Monday, November 23, 2009

ਸਿੱਖਾਂ ਦੀ ਪਹਿਲੀ ਪੱਛਮੀ ਟਕਸਾਲ/ ਬਲਕਾਰ ਸਿੰਘ

ਸਿੱਖਾਂ ਦੀ ਗਲ ਇਸ ਵੇਲੇ ਜਿਸ ਤਰ੍ਹਾਂ ਦੂਰ ਤਕ ਪਹੁੰਚ ਗਈ ਹੈ, ਉਸ ਤਰ੍ਹਾਂ ਸਿੱਖੀ ਦੀ ਗਲ ਨਹੀਂ ਪਹੁੰਚ ਸਕੀ। ਕਾਰਣ ਇਹ ਜਾਪਦਾ ਹੈ ਕਿ ਸਿੱਖ ਤਾਂ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚ ਗਏ ਹਨ, ਪਰ ਸਿੱਖੀ ਦੀ ਲੋਂੜੀਂਦੀ ਪਹਿਰੇਦਾਰੀ ਨਹੀਂ ਹੋ ਰਹੀ। ਇਸਦੇ ਬਾਵਜੂਦ ਬਾਕੀ ਧਰਮ ਆਧਾਰਿਤ ਕੌਮੀਅਤਾਂ ਨਾਲੋਂ ਸਿੱਖਾਂ ਦਾ ਇਹ ਫਰਕ ਹੈ ਕਿ ਜਿਥੇ ਵੀ ਸਿੱਖ ਪਹੁੰਚ ਗਿਆ ਹੈ, ਉਥੇ ਗੁਰਦੁਆਰਾ ਵੀ ਜ਼ਰੂਰ ਪਹੁੰਚ ਗਿਆ ਹੈ। ਗੁਰਦੁਆਰਾ ਸੰਸਥਾ ਦੇਸ਼ ਅਤੇ ਬਦੇਸ਼ ਵਿਚ ਸਿੱਖ ਅਤੇ ਸਿੱਖੀ ਵਿਚਕਾਰ ਸੰਤੁਲਨ ਸਥਾਪਤ ਕਰਨ ਵਿਚ ਜਿਵੇਂ ਜਿਵੇਂ ਫੇਲ੍ਹ ਹੁੰਦੀ ਜਾ ਰਹੀ ਹੈ, ਤਿਵੇਂ ਤਿਵੇਂ ਸਿੱਖ-ਪਛਾਣ ਦਾ ਸੰਕਟ ਵਧਦਾ ਜਾ ਰਿਹਾ ਹੈ। ਇਸ ਨਾਲ ਸਿੱਖ ਜਜ਼ਬੇ ਅਤੇ ਸਿੱਖ -ਪਛਾਣ ਵਿਚ ਦੂਰੀਆਂ ਪੈਦਾ ਹੁੰਦੀਆਂ ਜਾ ਰਹੀਆਂ ਹਨ। ਇਸ ਵਿਚੋਂ ਪੈਦਾ ਹੋ ਰਹੇ ਉਦਰੇਵੇਂ ਨੂੰ ਝੇਲਣ ਲਈ ਗੁਰਦੁਆਰਾ ਸੰਸਥਾ ਅਹਿਮ ਭੂਮਿਕਾ ਜ਼ਰੂਰ ਨਿਭਾ ਰਹੀ ਹੈ। ਪੱਛਮੀ ਖਿੱਤੇ ਅੰਦਰ ਗੁਰਦੁਆਰਿਆਂ ਦੇ ਨਿਰਮਾਣ ਵਿਚ ਪਤਿਤ ਸਿੱਖਾਂ ਦੇ ਰੋਲ ਦੇ ਹਵਾਲੇ ਨਾਲ ਇਸ ਸਥਿਤੀ ਨੂੰ ਸੌਖਿਆਂ ਸਮਝਿਆ ਜਾ ਸਕਦਾ ਹੈ। ਸਿੱਖੀ ਦੇ ਪਰਚਾਰਕਾਂ ਨੇ ਇਸ ਸਥਿਤੀ ਵਿਰੁਧ ਆਵਾਜ਼ ਉਠਾਉਣ ਦੀ ਥਾਂ ਇਸ ਨਾਲ ਸਮਝੌਤਾ ਕਰ ਲਿਆ ਜਾਪਦਾ ਹੈ। ਇਹੋ ਜਿਹੀ ਹਾਲਤ ਵਿਰੁਧ ਇਕ ਲਹਿਰ ਹਰਿਭਜਨ ਸਿੰਘ ਖਾਲਸਾ ਯੋਗੀ ਜੀ ਨੇ 1969-70 ਵਿਚ ਸ਼ੁਰੂ ਕੀਤੀ ਸੀ, ਜਿਹੜੀ ਇਸ ਵੇਲੇ '' ਸਿੱਖ-ਧਰਮਾ'' ਸੰਸਥਾ ਵਜੋਂ ਸਫਲਤਾ ਸਹਿਤ ਚਲ ਰਹੀ ਹੈ। ਯੋਗੀ ਜੀ ਨੇ ਇਕ ਪਾਸੇ ਗੁਰਦੁਆਰਾ ਪ੍ਰਬੰਧਕਾਂ ਦੀ ਸਹਾਇਤਾ ਨਾਲ ਚਲਣ ਵਾਲੇ ਪਰਚਾਰਕ ਹੋਣ ਤੋਂ ਇਨਕਾਰ ਕੀਤਾ ਸੀ ਅਤੇ ਦੂਜੇ ਪਾਸੇ ਗੁਰਦੁਆਰੇ ਨੂੰ ਸਿਆਸਤ ਤੋਂ ਮੁਕਤ ਰਖਣ ਲਈ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਨੇ ਪਛਮੀ ਚਕਾਚੌਂਧ ਦੇ ਪ੍ਰਭਾਵ ਹੇਠ ਪਤਿਤ ਹੋ ਰਹੇ ਸਿੱਖਾਂ ਨੂੰ ਪਿਊ ਦਾਦੇ ਦਾ ਖਜ਼ਾਨਾ ਚੇਤੇ ਕਰਵਾਉਂਦਿਆਂ ਗੁਰੂ ਤੋ ਬੇਮੁਖ ਹੋਣ ਤੋਂ ਵਰਜਣ ਲਈ ਸਖਤ ਸ਼ਬਦਾਵਲੀ ਵੀ ਵਰਤੀ ਸੀ।ਇਸ ਵਿਚੋਂ ਉਹਨਾਂ ਦੀ ਅਗਵਾਈ ਵਿਚ ਜੋ ਕੁਝ ਸਾਹਮਣੇ ਆਇਆ, ਉਹਨੂੰ ਪਹਿਲੀ ਪੱਛਮੀ ਸਿੱਖ ਠਕਸਾਲ ਕਿਹਾ ਜਾ ਸਕਦਾ ਹੈ। ਸਿੱਖ ਟਕਸਾਲਾਂ ਦੇ ਇਤਿਹਾਸ ਵਿਚ ਇਸ ਪੱਛਮੀ ਟਕਸਾਲ ਦੀ ਭੂਮਿਕਾ ਇਸ ਲਈ ਵੀ ਮਹਤਵਪੂਰਨ ਹੋ ਜਾਂਦੀ ਹੈ ਕਿਉਂਕਿ ਪੱਛਮੀ ਖਿੱਤੇ ਵਿਚ ਇਹ ਨਵਾਂ ਤਜਰਬਾ ਸੀ, ਜੋ ਨਾ ਕੇਵਲ ਸਫਲ ਹੋਇਆ, ਸਗੋਂ ਕਰਮ ਤੋਂ ਸਿੱਖੀ ਲਈ ਰੋਲ ਮਾਡਲ ਵੀ ਹੋ ਗਿਆ। ਇਸ ਟਕਸਾਲ ਨੇ ਜਨਮ ਤੋਂ ਸਿੱਖੀ ਦਾ ਮਸਲਾ ਵੀ ਹਲ ਕਰ ਦਿਤਾ ਹੈ।
ਯੋਗੀ ਜੀ ਦੇ ਯੋਗਦਾਨ ਨੂੰ ਪੁਸਤਕ ਰੂਪ ਵਿਚ ਸਾਹਮਣੇ ਲਿਆਉਣ ਲਈ ਜੋ ਪ੍ਰੋਜੇਕਟ ਸ਼ਮੀਲ ਨੇ 2003 ਵਿਚ ਹੱਥ ਵਿਚ ਲਿਆ ਸੀ, ਉਹ 'ਸਿੰਘ ਯੋਗੀ' ਵਜੋਂ ਮੁਕੰਮਲ ਹੋ ਗਿਆ ਹੈ। ਸ਼ਮੀਲ ਨੇ ਯੋਗੀ ਜੀ ਦੁਆਰਾ ਸਿੰਘ ਤੇ ਯੋਗੀ ਦੇ ਸਥਾਪਤ ਕੀਤੇ ਸੁਮੇਲ ਦਾ ਸਿੱਖ ਪ੍ਰਸੰਗ ਸਾਹਮਣੇ ਲਿਆਉਣ ਦਾ ਸਫਲ ਯਤਨ ਕੀਤਾ ਹੈ। ਇਸ ਪੁਸਤਕ ਨੂੰ ਇਸ ਪਾਸੇ ਪਹਿਲਾ ਸੁਜੱਗ, ਸਿਹਤਮੰਦ ਅਤੇ ਲੋਂੜੀਂਦਾ ਕਦਮ ਕਿਹਾ ਜਾ ਸਕਦਾ ਹੈ।ਯੋਗੀ ਜੀ ਦੀ ਸ਼ਾਨ ਇਸ ਗਲ ਵਿਚ ਹੈ ਕਿ ਉਹਨਾਂ ਨੇ ਧਰਮ ਅਤੇ ਆਰਥਕਤਾ ਦਾ ਸੰਤੁਲਨ ਸਥਾਪਤ ਕਰਨ ਦਾ ਜੋ ਮਾਡਲ ਸਾਹਮਣੇ ਲੈ ਆਂਦਾ ਹੈ, ਉਸਦਾ ਆਧਾਰ ਜਾਂ ਪ੍ਰੇਰਨਾ ਸ੍ਰੋਤ ਗੁਰੂ ਰਾਮਦਾਸ ਹੀ ਹਨ। ਲਹਿਰ ਜਿਹੜੀ 70 ਵਿਆਂ ਵਿਚ ਗੁਰੂ ਰਾਮ ਦਾਸ ਜੀ ਦੇ ਨਾਲ ਸ਼ੁਰੂ ਹੋਈ ਸੀ, ਉਹ ਇਸ ਵੇਲੇ ਖਾਲਸਾਈ ਰੰਗ ਵਿਚ ਲਗਾਤਾਰ ਵਿਕਾਸ ਕਰ ਰਹੀ ਹੈ। ਇਸ ਸੰਸਥਾ ਨੂੰ ਯੋਗੀ ਜੀ ਨੇ ਸਰਕਾਰਿ-ਖਾਲਸਾ ਵਜੋਂ ਅਮਰੀਕਨ ਸਿੰਘਾਂ ਦੀ ਮਾਨਸਿਕਤਾ ਵਿਚ ਬਹੁਤ ਡੂੰਘਾ ਉਤਾਰ ਦਿੱਤਾ ਹੈ। ਸੰਸਥਾ ਨੂੰ ਸਿਆਸਤ ਤੋ ਮੁਕਤ ਰਖਣ ਦੀ ਸਿੱਖ-ਵਿਧੀ ਤੋਂ ਵੀ ਜਾਣੂ ਕਰਵਾ ਦਿੱਤਾ ਹੈ। ਸੰਕਟ ਦੀ ਘੜੀਆਂ ਵਿਚ ਅਕਾਲ ਦੀ ਸ਼ਰਨ ਜਾਣ ਦਾ ਖਾਲਸਾ ਮਾਰਗ ਵੀ ਸਿੱਖ ਧਰਮ ਵਿਚ ਪਰਵੇਸ਼ ਕਰਨ ਵਾਲਿਆਂ ਨੂੰ ਸਮਝਾ ਦਿਤਾ ਹੈ। ਯੋਗੀ ਜੀ ਦੇ ਅਕਾਲ ਚਲਾਣੇ (6 ਅਕਤੂਬਰ 2004) ਨਾਲ ਇਸ ਸੰਸਥਾ ਨੂੰ ਦਰਪੇਸ਼ ਇਮਤਿਹਾਨ ਵਿਚੋਂ ਭਾਈ ਸਾਹਿਬਾ ਬੀਬੀ ਇੰਦਰਜੀਤ ਕੌਰ (ਯੋਗੀ ਜੀ ਦੀ ਧਰਮ ਪਤਨੀ) ਦੀ ਅਗਵਾਈ ਹੇਠ ਖਾਲਸਾ ਰੰਗ ਵਿਚ ਨਿਕਲਣ ਦੀ ਕੋਸ਼ਿਸ ਜ਼ਾਰੀ ਹੈ। ਸਤਿਨਾਮ ਵਾਹਿਗੁਰੂ ਦੀ ਧੁਨੀ ਹਰ ਉਸ ਥਾਂ ਤੇ ਗੂੰਜਦੀ ਸੁਣੀ ਜਾ ਸਕਦੀ ਹੈ, ਜਿਥੇ ਵੀ ਕੋਈ ਅਮਰੀਕਨ ਸਿੱਖ ਹਾਜ਼ਰ ਹੁੰਦਾ ਹੈ। ਮੈਂ ਇਸ ਗਲ ਦਾ ਸ਼ਾਹਦ ਹਾਂ ਕਿ ਭਾਈ ਵੀਰ ਸਿੰਘ ਦੇ ਨਾਵਲਾਂ ਵਿਚ ਜਿਹੋ ਜਿਹੇ ਖਾਲਸਾ ਪਾਤਰ ਚਿਤਵੇ ਤੇ ਚਿਤਰੇ ਗਏ ਹਨ, ਉਨ੍ਹਾਂ ਦੀ ਝਲਕ ਅਮਰੀਕਨ ਸਿੱਖਾਂ ਵਿਚੋਂ ਵੇਖੀ ਜਾ ਸਕਦੀ ਹੈ। ਅਜੇ ਤਕ ਇਸ ਸੰਸਥਾ ਵਿਚ ਉਸ ਤਰ੍ਹਾਂ ਦੀ ਕੀਰਤਨ ਕਰਨ ਵਾਲੀ, ਪਾਠ ਕਰਨ ਵਾਲੀ ਜਾਂ ਸੇਵਾ ਕਰਨ ਵਾਲੀ ਤਨਖਾਹਦਾਰ ਸ਼੍ਰੇਣੀ ਪੈਦਾ ਜਾਂ ਸਥਾਪਤ ਨਹੀਂ ਹੋਈ, ਜਿਹੋ ਜੇਹੀ ਕੀਰਤਨੀਆਂ, ਪਾਠੀਆਂ ਅਤੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲਿਆਂ ਦੇ ਰੂਪ ਵਿਚ ਬਾਕੀ ਥਾਂਵਾਂ ਤੇ ਪੈਦਾ ਹੋ ਚੁਕੀ ਹੈ। ਸਿੱਖ-ਧਰਮਾ ਸੰਸਥਾ ਦੇ ਗੁਰੂਦੁਆਰਿਆਂ ਵਿਚ ਇਹ ਸਾਰੀਆਂ ਭੂਮਿਕਾਵਾਂ ਗੁਰੂ ਦੇ ਸਿੰਘ ਆਪੋ ਆਪਣੇ ਕਮਾਈ ਸਾਧਨਾਂ ਤੋਂ ਵਾਧੂ ਸਮੇ ਵਿਚ ਨਿਭਾਉਂਦੇ ਹਨ । ਜੋ ਸਤਿਕਾਰ ਗ੍ਰੰਥ ਅਤੇ ਪੰਥ ਦਾ ਇਸ ਸੰਸਥਾ ਅੰਦਰ ਅਮਲ ਵਿਚ ਨਿਭਾਇਆ ਜਾ ਰਿਹਾ ਹੈ, ਉਹ ਪੁਰਾਤਨ ਸਿੱਖ ਪਰੰਪਰਾ ਨਾਲ ਵਧੇਰੇ ਮੇਲ ਖਾਂਦਾ ਹੈ। ਪਰ ਨਾਲ ਹੀ ਆਧੁਨਿਕਤਾ ਨੂੰ ਪਰੰਪਰਾ ਦੀ ਸਾਂਭ ਸੰਭਾਲ ਲਈ ਜਿਵੇਂ ਇਸ ਸੰਸਥਾ ਵਿਚ ਵਰਤਿਆ ਜਾ ਰਿਹਾ ਹੈ, ਉਹ ਇਸ ਖਿੱਤੇ ਵਿਚ ਬਾਕੀ ਧਾਰਮਿਕ ਅਦਾਰਿਆਂ ਅੰਦਰ ਇਸ ਮਾਤਰਾ ਵਿਚ ਨਜ਼ਰ ਨਹੀਂ ਆਉਂਦਾ।
ਯੋਗੀ ਜੀ ਦੀ ਇਹ ਕੋਸ਼ਿਸ ਰਹੀ ਸੀ ਕਿ ਉਹ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਤੁਰਨ ਦੀ ਪੰਥਕਤਾ, ਅਮਰੀਕਨ ਸਿੰਘਾਂ ਦੀ ਮਾਨਸਿਕਤਾ ਦਾ ਹਿਸਾ ਬਣਾ ਸਕਣ ਅਤੇ ਉਹਨਾਂ ਨੂੰ ਫਖਰ ਸੀ ਕਿ ਉਹਨਾਂ ਤੋਂ ਗੁਰੂ ਜੀ ਨੇ ਇਹ ਸੇਵਾ, ਉਹਨਾਂ ਦੇ ਸਿਰ ਤੇ ਹੱਥ ਰਖ ਕੇ ਲੈ ਲਈ ਹੈ। ਉਹ ਕਹਿੰਦੇ ਹੁੰਦੇ ਸਨ ਕਿ ਏਨੇ ਥੋੜੇ ਸਮੇ ਵਿਚ ਏਨੀਆਂ ਵਡੀਆਂ ਪ੍ਰਾਪਤੀਆਂ ਕੇਵਲ ਗੁਰੂ ਦੀ ਮਿਹਰ ਨਾਲ ਹੀ ਹੋ ਸਕਦੀਆਂ ਹਨ। ਅਮਰੀਕਨ ਸਿੰਘਾਂ ਕੋਲ ਸੁਨਾਉਣ ਨੂੰ ਬਹੁਤ ਸਾਰੀਆਂ ਕਹਾਣੀਆਂ ਹਨ। ਉਹਨਾਂ ਨੇ ਜੋ ਸਫਰ ਯੋਗੀ ਜੀ ਦੀ ਅਗਵਾਈ ਵਿਚ ਨੰਗੇਂ ਪੈਰੀਂ ਸ਼ੁਰੂ ਕੀਤਾ ਸੀ, ਅੱਜ ਉਹ ਸ਼ਨਾਮੱਤੀਆਂ ਪ੍ਰਾਪਤੀਆਂ ਦਾ ਮਾਲਕ ਹੈ। ਕਿਸੇ ਵੇਲੇ ਖਸਤਾ ਹਾਲਤ ਵਿਚ ਪਾਰਕ ਕੀਤੀ ਹੋਈ ਕਾਰ ਨੂੰ ਵੇਖਕੇ ਅੰਦਾਜ਼ਾ ਲਗਦਾ ਰਿਹਾ ਸੀ ਕਿ ਇਹ ਅਮਰੀਕਨ ਸਿੰਘ ਦੀ ਕਾਰ ਹੋਵੇਗੀਾ । ਪਰ ਅਜ ਕੀਮਤੀ ਕਾਰ ਨੂੰ ਵੇਖਕੇ ਲੋਕ ਕਹਿੰਦੇ ਹਨ ਕਿ ਇਹ ਅਮਰੀਕਨ ਸਿੰਘ ਦੀ ਕਾਰ ਹੋਵੇਗੀ। ਇਹ ਸੰਸਥਾ ਥਿੜਕਣ ਅਤੇ ਤਿਲਕਣ ਦੇ ਪੜਾਵਾਂ ਵਿਚੋਂ ਸਫਲ ਹੋਕੇ ਲਗਾਤਾਰ ਲੰਘੀ ਹੈ। ਇਸ ਸੰਸਥਾ ਵਲੋਂ ਚਲਾਏ ਜਾਂਦੇ ਵਪਾਰਕ ਅਦਾਰਿਆਂ ਅੰਦਰ ਵੱਡੀ ਗਿਣਤੀ ਵਿਚ ਅਮਰੀਕਨ ਨਾਗਰਿਕ ਕੰਮ ਕਰਦੇ ਹਨ। ਇਹ ਅਮਰੀਕਨ ਨਾਗਰਿਕ ਭਾਵੇ ਅਜੇ ਤਕ ਸਿੱਖ ਨਹੀਂ ਸਜੇ, ਪਰ ਸਿੱਖ ਸਜਣ ਦੇ ਮਾਰਗ ਤੇ ਉਹ ਤੁਰ ਪਏ ਹਨ। ਹਰ ਅਮਰੀਕਨ ਸਿੰਘ ਉਸ ਭਾਵਨਾ ਵਿਚ ਸਿੱਖ ਮਿਸ਼ਨਰੀ ਹੈ, ਜਿਸ ਭਾਵਨਾ ਵਿਚ ਗੁਰੂ ਦੇ ਸਿੱਖ ਤੋਂ ਆਸ ਕੀਤੀ ਜਾ ਸਕਦੀ ਹੈ। ਏਸੇ ਲਈ ਤਾਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਛਮੀ ਦੇਸ਼ਾਂ ਵਿਚ ਪੱਕੇ ਤੌਰ ਤੇ ਵਸ ਗਏ ਪੰਜਾਬੀਆਂ ਦੇ ਸਿੱਖ ਬੱਚਿਆਂ ਨੂੰ, ਜਿਹੋ ਜਿਹੇ ਧਾਰਮਿਕ ਅਧਿਆਪਕਾਂ/ ਪਰਚਾਰਕਾਂ ਦੀ ਲੋੜ ਹੈ, ਉਹ ਲੋੜ ਕੇਵਲ ਅਮਰੀਕਨ ਸਿੰਘ ਹੀ ਪੂਰੀ ਕਰ ਸਕਦੇ ਹਨ। ਇਸ ਗਲ ਨੂੰ ਧਿਆਨ ਵਿਚ ਰੱਖਦਿਆਂ, ਯੋਗੀ ਜੀ ਨੇ ਅਮਰੀਕਨ ਸਿੱਖ ਬੱਚਿਆਂ ਦੀ ਸਕੂਲੀ ਪੜਾਈ ਲਈ ਅੰਮ੍ਰਿਤਸਰ ਵਿਚ ਮੀਰੀ ਪੀਰੀ ਅਕਾਦਮੀ ਸ਼ੁਰੂ ਕੀਤੀ ਸੀ। ਦੁਨੀਆ ਵਿਚੋ ਲੋਕ ਬਚਿਆਂ ਨੂੰ ਪੜਾਉਣ ਲਈ ਅਮਰੀਕਾ ਜਾਣ ਲਈ ਤਰਲੇ ਲੈਂਦੇ ਹਨ, ਪਰ ਵੱਖ ਵੱਖ ਕੌਮੀਅਤਾਂ ਦੇ 100 ਤੋਂ ਵੱਧ ਬੱਚੇ ਅਮਰੀਕਾ ਨੂੰ ਛੱਡ ਕੇ ਇਸ ਲਈ ਅੰਮ੍ਰਿਤਸਰ ਵਿਚ ਪੜ੍ਹ ਰਹੇ ਹਨ ਕਿਉਂਕਿ ਯੋਗੀ ਜੀ ਇਹ ਕਹਿੰਦੇ ਹਨ ਕਿ ਗੁਰੂ ਰਾਮ ਦਾਸ ਜੀ ਦੇ ਚਰਨ ਪਰਸਨ ਨਾਲ ਸਾਰੀਆਂ ਨਿਹਮਤਾਂ ਪ੍ਰਾਪਤ ਹੁੰਦੀਆਂ ਹਨ। ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਿਵੇਂ ਨੇਮ ਨਾਲ ਇਹ ਬੱਚੇ ਜਾਂਦੇ ਹਨ, ਸ਼ਾਇਦ ਹੀ ਪੰਜਾਬੀ ਸਿੱਖਾਂ ਦੇ ਬੱਚੇ ਜਾਂਦੇ ਹੋਣ ? ਯੋਗੀ ਜੀ ਦੇ ਬੀਜੇ ਹੋਏ ਸੁਪਨਿਆਂ ਨੂੰ ਫਲ ਲਗਣਾ ਸ਼ੁਰੂ ਹੋ ਗਿਆ ਹੈ ਅਤੇ ਅਮਰੀਕਨ ਸਿੰਘਾਂ ਦੀ ਤੀਜੀ ਪੀੜ੍ਹੀ ਖਾਲਸਾਈ ਬਾਣੇ ਵਿਚ ਸਿੱਖ-ਧਰਮਾ ਸੰਸਥਾ ਦੇ ਅਦਾਰਿਆ ਨੂੰ ਬਾਖੂਬੀ ਸੰਭਾਲ ਰਹੀ ਹੈ। ਇਹ ਸਾਰੇ ਪਖ ਸਿੰਘ ਯੋਗੀ ਪੁਸਤਕ ਵਿਚ ਯੋਗੀ ਜੀ ਦੀ ਜੀਵਨੀ ਦਾ ਹਿੱਸਾ ਹੋ ਗਏ ਹਨ।
ਮੈਂ ਮਹਿਸੂਸ ਕਰਦਾਂ ਹਾਂ ਕਿ ਸ਼ਮੀਲ/ਬਲਰਾਮ ਨੇ 20ਵੀਂ ਸਦੀ ਦੇ ਇਸ ਸਿੱਖ ਕ੍ਰਿਸ਼ਮੇਂ ਨੂੰ ਸਮਝਣ ਸਮਝਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਇਸ ਸੰਸਥਾ ਨੂੰ ਪਛਮੀ ਖਿੱਤੇ ਵਿਚ ਚਲੀਆਂ ਹੋਰ ਧਾਰਮਿਕ ਲਹਿਰਾਂ ਦੇ ਹਵਾਲੇ ਨਾਲ ਸਾਹਮਣੇ ਲਿਆਉਣ ਦੀ ਕੋਸ਼ਿਸ ਕੀਤੀ ਹੈ, ਉਹ ਆਪਣੇ ਆਪ ਵਿਚ ਇਕ ਪ੍ਰਾਪਤੀ ਹੈ। ਯੋਗੀ ਜੀ ਬਾਰੇ ਗੱਲਾਂ ਨੂੰ ਸਮੇਟ ਲੈਣਾ ਵੀ ਬਹਾਦਰੀ ਵਾਲੀ ਗੱਲ ਹੈ। ਉਨ੍ਹਾਂ ਜੋ ਲਿਖਿਆ ਉਹ ਤਾਂ ਛਪਣਾ ਹੀ ਸੀ, ਜੋ ਕੁਝ ਬੋਲਿਆ ਉਹ ਵੀ ਸੰਭਾਲਿਆ ਹੋਇਆ ਹੈ। ਉਹ ਕਵੀ ਵੀ ਸਨ। ਉਹਨਾਂ ਨਾਲ ਜੁੜੀਆਂ ਹੋਈਆਂ ਘਟਨਾਵਾਂ ਦੀ ਦਾਸਤਾਨ ਵੀ ਬੜੀ ਲੰਮੀ ਹੈ। ਉਹ ਨਹੀ ਰਹੇ ਤਾਂ ਉਨ੍ਹਾਂ ਦੀਆਂ ਯਾਦਾਂ ਦੀ ਕਥਾ ਵੀ ਹੁੰਦੀ ਰਹਿਣੀ ਹੈ। ਉਹ ਖੁਸ਼ਕਿਸਮਤ ਸਨ ਕਿ ਉਨ੍ਹਾਂ ਦੀ ਔਲਾਦ ਨੇ ਸਿੱਖੀ ਦੀ ਲਾਜ ਰਖੀ ਹੋਈ ਹੈ। ਯੋਗੀ ਜੀ ਕਹਿੰਦੇ ਸਨ ਕਿ ਸਿੱਖ ਮਾਵਾਂ ਦੇ ਬੱਚੇ ਅਸਿੱਖ ਕਿਵੇਂ ਹੋ ਸਕਦੇ ਹਨ। ਸਿੱਖੀ ਦੇ ਘਰ ਵਿਚ ਪਹਿਰਾ ਦੇਣ ਲਈ ਉਹ ਆਪਣੀ ਪਤਨੀ ਬੀਬੀ ਇੰਦਰਜੀਤ ਕੌਰ ਦੀ ਪ੍ਰਸ਼ੰਸਾ ਕਰਦੇ ਹੁੰਦੇ ਸਨ। ਉਹਨਾਂ ਦਾ ਵਡਾ ਪੁਤਰ ਰਣਬੀਰ ਸਿੰਘ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸੁਰ ਵਿਚ ਕਰ ਸਕਦਾ ਹੈ। ਉਹਨਾਂ ਦਾ ਛੋਟਾ ਪੁਤਰ ਕੁਲਬੀਰ ਸਿੰਘ ਉਹਨਾਂ ਦੇ ਬਾਦਸ਼ਾਹੀ ਤੱਤਾਂ ਨੂੰ ਜਿਊਂ ਰਿਹਾ ਹੈ। ਉਹਨਾਂ ਦੀ ਧੀ ਕੰਵਲਜੀਤ ਕੌਰ ਵਿਚੋਂ ਉਹਨਾਂ ਦੀ ਕਵਿਤਾ ਉੜਾਣ ਦੇ ਦੀਦਾਰੇ ਕੀਤੇ ਜਾ ਸਕਦੇ ਹਨ। ਬੀਬੀ ਇੰਦਰਜੀਤ ਕੌਰ ਬਾਰੇ ਤਾਂ ਉਹ ਆਪ ਹੀ ਕਹਿੰਦੇ ਹੁੰਦੇ ਸੀ ਕਿ ਪਰਿਵਾਰ ਵਿਚ ਗੁਰੂ ਦੀ ਸਿੱਖੀ ਨੂੰ ਇਹ ਸੰਭਾਲ ਬੈਠੀ ਹੈ। ਪਰ ਸ਼ਮੀਲ/ਬਲਰਾਮ ਦੀ ਇਹ ਪਾਪਤੀ ਹੈ ਕਿ ਉਨ੍ਹਾਂ ਨੇ ਏਡੀ ਵਸੀਹ ਸ਼ਖਸ਼ੀਅਤ ਨਾਲ ਤੁਰਨ ਦਾ ਸਾਹਸ ਕੀਤਾ ਹੈ।
ਉਹਨਾਂ ਨੂੰ ਪੰਜਾਬ ਦਾ ਉਦਰੇਵਾਂ ਬੜਾ ਸਤਾਉਂਦਾ ਹੁੰਦਾ ਸੀ। ਉਹਨਾਂ ਨੇ ਇਕ ਵਾਰ ਮੈਨੂੰ ਲਿਖਵਾਇਆ ਸੀ ਅਤੇ ਸ਼ਾਇਦ ਛਪ ਵੀ ਗਿਆ ਹੋਵੇਗਾ ਕਿ ''ਜਨਮ ਭੂਮੀ ਦਾ ਮੋਹ ਬੜਾ ਜ਼ਾਲਿਮ ਹੁੰਦਾ ਹੈ। ਇਸ ਗਲ ਦਾ ਇਹਸਾਸ ਮੈਨੂੰ ਅਮਰੀਕਨ ਸ਼ਹਿਰੀ ਹੋ ਜਾਣ ਤੋਂ ਬਾਅਦ ਬੜੀ ਸ਼ਿੱਦਤ ਨਾਲ ਹੋ ਰਿਹਾ ਹੈ। ਗੁਰੂ ਰਾਮਦਾਸ ਦੀਆਂ ਮਿਹਰਾਂ ਦਾ ਅਨੰਦ ਮਾਣਦਿਆਂ ਵੀ, ਗੁਰੂਆਂ ਦੀ ਧਰਤੀ ਦੇ ਉਦਰੇਂਵੇਂ ਦਾ ਭਾਰ ਹਲਕਾ ਕਰਨ ਲਈ ਮੌਕਾ ਮਿਲਦਿਆਂ ਹੀ ਪੰਜਾਬ ਨੂੰ ਭੱਜੀਦਾ ਹੈ। ਦੁੱਖ ਹੁੰਦਾ ਹੈ ਇਹ ਵੇਖਕੇ ਕਿ ਸਿੱਖ ਅਤੇ ਸਿੱਖ ਸਿਆਸਤਦਾਨ ਵਿਚ ਪਾੜਾ ਦਿਨੋ ਦਿਨ ਵਧ ਰਿਹਾ ਹੈ। ਇਹ ਤਾਂ ਨਹੀ ਭੁਲਣਾ ਚਾਹੀਦਾ ਕਿ ਪੰਥ ਗੁਰੂ ਦਾ ਹੈ। ਸੋ ਗੁਰੂ ਹੈ ਤਾਂ ਪੰਥ ਹੈ। ਪਰ ਜੇ ਸਿੱਖ ਗੁਰੂ ਨੂੰ ਹੀ ਭੁਲ ਗਿਆ ਤਾਂ ਪੰਥ ਖਤਰੇ ਵਿਚ ਆ ਜਾਏਗਾ। ਇਹ ਹੁੰਦਾ ਰਿਹਾ ਹੈ, ਪਰ ਸਿੱਖ ਆਪਣੇ ਵਿਸ਼ਵਾਸ ਅਤੇ ਚੇਤਨਾ ਦੇ ਸਹਾਰੇ ਇਸ ਵਿਚੋਂ ਨਿਕਲਦੇ ਰਹੇ ਹਨ''। ਇਹ ਹਵਾਲਾ ਇਹ ਦਸਣ ਲਈ ਦਿਤਾ ਹੈ ਕਿ ਉਹ ਵਿਦਵਤਾ ਅਤੇ ਪ੍ਰਬੰਧਕੀ ਯੋਗਤਾ ਦਾ ਸੁੰਦਰ ਸੁਮੇਲ ਸਨ। 20ਵੀਂ ਸਦੀ ਦੇ ਸਿੱਖ ਮਿਸ਼ਨਰੀ ਵਜੋਂ ਉਹਨਾਂ ਨੇ ਸਿੱਖੀ ਦੇ ਪਰਚਾਰ ਲਈ ਆਧੁਨਿਕ ਅਤੇ ਵਿਗਿਆਨਕ ਵਿਧੀਆਂ ਨੂੰ ਅਮਲ ਵਿਚ ਲਿਆਂਦਾ ਸੀ। ਇਉਂ ਉਹ ਸਦੀ ਦੇ ਸਿੱਖ ਮਾਡਲ ਹੋ ਗਏ ਹਨ। ਜਿੰਨੀਆਂ ਕੌਮੀਅਤਾ ਦੇ ਜਗਿਆਸੂਆਂ ਨੂੰ ਉਹਨਾਂ ਨੇ ਗੁਰੂ ਦੇ ਲੜ ਲਾਇਆ, ਉਸ ਵਿਚ ਵੀ ਉਹ ਆਪਣੀ ਮਿਸਾਲ ਆਪ ਹੀ ਹਨ। ਧਰਮ ਦੇ ਨਾਮ ਤੇ ਪਾਖੰਡੀਆਂ ਦੇ ਬਖੀਏ ਉਧੇੜਣ ਦੇ ਉਹ ਕਲਾਕਾਰ ਹੋ ਗਏ ਸਨ। ਉਹਨਾਂ ਨੇ ਇੰਗਲੈਂਡ ਵਿਚ ਇਕ ਗੁਰੂ ਅਖਵਾਉਣ ਵਾਲੇ ਸਿੱਖ ਨੂੰ ਕਿਹਾ ਸੀ ਕਿ ''ਤੁਸੀਂ ਗੁਰੂ ਅਤੇ ਅਸੀਂ ਸਤਿਗੁਰੂ ਖਾਲਸਾ ਮੇਰਾ ਸਤਿਗੁਰੂ ਪੂਰਾ''। ਇਕ ਕਰਾਮਾਤੀ ਸੰਤ ਨੂੰ ਉਹਨਾਂ ਨੇ ਕਿਹਾ ਸੀ ਕਿ ''ਤੁਸੀਂ ਇਹ ਕਰਾਮਾਤ ਕਰੋ ਕਿ ਤੁਹਾਨੂੰ ਰੋਜ਼ ਹਜਾਮਤ ਨਾ ਕਰਨੀ ਪਵੇ''? ਸਿੱਖ ਜੁਝਾਰੂਆਂ ਦੇ ਸੁਆਲਾਂ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਸੀ ਕਿ '' ਖਾਲਸੇ ਤਾਂ ਤੁਸੀਂ ਲਗਦੇ ਹੋ। ਇਕਠੇ ਹੋ ਜਾਓ। ਖਾਲਿਸਤਾਨ ਤੁਹਾਡੇ ਤਕ ਚਲ ਕੇ ਆ ਜਾਵੇਗਾ''। ਮੂੰਹ ਤੇ ਸਚ ਕਹਿਣ ਲਗਿਆਂ ਉਹ ਬਿਲਕੁਲ ਲਿਹਾਜ ਨਹੀਂ ਰਖਦੇ ਸਨ। ਪਰ ਦੂਜੇ ਪਾਸੇ ਹਲੀਮੀ ਦਾ ਇਹ ਆਲਮ ਸੀ ਕਿ ਉਹਨਾਂ ਨੇ ਆਪਣੇ ਜਨਮ ਨੂੰ 'ਜ਼ੀਰੋ' ਕਹਿਕੇ ਪ੍ਰਾਪਤੀਆਂ ਦੀ ਹਉਮੇ ਤੋਂ ਨਿਜਾਤ ਪਾ ਲਈ ਸੀ ਅਤੇ ਆਪਣੀ ਮੋਤ ਨੂੰ 'ਇਕ' ਕਹਿਕੇ 'ਸਿੱਖ-ਧਰਮਾ' ਸੰਸਥਾ ਦੇ ਵਾਰਸਾਂ ਲਈ ਵੰਗਾਰ ਪੈਦਾ ਕਰ ਦਿੱਤੀ ਹੈ। ਇਹ ਵੰਗਾਰ ਮੁੱਢ ਤੋ ਸ਼ੁਰੂ ਕਰਨ ਦੀ ਹੈ। ਇਸ ਵੰਗਾਰ ਦਾ ਸਾਹਮਣਾ ਮਾਲਕ ਹੋ ਕੇ ਨਹੀਂ ਵਾਰਸ ਹੋ ਕੇ ਕੀਤਾ ਜਾ ਸਕਦਾ ਹੈ। ਮਾਲਕੀ ਨਾਲ ਅਧਿਕਾਰ ਦੀ ਹਉਮੈ ਪੈਦਾ ਹੁੰਦੀ ਹੈ ਅਤੇ ਵਾਰਸ ਜੁੰਮੇਵਾਰੀ ਦੀ ਨੈਤਿਕਤਾ ਹਾਸਲ ਕਰਕੇ ਹੀ ਹੋਇਆ ਜਾ ਸਕਦਾ ਹੈ। ਯੋਗੀ ਜੀ ਦੇ ਸ਼ਬਦਾਂ ਵਿਚ ਮਾਲਕੀ ਕਾਲ ਤੇ ਕਬਜ਼ੇ ਦਾ ਲਾਲਚ ਹੈ, ਜੋ ਕਦੇ ਕਿਸੇ ਨੂੰ ਫਲਿਆ ਨਹੀ। ਇਹੀ ਉਹ ਵੰਗਾਰ ਹੈ ਜਿਸਨੂੰ ਉਹ ਇਕ ਤੋਂ ਸ਼ੁਰੂ ਹੋਣ ਵਾਲਾ ਸਫਰ ਕਹਿ ਗਏ ਹਨ। ਇਹੀ 'ਖਾਲਸੇ ਦਾ ਗੀਤ' ਹੈ, ਜਿਹੜਾ ਮੌਤ ਦੇ ਸਨਮੁਖ ਹੋ ਕੇ ਬਹਾਦਰੀ ਨਾਲ ਜਿਊਣ ਦਾ ਅਲਾਪ ਹੈ । ਯੋਗੀ ਜੀ ਦੀ ਅਗਵਾਈ ਵਿਚ ਇਹ ਖਾਲਸਾ ਗੀਤ ਗਾਇਆ ਜਾਂਦਾਂ ਰਿਹਾ ਹੈ ਅਤੇ ਉਹਨਾਂ ਦੀ ਗੈਰ ਹਾਜ਼ਰੀ ਵਿਚ ਇਸਨੂੰ ਜੀਵੇ ਜਾਣ ਦਾ ਬਿਰਦ ਪਾਲਣ ਦੀ ਵੰਗਾਰ ਸਾਹਮਣੇ ਹੈ।
ਬਾਦਸ਼ਾਹੀ ਮਲੰਗੀ ਦੇ ਮਾਲਕ ਯੋਗੀ ਜੀ ਦੀ ਬਹੁ-ਪਰਤੀ ਸ਼ਖਸ਼ੀਅਤ ਦੇ ਜਿਹੜੇ ਪਖਾਂ ਨੂੰ ਸ਼ਮੀਲ ਅਤੇ ਬਲਰਾਮ ਨੇ ਸਾਹਮਣੇ ਲੈ ਆਂਦਾ ਹੈ, ਉਹ ਪਾਠਕਾਂ ਲਈ ਦਿਲਚਸਪ ਪੜ੍ਹਤ ਹੋ ਗਈ ਹੈ। ਉਹਨਾਂ ਨੂੰ ਇਸ ਵਾਸਤੇ ਵਧਾਈ ਦੇਂਦਾ ਹਾਂ ਅਤੇ ਆਸ ਕਰਦਾ ਹਾਂ ਕਿ ਯੋਗੀ ਜੀ ਨੂੰ ਜਾਨਣ ਦਾ ਇਹ ਪੁਸਤਕ ਅਵਸਰ ਮੁਹੱਈਆ ਕਰੇਗੀ।



ਬਲਕਾਰ ਸਿੰਘ
ਐਸਪੇਨੋਲਾ, ਅਮਰੀਕਾ
ਅਕਤੂਬਰ,2004

No comments:

Post a Comment