ਆਪਣੇ ਹੀ ਦੇਸ਼ ਵਿਚ ਸ਼ਰਨਾਰਥੀਆਂ ਵਾਂਗ ਜੀਵਨ ਬਸਰ ਕਰਨ ਨਾਲੋਂ ਹੋਰ ਵੱਡਾ ਦੁਖਾਂਤ ਕੀ ਹੋ ਸਕਦਾ ਹੈ । ਘਰੋਂ ਬੇਘਰ ਹੋਏ ਹਜ਼ਾਰਾਂ ਪਰਿਵਾਰਾਂ ਨੂੰ ਇਹ ਜੂਨ ਹੰਢਾਉਣੀ ਪੈ ਰਹੀ ਸੀ । ਯੋਗੀ ਭਜਨ ਦਾ ਪਰਿਵਾਰ ਵੀ ਉਨ੍ਹਾਂ ਵਿਚੋਂ ਇਕ ਸੀ । ਇਕ ਸਮਾਂ ਸੀ ਜਦੋਂ ਪੂਰੇ ਪਿੰਡ 'ਤੇ ਉਨ੍ਹਾਂ ਦੀ ਹਕੂਮਤ ਚਲਦੀ ਸੀ । ਪਰ ਅੱਜ ਤਨ ਦੇ ਕੱਪੜਿਆਂ ਤੋਂ ਛੁੱਟ ਉਨ੍ਹਾਂ ਪਾਸ ਕੁਝ ਵੀ ਨਹੀਂ ਸੀ । ਜਾਨ ਬਚਾਉਂਦੇ ਉਹ ਦਰ ਦਰ ਭਟਕਣ ਲਈ ਮਜਬੂਰ ਸੀ । ਹਾਲਾਤ ਨੇ ਧੱਕ ਕੇ ਉਨ੍ਹਾਂ ਨੂੰ ਦਿੱਲੀ ਸ਼ਹਿਰ ਵਿਚ ਪਹੁੰਚਾ ਦਿੱਤਾ ਸੀ । ਮਾਹੌਲ ਵਿਚ ਅਜੀਬ ਕਿਸਮ ਦੀ ਘੁਟਨ 'ਤੇ ਕੁੜੱਤਨ ਸੀ । ਪੈਸੇ ਧੇਲੇ ਦੇ ਨਾਂ 'ਤੇ ਇਸ ਪਰਿਵਾਰ ਕੋਲ ਸਹੁੰ ਖਾਣ ਨੂੰ ਵੀ ਕੁਝ ਨਹੀਂ ਸੀ ਸਕਿਆ । ਪਰ ਉਨ੍ਹਾਂ ਕੋਲ ਇਕ ਇਹੋ ਜਿਹੀ ਦੌਲਤ ਸੀ, ਜਿਸ ਨੂੰ ਸਮਾਂ ਵੀ ਉਨ੍ਹਾਂ ਕੋਲੋਂ ਖੋਹ ਨਹੀਂ ਸੀ ਸਕਿਆ। ਇਹ ਦੌਲਤ ਸੀ ਹਿੰਮਤ ਅਤੇ ਚੱਟਾਨ ਵਾਂਗ ਮਜ਼ਬੂਤ ਇੱਛਾ ਸ਼ਕਤੀ ਦੀ। ਕਿਰਤ ਦੀ ਬਰਕਤ ਵਿਚ ਉਨ੍ਹਾਂ ਦਾ ਪੂਰਾ ਈਮਾਨ ਸੀ ਤੇ ਮਨ ਅੰਦਰ ਜ਼ਿੰਦਗੀ ਨੂੰ ਮਾਨਣ ਦਾ ਚਾਅ । ਇਹੋ ਗੱਲ ਉਨ੍ਹਾਂ ਨੂੰ ਨਾਲ ਦੇ ਸ਼ਰਨਾਰਥੀਆਂ ਨਾਲੋਂ ਵੱਖ ਕਰਦੀ ਸੀ ।
ਸੂਫੀਆਨਾ ਅੰਦਾਜ਼ ਵਿਚ ਕਹੀਏ ਤਾਂ ਗੱਲ ਸਿਰਫ ਇਹੀ ਹੈ ਕਿ ਸੜਕ ਵਿਚ ਪਿਆ ਪੱਥਰ ਤਾਂ ਪੱਥਰ ਹੀ ਹੁੰਦਾ ਹੈ । ਪਰ ਅਨੀਂਦਰੇ ਵਿਚ ਤੁਰਿਆ ਆਦਮੀ ਉਸ ਨਾਲ ਠੋਕਰ ਖਾ ਕੇ ਸਿਰ ਭਨਾ ਲੈਂਦਾ ਹੈ । ਪਰ ਹੋਸ਼ਮੰਦ ਇਨਸਾਨ ਉਸੇ ਪੱਥਰ ਨੂੰ ਆਪਣਾ ਕਦਬੁੱਤ ਹੋਰ ਉਚੱਾ ਕਰਨ ਲਈ ਇਸਤੇਮਾਲ ਕਰ ਲੈਂਦਾ ਹੈ ਤੇ ਫੇਰ ਉਹ ਉਸ ਪੱਥਰ ਦਾ ਵੀ ਸ਼ੁਕਰਗੁਜ਼ਾਰ ਹੋ ਜਾਂਦਾ ਹੈ ਕਿ ਉਸ ਨੇ ਉਸ ਨੂੰ ਜ਼ਿੰਦਗੀ ਨੂੰ ਇਸ ਬੁਲੰਦੀ ਤੋਂ ਦੇਖਣ ਦਾ ਮੌਕਾ ਦਿੱਤਾ ।
ਇਹ ਦ੍ਰਿਸ਼ਟਾਂਤ ਹਰਿਭਜਨ ਸਿੰਘ ਹੋਰਾਂ ਦੇ ਪਰਿਵਾਰ ਉਤੇ ਪੂਰੀ ਤਰ੍ਹਾਂ ਢੁਕਦਾ ਹੈ । ਮੁਸੀਬਤਾਂ ਦਾ ਮਾਰਿਆ ਤਾਂ ਉਹ ਸਾਰਾ ਦੌਰ ਹੀ ਸੀ, ਪਰ ਇਨ੍ਹਾਂ ਮੁਸੀਬਤਾਂ ਨੇ ਉਨ੍ਹਾਂ ਨੂੰ ਆਪਣੀਆਂ ਸੁੱਤੀਆਂ ਕਲਾਂ ਜਗਾਉਣ ਦਾ ਮੌਕਾ ਦਿੱਤਾ ਸੀ । ਜਦੋਂ ਉਨ੍ਹਾਂ ਦੇ ਨਾਲ ਦੇ ਬਹੁਤ ਸ਼ਰਨਾਰਥੀ ਪਰਿਵਾਰ ਹਾਲੇ ਕੈਂਪਾਂ ਵਿਚ ਹੀ ਧੱਕੇ ਖਾਂਦੇ ਫਿਰਦੇ ਸਨ । ਇਹ ਪਰਿਵਾਰ ਮਾਲੀ ਤੌਰ ਉਤੇ ਮੁੜ ਆਪਣੇ ਪੈਰਾਂ ਉਤੇ ਖੜ੍ਹਾ ਹੋ ਗਿਆ ਸੀ । ਨੌਜਵਾਨ ਹਰਿਭਜਨ ਦਾ ਬਹੁਤਾ ਝੁਕਾ ਭਾਵੇ ਰੂਹਾਨੀਅਤ ਵੱਲ ਸੀ । ਪਰ ਆਪਣੇ ਪਰਿਵਾਰ ਪ੍ਰਤੀ ਆਪਣੀਆਂ ਜ਼ਿਮੇਵਾਰੀਆਂ ਤੋਂ ਉਹ ਰੱਤੀ ਭਰ ਵੀ ਅਵੇਸਲਾ ਨਹੀਂ ਸੀ । ਖਾਨਦਾਨ ਦਾ ਇਕਲੌਤਾ ਚਿਰਾਗ ਹੋਣ ਦੇ ਅਰਥ ਉਹ ਭਲੀ ਭਾਂਤ ਸਮਝਦਾ ਸੀ ।
ਪੰਜਾਂ ਪਾਣੀਆਂ ਦੀ ਧਰਤੀ ਪਿੱਛੇ ਛੁੱਟ ਗਈ ਸੀ । ਜਿਸ ਸਭਿਆਚਾਰਕ ਮਾਹੌਲ ਵਿਚ ਹਰਿਭਜਨ ਦਾ ਬਚਪਨ ਬੀਤਿਆ ਸੀ । ਜਵਾਨੀ ਦੀਆਂ ਪਹਿਲਾਂ ਚਿਣਗਾਂ ਫੁੱਟੀਆਂ ਸਨ , ਉਹ ਸਭ ਹੁਣ ਦੂਰ ਅਤੀਤ ਦੀ ਗੱਲ ਜਾਪਦਾ ਸੀ । ਦਿੱਲੀ ਦਾ ਮਾਹੌਲ ਉਸ ਲਈ ਬਿਲਕੁਲ ਹੀ ਓਪਰਾ ਸੀ । ਉਸ ਦੀ ਉਮਰ ਦੇ ਕਈ ਵਿਦਿਆਰਥੀ , ਜਿਨ੍ਹਾਂ ਦੀ ਪੜ੍ਹਾਈ ਵਿਚ ਹੀ ਛੁੱਟ ਗਈ ਸੀ , ਲਾਚਾਰ ਹਾਲਤ ਵਿਚ ਬੇਕਾਰ ਏਧਰ ਉਧਰ ਭਟਕ ਰਹੇ ਸਨ । ਬਹੁਤੇ ਪੰਜਾਬੀ ਮੁੰਡੇ ਦਿੱਲੀ ਯੂੁਨੀਵਰਸਿਟੀ ਨਾਲ ਜੁੜਨ ਤੋਂ ਸੰਕੋਚ ਕਰ ਰਹੇ ਸਨ । ਉਨ੍ਹਾਂ ਦੇ ਮਨ ਵਿਚ ਇਹ ਸ਼ੱਕ ਘਰ ਕਰ ਗਿਆ ਸੀ ਕਿ ਰਿਫਊਜੀ ਹੋਣ ਦੇ ਨਾਤੇ ਉਨ੍ਹਾਂ ਨਾਲ ਧੱਕਾ ਲਾਜ਼ਮੀ ਹੀ ਹੋਵੇਗਾ । ਬਹੁਤਿਆਂ ਨੂੰ ਤਾਂ ਇਹ ਯਕੀਨ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਦਾਖਲ ਹੌਣ ਦਾ ਮੌਕਾ ਵੀ ਮਿਲੇਗਾ । ਚੁਫੇਰੇ ਨਿਰਾਸ਼ਾ ਦਾ ਬੋਲਬਾਲਾ ਸੀ ।
ਸੰਨ 1948 ਵਿਚ ਪੰਜਾਬ ਯੂਨੀਵਰਸਿਟੀ ਨੇ ਦਿੱਲੀ ਵਿਚ ਪੰਜਾਬੀ ਵਿਦਿਆਰਥੀਆਂ ਲਈ ਇਕ ਕਾਲੇਜ ਖੋਲ੍ਹਿਆ । ਇਸ ਦਾ ਨਾਂ ਕੈਂਪ ਕਾਲੇਜ ਸੀ । ਕਲਾਸਾਂ ਇਥੇ ਸ਼ਾਮ ਨੂੰ ਹੀ ਲੱਗਦੀਆਂ ਸਨ । ਇਹ ਖਾਸ ਤੌਰ 'ਤੇ ਰਿਫਿਊਜ਼ੀਆਂ ਲਈ ਹੀ ਖੋਲ੍ਹਿਆ ਗਿਆ ਸੀ । ਕਾਲਜ ਦੀ ਸ਼ੁਰੂਆਤ ਇਕ ਹਾਈ ਸਕੂਲ ਦੀ ਬਿਲਡਿੰਗ ਵਿਚ ਕੀਤੀ ਗਈ ਸੀ । ਕਾਲੇਜ ਦੇ ਕੰਮਾਂ ਲਈ ਦੇਣ ਵਾਸਤੇ ਸਕੂਲ ਕੋਲ ਇਕ ਵੀ ਖਾਲੀ ਕਮਰਾ ਨਹੀਂ ਸੀ । ਕਾਲਜ ਕੀ ਸੀ ਬਸ ਇਕ ਤਰ੍ਹਾਂ ਦੀ ਖਾਨਾਪੂਰਤੀ ਸੀ । ਨਾਂ ਕੋਈ ਹੋਸਟਲ ਸੀ , ਨਾ ਕੋਈ ਕੰਟੀਨ । ਲਾਇਬ੍ਰੇਰੀ ਤੇ ਕਾਮਨ ਰੂਮ ਵਰਗੀਆਂ ਸਹੂਲਤਾਂ ਬਾਰੇ ਉਸ ਸਮੇਂ ਕੋਈ ਸੋਚ ਵੀ ਨਹੀਂ ਸੀ ਸਕਦਾ । ਫੇਰ ਵੀ ਡੁਬਦੇ ਨੂੰ ਤਿਨਕੇ ਦਾ ਸਹਾਰਾ ਵੀ ਖਿੱਚ ਪਾਉਂਦਾ ਹੈ । ਕੁਝ ਹੀ ਦਿਨਾਂ ਵਿਚ ਹਜ਼ਾਰ ਤੋਂ ਵੱਧ ਵਿਦਿਆਰਥੀ ਕਾਲਜ ਵਿਚ ਦਾਖਲ ਹੋ ਗਏ । ਫੀਸ ਦੇ ਨਾਂ ਉਤੇ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਸੀ । ਪਰ ਛੋਟੀ ਉਮਰੇ ਹੋਏ ਤਲਖ ਤਜਰਬਿਆਂ ਨੇ ਉਨ੍ਹਾਂ ਨੂੰ ਸੰਘਰਸ਼ ਦੀ ਆਦਤ ਪਾ ਦਿੱਤੀ ਸੀ । ਹਰਿਭਜਨ ਸਿੰਘ ਵੀ ਉਨ੍ਹਾਂ ਨੌਜਵਾਨ ਵਿਦਿਆਥੀਆਂ ਵਿਚੋਂ ਇਕ ਸੀ ਜੋ ਆਪਣੀਆਂ ਮੁੱਢਲੀਆਂ ਲੋੜਾਂ ਲਈ ਸੰਘਰਸ਼ ਕਰ ਰਹੇ ਸੀ । ਕੁਦਰਤੀ ਕਾਬਲੀਅਤ ਦੇ ਸਿਰ 'ਤੇ ਛੇਤੀ ਹੀ ਉਹ ਇਕ ਵਿਦਿਆਰਥੀ ਆਗੂ ਦੇ ਤੌਰ 'ਤੇ ਸਥਾਪਿਤ ਹੋ ਗਿਆ ਸੀ ।
ਵਿਦਿਆਰਥੀਆਂ ਦੀਆਂ ਬੜੀਆਂ ਸਾਦੀਆਂ ਦੋ ਮੰਗਾਂ ਸਨ । ਉਹ ਸਕੂਲ ਦੀ ਗਰਾਊਂਡ ਵਿਚ ਰਹਿਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਦੂਜੀ ਮੰਗ ਇਹ ਸੀ ਕਿ ਸਰਕਾਰ ਉਨ੍ਹਾਂ ਨੂੰ ਲੰਮੀ ਅਵਧੀ ਦੇ ਕਰਜੇ ਮੁਹੱਈਆ ਕਰਾਵੇ ਤਾਂ ਜੋ ਉਹ ਆਪਣੀਆਂ ਫੀਸਾਂ ਤਾਰ ਸਕਣ । ਮੰਗਾਂ ਬਿਲਕੁਲ ਹੀ ਨਿਗੂਣੀਆਂ ਤੇ ਵਾਜਿਬ ਸਨ । ਉਹ ਉਜੜ ਕੇ ਆਏ ਹੋਏ ਸਭ ਲੋਕ ਆਪਣਾ ਸਭ ਕੁਝ ਗਵਾ ਚੁੱਕੇ ਸਨ । ਦੇਸ਼ ਦੇ ਸ਼ਹਿਰੀ ਹੋਣ ਦੇ ਨਾਤੇ ਇੰਨਾ ਤਾਂ ਉਨ੍ਹਾਂ ਦਾ ਬੁਨਿਆਦੀ ਹੱਕ ਹੀ ਬਣਦਾ ਸੀ ।
ਪਰ ਮੁੜ-ਵਸੇਬੇ ਲਈ ਬਣੇ ਮੰਤਰਾਲੇ ਦਾ ਵਤੀਰਾ ਅਤਿਅੰਤ ਰੁੱਖਾ ਸੀ । ਇਸ ਨੇ ਵਿਦਿਆਥੀਆਂ ਦੇ ਗੁੱਸੇ ਨੂੰ ਹੋਰ ਵੀ ਭੜਕਾ ਦਿੱਤਾ । ਹਾਲਤਾਂ ਨੇ ਪਹਿਲੋਂ ਹੀ ਉਨ੍ਹਾਂ ਅੰਦਰ ਖਾਸੀ ਕੁੜੱਤਨ ਜਮਾਂ ਕਰ ਦਿੱਤੀ ਸੀ । ਅੰਦੋਲਨ ਭੱਖ ਗਿਆ ਸੀ । ਰੋਜ਼ ਸ਼ਾਮ ਨੂੰ ਵਿਦਿਆਰਥੀ ਕਾਲਜ ਦੇ ਖੁੱਲ੍ਹੇ ਵਿਹੜੇ ਵਿਚ ਇਕੱਤਰ ਹੁੰਦੇ । ਲਾਊਡ ਸਪੀਕਰ ਉਤੇ ਗਰਮਾ ਗਰਮ ਤਕਰੀਰਾਂ ਤੇ ਜੋਸ਼ੀਲੇ ਗੀਤ ਫਿਜ਼ਾ ਵਿਚ ਗੂੰਜਦੇ । ਕਾਲਜ ਦੇ ਪ੍ਰਿੰਸੀਪਲ ਤੇ ਇਕ ਸੀਨੀਅਰ ਸਿਵਲ ਅਧਿਕਾਰੀ ਉਥੇ ਮੌਜੂਦ ਸੀ । ਵਿਦਿਆਰਥੀਆਂ ਦਾ ਗੁੱਸਾ ਆਖਰ ਉਸ ਦੇ ਦਫਤਰ ਦੀਆਂ ਖਿੜਕੀਆਂ ਤੇ ਰੋਸ਼ਨਦਾਨ ਦੇ ਸ਼ੀਸ਼ਿਆਂ ਉਤੇ ਕਹਿਰ ਬਣ ਵਰਤਿਆ । ਮਾਹੌਲ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਸੀ । ਵਿਦਿਆਰਥੀ ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਦਿਖਦੇ ਸਨ ।
ਅੰਤ ਇਸ ਸੰਘਰਸ਼ ਸਾਹਮਣੇ ਸਰਕਾਰ ਨੂੰ ਹਥਿਆਰ ਸੁੱਟਣੇ ਪਏ ਸਨ । ਜੰਗ ਜਿੱਤੀ ਜਾ ਚੁੱਕੀ ਸੀ । ਮੰਗਾਂ ਮੰਨ ਲਈਆਂ ਗਈਆਂ ਸਨ । ਕਾਲਜ ਦੀ ਖੁਬਸੂਰਤ ਫੁੱਟਬਾਲ ਗਰਾਊਂਡ ਵਿਚ ਟੈਂਟ ਖੜੇ ਕਰ ਕੇ ਇਕ ਆਰਜ਼ੀ ਹੋਸਟਲ ਤਿਆਰ ਕੀਤਾ ਗਿਆ । ਜਿੱਤ ਦੇ ਖੁਮਾਰ ਨੇ ਵਿਦਿਆਰਥੀਆਂ ਵਿਚ ਇਕ ਨਵਾਂ ਵਿਸ਼ਵਾਸ ਤੇ ਜੋਸ਼ ਪੈਦਾ ਕੀਤਾ ਸੀ । ਇਸ ਸੰਘਰਸ਼ ਵਿਚ ਹਰਿਭਜਨ ਵਿਦਿਆਰਥੀਆਂ ਦਾ ਜਥੇਬੰਦਕ ਅਤੇ ਵਿਚਾਰਧਾਰਕ ਆਗੂ ਬਣ ਕੇ ਨਿਕਲਿਆ ਸੀ । ਉਹ ਹੁਣ ਸਟੂਡੈਂਟ ਯੁਨੀਅਨ ਦਾ ਪ੍ਰਧਾਨ ਬਣ ਗਿਆ ਸੀ ।
ਲੰਮਾ ਝੰਮਾ ਤੇ ਖੁਬਸੂਰਤ ਹਰਿਭਜਨ ਪੂਰੇ ਕਾਲੇਜ ਵਿਚ 'ਲੰਮੇ ਭਾਜੀ' ਦੇ ਨਾਂ ਨਾਲ ਮਸ਼ਹੂਰ ਸੀ । ਉਹ ਹਮੇਸ਼ਾ ਚੁਸਤ ਦਰੁਸਤ ਤੇ ਹਰ ਥਾਂ ਮੌਜੂਦ ਦਿਖਾਈ ਪੈਂਦਾ ਸੀ । ਹਾਕੀ ਉਸ ਦਾ ਜਨੂੰਨ ਸੀ । ਲਗਭਗ ਦੋ ਸਾਲ ਤੱਕ ਕਾਲਜ ਦੀ ਟੀਮ ਦਾ ਕਪਤਾਨ ਰਿਹਾ ਸੀ । ਸਟਾਰ ਖਿਡਾਰੀ ਹੋਣ ਦੇ ਨਾਲ ਹੀ ਉਹ ਗਜ਼ਬ ਦਾ ਬੁਲਾਰਾ ਸੀ । ਹਰ ਵੇਲੇ ਉਹ ਕਿਸੇ ਨਾ ਕਿਸੇ ਖੂੰਜੇ ਵਿਚ ਵਿਦਿਆਰਥੀਆਂ ਨਾਲ ਕਿਸੇ ਨਾ ਕਿਸੇ ਚਰਚਾ ਵਿਚ ਰੁੱਝਾ ਰਹਿੰਦਾ । ਸਾਈਕਲ ਹਮੇਸ਼ਾ ਉਸ ਦੇ ਨਾਲ ਹੁੰਦਾ ਤੇ ਉਸ ਦੇ ਕੈਰੀਅਰ ਪਿੱਛੇ ਟੰਗੀ ਹੋਈ ਹਾਕੀ । ਖੁੱਲ੍ਹੀ ਦਾੜ੍ਹੀ ਤੇ ਗਲ ਵਿਚ ਲਟਕਦੀ ਕਟਾਰ ਉਸ ਦੀ ਨਵੇਕਲੀ ਪਛਾਣ ਸੀ । ਆਪਣੇ ਸਾਥੀਆਂ ਨੂੰ ਮਿਲ ਕੇ ਉਸ ਨੇ ਪੰਜਾਬੀ ਸਭਾ ਦੀ ਨੀਂਹ ਰੱਖੀ ਸੀ । ਜੋ ਗਾਹੇ ਬਗਾਹੇ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਸੀ ।
ਇਨ੍ਹੀਂ ਹੀ ਦਿਨੀਂ ਹਰਿਭਜਨ ਸਿੰਘ ਨੇ ਦਿੱਲੀ ਵਿਚ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਬਣਾਈ । ਅਕਸਰ ਇਸ ਦੀਆਂ ਮੀਟਿੰਗਾਂ ਦੇ ਸਬੰਧ ਵਿਚ ਉਹ ਕੁਝ ਨੇੜਲੇ ਸਾਥੀਆਂ ਨਾਲ ਪੰਜਾਬ ਦਾ ਦੌਰਾ ਕਰਿਆ ਕਰਦਾ ਸੀ । ਸਿਆਸਤ ਵੀ ਹੁਣ ਉਸ ਦੀਆਂ ਸਰਗਰਮੀਆਂ ਦਾ ਕੁਝ ਕੁਝ ਹਿੱਸਾ ਬਣਦੀ ਜਾ ਰਹੀ ਸੀ । ਉਸ ਦੇ ਕੁਝ ਕਰੀਬੀ ਦੋਸਤਾਂ ਦਾ ਇਹ ਕਹਿਣਾ ਹੈ ਕਿ ਉਨ੍ਹੀਂ ਦਿਨੀਂ ਹਰਿਭਜਨ ਉਤੇ ਮਾਸਟਰ ਤਾਰਾ ਸਿੰਘ ਹੋਰਾਂ ਦਾ ਚੰਗਾ ਪ੍ਰਭਾਵ ਸੀ ।
ਮਾਸਟਰ ਤਾਰਾ ਸਿੰਘ ਦੇ ਸਿਤਾਰੇ ਉਨ੍ਹੀਂ ਦਿਨੀਂ ਗਰਦਿਸ਼ ਵਿਚ ਚਲ ਰਹੇ ਸਨ । ਜੂਨ 26, 1948 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਸੀ , ਜਿਸ ਵਿਚ ਸੱਤਾ ਅਕਾਲੀ ਦਲ ਦੇ ਹੱਥੋਂ ਖੁਸ ਗਈ ਸੀ । ਦੋ ਦਹਾਕਿਆਂ ਦੇ ਅਰਸੇ ਵਿਚ ਇਹ ਅਕਾਲੀ ਸੱਤਾ ਨੂੰ ਪਹਿਲਾ ਵੱਡਾ ਝਟਕਾ ਸੀ । ਮਾਸਟਰ ਤਾਰਾ ਸਿੰਘ ਤਿੰਨ ਵੋਟਾਂ ਦੇ ਫਰਕ ਨਾਲ ਜਥੇਦਾਰ ਊਧਮ ਸਿੰਘ ਨਾਗੋਕੇ ਕੋਲੋਂ ਚੋਣ ਹਾਰ ਗਿਆ ਸੀ । ਕਾਂਗਰਸ ਨੇ ਖੁੱਲ੍ਹ ਕੇ ਨਾਗੋਕੇ ਦਾ ਸਾਥ ਦਿੱਤਾ ਸੀ । ਮਾਸਟਰ ਤਾਰਾ ਸਿੰਘ ਦੇ ਕੁਝ ਨੇੜਲੇ ਹਮਾਇਤੀ ਵੀ ਮੌਕੇ 'ਤੇ ਉਸ ਦਾ ਸਾਥ ਛੱਡ ਗਏ ਸਨ । ਦਿੱਲੀ ਦੇ ਗੁਰਦੁਆਰੇ ਵੀ ਹੁਣ ਕਾਂਗਰਸੀ ਸਿੱਖਾਂ ਦੇ ਕਬਜ਼ੇ ਵਿਚ ਆ ਚੁੱਕੇ ਸਨ ।
ਇਨ੍ਹਾਂ ਹਾਲਾਤਾਂ ਵਿਚ ਕੁਝ ਨੌਜਵਾਨਾਂ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਸੀ । ਇਸ ਮੌਕੇ ਉਤੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਮੀਟਿੰਗ ਤੋਂ ਇਲਾਵਾ ਇਨ੍ਹਾਂ ਇਕ ਕੌਮਾਂਤਰੀ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਿਤ ਕਰਨਾ ਸੀ । ਇਸ ਸਾਰੇ ਦੌਰੇ ਦੌਰਾਨ ਮਾਸਟਰ ਤਾਰਾ ਸਿੰਘ ਜੀ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਹਰਿਭਜਨ ਸਿੰਘ ਦੇ ਹੀ ਜ਼ਿੰਮੇ ਸਨ । ਇਨ੍ਹਾਂ ਤੂਫਾਨੀ ਵਰ੍ਹਿਆਂ ਵਿਚ ਉਹ ਪੂਰੀ ਸ਼ਿੱਦਤ ਨਾਲ ਸਿੱਖ ਕਦਰਾਂ ਕੀਮਤਾਂ ਦੀ ਬਹਾਲੀ ਅਤੇ ਉਨ੍ਹਾਂ ਦੇ ਭਾਈਚਾਰਕ ਹੱਕਾਂ ਦੀ ਰਾਖੀ ਲਈ ਸੰਘਰਸ਼ ਲਰਦਾ ਰਿਹਾ ਸੀ । ਕਿਸੇ ਵੀ ਕਿਸਮ ਦਾ ਦਬਾਅ ਉਸ ਨੂੰ ਝੁਕਣ ਜਾਂ ਇਕ ਇੰਚ ਵੀ ਪਿੱਛੇ ਹਟਣ ਲਈ ਕਦੇ ਮਜਬੂਰ ਨਹੀਂ ਸੀ ਕਰ ਸਕਿਆ । ਇਸ ਗੱਲ ਦੀ ਗਵਾਹੀ ਅੱਜ ਵੀ ਅਨੇਕਾਂ ਲੋਕਾਂ ਪਾਸੋਂ ਮਿਲ ਜਾਂਦੀ ਹੈ , ਜੋ ਲੋਕ ਉਨ੍ਹੀਂ ਦਿਨੀਂ ਹਰਿਭਜਨ ਸਿੰਘ ਦੇ ਕਰੀਬੀ ਸਾਥੀ ਸਨ ।
ਸਭਿਆਚਾਰਕ ਸਰਗਰਮੀਆਂ , ਭਾਈਚਾਰੇ ਦੇ ਹਿੱਤਾਂ ਲਈ ਸੰਘਰਸ਼ , ਵਿਦਿਆਰਥੀਆਂ ਦੀ ਜੱਦੋ ਜਹਿਦ ਦੇ ਨਾਲੋ ਨਾਲ ਉਸ ਦੀ ਯੋਗ ਸਾਧਨਾ ਵੀ ਚੱਲ ਰਹੀ ਸੀ । ਗਿਆਨ ਦੀ ਪਿਆਸ ਦਾ ਬੂਟਾ ਉਸ ਅੰਦਰ ਹੁਣ ਬੋਹੜ ਦੇ ਦਰੱਖਤ ਵਾਂਗ ਫੈਲਦਾ ਜਾ ਰਿਹਾ ਸੀ ।
ਪਰ ਇਸ ਸਭ ਤੋਂ ਇਲਾਵਾ ਕੁਝ ਹੋਰ ਵੀ ਜ਼ਿੰਮੇਵਾਰੀਆਂ ਸਨ , ਜੋ ਉਸ ਕੋਲੋਂ ਧਿਆਨ ਦੀ ਮੰਗ ਕਰਦੀਆਂ ਸਨ । ਪਰਿਵਾਰ ਦੀ ਮਾਲੀ ਹਾਲਤ ਸੁਧਾਰਣ ਖਾਤਰ ਉਸ ਨੂੰ ਛੇਤੀ ਹੀ ਕੁਝ ਕਰਨ ਦੀ ਲੋੜ ਸੀ । ਹਰਿਭਜਨ ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਦਰਮਿਆਨ ਇਕ ਮਾਹਿਰ ਨਟ ਵਾਂਗ ਸਮਤੋਲ ਰੱਖਦਾ ਹੋਇਆ ਅੱਗੇ ਵਧ ਰਿਹਾ ਸੀ ।
Thursday, November 26, 2009
Subscribe to:
Post Comments (Atom)
No comments:
Post a Comment