੱਖਿਅਤ ਹੱਥਾਂ ਵਿਚ ਹੀ ਦਿੱਤਾ ਜਾਂਦਾ ਸੀ ।
ਰਾਹਾਂ ਦੀ ਤਮਾਮ ਉਚ ਨੀਚ ਤੇ ਜਾਨ ਹਿਲੂਣ ਦੇਣ ਵਾਲੀਆਂ ਚੁਣੌਤੀਆਂ ਵੀ ਹਰਿਭਜਨ ਦਾ ਰਾਹ ਨਹੀਂ ਰੋਕ ਸਕੀਆਂ । ਗਿਆਨ ਦੀ ਉਸ ਦੀ ਪਿਆਸ ਇਨੀਂ ਮੂੰਹ ਜ਼ੋਰ ਸੀ ਕਿ ਸਭ ਦੁਸ਼ਵਾਰੀਆਂ ਆਪਮੁਹਾਰੇ ਹੀ ਅਸਾਨ ਹੁੰਦੀਆਂ ਚਲੀਆਂ ਗਈਆਂ । ਯੋਗੀ ਭਜਨ ਹਾਲੀ ਮਸਾਂ ਸਤਾਰਾਂ ਕੁ ਸਾਲਾਂ ਦਾ ਮੁੱਛ ਫੁੱਟ ਗੱਭਰੂ ਹੀ ਸੀ , ਜਦੋਂ ਉਸ ਨੇ ਕੁੰਡਲਨੀ ਯੋਗ ਵਿੱਦਿਆ ਉਤੇ ਮੁਹਾਰਤ ਹਾਸਲ ਕਰ ਲਈ ਸੀ । ਇੰਨੀ ਛੋਟੀ ਉਮਰ ਵਿਚ ਇਹ ਪ੍ਰਾਪਤੀ ਆਪਣੇ ਆਪ ਵਿਚ ਹੀ ਇਕ ਕਰਿਸ਼ਮਾਂ ਸੀ ਜੋ ਉਸ ਨੌਜਵਾਨ ਸਾਧਕ ਦੇ ਰੌਸ਼ਨ ਭਵਿੱਖ ਵੱਲ ਸੰਕੇਤ ਵੀ ਕਰਦਾ ਸੀ ।
ਕੁੰਡਲਨੀ ਯੋਗ ਦੀ ਵਿੱਦਿਆ ਹਰਿਭਜਨ ਸਿੰਘ ਨੇ ਸੰਤ ਹਜ਼ਾਰਾ ਸਿੰਘ ਜੀ ਦੀ ਹਜ਼ੂਰੀ ਵਿਚ ਹਾਸਲ ਕੀਤੀ ਸੀ । ਸੰਤ ਹਜ਼ਾਰਾ ਸਿੰਘ ਜੀ ਆਪਣੇ ਯੁਗ ਦੇ ਮਹਾਂਤਾਂਤਰਿਕ ਸਨ । ਸੰਤ ਹਜ਼ਾਰਾ ਸਿੰਘ ਜੀ ਕੁੰਡਲਨੀ ਯੋਗ ਦੇ ਨਾਲ ਨਾਲ ਮਾਰਸ਼ਲ ਆਰਟਸ ਤੇ ਘੁੜਸਵਾਰੀ ਦੇ ਵੀ ਮਾਹਿਰ ਸਨ । ਦੂਰੋਂ ਦੂਰੋਂ ਵਿਦਿਆਰਥੀ ਯੋਗ ਤੇ ਤੰਤਰ ਦੀਆਂ ਡੂੰਘਾਈਆਂ ਦੀ ਸਿੱਖਿਆ ਹਾਸਲ ਕਰਨ ਉਨ੍ਹਾਂ ਕੋਲ ਆਉਂਦੇ ਸਨ । ਉਹ ਬਹੁਤ ਹੀ ਅਨੁਸ਼ਾਸਨ ਪਸੰਦ ਵਿਅਕਤੀ ਸਨ । ਇਕ ਅਧਿਆਪਕ ਦੇ ਤੌਰ 'ਤੇ ਉਨ੍ਹਾਂ ਦੇ ਸਖ਼ਤ ਸੁਭਾ ਤੇ ਕਠੋਰ ਮਿਜ਼ਾਜ ਦੇ ਕਿੱਸੇ ਦੂਰ ਦੂਰ ਤਾਂਈ ਮਸ਼ਹੂਰ ਸਨ । ਜੇ ਕੋਈ ਸ਼ਿਸ਼ ਛੋਟੀ ਜਿਹੀ ਵੀ ਅਣਗਹਿਲੀ ਕਰਦਾ ਜਾਂ ਅਨੁਸ਼ਾਸਨਹੀਣਤਾ ਦੀ ਝਲਕ ਦਿੰਦਾ ਤਾਂ ਤੁਰੰਤ ਬਿਨਾ ਕਿਸੇ ਝਿਜਕ ਤੋਂ ਉਸ ਨੂੰ ਬਾਹਰ ਕਰ ਦਿੱਤਾ ਜਾਂਦਾ ਸੀ ।
ਇਕ ਵਾਰ ਫੈਸਲਾ ਕਰ ਲੈਣ ਤੋਂ ਬਾਅਦ ਕੋਈ ਵੀ ਤਾਕਤ ਸੰਤ ਹਜ਼ਾਰਾ ਸਿੰਘ ਜੀ ਨੂੰ ਉਨ੍ਹਾਂ ਦੇ ਨਿਸ਼ਚੇ ਤੋਂ ਹਿਲਾ ਨਹੀਂ ਸੀ ਸਕਦੀ । ਉਨ੍ਹਾਂ ਦੀ ਇਹ ਸਪੱਸ਼ਟ ਧਾਰਨਾ ਸੀ ਕਿ ਤੰਤਰ ਦਾ ਮਾਰਗ ਸ਼ਮਸ਼ੀਰ ਦੀ ਧਾਰ ਉਤੇ ਨੰਗੇ ਪੈਰ ਤੁਰਨ ਵਾਂਗ ਹੈ । ਇਸ ਕਠਿਨ ਮਾਰਗ ਉਤੇ ਕਿਸੇ ਨੂੰ ਵੀ ਇਕ ਵਾਰ ਵੀ ਭੁੱਲ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ । ਹਰ ਸ਼ਿਸ਼ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਧਨਾ ਵਿਚ ਗਲਤਾਨ ਕਰ ਦੇਵੇ । ਸਿਰਫ ਇਸੇ ਹੀ ਤਰੀਕੇ ਉਹ ਖੁਦ ਨੂੰ ਇਸ ਵਿੱਦਿਆ ਦਾ ਪਾਤਰ ਸਿੱਧ ਕਰ ਸਕਦਾ ਸੀ ।
ਇਕ ਵਾਰ ਕਿਸੇ ਸ਼ਿਸ਼ ਪਾਸੋਂ ਕੋਈ ਛੋਟੀ ਜੇਹੀ ਭੁਲ ਹੋ ਗਈ । ਹੁਣ ਇਹ ਗੱਲ ਉਸ ਨੂੰ ਵੱਢ ਵੱਢ ਖਾਈ ਜਾ ਰਹੀ ਸੀ । ਉਹ ਪੂਰੀ ਤਰ੍ਹਾਂ ਡਰਿਆ ਹੋਇਆ ਸੀ । ਉਹ ਜਾਣਦਾ ਸੀ ਕਿ ਇਹ ਮਾਮੂਲੀ ਜਿਹੀ ਗਲਤੀ ਉਸ ਨੂੰ ਹਮੇਸ਼ਾਂ ਲਈ ਆਪਣੇ ਗੁਰੂ ਤੋਂ ਦੂਰ ਕਰ ਸਕਦੀ ਹੈ । ਉਸ ਨੂੰ ਇਹ ਵੀ ਅਹਿਸਾਸ ਸੀ ਕਿ ਜੇ ਇੰਜ ਹੁੰਦਾ ਤਾਂ ਗਿਆਨ ਦੇ ਦੁਆਰ ਉਸ ਲਈ ਸਦਾ ਵਾਸਤੇ ਬੰਦ ਹੋ ਸਕਦੇ ਸਨ । ਉਸ ਨੂੰ ਆਪਣੀ ਭੁੱਲ ਤੇ ਗੁਰੂ ਦੇ ਸੁਭਾਅ ਦਾ ਵੀ ਇਲਮ ਸੀ । ਇਸੇ ਹੀ ਚਿੰਤਾ ਵਿਚ ਉਹ ਘੁਲਿਆ ਜਾ ਰਿਹਾ ਸੀ । ਇਸ ਸਥਿਤੀ ਵਿਚ ਕੋਈ ਵੀ ਉਸ ਦੀ ਮੱਦਦ ਨਹੀਂ ਸੀ ਕਰ ਸਕਦਾ । ਸੂਲੀ ਹੰਢਾਉਣ ਵਾਲੀ ਇਸ ਪੀੜ ਦਾ ਇਹ ਪੰਧ ਉਸ ਦਾ ਆਪਣਾ ਹੀ ਸੀ ।
ਜਦੋਂ ਸੰਤ ਹਜ਼ਾਰਾ ਸਿੰਘ ਉਸ ਦੇ ਸਾਹਮਣੇ ਆਏ ਤਾਂ ਉਹ ਉਨ੍ਹਾਂ ਦੇ ਪੈਰਾਂ ਵਿਚ ਢਹਿ ਪਿਆ । ਪੂਰੀ ਤਰ੍ਹਾਂ ਉਸ ਨੇ ਗੁਰੂ ਦੇ ਪੈਰਾਂ ਨੂੰ ਜੱਫਾ ਪਾਇਆ ਹੋਇਆ ਸੀ । ਉਹ ਜ਼ਾਰ ਜ਼ਾਰ ਹੋ ਰਿਹਾ ਸੀ । ਵਿਰਲਾਪ ਕਰਦੇ ਹੋਏ ਉਹ ਵਾਰ ਵਾਰ ਕਸਮਾਂ ਖਾ ਰਿਹਾ ਸੀ ਕਿ ਉਹ ਕਦੇ ਵੀ ਕਿਸੇ ਵੀ ਸੂਰਤ ਵਿਚ ਇਨ੍ਹਾਂ ਚਰਨਾਂ ਨੂੰ ਛਡ ਕੇ ਨਹੀਂ ਜਾਵੇਗਾ ।
ਸਮਾਂ ਗੁਜਰਦਾ ਜਾ ਰਿਹਾ ਸੀ , ਭਾਵੇਂ ਕਿ ਉਸ ਦੀ ਰਫਤਾਰ ਬਹੁਤ ਹੀ ਧੀਮੀ ਹੋ ਗਈ ਜਾਪਦੀ ਸੀ । ਸਭ ਕੁਝ ਰੁਕ ਗਿਆ ਸੀ । ਸੰਤ ਹਜ਼ਾਰਾ ਸਿੰਘ ਜੀ ਚੁੱਪ ਚਾਪ ਸ਼ਾਂਤ ਮੁਦਰਾ ਵਿਚ ਖੜੇ ਸਨ । ਉਹ ਸ਼ਿਸ਼ ਗਿੜਗਿੜਾ ਰਿਹਾ ਸੀ । ਵਿਲਕ ਰਿਹਾ ਸੀ । ਅੱਠ ਘੰਟੇ ਬੀਤ ਗਏ । ਉਹ ਉਸੀਂ ਤਰ੍ਹਾਂ ਸ਼ਿੱਦਤ ਨਾਲ ਗੁਰੂ ਦੇ ਚਰਨਾਂ ਨੂੰ ਜੱਫਾ ਪਾਈਂ ਲਿੱਟਿਆ ਰਿਹਾ । ਅੰਤ ਉਸ ਦੀ ਹਿੰਮਤ ਜਵਾਬ ਦੇ ਗਈ । ਆਪ ਮੁਹਾਰੇ ਹੀ ਉਸ ਦੀ ਪਕੜ ਢਿੱਲੀ ਪੈ ਗਈ ਸੀ । ਸਮਾਂ ਵੀ ਜਿਵੇਂ ਇਸ ਬਿੰਦੂ 'ਤੇ ਆ ਕੇ ਜ੍ਹੜ ਹੋ ਗਿਆ ਸੀ । ਸੰਤ ਜੀ ਚੁੱਪ ਚਾਪ ਮੁੜੇ ਤੇ ਦੂਜੀ ਦਿੱਸ਼ਾ ਵਲ ਨੂੰ ਤੁਰ ਗਏ । ਸਭ ਸਾਫ ਹੋ ਚੁੱਕਾ ਸੀ । ਉਹ ਸ਼ਿਸ਼ ਆਸ਼ਰਮ ਤੋਂ ਬਾਹਰ ਕਰ ਦਿੱਤਾ ਗਿਆ ।
ਇਹ ਸਭ ਕੁਝ ਹਰਿਭਜਨ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਸੀ । ਉਹ ਆਪ ਵੀ ਉਸ ਸਮੇਂ ਹਾਲੀ ਉਮਰ ਦਾ ਕੱਚਾ ਬਾਲਕ ਹੀ ਸੀ। ਪਰ ਗਿਆਨ ਦੀ ਤਾਂਘ ਕਦੇ ਵੀ ਉਮਰ ਦੀ ਮੁਥਾਜ ਨਹੀਂ ਹੁੰਦੀ । ਗੁਰੂ ਦੇ ਸੁਭਾਅ ਨੇ ਉਸ ਦੇ ਅੰਦਰ ਇਕ ਨਵੀਂ ਤਰ੍ਹਾਂ ਦੀ ਤਾਕਤ ਜਗਾ ਦਿੱਤੀ ਸੀ । ਇਸ ਰੂਹਾਨੀ ਗਿਆਨ ਦੇ ਵਿੱਗਿਆਨ ਦੇ ਉਤੇ , ਗੁਰੂ ਦੀ ਸਖ਼ਤ ਕਸੌਟੀ ਉਤੇ ਖਰਾ ਉਤਰਨ ਲਈ ਉਹ ਖੁਦ ਨੂੰ ਤਿਆਰ ਕਰ ਚੁੱਕਾ ਸੀ । ਪਰ ਤਾਲੀਮ ਦਾ ਇਹ ਸਿਲਸਿਲਾ ਤੇ ਪੂਰੇ ਹੋਣ ਦੀ ਇਹ ਪ੍ਰਕਿਰਿਆ ਹਾਲੇ ਕਈ ਵਰਿਆਂ ਤੱਕ ਨਿਰੰਤਰ ਇੰਜ ਹੀ ਚਲਣੀ ਸੀ । ਉਸ ਨੂੰ ਪਤਾ ਸੀ ਕਿ ਆਤਮ ਸ਼ੁਧੀ ਦਾ ਇਹੋ ਇਕੋ ਇਕ ਮਾਰਗ ਉਸ ਦੇ ਸਾਹਮਣੇ ਹੈ ਤੇ ਗੁਰੂ ਦੀ ਸੂਰਤ ਵਿਚ ਜੋ ਸ਼ਖ਼ਸ ਉਸ ਦੇ ਸਾਹਮਣੇ ਬਿਰਾਜਮਾਨ ਸੀ , ਉਹ ਇਕੋ ਇਕ ਦੁਆਰ ਸੀ ਜੋ ਉਸ ਨੂੰ ਮੰਜ਼ਲ ਤੱਕ ਲਿਜਾ ਸਕਦਾ ਸੀ ।
ਸੰਤ ਹਜ਼ਾਰਾ ਸਿੰਘ ਜੀ ਇਕ ਮਹਾਂਤਾਂਤਰਕ ਗੁਰੂ ਸਨ । ਸ਼ਿਸ਼ ਦੇ ਅੰਦਰਲੀਆਂ ਸੁੱਤੀਆਂ ਕਲਾਂ ਜਗਾਉਣ ਦੇ ਪਾਤਰ ਦੇ ਰੂਪ ਵਿਚ ਉਸ ਨੂੰ ਲਗਾਤਾਰ ਮਾਂਜਨ ਤੇ ਸੰਵਾਰਨ ਦੇ ਉਨ੍ਹਾਂ ਦੇ ਢੰਗ ਵੀ ਨਿਰਾਲੇ ਹੀ ਸਨ । ਸੂਫੀ ਪਰੰਪਰਾ ਹੋਵੇ ਜਾਂ ਜੈਨ ਬੁੱਧ ਧਰਮ, ਜਿੱਥੇ ਵੀ ਕਿਤੇ ਗੁਰੂ ਸ਼ਿਸ਼ ਦਾ ਵਰਨਣ ਆਊਂਦਾ ਹੈ , ਗਿਆਨ ਨੂੰ ਅਗਲੀਆਂ ਪੀੜੀਆਂ ਦੇ ਹੱਥ ਸੌਂਪਣ ਤੇ ਸ਼ਿਸ਼ ਦੀ ਪਰਖ ਕਰਨ ਦੇ ਉਹਨਾਂ ਦੇ ਤਰੀਕੇ ਇੰਨੇ ਅੱਲੋਕਾਰ ਨੇ ਕਿ ਉਹਨਾਂ ਦੀ ਤਰਕ ਸੰਗਤਤਾ ਆਧੁਨਿਕ ਮਨ ਨੂੰ ਬਹੁਤ ਵਾਰ ਸਮਝ ਹੀ ਨਹੀਂ ਪੈਂਦੀ । ਕੁਝ ਇਸੇ ਹੀ ਕਿਸਮ ਦੀਆਂ ਝਲਕੀਆਂ ਹਰਿਭਜਨ ਤੇ ਉਹਨਾਂ ਦੇ ਗੁਰੂ ਸੰਤ ਹਜ਼ਾਰਾ ਸਿੰਘ ਦੇ ਸਬੰਧਾਂ ਵਿਚ ਦੇਖਣ ਨੂੰ ਮਿਲਦੀਆਂ ਹਨ ।
ਗੁਰੂ ਦੀ ਜ਼ਿੰਮੇਵਾਰੀ ਸ਼ਿਸ਼ ਨਾਲੋਂ ਹਮੇਸ਼ਾ ਹੀ ਵਧ ਹੁੰਦੀ ਹੈ । ਇਸ ਗੱਲ ਦਾ ਅਹਿਸਾਸ ਸੰਤ ਜੀ ਨੂੰ ਵੀ ਸੀ । ਸੰਤ ਜੀ ਆਪਣੇ ਸਮੇਂ ਦੀ ਬਹੁਮੁਖੀ ਸ਼ਖ਼ਸੀਅਤ ਸਨ । ਇਕ ਸੰਤ ਮਹਾਂ ਤਾਂਤਰਿਕ , ਗੁਰਬਾਣੀ ਦੇ ਅਰਥ ਸੰਸਾਰ ਦੀਆਂ ਡੂੰਘਾਈਆਂ ਤੱਕ ਉਤਰਨ ਵਾਲੇ । ਪਰ ਇਹ ਸਿਰਫ਼ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਪਹਿਲੂ ਹੀ ਸੀ । ਇਕ ਸੰਪੂਰਨ ਗੁਰਸਿੱਖ ਵਾਂਗ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਹ ਸਮਾਜਿਕ ਜ਼ਿੰਮੇਵਾਰੀਆਂ ਤੋਂ ਵੀ ਬੇਮੁਖ ਨਹੀਂ ਸਨ । ਆਜ਼ਾਦੀ ਸੰਗਰਾਮ ਦੇ ਉਸ ਮਹਾਂਯੱਗ ਵਿਚ ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਵਰ੍ਹੇ ਅਰਪਿਤ ਕੀਤੇ ਸਨ । ਬ੍ਰਿਟਿਸ਼ ਅਫਸਰਾਂ ਤੋਂ ਲੈ ਕੇ ਆਜ਼ਾਦੀ ਸੰਗ੍ਰਾਮੀਆਂ ਦੀਆਂ ਸਫਾਂ ਤੱਕ ਸਭ ਪਾਸੇ ਉਨ੍ਹਾਂ ਦੀ ਧਾਂਕ ਸੀ । ਉਹ ਬਹੁਤ ਘੱਟ ਬੋਲਣ ਵਾਲੇ ਪਰ ਧੁਨ ਦੇ ਪੱਕੇ ਸਨ ।
ਮਨ ਦੇ ਕਿਸੇ ਕੋਨੇ ਵਿਚ ਸੰਤ ਜੀ ਨੂੰ ਸ਼ਿਸ਼ ਦੇ ਤੌਰ ਤੇ ਹਰਿਭਜਨ ਦੀ ਵਿਲੱਖਣਤਾ ਦਾ ਇਲਮ ਸੀ , ਪਰ ਜਿਸ ਮਾਰਗ 'ਤੇ ਉਹ ਜਾ ਰਹੇ ਸਨ , ਉਥੇ ਕਿਸੇ ਤਰ੍ਹਾਂ ਦੀ ਢਿੱਲ ਮੱਠ ਜਾਂ ਰਿਆਇਤ ਦੀ ਗੁੰਜਾਇਸ਼ ਹੀ ਨਹੀਂ ਸੀ । ਨੇੜਲੇ ਭਵਿੱਖ ਵਿਚ ਉਸ ਨੇ ਹਜ਼ਾਰਾਂ ਲੋਕਾਂ ਦੀ ਚੇਤਨਾ ਨੂੰ ਨਵੀਂਆਂ ਬੁਲੰਦੀਆਂ ਤੱਕ ਪਹੁੰਚਾਉਣਾ ਸੀ । ਇਕ ਇਕ ਕਦਮ ਫੂਕ ਫੂਕ ਕੇ ਚੁਕੱਣ ਦੀ ਲੋੜ ਸੀ । ਮਾੜੀ ਜੀ ਕੱਚ ਪਿੱਲ ਵੀ ਕਿਆਸ੍ਹੋਂ ਬਾਹਰਾ ਨੁਕਸਾਨ ਕਰ ਸਕਦੀ ਸੀ । ਬੜੇ ਹੀ ਤਹੱਮਲ ਤੇ ਸਹਿਜ ਲੈਅ ਵਿਚ ਗੁਰੂ ਆਪਣੇ ਸ਼ਿਸ਼ ਨੂੰ ਚੇਤਨਾ ਦੇ ਰਹੱਸਮਈ ਸੰਸਾਰ ਦੀਆਂ ਗਹਿਰਾਈਆਂ ਵਿਚ ਉਤਾਰ ਰਿਹਾ ਸੀ । ਧਿਆਨ ਦੀਆਂ ਨਿਤ ਨਵੀਂਆਂ ਬੁਲੰਦੀਆਂ ਨੂੰ ਛੁਹਣ ਦੇ ਜੋ ਗੁਰ ਉਸ ਦੇ ਗੁਰਜਨਾ ਨੇ ਅਤਿਅੰਤ ਗੁਪਤ ਤਰੀਕੇ ਨਾਲ ਉਸ ਨੂੰ ਸਿਖਾਏ ਸਨ । ਇਕ ਇਕ ਕਰਕੇ ਉਹ ਆਪਣਾ ਸਰਮਾਇਆ ਹਰਿਭਜਨ ਦੇ ਸਪੁਰਦ ਕਰ ਰਹੇ ਸਨ ।
ਭਵਿੱਖ ਦਾ ਮਹਾਂਤਾਂਤਰਿਕ ਤਿਆਰ ਹੋ ਰਿਹਾ ਸੀ । ਜਿਸ ਨੇ ਅਨਾਦਿਕਾਲ ਤੋਂ ਚਲੀ ਆ ਰਹੀ ਮਹਾਂਯੋਗੀਆਂ ਦੀ ਸੁਨਹਿਰੀ ਕੜੀ ਦਾ ਹਿੱਸਾ ਬਣਨਾ ਸੀ । ਗਿਆਨ ਦੀ ਨਿਰੰਤਰ ਜਗਦੀ ਜੋਤ ਦਾ ਵਾਰਿਸ ਉਸ ਨੇ ਬਣਨਾ ਸੀ । ਪਰੰਪਰਾ ਦੀ ਪਾਕੀਜ਼ਗੀ ਨੂੰ ਅਖੰਡ ਰੱਖਣ ਦੀ ਜ਼ਿੰਮੇਵਾਰੀ ਉਸ ਦੀ ਸੀ । ਪਰ ਇਹ ਸਭ ਕੁਝ ਤਾਂ ਹਾਲੇ ਭਵਿੱਖ ਦੇ ਗਰਭ ਵਿਚ ਸੀ । ਹਾਲੀ ਤਾਂ ਜੰਮਣ ਪ੍ਰਕਿਰਿਆ ਚਲ ਰਹੀ ਸੀ । ਜਨਮ ਲੈਣਾ ਕਿਸੇ ਵੀ ਬੰਦੇ ਦੀ ਜ਼ਿੰਦਗੀ ਦਾ ਸਭ ਤੋਂ ਕਠਿਨ ਮਰਹਲਾ ਹੁੰਦਾ ਹੈ । ਕੋਈ ਵੀ ਜਨਮ ਜੰਮਣ ਪੀੜਾਂ ਤੋਂ ਬਗੈਰ ਨਹੀਂ ਹੁੰਦਾ ਹੈ । ਹਰਿਭਜਨ ਨਂੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ । ਉਹ ਜਾਣਦਾ ਸੀ ਕਿ ਗਿਆਨ ਦੀ ਜੋ ਅਲਖ ਉਸ ਅੰਦਰ ਜਗਾਈ ਜਾ ਰਹੀ ਹੈ , ਕਿਸੇ ਵੀ ਤਰੀਕੇ ਉਹ ਉਸ ਦੀ ਕੀਮਤ ਨਹੀਂ ਚੁੱਕਾ ਸਕਦਾ । ਪੌੜੀ ਦੇ ਹਰ ਡੰਡੇ ਨੂੰ ਚੜ੍ਹਦਿਆਂ ਅਹਿਸਾਸ ਦੀ ਸ਼ਿੱਦਤ ਹੋਰ ਡੂੰਘੀ ਹੁੰਦੀ ਜਾਂਦੀ ਹੈ । ਗਿਆਨ ਦੇ ਨਾਲ ਨਾਲ ਉਹ ਸ਼ੁਕਰਾਨੇ ਦੀ ਕਲਾ ਵੀ ਸਿੱਖਦਾ ਜਾ ਰਿਹਾ ਸੀ ।
ਇਕ ਦਿਨ ਸੰਤ ਹਜ਼ਾਰਾ ਸਿੰਘ ਉਨ੍ਹਾਂ ਦੇ ਸ਼ਿਸ਼ ਨੂੰ ਜੰਗਲ ਵਿਚ ਲੈ ਗਏ ਤੇ ਦਰੱਖਤ ਉਤੇ ਚੜ੍ਹਨ ਦਾ ਹੁਕਮ ਦਿੱਤਾ । ਕਿਸੇ ਕਿਸਮ ਦੀ ਕੋਈ ਜਿਰਹ ਦਾ ਸਵਾਲ ਹੀ ਨਹੀਂ ਸੀ । ਟੀਚਰ ਦੇ ਮੂੰਹ ਚੋ ਨਿਕਲਿਆ ਸ਼ਬਦ ਰੱਬੀ ਬਾਣੀ ਦਾ ਦਰਜਾ ਰੱਖਦਾ ਸੀ । ਹਰਿਭਜਨ ਬਿਨਾ ਕਿਸੇ ਹੀਲ ਹੁੱਜਤ ਦੇ ਇਕ ਅਕੀਦਤਮੰਦ ਸ਼ਿਸ਼ ਵਾਂਗ ਦਰੱਖਤ 'ਤੇ ਚੜ੍ਹ ਗਿਆ । ਅੱਗੇ ਕੀ ਹੋਵੇਗਾ ਉਸ ਨੇ ਇਸ ਬਾਰੇ ਸੋਚਿਆ ਵੀ ਨਹੀਂ ਸੀ ।
ਹਰਿਭਜਨ ਨੂੰ ਦਰੱਖਤ ਉਤੇ ਟੰਗਿਆ ਛੱਡ ਕੇ ਸੰਤ ਹੋਰੀਂ ਤੁਰ ਗਏ । ਹਰਿਭਜਨ ਨੂੰ ਪੱਤਾ ਸੀ ਕਿ ਇਸ ਵਿਚ ਵੀ ਜ਼ਰੂਰ ਗੁਰੂ ਦੀ ਕੋਈ ਰਮਜ਼ ਛੁਪੀ ਹੈ । ਤਿੰਨ ਦਿਨ ਤੇ ਤਿੰਨ ਰਾਤਾਂ ਗੁਜ਼ਰ ਗਈਆਂ । ਉਪਰ ਖੁੱਲ੍ਹਾ ਅਕਾਸ਼ ਤੇ ਦੂਰ ਦੂਰ ਤਾਂਈ ਵੀਰਾਨੀ । ਟੀਚਰ ਦੀ ਵੀ ਕਿਤੇ ਕੋਈ ਉਘ ਸੁੱਘ ਨਹੀਂ ਸੀ । ਘਣਾ ਜੰਗਲ ਸੀ । ਵਿਚ ਵਿਚ ਬਾਰਿਸ਼ ਦੀਆਂ ਬੋਛਾਰਾਂ , ਪਰ ਸ਼ਿਸ਼ ਵਜੋਂ ਹਰਿਭਜਨ ਦਾ ਸਿਦਕ ਬਿਲਕੁਲ ਅਡੋਲ ਸੀ ।
ਤਿੰਨ ਦਿਨਾਂ ਬਾਅਦ ਆਖਰ ਸੰਤ ਮੁੜੇ । ਹਰਿਭਜਨ ਹਾਲੀ ਵੀ ਪੂਰੀ ਮੁਸਤੈਦੀ ਨਾਲ ਦਰੱਖਤ ਉਤੇ ਡਟਿਆ ਹੋਇਆ ਸੀ । ਅਧਿਆਪਕ ਨੇ ਪੁੱਛਿਆ, ਆਉਂਦੇ ਸਾਰ ਬਿਨਾ ਕਿਸੇ ਭੂਮਿਕਾ ਦੇ ਸਿੱਧਾ ਸਵਾਲ ! ਉਹ ਬੱਸ ਇਹੋ ਜਾਨਣਾ ਚਾਹੁੰਦਾ ਸੀ ਕਿ ਇਨ੍ਹਾਂ ਤਿੰਨ ਦਿਨਾਂ ਵਿਚ ਉਸ ਦੇ ਸ਼ਿਸ਼ ਨੇ ਕੀ ਸਿੱਖਿਆ ਹੈ । ਸ਼ਿਸ਼ ਨੇ ਜਵਾਬ ਦਿੱਤਾ ਕਿ ਉਸ ਬਾਰਿਸ਼ ਦੀਆਂ ਲੜੀਆਂ ਤੋਂ ਪਾਣੀ ਇਕੱਤਰ ਕਰਨ ਦੀ ਕਲਾ ਸਿੱਖੀ ਹੈ । ਇਸ ਦੌਰਾਨ ਉਸ ਨੇ ਇਹ ਵੀ ਸਿੱਖਿਆ ਕਿ ਦਰੱਖਤਾਂ ਉਤੇ ਬਸੇਰਾ ਕਰਨ ਵਾਲੇ ਬਾਂਦਰ ਆਖਰ ਕਿਹੜੀਆਂ ਟਾਹਣੀਆਂ ਤੇ ਸੌਣਾ ਪਸੰਦ ਕਰਦੇ ਹਨ । ਗੁਰੂ ਨੇ ਚੁਪਚਾਪ ਸਿਰ ਹਿਲਾਇਆ ਤੇ ਇਸ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ । ਇਕ ਮੌਨ ਦੋਹਾਂ ਦੇ ਦਰਮਿਆਨ ਪਸਰ ਗਿਆ ਸੀ । ਇਹ ਸੰਵਾਦ ਦੀ ਉਹ ਭਾਸ਼ਾ ਸੀ ਜਿਸ ਦੇ ਅਰਥ ਸਿਰਫ ਸ਼ਿਸ਼ ਤੇ ਮਾਸਟਰ ਦੇ ਦਰਮਿਆਨ ਹੀ ਪ੍ਰਗਟ ਹੁੰਦੇ ਸਨ ।
ਗੁਰੂ ਮਹਿਮਾ ਦੇ ਬਖਾਨ ਦੀ ਪਰੰਪਰਾ ਭਾਰਤ ਅੰਦਰ ਬਹੁਤ ਪ੍ਰਚੀਨ ਹੈ । ਉਪਨਿਸ਼ਦਾਂ ਦੇ ਰਿਸ਼ੀਆਂ ਤੋਂ ਲੈ ਕੇ ਭਗਤੀ ਯੁਗ ਦੇ ਸੰਤਾਂ ਤੱਕ ਸਭ ਨੇ ਗੁਰੂ ਮਹਿਮਾ ਦੇ ਗੀਤ ਗਾਏ । ਕਬੀਰ, ਮੀਰਾਂ, ਰੈਦਾਸ ਸਭ ਇਸ ਨੁਕਤੇ 'ਤੇ ਇਕ ਸੁਰ ਨੇ । ਪਰ ਇਸ ਦੇ ਹੀ ਸਮਾਨੰਤਰ ਇਕ ਦੂਸਰੀ ਪਰੰਪਰਾ ਹੈ । ਜਿਸ ਅੰਦਰ ਆਪਣਾ ਚਿਰਾਗ ਆਪ ਹੀ ਬਣਨ ਦੀ ਵਕਾਲਤ ਹੈ । ਦੂਰ ਅਤੀਤ ਵਿਚ ਬੁੱਧ ਦੀ ਇਹ ਘੋਸ਼ਣਾ ਸੀ ਕਿ ਸੱਚ ਤੇ ਸ਼ਿਸ਼ ਦੇ ਦਰਮਿਆਨ ਅਖੀਰੀ ਸਭ ਤੋਂ ਵੱਡੀ ਰੁਕਾਵਟ ਉਸ ਦਾ ਗੁਰੂ ਹੁੰਦਾ ਹੈ । ਬੋਧੀ ਹਲਕਿਆਂ ਵਿਚ ਇਹ ਗੱਲ ਬਹੁਤ ਪ੍ਰਚਲਤ ਸੀ ਕਿ ਜੇ ਕਿਸੇ ਸਾਧਕ ਨੂੰ ਰਾਹ ਦੇ ਵਿਚ ਬੁੱਧ ਦਿਖਾਈ ਪੈਂਦਾ ਹੈ ਤਾਂ ਉਸ ਨੂੰ ਤੁਰੰਤ ਉਸ ਦਾ ਸਿਰ ਲਾਹ ਦੇਣਾ ਚਾਹੀਦਾ ਹੈ । ਆਧੁਨਿਕ ਯੁਗ ਦੇ ਵਿਚ ਵੀ ਜੇ. ਕਰਿਸ਼ਨਾਮੂਰਤੀ ਵਰਗੇ ਕਈ ਰੂਹਾਨੀ ਟੀਚਰ , ਗੁਰੂ ਪਰੰਪਰਾ ਤੇ ਸੰਸਥਾਗਤ ਧਰਮ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ । ਉਨ੍ਹਾਂ ਦੀ ਧਾਰਨਾ ਹੈ ਕਿ ਜਦੋਂ ਤੱਕ ਇਸ਼ਟ ਜਾਂ ਟੀਚਰ ਮੌਜੂਦ ਹੈ, ਸਾਧਕ ਦਵੈਤ ਤੋਂ ਬਾਹਰ ਨਹੀਂ ਹੋ ਸਕਦਾ ।
ਯੋਗ-ਵਸ਼ਿਸ਼ਟ ਵਰਗੇ ਪੁਰਾਤਨ ਤੇ ਪ੍ਰਮਾਣਕ ਮੰਨੇ ਜਾਂਦੇ ਗ੍ਰੰਥਾਂ ਵਿਚ ਵੀ ਇਸ ਬਾਰੇ ਮਿਲੀ ਜੁਲੀ ਜਿਹੀ ਤਸਵੀਰ ਹੀ ਉਭਰਦੀ ਹੈ । ਇਸ ਗ੍ਰੰਥ ਵਿਚ ਕਈ ਥਾਈਂ ਦੀਕਸ਼ਾ ਦੇਣ ਤੇ ਸ਼ਿਸ਼ ਬਣਾਉਣ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਅਰਥਹੀਣ ਦੱਸਿਆ ਗਿਆ ਹੈ । ਵੈਦਿਕ ਪਰੰਪਰਾ ਦਾ ਗ੍ਰੰਥ ਹੋਣ ਦੇ ਬਾਵਜੂਦ ਵੀ ਉਸ ਦੀ ਇਹ ਧਾਰਨਾ ਬੋਧ-ਮੱਤ ਦੇ ਜ਼ਿਆਦਾ ਨੇੜੇ ਜਾ ਪਹੁੰਚਦੀ ਹੈ । ਪਰ ਇਸੇ ਹੀ ਗ੍ਰੰਥ ਵਿਚ ਹੋਰਨੀ ਥਾਈਂ ਗੁਰੂ ਦੀ ਲੋੜ 'ਤੇ ਪੂਰੀ ਸ਼ਿੱਦਤ ਨਾਲ ਜ਼ੋਰ ਦਿੱਤਾ ਗਿਆ ਹੈ । ਓਪਰੀ ਨਜ਼ਰੇ ਇਸ ਤਰ੍ਹਾਂ ਦੀਆਂ ਕਈ ਵਿਰੋਧਤਾਈਆਂ ਬੋਧ-ਮਤ ਤੇ ਜੈਨਮਤ ਦੇ ਗ੍ਰੰਥਾਂ ਵਿਚ ਵੀ ਮਿਲਦੀਆਂ ਹਨ। ਇਨ੍ਹਾਂ ਦੋਹਾਂ ਧਰਮਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ । ਹੋ ਸਕਦਾ ਹੈ ਕਿ ਇਹ ਵਿਸੰਗਤੀਆਂ ਗੁਜ਼ਰਦੇ ਸਮੇਂ ਦੇ ਨਾਲ ਨਾਲ ਇਨ੍ਹਾਂ ਪਰੰਪਰਾਵਾਂ ਦਾ ਹਿੱਸਾ ਬਣ ਗਈਆਂ ਹੋਣ । ਵੈਦਿਕ ਗ੍ਰੰਥਾਂ ਦੀ ਵੀ ਬਹੁਤੀ ਪਰੰਪਰਾ ਮੌਖਿਕ ਹੀ ਰਹੀ ਹੈ । ਸੰਭਵ ਹੈ ਕਿ ਉਨ੍ਹਾਂ ਵਿਚਲੀਆਂ ਵਿਰੋਧਤਾਈਆਂ ਅਸਲ ਵਿਚ ਸਿਰਫ ਭਿੰਨਤਾਵਾਂ ਹੀ ਹੋਣ । ਹੋ ਸਕਦਾ ਹੈ ਵੱਖ ਵੱਖ ਸ਼ਿਸਾਂ਼ ਦੀਆਂ ਬੌਧਿਕ ਸੀਮਾਵਾਂ ਦੇ ਅਨੁਸਾਰ ਜਾਂ ਇਕੋ ਹੀ ਸ਼ਿਸ਼ ਦੀਆਂ ਅੱਡ ਅੱਡ ਅਵਸਥਾਵਾਂ ਵਿਚ ਕੁਝ ਵਿਰੋਧੀ ਭਾਸਦੀਆਂ ਗੱਲਾਂ ਕਹੀਆਂ ਗਈਆਂ ਹੋਣ ।
ਪਰ ਜੇ. ਕ੍ਰਿਸ਼ਨਾਮੂਰਤੀ ਬਾਰੇ ਇਹ ਗੱਲ ਹਰਗਿਜ਼ ਨਹੀਂ ਕਹੀ ਜਾ ਸਕਦੀ । ਉਸ ਨੇ ਆਪਣੀ ਸਾਰੀ ਹੀ ਉਮਰ ਅਤਿਅੰਤ ਇਕਸੁਰਤਾ ਵਿਚ ਗੁਰੂਡਮ ਦੀ ਵਿਰੋਧਤਾ ਕੀਤੀ ਹੈ । ਉਸ ਦੀ ਨਜ਼ਰ ਵਿਚ ਵਿਦਿਆਰਥੀ ਤੇ ਅਧਿਆਪਕ ਦਾ ਰਿਸ਼ਤਾ ਹੀ ਅਸਲ ਹੈ । ਗੁਰੂ ਤੇ ਸ਼ਿਸ਼ ਸਬੰਧ ਸਿਰਫ ਮਿੱਥ ਹਨ । ਪਰ ਜੇ ਉਸ ਦੀ ਆਪਣੀ ਜੀਵਨੀ ਉਤੇ ਨਜ਼ਰ ਮਾਰੀ ਜਾਵੇ ਤਾਂ ਵਿਕਾਸ ਦੇ ਉਸ ਦੇ ਆਪਣੇ ਇਤਿਹਾਸ ਤੇ ਉਸ ਦੀਆਂ ਸਿੱਖਿਆਵਾਂ ਵਿਚ ਇਕ ਵੱਡਾ ਅੰਤਰ ਵਿਰੋਧ ਦਿਖਾਈ ਪੈਂਦਾ ਹੈ ।
ਉਸ ਦੇ ਸਭ ਤੋਂ ਨੇੜਲਿਆਂ ਸਾਥੀਆਂ ਵਿਚੋਂ ਇਕ ਪਪਲ ਜੈਕਰ ਨੇ ਉਸ ਦੇ ਜੀਵਨ ਦੀ ਇਕ ਅਤਿਅੰਤ ਅੰਤਰੰਗ ਘਟਨਾ ਦਾ ਵਰਨਣ ਕੀਤਾ ਹੈ। ਇਸ ਬਿਊਰੇ ਵਿਚ ਖਾਸ ਗੱਲ ਇਹ ਹੈ ਕਿ ਖੁਦ ਲੇਖਿਕਾ ਤੇ ਉਸ ਦੀ ਭੈਣ ਮੌਕੇ 'ਤੇ ਮੌਜੂਦ ਸਨ । ਇਕ ਬੰਦ ਕਮਰੇ ਵਿਚ ਕ੍ਰਿਸ਼ਨਾਮੂਰਤੀ ਦਾ ਜਿਸਮ ਦਰਦ ਨਾਲ ਪੂਰੀ ਤਰ੍ਹਾਂ ਟੁੱਟ ਰਿਹਾ ਸੀ । ਉਹ ਰਹਿ ਰਹਿ ਕੇ ਕਦੇ ਦੰਦ ਕਦੇ ਗਰਦਨ ਤੇ ਕਦੇ ਸਿਰ ਦੇ ਉਪਰਲੇ ਹਿੱਸੇ ਵਿਚ ਅਸਹਿ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ । ਉਨ੍ਹਾਂ ਨੇ ਕਿਸੀ ਵੀ ਸੂਰਤ ਵਿਚ ਡਾਕਟਰ ਨੂੰ ਨਾ ਬੁਲਾਉਣ ਦੀ ਸਖਤ ਹਦਾਇਤ ਦਿੱਤੀ ਸੀ । ਦਰਦ ਨਾਲ ਕਰਾਹੁੰਦਾ ਹੋਇਆ ਉਹ ਬਿਨਾ ਕੋਈ ਨਾਮ ਲਏ ਅਦਿਖ ਤਾਕਤਾਂ ਨਾਲ ਗੱਲਾਂ ਕਰਦਾ ਰਿਹਾ ਸੀ । ਇਸੇ ਦੌਰਾਨ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਅਦ੍ਰਿਸ਼ ਗੁਰੂ ਉਸ ਦੇ ਜ਼ਿਹਨ ਦੀ ਸਫਾਈ ਕਰ ਰਹੇ ਸਨ ਤਾਂ ਜੋ ਉਸ ਨੂੰ ਅੰਦਰੋਂ ਖਾਲੀ ਕੀਤਾ ਜਾ ਸਕੇ ।
ਕ੍ਰਿਸ਼ਨਾਮੂਰਤੀ ਦੇ ਇਹ ਕਥਨ ਇਕ ਬਹੁਤ ਵੱਡਾ ਇੰਕਸਾਫ ਹਨ । ਬਾਅਦ ਵਿਚ ਜਾਂ ਪਹਿਲੋਂ ਵੀ ਆਪਣੀ ਕਿਸੇ ਜਨਤਕ ਗੱਲਬਾਤ ਵਿਚ ਉਸ ਨੇ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ । ਪਰ ਉਸ ਨੇ ਪਪਲ ਦੀ ਕਿਤਾਬ ਵਿਚ ਦਿੱਤੇ ਇਸ ਵੇਰਵੇ ਦਾ ਖੰਡਨ ਵੀ ਕਦੇ ਨਹੀਂ ਕੀਤਾ। ਇੱਥੇ ਸਾਡਾ ਇਰਾਦਾ ਕਿਸ਼ਨਾਮੂਰਤੀ ਦੇ ਇਸ ਦੂਹਰੇ ਸਟੈਂਡ ਪਿਛਲੀਆਂ ਹਕੀਕਤਾਂ ਜਾਂ ਮਜਬੂਰੀਆਂ ਦੀ ਪੁਣਛਾਣ ਕਰਨ ਦਾ ਨਹੀਂ । ਅਸੀਂ ਸਿਰਫ ਇਸੇ ਨੁਕਤੇ ਉਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਭਾਰਤ ਦੀ ਹਰ ਪ੍ਰਾਚੀਨ ਰੂਹਾਨੀ ਪਰੰਪਰਾ ਤੋਂ ਲੈ ਕੇ ਨਵੇਂ ਜੁਗ ਦੇ ਰੂਹਾਨੀ ਟੀਚਰਾਂ ਤਕ ਹਰ ਕਿਸੇ ਨੇ ਸਿੱਧੇ ਅਸਿੱਧੇ ਰੂਪ ਵਿਚ ਗੁਰੂ ਸ਼ਿਸ਼ ਪਰੰਪਰਾ ਦੀ ਅਹਿਮੀਅਤ ਨੂੰ ਸਵੀਕਾਰ ਕੀਤਾ ਹੈ ।
ਦਵੈਤ ਅਗਿਆਨ ਦਾ ਮੂਲ ਹੈ । ਇਸ ਗੱਲ ਨੂੰ ਪਹਿਲੀ ਪਰੰਪਰਾ ਵੀ ਸਵੀਕਾਰਦੀ ਹੈ । ਪਰ ਉਸ ਦਾ ਜ਼ੋਰ ਇਸ਼ਟ ਨੂੰ ਨਹੀਂ ਖੁਦ ਨੂੰ ਮਿਟਾਣ 'ਤੇ ਹੈ । ਮੀਰਾਂ ਕੂਕ ਕੂਕ ਕੇ ਕਹਿੰਦੀ ਹੈ, ਜਬ ਲਗ ਹੈ ਹਰੀ ਨਹੀਂ , ਹਰੀ ਹੋ ਤੋਂ ਹਮ ਨਾਹੀਂ । ਸਿੱਖ ਗੁਰੂਆਂ ਦੀ ਪਰੰਪਰਾ ਵਿਚ ਵੀ ਸ਼ਿਸ਼ ਦੀ ਆਪਣੀ ਹਸਤੀ ਨੂੰ ਮਿੱਟਾ ਦੇਣ ਉਤੇ ਹੀ ਜ਼ੋਰ ਹੈ । ਸਿੱਖ ਧਰਮ ਨੇ ਦੋਂਹਾਂ ਪ੍ਰਾਚੀਨ ਧਾਰਾਵਾਂ ਵਿਚੋਂ ਪਹਿਲੀ ਧਾਰਾ ਨੂੰ ਹੀ ਅਪਣਾਇਆ ਹੈ ।
ਉਪਰੋਂ ਦੇਖਣ 'ਤੇ ਇਹ ਦੋਹੇਂ ਪਰੰਪਰਾਵਾਂ ਭਾਵੇਂ ਕਿੰਨੀਆਂ ਹੀ ਵਿਰੋਧੀ ਭਾਸਦੀਆਂ ਨੇ । ਪਰ ਇਨ੍ਹਾਂ ਦਾ ਮੂਲ ਇਕ ਹੈ । ਸ਼ਾਹ ਇਨਾਇਤ ਨੇ ਵੀ ਬੁੱਲ੍ਹੇ ਨੂੰ ਇਹ ਕਿਹਾ ਸੀ ਕਿ ਇਸ ਆਖਰੀ ਮਰਹਲੇ ਵਿਚੋਂ ਉਸ ਨੂੰ ਆਪ ਹੀ ਲੰਘਣਾ ਪਵੇਗਾ । ਬੁੱਧ ਨੇ ਵੀ ਇਹੋ ਬਚਨ ਕਹੇ ਸਨ । ਹਰ ਸਾਧਕ ਦੀ ਅੰਦਰੂਨੀ ਯਾਤਰਾ ਦੌਰਾਨ ਇਕ ਮੁਕਾਮ ਇਹੋ ਜਿਹਾ ਆਉਂਦਾ ਹੈ , ਜਦੋਂ ਉਸ ਨੂੰ ਉਸੇ ਸਖਸ਼ ਤੋਂ ਵਿਛੜਨਾ ਪੈਂਦਾ ਹੈ, ਜੋ ਉਸ ਨੂੰ ਇਸ ਮੂਕਾਮ ਤੱਕ ਲੈ ਕੇ ਆਇਆ ਸੀ ।
ਇਹੋ ਘੜੀ ਹੁਣ ਹਰਿਭਜਨ ਦੇ ਵੀ ਜੀਵਨ ਵਿਚ ਆ ਗਈ ਹੈ । ਜੋ ਜ਼ੰਜੀਰਾਂ ਖੁਦ ਉਸ ਨੇ ਆਪਣੀ ਚੇਤਨਾ ਦੇ ਗਿਰਦ ਵੱਲ ਲਈਆਂ ਸਨ । ਸੰਤ ਹਜ਼ਾਰਾ ਸਿੰਘ ਨੇ ਇਕ ਇਕ ਕਰਕੇ ਸਭ ਉਤਾਰ ਦਿੱਤੀਆਂ ਸਨ । ਹਰਿਭਜਨ ਹੁਣ ਅੰਦਰੂਨੀ ਉਰਜਾ ਨਾਲ ਲਬਰੇਜ਼ ਹੋ ਰਿਹਾ ਸੀ । ਉਸ ਜਾਣ ਲਿਆ ਸੀ ਕਿ ਸਭ ਹੱਦਾਂ ਬੰਨੇ ਉਸ ਦੇ ਆਪਣੇ ਸਿਰਜੇ ਹੋਏ ਸਨ । ਕੁੰਡਲਨੀ ਯੋਗ ਤੇ ਤੰਤਰ ਵਿੱਦਿਆ ਵਿਚ ਉਹ ਪੂਰੀ ਤਰ੍ਹਾਂ ਮਾਹਿਰ ਹੋ ਚੁੱਕਾ ਸੀ । ਪਰ ਇਹ ਗੱਲ ਹਾਲੇ ਵੀ ਉਸ ਤੋਂ ਛੁਪੀ ਹੋਈ ਸੀ ਕਿ ਇਸ ਵੱਦਿਆ ਨੇ ਉਸ ਦੇ ਜੀਵਨ ਵਿਚ ਕੀ-ਕੀ ਗੁੱਲ ਖਿੜਾਉਣੇ ਸਨ । ਉਹ ਕਿਹੜੀਆਂ ਚੁਣੌਤੀਆਂ ਤੇ ਜ਼ਿੰਮੇਵਾਰੀਆਂ ਸਨ ਜੋ ਉਸ ਦੀ ਰਾਹ ਦੇਖ ਰਹੀਆਂ ਸਨ । ਇਕ ਦਿਨ ਅਚਾਨਕ ਸੰਤ ਹਜ਼ਾਰਾ ਸਿੰਘ ਨੇ ਉਸ ਨੂੰ ਆਪਣੇ ਕੋਲ ਬੁਲਾਇਆ । ਅਪਣੀ ਹੋਣੀ ਤੋਂ ਅਨਜਾਣ ਸ਼ਰਧਾ ਤੇ ਸ਼ੁਕਰਾਨੇ ਨਾਲ ਭਰਿਆ ਹਰਿਭਜਨ ਸੰਤਾਂ ਦੀ ਹਜ਼ੂਰੀ ਵਿਚ ਜਾ ਪੇਸ਼ ਹੋਇਆ ।
ਇਹ ਸੰਤਾਲੀ ਦਾ ਦੌਰ ਸੀ । ਆਉਂਦੀ ਤਬਾਹੀ ਦੀਆਂ ਕੰਨਸੋਆਂ ਪਹਿਲਾਂ ਹੀ ਸੁਣਾਈ ਪੈਣ ਲੱਗੀਆਂ ਸਨ । ਸੰਤ ਹਜ਼ਾਰਾ ਸਿੰਘ ਪੁਰਾਣੇ ਆਜ਼ਾਦੀ ਘੁਲਾਟੀਏ ਸਨ । ਹਰਿਭਜਨ ਸਿੰਘ ਸਾਹ ਰੋਕੀਂ ਉਸ ਰੋਹਬਦਾਰ ਸਖਸ਼ ਮੂਹਰੇ ਹੱਥ ਬੱਧੀ ਖੜ੍ਹੇ ਸਨ । ਵੱਜਰ ਵਰਗੀ ਚੁੱਪੀ ਚੁਫੇਰੇ ਫੈਲੀ ਹੋਈ ਸੀ । ਆਖਰ ਸੰਤ ਜੀ ਨੇ ਮੌਨ ਤੋੜਿਆ । ਉਹ ਸਿੱਧੇ ਤੌਰ 'ਤੇ ਹਰਿਭਜਨ ਨੂੰ ਹੀ ਸੰਬੋਧਿਤ ਕਰ ਰਹੇ ਸੀ । ਉਨ੍ਹਾਂ ਦੱਸਿਆ ਕਿ ਆਉਣ ਵਾਲਾ ਸਮਾਂ ਉਸ ਲਈ 'ਇਕ ਜਿਉਂਦੇ ਜਾਗਦੇ ਨਰਕ' ਵਾਂਗ ਹੀ ਹੋਏਗਾ । ਹੋ ਸਕਦਾ ਹੈ ਕਿ ਇਹ ਇਸ਼ਾਰਾ ਸੰਤਾਲੀ ਦੀ ਵੰਡ ਵੱਲ ਹੀ ਹੋਵੇ । ਪਰ ਵਿਅਕਤੀਗਤ ਤੌਰ 'ਤੇ ਹਰਭਜਨ ਲਈ ਉਸ ਦੇ ਅਰਥ ਕੁਝ ਹੋਰ ਹੀ ਸਨ । ਇਸ ਦਾ ਉਸ ਨੂੰ ਉਦੋਂ ਤਕ ਵੀ ਅਹਿਸਾਸ ਨਹੀਂ ਸੀ । ਮਾਸਟਰ ਦਾ ਵਾਕ ਹਾਲੇ ਵੀ ਅਧੂਰਾ ਸੀ । ਸਾਹ ਵਿਚਾਲੇ ਰੋਕੀਂ ਹਰਿਭਜਨ ਜਿਵੇਂ ਹਵਾ ਵਿਚ ਲਟਕ ਰਿਹਾ ਸੀ ।
ਆਖਰ ਫਰਮਾਨ ਪੂਰਾ ਹੋਇਆ । ਹੁਕਮ ਬਹੁਤ ਹੀ ਸਖਤ ਸੀ । ਹੁਕਮ ਸੁਣਾਇਆ ਗਿਆ ਸੀ ਉਹ ਹੁਣ ਕਦੇ ਵੀ ਉਨ੍ਹਾਂ ਦੇ ਰੂ-ਬ-ਰੂ ਨਹੀਂ ਹੋਵੇਗਾ । ਸਭ ਕੁਝ ਬਹੁਤ ਅਚਾਨਕ ਵਾਪਰਿਆ ਸੀ । ਹਰਿਭਜਨ ਇਸ ਲਈ ਤਿਆਰ ਨਹੀਂ ਸੀ । ਇਹ ਸਬਕ ਉਸ ਲਈ ਅਤਿਅੰਤ ਤਕਲੀਫਦੇਹ ਸੀ । ਪਰ ਜ਼ਿੰਦਗੀ ਦੀ ਕਸੌਟੀ 'ਤੇ ਖ਼ਰਾ ਉਤਰਨ ਲਈ ਸ਼ਾਇਦ ਇਸ ਪਰਖ ਵਿਚੋਂ ਵੀ ਲੰਘਣਾ ਲਾਜ਼ਮੀ ਸੀ । ਇਮਤਿਹਾਨ ਦੀ ਇਹ ਆਖਰੀ ਘੜੀ ਸੀ । ਆਦਿ ਕਾਲ ਤੋਂ ਰਹੱਸਦਰਸ਼ੀਆਂ ਨੇ ਆਪੋ ਆਪਣੇ ਨੁਕਤੇ ਤੋਂ ਪਰੀਖਿਆ ਦੀ ਇਸ ਘੜੀ ਦਾ ਚਿੱਤਰ ਪੇਸ਼ ਕੀਤਾ ਹੈ । ਸ਼ਾਇਦ ਇਹ ਆਖਰੀ ਮੁਕਾਮ ਹੈ ਜਿੱਥੇ ਦਵੈਤ ਦੇ ਅੰਤਮ ਅਹਿਸਾਸ ਤੋਂ ਵੀ ਵਿਦਾ ਲਈ ਜਾਂਦੀ ਹੈ ।
ਹਰਿਭਜਨ ਦੀ ਉਸ ਸਮੇਂ ਦੀ ਹਾਲਤ ਰਾਮ ਕ੍ਰਿਸ਼ਨ ਪਰਮਹੰਸ ਦੀ ਦੁਬਿਧਾ ਨਾਲ ਮੇਲ ਖਾਂਦੀ ਸੀ । ਪਰਮਹੰਸ ਸਾਹਮਣੇ ਵੀ ਉਹ ਪ੍ਰੀਖਿਆ ਦੀ ਸਭ ਤੋਂ ਕਠਿਨ ਘੜੀ ਸੀ । ਗੁਰੂ ਦਾ ਆਦੇਸ਼ ਸੀ ਕਿ ਪਰਮਹੰਸ ਆਪਣੇ ਅੰਦਰਲੀ ਕਾਲੀ ਦੀ ਉਸ ਮੂਰਤ ਤੋਂ ਮੁਕਤ ਹੋਵੇ ਜੋ ਪਲਕਾਂ ਬੰਦ ਕਰਦੇ ਹੀ ਉਸ ਦਾ ਅੰਦਰ ਆ ਮੱਲਦੀ ਹੈ । ਪਰਮਹੰਸ ਨੂੰ ਉਸ ਛਬੀ ਨਾਲ ਪ੍ਰਾਣਾਂ ਨਾਲੋਂ ਵੀ ਵੱਧ ਪਿਆਰ ਸੀ । ਪਰ ਸੰਤ ਤੋਤਾ ਰਾਮ , ਜੋ ਪਰਮਹੰਸ ਹੋਰਾਂ ਦੇ ਗੁਰੂ ਸਨ, ਇਸ ਮੱਤ ਉਤੇ ਦ੍ਰਿੜ ਸਨ ਕਿ ਉਸ ਮਨਭਾਉਂਦੀ ਛਬੀ ਦੀ ਗਰਦਨ ਉਤਾਰੇ ਤੋਂ ਬਿਨਾ ਪਰਮਹੰਸ ਕਦੇ ਵੀ ਧਿਆਨ ਦੇ ਅਖੰਡ ਅਕਾਸ਼ ਨੂੰ ਹਾਸਲ ਨਹੀਂ ਹੋ ਸਕਦਾ ।
ਪਰਮਹੰਸ ਵਾਂਗ ਹੀ ਹਰਿਭਜਨ ਵੀ ਕਿਸੇ ਹਲਾਲ ਹੋ ਰਹੇ ਬਕਰੇ ਵਾਂਗ ਤੜਪ ਰਿਹਾ ਸੀ । ਜੁਦਾਈ ਦਾ ਦਰਦ ਉਸ ਲਈ ਅਸਹਿ ਸੀ । ਪਰ ਰੂਹਾਨੀ ਟੀਚਰ ਦੇ ਆਦੇਸ਼ ਮੂਹਰੇ ਹੋਰ ਕੋਈ ਚਾਰਾ ਵੀ ਨਹੀਂ ਸੀ । ਹਰਿਭਜਨ , ਜੋ ਉਸ ਸਮੇਂ ਹਾਲੇ ਇਕ ਬਾਲਕ ਹੀ ਸੀ , ਨੇ ਆਪਣੇ ਜੀਵਨ ਵਿਚ ਕਈ ਮੁਕਾਮ ਹਾਸਲ ਕੀਤੇ । ਯੋਹੀ ਭਜਨ- ਮਹਾਂਤਾਂਤਰਿਕ ਹਰਿਭਜਨ, ਸ੍ਰੀ ਸਿੰਘ ਸਾਹਿਬ ਤੇ ਭਾਈ ਸਾਹਿਬ ਵਰਗੀਆਂ ਉਪਾਧੀਆਂ ਹਾਸਲ ਕੀਤੀਆਂ । ਪਰ ਤਮਾਮ ਉਮਰ ਉਨ੍ਹਾਂ ਆਪਣੇ ਮਾਸਟਰ ਨਾਲ ਕੀਤੇ ਹੋਏ ਕੌਲ ਨੂੰ ਪੂਰੀ ਸਿਦਕ ਨਾਲ ਨਿਭਾਇਆ।
ਇਸ ਘਟਨਾ ਤੋਂ ਕੋਈ ਢਾਈ ਤਿੰਨ ਦਹਾਕੇ ਤੋਂ ਬਾਅਦ ਹੀ ਸੰਤ ਹਜ਼ਾਰਾ ਸਿੰਘ ਨੇ ਆਪਣੀ ਦੇਹ ਦਾ ਤਿਆਗ ਕੀਤਾ ਸੀ । ਵਿਛੋੜੇ ਦਾ ਇਹ ਦੌਰ ਬਹੁਤ ਹੀ ਲੰਬਾ ਸੀ । ਇਕ ਵਾਰ ਯੋਗੀ ਭਜਨ ਆਪਣੇ ਗੁਰੂ ਦੇ ਜੱਦੀ ਪਿੰਡ ਦੋਰਾਹੇ ਕੋਲੋਂ ਲੰਗ ਰਹੇ ਸਨ । ਉਨ੍ਹਾਂ ਦੇ ਸਬਰ ਦਾ ਪੈਮਾਨਾ ਛਲਕ ਗਿਆ ਸੀ । ਉਨ੍ਹਾਂ ਕਿਸੇ ਹੱਥ ਸੁਨੇਹਾ ਘੱਲਿਆ ਤੇ ਆਪਣੇ ਨੇੜੇ ਹੋਣ ਦੀ ਖ਼ਬਰ ਭੇਜੀ । ਪਰ ਮਾਸਟਰ ਦੀ ਹੋਰ ਸੰਗਤ ਸ਼ਾਇਦ ਹੁਣ ਉਨ੍ਹਾਂ ਦੇ ਮੁਕੱਦਰ ਵਿਚ ਨਹੀਂ ਸੀ । ਸੰਤ ਹੋਰਾਂ ਦਾ ਸੁਭਾਹ ਅੱਜ ਵੀ ਪਹਿਲਾਂ ਵਾਂਗ ਅਡੋਲ ਸੀ । ਉਨ੍ਹਾਂ ਦਾ ਜਵਾਬ ਆਇਆ ਸੀ । ਜਵਾਬ ਇਹੋ ਸੀ ਕਿ ਉਨ੍ਹਾਂ ਨੂੰ ਉਸ ਦੀ ਮੌਜੂਦਗੀ ਦੀ ਖ਼ਬਰ ਹੈ । ਪਰ ਇਕ ਵਾਰ ਫੇਰ 'ਚਲਦੇ ਰਹਿਣ' ਦਾ ਹੁਕਮ ਆਇਆ ਸੀ । ਚੁਣੀ ਹੋਈ ਰਾਹ 'ਤੇ ਨਿੱਤ ਨਵੀਆਂ ਮੰਜ਼ਿਲਾਂ ਵੱਲ , ਨਵੇਂ ਸਾਥੀਆਂ ਸੰਗ , ਨਵੇਂ ਕਾਫਲੇ ਉਸਾਰਦੇ ਹੋਏ ।
ਇਸ ਤੋਂ ਬਾਅਦ ਵੀ ਹਰਿਭਜਨ ਨੇ ਆਪਣੀ ਯੋਗ ਸਾਧਨਾ ਜਾਰੀ ਰਖੀ ਸੀ । ਯੋਗ ਸਮ੍ਰਿਤੀ ਦੇ ਅਚਾਰੀਆ ਨਰਿੰਦਰ ਦੇਵ ਤੋਂ ਉਨ੍ਹਾਂ ਹੱਠ ਯੋਗ ਦੀ ਵਿੱਦਿਆ ਹਾਸਲ ਕੀਤੀ । ਇਹ ਵਿਦਿਆ ਤੁਹਾਡੇ ਤੰਤੂ-ਪ੍ਰਬੰਧ ਵਿਚ ਆਏ ਵਿਗਾੜਾਂ ਅਤੇ ਅਸੰਤੁਲਨ ਨੂੰ ਦੂਰ ਕਰਨ ਲਈ ਰਾਮ-ਬਾਣ ਵਾਂਗ ਕੰਮ ਕਰਦੀ ਸੀ । ਸੰਸਾਰ ਪ੍ਰਸਿੱਧ ਸ਼ਿਵਾਨੰਦ ਆਸ਼ਰਮ ਤੋਂ ਸਨਾਤਨ ਧਰਮ ਦੀਆਂ ਸਦੀਵੀ ਸਚਾਈਆਂ ਦੀ ਸਿੱਖਿਆ ਹਾਸਲ ਕੀਤੀ । ਰਿਸ਼ੀਕੇਸ਼ ਵਰਗੀ ਰਮਣੀਕ ਜਗ੍ਹਾ ਉਤੇ ਸਥਿਤ ਇਹ ਆਸ਼ਰਮ ਰੂਹਾਨੀ ਚੇਤਨਾ ਦਾ ਇਕ ਪੁਰਾਤਨ ਸਰੋਤ ਸੀ । ਇਥੋਂ ਹੀ ਸੁਆਮੀ ਚਿਦਾਨੰਦ , ਸਵਾਮੀ ਵਿਸ਼ਨੂ ਦੇਵਾਨੰਦ ਅਤੇ ਸਵਾਮੀ ਸੱਚਿਦਾ ਨੰਦ ਵਰਗੀਆਂ ਸ਼ਖ਼ਸੀਅਤਾਂ ਨੇ ਧਰਮ ਦੀ ਦੀਕਸ਼ਾ ਹਾਸਲ ਕੀਤੀ ਸੀ । ਧਰਮ ਦੇ ਇਸ ਸਰੋਤ ਵਿਚੋਂ ਯੋਗੀ ਜੀ ਨੇ ਸਨਾਤਮ-ਧਰਮ ਧਾਰਾ ਦੇ ਰੰਗ ਵਿਚ ਆਪਣੇ ਹਿਰਦੇ ਅਤੇ ਚੇਤਨਾ ਨੂੰ ਪੂਰੀ ਤਰ੍ਹਾਂ ਰੰਗ ਲਿਆ ਸੀ ।
ਸੰਤ ਰਣਜੀਤ ਸਿੰਘ ਜੀ ਵੀ ਸ੍ਰੀ ਸਿੰਘ ਸਾਹਿਬ ਹਰਿਭਜਨ ਜੀ ਦੇ ਉਸ ਦੌਰ ਦੇ ਅਹਿਮ ਟੀਚਰਾਂ ਵਿਚੋਂ ਇਕ ਸਨ । ਉਨ੍ਹਾਂ ਯੋਗੀ ਜੀ ਨੂੰ ਸਰਵਕਾਲੀ ਤੇ ਸਰਵ-ਭੌਮਿਕ ਰੂਹਾਨੀਅਤ ਦਾ ਪਾਠ ਪੜ੍ਹਾਇਆ ਸੀ । ਇਸ ਦੇ ਹਮਰਾਹ ਹੀ ਉਨ੍ਹਾਂ ਨੇ ਵੱਖ ਵੱਖ ਧਰਮਾਂ ਦੇ ਵੱਖ ਵੱਖ ਵਿਚਾਰਾਂ ਅਤੇ ਸੰਕਲਪਾਂ ਦੀ ਰੂਹਾਨੀਅਤ ਦੇ ਸੰਦਰਭ ਵਿਚ ਵਿਆਖਿਆ ਵੀ ਕੀਤੀ ਸੀ । ਇੰਨੀ ਛੋਟੀ ਉਮਰ ਵਿਚ ਇਹ ਸਭ ਕੁਝ ਨੂੰ ਹਜ਼ਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ । ਪਰ ਗਿਆਨ ਲਈ ਹਰਿਭਜਨ ਦੀ ਪਿਆਸ ਦੀ ਕੋਈ ਥਾਹ ਨਹੀਂ ਸੀ । ਉਨ੍ਹਾਂ ਦਾ ਖੋਜੀ ਮਨ ਦੂਰ-ਦੁਰਡੇ ਜੋਗੀਆਂ, ਸਾਧਾਂ , ਸੁਆਮੀਆਂ , ਜਿਥੇਂ ਵੀ ਕਿਧਰੇ ਗਿਆਨ ਦੀ ਲੋਅ ਦਿਖਾਈ ਪੈਂਦੀ , ਦੇ ਡੇਰਿਆਂ ਵੱਲ ਲਈ ਫਿਰਦਾ ।
ਇਹ ਸਭ ਕੁਝ ਇਕ ਤਰ੍ਹਾਂ ਨਾਲ ਉਸ ਸਖ਼ਸ਼ ਦੇ ਹੋਂਦ ਵਿਚ ਆਉਣ ਦਾ ਲੰਮਾ ਅਮਲ ਹੀ ਸੀ , ਜਿਸ ਨੇ ਪਛੱਮ ਵਿਚ ਜਾ ਕੇ ਸਿੱਖ ਧਰਮ ਦੀ ਬੁਨੀਆਦ ਰੱਖਣੀ ਸੀ । ਸਿਰਫ ਇੰਨਾ ਹੀ ਨਹੀਂ , ਇਸ ਦੇ ਨਾਲ ਹੀ ਨਾਲ ਫਿਰਕੂ ਹਨੇਰੀਆਂ ਅਤੇ ਸਭਿਆਤਾਵਾਂ ਦੇ ਟਕਰਾੳ ਦੇ ਇਸ ਦੌਰ ਵਿਚ ਰੂਹਾਨੀ ਏਕਤਾ ਅਤੇ ਪੂਰਵ-ਪਛਮ ਦੇ ਮਿਲਨ ਦਾ ਮੁੱਢ ਬੰਨ੍ਹਣਾ ਸੀ । ਇਹ ਸਭ ਕੁਝ ਤੋਂ ਬੇਖਬਰ ਸੱਚ ਦਾ ਪਾਂਧੀ ਹਰਿਭਜਨ ਉਨ੍ਹੀਂ ਦਿਨੀਂ ਪੂਰੀ ਤਨਦੇਹੀ ਨਾਲ ਆਪਣੀ ਤਲਾਸ਼ ਨੂੰ ਜੀ ਰਿਹਾ ਸੀ । ਇਸ ਸਾਰੀ ਭਾਲ ਦੇ ਬਾਵਜੂਦ ਉਸ ਅੰਦਰ ਕਿਤੇ ਵੀ ਭਟਕਨ ਨਹੀਂ ਸੀ । ਅੰਦਰਲੇ ਧਰਾਤਲ ਉਤੇ ਉਸ ਦੇ ਪੈਰ ਪੂਰੀ ਤਰ੍ਹਾਂ ਟਿਕੇ ਹੋਏ ਸਨ । ਉਹ ਕਬੀਰ ਦੇ ਇਸ ਦੋਹੇ ਲਈ ਇਕ ਢੁਕਵੀਂ ਮਿਸਾਲ ਸੀ,
ਸਾਧੂ ਐਸਾ ਚਾਹੀਏ, ਜੈਸੇ ਸੂਪ ਸੁਭਾਏ
ਸਾਰ ਸਾਰ ਕੋ ਗਹਿ ਲਏ, ਥੋਥਾ ਦਏ ਉਡਾਏ ।