Thursday, November 26, 2009

ਪੱਛਮ ਵਿਚ ਖਾਲਸਾ ਉਦੈ ਤੇ ਅਕਵੇਰੀਅਨ ਏਜ

ਕਹਿੰਦੇ ਨੇ ਕਿ ਇਕ ਵਾਰ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਘੁੰਮਦੇ ਘੁਮਾਉਂਦੇ ਸੋਹੇਵਾ ਪਿੰਡ ਦੇ ਨੇੜੇ ਪਹੁੰਚੇ । ਕੁਝ ਸਿੱਖ ਵੀ ਗੁਰੂ ਦੇ ਨਾਲ ਸਨ । ਉਨ੍ਹਾਂ ਇਕ ਬਹੁਤ ਵੱਡੇ ਜੰਡ ਦੇ ਦਰੱਖਤ ਹੇਠਾਂ ਆਸਨ ਜਮਾਇਆ । ਥੋੜ੍ਹੀ ਦੇਰ ਬਾਅਦ ਗੁਰੁ ਜੀ ਨੇ ਆਪਣੇ ਸਿੱਖਾਂ ਨੂੰ ਉਥੇ ਪਿੱਪਲ ਲੱਭਣ ਦਾ ਹੁਕਮ ਦਿੱਤਾ । ਸੰਗਤ ਹੈਰਾਨ ਸੀ । ਕੁਝ ਲੋਕਾਂ ਨੇ ਇਤਰਾਜ਼ ਕੀਤਾ, ''ਮਹਾਰਾਜ ਇਹ ਮਾਰੂ ਇਲਾਕਾ ਹੈ ਪਿੱਪਲ ਨੂੰ ਤਾਂ ਵਧਣ ਫੁੱਲਣ ਲਈ ਬਹੁਤ ਪਾਣੀ ਦੀ ਲੋੜ ਹੁੰਦੀ ਹੈ । ਸੋ ਇਸ ਬੰਜਰ ਭੂਮੀ 'ਤੇ ਪਿੱਪਲ ਕਿਥੋਂ ਆਵੇਗਾ ।" ਪਰ ਗੁਰੂ ਦੇ ਜ਼ੋਰ ਪਾਉਂਣ 'ਤੇ ਉਨ੍ਹਾਂ ਨੂੰ ਜਾਣਾ ਹੀ ਪਿਆ । ਸਿੰਘਾਂ ਨੇ ਸਾਰਾ ਇਲਾਕਾ ਝਾਣ ਮਾਰਿਆ, ਪਰ ਪਿੱਪਲ ਕਿੱਧਰੇ ਨਾ ਲੱਭਾ । ਆਖਿਰ ਇਕ ਸਿੰਘ ਸਭ ਤੋਂ ਉਚੇ ਜੰਡ 'ਤੇ ਜਾ ਚੜ੍ਹਿਆ । ਪੂਰੇ ਗੌਹ ਨਾਲ ਉਸ ਨੇ ਪੂਰੇ ਇਲਾਕੇ ਦਾ ਮੁਆਇਨਾ ਕੀਤਾ । ਪਰ ਪਿੱਪਲ ਨਜ਼ਰੀ ਨਾ ਆਇਆ ।
ਸਭ ਆਪੋ ਆਪਣੀ ਵਾਹ ਲਾ ਚੁੱਕੇ ਸਨ । ਥਕ ਹਾਰ ਕੇ ਉਹ ਸਿੰਘ ਵੀ ਜੰਡ ਤੋਂ ਥੱਲੇ ਉਤਰਿਆ ਤੇ ਵਾਪਸ ਗੁਰੂ ਦੇ ਚਰਨਾਂ ਵੱਲ ਨੂੰ ਚੱਲ ਪਿਆ । ਅਚਾਨਕ ਉਸ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ । ਠੀਕ ਉਸ ਹੀ ਜੰਡ ਦੇ ਥੱਲੇ ਇਕ ਛੋਟਾ ਜਿਹਾ ਪਿੱਪਲ ਦਾ ਬੂਟਾ ਸੀ । ਉਸ ਦੀਆਂ ਛੋਟੀਆਂ ਛੋਟੀਆਂ ਕੋਮਲ ਪੱਤੀਆਂ ਨੂੰ ਦੇਖ ਕੇ ਵੀ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ।
ਉਦੋਂ ਗੁਰੁ ਜੀ ਨੇ ਕਿਹਾ ਜਦੋਂ ਇਹ ਛੋਟਾ ਜਿਹਾ ਬੂਟਾ ਫੈਲ ਕੇ ਪੂਰਾ ਵਿਸ਼ਾਲ ਦਰੱਖਤ ਬਣ ਜਾਵੇਗਾ । ਇੰਨਾ ਵੱਡਾ ਕਿ ਉਸ ਦੇ ਸਾਹਮਣੇ ਉਹ ਜੰਡ ਵੀ ਬੌਣਾ ਲੱਗਣ ਲੱਗੇਗਾ । ਉਦੋਂ ਮੇਰਾ ਖਾਲਸਾ ਸੰਸਾਰ ਦੇ ਚੌਹੀਂ ਖੂੰਟੀਂ ਫੈਲੇਗਾ । ਉਦੋਂ ਹੀ ਖਾਲਸੇ ਅੰਦਰਲੀ ਉਹ ਰੂਹਾਨੀ ਸ਼ਕਤੀ ਇਕ ਵਿਸ਼ਵ ਸਮਾਜ ਦਾ ਨਿਰਮਾਣ ਕਰੇਗੀ ।
ਕਹਾਣੀਆਂ ਤੇ ਬੁਝਾਰਤਾਂ ਰਾਹੀਂ ਗੱਲ ਕਰਨ ਦੀ ਪਰੰਪਰਾ ਸੰਸਾਰ ਦੇ ਲਗਭਗ ਸਾਰੇ ਹੀ ਧਰਮਾਂ ਵਿਚ ਹੈ । ਹਿੰਦੂ ਪਰੰਪਰਾ ਵਿਚ ਉਮਾ ਪਾਰਵਤੀ ਨੂੰ ਸੁਣਾਈਆਂ ਅਮਰ ਕਥਾਵਾਂ , ਇਸਲਾਮ ਦੀਆਂ ਹਦੀਸ ਇਸੇ ਸਿਲਸਲੇ ਦਾ ਹਿੱਸਾ ਹਨ । ਜ਼ੈਨ ਬੁੱਧ ਵਿਚ ਵੀ ਇਸ ਦੀ ਖਾਸ ਥਾਂ ਹੈ । ਜ਼ੈਨ ਗੁਰੂ ਅਕਸਰ 'ਕੁਆਨ' ਦੀ ਵਰਤੋਂ ਕਰਦੇ ਹਨ । ਯਹੂਦੀਆਂ ਦਾ ਇਕ ਸੰਪ੍ਰਦਾਇ ਤਾਂ ਇਹੋ ਜਿਹਾ ਵੀ ਹੈ, ਜਿਸ ਵਿਚ ਗੁਰੂ ਲਤੀਫਿਆਂ ਦੀ ਵਰਤੋਂ ਕਰਦੇ ਹਨ । ਈਸਾਈਆਂ ਅੰਦਰ ਗੋਸਪਲਜ਼ ਦੀ ਆਪਣੀ ਅਹਿਮੀਅਤ ਹੈ । ਸਿੱਖ ਧਰਮ ਵਿਚ ਪ੍ਰਚਲਤ ਸਾਖੀਆਂ ਨੂੰ ਵੀ ਗੁਰੂਆਂ ਵਲੋਂ ਵਰਤੀ ਜਾਂਦੀ ਵਿਲੱਖਣ ਭਾਸ਼ਾ ਦੇ ਸੰਦਰਭ ਵਿਚ ਹੀ ਸਮਝਿਆ ਜਾਣਾ ਚਾਹੀਦਾ ਹੈ । ਇਹ ਕਹਾਣੀਆਂ ਅਸਲ ਵਿਚ ਮਨ ਦੀਆਂ ਤੈਹਾਂ ਅੰਦਰ ਉਤਰ ਕੇ ਉਸ ਤੋਂ ਪਾਰ ਜਾਣ ਦਾ ਹੀ ਰਾਹ ਦਿਖਾਉਂਦੀਆਂ ਹਨ । ਇਨ੍ਹਾਂ ਅੰਦਰ ਰੋਗ ਨੂੰ ਦਾਰੂ ਵਿਚ ਬਦਲਣ ਦੀ ਕਲਾ ਹੈ । ਇਤਿਹਾਸ ਵਾਂਗ ਪੜ੍ਹਦਿਆਂ ਕਈ ਵਾਰ ਇਨ੍ਹਾਂ ਕਹਾਣੀਆਂ ਦੇ ਅਰਥ ਤੋਂ ਅਨਰਥ ਹੋ ਜਾਂਦੇ ਹਨ ।
ਉਪੱਰ ਜਿਸ ਕਹਾਣੀ ਦੀ ਤਫਸੀਲ ਹੈ। ਉਸ ਵਿਚ ਵੀ ਆਤਮ ਜਗਤ ਅੰਦਰ ਉਤਰਨ ਦੀ ਕੀਮੀਆ ਦਿੱਤੀ ਹੋਈ ਹੈ । ਬਹੁਤ ਮਹੀਨ ਢੰਗ ਨਾਲ ਇਹ ਸੰਕੇਤ ਕੀਤਾ ਗਿਆ ਹੈ ਕਿ ਬਾਹਰੀ ਸੰਸਾਰ ਦੀ ਖਾਕ ਛਾਣਦਿਆਂ ਜੋ ਸ਼ੈਅ ਕਿਧਰੇ ਵਿਖਾਈ ਨਹੀਂ ਦਿੰਦੀ । ਸਭ ਹੰਭਲਿਆਂ ਤੋਂ ਤੌਬਾ ਕਰ ਜਦ ਬੰਦਾ ਵਾਪਸ ਮੁੜਦਾ ਹੈ, ਅੰਦਰ ਵੱਲ ਨੂੰ, ਤਾਂ ਉਹੀ ਸ਼ੈ ਉਸ ਦੇ ਸਾਹਮਣੇ ਹੁੰਦੀ ਹੈ । ਸਾਧਕ ਨੇ ਉਸ ਸੂਖਮ ਪੌਧ ਨੂੰ ਸਾਧਨਾ ਰਾਹੀਂ ਪਾਲਣਾ ਹੁੰਦਾ ਹੈ । ਜਦੋਂ ਉਹ ਸੱਚ ਸਾਰੇ ਸੰਸਾਰ ਉਤੇ ਭਾਰੂ ਪੈ ਜਾਵੇ ਤਾਂ ਫੇਰ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਹੈ ।
ਯੋਗੀ ਭਜਨ ਵੀ ਆਪਣੇ ਨਿਵੇਕਲੇ ਅੰਦਾਜ਼ ਵਿਚ ਨਵੇਂ ਯੁਗ ਦੀ ਆਮਦ ਦਾ ਹੋਕਾ ਦੇ ਰਿਹਾ ਸੀ । ਪੱਛਮ ਦੇ ਲੋਕਾਂ ਦੀ ਭਾਸ਼ਾ ਵਿਚ ਉਸ ਨੇ ਇਸ ਯੁਗ ਨੂੰ ਅਕਵੇਰੀਅਨ ਯੁਗ ਦਾ ਨਾਂ ਦਿੱਤਾ ਸੀ । ਬੀਤ ਰਹੇ ਯੁਗ ਦਾ ਨਾਂ ਪਾਈਸੀਅਨ ਸੀ । ਇਸ ਯੁਗ ਦੀ ਮੰਗ ਇਹ ਸੀ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਮੰਨ ਲਵੋਗੇ ਤਾਂ ਜਾਣ ਵੀ ਜਾਵੋਗੇ । ਇਹ ਅਖੌਤੀ ਅਗੂਆਂ 'ਤੇ 'ਚੇਲਾ ਮਨੁੱਖਾਂ' ਦਾ ਦੌਰ ਸੀ । ਪਰ ਹੁਣ ਇਸ ਦਾ ਭੋਗ ਪੈ ਰਿਹਾ ਸੀ । ਨਵੇਂ ਯੁਗ ਨੇ ਐਲਾਨ ਕਰ ਦਿੱਤਾ ਸੀ ਕਿ ਆਦਮੀ ਭੇਡਾਂ ਦੇ ਵੱਗ ਵਾਂਗ ਨਹੀਂ ਹਨ, ਜਿਨ੍ਹਾਂ ਨੂੰ ਕੋਈ ਇਕ ਜਣਾ ਹਿੱਕ ਕੇ ਲੈ ਜਾਵੇ । ਹੁਣ ਤੁਸੀਂ ਆਪਣੇ ਗਿਆਨ ਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਕਰ ਸਕਦੇ ਸੀ, ਵੰਡ ਸਕਦੇ ਸੀ, ਜਿਨ੍ਹਾਂ ਅੰਦਰ ਸਚੱਮੁਚ ਇਸ ਲਈ ਪਿਆਸ ਸੀ । ਸ਼ਾਇਦ ਇਹ ਇਤਫਾਕ ਦੀ ਗੱਲ ਸੀ ਜਾਂ ਇਸ ਤੋਂ ਕੁਝ ਵੱਧ, ਪਰ ਇਹ ਤੱਥ ਆਪਣੇ ਆਪ ਵਿਚ ਰੌਚਕ ਹੈ ਕਿ ਯੋਗੀ ਭਜਨ ਦਾ ਪੱਛਮ ਵਿਚਲਾ ਸਫਰ ਉਦੋਂ ਸ਼ੁਰੂ ਹੋ ਰਿਹਾ ਸੀ ਜਦੋਂ ਬਾਬੇ ਨਾਨਕ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਜਸ਼ਨਾਂ ਦੀ ਤਿਆਰੀ ਵੀ ਚੱਲ ਰਹੀ ਸੀ । ਇਸੇ ਸ਼ੁਭ ਅਵਸਰ ਉਤੇ ਯੋਗੀ ਭਜਨ ਇਕ ਤਰ੍ਹਾਂ ਨਾਲ 'ਸਤਿਯੁਗ' ਦੀ ਮੁੜ ਫੇਰੀ ਦਾ ਹੀ ਹੋਕਾ ਦੇ ਰਹੇ ਸਨ । ਉਨ੍ਹਾਂ ਨੇ ਇਸ ਦੀ ਵਿਆਖਿਆ ਦ੍ਰਿਸ਼-ਅਦ੍ਰਿਸ਼ ਆਕਾਸ਼ੀ ਤਬਦੀਲੀਆਂ ਨਾਲ ਵੀ ਜੋੜ ਕੇ ਕੀਤੀ ਸੀ । ਇਹ ਉਹ ਮੋਕਾ ਸੀ ਜਦੋਂ ਸਿਤਾਰਿਆਂ ਦਰਮਿਆਨ ਨਵੇਂ ਸਬੰਧ ਬਣ ਰਹੇ ਸਨ । ਨਛੱਤਰ ਰਾਹ ਬਦਲ ਰਹੇ ਸਨ । ਧਰਤੀ ਨਾਲ ਵੀ ਉਨ੍ਹਾਂ ਦੇ ਰਿਸ਼ਤਿਆਂ ਦੀ 'ਜਿਉਮੈਟਰੀ' ਬਦਲ ਰਹੀ ਸਨ ।
ਇਸੇ ਮੌਕੇ 'ਤੇ ਕੋਈ ਪੰਜ ਪਾਣੀਆਂ ਦੀ ਧਰਤੀ ਤੋਂ ਬਾਬੇ ਨਾਨਕ ਦੀ ੴ ਦਾ ਹੋਕਾ ਲੈ ਪੱਛਮ ਪਹੁੰਚ ਰਿਹਾ ਸੀ । ਸ਼ਾਇਦ ਇਹ ਸਭ ਖੂਬਸੂਰਤ ਇਤਫਾਕ ਹੀ ਸਨ । 5 ਜਨਵਰੀ 1969 ਨੂੰ ਯੋਗੀ ਭਜਨ ਨੇ ਅਮਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਆਮ ਜਨਤਾ ਨੂੰ ਸੰਬੋਧਨ ਕੀਤਾ ਸੀ। ਇਹ ਲੰਮੇ ਪੈਂਡੇ ਉਤੇ ਪੁੱਟਿਆ ਗਿਆ ਪਹਿਲਾ ਕਦਮ ਸੀ । ਧਰਤੀ ਦੀ ਹਿੱਕ ਤੇ ਪੈਣ ਵਾਲੀ ਪਹਿਲੀ ਬੂੰਦ ਵਾਂਗ ।
ਹਰਿਭਜਨ ਹੁਣ ਯੋਗੀ ਵਾਲੀ ਧੁਨ 'ਤੇ ਸਿੱਖੀ ਵਾਲਾ ਸਿਦਕ ਲੈ ਲੋਕਾਂ ਵਿਚ ਨਿੱਤਰ ਆਏ ਸਨ । ਬਹੁਤ ਵਾਰੀ ਉਸ ਦੇ ਪ੍ਰੋਗਰਾਮ ਲੋਕਲ ਚਰਚ ਦੀਆਂ ਈਮਾਰਤਾਂ ਵਿਚ ਹੀ ਹੁੰਦੇ ਸਨ । ਲੋਕ ਇਕੱਠੇ ਹੁੰਦੇ, ਗੱਲਬਾਤ 'ਤੇ ਸਵਾਲ ਜੁਆਬ ਦਾ ਲੰਮਾ ਸਿਲਸਿਲਾ ਚੱਲਦਾ । ਇਸ ਤੋਂ ਬਾਅਦ ਸਮੂਹ ਗਾਨ ਤੇ ਫੇਰ ਧਿਆਨ । ਸਭ ਤੋਂ ਅੰਤ ਵਿਚ ਲੋਕ ਇਕ ਦੂਜੇ ਦੀਆਂ ਬਾਹਾਂ ਫੜੀ ਇਕ ਗੋਲ ਦਾਇਰੇ ਵਿਚ ਨ੍ਰਿਤ ਕਰਦੇ ਹੋਏ ਵਿਦਾ ਹੁੰਦੇ । ਇਹ ਉਸ ਮਿਲਨੀ ਦਾ ਸਿਖਰ ਹੁੰਦਾ ਸੀ । ਚਰਚ ਦੀਆਂ ਉਦਾਸ ਇਮਾਰਤਾਂ ਵਿਚ ਵੀ ਜਾਨ ਪੈ ਜਾਂਦੀ ਸੀ । ਬਿਨਾ ਕਿਸੇ ਵੀ ਖੌਫ ਜਾਂ ਝਿਜਕ ਤੋਂ ਉਹ ਐਲਾਨ ਕਰਦਾ ਕਿ ਕ੍ਰਿਸ਼ਚੈਨਟੀ ਮਰ ਰਹੀ ਹੈ ਪਰ ਕ੍ਰਾਈਸਟ ਕਾਂਸ਼ਸਨੈਸ ਹਮੇਸ਼ਾ ਜਿਉਂਦੀ ਰਹੇਗੀ । ਇਹ ਸ਼ੁਰੂਆਤੀ ਦੌਰ ਸੀ ।
ਲੋਕਾਂ ਅੰਦਰ ਭਾਰੀ ਜੋਸ਼ ਸੀ । ਉਨ੍ਹਾਂ ਵਿਚੋਂ ਬਹੁਤਿਆਂ ਦਾ ਤਾਂ ਇਕ ਤਰ੍ਹਾਂ ਨਾਲ ਪੁਨਰ ਜਨਮ ਹੀ ਸੀ । ਪੰਜ ਸੱਤ ਸਾਲਾਂ ਵਿਚ ਹੀ 'ਕਾਊਂਟਰ ਕਲਚਰ' ਦਾ ਸਾਰਾ ਜੋਸ਼ ਠੰਡਾ ਪੈ ਗਿਆ ਸੀ । ਕੱਲ੍ਹ ਦੇ ਬਾਗੀਆਂ ਦਾ ਵੱਡਾ ਹਿੱਸਾ ਹੁਣ ਘਰਾਂ ਦੇ ਨਿੱਘ ਵੱਲ ਨੂੰ ਵਾਪਸ ਪਰਤ ਗਿਆ ਸੀ। ਨਕਲੀ ਸੁਰੱਖਿਆ ਦੇ ਭਰਮ ਨਾਲ ਉਨ੍ਹਾਂ ਨੇ ਜੀ ਪਰਚਾ ਲਿਆ ਸੀ । ਪਰ ਕੁਝ ਹਿੰਮਤ ਵਾਲੇ ਲੋਕ ਕਿਸੇ ਨਾ ਕਿਸੇ ਤਨ-ਪਤਣ ਲੱਗ ਹੀ ਗਏ ਸਨ । ਯੋਗੀ ਭਜਨ ਨੇ ਉਨ੍ਹਾਂ ਨੂੰ ਕੁੰਡਲਨੀ ਦਾ ਤੋਹਫਾ ਦਿੱਤਾ ਸੀ । ਸ਼ੁਰੂ ਵਿਚ ਉਹ ਝਿਜਕਦੇ, ਪੱਛਮ ਦਾ ਸੰਸ਼ੈਵਾਦੀ ਮਨ, ਨਸ਼ਿਆਂ ਦੀ ਭੰਨੀ ਹੋਈ ਇੱਛਾ ਸ਼ਕਤੀ ਰਾਹ ਵਿਚ ਰੋੜੇ ਅਟਕਾਉਂਦੀ ਸੀ । ਪਰ ਹੌਲੀ ਹੌਲੀ ਹੀ ਸਹੀ ਸ਼ਰਧਾ ਤੇ ਸ਼ਕਤੀ ਦਾ ਮੰਦਿਰ ਉਸਰ ਰਹਾ ਸੀ । ਉਹ ਪਹਿਲੀ ਵਾਰ ਭਰਮ ૶ਮੁਕਤ ਤੇ ਕਿਸੇ ਵੀ ਡਰੱਗ ਦੀ ਫੌਹੜੀ ਤੋਂ ਬਿਨਾ ਉਹ ਰੂਹਾਨੀ-ਵਸਲ ਦਾ ਆਨੰਦ ਮਾਣ ਰਹੇ ਸਨ । ਇਹ ਨਜ਼ਾਰਾ ਉਨ੍ਹਾਂ ਲਈ ਅਲੌਕਿਕ ਸੀ। ਯਕੀਨ ਕਰਨਾ ਔਖਾ ਸੀ । ਜੋ ਸਹਿਜ ਸੁਆਦ ਉਹ ਚੱਖ ਰਹੇ ਸਨ । ਉਸ ਦਾ ਸੋਮਾ ਉਨ੍ਹਾਂ ਦੇ ਅੰਦਰ ਹੀ ਸੀ । ਇਹ ਪਰਮ-ਮੁਕਤੀ ਸੀ ।
ਅਸਲ ਵਿਚ ਇਹ ਉਹ ਮੁਕਾਮ ਸੀ, ਜਿਸ ਦੀ ਖਾਤਰ ਉਨ੍ਹਾਂ ਘਰ ਬਾਰ ਛੱਡੇ ਸਨ । ਪਟੇ ਵਧਾਏ, ਮਣਾਂ ਮੂੰਹੀ ਨਸ਼ੇ ਕੀਤੇ, ਲੋਕਾਂ ਦੀਆਂ ਠੋਕਰਾਂ ਬਰਦਾਸ਼ਤ ਕੀਤੀਆਂ । ਢੰਗੋਂ ਬੇਢੰਗੇ ਕਪੱੜੇ ਪਾਏ, ਤਸੀਹੇ ਝੱਲ੍ਹੇ, ਜੇਲਾਂ ਕਟੀਆਂ, ਕਿਸ ਲਈ? ਇਸੇ ਦੀ ਭਾਲ ਵਿਚ ਤੇ ਉਹ ਤਾਂ ਉਥੇ ਹੀ ਸਨ । ਬੱਸ ਉਸ ਸਖਸ਼ ਦੀ ਘਾਟ ਸੀ ਜੋ ਉਨ੍ਹਾਂ ਦਾ ਮੂੰਹ ਉਨ੍ਹਾਂ ਵੱਲ ਨੂੰ ਹੀ ਮੋੜ ਦਿੰਦਾ । ਉਹ ਹੁਣ ਉਨ੍ਹਾਂ ਨੂੰ ਮਿਲ ਗਿਆ ਸੀ ।
ਯੋਗੀ ਭਜਨ ਨੇ ਉਸ ਸਾਰੀ ਲਹਿਰ ਨੂੰ ਨਵੀਂ ਚੇਤਨਾ ਲਈ ਚੁਕਾਈ ਗਈ ਕੀਮਤ ਹੀ ਦੱਸਿਆਂ ਸੀ । ਉਸ ਨੇ ਤਰਕ ਸੰਗਤ ਤੇ ਵਿਗਿਆਨਕ ਸ਼ਬਦਾਵਲੀ ਵਿਚ ਉਨ੍ਹਾਂ ਨੂੰ ਮਾਸਾਹਾਰ, ਤੰਬਾਕੂਨੋਸ਼ੀ ਅਤੇ ਦੂਜੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਿਆ । ਇਹ ਗੱਲਾਂ ਤਾਂ ਉਹ ਬਹੁਤ ਵਾਰ ਸੁਣ ਚੁੱਕੇ ਸਨ । ਪਰ ਯੋਗੀ ਭਜਨ ਦਾ ਲਹਿਜ਼ਾ ਫਿਟਕਾਰਾਂ, ਦੁਤਕਾਰਾਂ ਤੇ ਨਫ਼ਰਤ ਭਰੇ ਪੁਰਾਣੇ ਲਹਿਜੇ ਨਾਲੋਂ ਇੰਨਾਂ ਵੱਖਰਾ ਸੀ ਕਿ ਬੋਲੇ ਗਏ ਹਰ ਬੋਲ ਵਿਚ ਨਵੇਂ ਹੀ ਅਰਥ ਭਰ ਗਏ ਸਨ । ਜਿਸ ਤੋਂ ਉਹ ਇੰਨੀ ਦੇਰ ਭੱਜਦੇ ਰਹੇ ਸਨ ਉਹੀ ਭਾਸ਼ਾ ਹੁਣ ਉਨ੍ਹਾਂ ਲਈ ਅਰਥਵਾਨ ਹੋ ਗਈ ਸੀ ।
ਯੋਗੀ ਭਜਨ ਅਖੌਤੀ ਸੰਤਾਂ ਵਾਲੇ ਕਿਸੇ ਉਚੇ ਪੈਡਸਟਲ 'ਤੇ ਖੜ੍ਹ ਕੇ ਨਸੀਹਤਾਂ ਨਹੀਂ ਸੀ ਦੇ ਰਿਹਾ । ਨਾ ਹੀ ਭੰਡ ਰਿਹਾ ਸੀ । ਉਹ ਉਨ੍ਹਾਂ ਸਾਹਮਣੇ ਇਕ ਚੁਣੌਤੀ ਖੜ੍ਹੀ ਕਰ ਰਿਹਾ ਸੀ । ਉਸ ਸਪੱਸ਼ਟ ਕਰ ਦਿੱਤਾ ਕਿ ਮੁਕਤੀ ਵਰਗੀ ਬੇਸ਼ਕੀਮਤੀ ਸ਼ੈਅ ਸਖਤ ਮੁਸ਼ਕੱਤ ਬਿਨਾ ਹਾਸਲ ਨਹੀਂ ਹੁੰਦੀ । ਹਰ ਆਜ਼ਾਦੀ ਦਾ ਮੁੱਲ ਤਾਰਨਾ ਹੀ ਪੈਂਦਾ ਹੈ । ਪਰ ਉਸ ਦੇ ਸ਼ਬਦਾਂ ਵਿਚ ਉਚੇਰੀ ਸਮਝ ਤਾਂ ਸੀ, ਉਸ ਦਾ ਦੰਭ ਕੋਈ ਨਹੀਂ ਸੀ ।
ਪਿਆਰ ਦਾ ਨਿੱਘ ਹੀ ਸੀ ਜਿਹੜਾ ਉਨ੍ਹਾਂ ਲੋਕਾਂ ਨੂੰ ਯੋਗ ਵਰਗੇ ਸਖਤ ਅਨੁਸ਼ਾਸਨ ਵੱਲ ਖਿੱਚ ਰਿਹਾ ਸੀ, ਜਿਹੜੇ ਹਰ ਤਰ੍ਹਾਂ ਦੇ ਨੇਮ, ਕਾਨੂੰਨ ਦੇ ਵੈਰੀ ਰਹੇ ਸਨ । ਇਸ ਅਨੁਸ਼ਾਸਨ ਨੇ ਉਨ੍ਹਾਂ ਦੀ ਖਿੰਡਰੀ-ਪੁੰਤਰੀ ਚੇਤਨਾ ਨੂੰ ਇਕ ਧੁਰੀ 'ਤੇ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ ।
ਹੁਣ ਉਹ ਆਪਣੇ ਤਜ਼ਰਬੇ ਤੋਂ ਸਿੱਖ ਰਹੇ ਸਨ । ਦੋਂਹਾਂ ਹੀ ਪਾਸਿਆਂ ਤੋਂ ਰਾਹ ਹੁਣ ਖੁੱਲ੍ਹ ਗਿਆ ਸੀ । ਵਿਛੋੜਾ ਹੁਣ ਵਸਲ ਵਿਚ ਤੇ ਸੋਕਾ, ਹਰਿਆਵਲ ਵਿਚ ਬਦਲਣ ਲੱਗਾ ਸੀ । ਅਪ੍ਰੈਲ 1970 ਵਿਚ ਉਹ ਪਹਿਲਾ ਮੌਕਾ ਸੀ ਜਦੋਂ ਕਿਸੇ ਅਮਰੀਕਨ ਨੇ ਪੂਰੇ ਵਿਧੀਵਤ ਢੰਗ ਨਾਲ ਸਿੱਖ ਧਰਮ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ।
ਸ਼ੁਰੂ ਸ਼ੁਰੂ ਵਿਚ ਜਦੋਂ ਕੋਈ ਨੌਜਵਾਨ ਉਨ੍ਹਾਂ ਕੋਲ ਆਉਂਦਾ ਤਾਂ ਯੋਗੀ ਭਜਨ ਇਹ ਕਹਿ ਕੇ ਟਾਲਣ ਦਾ ਯਤਨ ਕਰਦਾ ਕਿ ਕਿਸੇ ਨੂੰ ਸ਼ਿਸ਼ ਬਣਾਉਣਾ ਉਸ ਦੇ ਅਧਿਕਾਰ ਖੇਤਰ ਵਿਚ ਨਹੀਂ । ਸੰਨ 1970 ਦੀ ਵਿਸਾਖੀ ਵਾਲੇ ਦਿਨ ਦੋ ਨੌਜਵਾਨ ਉਸ ਕੋਲ ਸਿੱਖ ਸਜਣ ਦੇ ਮਕਸਦ ਨਾਲ ਆਏ। ਪੱਛਮੀ ਜਗਤ ਵਿਚ ਖਾਲਸੇ ਦਾ ਜਨਮ ਹੋਣ ਜਾ ਰਿਹਾ ਸੀ । ਸਮੁੱਚੀ ਘਟਨਾ 'ਤੇ ਸਥਿਤੀ ਅਤਿਅੰਤ ਨਾਟਕੀ ਤੇ ਦਿਲਚਸਪ ਸੀ ।
ਯੋਗੀ ਭਜਨ ਨੇ ਉਨ੍ਹਾਂ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜਾਣ ਲਈ ਕਿਹਾ, ਜੋ ਹਰ ਸਿੱਖ ਦੇ ਗੁਰੂ ਹਨ, ਪਰ ਇਤਫਾਕ ਉਨ੍ਹਾਂ ਦੋਂਹਾਂ ਕੋਲ ਇਹ ਜ਼ਰੀਆ ਵੀ ਮੌਜੂਦ ਨਹੀਂ ਸੀ । ਉਹ ਦੋਹੇਂ ਲੱਭਦੇ ਲਭਾਂਦੇ ਲਾਸ ਏਂਜਲੀਸ ਦੇ ਸਿੱਖ ਸਟੱਡੀ ਸਰਕਲ ਵਿਚ ਜਾ ਪਹੁੰਚੇ । ਉਹ ਉਸ ਇਲਾਕੇ ਦਾ ਇਕੋ ਇਕ ਮਸ਼ਹੂਰ ਗੁਰਦੁਆਰਾ ਸੀ । ਚਿੱਟੇ ਬਾਣੇ ਵਿਚ ਸਜੇ ਵਜਦ ਵਿਚ ਆਏ ਉਹ ਗੁਰੁ ਗ੍ਰੰਥ ਦੇ ਸਾਹਮਣੇ ਜਾ ਖਲੋਏ । ਜਦੋਂ ਉਨ੍ਹਾਂ ਦੇ ਮਨਸੇ ਦਾ ਉਥੇ ਮੌਜੂਦ ਸੰਗਤ ਨੂੰ ਪਤਾ ਲੱਗਾ ਤਾਂ ਉਹ ਸਭ ਹੈਰਾਨ ਰਹਿ ਗਏ । ਵਿਸਾਖੀ ਦਾ ਮੌਕਾ ਹੋਣ ਕਰਕੇ ਕਾਫੀ ਸੰਗਤ ਗੁਰਦੁਆਰੇ ਵਿਚ ਇੱਕਠੀ ਹੋਈ ਸੀ । ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ ਨੂੰ ਸੁਝ ਨਹੀਂ ਸੀ ਰਿਹਾ ਕਿ ਉਹ ਇਨ੍ਹਾਂ ਭਲੇ ਲੋਕਾਂ ਦਾ ਕੀ ਕਰੇ । ਇਤਿਹਾਸ ਵਿਚ ਇਹ ਸ਼ਾਇਦ ਪਹਿਲਾ ਮੌਕਾ ਸੀ ਜਦੋਂ ਕੋਈ ਗੈਰ ਭਾਰਤੀ ਖ਼ੁਦ ਆਪਣੇ ਆਪ ਨੂੰ ਸਿੱਖ ਹੋਣ ਲਈ ਪੇਸ਼ ਕਰ ਰਿਹਾ ਸੀ । ਉਹ ਯਕੀਨ ਨਹੀਂ ਸੀ ਕਰ ਪਾ ਰਹੇ । ਇਤਿਹਾਸ ਉਨ੍ਹਾਂ ਦੇ ਐਨ ਸਾਹਮਣੇ ਕਰਵਟ ਲੈ ਰਿਹਾ ਸੀ । ਕਿਸੇ ਇਕ ਨੇ ਗੁਰੂ ਰਾਮ ਦਾਸ ਆਸ਼ਰਮ ਫੋਨ ਕੀਤਾ, ਉਹ ਯੋਗੀ ਹੋਰਾਂ ਕੋਲੋਂ ਹੀ ਪੁਛ ਰਹੇ ਸਨ ਕਿ ਉਨ੍ਹਾਂ ਨੌਜਵਾਨਾਂ ਦਾ ਉਹ ਕੀ ਕਰਨ । ਯੋਗੀ ਭਜਨ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤਾ ਜਾਵੇ । ਮੌਕੇ 'ਤੇ ਹੀ ਇਕ ਛੋਟੀ ਜਿਹੀ ਸਾਦ ਮੁਰਾਦੀ ਰਸਮ ਕੀਤੀ ਗਈ । ਸ਼ਾਇਦ ਸਾਰੇ ਵਡੇ ਕੰਮਾਂ ਦੀ ਸ਼ੁਰੂਆਤ ਸਾਦੇ ਢੰਗ ਨਾਲ ਹੀ ਹੁੰਦੀ ਹੈ । ਉਥੇ ਮੌਜੂਦ ਸੰਗਤ ਵਿਚੋਂ ਹੀ ਦੋ ਜਣਿਆਂ ਨੇ ਆਪਣੇ ਕੜੇ ਉਨ੍ਹਾਂ ਨੂੰ ਪਾਉਣ ਲਈ ਦੇ ਦਿੱਤੇ । ਚਮਕਦੀਆਂ ਅੱਖਾਂ ਵਾਲੇ ਉਨ੍ਹਾਂ ਜਵਾਨਾਂ ਨੂੰ ਗੁਰਦੁਆਰੇ ਦੇ ਪ੍ਰਧਾਨ ਨੇ ਸੰਗਤ ਸਾਹਮਣੇ ਪੇਸ਼ ਕੀਤਾ । ਕੁਝ ਹੀ ਹਫਤਿਆਂ ਵਿਚ ਯੋਗੀ ਭਜਨ ਦੇ ਅਨੇਕਾਂ ਹੀ ਵਿਦਿਆਰਥੀਆਂ ਨੇ ਸਿੱਖ ਧਰਮ ਕਬੂਲਣਾ ਸ਼ੁਰੂ ਕਰ ਦਿੱਤਾ ।
ਇਹ ਵੱਡੀ ਪੁਲਾਂਘ ਸੀ । ਕਿਉਂ ਜੋ ਇਸ ਦੇ ਪਿਛੇ ਨਾ ਤਾਂ ਕੋਈ ਸਮਾਜੀ ਜਾਂ ਰਾਜਸੀ ਤਾਂਘ ਸੀ, ਨਾ ਹੀ ਧਨ ਦਾ ਲੋਭ । ਇਹ ਨਵਾਂ ਵਰਤਾਰਾ ਸਮਾਜ ਸ਼ਾਸਤਰੀਆਂ ਦੇ ਉਸ ਸੰਕਲਪ ਦੇ ਐਨ ਉਲਟ ਸੀ, ਜਿਸ ਨੂੰ ਉਹ ਸਾਂਸਕ੍ਰਿਤਕਰਣ ਦਾ ਨਾਂ ਦਿੰਦੇ ਹਨ । ਉਨ੍ਹਾਂ ਅਨੁਸਾਰ ਪਿਛੜੇ ਹੋਏ ਸਭਿਆਚਾਰ 'ਤੇ ਸ਼ਰੇਣੀਆਂ ਨਾਲ ਜੁੜੇ ਹੋਏ ਲੋਕ ਅਕਸਰ ਸਮਾਜ ਤੇ ਸ਼ਕਤੀ ਦੀ ਪੌੜੀ ਉਤੇ ਇਕ ਡੰਡਾ ਉਪੱਰ ਚੜ੍ਹਨ ਖਾਤਰ ਇਹੋ ਜਿਹੇ ਕਦਮ ਚੁੱਕਦੇ ਸਨ ਤਾਂ ਜੋ ਉਨ੍ਹਾਂ ਦਾ ਰਿਸ਼ਤਾ ਸੱਤਾ ਦੇ ਉਤਲੇ ਹਲਕਿਆਂ ਨਾਲ ਜੁੜ ਸਕੇ । ਇਸ ਤੋਂ ਉਲਟ ਸੱਤਾਧਾਰੀ ਜਮਾਤ ਦੀਆਂ ਆਪਹੁਦਰਾਸ਼ਾਹੀਆਂ ਦਾ ਵਿਰੋਧ ਕਰਨ ਲਈ ਵੀ ਕੁਝ ਦਲਿਤ ਹਲਕੇ ਉਨ੍ਹਾਂ ਨਾਲੋਂ ਅਲੱਗ ਹੋਣ ਦਾ ਰਾਹ ਫੜ ਲੈਂਦੇ ਹਨ ।
ਮੱਧ ਯੁੱਗ ਵਿਚ ਦਲਿਤਾਂ ਅੰਦਰ ਇਸਲਾਮ ਵੱਲ ਪੈਦਾ ਹੋਈ ਰੁਚੀ ਪਿੱਛੇ ਇਹ ਵੀ ਇਕ ਕਾਰਨ ਸੀ । ਇਸੇ ਹੀ ਕਾਰਨ ਪਿੱਛਲੀ ਸਦੀ ਦੇ ਅੱਧ ਵਿਚ ਦਲਿਤ ਆਗੂ ਅੰਬੇਦਕਰ ਨੇ ਆਪਣੇ ਕੁਝ ਹਮਾਇਤੀਆਂ ਨਾਲ ਪਹਿਲਾਂ ਸਿੱਖ ਧਰਮ ਵਿਚ ਤੇ ਬਾਅਦ ਵਿਚ ਬੁੱਧ ਧਰਮ ਅੰਦਰ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ । ਪਰ ਉਨ੍ਹਾਂ ਦਾ ਫੈਸਲਾ ਨਿਰੋਲ ਤੌਰ 'ਤੇ ਸਮਾਜੀ ਰਾਜਸੀ ਕਾਰਨਾਂ ਕਰਕੇ ਲਿਆ ਗਿਆ ਸੀ । ਚਰਚ ਦੀਆਂ ਵੱਖ ਵੱਖ ਸ਼ਾਖ਼ਵਾਂ ਵਲੋਂ ਕੀਤਾ ਜਾ ਰਹੇ ਧਰਮ ਪਰਿਵਰਤਨਾਂ ਨਾਲੋਂ ਵੀ ਇਹ ਵੱਖਰਾ ਸੀ । ਇਸ ਪਿੱਛੇ ਨਾ ਹੀ ਧਨ ਦਾ ਲੋਭ ਸੀ, ਨਾ ਹੀ ਸਹੂਲਤਾਂ ਦੀ ਆਸ ।
ਇਹ ਨਹੀਂ ਕਿ ਮਨੁੱਖੀ ਇਤਿਹਾਸ ਵਿਚ ਉਹ ਕੋਈ ਪਹਿਲੀ ਵਾਰ ਵਾਪਰਨ ਵਾਲੀ ਘੱਟਨਾ ਸੀ । ਪਰ ਫੇਰ ਵੀ ਇਸ ਦੀ ਨੂਹਾਰ ਵੱਖਰੀ ਹੀ ਸੀ। ਇਹ ਕੁਝ ਇਸ ਤਰ੍ਹਾਂ ਦੀ ਗੱਲ ਸੀ ਜਿਵੇਂ ਕੋਈ ਬੱਚਾ ਖੁਦ ਆਪਣੇ ਮਾਂ ਬਾਪ ਦੀ ਚੋਣ ਕਰਦਾ ਹੈ । ਇਹ ਨਿਰੌਲ ਤੌਰ 'ਤੇ ਰੂਹਾਨੀ ਭਾਲ ਵਿਚੋਂ ਚੁੱਕਿਆ ਗਿਆ ਕਦਮ ਸੀ । ਚੇਤਨ ਮਨ ਦੀ ਦਖਲਅੰਦਾਜ਼ੀ ਵੀ ਇਸ ਵਿਚ ਘੱਟ ਹੀ ਦਿਖਾਈ ਪੈਂਦੀ ਹੈ । ਇਹ ਇੰਝ ਸੀ ਕਿ ਕਿਸੇ ਵੱਜਦੀ ਵੀਣਾ ਦੇ ਬੋਲਾਂ ਦੇ ਨਾਲ ਹੀ ਨੇੜੇ ਪਈ ਦੂਸਰੀ ਵੀਣਾ ਦੇ ਤਾਰ ਆਪ ਮੁਹਾਰੇ ਹੀ ਥਿਰਕਣ ਲੱਗ ਪੈਣ ।
ਯੋਗੀ ਭਜਨ ਨੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਿਰਦੇਸ਼ ਨਹੀਂ ਸਨ ਦਿੱਤੇ । ਨਾ ਹੀ ਉਚੇਚੇ ਤੌਰ 'ਤੇ ਕੋਈ ਪ੍ਰਾਪੇਗੰਡਾ ਹੀ ਕੀਤਾ ਸੀ, ਉਨ੍ਹਾਂ ਦੀ ਤਾਂ ਸਿਰਫ ਪ੍ਰੇਰਣਾ ਹੀ ਸੀ । ਪਰ ਉਨ੍ਹਾਂ ਦੀ ਸ਼ਖ਼ਸੀਅਤ ਕੋਈ ਗਜਬ ਦੀ ਖਿੱਚ ਸੀ । ਜੋ ਵੀ ਉਨ੍ਹਾਂ ਨੂੰ ਮਿਲਦਾ, ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ । ਕੁਝ ਇਹੋ ਜਿਹੇ ਲੋਕ ਵੀ ਸਨ ਜੋ ਉਸ ਸਰੋਤ ਤੱਕ ਪਹੁੰਚਣਾ ਚਾਹੁੰਦੇ ਸਨ, ਜਿਥੋਂ ਉਹ ਊਰਜਾ ਹਾਸਲ ਕਰ ਰਹੇ ਸਨ । ਯੋਗੀ ਜੀ ਨੇ ਕਦੇ ਵੀ ਉਸ ਊਰਜਾ ਦੇ ਸਮੁੰਦਰ ਨੂੰ ੳਹਲੇ ਨਹੀਂ ਸੀ ਰੱਖਿਆ, ਜਿਥੋਂ ਉਨ੍ਹਾਂ ਨੂੰ ਉਹ ਸਪਲਾਈ ਹੁੰਦੀ ਸੀ । ਇੰਜ ਉਨ੍ਹਾਂ ਦੀ ਪੈੜ ਦੱਬਦਿਆਂ ਅਣਭੋਲ ਹੀ ਕਈ ਹਿੰਮਤਵਰ ਲੋਕ ਉਨ੍ਹਾਂ ਬਰੂਹਾਂ 'ਤੇ ਜਾ ਪਹੁੰਚੇ ਸਨ, ਜਿਥੇ ਉਨ੍ਹਾਂ ਦਾ ਆਪਣਾ ਘਰ ਸੀ । ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਸੀ ਲੱਗਾ ਕਿ ਕਦੋਂ ਉਨ੍ਹਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ । ਉਸ ਦੌਰ ਦੀਆਂ ਆਪਣੀਆਂ ਯਾਦਾਂ ਲਿਖਣ ਕਈ ਲੋਕਾਂ ਨੇ ਇਸੇ ਤਰ੍ਹਾਂ ਦੇ ਅਹਿਸਾਸ ਪ੍ਰਗਟ ਕੀਤੇ ਹਨ ।
ਆਪਣੇ ਵਿਦਿਆਰਥੀਆਂ ਲਈ ਤਾਂ ਉਹ ਗਿਆਨ ਦਾ ਸਮੁੰਦਰ ਹੀ ਸਨ । ਜ਼ਿੰਦਗੀ ਦੇ ਹਰ ਪਹਿਲੂ ਤੇ ਉਹ ਉਨ੍ਹਾਂ ਨਾਲ ਚਰਚਾ ਕਰਦੇ। ਭਾਵੇਂ ਉਸ ਦਾ ਸਬੰਧ ਗ੍ਰਹਿਸਥ ਜੀਵਨ ਦੀਆਂ ਰੋਜ਼ ਮਰ੍ਹਾ ਦੀਆਂ ਸਮਸਿਆਵਾਂ ਨਾਲ ਹੋਵੇ ਜਾਂ ਫੇਰ ਮਾਨਸਿਕ ਤੇ ਰੂਹਾਨੀ ਉਲਝਣਾਂ ਨਾਲ, ਹਰ ਵਿਸ਼ੇ 'ਤੇ ਖੁੱਲ੍ਹੇ ਮਾਹੌਲ ਵਿਚ ਚਰਚਾ ਹੁੰਦੀ ਸੀ । ਉਹ ਬੜੀ ਨਿਰਮਾਨਤਾ ਨਾਲ ਆਪਣਾ ਜੀਵਨ ਉਨ੍ਹਾਂ ਨਾਲ ਸਾਂਝਾ ਕਰ ਰਹੇ ਸਨ ।
ਯੋਗੀ ਜੀ ਦੀ ਆਮਦ ਦੀ ਖਬਰ ਬੜੀ ਤੇਜ਼ੀ ਨਾਲ ਲਾਂਸ ਏਂਜਲਸ ਵਿਚ ਫੈਲ ਗਈ ਸੀ । ਵੱਡੀ ਗਿਣਤੀ ਵਿਚ ਵਿਦਿਆਰਥੀ ਉਸ ਕੋਲ ਪਹੁੰਚਣ ਲੱਗੇ ਸਨ । ਸਵੇਰ ਤੋਂ ਲੈ ਕੇ ਸ਼ਾਮ ਸਾਢੇ ਛੇ ਵਜੇ ਤੱਕ ਕੁੰਡਲਨੀ ਯੋਗ ਦੀ ਕਲਾਸ ਚੱਲਦੀ ਸੀ । ਇਹ ਕਲਾਸਾਂ ਇਕ ਐਂਟੀਕ ਸਟੋਰ ਵਿਚ ਲੱਗਦੀਆਂ ਸਨ । ਇਸ ਸਟੋਰ ਦਾ ਮਾਲਕ ਜੂਲਸ ਬੁਕੇਰੀ ਸੀ । ਹਰ ਸਵੇਰ ਉਸ ਦੇ ਵਿਦਿਆਰਥੀ ਕਲਾਸ ਲਈ ਜਗ੍ਹਾ ਬਣਾਉਣ ਵਾਸਤੇ ਸਾਰੇ ਫਰਨੀਚਰ ਨੂੰ ਸਾਈਡ ਉਤੇ ਕਰਦੇ । ਕਲਾਸ ਖ਼ਤਮ ਹੋਣ ਤੋਂ ਬਾਅਦ ਸਾਰਾ ਫਰਨੀਚਰ ਮੁੜ ਪਹਿਲਾਂ ਵਾਲੀ ਥਾਂ ਉਤੇ ਟਿਕਾਇਆ ਜਾਂਦਾ ।
ਕੁਝ ਹੀ ਹਫਤਿਆਂ ਵਿਚ ਉਨ੍ਹਾਂ ਨੂੰ ਕਿਸੇ ਸਥਾਈ ਟਿਕਾਣੇ ਦੀ ਲੋੜ ਮਹਿਸੂਸ ਹੋਣ ਲੱਗੀ ਸੀ । ਉਸੇ ਐਂਟੀਕ ਸ਼ੌਪ ਦੇ ਪਿਛੇ ਇਕ ਗੈਰਾਜ ਸੀ । ਪੂਰੀ ਸ਼ਰਧਾ ਨਾਲ ਝਾੜ ਪੂੰਝ ਕੇ ਉਨ੍ਹਾਂ ਉਸ ਦੀ ਕਾਇਆ ਹੀ ਪਲੱਟ ਦਿੱਤੀ । ਨਵੇਂ ਸਿਰੇ ਤੋਂ ਰੰਗ ਰੋਗਨ ਕੀਤਾ ਗਿਆ । ਕੰਧਾਂ ਉਤੇ ਸਿਲਕ ਦੇ ਪਰਦੇ ਵਗੈਰਾ ਆਉਣ ਨਾਲ ਸਾਰਾ ਮਾਹੌਲ ਹੀ ਰੂਹਾਨੀਅਤ ਦੀ ਖ਼ੁਸ਼ਬੂ ਨਾਲ ਤਰੋ ਤਾਜ਼ਾ ਹੋ ਗਿਆ ਸੀ । ਕਮਰੇ ਦੇ ਬਾਹਰ ਉਨ੍ਹਾਂ ਇਕ ਲਕੱੜੀ ਦੀ ਤਖ਼ਤੀ ਟੰਗ ਦਿੱਤੀ ਸੀ, ਜਿਸ ਉਤੇ ਉਕੱਰਿਆ ਸੀ : ਗੁਰੁ ਰਾਮ ਦਾਸ ਆਸ਼ਰਮ ।
ਇਕ ਰੂਹਾਨੀ ਟੀਚਰ ਦੀ ਭੂਮਿਕਾ ਵਿਚ ਪੱਛਮ ਵਿਚ ਰਿਸ਼ਤਾ ਜੋੜਨ ਵਾਲੇ ਯੋਗੀ ਭਜਨ ਗੁਰੂ ਦੇ ਪਹਿਲੇ ਸਿੱਖ ਸਨ । ਉਨ੍ਹਾਂ ਦੀ ਇਹ ਸਮਝ ਸੀ ਕਿ ਚੇਤਨਾ ਦੇ ਆਕਾਸ਼ ਵਿਚ ਉਡਾਰੀਆਂ ਲਾਉਣ ਦੀ ਪਹਿਲੀ ਸ਼ਰਤ ਇਹ ਹੈ ਕਿ ਤੁਹਾਨੂੰ ਆਪਣੀ ਭੌਤਿਕ ਦੇਹ ਦੀ ਇੱਜ਼ਤ ਕਰਨੀ ਸਿੱਖਣੀ ਪਵੇਗੀ । ਇਹ ਇਕ ਬਹੁਤ ਹੀ ਕ੍ਰਾਂਤਕਾਰੀ ਸ਼ਰਤ ਸੀ । ਰੂਹ ਦੇ ਨਾਂ ਉਤੇ ਦੇਹ ਦੀ ਬਲੀ ਦੇਣ ਦਾ ਰਿਵਾਜ਼ ਪੂਰਬ ਵਿਚ ਸੈਂਕੜੇ ਸਾਲਾਂ ਤੋਂ ਪ੍ਰਚਲਿਤ ਸੀ । ਇਸੇ ਗਲਤ ਧਾਰਨਾ ਨੇ ਉਨ੍ਹਾਂ ਨੂੰ ਗੁਲਾਮੀ ਦੇ ਚੱਕਰ ਵਿਚ ਫਸਾ ਦਿੱਤਾ ਸੀ । ਮਾਨਸਿਕ ਅਤੇ ਬੌਧਿਕ ਤੋਰ 'ਤੇ ਵੀ ਪੂਰਬ ਖੜੋਤ ਦਾ ਸ਼ਿਕਾਰ ਹੋ ਗਿਆ ਸੀ । ਸਿਆਸੀ ਗੁਲਾਮੀ ਖ਼ਤਮ ਹੋਣ ਦੇ ਦਹਾਕਿਆਂ ਬਾਅਦ ਵੀ ਇਹ ਖੜੋਤ ਜਾਰੀ ਸੀ । ਦੇਹ ਦੀ ਬੇਅਦਬੀ ਕਰਨ ਦੇ ਨਤੀਜਿਆਂ ਦਾ ਅਹਿਸਾਸ ਹੁਣ ਪੂਰਬ ਵਿਚ ਵੀ ਹੋ ਰਿਹਾ ਸੀ । ਸਿੱਖ ਧਰਮ ਵਿਚ ਹਮੇਸ਼ਾ ਤੋਂ ਹੀ ਸਰੀਰ ਨੂੰ ਇਕ ਖਾਸ ਅਹਿਮੀਅਤ ਦਿੱਤੀ ਗਈ ਸੀ । ਇਹੋ ਪਰੰਪਰਾ ਯੋਗ ਅੰਦਰ ਵੀ ਸੀ । ਯੋਗੀ ਭਜਨ ਇਸੇ ਨਿੱਗਰ ਅਧਾਰ ਉਤੇ ਧਰਮ ਦੀ ਇਮਾਰਤ ਉਸਾਰ ਰਹੇ ਸਨ ।
ਸਵੇਰ ਦੀ ਸਾਧਨਾ ਉਤੇ ਯੋਗੀ ਜੀ ਵਿਸ਼ੇਸ਼ ਤੌਰ 'ਤੇ ਜ਼ੋਰ ਦਿੰਦੇ ਸਨ । ਕਿਸੇ ਨੇ ਜਦੋਂ ਉਨ੍ਹਾਂ ਨੂੰ ਸਾਧਨਾ ਦਾ ਮਤਲਬ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਅਰਥ ਨਹੀਂ ਹੈ । ਸਵਾਲ ਪੁੱਛਣ ਵਾਲਾ ਬਹੁਤ ਹੈਰਾਨ ਹੋਇਆ ਸੀ । ਉਸ ਨੇ ਫੇਰ ਜਿਰਹ ਕੀਤਾ ਕਿ ਫੇਰ ਉਹ ਹਰ ਵੇਲੇ ਸਾਧਨਾ-ਸਾਧਨਾ ਦੀ ਰੱਟ ਕਿਉਂ ਲਾਈ ਰਖੱਦੇ ਹਨ । ਯੋਗੀ ਭਜਨ ਦਾ ਜੁਆਬ ਬੜਾ ਹੀ ਸਾਦ ਮੁਰਾਦਾ ਸੀ । ਉਨ੍ਹਾਂ ਕਿਹਾ ਸਾਧਨਾ ਤੋਂ ਮੁਰਾਦ ਆਪਣੇ ਤਨ ਮਨ ਦੀ ਸਫਾਈ ਹੈ, ਜਿਸ ਘਰ ਦੀ ਸਫਾਈ ਨਹੀਂ ਹੁੰਦੀ, ਛੇਤੀ ਹੀ ਉਹ ਸੜਾਂਦ ਮਾਰਨ ਲੱਗਦਾ ਹੈ । ਮਨ ਦੀ ਹਾਲਤ ਇਸ ਤੋਂ ਵੀ ਬੁਰੀ ਹੁੰਦੀ ਹੈ । ਅਚੇਤ ਜਾਂ ਸੁਚੇਤ ਤੌਰ 'ਤੇ ਅਸੀਂ ਆਪਣੇ ਅੰਦਰਲੀ ਗੰਦਗੀ ਨੂੰ ਅੰਦਰ ਹੀ ਅੰਦਰ ਦਫਨ ਕਰਦੇ ਰਹਿੰਦੇ ਹਾਂ । ਚੇਤਨਾ ਉਤੇ ਪੈਣ ਵਾਲਾ ਬੋਝ ਨਿਰੰਤਰ ਵਧਦਾ ਹੀ ਜਾਂਦਾ ਹੈ । ਅੰਦਰੋਂ ਉਠੱਣ ਵਾਲੀ ਬਦਬੂ ਪੂਰੇ ਆਲੇ ਦੁਆਲੇ 'ਚ ਵੀ ਫੈਲ ਜਾਂਦੀ ਹੈ । ਇਸੇ ਬਦਬੂ ਤੋਂ ਭੱਜਦਾ ਬੰਦਾ ਥਾਵਾਂ ਬਦਲਦਾ ਹੈ, ਰਿਸ਼ਤੇ ਬਦਲਦਾ ਹੈ । ਭਾਂਤ ਭਾਂਤ ਦੀਆਂ ਵਸਤਾਂ ਅਤੇ ਪ੍ਰਾਪਤੀਆਂ ਹੇਠ ਉਸ ਨੂੰ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ । ਪਰ ਉਹ ਉਸ ਦਾ ਪਿੱਛਾ ਨਹੀਂ ਛੱਡਦੀ । ਦੁਨੀਆ ਭਰ ਦੇ ਸਭ ਇਤਰ ਫੁਲੇਲ ਤੇ ਖ਼ੁਸ਼ਬੂਦਾਰ ਸਾਬਣ ਸਭ ਬੇਕਾਰ ਹੋ ਜਾਂਦੇ ਹਨ । ਸਾਧਨਾ ਉਸੇ ਬਦਬੂ ਤੋਂ ਖਹਿੜਾ ਛੁਡਾਉਣ ਦਾ ਸਹਿਜ ਤਰੀਕਾ ਹੈ ।
ਸਿੱਖ ਪਰੰਪਰਾ ਦੇ ਅਨੁਸਾਰ ਯੋਗੀ ਭਜਨ ਉਨ੍ਹਾਂ ਨੂੰ ਤੜਕੇ ਉਠੱਣ ਤੇ ਸਾਧਨਾ ਕਰਨ ਲਈ ਪ੍ਰੇਰਦੇ ਸਨ । ਉਨ੍ਹਾਂ ਨੇ ਵਿਗਿਆਨਕ ਸ਼ਬਦਾਵਲੀ ਵਿਚ ਇਸ ਸਮੇਂ ਦੀ ਅਹਿਮੀਅਤ ਸਪੱਸ਼ਟ ਕੀਤੀ ਸੀ । ਉਨ੍ਹਾਂ ਦਾ ਆਪਣਾ ਦਿਨ ਤੜਕੇ ਤਿੰਨ ਵਜੇ ਸ਼ੁਰੂ ਹੁੰਦਾ ਸੀ । ਇਸ ਸਮੇਂ ਸੂਰਜ ਅਤੇ ਧਰਤੀ ਦਰਮਿਆਨ ਬਣਨ ਵਾਲੇ ਬਿਜਲਈ ਚੁੰਬਕੀ ਖੇਤਰ ਦੀਆਂ ਖਾਸੀਅਤਾਂ ਕਾਰਨ ਹੀ ਪ੍ਰਾਚੀਨ ਰਿਸ਼ੀਆਂ ਨੇ ਇਸ ਨੂੰ ਬ੍ਰਹਮ-ਮੂਰਤ ਕਿਹਾ ਸੀ ।
ਹੌਲੀ ਹੌਲੀ ਕਈ ਲੋਕ ਸਵੇਰ ਦੀ ਸਾਧਨਾ ਵਿਚ ਉਨ੍ਹਾਂ ਦੇ ਨਾਲ ਸ਼ਾਮਲ ਹੋਣ ਲੱਗੇ ਸਨ । ਕੱਲ੍ਹ ਤੱਕ ਦੇ ਹਿੱਪੀ ਸੂਰਜ ਦੇ ਉਠੱਣ ਤੋਂ ਵੀ ਪਹਿਲਾਂ ਉਠ ਪੈਂਦੇ । ਸਫਾਈ ਦੇ ਨਾਂ ਤੋਂ ਹੀ ਚਿੜਣ ਵਾਲੇ ਹੁਣ ਕੜਕਦੀ ਠੰਡ ਵਿਚ ਵੀ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ । ਕੰਬਲਾਂ ਦੀ ਬੁੱਕਲ ਮਾਰੀ ਚਟਾਈਆਂ ਕੱਛਾਂ ਵਿਚ ਦੱਬੀ ਤੜਕਸਾਰ ਹੀ ਲੋਕ ਗੁਰੁ ਰਾਮ ਦਾਸ ਆਸ਼ਰਮ ਵਿਚ ਪਹੁੰਚ ਜਾਂਦੇ ।
ਕੁਝ ਲੋਕਾਂ ਨੂੰ ਇਹ ਸਭ ਕਰਮ ਕਾਂਡ ਵੀ ਲੱਗ ਸਕਦਾ ਹੈ । ਸੱਚਮੁੱਚ ਹੀ ਜਿਨ੍ਹਾਂ ਲਈ ਇਹ ਸਿਰਫ਼ ਇਕ ਰਿਵਾਇਤ ਬਣ ਚੁੱਕਾ ਹੈ । ਇਕ ਮਸ਼ੀਨੀ ਪ੍ਰਕ੍ਰਿਆ ਜਿਸ ਪਿਛੋਂ ਰੂਹ ਅਕਸਰ ਗਾਇਬ ਹੀ ਰਹਿੰਦੀ ਹੈ । ਉਨ੍ਹਾਂ ਲਈ ਇਹ ਇਕ ਬੋਝ ਹੀ ਹੈ । ਕਬੀਰ ਤੇ ਬੁੱਲ੍ਹੇ ਵਰਗੇ ਫਕੀਰਾਂ ਨੇ ਇਹੋ ਜਿਹੇ ਪਾਖੰਡੀਆਂ ਨੂੰ ਧਰ ਕੇ ਲਿਆ ਹੈ । ਆਪਣੇ ਆਲੇ ਦੁਆਲੇ ਅਸੀਂ ਇਨ੍ਹਾਂ ਲੋਕਾਂ ਦੀ ਭਰਮਾਰ ਅੱਜ ਵੀ ਦੇਖ ਸਕਦੇ ਹਾਂ ।
ਪਰ ਕੋਈ ਵੀ ਮਿਸਾਲ ਹਰ ਕਿਸੇ ਲਈ ਢੁਕਵੀਂ ਨਹੀਂ ਹੋ ਸਕਦੀ । ਕਲ੍ਹ ਤੱਕ ਜਿਹੜੇ ਲੋਕ ਹਰ ਵਿਸ਼ਵਾਸ ਤੇ ਪਰੰਪਰਾ ਨੂੰ ਮਜ਼ਾਕ ਦਾ ਹੀ ਪਾਤਰ ਸਮਝਦੇ ਸਨ । ਕੋਈ ਵੀ ਨੇਮ-ਅਨੁਸ਼ਾਸਨ ਉਨ੍ਹਾਂ ਅੰਦਰ ਘ੍ਰਿਣਾ ਤੇ ਵਿਦਰੋਹ ਦੇ ਭਾਵ ਪੈਦਾ ਕਰਦਾ ਸੀ । ਅਰਾਜਕਤਾ ਤੇ ਤੂਫਾਨੀ ਥਪੇੜਿਆਂ ਨੇ ਉਨ੍ਹਾਂ ਨੂੰ ਤੋੜ ਸੁੱਟਿਆ ਸੀ । ਉਹੀ ਹੁਣ ਯੋਗ ਵਰਗੀ ਸਾਧਨਾ ਨਾਲ ਜੁੜ ਰਹੇ ਸਨ । ਜਿਸ ਅੰਦਰ ਉਠੱਣਾ ਬੈਠਣਾ ਇਥੋਂ ਤੀਕ ਕਿ ਸਾਹ ਵੀ ਇਕ ਖਾਸ ਨੇਮਬਧਤਾ ਵਿਚ ਹੀ ਲਿਆ ਜਾਂਦਾ ਹੈ । ਇਹ ਇਕ ਕਰਿਸ਼ਮਾ ਹੀ ਸੀ । ਕਰਿਸ਼ਮੇ ਦਾ ਮੁੱਲ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ ਨਿਗੂਣਾ ਹੀ ਹੁੰਦਾ ਹੈ ।
ਉਨ੍ਹਾਂ ਅੰਦਰ ਨਵੇਂ ਸਿਰਿਉਂ ਪੁੰਗਰ ਰਹੀ ਇਰਾਦਿਆਂ ਦੀ ਦ੍ਰਿੜਤਾ ਤੇ ਸ਼ਰਧਾ ਦੀ ਅਖੰਡਤਾ ਵਿਚ ਇਸ ਗੱਲ ਦਾ ਸਬੂਤ ਸੀ ਕਿ ਉਨ੍ਹਾਂ ਅੰਦਰ ਕੁਝ ਨਵਾਂ ਪੈਦਾ ਹੋਇਆ ਸੀ । ਇਹ ਸਭ ਕੁਝ ਉਨ੍ਹਾਂ ਵਾਸਤੇ ਕਰਮਕਾਂਡ ਨਹੀਂ, ਸਗੋਂ ਉਨ੍ਹਾਂ ਦੇ ਇਸ਼ਕ ਦਾ ਮੁੱਲ ਸੀ । ਸ਼ੁਕਰਾਨੇ ਦੀ ਕੋਈ ਅਦਾ ਸੀ ਜਿਵੇਂ ਕੋਈ ਜਨਮਾਂ ਜਮਾਂਦਰਾਂ ਦਾ ਭਟਕਿਆ ਘਰ ਪਹੁੰਚਦਾ ਹੈ ।
ਉਲਝੀਆਂ ਜਟਾਵਾਂ ਵਾਂਗ ਮਨ ਦੀਆਂ ਗੁੱਥੀਆਂ ਵੀ ਸੁਲਝਨ ਲਗੀਆਂ ਸਨ । ਪੂਰੇ ਮੈਲਰੋਜ਼ ਐਵਨਿੳਂ ਵਿਚ ਸਤਿਨਾਮ ਦੀ ਗੂੰਜ ਸੁਨਾਈ ਪੈਣ ਲੱਗੀ ਸੀ । ਜਿਹੜੇ ਸਭ ਰਿਸ਼ਤਿਆਂ ਦੇ ਬੰਧਨ ਤੋੜ ਕੇ ਭੱਜੇ ਸਨ, ਉਹ ਇਕ ਨਵੀਂ ਭਾਈਚਾਰਕ ਸਾਂਝ ਵਿਚ ਜੁੜਨ ਲੱਗੇ ਸਨ । ਐਤਵਾਰ ਦੀ ਰਾਤ ਕੁਝ ਖਾਸ ਹੀ ਹੁੰਦੀ ਸੀ । ਯੋਗ ਸਾਧਨਾ ਤੋਂ ਬਾਅਦ ਮੌਜ ਮਸਤੀ ਲਈ ਰੁਕ ਜਾਂਦੇ । ਸੰਗੀਤ ਦੇ ਦੌਰ ਚੱਲਦੇ । ਕੋਈ ਗਿਟਾਰ ਵਜਾਉਂਦਾ ਤੇ ਕੋਈ ਕਿਸੇ ਗੀਤ ਦੀ ਧੁਨ ਛੋਹ ਲੈਂਦਾ । ਸੰਗੀਤ ਉਨ੍ਹਾਂ ਦੀ ਰੂਹ ਦੀ ਜ਼ੁਬਾਨ ਵੀ ਸੀ ਤੇ ਖੁਰਾਕ ਵੀ । ਸ਼ਰਧਾ ਤੇ ਸ਼ੁਕਰਾਨੇ ਦੇ ਗੀਤ ਰੂਹਾਂ ਵਿਚੋਂ ਫੁੱਟਦੇ ਜਾਪਦੇ ਸਨ । ਮਾਰਾ ਮਾਰੀ ਭਰੀ ਇਸ ਦੁਨੀਆ ਵਿਚ ਇਹ ਰਾਤ ਉਨ੍ਹਾਂ ਲਈ ਵਿਸ਼ਰਾਮ ਦਾ ਸੁਨੇਹਾ ਲੈ ਕੇ ਆਉਂਦੀ । ਬਾਹਰ ਤੇ ਸਭ ਦਿਸ਼ਾਵਾਂ ਸਵਾਲਾਂ ਨਾਲ ਤਣੀਆਂ ਸਨ, ਜਵਾਬ ਕਿਧਰੇ ਕੋਈ ਨਹੀਂ ਸੀ । ਇੱਥੇ ਆ ਕੇ ਉਹ ਸਭ ਤਣਾਵਾਂ ਤੋਂ ਮੁਕਤ ਹੋ ਜਾਂਦੇ ਸਨ । ਬਹੁਤੇ ਲੋਕਾਂ ਲਈ ਤਾਂ ਇਹ ਰਾਤ ਪੂਰੇ ਹਫਤੇ ਦਾ ਸਿਖ਼ਰ ਹੀ ਹੁੰਦਾ ਸੀ ।
ਯੋਗੀ ਭਜਨ ਨੇ ਸੰਗੀਤ ਦੀ ਉਨ੍ਹਾਂ ਅੰਦਰਲੀ ਪਿਆਸ ਨੂੰ ਇਕ ਨਵਾਂ ਰੂਪ ਦੇ ਦਿੱਤਾ ਸੀ । ਉਹ ਚਾਹੁੰਦਾ ਸੀ ਕਿ ਲੋਕ ਬਸ ਖੁਦਾਈ ਸਾਜ਼ਾਂ ਵਾਂਗ ਹੋ ਜਾਣ, ਜਿਨ੍ਹਾਂ ਵਿਚੋਂ ਹਰ ਦਮ ਇਲਾਹੀ ਸੰਗੀਤ ਦੀ ਧੁਨ ਗੂੰਜੇ । ਉਹ ਜਾਣਦੇ ਸਨ ਕਿ ਜਿਹੜੀਆਂ ਕੌਮਾਂ ਆਪਣੇ ਗੀਤ ਵਿਸਾਰ ਦਿੰਦੀਆਂ ਨੇ ਉਹ ਜਿਊਂਦੀਆਂ ਨਹੀਂ ਰਹਿੰਦੀਆਂ । ਉਨ੍ਹਾਂ ਦੀ ਤਾਕੀਦ 'ਤੇ ਅਮਰੀਕਨ ਅੰਗਰੇਜ਼ੀ ਗੀਤਾਂ ਨੂੰ ਧੁਨਾਂ 'ਚ ਪਿਰੋਇਆ ਗਿਆ । ਸਿੱਖਾਂ ਦੀਆਂ ਰੋਜ਼ਮਰਾ ਦੀਆਂ ਅਰਦਾਸਾਂ ਹੁਣ ਉਨ੍ਹਾਂ ਵਿਚ ਹੱਦੋਂ ਵੱਧ ਪਾਪੂਲਰ ਹੋ ਗਈਆਂ ਸਨ । ਪੀਸ ਲਗੋਨ ਦੀਆਂ ਧੁਨਾਂ ਦੇ ਨਾਲ ਹੀ ਜਪੁਜੀ ਦੇ ਅੰਗਰੇਜ਼ੀ ਤਰਜ਼ਮੇ ਨੂੰ ਵੀ ਸੰਗੀਤ ਦਾ ਜਾਮਾ ਪਹਿਨਾਇਆ ਗਿਆ । ਭਜਨ ਯੋਗੀ ਉਨ੍ਹਾਂ ਨੂੰ ਗਾਹੇ ਬਗਾਹੇ ਉਨ੍ਹਾਂ ਨੂੰ ਯਾਦ ਕਰਾਉਂਦੇ ਹੀ ਰਹਿੰਦੇ ਸਨ ਕਿ ਜੇ ਉਹ ਆਪਣੇ ਰੂਹਾਨੀ ਗੀਤਾਂ ਨੂੰ ਭੁਲ ਜਾਣਗੇ ਤਾਂ ਉਹ ਘੜੀ ਦੂਰ ਨਹੀਂ ਜਦੋਂ ਰੂਹ ਵੀ ਉਨ੍ਹਾਂ ਦਾ ਸਾਥ ਛੱਡ ਜਾਵੇਗੀ । ਸੰਗੀਤ ਤੋਂ ਬਿਨਾ ਸਭ ਧਰਮ ਵੀ ਰੁੱਖੇ ਨੇ । ਬਕੌਲ ਯੋਗੀ ਜੀ ਇਹੋ ਦੁਖਾਂਤ ਤੇ ਚਰਚ ਦੇ ਨਾਲ ਵਾਪਰਿਆ ਸੀ । ਸਭ ਸਾਜ ਉਥੇ ਸਨ, ਪਰ ਉਹ ਲੋਕ ਵਜਾਉਣਾ ਭੁੱਲ ਗਏ ਸਨ । ਇਸੇ ਲਈ ਨੌਜਵਾਨਾਂ ਨਾਲੋਂ ਉਨ੍ਹਾਂ ਦਾ ਨਾਤਾ ਟੁੱਟਦਾ ਜਾ ਰਿਹਾ ਸੀ । ਰੂਹ ਦੀਆਂ ਤਾਰਾਂ ਛੇੜਨ ਵਾਲੇ ਯੋਗੀ ਦੇ ਸ਼ਬਦ ਉਨ੍ਹਾਂ ਲਈ ਪ੍ਰੇਰਣਾ ਬਣ ਗਏ । ਉਹ ਕਹਿੰਦੇ, ਜਦੋਂ ਮੈਂ ਕਰਮ ਕਰਦਾ ਹਾਂ, ਰੱਬ ਮੇਰੀ ਕਦਰ ਕਰਦਾ ਹੈ, ਪਰ ਜਦੋਂ ਮੈਂ ਗਾਉਂਦਾ ਹਾਂ ਤਾਂ ਉਹ ਮੈਨੂੰ ਇਸ਼ਕ ਕਰਦਾ ਹੈ ।
ਸੰਗੀਤ ਸਾਰੇ ਹੀ ਸਨਾਤਨ ਧਰਮਾਂ ਦਾ ਹਿੱਸਾ ਰਿਹਾ ਹੈ । ਸਿੱਖ ਧਰਮ ਵਿਚ ਗੁਰੂ ਨਾਨਕ ਦੇ ਸਮੇਂ ਤੋਂ ਸੰਗੀਤ ਦੀ ਰੂਹ ਵਰਗੀ ਅਹਿਮੀਅਤ ਹੈ । ਯੋਗੀ ਭਜਨ ਉਸੇ ਹੀ ਪਰੰਪਰਾ ਨੂੰ ਉਸ ਨਵੀਂ ਧਰਤੀ 'ਤੇ ਅੱਗੇ ਤੋਰ ਰਹੇ ਸਨ । ਇਨ੍ਹਾਂ ਨਵੀਆਂ ਸਫਾਂ ਵਿਚ ਕਈ ਪੁਰਾਣੇ ਰੌਕ ਐਂਡ ਰੋਲ ਜ਼ਮਾਨੇ ਦੇ ਖਿਡਾਰੀ ਵੀ ਸਨ । ਉਨ੍ਹਾਂ ਦਾ ਹੁਨਰ ਵੀ ਇਥੇ ਆ ਕੇ ਖਿੜ ਰਿਹਾ ਸੀ । ਮੁਖੀਆ ਸਿੰਘ ਸਾਹਿਬ ਗੁਰੂ ਸ਼ਬਦ ਸਿੰਘ, ਸਿੰਘ ਸਾਹਿਬ ਸੱਤ ਪੀਟਰ ਸਿੰਘ ਤੇ ਕਈ ਹੋਰ ਪੂਰਬ ਤੇ ਪੱਛਮ ਦੇ ਸੰਗੀਤ ਸਾਧਕ ਜੁੜ ਰਹੇ ਸਨ । ਉਨ੍ਹਾਂ ਦੇ ਸੰਗੀਤ ਵਿਚ ਭਗਤੀ, ਪ੍ਰੇਮ ਤੇ ਸ਼ਰਧਾ ਦੇ ਨਾਲ ਹੀ ਨਾਲ ਹਾਸ ਰਸ ਲਈ ਵੀ ਭਰਪੂਰ ਥਾਂ ਸੀ । 1973 ਵਿਚ ਉਨ੍ਹਾਂ ਨੇ ਮਿਲ ਕੇ ਖਾਲਸਾ ਸਟ੍ਰਿੰਗ ਬੈਂਡ ਮੰਡਲੀ ਬਣਾਈ । ਉਨ੍ਹਾਂ ਦੀ ਪਹਿਲੀ ਐਲਬਮ ਦਾ ਨਾਂ ਸਪਿਰਚੁਅਲ ਨੇਸ਼ਨ ਸੀ ।
ਚਿੱਕੜ ਵਿਚੋਂ ਹੁਣ ਕਮਲ ਖਿੜਨੇ ਹੁਣ ਸ਼ੁਰੂ ਹੋ ਚੁੱਕੇ ਸਨ । ਯੋਗੀ ਭਜਨ ਦੀਆਂ ਕੋਸ਼ਿਸਾਂ ਦੇ ਪਹਿਲੇ ਕੁਝ ਮਹੀਨਿਆਂ ਵਿਚ ਹੀ ਇਕ ਨਵੀਂ ਸੰਸਥਾ ਦਾ ਜਨਮ ਹੋ ਗਿਆ ਸੀ । ਇਸ ਸੰਸਥਾ ਦਾ ਨਾਮ 3ਐਚ ਓ ਸੀ । ਅੰਗਰੇਜ਼ੀ ਵਿਚ ਹੈਲਦੀ-ਹੋਲੀ ਐਂਡ ਹੈਪੀ । ਭਾਵ ਸੀ, 'ਪਾਕ-ਪਵਿੱਤਰ, ਪ੍ਰਸੰਨ ਤੇ ਸਿਹਤਮੰਦ । ਇਹ ਤਿੰਨੋਂ ਹੀ ਉਸ ਨਵੀਂ ਲਹਿਰ ਦੇ ਉਦੇਸ਼ ਸਨ ਜਿਸ ਦਾ ਮੁੱਢ ਹਰਿਭਜਨ ਸਿੰਘ ਯੋਗੀ ਨੇ ਬੰਨਿਆ ਸੀ । ਉਨ੍ਹਾਂ ਦੇ ਜੋਸ਼, ਉਤਸ਼ਾਹ ਤੇ ਉਤੇਜਨਾ ਦੀ ਊਰਜਾ ਨੂੰ ਆਪਣੇ ਅੰਦਰ ਸਮੋਣ ਦੀ ਸਮਰੱਥਾ ਸ਼ਬਦਾਂ ਵਿਚ ਨਹੀਂ ਸੀ । ਇਸ ਲਈ ਸੰਗੀਤ ਹੀ ਉਨ੍ਹਾਂ ਲਈ ਕੁਦਰਤੀ ਭਾਸ਼ਾ ਸੀ ।
ਹਜ਼ਾਰਾਂ ਦੀ ਗਿਣਤੀ ਵਿਚ ਹੁਣ ਲੋਕ ਯੋਗੀ ਭਜਨ ਦੇ ਗਿਰਦ ਇਕੱਠੇ ਹੋ ਗਏ ਸਨ । ਉਹ ਜਾਣਦੇ ਸਨ ਕਿ ਇੰਨਾਂ ਬੋਝ ਲੈ ਕੇ ਨਵੀਂਆਂ ਸਿਖਰਾਂ ਵੱਲ ਦੀ ਯਾਤਰਾ ਸੰਭਵ ਨਹੀਂ ਹੋਵੇਗੀ । ਇਕ ਦਿਨ ਉਨ੍ਹਾਂ ਐਲਾਨ ਕੀਤਾ ਕਿ ਜੋ ਲੋਕ ਉਸ ਦੇ ਜੀਊਂਦੇ ਜੀ ਇਹ ਆਸ ਰਖਦੇ ਹਨ ਕਿ ਉਹ ਚੇਤਨਾ ਦੇ ਆਕਾਸ਼ ਵਿਚ ਉਸ ਨਾਲੋਂ ਦੱਸ ਗੁਣਾ ਅੱਗੇ ਜਾ ਸਕਦੇ ਹਨ , ਉਹ ਉਸ ਦੇ ਨਾਲ ਠਹਿਰ ਸਕਦੇ ਹਨ । ਉਹ ਕੋਈ ਮਜ਼ਾਕ ਨਹੀਂ ਸੀ ਕਰ ਰਹੇ । ਨਾ ਹੀ ਉਨ੍ਹਾਂ ਦੇ ਸ਼ਬਦਾਂ ਵਿਚ ਕੋਈ ਬੁਝਾਰਤ ਸੀ । ਇਹ ਪਹਿਲਾ ਛਾਨਣਾ ਸੀ, ਪਹਿਲੀ ਪਰਖ । ਕਾਫੀ ਭਾਰ ਹੌਲਾ ਹੋ ਗਿਆ ।
ਉਸ ਦਾ ਚੈਲੰਜ ਸੀ ਕਿ ਜੋ ਲੋਕ ਐਕੁਏਰੀਅਨ ਏਜ ਦੀਆਂ ਨਵੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਸਕਦੇ ਹਨ । ਸਿਰਫ ਆਪਣਾ ਹੀ ਨਹੀਂ ਉਨ੍ਹਾਂ ਨੂੰ ਬਾਕੀ ਮਨੁੱਖਤਾ ਦੇ ਹਿੱਸੇ ਦਾ ਵੀ ਬੋਝਾ ਚੁੱਕਣਾ ਪਵੇਗਾ । ਸਿਰਫ਼ ਉਨ੍ਹਾਂ ਲਈ ਅਗਲੀਆਂ ਮੰਜ਼ਲਾਂ ਦੇ ਰਾਹ ਖੁੱਲ੍ਹੇ ਹਨ । ਅਕਵੇਰੀਅਨ ਏਜ ਨੂੰ ਉਹ ਕੁਝ ਖਗੋਲੀ ਸਥਿਤੀਆਂ ਨਾਲ ਵੀ ਜੋੜਦੇ ਸਨ । ਉਨ੍ਹਾਂ ਅਨੁਸਾਰ ਯੁਰੇਨਸ ਇਸ ਨਵੇਂ ਯੁਗ ਦਾ ਸਿਤਾਰਾ ਹੈ। ਇਹ ਰਫਤਾਰ, ਸੱਚਾਈ, ਸਮਝ ਅਤੇ ਪਿਆਰ ਦਾ ਪ੍ਰਤੀਕ ਹੈ ।
ਨਵੇਂ ਯੁਗ ਦੇ ਉਨ੍ਹਾਂ ਦੇ ਸੰਕਲਪ ਨੂੰ ਸਮਝਣ ਲਈ ਥੋੜ੍ਹਾ ਵਿਸਤਾਰ ਵਿਚ ਜਾਣ ਦੀ ਲੋੜ ਹੈ । ਯੋਗੀ ਭਜਨ ਉਸ ਪਰੰਪਰਾ ਨਾਲ ਸਬੰਧ ਰੱਖਦੇ ਹਨ ਜੋ ਮਨੁੱਖ ਤੇ ਉਸ ਦੇ ਸਾਰੇ ਪਸਾਰ ਨੂੰ ਬ੍ਰਹਿਮੰਡੀ ਗਤੀਵਿਧੀਆਂ ਨਾਲ ਜੋੜ ਕੇ ਦੇਖਦੀ ਹੈ । ਇਸ ਅਨੁਸਾਰ ਸਾਰਾ ਬ੍ਰਹਿਮੰਡ ਇਕੋ ਇਕਾਈ ਹੈ । ਇਸ ਲਈ ਮਨੁੱਖ ਵੀ ਕੋਈ ਟੁੱਟੀ ਹੋਈ ਹਸਤੀ ਨਹੀਂ ਹੈ । ਔਸਪੈਂਕਸੀ ਦੁਨੀਆ ਦੇ ਕੁਝ ਮਹਾਨ ਸ਼ਾਸਤਰੀਆਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ । ਮਨੁੱਖੀ ਚੇਤਨਾ ਤੇ ਪੂਰੇ ਬ੍ਰਹਿਮੰਡੀ ਪਸਾਰੇ ਨਾਲ ਉਸ ਦੇ ਪੇਚੀਦਾ ਸਬੰਧਾਂ ਨੂੰ ਪੂਰੇ ਵਿਸਤਾਰ ਨਾਲ ਆਪਣੀ ਪੁਸਤਕ ਇਨ ਸਰਚ ਆਫ ਮਿਰੈਕੁਲਸ ਵਿਚ ਪੇਸ਼ ਕਰਦਾ ਹੈ । ਉਸ ਦੀਆਂ ਗਿਣਤੀਆਂ ਮਿਣਤੀਆਂ ਦਾ ਅਧਾਰ ਗੁਰਜੀਏਫ ਨਾਲ ਮਿਲ ਕੇ ਕੀਤੇ ਉਸ ਦੇ ਤਜ਼ਰਬੇ ਸਨ । ਆਪਣੇ ਸਮੇਂ ਵਿਚ ਉਹ ਤਤਕਾਲੀ ਵਿਗਿਆਨ ਦੀ ਪਹੁੰਚ ਤੋਂ ਕਾਫੀ ਵੱਖਰੇ ਸਨ । ਪਰ ਪਿਛਲੀ ਸਦੀ ਦੌਰਾਨ ਸਿਧਾਂਤਕ ਤੌਰ 'ਤੇ ਉਨ੍ਹਾਂ ਵਿਚਲਾ ਅੰਤਰ ਕਾਫੀ ਘੱਟ ਹੋਇਆ ਸੀ ।
ਯੋਗੀ ਭਜਨ ਦੀ ਇਹ ਧਾਰਨਾ ਹੈ ਕਿ 5 ਜਨਵਰੀ 1961 ਵਾਲੇ ਦਿਨ ਯੂਰੇਨਸ ਨੇ ਆਪਣੀਆਂ ਕਿਰਨਾਂ ਚੰਦਰਮਾ ਵੱਲ ਨੂੰ ਸੁੱਟਣੀਆਂ ਸ਼ੁਰੂ ਕੀਤੀਆਂ । ਚੰਦਰਮਾ ਨੂੰ ਟਕੱਰਾ ਕੇ ਉਹ ਧਰਤੀ ਵੱਲ ਨੂੰ ਮੁੜ ਆਉਂਦੀਆਂ ਸਨ । ਨੌ ਸਾਲਾਂ ਦਾ ਇਹ ਚੱਕਰ 5 ਜਨਵਰੀ 1970 ਨੂੰ ਪੂਰਾ ਹੋਇਆ। ਹੁਣ ਪਹਿਲੀ ਵਾਰ ਯੂਰੇਨਸ ਦੀਆਂ ਕਿਰਨਾਂ ਸਿੱਧੀਆਂ ਸੂਰਜ ਦੀਆਂ ਕਿਰਨਾਂ ਵਿਚ ਘੁਲਣਾ ਸ਼ੁਰੂ ਹੋ ਗਈਆਂ ਸਨ । ਇਸ ਨੂੰ ਉਹ ਅਕਵੇਰਅਿਨ ਏਜ ਦੀ ਵੱਡੀ ਘੱਟਨਾ ਮੰਨਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਸੰਨ 2001 ਤੱਕ ਇਹ ਧਰਤੀ ਅਸਲ ਰੂਪ ਵਿਚ ਅਕਵੇਰੀਅਨ ਏਜ ਵਿਚ ਦਾਖਲ ਹੋ ਜਾਵੇਗੀ ।
ਯੋਗੀ ਜੀ ਦੀ ਇਹ ਕਾਲ ਵੰਡ ਆਧੁਨਿਕ ਸਮਾਜ ਸ਼ਾਸ਼ਤਰੀਆਂ ਨਾਲੋਂ ਕਾਲ ਗਣਨਾ ਦੀਆਂ ਪੁਰਾਣੀਆਂ ਵਿਧੀਆਂ ਦੇ ਜ਼ਿਆਦੇ ਨੇੜੇ ਹੈ । ਆਧੁਨਿਕ ਸਮਾਜ ਸ਼ਾਸ਼ਤਰ ਵਿਚ ਮਨੁੱਖੀ ਸਮਾਜ ਦੇ ਵਿਕਾਸ ਦੀ ਕਾਲ ਵੰਡ ਰਾਜਸੀ ਜਾਂ ਤਕਨੀਕੀ ਆਰਥਿਕ ਮੋੜਾਂ ਦੇ ਅਧਾਰ ਉਤੇ ਹੀ ਕੀਤੀ ਜਾਂਦੀ ਹੈ । ਸਮੁੱਚੀ ਧਰਤੀ ਤੇ ਬ੍ਰਹਿਮੰਡੀ ਰਿਸ਼ਤਿਆਂ ਵਿਚ ਆਉਣ ਵਾਲੀਆਂ ਤਬਦੀਲੀਆਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ । ਇਸ ਦੇ ਉਲਟ ਯੋਗੀ ਜੀ ਮਨੁੱਖ ਨੂੰ ਸਾਰੇ ਬ੍ਰਹਿਮੰਡੀ ਤਾਣੇ ਨਾਲ ਬੱਝੇ ਰੂਪ ਵਿਚ ਦੇਖਦੇ ਹਨ । ਪਰ ਉਸ ਨੂੰ ਉਹ ਮਕੈਨਕੀ ਰੂਪ ਵਿਚ ਸਵੀਕਾਰ ਨਹੀਂ ਕਰਦੇ । ਉਨ੍ਹਾਂ ਦਾ ਕਹਿਣਾ ਹੈ ਕਿ ਨਵੀਆਂ ਖਗੋਲੀ ਸਥਿਤੀਆਂ ਸਿਰਫ ਸੰਭਾਵਨਾਵਾਂ ਹੀ ਪੈਦਾ ਕਰਦੀਆਂ ਹਨ । ਉਨ੍ਹਾਂ ਨਾਲ ਮਨੁੱਖੀ ਚੇਤਨਾ ਵਿਚ ਕੋਈ ਆਪ ਮੁਹਾਰੀ ਤਬਦੀਲੀ ਨਹੀਂ ਹੋ ਜਾਂਦੀ । ਸਗੋਂ ਉਸ ਲਈ ਸੁਚੇਤ ਯਤਨ ਕਰਨੇ ਪੈਂਦੇ ਹਨ । ਇਸ ਤਬਦੀਲੀ ਦੇ ਦੌਰ ਵਿਚ ਤਿੱਖੇ ਟਕਰਾਂਵਾਂ ਦੇ 'ਯੋਗ' ਬਣਦੇ ਹਨ । ਨਵੀਂ ਚੇਤਨਾ ਨੂੰ ਸਾਕਾਰ ਕਰਨ ਲਈ ਪੀੜੀਆਂ ਨੂੰ ਵੱਡੀਆਂ ਕੁਰਬਾਨੀਆਂ ਦਾ ਮੁੱਲ ਤਾਰਨਾ ਪੈਂਦਾ ਹੈ । ਇਸੇ ਲਈ ਯੋਗੀ ਭਜਨ ਆਪਣੇ ਵਿਦਿਆਰਥੀਆਂ ਨੂੰ ਇਨ੍ਹਾਂ ਕੁਰਬਾਨੀਆਂ ਵਾਸਤੇ ਤਿਆਰ ਰਹਿਣ ਲਈ ਕਹਿੰਦੇ ਸਨ ।
ਪਹਿਲੇ ਛਾਨਣੇ ਤੋਂ ਬਾਅਦ ਕੁਝ ਸਾਲ ਸ਼ਾਂਤੀ ਨਾਲ ਲੰਘ ਗਏ ਸਨ । ਇੰਜ ਲਗਦਾ ਸੀ ਕਿ ਜਿਨ੍ਹਾਂ ਜਾਣਾ ਹੈ ਉਹ ਤਾਂ ਜਾ ਚੁੱਕੇ ਹਨ । ਪਰ ਪਰਖ ਦੀਆਂ ਘੜੀਆਂ ਤੇ ਹਾਲੇ ਸ਼ੁਰੂ ਹੀ ਹੋਈਆਂ ਸਨ । ਹਰ ਆਉਂਦੇ ਸਾਲ ਕਸੌਟੀ ਹੋਰ ਵੀ ਕਰੜੀ ਹੋਈ ਜਾਂਦੀ ਸੀ। ਇਕ ਦਿਨ ਭਰੇ ਹੋਏ ਇੱਕਠ ਵਿਚ ਉਨ੍ਹਾਂ ਨੇ ਅਜੀਬੋ ਗਰਬ ਐਲਾਨ ਕੀਤਾ । ਉਨ੍ਹਾਂ ਦੇ ਬੋਲਾਂ ਵਿਚ ਬਲਾ ਦੀ ਅੱਗ ਸੀ । ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਨਾਸਤਿਕਤਾ ਜਾਂ ਕੁਫਰ ਦੀ ਬੋ ਆ ਸਕਦੀ ਹੈ । ਇਸ ਲਈ ਉਸ ਕਥਨ ਨੂੰ ਉਨ੍ਹਾਂ ਦੇ ਹੀ ਸ਼ਬਦਾਂ ਵਿਚ ਪੇਸ਼ ਕਰਨਾ ਹੀ ਠੀਕ ਹੋਵੇਗਾ ।
"ਰੱਬ ਨਾ ਤਾਂ ਸਾਡੇ ਉਪੱਰ ਹੈ ਨਾ ਥੱਲੇ, ਨਾ ਹੀ ਖੱਬੇ ਨਾ ਹੀ ਸੱਜੇ, ਨਾ ਪਿੱਛੇ ਨਾ ਅੱਗੇ……। ਜੇ ਤੁਸੀਂ ਰੱਬ ਨੂੰ ਲੱਭਣ ਦਾ ਦਾਅਵਾ ਪਏ ਕਰਦੇ ਹੋ ਤਾਂ ਤੁਸੀਂ ਝੂਠੇ ਹੋ । ਤੁਸੀਂ ਕਿਸੇ ਰੱਬ ਦੀ ਭਾਲ ਵਿਚ ਨਹੀਂ ਹੋ । ਤੁਸੀਂ ਹੀ ਰੱਬ ਹੋ ।"
ਉਨ੍ਹਾਂ ਦੇ ਇਹ ਸ਼ਬਦ ਅਸਮਾਨੋਂ ਡਿਗਦੀ ਬਿਜਲੀ ਵਾਂਗ ਸਨ । ਉਹ 'ਅਨਲਹਕ' ਦਾ ਹੋਕਾ ਦੇ ਰਿਹਾ ਸੀ । ਇਸੇ ਕੁਫਰ ਲਈ ਮਨਸੂਰ ਨੂੰ ਸੂਲੀ ਚੜ੍ਹਨਾ ਪਿਆ ਸੀ । ਇਸੇ ਗੁਨਾਹ ਲਈ ਮੀਰਾ ਨੂੰ ਜ਼ਹਿਰ ਪਿਆਲਾ ਪੀਣਾ ਪਿਆ, ਨਾਗਾਂ ਦੀ ਪਿਟਾਰ ਗੱਲ ਪਾਉਣੀ ਪਈ । ਉਸ ਦੇ ਇਹ ਬੋਲ ਸਿੱਖ ਪਰੰਪਰਾ ਨਾਲੋਂ ਵੀ ਵਖਰੇ ਹੀ ਦਿਖਾਈ ਪੈਂਦੇ ਹਨ । ਉਨ੍ਹਾਂ ਅੰਦਰ ਜ਼ੈਨੱ ਸੰਤਾਂ ਵਰਗੀ ਨਗਾਰੇ ਦੀ ਟੰਕਾਰ ਹੈ । ਪਰ ਇਲਹਾਮ ਦੀ ਇਸ ਬੁਲੰਦੀ ਤੋਂ ਉਹ ਬੋਲ ਰਹੇ ਸਨ, ਉਥੇ ਜਾ ਕੇ ਸਭ ਫਰਕ ਬੇ-ਮਾਇਨੇ ਹੋ ਜਾਂਦੇ ਹਨ । ਇਸੇ ਹੀ ਅਵਸਥਾ ਵਿਚ ਕਿਤੇ ਬੁੱਲ੍ਹੇ ਨੂੰ ਇਹ ਕੂਕਣਾ ਪਿਆ ਸੀ ; ਮੂੰਹ ਆਈ ਬਾਤ ਨਾ ਰਹਿੰਦੀ ਏ । ਅੱਜ ਯੋਗੀ ਭਜਨ ਦੇ ਮੂੰਹੋਂ ਵੀ ਉਹੀ ਆਵਾਜ਼ ਆ ਰਹੀ ਸੀ।
ਉਹ ਉਨ੍ਹਾਂ ਲੋਕਾਂ ਨੂੰ ਚਲੇ ਜਾਣ ਨੂੰ ਕਹਿ ਰਹੇ ਸਨ, ਜੋ ਕਿਸੇ ਰੱਬ ਦੀ ਤਲਾਸ਼ ਵਿਚ ਉਥੇ ਆਏ ਸਨ । ਉਨ੍ਹਾਂ ਅਨੁਸਾਰ ਹਜ਼ਾਰਾਂ ਸਾਲਾਂ ਤੋਂ ਖੁਦ ਨੂੰ ਰੱਬ ਨਾਲੋਂ ਵੱਖ ਸਮਝ ਕੇ ਮਨੁੱਖ ਨੇ ਆਪਣਾ ਹੀ ਅਨਾਦਰ ਕੀਤਾ ਸੀ । ਉਨ੍ਹਾਂ ਦੀਆਂ ਗੱਲਾਂ ਨੂੰ ਹਜ਼ਮ ਕਰਨਾ ਹਰ ਇਕ ਦੇ ਵਸ ਦੀ ਗੱਲ ਨਹੀਂ ਸੀ । ਕੁਝ ਕਮਜ਼ੋਰ ਪਤੀਆਂ ਹੋਰ ਝੜ ਗਈਆਂ ਸਨ । ਉਹ ਡਟੇ ਰਹੇ ਸਨ, ਜਿਨ੍ਹਾਂ ਅੰਦਰ ਹਰ ਹਾਲ ਵਿਚ ਅੱਗੇ ਵਧਣ ਦੀ ਦ੍ਰਿੜ ਇੱਛਾ ਸੀ ।
ਇਹ ਅਜਿਹਾ ਮੌਕਾ ਸੀ ਜਦ ਯੋਗੀ ਜੀ ਜੇ ਚਾਹੁੰਦੇ ਤਾਂ ਆਪਣਾ ਗੁਰੂ ਡੰਮ ਚਲਾ ਸਕਦੇ ਸਨ । ਉਨ੍ਹਾਂ ਕੋਲ ਉਹ ਸਭ ਵਿਧੀਆਂ ਸਨ, ਜਿਨ੍ਹਾਂ ਦੀ ਪੱਛਮ ਦੇ ਸਮਾਜ ਨੂੰ ਲੋੜ ਸੀ । ਮਨੋਵਿਗਿਆਨ ਦੇ ਭਾਂਤ ਭਾਂਤ ਦੇ ਸਕੂਲਾਂ ਨਾਲ ਜੁੜੇ ਖੁੰਬਾਂ ਵਾਂਗ ਉਗੇ ਮਾਹਿਰ, ਨੌਜਵਾਨਾਂ ਦੀਆਂ ਫੁੱਟਦੀਆਂ ਨਸਾਂ ਨੂੰ ਤਣਾਵ ਮੁਕਤ ਨਹੀਂ ਸੀ ਕਰ ਸਕੇ । ਸੰਮੋਹਨ, ਫ੍ਰੀ ਐਸੋਸੀਏਸ਼ਨ, ਸੁਫਨਿਆਂ ਦੀ ਚੀਰ ਫਾੜ ਸਮੇਤ ਹਰ ਤਰਾਂ ਦੀ ਕਾਊਂਸਲਿੰਗ ਤੋਂ ਉਹ ਬੁਰੀ ਤਰ੍ਹਾਂ ਅੱਕੇ ਹੋਏ ਸਨ । ਪੱਛਮੀ ਚਿੰਤਨ ਵਿਚ ਦੇਹ ਅਤੇ ਚੇਤਨਾ ਦਾ ਦਵੈਤ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਸਥਾਈ ਹੱਲ ਲੱਭਣ ਤੋਂ ਰੋਕ ਰਿਹਾ ਸੀ । ਅਜੋਕੇ ਯੁਗ ਵਾਂਗ ਪੂਰਬ ਵਿਚ ਗਏ ਸੱਚੇ/ਝੂਠੇ ਟੀਚਰਾਂ ਦਾ ਹੜ੍ਹ ਵੀ ਹਾਲੇ ਪੱਛਮ ਵਿਚ ਨਹੀਂ ਸੀ ਪਹੁੰਚਿਆਂ । ਯਾਨੀ ਅੱਜ ਦੇ ਮੁਕਾਬਲੇ ਦੇਖੀਏ ਤਾਂ ਪੂਰੇ ਦਾ ਪੂਰਾ ਬਜ਼ਾਰ ਖਾਲੀ ਹੀ ਪਿਆ ਸੀ । ਉਹ ਚਾਹੁੰਦੇ ਤਾਂ ਸਾਰੀ ਮੰਡੀ 'ਤੇ ਹੀ ਛਾ ਸਕਦੇ ਸਨ । ਪਰ ਉਨ੍ਹਾਂ ਨੇ ਇਹ ਰਾਹ ਨਾ ਚੁਣਿਆ । ਉਨ੍ਹਾਂ ਨੇ ਸਦੀਆਂ ਪੁਰਾਣੀਆਂ ਉਨ੍ਹਾਂ ਵਿਧੀਆਂ ਦਾ ਵਪਾਰੀਕਰਣ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ । ਬੜੇ ਸ਼ਪਸ਼ਟ ਸ਼ਬਦਾਂ ਵਿਚ ਉਨ੍ਹਾਂ ਨੇ ਸਭ ਨੂੰ ਸਾਫ ਕਰ ਦਿੱਤਾ ਸੀ ਕਿ ਉਹ ਕੋਈ ਗੁਰੂ ਨਹੀਂ ਹੈ । ਉਹ ਤਾਂ ਬਸ ਗੁਰੂ ਰਾਮ ਦਾਸ ਦਾ ਸੁਨੇਹਾ ਉਨ੍ਹਾਂ ਤੱਕ ਪਹੁੰਚਾਉਣ ਵਾਲਾ ਡਾਕੀਆ ਹੈ ।
ਯੋਗੀ ਭਜਨ ਨਹੀਂ ਸੀ ਚਾਹੁੰਦੇ ਕਿ ਕੋਈ ਉਨ੍ਹਾਂ ਦਾ ਅਨੁਯਾਈ ਬਣੇ । ਪਰ ਸ਼ਾਇਦ ਉਨ੍ਹਾਂ ਦੀ ਇਹ ਨਿਸਵਾਰਥ ਪਹੁੰਚ ਵੀ ਵੱਡੀ ਖਿੱਚ ਦਾ ਕਾਰਣ ਬਣ ਰਹੀ ਸੀ । ਸ਼ਰਧਾਲੂਆਂ ਤੇ ਮੁਰੀਦਾਂ ਦੀ ਗਿਣਤੀ ਵਧਦੀ ਜਾ ਰਹੀ ਸੀ । ਯੋਗੀ ਜੀ ਵੀ ਉਨ੍ਹਾਂ ਨੂੰ ਆਪਣੀ ਔਲਾਦ ਵਾਂਗ ਪਿਆਰ ਕਰਦੇ ਸਨ । ਉਸ ਦੇ ਪ੍ਰਭਾਵ ਹੇਠ ਆ ਕੇ ਅਮਰੀਕੀ ਮੂਲ ਦੇ ਕਈ ਲੋਕ ਆਪ ਮੁਹਾਰੇ ਹੀ ਸਿੱਖ ਧਰਮ ਕਬੂਲ ਕਰਨ ਲੱਗੇ ਸਨ । ਉਸ ਨੇ ਉਨ੍ਹਾਂ ਨੂੰ ਚਿੱਟਾ ਬਾਣਾ ਪਾਉਣ ਲਈ ਪ੍ਰੇਰਿਆ । ਔਰਤਾਂ ਅਤੇ ਮਰਦਾਂ ਵਿਚਲੇ ਬਾਣੇ ਦਾ ਫਰਕ ਪੱਛਮ ਅੰਦਰ ਪੁੰਗਰ ਰਹੇ ਸਿੱਖ ਧਰਮ ਵਿਚ ਨਹੀਂ ਸੀ । ਯੋਗੀ ਭਜਨ ਦਾ ਕਹਿਣਾ ਸੀ ਕਿ ਖਾਲਸਾ ਸ਼ਬਦ ਲਿੰਗ ਭੇਦ ਤੋਂ ਬੁਲੰਦ ਹੈ । ਇਸ ਲਈ ਖਾਲਸੇ ਵਾਸਤੇ ਔਰਤ ਤੇ ਮਰਦ ਦਾ ਕੋਈ ਫਰਕ ਨਹੀਂ । ਬਹੁਤ ਥੋੜੇ ਹੀ ਸਮੇਂ ਵਿਚ ਕਈ ਸ਼ਹਿਰਾਂ ਵਿਚ ਗੋਰੀ ਨਸਲ ਦੇ ਸਿੱਖ ਆਮ ਹੋ ਗਏ ਸੀ । ਉਨ੍ਹਾਂ ਦੇ ਨਾਂ ਵੀ ਨਵੀਂ ਪਰੰਪਰਾ ਦੇ ਅਨੁਸਾਰ ਰੱਖੇ ਗਏ ਸਨ । ਪੱਛਮੀ ਨਸਲ ਦੇ ਸਿੰਘ ਅਤੇ ਕੌਰ ਖਾਲਸਾ ਕਹਾਉਣ ਵਾਲਿਆਂ ਦਾ ਕਾਫਲਾ ਬਣ ਰਿਹਾ ਸੀ । ਇਹ ਯੋਗੀ ਭਜਨ ਦਾ ਕਮਾਲ ਸੀ ।
ਨਾਵਾਂ ਦੀ ਤਬਦੀਲੀ ਅਤੇ ਨਵੇਂ ਬਾਣੇ ਪਿੱਛੇ ਵੀ ਉਨ੍ਹਾਂ ਦੀ ਇਕ ਸੋਚ ਸੀ । ਉਨ੍ਹਾਂ ਦਾ ਕਹਿਣਾ ਸੌ ਕਿ ਚਿੱਟੇ ਰੰਗ ਤੋਂ ਹਰ ਸਾਧਕ ਨੂੰ ਆਪਣੇ ਨਿੱਜੀ ਬਿਜਲਈ-ਚੁੰਬਕੀ ਖੇਤਰ ਵਿਚ ਖਾਸ ਤਰ੍ਹਾਂ ਦਾ ਬਲ ਮਿਲਦਾ ਹੈ, ਜੋ ਸਾਧਨਾ ਵਿਚ ਸਹਾਈ ਹੁੰਦਾ ਹੈ । ਅੱਜ ਇਹ ਗੱਲ ਸਿਧ ਹੋ ਚੁੱਕੀ ਹੈ ਕਿ ਹਰ ਰੰਗ ਦਾ ਆਪਣਾ ਪ੍ਰਭਾਵ ਹੁੰਦਾ ਹੈ ਜੋ ਸਰੀਰ ਤੱਕ ਹੀ ਸਮੀਤ ਨਹੀਂ ਹੁੰਦਾ ਸਗੋਂ ਚੇਤਨਾ ਉਤੇ ਵੀ ਡੂੰਘਾ ਅਸਰ ਪਾਉਂਦਾ ਹੈ । ਇਸੇ ਲਈ ਆਦਿ ਕਾਲ ਤੋਂ ਹੀ ਸਾਰੇ ਧਰਮ ਕੁਝ ਵਿਸ਼ੇਸ਼ ਰੰਗਾਂ ਦੀ ਚੋਣ ਕਰਦੇ ਰਹੇ ਹਨ ਜੋ ਉਨ੍ਹਾਂ ਦੀ ਆਪੋ ਆਪਣੀ ਸਾਧਨਾ ਪੱਧਤੀ ਦੇ ਅਨੁਕੂਲ ਸਨ । ਓਸ਼ੋ ਨੇ ਵੀ ਆਪਣੇ ਸੰਨਿਆਸੀਆਂ ਲਈ ਮੈਰੂਨ ਰੰਗ ਦੇ ਚੋਗਿਆਂ ਦੀ ਚੋਣ ਕੀਤੀ ਸੀ । ਬਾਅਦ ਵਿਚ ਉਸ ਨੇ ਇਸ ਨੂੰ ਸਿਰਫ ਸਾਧਨਾਂ ਸਮੇਂ ਤੀਕ ਹੀ ਸੀਮਤ ਕਰ ਦਿੱਤਾ ਸੀ । ਬਿਨਾ ਸ਼ੱਕ ਸ਼ੁਰੂਆਤੀ ਦਿਨਾਂ ਵਿਚ ਨਵਾਂ ਡਰੈਸ ਕੋਡ ਸਾਧਕ ਨੂੰ ਪੁਰਾਣੀ ਤੇ ਰਿਵਾਇਤੀ ਪਛਾਣ ਨਾਲੋਂ ਟੁੱਟਣ ਵਿਚ ਮਦਦ ਕਰਦਾ ਹੈ । ਇਸ ਨਾਲ ਭੀੜ ਸਾਹਮਣੇ ਖੜੋਣ ਦੀ ਮਾਨਸਿਕ ਤਾਕਤ ਵੀ ਸਾਧਕ ਅੰਦਰ ਪੈਦਾ ਹੁੰਦੀ ਹੈ । ਪਰ ਸਾਰੀ ਜ਼ਿੰਦਗੀ ਲਈ ਇਕ ਰੰਗ ਤੀਕ ਹੀ ਸੀਮਤ ਹੋ ਜਾਣਾ ਇਕ ਔਖਾ ਫੈਸਲਾ ਹੈ ।
ਨਾਵਾਂ ਦੀ ਤਬਦੀਲੀ ਵੀ ਇਕ ਬਹੁਤ ਪੁਰਾਣੀ ਵਿਧੀ ਹੈ, ਜਿਸ ਦਾ ਇਸਤੇਮਾਲ ਦੁਨੀਆ ਦੇ ਲਗਭਗ ਸਾਰੇ ਹੀ ਧਰਮ ਕਰਦੇ ਰਹੇ ਹਨ । ਯੋਗੀ ਭਜਨ ਤੋਂ ਇਲਾਵਾ ਵੀ ਨਿਊ ਏਜ ਮੂਵਮੈਂਟਸ ਦੀਆਂ ਕਈ ਸ਼ਾਖਾਵਾਂ ਇਸ ਵਿਧੀ ਦੀ ਵਰਤੋਂ ਕਰ ਰਹੀਆਂ ਹਨ । ਨਾਮ ਨਾਲ ਬੰਦੇ ਦੇ ਰਿਸ਼ਤੇ ਦਾ 'ਤੇ ਪੈਣ ਵਾਲੇ ਉਸ ਦੇ ਪ੍ਰਭਾਵਾਂ ਦਾ ਕੁਝ ਆਧੁਨਿਕ ਮਨੋਵਿਗਿਆਨੀਆਂ ਨੇ ਵੀ ਅਧਿਐਨ ਕੀਤਾ ਹੈ । ਦਰਅਸਲ ਕਿਸੇ ਦੇ ਵੀ ਨਾਂ ਦੀਆਂ ਧੁੰਨੀ ਤਰੰਗਾਂ ਉਸ ਦੇ ਮਨ ਵਿਚ ਬੈਠੀਆਂ ਸਭ ਤੋਂ ਵੱਧ ਅਚੇਤਨ ਤਰੰਗਾਂ ਹੁੰਦੀਆਂ ਹਨ । ਇਸ ਲਈ ਸੂਫੀਆਂ ਨੇ ਵੀ ਇਨ੍ਹਾਂ ਨਾਲ ਕਈ ਤਜ਼ਰਬੇ ਕੀਤੇ ਹਨ। ਨਾਂ ਦੀ ਤਬਦੀਲੀ ਵੀ ਇਕ ਵਿਧੀ ਸੀ ਜੋ ਮਨ ਨਾਲੋਂ ਇਕ ਦੂਰੀ 'ਤੇ ਹੋਸ਼ ਸਾਧਣ ਲਈ ਵਰਤੀ ਜਾਂਦੀ ਰਹੀ ਹੈ । ਪਰ ਇਸ ਦੀ ਕਾਰਗਰ ਅਵਧੀ ਬਾਰੇ ਵੀ ਵੱਖ ਵੱਖ ਧਾਰਾਵਾਂ ਵਿਚ ਵੀ ਚੰਗਾ ਖਾਸਾ ਵਿਵਾਦ ਹੈ ।
ਖੈਰ ਇਨ੍ਹਾਂ ਸਾਰੇ ਸਵਾਲਾਂ ਦਾ ਬਹੁਤ ਮਹੱਤਵ ਤਾਂ ਸਿਧਾਂਤਕ ਬੁੱਧੀ ਵਾਲੇ ਲੋਕਾਂ ਲਈ ਹੀ ਸੀ । ਉਹ ਖੁਦ ਜੋ ਇਕ ਜੀਵੰਤ ਤਜਰਬੇ ਵਿਚੋਂ ਲੰਘ ਰਹੇ ਸਨ, ਇਨ੍ਹਾਂ ਪੰਡਤਾਊ ਗੱਲਾਂ ਵਿਚ ਉਨ੍ਹਾਂ ਦਾ ਕੋਈ ਵਧੇਰੇ ਰਸ ਨਹੀਂ ਸੀ । ਯੋਗੀ ਭਜਨ ਵਿਚ ਉਨ੍ਹਾਂ ਦਾ ਵਿਸ਼ਵਾਸ ਪਰਖ ਉਤੇ ਅਧਾਰਿਤ ਸੀ । ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਸ਼ਖ਼ਸ ਉਨ੍ਹਾਂ ਨੂੰ ਕਿਸ ਦੋਜਖ ਵਿਚੋਂ ਕੱਢ ਕੇ ਲਿਆਇਆ ਸੀ । ਪਰ ਇਸ ਲਈ ਖੁਦ ਉਸ ਨੂੰ ਕੀ ਕੁਝ ਬਰਦਾਸ਼ਤ ਕਰਨਾ ਪਿਆ ਹੋਵੇਗਾ । ਇਹ ਉਨ੍ਹਖ ਦੇ ਅਨੁਮਾਨ ਤੋਂ ਪਰੇ ਸੀ ।
ਉਹ ਨਹੀਂ ਸੀ ਜਾਣਦੇ ਕਿ ਜਿਸ ਸਖਸ਼ ਨੂੰ ਉਹ ਯੋਗੀ ਭਜਨ ਦੇ ਨਾਂ ਨਾਲ ਪੁਕਾਰਦੇ ਹਨ, ਉਹ ਇਕ ਮਹਾਂ ਤਾਂਤਰਿਕ ਹੈ । ਯੋਗੀ ਭਜਨ ਨੇ ਇਕ ਦਿਨ ਆਪਣੀ ਸੈਕਟਰੀ ਨੂੰ ਇਸ ਬਾਰੇ ਦੱਸਿਆ । ਅਸਲ ਵਿਚ ਮਹਾਂਤਾਂਤਰਿਕ ਦੀ ਇਹ ਪਦਵੀ ਉਨ੍ਹਾਂ ਨੂੰ ਉਦੋਂ ਹੀ ਹਾਸਲ ਹੋਈ ਸੀ । ਪਰ ਉਸ ਸੈਕਟਰੀ ਨੂੰ ਇਸ ਬਾਬਤ ਕੁਝ ਵੀ ਪਤਾ ਨਹੀਂ ਸੀ । ਉਤਸੁਕਤਾ ਵਸ ਉਹ ਇਸ ਬਾਰੇ ਜਾਨਣਾ ਚਾਹੁੰਦੀ ਸੀ ।
ਯੋਗੀ ਭਜਨ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਪਦਵੀ ਬਹੁਤ ਪਹਿਲਾਂ ਵੀ ਹਾਸਲ ਹੋ ਸਕਦੀ ਸੀ । ਜਦੋਂ ਉਹ ਸੰਤ ਹਜ਼ਾਰਾ ਸਿੰਘ ਕੋਲੋਂ ਤੰਤਰ ਦੀ ਵਿੱਦਿਆ ਹਾਸਲ ਕਰ ਰਹੇ ਸਨ । ਉਸ ਸਮੇਂ ਇਕ ਹੋਰ ਸ਼ਿਸ਼ ਵੀ ਉਸ ਦੇ ਨਾਲ ਹੀ ਸਿੱਖਿਆ ਹਾਸਲ ਕਰ ਰਿਹਾ ਸੀ । ਹਰ ਤਰ੍ਹਾਂ ਦੀ ਵਿੱਦਿਆ ਵਿਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਹੁਣ ਇਮਤਿਹਾਨ ਦੀ ਘੜੀ ਸੀ । ਸੰਤ ਜੀ ਨੇ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਪਰਖ ਕੀਤੀ ਸੀ । ਮਨ ਹੀ ਮਨ ਵਿਚ ਹਰਿਭਜਨ ਨੂੰ ਇਹ ਗੁਮਾਨ ਹੋ ਗਿਆ ਸੀ ਕਿ ਉਹ ਸਭ ਤੋਂ ਵੱਧ ਹੁਸ਼ਿਆਰ ਤੇ ਮਾਹਿਰ ਵਿਦਿਆਰਥੀ ਹੈ । ਇਸੇ ਹਊਮੈ ਕਾਰਣ ਹੀ ਉਸ ਨੂੰ ਮਹਾਂਤਾਂਤਰਿਕ ਦੀ ਜ਼ਿੰਮੇਵਾਰੀ ਤੋਂ ਦੂਰ ਰੱਖਿਆ ਗਿਆ ਸੀ । ਜਦੋਂ ਸੰਤ ਹਜ਼ਾਰਾ ਸਿੰਘ ਜੀ ਦੇ ਦੇਹ ਤਿਆਗਣ ਦਾ ਵੇਲਾ ਆਇਆ ਸੀ ਤਾਂ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦਿੱਤੀ ਸੀ । ਉਹ ਸ਼ਖਸ ਤਿੱਬਤ ਦਾ ਇਕ ਲਾਮਾ ਸੀ, ਜਿਸ ਦਾ ਨਾਂ ਲਿਲਾਨ ਪੈ ਸੀ । ਉਹ ਵੀ ਸੰਤਾਂ ਪਾਸੋਂ ਤੰਤਰ ਵਿੱਦਿਆ ਸਿੱਖਣ ਆਇਆ ਸੀ । ਹੁਣ ਲੰਮੇ ਸਮੇਂ ਤੋਂ ਬਾਅਦ ਉਸ ਸ਼ਖਸ ਦੀ ਮੌਤ ਮਗਰੋਂ ਹੀ ਯੋਗੀ ਭਜਨ ਨੂੰ ਮੁੜ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ।
ਜਿਸ ਵਾਈਟ ਯੋਗ ਤੰਤਰ ਦੀ ਸਿੱਖਿਆ ਯੋਗੀ ਭਜਨ ਉਨ੍ਹਾਂ ਲੋਕਾਂ ਨੂੰ ਦੇ ਰਿਹਾ ਸੀ, ਉਹ ਕੋਈ ਸਧਾਰਣ ਯੋਗ ਨਹੀਂ ਸੀ । ਵਾਈਟ ਤੰਤਰ ਯੋਗ ਦੀ ਸਾਧਨਾ ਸਿਰਫ ਮਹਾਂ ਤਾਂਤਰਿਕ ਦੀ ਵਿਅਕਤੀਗਤ ਮੌਜੂਦਗੀ ਵਿਚ ਹੀ ਹੋ ਸਕਦੀ ਸੀ । ਇਸ ਸ਼ਰਤ ਪਿਛੇ ਵੀ ਕਈ ਕਾਰਨ ਸਨ । ਇਕ ਕਾਰਨ ਤਾਂ ਇਹ ਸੀ ਕਿ ਤੰਤਰ ਯੋਗ ਦੀ ਸਾਧਨਾ ਸਮੇਂ ਸਾਧਕਾਂ ਅੰਦਰਲੀ ਉਹ ਨੈਗਟਿਵ-ਊਰਜਾ ਵਿਸਫੋਟਕ ਢੰਗ ਨਾਲ ਬਾਹਰ ਆਂਦੀ ਹੈ, ਜਿਸ ਨੂੰ ਮੁੱਦਤਾਂ ਤੋਂ ਹੀ ਆਪਣੇ ਅੰਦਰ ਧੁਰ ਅਚੇਤਨ ਵਿਚ ਦੱਬਿਆ ਹੁੰਦਾ ਹੈ । ਮਹਾਂ ਤਾਂਤਰਿਕ ਆਪਣੀ ਐਸਟਰਲ ਬੌਡੀ ਰਾਹੀਂ ਸਾਧਕਾਂ ਦੇ ਪੂਰੇ ਸਮੂਹ ਨੂੰ ਇਕ ਸੁਰੱਖਿਆ ਦਾ ਘੇਰਾ ਪ੍ਰਦਾਨ ਕਰਦਾ ਹੈ । ਉਹ ਇਸ ਗੱਲ ਦੀ ਵੀ ਗਰੰਟੀ ਕਰਦਾ ਹੈ ਕਿ ਕਿਸੇ ਇਕ ਅੰਦਰੋਂ ਨਿਕਲ ਰਹੀ ਨੈਗਟਿਵ ਊਰਜਾ ਦਾ ਕਿਸੇ ਹੋਰ ਨੂੰ ਕੋਈ ਨੁਕਸਾਨ ਨਾ ਹੋਵੇ ।
ਉਸ ਦਾ ਦੂਜਾ ਅਹਿਮ ਕਾਰਨ ਇਹ ਵੀ ਹੈ ਕਿ ਖੁਦ ਮਹਾਂ ਤਾਂਤਰਿਕ ਹੀ ਬ੍ਰਹਿਮੰਡੀ ਚੇਤਨਾ ਦੇ ਅਸੀਮ ਹੜ੍ਹ ਅਤੇ ਸਾਧਕਾਂ ਦੀ ਸੀਮਤ ਚੇਤਨਾ ਦਰਮਿਆਨ ਇਕ ਪੁਲ ਦਾ ਕੰਮ ਕਰਦਾ ਹੈ । ਉਹ ਅਸੀਮ ਊਰਜਾ ਮਹਾਂ ਤਾਂਤਰਿਕ ਰਾਹੀਂ ਹੀ ਪ੍ਰਵਾਹਮਾਨ ਹੋ ਕੇ ਸਭ ਸਾਧਕਾਂ ਤਾਈਂ ਪਹੁੰਚਦੀ ਹੈ । ਇਕ ਚੈਨਲ ਦੇ ਰੂਪ ਵਿਚ ਉਸ ਦੀ ਮੌਜੂਦਗੀ ਜ਼ਰੂਰੀ ਹੈ । ਆਪਣੇ ਮਨ ਦੀ ਊਰਜਾ ਉਤੇ ਮੁਕੰਮਲ ਕੰਟਰੋਲ ਹੋਣ ਕਾਰਣ ਹੀ ਉਸ ਨੂੰ ਇਹ ਸ਼ਕਤੀ ਹਾਸਲ ਹੁੰਦੀ ਹੈ । ਜੇ ਉਹ ਖੁਦ ਪੂਰੀ ਤਰ੍ਹਾਂ ਨਾਲ ਮੁਕਤ ਨਾ ਹੋਵੇ ਤਾਂ ਮਾਹੌਲ ਵਿਚ ਪੈਦਾ ਹੋਈ ਨੈਗਟਿਵ ਊਰਜਾ ਉਸ 'ਤੇ ਵੀ ਅਸਰ ਕਰ ਸਕਦੀ ਹੈ । ਇਸ ਤਰ੍ਹਾਂ ਦੀ ਸਥਿਤੀ ਕਾਫੀ ਵਾਰ ਅਤਿਅੰਤ ਘਾਤਕ ਸਾਬਤ ਹੁੰਦੀ ਹੈ । ਇਸੇ ਕਾਰਨ ਹੀ ਇਸ ਸਾਧਨਾ ਲਈ ਇਕ ਵਿਸ਼ੇਸ਼ ਮਾਹੌਲ ਦੀ ਲੋੜ ਹੁੰਦੀ ਹੈ ।
ਇਸ ਸਾਰੀ ਚਰਚਾ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਕ ਮਹਾਂ ਤਾਂਤਰਿਕ ਦਾ ਜੀਵਨ ਕਿੰਨੇ ਜਾਣੇ ਅਣਜਾਣੇ ਖਤਰਿਆਂ ਨਾਲ ਲਬਰੇਜ਼ ਹੁੰਦਾ ਹੈ । ਉਸ ਨੂੰ ਜਿੰਨੀ ਵੱਡੀ ਜ਼ਿੰਮੇਵਾਰੀ ਦਾ ਬੋਝ ਆਪਣੇ ਮੋਢਿਆਂ 'ਤੇ ਚੁੱਕਣਾ ਪੈਂਦਾ ਹੈ, ਉਸ ਦਾ ਅਹਿਸਾਸ ਆਮ ਬੰਦੇ ਦੀ ਚੇਤਨਾ ਲਈ ਸ਼ਾਇਦ ਅਸੰਭਵ ਹੀ ਹੈ । ਖੁਦ ਯੋਗੀ ਭਜਨ ਨੂੰ ਵੀ ਕਈ ਵਾਰ ਇਨ੍ਹਾਂ ਖ਼ਤਰਿਆਂ ਨਾਲ ਦੋ ਚਾਰ ਹੋਣਾ ਪਿਆ ਸੀ । ਕਿਰਿਆ ਦੇ ਖਤਮ ਹੋਣ ਸਾਰ ਹੀ ਉਹ ਅਚਾਨਕ ਪਿਛਾਂਹ ਨੂੰ ਡਿੱਗ ਪੈਂਦੇ । ਆਲੇ ਦੁਆਲੇ ਦੇ ਲੋਕ ਉਨ੍ਹਾਂ ਦੀ ਪਿੱਠ ਮਲਦੇ, ਉਹ ਦਰਦ ਨਾਲ ਕਰਾਹੁੰਦੇ ਸਨ ਪਰ ਉਹ ਇਸ ਗੱਲ ਦਾ ਖਾਸ ਖਿਆਲ ਰੱਖਦੇ ਸੀ ਕਿ ਇਸ ਗੱਲ ਕਾਰਨ ਕਿਸੇ ਦੇ ਮਨ ਵਿਚ ਕਿਸੇ ਤਰ੍ਹਾਂ ਦੀ ਅਪਰਾਧ ਭਾਵਨਾ ਨਾ ਪੈਦਾ ਹੋਵੇ । ਇਸ ਲਈ ਉਨ੍ਹਾਂ ਦੀ ਹਰ ਸਾਧਨਾ ਦਾ ਸਿਖਰ ਨ੍ਰਿਤ ਦੇ ਰੂਪ ਵਿਚ ਹੀ ਹੁੰਦਾ ਸੀ ।
ਕੁੰਡਲਨੀ ਯੋਗ ਤੇ ਵਾਈਟ ਤੰਤਰ ਸਾਧਨਾ ਨੇ ਉਸ ਪੂਰੀ ਪੀੜੀ ਨੂੰ ਹੀ ਨਰਕ ਵਿਚੋਂ ਕੱਢ ਲਿਆ ਸੀ । ਪਰ ਫੇਰ ਵੀ ਜੋ ਲੋਕ ਪਿਛੇ ਰਹਿ ਗਏ ਸਨ । ਯੋਗੀ ਭਜਨ ਤੇ ਉਸ ਦੇ ਸਾਥੀ ਉਨ੍ਹਾਂ ਨੂੰ ਭੁੱਲੇ ਨਹੀਂ ਸਨ । ਉਸ ਦੇ ਕੁਝ ਵਿਦਿਆਰਥੀ ਇਕ ਗੀਤ ਲੈ ਕੇ ਉਨ੍ਹਾਂ ਕੋਲ ਆਏ ਸਨ । ਇਹ ਗੀਤ ਕਿਸੇ ਰੌਕ ਐਂਡ ਰੋਲ ਗਰੁਪ ਵਲੋਂ ਲਿਖਿਆ ਗਿਆ ਸੀ । ਉਹ ਇਕ ਤਰ੍ਹਾਂ ਦੀ ਪ੍ਰਾਰਥਨਾ ਹੀ ਸੀ, ਜਿਸ ਵਿਚ ਇਹ ਅਰਦਾਸ ਕੀਤੀ ਗਈ ਸੀ ਕਿ ਸੂਰਜ ਉਨ੍ਹਾਂ ਦੇ ਸਾਥੀਆਂ ਦੇ ਸਿਰ 'ਤੇ ਮਘਦਾ ਹੀ ਰਹੇ ਤੇ ਉਹ ਹਮੇਸ਼ਾ ਪਿਆਰ ਦੀਆਂ ਲਹਿਰਾਂ ਅੰਦਰ ਘਿਰੇ ਰਹਿਣ । ਗੀਤ ਦੀ ਸਾਦਗੀ ਨੇ ਯੋਗੀ ਜੀ ਦੇ ਮਨ ਨੂੰ ਟੁੰਬ ਲਿਆ ਸੀ । ਬਸ ਉਸ ਘੜੀ ਤੋਂ ਬਾਅਦ ਅੱਜ ਤਕ ਉਨ੍ਹਾਂ ਦੀ ਕਲਾਸ ਦਾ ਅੰਤ ਇਸੇ ਗੀਤ ਜਾਂ ਅਰਦਾਸ ਨਾਲ ਹੁੰਦਾ ਹੈ ।

No comments:

Post a Comment