Thursday, November 26, 2009

ਇਹੁ ਜਨਮੁ ਤੁਮਾਰੇ ਲੇਖੇ


"ਰੱਬੀ ਚੇਤਨਾ ਵਾਲਾ ਇਨਸਾਨ ਹੀ ਬ੍ਰਹਮੰਡਕ ਇਨਸਾਨ ਹੈ । ਉਹ ਗਤੀਵਾਨ ਹੈ, ਲਚਕੀਲਾ ਹੈ ਅਤੇ ਹਰ ਥਾਂ ਫਿਟ ਹੋ ਜਾਂਦਾ ਹੈ । ਉਸ ਦਾ ਵਹਾਅ ਪਾਣੀ ਵਾਂਗ ਹੈ । ਪਾਣੀ ਨੂੰ ਤੁਸੀਂ ਜਿਸ ਵੀ ਭਾਂਡੇ ਵਿਚ ਪਾਓ, ਇਹ ਉਸੇ ਦੀ ਸ਼ਕਲ ਗ੍ਰਹਿਣ ਕਰ ਲੈਂਦਾ ਹੈ । ਪਾਣੀ ਨੂੰ ਭਾਵੇਂ ਤੁਸੀਂ ਸਟੀਲ ਦੇ ਭਾਂਡੇ ਵਿਚ ਪਾਓ, ਚਾਹੇ ਕੱਚ ਦੇ ਭਾਡੇ ਵਿਚ ਪਾਓ ਅਤੇ ਚਾਹੇ ਮਿੱਟੀ ਦੇ ਭਾਡੇ ਵਿਚ ,ਇਹ ਪਾਣੀ ਹੀ ਰਹਿੰਦਾ ਹੈ । ਰੱਬੀ ਚੇਤਨਾ ਵਾਲਾ ਬ੍ਰਹਿਮੰਡਕ ਇਨਸਾਨ ਵੀ ਐਸਾ ਹੀ ਹੁੰਦਾ ਹੈ । ਇਹ ਜੋ ਹੁੰਦਾ ਹੈ, ਉਹੀ ਰਹਿੰਦਾ ਹੈ । ਇਹ ਕਿਤੇ ਵੀ ਜਾ ਸਕਦਾ ਹੈ । ਕਿਸੇ ਵੀ ਹਾਲਤ ਵਿਚ ਢਲ ਸਕਦਾ ਹੈ, ਪਰ ਆਪਣਾ ਤੱਤ ਨਹੀਂ ਗਵਾਉਂਦਾ । ਪਾਣੀ ਪਾਣੀ ਹੀ ਰਹਿੰਦਾ ਹੈ । ਪਾਣੀ ਨੂੰ ਤੁਸੀਂ ਜਮਾ ਸਕਦੇ ਹੋ , ਉਬਾਲ ਕੇ ਉਡਾ ਸਕਦੇ ਹੋ, ਪਰ ਇਹ ਫੇਰ ਪਾਣੀ ਹੀ ਬਣ ਜਾਵੇਗਾ , ਕਿਉਂਕਿ ਇਸ ਦਾ ਮੂਲ ਤੱਤ ਪਾਣੀ ਹੈ । ਇਸੇ ਤਰਾਂ ਮਨੁਖ ਦਾ ਮੂਲ ਤੱਤ ਆਤਮਾ ਹੈ । ਇਹ ਆਤਮਾ ਬ੍ਰਹਿਮੰਡਕ ਆਤਮਾ ਦਾ ਅੰਗ ਹੈ ।"



ਸ੍ਰੀ ਹਰਿਭਜਨ ਸਿੰਘ ਯੋਗੀ ਦੇ ਨਾਮ ਨਾਲ ਸ੍ਰੀ ਸਿੰਘ ਸਾਹਿਬ ਤੇ ਭਾਈ ਸਾਹਿਬ ਵਰਗੇ ਵਿਸ਼ੇਸ਼ਣ ਇੰਜ ਜੁੜ ਗਏ ਹਨ ਕਿ ਉਨ੍ਹਾਂ ਦੇ ਨਾਉਂ ਦਾ ਹੀ ਹਿਸਾ ਜਾਪਣ ਲੱਗੇ ਹਨ । ਪਰ ਪੱਛਮ ਵਿਚਲੇ ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਯੋਗੀ ਭਜਨ ਨਾਮ ਨਾਲ ਹੀ ਪੁਕਾਰਦੇ ਹਨ । ਪੂਰਬਲੇ ਸੰਬੋਧਨ ਵਿਚ ਇਕ ਖਾਸ ਇਹਤਰਾਮ ਹੈ, ਇਕ ਇਤਿਹਾਸਕ ਬੁਲੰਦੀ ਤੇ ਰੁਤਬਾ ਹੈ , ਜੋ ਤੁਹਾਡੇ ਮਨ ਅੰਦਰ ਸਤਿਕਾਰ ਦੀ ਭਾਵਨਾ ਨੂੰ ਜਗਾਂਦਾ ਹੈ । ਯੋਗੀ ਭਜਨ ਦਾ ਸੰਬੋਧਨ ਹਵਾ ਦੇ ਮਲੂਕੜੇ ਜਿਹੇ ਝੋਂਕੇ ਵਾਂਗ ਹੈ, ਜਿਸਦੀ ਆਪਣੀ ਖੁਸ਼ਬੂ ਹੈ , ਨੇੜਤਾ ਦਾ ਅਹਿਸਾਸ ਹੈ, ਇਕ ਨਿੱਘ ਜੋ ਬਦੋਬਦੀ ਆਪਣੇ ਵੱਲ ਨੂੰ ਖਿੱਚਦਾ ਹੈ । ਇਹ ਵਿਲੱਖਣਤਾ ਤੇ ਸਾਦਗੀ ਦਾ ਇਕ ਅਦਭੁਤ ਸੰਗਮ ਹੈ ।
ਹਰਿਭਜਨ ਸਿੰਘ ਪੁਰੀ ਤੋਂ ਸ੍ਰੀ ਸਿੰਘ ਸਾਹਿਬ ਤੇ ਯੋਗੀ ਭਜਨ ਤੱਕ ਦਾ ਪੰਧ ਅਨੇਕਾਂ ਵਿੰਗ ਵਲੇਵਿਆਂ ਨਾਲ ਭਰਪੂਰ ਹੈ । ਗੁਜਰਾਂਵਾਲਾ ਦੇ ਇਕ ਛੋਟੇ ਜਿਹੇ ਪਿੰਡ ਕੋਟ ਹਰਕਰਨ ਵਿਚ ਆਥਣ ਵੇਲੇ ਪੈਦਾ ਹੋਏ ਉਸ ਬਾਲ ਨੇ ਆਪਣਾ ਨੂਰੀ ਹੁਸਨ ਸਦੂਰ ਪੱਛਮ ਦੀਆਂ ਧਰਤੀਆਂ ਤੇ ਜਾ ਖਿੰਡਾਣਾ ਸੀ, ਜਿਥੇ ਜਾ ਕੇ ਸੂਰਜ ਵੀ ਛਿਪ ਜਾਂਦਾ ਹੈ, ਉਸ ਵੇਲੇ ਇਹ ਕੌਣ ਸੋਚ ਸਕਦਾ ਸੀ । ਪਰ ਵਿਧੀ ਦਾ ਇਹੋ ਵਿਧਾਨ ਸੀ। ਇਸ ਸੂਰਜ ਨੇ ਪੱਛਮ ਵਿਚ ਹੀ ਜਾ ਮਘਣਾ ਸੀ । ਯੋਗੀ ਭਜਨ ਜਿਹੀਆਂ ਚੇਤਨਾਵਾਂ ਦਾ ਪੰਜਾਬ ਚੋਂ ਜਾਕੇ ਪੱਛਮ ਵਿਚ ਪ੍ਰਕਾਸ਼ ਹੋਣਾ ਪਤਾ ਨਹੀਂ ਪੰਜਾਬ ਦੀ ਬਦਕਿਸਮਤੀ ਹੈ ਜਾਂ ਗੌਰਵ ਦਾ ਪਸਾਰ। ਪਰ ਇਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਸਾਨੂੰ ਬਹੁਤਿਆਂ ਨੂੰ ਹਾਲੇ ਇਸ ਗਲ ਦਾ ਇਹਸਾਸ ਨਹੀਂ ਕਿ ਯੋਗੀ ਭਜਨ ਮਨੁਖੀ ਚੇਤਨਾ ਦੀ ਕਿਸ ਬੁਲੰਦੀ ਦੇ ਸੂਚਕ ਹਨ ।

ਜਨਮ ਤੇ ਬਾਲਪਨ

ਜ਼ਿਲ੍ਹਾ ਗੁਜਰਾਂਵਾਲਾ, ਜੋਂ ਵੰਡ ਤੋਂ ਬਾਦ ਪਾਕਿਸਤਾਨ ਦਾ ਹਿੱਸਾ ਹੋ ਗਿਆ, ਦੀ ਇਕ ਤਹਿਸੀਲ ਵਜ਼ੀਰਾਬਾਦ ਦੇ ਪਿੰਡ ਕੋਟ ਹਰਕਰਨ ਵਿਚ ਬਾਲਕ ਹਰਿਭਜਨ ਦਾ ਜਨਮ ਹੋਇਆ । 26 ਅਗਸਤ 1929 । ਸ਼ਾਮ ਦਾ ਵੇਲਾ ਸੀ । ਸੂਰਜ ਦਿਨ ਦਾ ਪੈਂਡਾ ਮੁਕਾ ਹੁਣ ਦੂਰ ਪੱਛਮੀ ਗੁਫਾਵਾਂ ਵਿਚ ਅਲੋਪ ਹੁੰਦਾ ਜਾ ਰਿਹਾ ਸੀ। ਮਾਤਾ ਹਰਕਰਿਸ਼ਨ ਕੌਰ ਤੇ ਪਿਤਾ ਡਾ ਕਰਤਾਰ ਸਿੰਘ ਪੁਰੀ ਦੀ ਵਰ੍ਹਿਆਂ ਦੀ ਮੁਰਾਦ ਪੂਰੀ ਹੋਣ ਵਾਲੀ ਸੀ ।
25 ਸਾਲਾਂ ਦੇ ਲੰਬੇ ਅਰਸੇ ਤੱਕ ਉਨ੍ਹਾਂ ਇਸ ਦਿਨ ਦੀ ਰਾਹ ਦੇਖੀ ਸੀ । ਪੁੱਤਰ ਦੀਆਂ ਆਸ ਵਿਚ ਉਨ੍ਹਾਂ ਅਨੇਕਾਂ ਮੰਨਤਾਂ ਮੰਨੀਆਂ , ਸੁੱਖਣਾ ਸੁੱਖੀਆਂ । ਪਰ ਉਡੀਕ ਬਹੁਤ ਲੰਬੀ ਸੀ । ਉਨ੍ਹਾਂ ਇਹ ਮੰਨਤ ਵੀ ਮੰਨੀ ਸੀ ਕਿ ਮੁਰਾਦ ਪੂਰੀ ਹੋਣ 'ਤੇ ਉਹ ਉਸ ਬਾਲਕ ਨੂੰ ਲੈ ਕੇ ਮਾਤਾ ਵੈਸ਼ਨੋਂ ਦੇਵੀ ਦੇ ਦਰਸ਼ਨਾਂ ਨੂੰ ਜਾਣਗੇ । ਆਖਿਰ ਉਹ ਘੜੀ ਆ ਗਈ ਸੀ । ਇਸ ਦਾ ਅਹਿਸਾਸ ਡਾ ਕਰਤਾਰ ਸਿੰਘ ਤੇ ਮਾਤਾ ਹਰਕਰਿਸ਼ਨ ਕੌਰ ਦੋਨਾਂ ਨੂੰ ਹੀ ਸੀ ।
ਹਰਭਜਨ ਹਾਲੀ ਮਸਾਂ ਕੁਝ ਦਿਨਾਂ ਦਾ ਹੀ ਸੀ ਕਿ ਉਸਨੂੰ ਕੁੱਛੜ ਚੁੱਕ ਉਸ ਦੇ ਮਾਤਾ ਨੇ ਵੈਸ਼ਨੂ ਦੇਵੀ ਦੇ ਉੱਚੇ ਪਹਾੜਾਂ ਵੱਲ ਨੂੰ ਰੁਖ਼ ਕੀਤਾ । ਪਹਾੜਾਂ ਦਾ ਦੁਸ਼ਵਾਰ ਪੈਂਡਾ , ਹਾਥੀ ਮੱਥੇ ਵਰਗੀਆਂ ਚੜ੍ਹਾਈਆਂ । ਤੰਗ ਘੁਮਾਓਦਾਰ ਰਸਤੇ । ਦੁੱਧ ਚੁੰਘਦੇ ਬੱਚੇ ਦਾ ਸਾਥ ਸੀ । ਉਨ੍ਹੀਂ ਦਿਨੀਂ ਯਾਤਾਯਾਤ ਦੇ ਸਾਧਨ ਵੀ ਕੁਝ ਖਾਸ ਵਿਕਸਤ ਨਹੀਂ ਸਨ । ਕੱਚੇ-ਪੱਕੇ ਰਾਹਾਂ 'ਤੇ ਰੌਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ । ਬਹੁਤਾ ਰਸਤਾ ਪੈਦਲ ਹੀ ਤੈਹ ਕਰਨਾ ਪੈਂਦਾ ਸੀ । ਥੋੜ੍ਹਾ ਜਿਹਾ ਪੈਰ ਫਿਸਲਣ 'ਤੇ ਤੁਹਾਡੀ ਜੀਵਨ ਯਾਤਰਾ ਹਮੇਸ਼ਾ ਲਈ ਖ਼ਤਮ ਹੋ ਸਕਦੀ ਸੀ । ਚੁਣੌਤੀਆਂ ਭਾਵੇਂ ਬਹੁਤ ਕਠਿਨ ਸਨ । ਪਰ ਵਿਸ਼ਵਾਸ਼ ਦੀ ਦ੍ਰਿੜਤਾ ਤੇ ਅਰਦਾਸ ਦੀ ਸ਼ਿੱਦਤ ਅੱਗੇ ਸਭ ਬੌਣਾ ਹੋ ਜਾਂਦਾ ਹੈ ।
ਅਡੋਲ ਸ਼ਰਧਾ ਦੀ ਇਹ ਅਮ੍ਰਿਤਧਾਰਾ ਉਸੇ ਦਿਨ ਤੋਂ ਹੀ ਬਾਲ ਹਰਿਭਜਨ ਦੇ ਹਿਰਦੇ ਅੰਦਰ ਉਤਰ ਗਈ ਸੀ । ਪਿਤਾ ਦੀ ਛਾਤੀ ਨਾਲ ਲੱਗੇ ਉਸ ਅਬੋਧ ਬਾਲ ਦਾ ਸਫਰ ਤਾਂ ਸ਼ੁਰੂ ਹੋ ਚੁੱਕਾ ਸੀ । ਮਾਤਾ ਪਿਤਾ ਨੂੰ ਤਾਂ ਇਸ ਗੱਲ ਦੀ ਕਨਸੋਅ ਨਹੀਂ ਸੀ ਕਿ ਉਹ ਆਪਣੇ ਲਾਡਲੇ ਅੰਦਰ ਇਕ ਅਜਿਹੀ ਪਿਆਸ ਬੀਜ ਰਹੇ ਨੇ, ਜਿਸ ਦੀ ਤੜਪ ਉਸ ਨੂੰ ਅਨਜਾਣੇ ਰਾਹਾਂ 'ਤੇ ਲੈ ਜਾਵੇਗੀ । ਸੱਚ ਦੀ ਤਲਾਸ਼ ਉਸੇ ਦਿਨ ਤੋਂ ਹੀ ਹਰਿਭਜਨ ਦੀ ਜ਼ਿੰਦਗੀ ਦਾ ਮਕਸਦ ਬਣ ਗਈ ਸੀ। ਇਸ ਖਾਤਰ ਉਸ ਨੇ ਹਰ ਪਾਕ ਪਵਿੱਤਰ ਦਰਗਾਹ 'ਤੇ ਸਿੱਜਦਾ ਕੀਤਾ । ਸੰਤਾਂ ਮਹਾਤਮਾਵਾਂ ਦੇ ਦਰਸ਼ਨ ਕੀਤੇ । ਦੁਨੀਆ ਭਰ ਦੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ । ਪਰ ਇਸ ਲੰਮੇਰੀ ਤੇ ਪੇਚਦਾਰ ਯਾਤਰਾ ਦਾ ਪਹਿਲਾ ਕਦਮ ਉਸ ਬਾਲ ਯੋਗੀ ਨੇ ਉਸ ਸਮੇਂ ਚੁੱਕਿਆ ਸੀ ਜਦੋਂ ਉਹ ਹਾਲੇ ਪਿਤਾ ਦੀ ਬੁੱਕਲ ਵਿਚ ਸੀ ।
ਭਜਨ ਯੋਗੀ ਦੀ ਚੇਤਨਾ ਨੂੰ ਤਰਾਸ਼ਣ ਵਿਚ ਉਨ੍ਹਾਂ ਦੇ ਬਚਪਨ ਦੇ ਮਾਹੌਲ ਦਾ ਖਾਸ ਯੋਗਦਾਨ ਸੀ । ਸੇਵਾ , ਦਯਾ , ਨਿਆਂਸ਼ੀਲਤਾ ਤੇ ਦ੍ਰਿੜਤਾ ਵਰਗੇ ਗੁਣ ਇਨ੍ਹਾਂ ਦਿਨਾਂ ਵਿਚ ਹੀ ਉਸ ਅੰਦਰ ਉਤਰ ਗਏ ਸੀ । ਪਿਤਾ ਇਕ ਪੇਸ਼ੇਵਾਰ ਡਾਕਟਰ ਸਨ । ਮਾਤਾ ਦੀ ਸ਼ਖ਼ਸੀਅਤ ਦਾ ਤਾਂ ਉਸ ਉਤੇ ਖਾਸ ਹੀ ਅਸਰ ਸੀ । ਮਾਤਾ ਹਰਕਿਸ਼ਨ ਕੌਰ, ਜਿਸ ਦਾ ਬਚਪਨ ਦਾ ਨਾਂ ਲੀਲਾ ਵੰਤੀ ਸੀ , ਇੱਕ ਉਚੇ ਸੁੱਚੇ ਕਿਰਦਾਰ ਵਾਲੀ ਰੋਹਬਰਦਾਰ ਔਰਤ ਸੀ । ਸਾਰੇ ਪਿੰਡ ਵਿਚ ਉਨ੍ਹਾਂ ਦਾ ਇੰਨਾਂ ਦਬਦਬਾ ਸੀ ਕਿ ਕੋਈ ਚੋਰ ਗੁਆਂਢੀਆਂ ਦੇ ਘਰ ਵੜਨ ਦੀ ਵੀ ਜੁਰਤ ਨਹੀਂ ਸੀ ਕਰ ਸਕਦਾ । ਖੁਦ ਹਰਿਭਜਨ ਯੋਗੀ ਹੋਰਾਂ ਕਈ ਜਗ੍ਹਾ ਇਸ ਗੱਲ ਦਾ ਇੰਕਸਾਫ਼ ਕੀਤਾ ਕਿ ਉਹ ਜੋ ਵੀ ਸਨ ਉਸ ਵਿਚ ਉਨ੍ਹਾਂ ਦੀ ਮਾਤਾ ਜੀ ਦੀ ਕਿੰਨੀ ਅਹਿਮ ਭੂਮਿਕਾ ਰਹੀ ਸੀ ।
ਹਰਿਭਜਨ ਸਿੰਘ ਜੀ ਦਾ ਜਨਮ ਇਕ ਜ਼ਿਮੀਦਾਰ ਘਰਾਣੇ ਵਿਚ ਹੋਇਆ ਸੀ । ਸਮੁੱਚੇ ਪਿੰਡ ਦੀ ਧਰਤੀ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸੀ । ਪਿੰਡ ਦੇ ਲੋਕ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਇੱਜ਼ਤ ਮਾਣ ਕਰਦੇ ਸੀ । ਹਰਿਭਜਨ ਦਾ ਜਨਮ ਦਿਨ ਸਿਰਫ ਉਨ੍ਹਾਂ ਦੇ ਘਰ ਵਾਲਿਆਂ ਲਈ ਹੀ ਨਹੀਂ ਸਗੋਂ ਸਾਰੇ ਪਿੰਡ ਲਈ ਇਕ ਤਿੳਹਾਰ ਵਾਂਗ ਸੀ । ਉਸ ਦਿਨ ਸਾਰੇ ਪਿੰਡ ਵਿਚ ਜਸ਼ਨ ਵਰਗਾ ਮਾਹੌਲ ਹੁੰਦਾ ਸੀ ।
ਹਰ ਸਾਲ ਬਾਲਕ ਹਰਿਭਜਨ ਨੂੰ ਉਸ ਦੇ ਜਨਮ ਦਿਨ ਦੇ ਮੌਕੇ 'ਤੇ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕਿਆਂ ਨਾਲ ਤੋਲਿਆ ਜਾਂਦਾ ਤੇ ਇਹ ਸਾਰੀ ਦੌਲਤ ਪਿੰਡ ਦੇ ਗਰੀਬਾਂ ਵਿਚ ਵੰਡ ਦਿੱਤੀ ਜਾਂਦੀ । ਇੰਨਾਂ ਹੀ ਨਹੀਂ ਉਨ੍ਹਾਂ ਦੇ ਵਜ਼ਨ ਤੋਂ ਸੱਤ ਗੁਣਾ ਅਨਾਜ ਵੀ ਗਰੀਬ ਗੁਰਬੇ 'ਚ ਤਕਸੀਮ ਕੀਤਾ ਜਾਂਦਾ । ਸਾਰੇ ਪਿੰਡ ਨੂੰ ਇਸ ਮੌਕੇ ਤੇ ਭੋਜਨ ਕਰਾਇਆ ਜਾਂਦਾ । ਪਿੰਡ ਦੇ ਲੋਕ ਸਾਰਾ ਸਾਲ ਨੀਝ ਲਾ ਕੇ ਇਸ ਦਿਨ ਦੀ ਉਡੀਕ ਕਰਦੇ । ਉਦਾਰਤਾ, ਦਾਨਸ਼ੀਲਤਾ ਤੇ ਸੇਵਾ ਦੇ ਗੁਣ ਹਰਿਭਜਨ ਨੂੰ ਆਪਣੀ ਪਰਿਵਾਰਕ ਵਿਰਾਸਤ ਵਿਚ ਹੀ ਮਿਲੇ ਸਨ ।
ਪ੍ਰਾਚੀਨ ਭਾਰਤ ਦੇ ਲੋਕਾਂ ਦੀ ਇਤਿਹਾਸ ਲਿਖਣ ਵਿਚ ਕੋਈ ਖਾਸ ਰੁਚੀ ਨਹੀਂ ਸੀ । ਇਸ ਦਾ ਵੀ ਇਕ ਵਿਸ਼ੇਸ਼ ਕਾਰਣ ਸੀ । ਉਨ੍ਹਾਂ ਲਈ ਜ਼ਿੰਦਗੀ ਸਿਰਫ ਰੁੱਖੀਆਂ ਘਟਨਾਵਾਂ ਦਾ ਜਮਾਂ ਜੋੜ ਨਹੀਂ ਸੀ । ਸਗੋਂ ਉਸ ਵਿਚ ਉਨ੍ਹਾਂ ਦੇ ਵਿਸ਼ਵਾਸ , ਆਸਾਂ, ਉਮੰਗਾਂ ਇਥੋਂ ਤੱਕ ਕਿ ਉਨ੍ਹਾਂ ਦੀਆਂ ਕਲਪਨਾਵਾਂ ਵੀ ਸ਼ਾਮਲ ਸਨ । ਇਹ ਸਭ ਕੁਝ ਜ਼ਿੰਦਗੀ ਨੂੰ ਇਕ ਰੰਗੀਨੀ ਬਖਸ਼ਦਾ ਸੀ । ਜੋ ਸਤਹੀ ਤੱਥਾਂ ਦੀ ਜਿੱਲ੍ਹਣ 'ਚ ਫਸੇ ਇਤਿਹਾਸ ਅੰਦਰ ਨਹੀਂ ਸੀ ਆ ਸਕਦੀ । ਇਸੇ ਲਈ ਉਨ੍ਹਾਂ ਨੇ ਆਪਣੇ ਮਹਾਂਪੁਰਖਾਂ ਦੇ ਜੀਵਨ ਬ੍ਰਿਤਾਂਤ ਸਿਰਜਣ ਲਈ ਇਤਿਹਾਸ ਦੀ ਬਜਾਏ ਪੁਰਾਣਿਕ ਦ੍ਰਿਸ਼ ਨੂੰ ਆਪਣਾ ਅਧਾਰ ਬਣਾਇਆ । ਇਹ ਪੁਰਾਣਿਕ ਦ੍ਰਿਸ਼ਟੀ ਕਾਲ ਤੇ ਤਰਕ ਦੀਆਂ ਸੀਮਾਵਾਂ ਤੋਂ ਪਾਰਲੀਆਂ ਕਾਵਿਮਈ ਤਰਲ ਸੱਚਾਈਆਂ ਨੂੰ ਕਲਾਵੇ 'ਚ ਲੈਣ ਦੇ ਯੋਗ ਸੀ। ਸਤਹੀ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਇਨ੍ਹਾਂ ਸੱਚਾਈਆਂ ਦਾ ਸਹੀ ਮੁਲੰਕਣ ਨਹੀਂ ਹੋ ਸਕਦਾ ।
ਕੁਝ ਇਸੇ ਹੀ ਕਿਸਮ ਦੀਆਂ ਕੁਝ ਘਟਨਾਵਾਂ ਹਰਿਭਜਨ ਸਿੰਘ ਦੇ ਬਾਲਪਨ ਨਾਲ ਵੀ ਜੁੜੀਆਂ ਨੇ । ਤਰਕ ਵਿਚ ਧਰਮ ਵਰਗਾ ਅਕੀਦਾ ਰੱਖਣ ਵਾਲਿਆਂ ਲਈ ਉਨ੍ਹਾਂ ਨੂੰ ਹਜ਼ਮ ਕਰਨਾ ਕਾਫੀ ਔਖਾ ਹੋਵੇਗਾ । ਇਨ੍ਹਾਂ ਘਟਨਾਵਾਂ ਵਿਚਲਾ ਸੱਚ ਇਤਿਹਾਸ ਦੇ ਨਹੀਂ ਸਗੋਂ ਪੁਰਾਣਕ ਸੱਚ ਦੇ ਵਧੇਰੇ ਨੇੜੇ ਹੈ । ਇਹ ਘਟਨਾਵਾਂ ਵਿਅਕਤੀਆਂ ਨਾਲੋਂ ਟੁੱਟੇ ਬਾਹਰੀ ਤੱਥਾਂ ਦਾ ਬਿਆਨ ਨਹੀਂ ਸਗੋਂ ਉਨ੍ਹਾਂ ਦੀ ਚੇਤਨਾ ਅੰਦਰ ਛੁਪੇ ਕੁਝ ਮਹੀਨ ਗੁਣਾਂ ਨੂੰ ਉਘਾੜਨ ਦਾ ਯਤਨ ਨੇ । ਇੰਜ ਕਹਿ ਲਓ ਕਿ ਇਹ ਉਨ੍ਹਾਂ ਦੇ ਚੇਤਨ ਜਗਤ ਦਾ ਪਰਤੌ ਹਨ ।
ਇਕ ਬਹੁਤ ਹੀ ਪਿਆਰੀ ਅਤੇ ਮਾਸੂਮ ਜਿਹੀ ਘਟਨਾ ਬਾਲ ਹਰਿਭਜਨ ਦੇ ਸਕੂਲ ਦੇ ਦਿਨਾਂ ਨਾਲ ਜੁੜੀ ਹੈ । ਉਨ੍ਹਾਂ ਦੀ ਮੁੱਢਲੀ ਸਿੱਖਿਆ ਵੀ ਇਕ ਰੌਚਕ ਬਿਰਤਾਂਤ ਹੈ । ਬਾਲਕ ਹਰਿਭਜਨ ਨੂੰ ਇਕ ਕਾਨਵੈਂਟ ਸਕੂਲ ਵਿਚ ਭਰਤੀ ਕਰਾੲਆ ਗਿਆ ਸੀ । ਇਹ ਉਸ ਇਲਾਕੇ ਦਾ ਸਰਵੋਤਮ ਸਕੂਲ ਸੀ । ਪਰ ਉਹ ਸਿਰਫ ਕੁੜੀਆਂ ਵਾਸਤੇ ਸੀ । ਬਾਲਕ ਹਰਿਭਜਨ ਇਸ ਸਕੂਲ ਵਿਚ ਪੜ੍ਹਨ ਵਾਲਾ ਇਕੋ ਇਕ ਮੁੰਡਾ ਸੀ ।
ਕਿਹਾ ਜਾਂਦਾ ਹੈ ਕਿ ਉਹ ਆਪਣੇ ਗੰਭੀਰ ਤੇ ਲਾਜਵਾਬ ਸਵਾਲਾਂ ਨਾਲ ਅਧਿਆਪਕਾਂ ਨੂੰ ਹੈਰਤ ਵਿਚ ਪਾ ਦਿੰਦਾ ਸੀ । ਇਕ ਦਿਨ ਉਨ੍ਹਾਂ ਦੀ ਇਕ ਟੀਚਰ ਨੇ ਲੇਟ ਹੋਣ ਕਾਰਣ ਉਨ੍ਹਾਂ ਨੂੰ ਡਾਂਟਿਆ ਤਾਂ ਹਰਿਭਜਨ ਨੇ ਇਸ ਭੋਲੇਪਨ ਨਾਲ ਉਸ ਨੂੰ ਦੇਰੀ ਦਾ ਕਾਰਨ ਦੱਸਿਆ ਕਿ ਉਹ ਵੀ ਅਵਾਕ ਹੋ ਕੇ ਰਹਿ ਗਈ । ਹਰਿਭਜਨ ਨੇ ਉਸ ਨੂੰ ਦੱਸਿਆ ਕਿ ਉਹ ਚਰਚ ਵੱਲ ਆ ਰਿਹਾ ਸੀ ਕਿ ਅਚਾਨਕ ਚਰਚ ਦੀਆਂ ਘੰਟੀਆਂ ਦੀ ਅਵਾਜ਼ ਫਿਜ਼ਾ ਅੰਦਰ ਫੈਲ ਗਈ। ਸੁਣਦੇ ਸਾਰ ਹੀ ਉਸ ਦੇ ਪੈਰ ਜਿਵੇਂ ਜ਼ਮੀਨ ਅੰਦਰ ਧਸ ਗਏ । ਧਿਆਨ ਦੀ ਖੁਮਾਰੀ ਉਸ ਦੀ ਚੇਤਨਾ ਤੇ ਤਾਰੀ ਹੋ ਗਈ ਸੀ । ਘੰਟੀਆਂ ਦੀ ਅਵਾਜ਼ ਇੰਨੀਂ ਮਧੁਰ ਸੀ ਕਿ ਉਸ ਨੂੰ ਚਾਰ ਚੁਫੇਰੇ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆ ਰਿਹਾ ਸੀ । ਚਾਹ ਕੇ ਵੀ ਉਸ ਕੋਲੋਂ ਹਿੱਲਿਆ ਨਾ ਗਿਆ । ਉਹ ਤਾਂ ਜਿਵੇਂ ਕੀਲਿਆਂ ਗਿਆ ਸੀ ਉਸੇ ਥਾਂ 'ਤੇ । ਉਸ ਨੂੰ ਪਤਾ ਹੀ ਨਹੀਂ ਲੱਗਾ , ਕਦੋਂ ਉਹ ਅਰਦਾਸ ਲਈ ਝੁਕ ਗਿਆ ਸੀ । ਘੰਟੀਆਂ ਦੀ ਅਵਾਜ਼ ਬੰਦ ਹੋਣ 'ਤੇ ਹੀ ਉਸ ਨੂੰ ਜਿਵੇਂ ਹੋਸ਼ ਆਇਆ ਸੀ । ਬਾਲ ਹਿਰਦੇ ਦੀ ਪਾਕੀਜ਼ਗੀ ਦਾ ਜਵਾਬ ਕਿਸੇ ਕੋਲ ਵੀ ਨਹੀਂ ਸੀ । ਉਸ ਦਾ ਇੱਕੋ ਇਕ ਜਵਾਬ ਹੋ ਸਕਦਾ ਸੀ ਤੇ ਉਹ ਸੀ ਮੌਨ ।
ਚਿਕਿਤਸਾ ਦੀਆਂ ਭਿੰਨ ਭਿੰਨ ਪ੍ਰਾਚੀਨ ਪ੍ਰਣਾਲੀਆਂ ਤੇ ਰੋਗਾਂ ਤੋਂ ਬਚਣ ਦੀਆਂ ਅਨੇਕਾਂ ਤਕਨੀਕਾਂ ਵਿਚ ਹਰਿਭਜਨ ਦੀ ਬਚਪਨ ਤੋਂ ਹੀ ਰੁਚੀ ਸੀ । ਇਹ ਪ੍ਰੇਰਣਾ ਉਸ ਨੂੰ ਆਪਣੇ ਪਿਤਾ ਤੋਂ ਹੀ ਹਾਸਲ ਹੋਈ ਸੀ। ਉਹ ਅਕਸਰ ਉਨ੍ਹਾਂ ਤੋਂ ਵੱਖ ਵੱਖ ਭਾਂਤ ਦੀਆਂ ਚਿਕਿਤਸਾ ਪਧਤੀਆਂ ਬਾਰੇ ਪੁੱਛਦਾ ਰਹਿੰਦਾ । ਐਲੋਪੈਥੀ ਹੋਵੇ ਜਾਂ ਹੋਮਿੳਪੈਥੀ ਜਾਂ ਫੇਰ ਯੋਗ ਸਾਧਨਾ, ਹਰ ਦਿਸ਼ਾ ਵਿਚ ਉਸ ਦੀ ਗਿਆਨ ਦੀ ਪਿਆਸ ਅਤਿਅੰਤ ਤੀਬਰ ਸੀ । ਗਿਆਨ ਹਾਸਲ ਕਰਨ ਦੀ ਉਸ ਦੀ ਯੋਗਤਾ ਤੇ ਸੰਵੇਦਨਾਵਾਂ ਦੀ ਸੂਖਮਤਾ ਵੀ ਬੇਮਿਸਾਲ ਸੀ ।
ਪਿਤਾ ਡਾ ਕਰਤਾਰ ਸਿੰਘ ਪੁਰੀ ਉਨ੍ਹਾਂ ਦੇ ਬਚਪਨ ਦੇ ਇਕ ਅਤਿਅੰਤ ਰੌਚਕ ਪਰ ਰਹੱਸ ਭਰਪੂਰ ਪ੍ਰਸੰਗ ਦਾ ਬਿਆਨ ਕਰਦੇ ਹਨ । ਉਨ੍ਹਾਂ ਦਾ ਅਕੀਦਾ ਹੈ ਕਿ ਬਚਪਨ ਤੋਂ ਹੀ ਹਰਿਭਜਨ ਦਾ ਸ੍ਰੀ ਗੁਰੂ ਰਾਮ ਦਾਸ ਜੀ ਨਾਲ ਇਕ ਖਾਸ ਗੁੜ੍ਹਾ ਰਿਸ਼ਤਾ ਸੀ । ਬਾਲਪਨ ਤੋਂ ਹੀ ਉਸ ਅੰਦਰ ਰੋਗਾਂ ਦਾ ਚਮਤਕਾਰੀ ਢੰਗ ਨਾਲ ਇਲਾਜ ਕਰਨ ਦੀ ਅਦਭੁਤ ਸ਼ਕਤੀ ਸੀ ।
ਉਨ੍ਹਾਂ ਅਨੁਸਾਰ , '' ਗੱਲ ਉਸ ਸਮੇਂ ਦੀ ਹੈ ਜਦੋਂ ਹਰਿਭਜਨ ਦੀ ਉਮਰ ਮਸਾਂ ਸੱਤ ਸਾਢੇ ਸੱਤ ਸਾਲ ਦੀ ਹੀ ਸੀ । ਇਕ ਦਿਨ ਅਚਾਨਕ ਉਸ ਨੂੰ ਤੇਜ਼ ਬੁਖਾਰ ਹੋ ਗਿਆ । ਸਾਰੇ ਸ਼ਰੀਰ 'ਤੇ ਲਾਲ ਲਾਲ ਧੱਫੜ ਹੋ ਗਏ । ਦੋ ਡਾਕਟਰ ਉਸ ਦੇ ਇਲਾਜ ਲਈ ਉਂਥੇ ਮੌਜੂਦ ਸਨ । ਪਰ ਬੁਖਾਰ ਤਾਂ ਘੱਟਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ । ਹਰਿਭਜਨ ਦੀ ਹਾਲਤ ਵਿਗੜਦੀ ਜਾ ਰਹੀ ਸੀ । ਜੁਲਾਬ ਲੱਗਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਸੀ ।"
'' ਅਗਲੇ ਦਿਨ ਮੈਂ ਤੜਕੇ ਹੀ ਉਸ ਨੂੰ ਅੰਮ੍ਰਿਤਸਰ ਆਪਣੀ ਭੈਣ ਦੇ ਘਰ ਲੈ ਗਿਆ । ਉਥੇ ਮੈਂ ਆਪਣੇ ਪੁਰਾਣੇ ਸਹਿਪਾਠੀ ਡਾਕਟਰ ਨਾਲ ਸੰਪਰਕ ਕੀਤਾ। ਜਾਂਚ ਪੜਤਾਲ ਤੋਂ ਬਾਅਦ ਉਸ ਨੇ ਹਰਿਭਜਨ ਨੂੰ ਇਕ ਇੰਜੈਕਸ਼ਨ ਲਾਇਆ । ਪਰ ਸ਼ਾਮ ਹੁੰਦੇ ਹੁੰਦੇ ਹਾਲਤ ਹੋਰ ਨਾਜ਼ੁਕ ਹੋ ਗਈ ਸੀ । ਅਚਾਨਕ ਹਰਿਭਜਨ ਦੇ ਕੰਨ ਵਿਚ ਅੰਤਾਂ ਦਾ ਦਰਦ ਹੋਣ ਲੱਗਾ ਸੀ । ਦਰਦ ਦੇ ਮਾਰੇ ਉਹ ਬੁਰੀ ਤਰ੍ਹਾਂ ਕਰਾਹ ਰਿਹਾ ਸੀ । ਉਮੀਦ ਦੀਆਂ ਸਾਰੀਆਂ ਰੌਸ਼ਨੀਆਂ ਹੁਣ ਮੱਧਮ ਪੈਂਦੀਆਂ ਜਾ ਰਹੀਆਂ ਸਨ ।"
'' ਉਸ ਨੇ ਮੈਨੂੰ ਕਿਹਾ , ਪਾਪਾ ਜੀ ਮੇਰੀ ਅਖੀਰੀ ਘੜੀ ਆ ਗਈ । ਮੈਂ ਸਹਾਰ ਨਹੀਂ ਸਕਦਾ । ਇਸ ਸਭ ਨੂੰ ਦੇਖਣ ਦੀ ਮੇਰੇ ਅੰਦਰ ਤਾਕਤ ਨਹੀਂ ਸੀ । ਉਸ ਘੜੀ ਦੇ ਟਾਕਰੇ ਤੋਂ ਬਚਣ ਲਈ ਮੈਂ ਛੱਤ ਉਤੇ ਚਲਾ ਗਿਆ । ਮੈਂ ਗੋਡਿਆਂ ਭਾਰ ਹੋਕੇ ਰਾਮ ਦਾਸ ਅੱਗੇ ਆਪਣੇ ਬੱਚੇ ਦੀ ਸਲਾਮਤੀ ਦੀ ਦੁਆ ਮੰਗੀ ।"
'' ਮੈਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਸੀ । ਮੈਂ ਆਪਣੇ ਪਿਤਾ ਜੀ ਦੀ ਸੁਖਮਨੀ ਸਾਹਬ ਦਾ ਪਾਠ ਕਰਨ ਦੀ ਗੱਲ ਨਹੀਂ ਸੀ ਮੰਨੀ । ਮੈਂ ਅਰਦਾਸ ਕੀਤੀ ਕਿ ਜੇ ਇਸ ਵਾਰ ਮੇਰੇ ਬੱਚੇ ਨੂੰ ਬਖਸ਼ ਜਾਂਵੇ ਤਾਂ ਮੈਂ ਨਿਤ ਉਠ ਕੇ ਸੁਖਮਨੀ ਦਾ ਪਾਠ ਪੂਰੀ ਸ਼ਰਧਾ ਨਾਲ ਕਰਾਂਗਾ ।"
'' ਇਸ ਤੋਂ ਬਾਅਦ ਥੱਲੇ ਆ ਕੇ ਉਸ ਦੇ ਬਿਸਤਰ ਕੋਲ ਬੈਠ ਗਿਆ । ਉਸ ਨੇ ਮੈਨੂੰ ਦਸਿਆ ਕਿ ਗੁਰੂ ਰਾਮ ਦਾਸ ਨੇ ਉਸ ਨੂੰ ਦਰਸ਼ਨ ਦਿੱਤੇ ਸਨ । ਉਹ ਕਹਿ ਰਿਹਾ ਸੀ, ਜੇ ਅਸੀਂ ਆਪਣੀਆ ਸਭ ਦਵਾਈਆਂ ਅਜ਼ਮਾ ਲਈਆਂ ਹੋਣ ਤਾਂ ਹੁਣ ਉਸ ਦੀ ਸੁਝਾਈ ਹੋਈ ਦਵਾਈ ਉਸ ਨੂੰ ਦੇਣ ।"
ਇਹ ਸੱਚਮੁੱਚ ਹੀ ਇਕ ਅਲੌਕਿਕ ਘਟਨਾ ਸੀ । ਕੋਈ ਵੀ ਆਮ ਹੋਸ਼ੋ ਹਵਾਸ ਵਾਲਾ ਬੰਦਾ ਛੇਤੀ ਕਿਤੇ ਇਸ 'ਤੇ ਯਕੀਨ ਨਹੀਂ ਸੀ ਕਰ ਸਕਦਾ । ਪਿਤਾ ਦੀ ਜ਼ੁਬਾਨ ਵੀ ਬੰਦ ਸੀ । ਡਾਕਟਰ ਪਿਤਾ ਨੇ ਆਖਰ ਆਪਣੇ ਨਾਬਾਲਗ ਪੁੱਤਰ ਦੀ ਗੱਲ ਮੰਨਦੇ ਹੋਏ ਉਹੋ ਕੀਤਾ ਜੋ ਉਨ੍ਹਾਂ ਨੂੰ ਕਿਹਾ ਗਿਆ ਸੀ ।
ਹਰਿਭਜਨ ਨੇ ਉਨਾਂ ਨੂੰ ਦੋ ਪਿਆਜਾਂ ਦਾ ਰਸ ਕੱਢ ਕੇ ਦੇਣ ਨੂੰ ਕਿਹਾ । ਫੇਰ ਉਸ ਦੇ ਹੀ ਕਹੇ ਮੁਤਾਬਕ ਇਕ ਪਿਆਜ ਨੂੰ ਤੇਲ ਵਿਚ ਭੁੰਨ ਕੇ , ਉਹੋ ਕੋਸਾ ਕੋਸਾ ਤੇਲ ਉਸ ਦੇ ਕੰਨ ਵਿਚ ਪਾਇਆ ਗਿਆ । ਸਵੇਰ ਹੋਣ ਤਕ ਬਾਲਕ ਬਿਲਕੁਲ ਨੌ-ਬਰ-ਨੌ ਹੋ ਗਿਆ। ਕੋਈ ਇਸ ਨੂੰ ਨਿਰੀ ਕਪੋਲ ਕਲਪਨਾ ਕਹਿ ਕੇ ਇਸ ਦੀ ਖਿੱਲੀ ਉਡਾ ਸਕਦਾ ਹੈ । ਜਾਂ ਕੋਈ ਇਸ ਨੂੰ ਸ਼ਰਧਾਵਨ ਮਨ ਦਾ ਸਵੈ-ਸੰਮੋਹਨ ਕਹਿ ਕੇ ਵੀ ਖੁਦ ਨੂੰ ਬਹਿਲਾ ਸਕਦਾ ਹੈ । ਤਰਕ ਦੀਆਂ ਸੀਮਾਵਾਂ ਵਿਚ ਬੱਝਾ ਆਧੁਨਿਕ ਮਨ ਇਸ ਸਭ ਕੁਝ ਨੂੰ ਸਹਿਜ ਸਵੀਕਾਰ ਨਹੀਂ ਕਰ ਸਕਦਾ । ਪਰ ਇਹ ਸੀਮਾਵਾਂ ਸਾਡੀਆਂ ਹੀ ਹਨ । ਅਜਿਹਾ ਬਹੁਤ ਕੁਝ ਹੈ ਜੋ ਸਾਡੀ ਸਮਝ ਤੋਂ ਬਾਹਰ ਹੈ, ਪਰ ਹੈ । ਅਸੀਂ ਉਸ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ । ਜੀਵਨ ਵਿਚ ਸਿਰਫ ਉਹੀ ਕੁਝ ਸਚ ਨਹੀਂ ਹੈ, ਜਿਸ ਨੂੰ ਅਸੀਂ ਜਾਣਦੇ ਹਾਂ ।

No comments:

Post a Comment