"ਸਾਡੇ ਕੋਲ ਭਾਰਤ ਮਾਤਾ ਦਾ ਸਮੁੱਚਾ ਗਿਆਨ ਹੈ,
ਜਿਹੜਾ ਇਸ ਨੇ ਆਪਣੇ ਰਿਸ਼ੀਆਂ ਦੁਆਰਾ
ਸਦੀਆਂ ਤੋਂ ਸੰਭਾਲਿਆ ਹੋਇਆ ਹੈ। ਮਹਾਨ
ਭਾਰਤ ਮਾਤਾ ਜਿਹੜੀ ਕਿ ਗਿਆਨ ਅਤੇ
ਪਵਿਤਰਤਾ ਦੀ ਅਦਭੁਤ ਧਰਤੀ ਹੈ ।ਉਸ ਦੀ
ਨਿੱਘੀ ਗੋਦ ਨੇ ਸਾਨੂੰ ਨਿੱਘ ਦਿੱਤਾ ਹੈ, ਗਿਆਨ
ਦਿੱਤਾ ਹੈ ਜਿਸ ਨੂੰ ਅਸੀਂ ਬਹੁਲਤਾ ਅਤੇ ਬਹਾਦਰੀ
ਦੀ ਧਰਤੀ ਮਹਾਨ ਅਮਰੀਕਾ ਦੇ ਲੋਕਾਂ
ਨਾਲ ਸਾਂਝਾ ਕਰਨਾ ਹੈ ।"
ਯੋਗੀ ਭਜਨ
ਸਨਾਤਨ ਸਮਿਆਂ ਤੋਂ ਭਾਰਤ ਨੂੰ ਇਸ ਸੰਸਾਰ ਦਾ ਰੂਹਾਨੀ ਗੁਰੁ ਹੋਣ ਦਾ ਮਾਣ ਹਾਸਲ ਰਿਹਾ ਹੈ । ਚੇਤਨਾ ਦੇ ਖੇਤਰ ਵਿਚ ਜਿੰਨ੍ਹਾਂ ਮਹੀਨ ਕੰਮ ਇਸ ਧਰਤੀ ਉਤੇ ਹੋਇਆ ਹੈ, ਓਨਾ ਸ਼ਾਇਦ ਸੰਸਾਰ ਦੇ ਕਿਸੇ ਕੋਨੇ ਵਿਚ ਨਹੀਂ ਹੋਇਆ । ਯੁਗਾਂ-ਯੁਗਾਂ ਤੋਂ ਇਸ ਦੇਸ਼ ਤੋਂ ਸਿੱਧ ਪੁਰਸ਼ ਧਰਮ ਦਾ ਸੰਦੇਸ਼ ਲੈ ਕੇ ਦੂਰ ਦੁਰਾਡੇ ਮੁਲਕਾਂ ਵਿਚ ਪਹੁੰਚਦੇ ਰਹੇ ਹਨ । ਇਸ ਦੇਸ਼ ਨੇ ਦੂਜਿਆਂ ਦੀਆਂ ਧਰਤੀਆਂ ਉਤੇ ਨਹੀਂ ਸਗੋਂ ਚੇਤਨਾ ਤੇ ਆਪਣੀ ਛਾਪ ਛੱਡੀ ਹੈ ।
ਸਿਰਫ ਇੰਨਾ ਹੀ ਨਹੀਂ, ਚੇਤਨਾ ਦੇ ਜਗਤ ਦੇ ਗੁਝੇ ਰਹੱਸਾਂ ਨੂੰ ਜਾਨਣ ਦੀ ਇੱਛਾ ਰੱਖਣ ਵਾਲੇ ਜਗਿਆਸੂ ਅਣਜਾਣੇ ਸਮਿਆਂ ਤੋਂ ਹੀ ਇਸ ਦੇਸ਼ ਦੀ ਯਾਤਰਾ ਕਰਦੇ ਰਹੇ ਹਨ । ਕਿਹਾ ਜਾਂਦਾ ਹੈ ਕਿ ਕਰੀਬ 25000 ਵਰ੍ਹੇ ਪਹਿਲਾਂ ਪੈਦਾ ਹੋਇਆ ਯੂਨਾਨ ਦਾ ਮਹਾਨ ਦਾਰਸ਼ਨਿਕ ਪਾਈਥਾਗੋਰਸ ਵੀ ਗਿਆਨ ਦੀ ਪਿਆਸ ਬੁਝਾਉਣ ਖਾਤਰ ਭਾਰਤ ਆਇਆ ਸੀ ।
ਕਹਾਣੀ ਤਾਂ ਇਹ ਵੀ ਹੈ ਕਿ ਸਿਕੰਦਰ ਮਹਾਨ ਜਦੋਂ ਸੰਸਾਰ-ਫਤਹਿ ਦੀ ਆਪਣੀ ਮੁਹਿੰਮ 'ਤੇ ਨਿਕਲਿਆ ਸੀ ਤਾਂ ਉਸ ਨੇ ਆਪਣੇ ਗੁਰੁ ਅਰਸਤੂ ਤੋਂ ਪੁੱਛਿਆ ਕਿ ਉਹ ਉਸ ਲਈ ਕੀ ਤੋਹਫਾ ਲੈ ਕੇ ਆਵੇ । ਅਰਸਤੂ ਦਾ ਜਵਾਬ ਸੀ ਕਿ ਜੇ ਕਿਤੇ ਉਸ ਨੂੰ ਭਾਰਤ ਜਾਣ ਦਾ ਮੌਕਾ ਮਿਲੇ ਤਾਂ ਉਹ ਉਸ ਲਈ ਉਥੋਂ ਇਕ ਯੋਗੀ ਲੈ ਆਵੇ ।
ਇਹ ਤਾਂ ਇਕ ਇਤਿਹਾਸਕ ਤੱਥ ਹੈ ਕਿ ਸੰਸਾਰ ਭਰ ਵਿਚ ਬੁੱਧ ਧਰਮ ਦਾ ਪ੍ਰਚਾਰ ਇਸੇ ਹੀ ਭੂਮੀ ਤੋਂ ਹੋਇਆ ਸੀ । ਹਜ਼ਾਰਾਂ ਸਾਲਾਂ ਤੱਕ ਇਹ ਭੂਮੀ ਗਿਆਨ ਦੇ ਭਿਖਸ਼ੂਆਂ ਲਈ ਰੂਹ ਹਲੂਣ ਦੇਣ ਵਾਲੀ ਖਿੱਚ ਦਾ ਕੇਂਦਰ ਰਹੀ ਹੈ । ਇਹ ਇਕ ਆਮ ਜਾਣਿਆ ਜਾਂਦਾ ਤੱਥ ਹੈ ਕਿ ਰਾਜਿਆਂ ਰਜਵਾੜਿਆਂ ਦੇ ਫੁਰਮਾਨ ਜਾਂ ਰਾਹ ਵਿੱਚ ਪੈਂਦੇ ਹਜ਼ਾਰਾਂ ਮੀਲ ਤਾਈਂ ਫੈਲੇ ਰੇਗਿਸਤਾਨ ਤੇ ਬਰਫਾਨੀ ਪਹਾੜੀਆਂ ਦਾ ਖੌਫ ਵੀ ਸੱਚ ਦੇ ਉਨ੍ਹਾਂ ਆਸ਼ਕਾਂ ਦਾ ਰਾਹ ਨਹੀਂ ਸੀ ਡੱਕ ਸਕਿਆ । ਫਾਹੀਯਾਨ ਤੇ ਹਿਊਨਸਾਂਗ ਵਰਗਿਆਂ ਨੂੰ ਇਸ ਧਰਤੀ ਤੱਕ ਪਹੁੰਚਣ ਲਈ ਕੀ ਕੀ ਮੁਸੀਬਤਾਂ ਝੱਲਣੀਆਂ ਪਈਆਂ ਸਨ, ਉਹ ਸਭ ਕੁਝ ਇਤਿਹਾਸ ਵਿਚ ਦਰਜ ਹੈ । ਨਾਲੰਦਾ ਅਤੇ ਤਕਸ਼ਿਲਾ ਵਿਚ ਆਉਣ ਵਾਲੇ ਸਾਧਕਾਂ ਦੀ ਲੰਮੀ ਤੇ ਅੰਤਹੀਣ ਸੂਚੀ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਇਸ ਧਰਤੀ ਦੀ ਮਹਿਕ ਵਿਚ ਅਜਿਹਾ ਕੁਝ ਸੀ ਜੋ ਸਦੀਆਂ ਤਾਈਂ ਸੱਚ ਦੇ ਪਾਧੀਆਂ ਨੂੰ ਧੂਹ ਪਾਉਂਦਾ ਰਿਹਾ ਸੀ ।
ਇਹ ਰਾਸ਼ਟਰਵਾਦੀ ਹਊਮੈਂ ਨੂੰ ਪੱਠੇ ਪਾਉਣ ਵਾਲੀ ਗੱਲ ਨਹੀਂ ਬਲਕਿ ਇਕ ਇਤਿਹਾਸਿਕ ਹਕੀਕਤ ਹੈ । ਇਸ ਦਾ ਇਹ ਵੀ ਮਤਲਬ ਨਹੀਂ ਕਿ ਧਰਤੀ ਦੇ ਦੂਜੇ ਹਿੱਸਿਆਂ ਵਿਚ ਚੇਤਨਾ ਸੰਬਧੀ ਕੋਈ ਮਹਾਨ ਕੰਮ ਹੋਇਆ ਹੀ ਨਹੀਂ । ਪਰ ਇਤਿਹਾਸ ਦੀ ਚਾਲ ਕੁਝ ਇਹੋ ਜਿਹੀ ਰਹੀ ਹੈ ਕਿ ਪਦਾਰਥ ਦੇ ਜਗਤ ਵਿਚ ਜੋ ਮੱਲਾਂ ਪੱਛਮ ਨੇ ਮਾਰੀਆਂ ਹਨ, ਪੂਰਬ ਉਸ ਦੇ ਨੇੜੇ ਵੀ ਨਹੀਂ ਪਹੁੰਚਿਆ । ਚੇਤਨ-ਉਰਜਾ ਦੇ ਸੰਦਰਭ ਵਿਚ ਦ੍ਰਿਸ਼ ਉਲਟਾ ਹੋ ਜਾਂਦਾ ਹੈ । ਇਥੇ ਇਹ ਗੱਲ ਵੀ ਧਿਆਨ ਵਿਚ ਰੱਖਣੀ ਲਾਜ਼ਮੀ ਹੈ ਕਿ ਸਰਵਉਚ ਚੇਤਨ ਨੂੰ ਪਹੁੰਚੇ ਵਿਅਕਤੀਆਂ ਨੂੰ ਕਿਸੇ ਯੁਗ ਜਾਂ ਦੇਸ਼ ਨਾਲ ਬੰਨ੍ਹ ਕੇ ਦੇਖਣਾ ਉਨ੍ਹਾਂ ਨਾਲ ਹੀ ਜ਼ਿਆਦਤੀ ਹੋਵੇਗੀ । ਇਸ ਲਈ ਉਪਰੋਕਤ ਵੰਡ ਨੂੰ ਸਿਰਫ ਇਤਿਹਾਸਕ ਤੇ ਕੰਮ ਚਲਾਊ ਰੂਪ ਵਿਚ ਹੀ ਗ੍ਰਹਿਣ ਕਰਨਾ ਚਾਹੀਦਾ ਹੈ ।
ਉਨੀਵੀਂ ਸਦੀ ਦੇ ਅਖੀਰ ਵਿਚ ਮਨੁੱਖੀ ਮਨ ਦੇ ਇਕ ਪਾਸੜ ਵਿਕਾਸ ਤੇ ਉਸ ਦੀ ਰੇਖਾਈ ਚਾਲ ਨੂੰ ਪਛਾਣਿਆ ਜਾਣ ਲੱਗਾ ਸੀ । ਕੁਝ ਚਿੰਤਕਾਂ ਨੇ ਚੇਤਨਾ ਦੀ ਇਸ ਇਕਪਾਸੜਤਾ ਕਾਰਣ ਸਭਿਅਤਾਵਾਂ ਦੇ ਵਿਕਾਸ ਵਿਚ ਆਏ ਉਲਾਰ ਨੂੰ ਵੀ ਦੇਖ ਲਿਆ ਸੀ । ਸੰਨ 1896 ਵਿਚ ਸ਼ਿਕਾਗੋ ਵਿਚ ਹੋਇਆ ਸਰਵ-ਧਰਮ ਸੰਮੇਲਨ ਇਸ ਸਿਲਸਿਲੇ ਦੀ ਅਹਿਮ ਕੜੀ ਸੀ । ਲਗਭਗ ਉਸੇ ਹੀ ਸਮੇਂ ਵਿਚ ਸਵਾਮੀ ਰਾਮ ਤੀਰਥ ਵਰਗੀ ਪ੍ਰਤਿਭਾ ਨੇ ਭਾਰਤੀ ਰੂਹਾਨੀਅਤ ਦੀ ਮਹਿਕ ਪੱਛਮੀ ਆਕਾਸ਼ ਵਿਚ ਫੈਲਾਈ ਸੀ ।
ਅਮਰੀਕਾ ਦੀ ਆਪਣੀ ਦੂਜੀ ਫੇਰੀ ਤੋਂ ਬਾਅਦ ਸਵਾਮੀ ਵਿਵੇਕਾਨੰਦ ਨੇ ਪਹਿਲੀ ਵਾਰ ਪੂਰਬ ਦੀ ਰੂਹਾਨੀਅਤ ਅਤੇ ਪੱਛਮ ਦੇ ਵਿਗਿਆਨ ਦੇ ਸੰਗਮ ਦੀ ਗੱਲ ਛੋਹੀ ਸੀ। ਪਰ ਉਹ ਵੀ ਰਾਮ ਤੀਰਥ ਵਾਂਗ ਬਹੁਤ ਦੇਰ ਪੱਛਮ ਦੀ ਧਰਤੀ ਉਤੇ ਨਹੀਂ ਸੀ ਬਿਤਾ ਸਕੇ । ਕਈ ਸਰੋਤਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਕਈ ਵਿੰਗੇ ਟੇਢੇ ਢੰਗਾਂ ਨਾਲ ਗੁਰਜੀਏਫ ਦਾ ਸਬੰਧ ਵੀ ਭਾਰਤ ਦੇ ਕੁਝ ਮਨੀਸ਼ੀਆਂ ਨਾਲ ਸੀ । ਪਰ ਬਦਕਿਸਮਤੀ ਨਾਲ ਇਹ ਸਬੰਧ ਵੀ ਸਥਾਈ ਨਹੀਂ ਸੀ । ਭਾਰਤ ਦੀ ਸਨਾਤਨ ਚੇਤਨਾ ਤੇ ਪੱਛਮ ਦੇ ਜਗਤ ਦਾ ਸਭ ਤੋਂ ਲੰਮਾ ਸਬੰਧ ਪਰਮਹੰਸ ਯੋਗਾਨੰਦ ਦੇ ਮਾਧਿਅਮ ਨਾਲ ਹੀ ਸਥਾਪਿਤ ਹੋਇਆ ਸੀ । ਵੀਹਵੀਂ ਸਦੀ ਦੇ ਪਹਿਲੇ ਅੱਧ ਲਈ ਇਹ ਗੱਲ ਸੱਚ ਸੀ । ਯੋਗਾਨੰਦ ਜੀ ਸ੍ਰੀ ਯੁਕਤੇਸ਼ਵਰ ਗਿਰੀ ਦੇ ਸ਼ਿਸ਼ ਸਨ । ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਗੁਰੂ ਨੇ ਯੋਗਾਨੰਦ ਜੀ ਨੂੰ ਪੱਛਮੀ ਸੰਸਾਰ ਵਿਚ ਕੰਮ ਕਰਨ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਸੀ । ਕਲਕੱਤਾ ਯੂਨੀਵਰਸਿਟੀ ਤੋਂ ਗਰੈਜੂਏਟ ਪਰਮਹੰਸ ਯੋਗਾਨੰਦ ਨੇ ਦਹਾਕਿਆਂ ਦੇ ਲੰਮੇ ਅਰਸੇ ਤਾਂਈਂ ਪੱਛਮੀ ਮਹਾਂਦੀਪ ਉਤੇ ਯੋਗ ਚੇਤਨਾ ਲਈ ਕੰਮ ਕੀਤਾ ਸੀ । ਉਨ੍ਹਾਂ ਦੀਆਂ ਘਾਲਣਾਵਾਂ ਦਾ ਅੰਤ ਉਨ੍ਹਾਂ ਦੀ ਦੇਹ ਦੇ ਅੰਤ ਨਾਲ ਹੀ ਹੋਇਆ ਸੀ । ਇਕ ਵਿਸ਼ਵਾਸ ਅਨੁਸਾਰ ਸ਼ਾਇਦ ਉਸ ਦੇ ਨਾਲ ਵੀ ਨਹੀਂ ।
ਪਰਮਹੰਸ ਯੋਗਾਨੰਦ ਨੂੰ ਉਨ੍ਹਾਂ ਦੇ ਗੁਰੂਆਂ ਵਲੋਂ ਪੱਛਮੀ ਸੰਸਾਰ ਅੰਦਰ ਸਨਾਤਨ ਯੋਗ ਵਿੱਦਿਆ ਦੇ ਪ੍ਰਚਾਰ ਲਈ ਉਚੇਚੇ ਤੌਰ 'ਤੇ ਤਿਆਰ ਕੀਤਾ ਗਿਆ ਸੀ । ਯੋਗਾਨੰਦ ਨੇ ਪੱਛਮ ਵਿਚ ਆਪਣੇ ਕਿਆਮ ਦੇ ਦੌਰਾਨ ਕ੍ਰਿਆ ਯੋਗ ਦੀ ਤਕਨੀਕ ਨੂੰ ਹੀ ਆਪਣਾ ਮਾਧਿਅਮ ਬਣਾਇਆ ਸੀ । ਕ੍ਰਿਆ ਯੋਗ ਸਾਧਨਾ ਦੀ ਇਕ ਅਜਿਹੀ ਤਕਨੀਕ ਸੀ, ਜਿਸ ਰਾਂਹੀਂ ਮਨੁੱਖੀ ਸ਼ਰੀਰ ਵਿਚਲੇ ਖੂਨ ਵਿਚੋਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਨੂੰ ਘੱਟ ਕਰਕੇ ਆਕਸੀਜਨ ਦਾ ਸੰਚਾਰ ਵਧਾਇਆ ਜਾਂਦਾ ਸੀ । ਆਕਸੀਜਨ ਦੀ ਇਹ ਵਧੀ ਹੋਈ ਮਾਤਰਾ ਨਾਲ ਪ੍ਰਾਣਾਂ ਦਾ ਸੰਚਾਰ ਕਰਕੇ ਰੀੜ੍ਹ ਅਤੇ ਦਿਮਾਗ ਦੇ ਵੱਖ ਵੱਖ ਕੇਂਦਰਾਂ ਵਿਚ ਨਵੀਂ ਊਰਜਾ ਦਾ ਸੰਚਾਰ ਕੀਤਾ ਜਾਂਦਾ ਸੀ ।
ਨਿਸਰਗ ਯੋਗ ਨਾਂ ਨਾਲ ਇਸ ਤਕਨੀਕ ਦਾ ਜ਼ਿਕਰ ਰਿਗਵੇਦ ਵਿਚ ਵੀ ਮਿਲਦਾ ਹੈ । ਬਾਅਦ ਵਿਚ ਪਾਤੰਜਲੀ ਨੇ ਵੀ ਸ਼ਵਾਸ ਕ੍ਰਿਆਵਾਂ ਉਤੇ ਅਧਾਰਿਤ ਇਸੇ ਤਕਨੀਕ ਨੂੰ ਹੋਰ ਵੀ ਵਿਕਸਤ ਕੀਤਾ ਸੀ । ਸ੍ਰੀਮਦ ਭਗਵਤ ਗੀਤਾ ਦੇ ਚੌਥੇ ਪੰਜਵੇ਼ ਅਧਿਆਇ ਵਿਚ ਵੀ ਸ੍ਰੀ ਕਿਸ਼ਨ ਨੇ ਤਕਨੀਕ ਦੀ ਸਿੱਖਿਆ ਅਰਜੁਨ ਨੂੰ ਦਿੱਤੀ ਸੀ । ਸ੍ਰੀ ਕਿਸ਼ਨ ਨੇ ਇਹ ਵੀ ਦੱਸਿਆ ਸੀ ਕਿ ਇਹ ਸਨਾਤਨ ਆਦਿ ਕਾਲ ਤੋਂ ਹੀ ਚੱਲੀ ਆਉਂਦੀ ਸੀ । ਇਸ ਦਾ ਪ੍ਰਚਾਰ ਤੇ ਪਸਾਰ ਕਰਨ ਵਾਲੇ ਰਿਸ਼ੀਆਂ ਦੀ ਲੜੀ ਇਕਸ਼ਵਾਕੂ, ਮਨੂੰ ਤੇ ਵਿਵਾਸਵਤ ਤੋਂ ਹੁੰਦੀ ਹੋਈ ਬ੍ਰਹਮਾ ਤੀਕ ਜਾਂਦੀ ਸੀ । ਇਸ ਸਾਰੇ ਵੇਰਵੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਰਮਹੰਸ ਯੋਗਾਨੰਦ ਆਪਣੇ ਨਾਲ ਜਿਸ ਗਿਆਨ ਅਤੇ ਤਕਨੀਕ ਦਾ ਤੋਹਫਾ ਲੈ ਕੇ ਪੱਛਮ ਵਿਚ ਗਏ ਸਨ । ਉਹ ਭਾਰਤ ਭੂਮੀ ਦੀ ਸਨਾਤਨ ਵਿੱਦਿਆ ਦਾ ਹੀ ਆਧੁਨਿਕ ਰੂਪ ਸੀ ।
ਭਗਤੀ ਕਾਲ ਦੌਰਾਨ ਵੀ ਕਬੀਰ ਵਰਗੇ ਰਹੱਸ ਦਰਸ਼ੀਆਂ ਨੇ ਇਸੇ ਹੀ ਤਕਨੀਕ ਰਾਹੀਂ ਪਰਮ-ਚੇਤਨਾ ਦੇ ਦੀਦਾਰ ਕੀਤੇ ਹਨ । ਪਰ ਬਾਅਦ ਵਿਚ ਰਾਜਸੀ ਉਥਲ-ਪੁਥਲ ਦੇ ਦੌਰ ਵਿਚ ਅਨੇਕਾਂ ਕਾਰਨਾਂ ਕਰਕੇ ਇਹ ਬੇਸ਼ਕੀਮਤੀ ਤਕਨੀਕ ਇਕ ਤਰ੍ਹਾਂ ਨਾਲ ਲੁਪਤ ਹੋ ਗਈ ਸੀ । ਲਹਿਰੀ ਮਹਾਸ਼ਯ ਜੋ ਯੋਗਾਨੰਦ ਦੇ ਗੁਰੁ ਦੇ ਗੁਰੂ ਸਨ ਉਨ੍ਹਾਂ ਨੇ ਇਸ ਨੂੰ ਪੁਨਰ ਸੁਰਜੀਤ ਕਰਨ ਵਿਚ ਖਾਸ ਭੂਮਿਕਾ ਨਿਭਾਈ ਸੀ ।
ਪਰਮਹੰਸ ਯੋਗਾਨੰਦ ਦੇ ਗੁਰੂਆਂ ਦੀ ਪੱਛਮੀ ਜਗਤ ਵਿਚ ਖਾਸ ਦਿਲਚਸਪੀ ਸੀ । ਰਾਜਸੀ ਗੁਲਾਮੀ ਦੀ ਵਜ੍ਹਾ ਕਾਰਨ ਉਨ੍ਹੀਂ ਦਿਨੀਂ ਭਾਰਤੀ ਸਭਿਅਤਾ ਬਹੁਤ ਪਤਨਮੁਖੀ ਹੋ ਗਈ ਸੀ । ਕਰਮ ਕਾਂਡ ਦੇ ਸ਼ਾਬਦਿਕ ਆਡੰਬਰ ਨੇ ਵੀ ਅਸਲ ਰੂਹਾਨੀ ਖੋਜ ਨੂੰ ਰਸਾਤਲ ਵਿਚ ਪਹੁੰਚਾ ਦਿੱਤਾ ਸੀ । ਦੂਜੇ ਪਾਸੇ ਆਰਥਿਕ ਵਿਕਾਸ ਤੇ ਵਿਗਆਨ ਵਿਚ ਹੋਈ ਉਨਤੀ ਨੇ ਪੱਛਮੀ ਮਨ ਅੰਦਰ ਨਵੀਂ ਜਗਿਆਸਾ ਪੈਦਾ ਕੀਤੀ ਸੀ । ਤਮਾਮ ਬੌਧਿਕ ਪ੍ਰਾਪਤੀਆਂ ਦੇ ਬਾਵਜੂਦ ਭੌਤਿਕਵਾਦੀ ਚਿੰਤਨ ਪੱਛਮ ਦੇ ਖੋਜੀ ਮਨ ਦੇ ਵਿਕਾਸ ਵਿਚ ਰੁਕਾਵਟ ਬਣ ਗਿਆ ਸੀ । ਇਨ੍ਹਾਂ ਸਨਾਤਨ ਰਿਸ਼ੀਆਂ ਦੀ ਇਹ ਧਾਰਨਾ ਸੀ ਕਿ ਭਾਰਤ ਭੂਮੀ 'ਤੇ ਵਿਕਸਤ ਹੋਈ ਇਹ ਵਿੱਦਿਆ ਤੇ ਪੱਛਮ ਦੀ ਵਿਗਿਆਨਿਕ ਸਭਿਅਤਾ ਦਾ ਸੰਗਮ ਪੂਰੀ ਮਨੁੱਖ ਜਾਤੀ ਲਈ ਨਵੇਂ ਰਾਹ ਖੋਲ੍ਹ ਸਕਦਾ ਸੀ ।
ਪੱਛਮ ਤੇ ਪੂਰਵ ਦੇ ਰੂਹਾਨੀ ਮਿਲਨ ਲਈ ਬਹੁਤ ਸਾਰੀਆਂ ਸੰਸਥਾਵਾਂ ਨਿਰੰਤਰ ਕਾਰਜਸ਼ੀਲ ਸਨ । ਉਨ੍ਹਾਂ ਵਿਚੋਂ ਸਭ ਤੋਂ ਵੱਡੀ ਤੇ ਸੰਸਾਰ ਵਿਆਪੀ ਸੰਸਥਾ ਦਾ ਨਾਂ ਥਿਉਸੌਫੀਕਲ ਸੁਸਾਇਟੀ ਸੀ । ਇਸ ਸੰਸਥਾ ਦੀ ਸਥਾਪਨਾ ਬਲਾਤਵਤਸਕੀ ਨਾਂ ਦੀ ਇਕ ਅਤਿਅੰਤ ਪ੍ਰਭਾਵਸ਼ਾਲੀ ਔਰਤ ਨੇ ਕੀਤੀ ਸੀ । ਉਨੀਵੀਂ ਸਦੀ ਦੇ ਅਖੀਰ ਵਿਚ ਭਾਰਤ ਦੇ ਸਮਾਜਿਕ-ਰਾਜਸਿਕ ਪਰੀਵੇਸ਼ ਅੰਦਰ ਇਸ ਸੁਸਾਇਟੀ ਦਾ ਚੋਖਾ ਪ੍ਰਭਾਵ ਸੀ। ਪੰਡਿਤ ਨਹਿਰੂ ਵਰਗੀਆਂ ਸ਼ਖ਼ਸੀਅਤਾਂ ਨੇ ਵੀ ਆਪਣੀ ਸਵੈ-ਜੀਵਨੀ ਵਿਚ ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਉਤੇ ਇਸ ਸੰਸਥਾ ਦੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ । ਬਹੁਤ ਸਾਰੇ ਇਤਿਹਾਸਕਾਰਾਂ ਨੇ ਤਾਂ ਆਧੁਨਿਕ ਯੁਗ ਦੀਆਂ ਸਾਰੀਆਂ ਨਿਊ ਏਜ ਲਹਿਰਾਂ ਦਾ ਸਰੋਤ ਥਿਉਸੌਫੀਕਲ ਅੰਦੋਲਨ ਨੂੰ ਹੀ ਮੰਨਿਆ ਹੈ ।
ਇਕ ਹੋਰ ਕਾਰਨ ਕਰਕੇ ਵੀ ਥਿਉਸੋਫੀਕਲ ਲਹਿਰ ਦਾ ਜ਼ਿਕਰ ਕਰਨਾ ਅਤਿਅੰਤ ਲਾਜਮੀ ਹੋ ਜਾਂਦਾ ਹੈ । ਇਹ ਕਾਰਨ ਹੈ ਕ੍ਰਿਸ਼ਨਾਮੂਰਤੀ ਦੇ ਜੀਵਨ ਵਿਚ ਇਸ ਸੰਸਥਾ ਵਲੋਂ ਨਿਭਾਈ ਗਈ ਭੂਮਿਕਾ । ਉਂਜ ਤੇ ਇਸ ਸੰਸਥਾ ਦੇ ਨਾਲ ਲੈਡਬੇਟਰ ਤੇ ਐਨੀਬੇਸੰਟ ਵਰਗੀਆਂ ਉਘੀਆਂ ਨਾਮਵਰ ਸ਼ਖ਼ਸੀਅਤਾਂ ਜੁੜੀਆਂ ਰਹੀਆਂ ਹਨ। ਪਰ ਜਿਸ ਸਖਸ਼ ਨੇ ਇਸ ਸੰਸਥਾ ਦਾ ਨਾਂ ਇਤਿਹਾਸ ਵਿਚ ਅਮਰ ਕੀਤਾ ਹੈ ਉਹ ਕ੍ਰਿਸ਼ਨਾ ਮੂਰਤੀ ਹੀ ਹੈ ।
ਭਾਵੇਂ ਕ੍ਰਿਸ਼ਨਾ ਮੂਰਤੀ ਨੇ ਜਵਾਨੀ ਦੇ ਦਿਨਾਂ ਵਿਚ ਹੀ ਇਸ ਸੰਸਥਾ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। ਪਰ ਉਨ੍ਹਾਂ ਨੂੰ ਇਕ 'ਵਰਲਡ ਟੀਚਰ' ਦੇ ਰੂਪ ਵਿਚ ਦੁਨੀਆ ਦੇ ਸਾਹਮਣੇ ਲਿਆਉਣ ਦਾ ਸਿਹਰਾ ਇਸੇ ਹੀ ਸੰਸਥਾ ਸਿਰ ਬੱਝਦਾ ਹੈ । ਥਿਉਸੌਫੀਕਲ ਲਹਿਰ ਦੇ ਚਿੰਤਕਾਂ ਦਾ ਇਹ ਦਾਅਵਾ ਸੀ ਕਿ ਛੇਤੀ ਹੀ ਇਸ ਸੰਸਾਰ ਵਿਚ ਲਾਰਡ ਮੈਤਰਯ ਮੁੜ ਤੋਂ ਮਨੁੱਖੀ ਜਾਮੇ ਵਿਚ ਅਵਤਾਰ ਲੈਣ ਵਾਲੇ ਹਨ । ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਉਸੇ ਹੀ ਅਵਤਾਰ ਨੇ ਸੰਸਾਰ ਵਿਚ ਨਵੇਂ ਸਿਰੇ ਤੋਂ ਧਰਮ ਦੀ ਸਥਾਪਨਾ ਕਰਨ ਲਈ ਵਿਸ਼ਵ-ਗੁਰੂ ਦੀ ਭੂਮਿਕਾ ਅਦਾ ਕਰਨੀ ਸੀ। ਇਹ ਜਾਣਕਾਰੀ ਉਨ੍ਹਾਂ ਨੂੰ ਸਨਾਤਨ ਗੁਰੂਆਂ ਦੇ ਸੰਪਰਕ ਸੂਤਰਾਂ ਤੋਂ ਹਾਸਲ ਹੋਈ ਸੀ । ਅਜਿਹਾ ਉਨ੍ਹਾਂ ਦਾ ਵਿਸ਼ਵਾਸ ਅਤੇ ਦਾਅਵਾ ਸੀ ।
ਇਸ ਅਹਿਮ ਭੂਮਿਕਾ ਲਈ ਲਹਿਰ ਦੇ ਜ਼ਿੰਮੇਵਾਰ ਹਲਕਿਆਂ ਵਲੋਂ ਬਾਲਕ ਕ੍ਰਿਸ਼ਨਾਮੂਰਤੀ ਦੀ ਚੌਣ ਕੀਤੀ ਗਈ ਸੀ । ਬਹੁਤ ਛੋਟੀ ਉਮਰ ਤੋਂ ਹੀ ਉਸ ਨੂੰ ਨਵੀਂ ਭੂਮਿਕਾ ਲਈ ਜਿਸਮਾਨੀ ਤੇ ਮਾਨਸਿਕ ਪੱਧਰ ਉਤੇ ਤਿਆਰ ਕੀਤਾ ਗਿਆ ਸੀ । ਲੈਡਬੇਟਰ ਤੇ ਐਨੀਬੇਸੰਟ ਨੇ ਇਸ ਪ੍ਰਕ੍ਰਿਆ ਵਿਚ ਅਹਿਮ ਭੂਮਿਕਾ ਨਿਭਾਈ ਸੀ । 1912 ਈਸਵੀਂ ਤੋਂ ਹੀ ਸੋਸਾਈਟੀ ਨੇ ਵਰਲਡ ਟੀਚਰ ਦੀ ਆਮਦ ਦਾ ਪ੍ਰਚਾਰ ਪੂਰੇ ਜੋਰ ਸ਼ੋਰ ਨਾਲ ਸ਼ੁਰੂ ਕਰ ਦਿੱਤਾ ਸੀ । ਇਸ ਦੌਰਾਨ ਕ੍ਰਿਸ਼ਨਾਮੂਰਤੀ ਤੇ ਉਸ ਦੇ ਛੋਟੇ ਭਰਾ ਨੂੰ ਪੜ੍ਹਨ ਲਈ ਇੰਗਲੈਂਡ ਭੇਜ ਦਿੱਤਾ ਗਿਆ ਸੀ । ਆਖਰ ਇਕ ਬਹੁਤ ਵੱਡੇ ਪ੍ਰਾਜੈਕਟ ਦੀ ਤਿਆਰੀ ਹੋ ਰਹੀ ਸੀ । ਜਿਸ ਨੇ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਧਰਤੀ 'ਤੇ ਨਵੇਂ ਯੁਗ ਦਾ ਸੂਤਰਪਾਤ ਕਰਨਾ ਸੀ । ਦਸ ਸਾਲ ਦੇ ਲੰਮੇ ਅਰਸੇ ਤੱਕ ਕ੍ਰਿਸ਼ਨਾਮੂਰਤੀ ਭਾਰਤ ਭੂਮੀ ਤੋਂ ਬਾਹਰ ਵਿਦੇਸ਼ ਵਿਚ ਰਹੇ । ਇਸ ਦੌਰਾਨ ਐਨੀਬੇਸੰਟ ਨੂੰ ਉਨ੍ਹਾਂ ਦੇ ਪਿਤਾ ਵਿਰੁੱਧ ਮੁਕੱਦਮੇਬਾਜ਼ੀ ਵਿਚ ਵੀ ਉਲਝਨਾ ਪਿਆ ਸੀ । ਪਰ ਢੋਲ ਢਮੱਕਿਆਂ ਵਾਲੀ ਇਸ ਸਾਰੀ ਤਿਆਰੀ ਦਾ ਅੰਤ ਹੋਰ ਵੀ ਡਰਾਮਾਈ ਅੰਦਾਜ ਵਿਚ ਹੋਇਆ ਸੀ ।
ਕ੍ਰਿਸ਼ਨਾਮੂਰਤੀ ਨੇ ਨਾ ਸਿਰਫ਼ ਉਸ ਸੋਸਾਈਟੀ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ, ਜਿਸ ਨੇ ਉਸ ਨੂੰ ਸੰਸਾਰ ਦੇ ਰੂ-ਬ-ਰੂ ਕੀਤਾ ਸੀ । ਸਗੋਂ ਨਾਲ ਹੀ ਉਸ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਜਥੇਬੰਦੀ , ਗੁਰੂ ਜਾਂ ਪਰੰਪਰਾ ਗਿਆਨ ਪ੍ਰਾਪਤੀ ਦੇ ਰਾਹ ਦਾ ਰੋੜਾ ਹਨ । ਉਹ ਹਰ ਤਰ੍ਹਾਂ ਦੀ ਧਿਆਨ ਤਕਨੀਕ ਜਾਂ ਪੂਰਬਲੀ ਤਿਆਰੀ ਦੇ ਪੂਰੀ ਤਰ੍ਹਾਂ ਵਿਰੁਧ ਸਨ । ਉਨ੍ਹਾਂ ਦਾ ਦਾਅਵਾ ਸੀ ਕਿ ਅੰਤਮ ਤੇ ਅਸਲੀ ਅਜ਼ਾਦੀ ਆਪਣੇ ਸਵੈ ਤੋਂ ਮੁਕਤ ਹੋਣ ਦਾ ਹੀ ਨਾਂ ਹੈ । ਪਰ ਉਨ੍ਹਾਂ ਇਸ ਵਿਚ ਕਾਲ ਵਲੋਂ ਨਿਭਾਈ ਜਾਣ ਵਾਲੀ ਕਿਸੇ ਵੀ ਭੂਮਿਕਾ ਤੋਂ ਸਾਫ ਇਨਕਾਰ ਕਰ ਦਿੱਤਾ । ਉਨ੍ਹਾਂ ਮੁਤਾਬਕ ਇਹ ਸਭ ਕੁਝ ਸਿਰਫ਼ ਰੂਹਾਨੀ ਮਨੋਰੰਜਨ ਦੇ ਹੀ ਵੱਖ ਵੱਖ ਰੂਪ ਸਨ ।
ਕ੍ਰਿਸ਼ਨਾਮੂਰਤੀ ਨੇ ਮਨੁੱਖੀ ਚੇਤਨਾ ਦੇ ਆਕਾਸ਼ ਵਿਚ ਇਕ ਨਵਾਂ ਵਿਸਫੋਟ ਕੀਤਾ ਸੀ । ਖਲੀਲ ਜਿਬਰਾਨ ਤੇ ਐਚ ਜੀ ਵੈਲਸ ਸਮੇਤ ਦੁਨੀਆ ਭਰ ਦੀਆਂ ਵੱਡੀਆਂ ਬੌਧਿਕ ਸ਼ਖ਼ਸੀਅਤਾਂ ਤੁਰੰਤ ਉਨ੍ਹਾਂ ਵੱਲ ਖਿੱਚੀਆਂ ਗਈਆਂ ਸਨ । ਉਨ੍ਹਾਂ ਦੇ ਇਹ ਇਲਹਾਮ ਪੱਛਮੀ ਜਗਤ ਲਈ ਅਤਿਅੰਤ ਧਮਾਕਾਖੇਜ ਹੋਣ ਦੇ ਨਾਲ ਹੀ ਆਕਰਸ਼ਕ ਵੀ ਸਨ । ਅਸਲ ਵਿਚ ਉਹ ਵਿਗਿਆਨ ਦੀ ਪਰੰਪਰਾ ਹੇਠ ਪਲੇ ਤਰਕਸ਼ੀਲ ਮਨ ਨੂੰ ਵਧੇਰੇ ਟੁੰਭਦੇ ਸਨ । ਭਾਰਤ ਦੀ ਭੂਮੀ ਤੋਂ ਉਠੀ ਮਹਾਂ-ਚੇਤਨਾ ਦੀ ਇਹ ਗੂੰਜ ਬਿਲਕੁਲ ਵੱਖਰੀ ਸੀ । ਉਸ ਅੰਦਰ ਨਾ ਈਸ਼ਵਰ ਲਈ ਕੋਈ ਥਾਂ ਸੀ ਨਾ ਧਰਮ, ਗੁਰੁ, ਗਰੰਥਾਂ ਤੇ ਰੂਹਾਂ ਦਾ ਕੋਈ ਤਲਿਸਮੀ ਤਾਣਾ ਬਾਣਾ । ਵੈਦਿਕ ਪਰੰਪਰਾ ਦੀ ਤੁਲਨਾ ਵਿਚ ਇਹ ਬਿਲਕੁਲ ਹੀ ਓਪਰੀ ਜਾਪਦੀ ਸੀ ।
ਪਰ ਜੇ ਥੋੜ੍ਹਾ ਗਹੁ ਨਾਲ ਦੇਖਿਏ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਕ੍ਰਿਸ਼ਨਾਮੂਰਤੀ ਵੀ ਉਸ ਆਦਿ ਜੁਗਾਦਿ ਦੇ ਸੱਚ ਨੂੰ ਨਵੇਂ ਮੁਹਾਵਰੇ ਵਿਚ ਪੇਸ਼ ਕਰ ਰਿਹਾ ਸੀ । ਮਨੁੱਖੀ ਚੇਤਨਾ ਦੇ ਵੱਖ-ਵੱਖ ਤੱਤਾਂ ਦੀ ਬਣਤਰ ਤੇ ਉਨ੍ਹਾਂ ਦੀ ਪ੍ਰਕ੍ਰਿਆ ਬਾਰੇ, ਸਮ੍ਰਿਤੀ ਅਤੇ ਬੁੱਧੀ ਬਾਰੇ ਉਸ ਦੀਆਂ ਸਾਰੀਆਂ ਵਿਆਖਿਆਵਾਂ ਵਿਚ ਕਿਤੇ ਨਾ ਕਿਤੇ ਸ਼੍ਰਮਣ ਸੰਸਕ੍ਰਿਤੀ, ਜੋ ਭਾਰਤ ਵਿਚ ਵੈਦਿਕ ਸਭਿਅਤਾ ਜਿੰਨੀ ਹੀ ਪੁਰਾਤਨ ਹੈ, ਦੀਆਂ ਝਲਕਾਂ ਮਿਲਦੀਆਂ ਹਨ । ਉਸ ਦਾ ਸਾਕਸ਼ੀ ਦਾ ਸੰਕਲਪ ਬੁੱਧ ਦੇ ਧਮਪਦ ਅਤੇ ਅਸ਼ਟਵਕਰ ਦੀ ਮਹਾਗੀਤਾ ਦੀ ਹੀ ਯਾਦ ਕਰਾਉਂਦਾ ਹੈ ।
ਲਗਭਗ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੱਕ ਕ੍ਰਿਸ਼ਨਾਮੂਰਤੀ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਸੰਵਾਦ ਰਚਾਉਂਦਾ ਰਿਹਾ । ਅਸਲ ਵਿਚ ਇਹ ਹੀ ਉਸ ਦੇ ਧਿਆਨ ਦਾ ਰੂਪ ਸੀ । ਉਸ ਦਾ ਸਾਰਾ ਜ਼ੋਰ ਸੁਣਨ ਦੀ ਕਲਾ ਨੂੰ ਵਿਕਸਤ ਕਰਨ 'ਤੇ ਸੀ । ਫਾਸ਼ੀਵਾਦ ਦੀ ਚੜ੍ਹਤ ਦੇ ਦਿਨਾਂ ਵਿਚ ਵੀ ਉਹ ਇਟਲੀ ਵਿਚ ਜਾ ਕੇ ਹਰ ਤਰ੍ਹਾਂ ਦੀ ਜੰਗੀ ਮਾਨਸਿਕਤਾ, ਕੌਮ ਪ੍ਰਸਤੀ ਤੇ ਨਸਲੀ ਚੇਤਨਾ ਵਿੱਰੁਧ ਸਿੰਘ-ਨਾਦ ਕਰਨ ਤੋਂ ਬਾਜ ਨਹੀਂ ਸੀ ਆਇਆ । ਵਿਸ਼ਵ ਪੱਧਰ ਤੇ ਵਿਗਿਆਨੀਆਂ, ਦਾਰਸ਼ਨਿਕਾਂ, ਕਲਾਕਾਰਾਂ ਤੇ ਧਾਰਮਿਕ ਚਿੰਤਕਾਂ ਨਾਲ ਸੰਵਾਦ ਦਾ ਇਹ ਸਿਲਸਿਲਾ ਉਸ ਦੇ ਆਖਰੀ ਸਾਹਾਂ ਤੱਕ ਚਲਦਾ ਰਿਹਾ ਸੀ । ਪਰ ਵਿਸ਼ੇ ਦੇ ਜਾਣਕਾਰ ਉਸ ਨੂੰ ਵੀ ਜ਼ੈਨੱ ਗੁਰੂਆਂ ਦੀ ਹੀ ਕੜੀ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਵਾਂਗ ਹੀ ਉਹ ਵੀ ਮਨ ਦੇ ਕ੍ਰਮਿਕ ਵਿਕਾਸ ਵਿਚ ਨਹੀਂ ਸਗੋਂ ਹਊਮੇ ਦੇ ਮੁਕੰਮਲ ਵਿਸਫੋਟ ਵਿਚ ਯਕੀਨ ਰੱਖਦਾ ਸੀ ।
ਭਾਰਤ ਦੀ ਪੂਰਾਤਨ ਵਿਸ਼ਵ ਵਾਲੀ ਗੁਰੂ ਵਾਲੀ ਭੂਮਿਕਾ ਨੂੰ ਮੁੜ ਸਥਾਪਿਤ ਕਰਨ ਵਿਚ ਓਸ਼ੋ ਦੀ ਵੀ ਇਕ ਵੱਡੀ ਭੂਮਿਕਾ ਹੈ । ਕ੍ਰਿਸ਼ਨਾਮੂਰਤੀ ਵਾਂਗ ਓਸ਼ੋ ਨੂੰ ਵੀ ਕਿਸੇ ਇਕ ਮੱਤ ਜਾਂ ਸੰਪ੍ਰਦਾਇ ਨਾਲ ਬੰਨ ਕੇ ਦੇਖਣਾ ਬਿਲਕੁਲ ਹੀ ਅਸੰਭਵ ਹੈ । ਪਰ ਬਹੁਤ ਸਾਰੀਆਂ ਗੱਲਾਂ ਉਸ ਨੂੰ ਕ੍ਰਿਸ਼ਨਾਮੂਰਤੀ ਨਾਲੋਂ ਵਖਰਾਉਂਦੀਆਂ ਵੀ ਹਨ । ਕ੍ਰਿਸ਼ਨਾਮੂਰਤੀ ਜਿੱਥੇ ਸਰਵ-ਨਿਖੇਧਵਾਦੀ ਪਹੁੰਚ ਅਪਣਾਉਂਦਾ ਹੋਇਆ, ਝੂਠ ਨੂੰ ਪਰਤ ਦਰ ਪਰਤ ਉਘਾੜਦਾ ਹੋਇਆ , ਸੱਚ ਦੇ ਮਹਾਂ-ਸ਼ੂਨਯ ਵੱਲ ਵਧਦਾ ਹੈ । ਪਰ ਇੰਜ ਕਰਦੇ ਹੋਏ ਉਹ ਆਪ ਹੀ ਅਚੇਤ ਜਾਂ ਸੁਚੇਤ ਤੌਰ 'ਤੇ ਇਕ ਪੱਧਤੀ ਵਿਕਸਤ ਕਰਦਾ ਹੈ ਤੇ ਉਸ ਤੀਕ ਸੀਮਤ ਹੋ ਕੇ ਰਹਿ ਜਾਂਦਾ ਹੈ ।
ਇਸ ਤੋਂ ਭਿੰਨ ਓਸ਼ੋ ਦੀ ਪਹੁੰਚ ਬਹੁਲਤਾਵਾਦੀ ਹੈ । ਬੁੱਧ, ਜ਼ੈਨ 'ਤੇ ਅਸ਼ਟਾਵਕਰ ਨੂੰ ਆਧਾਰ ਬਣਾ ਕੇ ਜਦ ਉਹ ਆਪਣੀ ਗੱਲ ਕਰਦਾ ਹੈ ਤਾਂ ਉਹ ਕ੍ਰਿਸ਼ਨਾਮੂਰਤੀ ਦੇ ਬਹੁਤ ਨੇੜੇ ਹੁੰਦਾ ਹੈ । ਪਰ ਗੀਤਾ, ਸੂਫੀਆਂ ਤੇ ਭਗਤੀ ਬਾਰੇ ਬੋਲਦੇ ਹੋਏ ਉਹ ਸਰਵ ਸਵੀਕਾਰ ਵਾਦੀ ਪਹੁੰਚ ਅਖਤਿਆਰ ਕਰ ਜਾਂਦਾ ਹੈ । ਪਰ ਉਸ ਦੀ ਇਸ ਵਿਧੀ ਨੂੰ ਯੂਨੀਵਰਸਲ-ਕੰਡੀਸ਼ਨਿੰਗ ਦੀ ਧਾਰਨਾ ਨਾਲ ਰਲੱਗਡ ਨਹੀਂ ਕਰਨਾ ਚਾਹੀਦਾ । ਇਹ ਸੰਕਲਪ ਅਸਲ ਵਿਚ ਲਾਮਾ ਅੰਗਾਰਕਾ ਗੋਵਿੰਦਾ ਨੇ ਕ੍ਰਿਸ਼ਨਾਮੂਰਤੀ ਦੀ ਨਿਰਪੇਖ-ਡੀ ਕੰਡੀਸ਼ਨਿੰਗ ਦੇ ਵਿਰੋਧ ਵਿਚ ਵਿਕਸਤ ਕੀਤਾ ਸੀ ।
ਓਸ਼ੋ ਅਨੁਸਾਰ ਮਨੁੱਖ ਦੋਹਾਂ ਹੀ ਰਸਤਿਆਂ ਰਾਹੀਂ ਮੰਜ਼ਿਲ 'ਤੇ ਪਹੁੰਚ ਸਕਦਾ ਹੈ । ਪਰ ਉਸ ਨੂੰ ਆਪਣੇ ਸੁਭਾ ਅਨੁਸਾਰ ਕਿਸੇ ਇਕ ਦੀ ਚੋਣ ਕਰਨੀ ਪਏਗੀ । ਇਹ ਰਾਹ ਧਿਆਨ ਦਾ ਵੀ ਹੋ ਸਕਦਾ ਹੈ ਤੇ ਭਗਤੀ ਦਾ ਵੀ । ਚੋਣ ਵਿਚ ਸਹਾਈ ਹੋਣ 'ਤੇ ਕੈਟਾਲੈਟਿਕ ਏਜੰਟ ਦੇ ਤੌਰ 'ਤੇ ਮੈਡੀਟੇਸ਼ਨ ਨੂੰ ਵੀ ਕਿਸੇ ਸੀਮਾ ਅੰਦਰ ਕਬੂਲਦਾ ਹੈ । ਭਾਵੇਂ ਕਿ ਉਸ ਦੀ ਇਹ ਵੀ ਧਾਰਨਾ ਹੈ ਕਿ ਅੰਤਿਮ ਮੁਕਤੀ ਸਭ ਤਕਨੀਕਾਂ, ਰਸਤਿਆਂ ਅਤੇ ਇਥੋਂ ਤੱਕ ਕਿ ਗੁਰੁ ਕੋਲੋਂ ਪਿੱਛਾ ਛੁਡਾਏ ਬਿਨਾ ਨਹੀਂ ਹੋ ਸਕਦੀ ।
ਓਸ਼ੋ ਦੀ ਪਹੁੰਚ ਦੀ ਇਕ ਵਿਲੱਖਣਤਾ ਇਹ ਵੀ ਹੈ ਕਿ ਉਹ ਖੁਦ ਨੂੰ ਭਾਰਤ ਭੂਮੀ 'ਤੇ ਪੈਦਾ ਹੋਏ ਰਿਸ਼ੀਆਂ ਮੁਨੀਆਂ ਜਾਂ ਧਰਮ ਮਾਰਗਾਂ ਤੱਕ ਸੀਮਤ ਨਹੀਂ ਕਰਦਾ । ਉਸ ਦੇ ਦਾਇਰੇ ਅੰਦਰ ਜ਼ੈਨ, ਸੂਫੀ, ਯਹੂਦੀ, ਈਸਾ ਤੇ ਮੱਧ ਯੁਗ ਦੇ ਈਸਾਈ ਫਕੀਰ ਸਭ ਸਮਾ ਜਾਂਦੇ ਹਨ । ਇੰਨਾ ਹੀ ਨਹੀਂ, ਉਹ ਨੀਤਸ਼ੇ ਤੋਂ ਲੈ ਕੇ ਪਾਈਥਾਗੋਰਸ ਨੂੰ ਵੀ ਉਸੇ ਸੰਵੇਦਨਾ ਨਾਲ ਸਵੀਕਾਰ ਕਰਦਾ ਹੈ, ਜਿਸ ਦੇ ਤਹਿਤ ਉਹ ਬੁੱਧ , ਮਹਾਵੀਰ ਤੇ ਕ੍ਰਿਸ਼ਨ ਨੂੰ ਅੰਗੀਕਾਰ ਕਰਦਾ ਹੈ । ਨਾਲ ਹੀ ਨਾਲ ਉਸ ਨੇ ਸੰਸਾਰ ਵਿਚ ਵਿਕਸਤ ਹੋ ਰਹੀਆਂ ਚੇਤਨਾ ਦੀਆਂ ਨਵੀਨਤਮ ਪ੍ਰਣਾਲੀਆਂ ਨੂੰ ਵੀ ਆਪਣੀਆਂ ਧਿਆਨ-ਵਿਧੀਆਂ ਦਾ ਅਧਾਰ ਬਣਾਇਆ ਹੈ ।
ਓਸ਼ੋ ਦੇ ਵਿਰੋਧੀ ਉਸ ਉਤੇ ਅੰਤਰ ਵਿਰੋਧੀ ਹੋਣ ਦਾ ਦੋਸ਼ ਵੀ ਲਾਉਂਦੇ ਹਨ, ਜਿਸ ਨੂੰ ਉਹ ਇਹ ਕਹਿ ਕੇ ਸਵੀਕਾਰ ਕਰਦਾ ਹੈ ਕਿ ਆਕਾਸ਼ ਉਤੇ ਵਿਰੋਧੀ ਰੰਗਾਂ ਦਾ ਹੋਣਾ ਅਤਿਅੰਤ ਸੁਭਾਵਿਕ ਹੈ । ਅਸਲ ਵਿਚ ਵਿਰਾਟ ਦਾ ਰਹੱਸ ਹੀ ਇਸ ਗੱਲ ਵਿਚ ਹੈ ਕਿ ਉਥੇ ਪਹੁੰਚ ਕੇ ਸਭ ਵਿਰੋਧ ਸ਼ਾਂਤ ਹੋ ਜਾਂਦੇ ਹਨ । ਓਸ਼ੋ ਦੇ ਆਕਾਸ਼ 'ਤੇ ਵੈਦਿਕ ਯੋਗ, ਬੋਧ, ਜ਼ੈਨ, ਤੰਤਰ, ਸੂਫੀ ਸਭ ਰੰਗ ਆਪੋ ਆਪਣੀ ਛਟਾ ਲੈ ਕੇ ਆਉਂਦੇ ਹਨ । ਪਰ ਸਾਕਸ਼ੀ ਭਾਵ ਦੀ ਸਾਧਨਾ ਉਸ ਦੀ ਦ੍ਰਿਸ਼ਟੀ ਦਾ ਕੇਂਦਰ ਹੈ ।
ਪੱਛਮ ਤੇ ਪੂਰਵ ਦੀਆਂ ਚੇਤਨਾਵਾਂ ਦਾ ਸੰਗਮ, ਵਿਗਿਆਨਿਕ ਅਤੇ ਧਿਆਨ ਦਾ ਸੰਯੋਗ ਓਸ਼ੋ ਚੇਤਨਾ ਦਾ ਅਨਿਖੱੜ ਹਿੱਸਾ ਹਨ । ਦਰਜਨਾਂ ਹੀ ਦੇਸ਼ਾਂ ਤੋਂ ਲੋਕ ਆ ਕੇ ਉਸ ਦੇ ਮਿਸ਼ਨ ਨਾਲ ਜੁੜੇ ਹਨ । ਉਸ ਨੇ ਨਵ-ਸੰਨਿਆਸ ਦੀ ਲਹਿਰ ਵੀ ਸ਼ੁਰੂ ਕੀਤੀ ਸੀ । ਜਿਸ ਵਿਚ ਸੰਸਾਰ ਦਾ ਤਿਆਗ ਕੀਤੇ ਬਿਨਾ ਹੀ ਸਾਧਕ ਤਿਆਗ ਚੇਤਨਾ ਦਾ ਬੋਧ ਹਾਸਲ ਕਰਦਾ ਹੈ । ਉਸ ਦਾ ਉਦੇਸ਼ ਇਕ ਨਵੇਂ ਮਨੁੱਖ ਦੀ ਸਿਰਜਣਾ ਸੀ , ਜਿਸ ਨੂੰ ਉਹ ਜ਼ੋਰਬਾ ਦਾ ਬੁੱਧਾ ਦਾ ਨਾਂ ਦਿੰਦਾ ਹੈ ।
ਪਿਛਲੀ ਸਦੀ ਵਿਚ ਭਾਰਤ ਵਿਚ ਅਨੇਕਾਂ ਹੀ ਮਹਾਂਪੁਰਸ਼ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਪੂਰੀ ਚੇਤਨਾ ਨੂੰ ਨਵੀਂਆਂ ਲੀਹਾਂ ਉਤੇ ਤੋਰਨ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ । ਉਨ੍ਹਾਂ ਸਾਰਿਆਂ ਦਾ ਇਸੇ ਪੁਸਤਕ ਵਿਚ ਤਫਸੀਲੀ ਬਿਉਰਾ ਦੇਣਾ ਸੰਭਵ ਨਹੀਂ ਹੈ । ਕਈਆਂ ਨੇ ਵਿਦੇਸ਼ਾਂ ਵਿਚ ਜਾ ਕੇ ਦਰ ਦਰ ਗਿਆਨ ਦੀ ਅਲਖ ਜਗਾਈ । ਕਈ ਇਹੋ ਜਿਹੇ ਵੀ ਸਨ ਜਿਨ੍ਹਾਂ ਦੇ ਕੋਲ ਜਗਿਆਸੂ ਖੁਦ ਹਜ਼ਾਰਾਂ ਕੋਹਾਂ ਤੋਂ ਚੱਲ ਕੇ ਆਉਂਦੇ ਸਨ । ਇਨ੍ਹਾਂ ਵਿਚ ਮਹੇਸ਼ ਯੋਗੀ ਇਕ ਮਹੱਤਵਪੂਰਨ ਨਾਮ ਹੈ । ਜਿਸ ਨੇ ਪੱਛਮ ਵਿਚ ਟ੍ਰਾਂਸਡੈਂਟਲ ਮੈਡੀਟੇਸ਼ਨ ਦਾ ਨਵਾਂ ਚਲਨ ਸ਼ੁਰੂ ਕੀਤਾ । ਰਮਨ ਮਹਾਂਰਿਸ਼ੀ , ਮੌਨੀ ਬਾਬਾ ਸਵਾਮੀ ਰਾਮ ਤੇ ਨਿਸਰਗਦਤ ਅਨੇਕਾਂ ਇਹੋ ਜਿਹੇ ਨਾਮ ਹਨ ਜਿਨ੍ਹਾਂ ਕੋਲ ਦਰਜਨਾਂ ਹੀ ਦੇਸ਼ਾਂ ਦੇ ਲੋਕ ਮਾਰਗ ਦਰਸ਼ਨ ਲਈ ਪਹੁੰਚਦੇ ਹਨ ।
ਹਰਿਭਜਨ ਸਿੰਘ ਯੋਗੀ ਵੀ ਅਸਲ ਵਿਚ ਉਨ੍ਹਾਂ ਹੀ ਨਾਵਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਭਾਰਤ ਦੀ ਅਖੰਡ ਜੋਤ ਨੂੰ ਪੱਛਮ ਵਿਚ ਜਾ ਕੇ ਬੁਲੰਦ ਕੀਤਾ । ਪੱਛਮ ਵਿਚ ਉਨ੍ਹਾਂ ਦੇ ਮੁਰੀਦਾਂ ਨੇ ਉਨ੍ਹਾਂ ਨੂੰ ਯੋਗੀ ਭਜਨ ਦਾ ਨਾਂ ਦਿੱਤਾ ਸੀ । ਜਿਵੇਂ ਕਿ ਖੁਦ ਯੋਗੀ ਜੀ ਨੇ ਅਨੇਕਾਂ ਵਾਰ ਦੁਹਰਾਇਆ ਹੈ ਕਿ ਉਹ ਮਦਰ ਇੰਡੀਆ ਦੀ ਝੋਲੀ ਵਿਚੋਂ ਸਭ ਤੋਂ ਕੀਮਤੀ ਸੌਗਾਤ, ਜੋ ਉਸ ਦੀ ਅਜਰ-ਅਖੰਡ ਚੇਤਨਾ ਹੀ ਸੀ, ਲੈ ਕੇ ਪੱਛਮ ਦੀ ਧਰਤੀ ਉਤੇ ਆਏ ਸਨ । ਪਰ ਉਨ੍ਹਾਂ ਦੀ ਖਾਸੀਅਤ ਉਸ ਮੁਹਾਵਰੇ ਵਿਚ ਸੀ, ਜਿਸ ਰਾਹੀਂ ਉਹ ਸੰਵਾਦ ਰਚਾ ਰਹੇ ਸਨ। ਉਨ੍ਹਾਂ ਦਾ ਅਨੂਠਾਪਨ ਉਸ ਵਿੱਲਖਣ ਪਰੰਪਰਾ ਵਿਚ ਸੀ, ਜਿਸ ਨੂੰ ਉਹ ਆਪਣਾ ਆਧਾਰ ਬਣਾ ਰਹੇ ਸਨ ।
ਇਤਫਾਕ ਦੀ ਗੱਲ ਇਹ ਸੀ ਕਿ ਪੱਛਮ ਦੀ ਧਰਤੀ ਉਤੇ ਹੁਣ ਤੱਕ ਭਾਰਤ ਭੂਮੀ ਤੋਂ ਜੋ ਵੀ ਲੋਕ ਰੂਹਾਨੀਅਤ ਦਾ ਪੈਗਾਮ ਲੈ ਕੇ ਆਏ ਸਨ, ਉਨ੍ਹਾਂ ਦਾ ਸੰਬਧ ਵੈਦਿਕ ਪਰੰਪਰਾ ਨਾਲ ਸੀ । ਕ੍ਰਿਸ਼ਨਾਮੂਰਤੀ ਇਸ ਸਿਲਸਿਲੇ ਵਿਚ ਇਕ ਅਪਵਾਦ ਸਨ । ਓਸ਼ੋ ਦੀ ਆਮਦ ਵੀ ਉਸ ਧਰਤੀ ਉਤੇ ਨਹੀਂ ਸੀ ਹੋਈ । ਗੁਰੂ ਨਾਨਕ ਦੀ ਧਰਤੀ ਤੋਂ ਸ਼ਬਦ ਗੁਰੁ ਤੇ ਤੰਤਰ ਯੋਗ ਦਾ ਪੈਗਾਮ ਲੈ ਕੇ ਆਉਣ ਦਾ ਸਿਹਰਾ ਉਨ੍ਹਾਂ ਦੇ ਸਿਰ ਹੀ ਬਝਦਾ ਹੈ । ਯੋਗੀ ਭਜਨ ਦਾ ਕੰਮ, ਸਿੱਖ ਧਰਮ ਦੇ ਨਜ਼ਰੀਏ ਤੋਂ ਦੇਖਿਆਂ , ਇਤਿਹਾਸਕ ਤੌਰ 'ਤੇ ਉਨ੍ਹਾਂ ਲੋਕਾਂ ਦੇ ਸਮਤੁਲ ਹੈ, ਜਿਨ੍ਹਾਂ ਪਹਿਲੀ ਵਾਰ ਪੱਛਮ ਵਿਚ ਜ਼ੈਨੱਸਿਧਾਂਤਾਂ ਦੀ ਸਥਾਪਨਾ ਕੀਤੀ ਸੀ । ਪਹਿਲੀ ਵਾਰ ਪੱਛਮ ਦੇ ਲੋਕਾਂ ਨੂੰ ਸਿੱਖ ਗੁਰੂਆਂ ਦੇ ਜੀਵਨ ਨਾਲ ਜੁੜੀਆਂ ਕਥਾਵਾਂ ਸੁਣਨ ਨੂੰ ਮਿਲੀਆਂ ਸਨ । ਰੂਹਾਨੀਅਤ ਦੇ ਨਾਲ ਨਾਲ ਸਿੱਖ ਧਰਮ ਦਾ ਕੁਰਬਾਨੀਆਂ ਭਰਿਆ ਇਤਿਹਾਸ ਵੀ ਹੁਣ ਪੱਛਮ ਦੇ ਲੋਕਾਂ ਦੇ ਜੀਵਨ ਦਾ ਹਿੱਸਾ ਬਣਨ ਲੱਗਾ ਸੀ । ਕੁੰਡਲਨੀ ਯੋਗ ਅਤੇ ਵਾਈਟ ਤੰਤਰ ਯੋਗ ਦੀਆਂ ਸ਼ਕਤੀਸ਼ਾਲੀ ਧਿਆਨ ਤਕਨੀਕਾਂ ਰਾਹੀਂ ਪੰਜਾਬ ਦੀ ਧਰਤੀ ਤੋਂ ਆਏ ਉਸ ਅਜਨਬੀ ਯੋਗੀ ਨੇ ਅਮਰੀਕੀ ਨੌਜਵਾਨਾਂ ਨੂੰ ਹਲੂਣ ਕੇ ਰੱਖ ਦਿੱਤਾ ਸੀ ।
ਹਰਿਭਜਨ ਸਿੰਘ ਯੋਗੀ ਜੀ ਨੇ ਕੁਝ ਹੀ ਸਮੇਂ ਵਿਚ ਧਿਆਨ ਦੀਆਂ ਕਈਆਂ ਵਿਧੀਆਂ ਨੂੰ ਪੱਛਮ ਦੀ ਭੱਜ ਦੌੜ ਵਾਲੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ ਸੀ । ਉਨਾਂ ਦਾ ਇਕੋ ਮਕਸਦ ਸੀ , ਧਿਆਨ ਦੀ ਕੀਮੀਆ ਰਾਹੀਂ ਮਨੁੱਖੀ ਮਨ ਦੇ ਨਾਂਹ ਪੱਖੀ ਸੁਭਾਅ ਨੂੰ ਉਸਾਰੂ ਤੇ ਹਾਂ-ਪੱਖੀ ਧਰਾਤਲ ਤੱਕ ਲੈ ਜਾਣਾ । ਉਨ੍ਹਾਂ ਦੀ ਸਾਰੀ ਤਕਨੀਕ ਨਾਦ ਵਿਗਿਆਨ ਉਤੇ ਅਧਾਰਿਤ ਸੀ । ਨਾਦ ਵਿਗਿਆਨ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਸਾਮਵੇਦ ਸੀ। ਜਿਸ ਵਿਚ ਪਹਿਲੀ ਵਾਰ ਮੰਤਰ ਵਿੱਦਿਆ ਨੂੰ ਉਸ ਦੇ ਪੂਰੇ ਵਿਸਥਾਰ ਵਿਚ ਪ੍ਰਸਤੁਤ ਕੀਤਾ ਗਿਆ ਸੀ । ਬਾਅਦ ਵਿਚ ਆਉਣ ਵਾਲੇ ਅਨੇਕਾਂ ਯੋਗੀਆਂ ਨੂੰ ਆਧਾਰ ਬਣਾ ਕੇ ਵੱਖ ਵੱਖ ਧਿਆਨ ਵਿਧੀਆਂ ਵਿਕਸਤ ਕੀਤੀਆਂ ਹਨ ।
ਦਰਅਸਲ ਮੰਤਰ ਦਾ ਸਮੁੱਚਾ ਵਿਗਿਆਨ ਤੇ ਭਾਰਤ ਦੇ ਸ਼ਾਸਤਰੀ ਸੰਗੀਤ ਦਾ ਆਧਾਰ ਇਹੋ ਹੈ । ਦੋਹਾਂ ਦਾ ਹੀ ਨਿਹਿਤ ਉਦੇਸ਼ ਆਹਤ ਅਤੇ ਅਨਾਹਤ ਨਾਦ ਦਾ ਸੰਯੋਗ ਸਥਾਪਤ ਕਰਨਾ ਹੈ । ਆਧੁਨਿਕ ਫਿਜਿਕਸ ਨੇ ਵੀ ਹੁਣ ਪਦਾਰਥ ਦੀਆਂ ਡੂੰਘਾਈਆਂ ਵਿਚ ਉਤਰਦੇ ਹੋਏ ਮਹਿਸੂਸ ਕੀਤਾ ਹੈ ਕਿ ਪੂਰਾ ਬ੍ਰਹਿਮੰਡ ਅਸਲ ਵਿਚ ਧੁਨੀ ਤਰੰਗਾਂ ਦਾ ਹੀ ਪਸਾਰਾ ਹੈ । ਮਨੁੱਖੀ ਸਰੀਰਾਂ ਦਾ ਵੀ ਵੱਖ ਵੱਖ ਹਿੱਸਿਆਂ ਦਾ ਆਪਣਾ ਇਕ ਨਾਦ ਹੈ। ਹਰ ਮੰਤਰ ਦਾ ਮਕਸਦ ਮਨੁੱਖੀ ਸਰੀਰ ਅੰਦਰ ਇਕ ਸਮਤੋਲ ਪੈਦਾ ਕਰਕੇ ਉਸ ਨੂੰ ਇਸ ਯੋਗ ਬਣਾਉਣਾ ਹੈ ਕਿ ਉਹ ਬ੍ਰਹਿਮੰਡੀ ਨਾਦ ਨਾਲ ਇਕ ਸੁਰ ਹੋ ਸਕੇ ।
ਸਧਾਰਣ ਸ਼ਬਦਾਂ ਵਿਚ ਸਾਰੇ ਹੀ ਮੰਤਰ ਅਰਥਹੀਣ ਹੁੰਦੇ ਹਨ । ਉਨ੍ਹਾਂ ਦਾ ਪ੍ਰਭਾਵ ਉਨ੍ਹਾਂ ਵਿਚ ਸਮਾਏ ਨਾਦ ਦੇ ਆਵੇਗ, ਊਰਜਾ ਤੇ ਤਰੰਗਾਂ ਵਿਚ ਹੀ ਛੁਪਿਆ ਹੁੰਦਾ ਹੈ। ਭਾਸ਼ਾ ਦੇ ਇਸ ਗੁਣ ਨੂੰ ਪ੍ਰਾਚੀਨ ਸ਼ਾਸਤਰ ਵਿਚ ਨਿਰੁਕਤੀ ਕਿਹਾ ਗਿਆ ਹੈ ।
ਯੋਗੀ ਭਜਨ ਨੇ ਬੜੇ ਹੀ ਸਰਲ ਸ਼ਬਦਾਂ ਵਿਚ ਮੰਤਰ ਵਿਗਿਆਨ ਦੀ ਪੂਰੀ ਰਸਾਇਣ ਪੱਛਮ ਦੇ ਤਰਕਸ਼ੀਲ ਮਨ ਨੂੰ ਸਮਝਾੳਣ ਦਾ ਯਤਨ ਆਰੰਭਿਆ ਸੀ । ਉਨ੍ਹਾਂ ਸਾਊਂਡ ਇਲੈਕਟ੍ਰਾਨਿਕ ਦੀਆਂ ਨਵੀਨਤਮ ਪ੍ਰਾਪਤੀਆਂ ਦੇ ਅਧਾਰ ਉਤੇ ਇਹ ਸਪੱਸ਼ਟ ਕੀਤਾ ਕਿ ਧੁਨੀ ਵੀ ਊਰਜਾ ਵਾਂਗ ਹੀ ਇਕ ਅਵਿਨਾਸ਼ੀ ਤੱਤ ਹੈ। ਮਨੁੱਖੀ ਦਿਮਾਗ ਅਤੇ ਤੰਤੂ ਪ੍ਰਬੰਧ ਬਾਰੇ ਹੋਈਆਂ ਵਿਗਆਨਿਕ ਖੋਜਾਂ ਨੇ ਇਹ ਵੀ ਸਥਾਪਿਤ ਕਰ ਦਿੱਤਾ ਸੀ ਕਿ ਵੱਖ ਵੱਖ ਧੁਨੀ ਤੰਤਰਾਂ ਤੇ ਉਨ੍ਹਾਂ ਦੇ ਸਮੂਹਾਂ ਦਾ ਸਰੀਰ ਦੇ ਭਿੰਨ ਹਿੱਸਿਆਂ 'ਤੇ ਅਲੱਗ ਅਲੱਗ ਅਸਰ ਹੁੰਦਾ ਹੈ । ਮੰਤਰ ਵਿਗਿਆਨ ਦਾ ਸਿਖਰ ਅਜਪਾ-ਜਾਪ ਹੈ। ਇਹ ਉਹ ਅਵਸਥਾ ਹੈ ਜਦੋਂ ਆਹਤ ਨਾਦ ਅਨਾਹਤ ਵਿਚ ਸਮਾ ਜਾਂਦਾ ਹੈ । ਜੇ ਕਿਸੇ ਵੀ ਮੰਤਰ ਦੀ ਧੁਨ ਨੂੰ ਇਸ ਸਿਖਰ ਤੀਕ ਪਹੁੰਚਾ ਦਿੱਤਾ ਜਾਵੇ ਤਾਂ ਉਸ ਦਾ ਪ੍ਰਭਾਵ ਅਸੀਮ ਤਾਈਂ ਫੈਲ ਜਾਂਦਾ ਹੈ ।
ਯੋਗੀ ਭਜਨ ਵੀ ਨਿਵੇਕਲੇ ਢੰਗ ਨਾਲ ਉਹੀ ਕੰਮ ਕਰ ਰਹੇ ਸਨ, ਜੋ ਆਦਿ ਕਾਲ ਤੋਂ ਯੋਗੀਆਂ ਦਾ ਰਿਹਾ ਹੈ ਤੇ ਜਿਸ ਨੂੰ ਨਿਊ ਏਜ ਮੂਵਮੈਂਟ ਦੇ ਲੋਕ ਨਵੇਂ ਮੁਹਾਵਰੇ ਵਿਚ ਢਾਲ ਕੇ ਕਰ ਰਹੇ ਸਨ । ਉਨ੍ਹਾਂ ਦੀ ਵਿਲਖਣਤਾ ਇਸ ਗੱਲ ਵਿਚ ਸੀ ਕਿ ਉਹ ਅਨੰਤ ਦੇ ਆਕਾਸ਼ ਵਿਚ ਇਕ ਹੋਰ ਖਿੜਕੀ ਖੌਲ ਰਹੇ ਸਨ । ਉਨ੍ਹਾਂ ਪਹਿਲੀ ਵਾਰ ਪੱਛਮ ਦੀ ਉਸ ਫ਼ਿਜ਼ਾ ਵਿਚ ਸਤਿਨਾਮ ਦੇ ਮਹਾਂਮੰਤਰ ਦੀ ਗੁੰਜ਼ਾਰ ਕੀਤੀ ਸੀ, ਜਿਸ ਨੂੰ ਕੋਈ ਪੰਜ ਸਦੀਆਂ ਪਹਿਲਾਂ ਗਰੂ ਨਾਨਕ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਕਾਲੀ ਵੇਈਂ ਵਿਚੋਂ ਬਾਹਰ ਨਿਕਲ ਕੇ ਉਚਾਰਿਆ ਸੀ ।
ਹਰ ਧੁਨੀ ਤੇ ਧੁਨੀ ਸਮੂਹ ਦੀ ਇਕ ਆਪਣੀ ਊਰਜਾ ਹੁੰਦੀ ਹੈ । ਉਸ ਊਰਜਾ ਦੀ ਵਰਤੋਂ ਮਨੁੱਖੀ ਮਨ ਨੂੰ ਵੱਖ ਵੱਖ ਵਿਕਾਰਾਂ ਤੋਂ ਛੁਟਕਾਰਾ ਦਿਵਾਉਣ ਲਈ ਕੀਤੀ ਜਾਂਦੀ ਹੈ । ਧੁਨੀ 'ਚ ਨਿਹਤ ਊਰਜਾ ਵਿਚਲੀ ਸਮਰੱਥਾ ਤਰੰਗ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ, ਜੋ ਕਿ ਕਿਸੇ ਖਾਸ ਹੱਦ ਤੱਕ ਉਸ ਸਰੋਤ ਨੂੰ ਬ੍ਰਹਮੰਡੀ ਨਾਦ ਦੇ ਸਰੋਤ ਨਾਲ ਜੋੜਦੀ ਹੈ । ਇਸੇ ਮੂਲ ਸਿਧਾਂਤ ਦੇ ਅਧਾਰ ਉਤੇ ਹਰ ਵਿਕਾਰ ਲਈ ਵੱਖਰੇ ਮੰਤਰ ਦੀ ਸਿਰਜਣਾ ਕੀਤੀ ਜਾਂਦੀ ਹੈ । ਡਰ ਤੋਂ ਛੁਟਕਾਰੇ ਲਈ ਵੱਖਰਾ ਮੰਤਰ ਕਾਰਗਰ ਹੈ ਤੇ ਗੁੱਸੇ ਅਤੇ ਕਾਮ ਪੀੜਾ ਤੋਂ ਮੁਕਤੀ ਲਈ ਵੱਖਰਾ । ਪਰ ਇਸ ਦੇ ਨਾਲ ਹੀ ਉਹ ਇਸ ਰਾਹ ਵਿਚਲੇ ਖ਼ਤਰੇ ਤੇ ਸਾਵਧਾਨੀਆਂ ਦਾ ਵੀ ਜ਼ਿਕਰ ਕਰਦੇ ਹਨ । ਓਸ਼ੋ ਨੇ ਵੀ ਸਾਧਕਾਂ ਨੂੰ ਇਨ੍ਹਾਂ ਖ਼ਤਰਿਆਂ ਕਾਰਨ ਹੀ ਮੰਤਰ ਸਾਧਨਾਂ ਤੋਂ ਗੁਰੇਜ਼ ਕਰਨ ਦੀ ਹੀ ਸਲਾਹ ਦਿੱਤੀ ਹੈ । ਕ੍ਰਿਸ਼ਨਾਮੂਰਤੀ ਦਾ ਤਾਂ ਇਹ ਦਾਅਵਾ ਸੀ ਕਿ ਕਿਸੇ ਵੀ ਧੁਨੀ ਦਾ ਵਾਰ ਵਾਰ ਦੁਹਰਾ ਬੁੱਧੀ ਨੂੰ ਜੜ੍ਹ ਬਣਾ ਦਿੰਦਾ ਹੈ ।
ਦਰਅਸਲ ਮੰਤਰ ਵਿਗਿਆਨ ਦੇ ਜ਼ੋਖ਼ਮ ਦੀ ਜੜ੍ਹ ਇਸ ਵਿਚ ਹੈ ਕਿ ਪਦਾਰਥ ਵਾਂਗ ਧੁਨੀ ਊਰਜਾ ਨਾ 'ਤੇ ਖੜੋਤ ਵਿਚ ਹੈ ਤੇ ਨਾ ਹੀ ਸਥਾਨ ਵਿਚ ਇਸ ਦੀਆਂ ਨਿਸ਼ਚਤ ਸੀਮਾਂਵਾਂ ਹਨ । ਧੁਨੀਆਂ ਦੇ ਜਗਤ ਵਿਚ ਅਨੇਕਾਂ ਹੀ ਧੁਨੀ ਤਰੰਗਾਂ ਇਕ ਦੂਸਰੇ ਵਿਚ ਖਲਤ-ਮਲਤ ਹੁੰਦੀਆਂ ਰਹਿੰਦੀਆਂ ਹਨ । ਇਸ ਲਈ ਮੰਤਰਾਂ ਦੇ ਪ੍ਰਭਾਵ ਕਈ ਵਾਰ ਉਲਟੇ ਵੀ ਹੋ ਜਾਂਦੇ ਹਨ । ਹਰ ਵੇਲੇ ਲੈਬੋਰੇਟਰੀ ਵਰਗੀਆਂ ਟਾਈਟ ਸੁਰੱਖਿਆ ਹਾਲਤਾਂ ਵਿਚ ਵੀ ਸਾਧਨਾ ਆਮ ਤੌਰ ਤੇ ਸੰਭਵ ਨਹੀਂ ਹੁੰਦੀ । ਸਾਮਵੇਦ ਵਿਚ ਵਿਸਥਾਰ ਨਾਲ ਦਰਜ ਕੀਤਾ ਗਿਆ ਹੈ ਕਿਹੋ ਜਿਹੀਆਂ ਧੁਨੀ ਤਰੰਗਾਂ ਵਿਚ ਕਿਹੜੇ ਮੰਤਰਾਂ ਦਾ ਉਚਾਰਣ ਵਰਜਿਤ ਹੈ । ਮਨੁ ਸਮ੍ਰਿਤੀ ਵਿਚ ਤਾਂ ਇਥੋਂ ਤੱਕ ਲਿਖਿਆਂ ਹੈ ਕਿ ਜੇ ਕਿਸੇ ਦੂਜੇ ਵੇਦ ਦੀ ਧੁਨੀ ਕੰਨਾਂ 'ਚ ਪੈਂਦੀ ਹੋਵੇ ਤਾਂ ਵੱਖਰੇ ਵੇਦ ਦਾ ਪਾਠ ਨਹੀਂ ਕਰਨਾ ਚਾਹੀਦਾ । ਇਸ ਤੋਂ ਵੀ ਅੱਗੇ ਇਕੋ ਹੀ ਵੇਦ ਦੇ ਕਿਸੇ ਅੰਸ਼ ਦੇ ਪਾਠ ਤੋਂ ਬਾਅਦ ਇਕ ਨਿਸ਼ਚਿਤ ਕਾਲ ਅਵਦਿ ਤਕ ਦੂਸਰੇ ਅੰਸ਼ ਦੇ ਪਾਠ ਦੀ ਮਨਾਹੀ ਹੈ। ਕਿਉਂ ਜੋ ਇਸ ਨਾਲ ਵਿਰੋਧੀ ਤਰੰਗਾਂ ਦੇ ਟਕਰਾੳ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ ।
ਇਸ ਮੁਸੀਬਤ ਤੋਂ ਬਚਨ ਲਈ ਹਰ ਧਰਮ ਨੇ ਆਪੋ ਆਪਣੇ ਮਹਾਮੰਤਰਾਂ ਦੀ ਰਚਨਾ ਕੀਤੀ ਹੈ । ਜਿਨ੍ਹਾਂ ਦੀ ਸਾਧਨਾ ਸਮੇਂ ਸਥਾਨ ਤੇ ਆਲੇ ਦੁਆਲੇ ਦੇ ਬੰਧਨਾਂ ਤੋਂ ਮੁਕਤ ਹੋ ਕੇ ਕੀਤੀ ਜਾ ਸਕਦੀ ਹੈ । ਇਹ ਮਹਾਂਮੰਤਰ ਮਹਾਂਧੁਨੀਆਂ ਉਤੇ ਅਧਾਰਿਤ ਨੇ, ਜਿਨ੍ਹਾਂ ਨੂੰ ਯੋਗੀ ਭਜਨ ਨੇ ਪ੍ਰਾਈਮਲ ਸਾਊਂਡਸ ਦਾ ਨਾਮ ਦਿੱਤਾ ਹੈ ।
ਓਮ ਵੈਦਿਕ ਮਹਾਧੁਨੀ ਹੈ । ਹੂ ਸੂਫੀ ਮਹਾਮੰਤਰ ਹੈ । ਓਮ ਮਣੀ ਪਦਮੇ ਹੰਮ ਤਿਬਤੀ ਮਹਾਮੰਤਰ ਹੈ । ਜੈਨ ਧਰਮ ਦਾ ਮੰਤਰ ਨੰਮਕਾਰ-ਮੰਤਰ ਹੈ । ਇਸੇ ਤਰ੍ਹਾਂ ਹੋਰ ਮਾਰਗਾਂ ਦੇ ਆਪਣੇ ਮਹਾਮੰਤਰ ਹਨ । ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਮਨੁੱਖੀ ਮਨ ਦੀ ਜੜ੍ਹਤਾ ਉਤੇ ਵਾਰ ਕਰਕੇ ਉਸ ਦੀ ਖੜੋਤ ਨੂੰ ਤੋੜਦੇ ਹਨ । ਇਸ ਤਰ੍ਹਾਂ ਉਹ ਪਿੰਡ ਊਰਜਾ ਨੂੰ ਮੁਕਤ ਕਰਕੇ ਬ੍ਰਹਿਮੰਡੀ-ਪ੍ਰਵਾਹ ਨਾਲ ਜੋੜਨ ਦਾ ਕੰਮ ਕਰਦੇ ਹਨ । ਮਨੁੱਖੀ ਮਨ ਅਸਲ ਵਿਚ ਊਰਜਾ ਦੇ ਇਕ ਸੀਮਤ ਦਾਇਰੇ ਵਿਚ ਫਸ ਜਾਣ ਦਾ ਹੀ ਨਾਮ ਹੈ । ਇਨ੍ਹਾਂ ਮਹਾਮੰਤਰਾਂ ਦੀ ਡੂੰਘੀ ਚੋਟ ਮਨ ਦੇ ਲਾਅ ਆਫ ਅਨਰਸ਼ੀਆ ਨੂੰ ਤੋੜ ਕੇ ਚੇਤਨਾ ਨੂੰ ਸਾਰੇ ਵਿਕਾਰਾਂ ਤੋਂ ਇਕੋ ਵੇਲੇ ਮੁਕਤ ਕਰਵਾ ਦਿੰਦੀ ਹੈ ।
ਯੋਗੀ ਭਜਨ ਦਾ ਕਹਿਣਾ ਹੈ ਕਿ ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਨੇ ਵੀ ਇਕ ਮਹਾਮੰਤਰ ਦੀ ਸਿਰਜਣਾ ਕੀਤੀ ਸੀ । ਜਿਸ ਨੂੰ ਉਹ ਸਤਿਨਾਮਾ ਮਹਾਮੰਤਰ ਕਹਿੰਦੇ ਹਨ । ਉਨ੍ਹਾਂ ਅਨੁਸਾਰ ਇਸ ਮੰਤਰ ਦੀ ਮਹਾਧੁਨੀ ਪੰਜ ਬੁਨਿਆਦੀ ਸ੍ਵਰਾਂ ਉਤੇ ਅਧਾਰਿਤ ਹੈ । ਧਾਰਨਾ ਇਹ ਹੈ ਕਿ ਇਨ੍ਹਾਂ ਸ੍ਵਰਾਂ ਦੇ ਸੰਜੋਗ ਤੋਂ ਉਪਜੀ ਧੁਨੀ ਤਰੰਗ ਦਾ ਅਨੁਪਾਤ ਸਮੁੱਚੇ ਬ੍ਰਹਿਮੰਡ ਦੀ ਧੁਨੀ ਤਰੰਗ ਦੇ ਸਮਰੂਪ ਹੈ ।
ਯੋਗੀ ਭਜਨ ਇਸ ਮਹਾਮੰਤਰ ਦੇ ਇਕੱਲੇ ਇਕੱਲੇ ਸਵਰ ਦੀ ਅਰਥ-ਵਿਆਖਿਆ ਵੀ ਕਰਦੇ ਹਨ । ਜੋ ਕੁਝ ਇਸ ਤਰ੍ਹਾਂ ਹੈ । ਸ ਤੋਂ ਭਾਵ ਹੈ ਸਮੁੱਚਤਾ, ਤ ਤੋਂ ਜੀਵਨ, ਨਾ ਤੋਂ ਮ੍ਰਿਤੂ ਤੇ ਮ ਤੋਂ ਮੁਰਾਦ ਹੈ ਪੁਨਰ-ਸੁਰਜੀਤੀ । ਪੰਜਵਾਂ ਸ੍ਵਰ 'ਆ' ਦਾ ਹੈ ਜੋ ਚਾਰਾਂ ਸਰਾਂ ਵਿਚ ਸਮਾਨ ਤੌਰ 'ਤੇ ਘੁਲਿਆ ਹੈ । ਇਹ ਸੁਰ ਬ੍ਰਹਿਮੰਡ ਦੀ ਸਿਰਜਨਾਤਮ ਸ਼ਕਤੀ ਦਾ ਲਿਖਾਇਕ ਹੈ ।
ਯੋਗੀ ਭਜਨ ਦੀ ਪੱਛਮ ਨੂੰ ਸਭ ਤੋਂ ਵੱਡੀ ਦੇਣ ਕੁੰਡਲਨੀ ਯੋਗ ਅਤੇ ਵਾਈਟ ਤੰਤਰ ਕ੍ਰਿਆਵਾਂ ਦੀ ਹੈ। ਬਹੁਤ ਸਾਰੇ ਆਲੋਚਕ ਕੁੰਡਲਨੀ ਯੋਗ ਦੇ ਮਾਰਗ ਨੂੰ ਅਤਿਅੰਤ ਖਤਰਨਾਕ ਗਰਦਾਨਦੇ ਰਹੇ ਹਨ । ਯੋਗੀ ਭਜਨ ਨੇ ਜਿਸ ਤਰ੍ਹਾਂ ਇਸ ਅਹਿਮ ਵਿੱਦਿਆ ਨੂੰ ਸਿਲਸਿਲੇਵਾਰ ਤੇ ਵਿਗਿਆਨਿਕ ਢੰਗ ਤਰੀਕੇ ਨਾਲ ਪੱਛਮੀ ਜਗਤ ਵਿਚ ਸਥਾਪਤ ਕਰਨ ਦੇ ਉਪਰਾਲੇ ਕੀਤੇ ਹਨ, ਉਸ ਦੇ ਨਾਲ ਇਤਿਹਾਸ ਦੇ ਮਹਾਨ ਰੂਹਾਨੀ ਟੀਚਰਾਂ ਵਿਚ ਉਨ੍ਹਾਂ ਦੀ ਥਾਂ ਰਾਖਵੀਂ ਹੋ ਜਾਂਦੀ ਹੈ । ਉਨ੍ਹਾਂ ਵਲੋਂ ਸਿਖਾਈਆਂ ਗਈਆਂ ਅਨੇਕ ਕ੍ਰਿਆਵਾਂ ਅੱਜ ਵੀ ਹਜ਼ਾਰਾਂ ਲੋਕਾਂ ਦੀ ਜੀਵਨ ਚੇਤਨਾ ਨੂੰ ਨਵੇਂ ਤੇ ਉਚੇਰੇ ਮੁਕਾਮਾਂ ਤੱਕ ਲੈ ਜਾਣ ਦਾ ਸਾਧਨ ਬਣ ਰਹੀਆਂ ਹਨ ।
ਕੁੰਡਲਨੀ ਯੋਗ ਦੀ ਤਕਨੀਕ ਚੇਤਨਾ ਵਿਚ ਸਿਲਸਿਲੇਵਾਰ ਵਿਕਾਸ ਦਾ ਇਕ ਸਦੀਆਂ ਪੁਰਾਣਾ ਮਾਧਿਅਮ ਹੈ । ਇਸ ਦਾ ਇਤਿਹਾਸ ਵੈਦਿਕ ਯੁਗ ਦੇ ਆਦਿ ਬਿੰਦੂਆਂ ਤੱਕ ਫੈਲਿਆ ਹੋਇਆ ਹੈ । ਯੋਗੀ ਭਜਨ ਅਨੁਸਾਰ ਇਨ੍ਹਾਂ ਸਾਰੀਆਂ ਕ੍ਰਿਆਵਾਂ ਦਾ ਅੰਤਮ ਤੇ ਅਸਲ ਮਕਸਦ ਮਨੁੱਖੀ ਸਰੀਰ ਨੂੰ ਇਸ ਤਰ੍ਹਾਂ ਨਾਲ ਤਿਆਰ ਕਰਨਾ ਹੈ ਕਿ ਉਹ ਬ੍ਰਹਿਮੰਡੀ ਚੇਤਨਾ ਦਾ ਵਾਹਨ ਬਣ ਸਕੇ । ਆਸਨ ਅਤੇ ਮੁਦਰਾਵਾਂ ਚੁੰਬਕੀ ਲਹਿਰਾਂ ਵਿਚ ਸੰਤੁਲਨ ਪੈਦਾ ਕਰਨ ਦੇ ਮਕਸਦ ਨਾਲ ਵਿਕਸਤ ਕੀਤੀਆਂ ਗਈਆਂ ਹਨ । ਇਹ ਆਸਨ ਦੇ ਮੁਦਰਾਵਾਂ ਰੀੜ੍ਹ ਦੀ ਹੱਡੀ ਅੰਦਰ ਗੁਪਤ ਊਰਜਾ ਦੇ ਭੰਡਾਰ ਨੂੰ ਜਾਗ੍ਰਤ ਕਰਨ ਲਈ ਹਨ । ਮਨ ਦੀ ਇਕਾਗਰਤਾ ਦਾ ਪੂਰੇ ਪ੍ਰਬੰਦ ਵਿਚ ਕੇਂਦਰੀ ਸਥਾਨ ਹੈ ।
ਤੰਤਰ ਬਾਰੇ ਯੋਗੀ ਭਜਨ ਦਾ ਕਥਨ ਇਹ ਹੈ ਕਿ ਤੰਤਰ ਉਹ ਬਿੰਦੂ ਹੈ, ਜਿੱਥੇ ਵਿਰੋਧੀ ਭਾਵਾਂ ਵਾਲੀਆਂ ਸ਼ਕਤੀਆਂ ਦਾ ਸੰਗਮ ਹੁੰਦਾ ਹੈ । ਇਥੇ ਆ ਕੇ ਪ੍ਰਕਾਸ਼ ਅਤੇ ਹਨੇਰੇ ਵਿਚਲਾ ਵਿਰੋਧ ਸਮਾਪਤ ਹੋ ਜਾਂਦਾ ਹੈ । ਪੂਰੀ ਕਾਇਨਾਤ ਵਿਚ ਅਸੀਂ ਦੋ ਵਿਰੋਧੀ-ਤੱਤਾਂ ਦਾ ਸੰਘਰਸ਼ ਦੇਖਦੇ ਹਾਂ । ਇਨ੍ਹਾਂ ਤੱਤਾਂ ਨੂੰ ਔਰਤ-ਮਰਦ, ਹਨੇਰਾ-ਪ੍ਰਕਾਸ਼, ਯਿਨ-ਯਾਂਗ ਤੇ ਨੈਗੇਟਿਵ-ਪੌਜ਼ਟਿਵ ਆਦਿ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ । ਵਾਈਟ ਤੰਤਰ ਯੋਗ ਇਕ ਅਜਿਹਾ ਵਿਗਿਆਨ ਹੈ ਜੋ ਇਨ੍ਹਾਂ ਬੁਨਿਆਦੀ ਵਿਰੋਧਾਂ ਵਿਚ ਸੰਗਮ ਦਾ ਰਾਹ ਖੋਲ੍ਹਦਾ ਹੈ । ਵਾਈਟ ਤੰਤਰ ਵਿਚ ਮਰਦ ਇਕ ਪੂਰਣ ਇਕਾਈ ਨਹੀਂ ਸਗੋਂ ਉਸ ਦਾ ਅੱਧਾ ਹਿੱਸਾ ਹੀ ਹੈ । ਔਰਤ ਅਤੇ ਮਰਦ ਊਰਜਾ ਦੇ ਵੱਖੋ ਵੱਖਰੇ ਅੱਧ ਹਨ, ਜਿਨ੍ਹਾਂ ਦੇ ਸੰਗਮ ਤੋਂ ਸੰਪੂਰਨ ਇਕਾਈ ਹੋਂਦ ਵਿਚ ਆਉਂਦੀ ਹੈ ।
ਬਹੁਤ ਸਾਰੇ ਪ੍ਰਤੱਖ ਕਾਰਨਾਂ ਕਰਕੇ ਤੰਤਰ ਵਿੱਦਿਆ ਨੂੰ ਜਾਦੂ ਟੂਣੇ ਤੇ ਕਾਮ-ਕ੍ਰੀੜਾਵਾਂ ਤੱਕ ਹੀ ਸੀਮਤ ਕਰਕੇ ਦੇਖਿਆ ਜਾਂਦਾ ਹੈ । ਯੋਗੀ ਭਜਨ ਨੇ ਪੱਛਮੀ ਸੰਸਾਰ ਵਿਚ ਪਾਏ ਜਾਂਦੇ ਇਸ ਆਮ ਭਰਮ ਨੂੰ ਦੂਰ ਕਰਦੇ ਹੋਏ ਕਾਲੇ ਅਤੇ ਲਾਲ-ਤੰਤਰ ਦੀਆਂ ਪ੍ਰਕਿਰਿਆਵਾਂ ਨਾਲੋਂ ਵਾਈਟ ਤੰਤਰ ਨੂੰ ਨਖੇੜ ਕੇ ਪ੍ਰਸਤੁਤ ਕੀਤਾ । ਤੰਤਰ ਦੀਆਂ ਉਹ ਦੋਵੇਂ ਸ਼ਾਖਾਵਾਂ ਜਿੱਥੇ ਸਿਰਫ ਭੌਤਿਕ ਅਤੇ ਸਰੀਰਕ ਧਰਾਤਲ 'ਤੇ ਹੀ ਅਧਾਰਿਤ ਹਨ, ਉਥੇ ਵਾਈਟ ਤੰਤਰ ਦਾ ਉਦੇਸ਼ ਵਿਰੋਧੀਆਂ ਦੇ ਮਨੋ-ਚੁੰਬਕੀ ਖੇਤਰਾਂ ਦੇ ਸੰਗਮ ਰਾਹੀਂ ਚੇਤਨਾ ਦੇ ਉਚਰੇ ਧਰਾਤਲਾਂ ਤੱਕ ਪਹੁੰਚਣਾ ਹੈ ।
ਆਧੁਨਿਕ ਮਨੋਵਿਗਿਆਨ ਤੇ ਖਾਸ ਤੌਰ ਉਤੇ ਜੁੰਗ ਦਾ ਮਨੋਵਿਗਿਆਨ ਤੰਤਰ ਦੇ ਸਿੱਟਿਆਂ ਦੀ ਪ੍ਰੋੜਤਾ ਕਰਦਾ ਹੈ । ਪਰ ਉਹ ਸਿਰਫ ਇਨ੍ਹਾਂ ਮਨੋ ਊਰਜਾਵਾਂ ਦੀਆਂ ਗਤੀਆਂ ਦੀ ਵਿਆਖਿਆ ਤੋਂ ਅਗਾਂਹ ਨਹੀਂ ਵਧਦਾ । ਯੋਗੀ ਭਜਨ ਅਨੁਸਾਰ ਸਿੱਖ ਗੁਰੂਆਂ ਨੇ ਵੀ ਯੋਗ ਵਿੱਦਿਆ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ । ਉਹ ਸਿੱਖ ਧਰਮ ਵਿਚ ਪ੍ਰਚਲਤ ਚੜ੍ਹਦੀ ਕਲਾ ਦੇ ਬੋਲ ਨੂੰ ਕੁੰਡਲਨੀ ਊਰਜਾ ਦੀ ਆਕਾਸ਼ ਮਾਰਗ ਵੱਲ ਹੁੰਦੀ ਗਤੀ ਨਾਲ ਜੋੜਦੇ ਹਨ । ਉਨ੍ਹਾਂ ਦਾ ਇਹ ਕਥਨ ਹੈ ਕਿ ਗੁਰੁ ਨਾਨਕ ਨੇ ਵੀ ਕਾਲ ਤੇ ਸਥਾਨ ਦੇ ਬੰਧਨ ਤੋੜਨ ਲਈ ਨਾਦ ਯੋਗ ਦਾ ਪ੍ਰਯੋਗ ਕੀਤਾ ਸੀ । ਗੁਰੂ ਗਾਇਤਰੀ ਮੰਤਰ ਦੀ ਦੀਖਸ਼ਾ ਖੁਦ ਗੁਰੁ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ । ਜੰਗ ਨੂੰ ਜਾਣ ਸਮੇਂ ਗੁਰੂ ਦੇ ਸਿੰਘ ਇਕ ਖਾਸ ਆਸਨ ਵਿਚ ਬੈਠ ਕੇ ਉਸ ਦਾ ਪਾਠ ਕਰਦੇ ਸਨ । ਜਿਸ ਤੋਂ ਉਨ੍ਹਾਂ ਅੰਦਰ ਇਕ ਵਿਸ਼ੇਸ਼ ਊਰਜਾ ਦਾ ਸੰਚਾਰ ਹੁੰਦਾ ਸੀ । ਉਨ੍ਹਾਂ ਹੀ ਲੀਹਾਂ ਉਤੇ ਚੱਲਦਿਆਂ ਖੁਦ ਯੋਗੀ ਭਜਨ ਨੇ ਵੀ ਕਈ ਕ੍ਰਿਆਵਾਂ ਵਿਕਸਤ ਕੀਤੀਆਂ ਹਨ । ਇੰਨਾਂ ਹੀ ਨਹੀਂ, ਪੱਛਮੀ ਲੋਕਾਂ ਦੀ ਸੌਖ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਕਈ ਮੰਤਰ ਇੰਗਲਿਸ਼ ਭਾਸ਼ਾ ਵਿਚ ਤਿਆਰ ਕੀਤੇ ਹਨ । ਸਿੱਖ ਗੁਰੂਆਂ ਦੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਪੁਰਾਤਨ ਯੋਗ ਨਾਲ ਜੋੜ ਕੇ ਉਸ ਦੀਆਂ ਜੜ੍ਹਾਂ ਨੂੰ ਪਕੇਰਾ ਕਰਨਾ ਯੋਗੀ ਭਜਨ ਦੀ ਇਕ ਵੱਡੀ ਪ੍ਰਾਪਤੀ ਹੈ । ਖਾਸ ਤੌਰ 'ਤੇ ਉਦੋਂ ਜਦੋਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਉਹ ਇਕ ਇੰਚ ਵੀ ਜ਼ਮੀਨ ਕਿਸੇ ਵੀ ਰੂਪ ਦੇ ਬ੍ਰਾਹਮਣਵਾਦ ਨੂੰ ਛੱਡਣ ਲਈ ਕਦੇ ਵੀ ਤਿਆਰ ਨਹੀਂ ਹੋਏ । ਹਾਲਾਂਕਿ ਸਿੱਖ ਗੁਰੂਆਂ ਦੀਆਂ ਸਿੱਖਆਵਾਂ ਦੇ ਨਾਲ ਹੀ ਨਾਲ ਸਿੱਖ ਇਤਿਹਾਸ ਦੀਆਂ ਜੜ੍ਹਾਂ ਪੱਛਮੀ ਲੋਕਾਂ ਦੀਆਂ ਚੇਤਨਾ ਵਿਚ ਲਾਉਣ ਦਾ ਸੇਹਰਾ ਯੋਗੀ ਭਜਨ ਦੇ ਹੀ ਸਿਰ ਜਾਂਦਾ ਹੈ । ਉਨ੍ਹਾਂ ਦੀ ਇਸ ਸਿੱਖ ਸੇਵਾ ਦਾ ਮੁੱਲ ਸਿੱਖ ਧਰਮ ਦੀਆਂ ਸਰਵਉਚੱ ਸੰਸਥਾਵਾਂ ਨੇ ਪਾਇਆ ਵੀ ਹੈ । ਇਸੇ ਕਾਰਨ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ੍ਰੀ ਸਿੰਘ ਸਾਹਿਬ ਤੇ ਭਾਈ ਸਾਹਿਬ ਦਾ ਸਨਮਾਨਤ ਦਰਜਾ ਦਿੱਤਾ ਗਿਆ ।
ਯੋਗੀ ਭਜਨ ਦੇ ਪੱਛਮ ਦੀ ਧਰਤੀ ਉਤੇ ਪੈਰ ਪਾਉਣ ਤੋਂ ਕੋਈ ਛੇ ਦਹਾਕੇ ਪਹਿਲਾਂ ਵੀ ਇਕ ਲਹਿਰ ਭਾਰਤੀ ਮੂਲ ਦੇ ਲੋਕਾਂ ਵਿਚ ਇਸ ਧਰਤੀ ਤੋਂ ਉਠੀ ਸੀ । ਉਸ ਦਾ ਮਕਸਦ ਵਤਨਾਂ ਵੱਲ ਨੂੰ ਮੋੜੇ ਪਾ ਕੇ ਮਾਤ ਭੂਮੀ ਨੂੰ 'ਰਾਜਸੀ-ਗੁਲਾਮੀ' ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣਾ ਸੀ । ਸਿੱਖ ਇਤਿਹਾਸ ਉਦੋਂ ਵੀ ਇਸ ਲਹਿਰ ਦੀ ਪ੍ਰੇਰਣਾ ਦਾ ਇਕ ਵੱਡਾ ਸਰੋਤ ਬਣਿਆ ਸੀ । ਪਰ ਉਸ ਲਹਿਰ ਦਾ ਖਾਸਾ ਮਹਿਜ ਰਾਜਸੀ ਸੀ । ਇਸ ਲਈ ਉਹ ਭਾਰਤੀ ਮੂਲ ਦੇ ਲੋਕਾਂ ਤੱਕ ਹੀ ਸੀਮਤ ਸੀ । ਪਰ ਅੱਧੀ ਸਦੀ ਤੋਂ ਬਾਅਦ ਇਤਿਹਾਸ ਬਿਲਕੁਲ ਹੀ ਵੱਖਰੇ ਮੁਕਾਮ ਉਤੇ ਪਹੁੰਚ ਚੁੱਕਾ ਸੀ।
ਯੋਗੀ ਭਜਨ ਵਲੋਂ ਸ਼ੁਰੂ ਕੀਤੀ ਗਈ ਲਹਿਰ ਦਾ ਉਦੇਸ਼ ਰਾਜਸੀ ਨਹੀਂ ਸੀ । ਉਸ ਦਾ ਮਕਸਦ ਸਮੁੱਚੀ ਮਨੁੱਖ ਜਾਤੀ ਦੀ ਚੇਤਨਾ ਵਿਚ ਇਕ ਸਿਫਤੀ ਤਬਦੀਲੀ ਲਿਆਉਣ ਵਿਚ ਆਪਣਾ ਯੋਗਦਾਨ ਪਾਉਣਾ ਸੀ । ਇਸ ਲਈ ਉਹ ਉਨ੍ਹਾਂ ਤਮਾਮ ਲੋਕਾਂ ਨੂੰ ਮੁਖਾਤਬ ਹੋ ਰਹੇ ਸਨ, ਜੋ ਸੁਨਣ ਲਈ ਤਿਆਰ ਸਨ । ਘੱਟੋ ਘੱਟ ਪੱਛਮ ਵਿਚ ਇਹ ਗੱਲ ਸਥਾਪਿਤ ਹੋ ਚੁੱਕੀ ਸੀ ਕਿ ਸਿਰਫ ਵਿਗਿਆਨਿਕ ਤੇ ਤਕਨੀਕੀ ਤਰੱਕੀ ਰਾਹੀਂ ਨਵੇਂ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੋ ਸਕਦੀ । ਇਸ ਲਈ ਮਨੁੱਖ ਦੀ ਮੂਲ ਚੇਤਨਾ ਅੰਦਰ ਇਕ ਵੱਡੇ ਇਨਕਲਾਬ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ । ਮਨੋ ਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ 'ਸਾਈਕਲੌਜਿਕਲ ਮਿਊਟੇਸ਼ਨ' ਦਾ ਨਾਂ ਦਿੱਤਾ ਗਿਆ ਸੀ ।
ਵੱਖ ਵੱਖ ਰੰਗਾਂ ਦੀਆਂ ਨਿਊ ਏਜ ਲਹਿਰਾਂ ਇਸੇ ਦਿਸ਼ਾ ਵਿਚ ਕਾਰਜ ਕਰ ਰਹੀਆਂ ਹਨ । ਪਰ ਉਨ੍ਹਾਂ ਦਾ ਦਾਇਰਾ ਸਿਰਫ਼ ਰਾਜਸੀ ਨਹੀਂ ਸੀ । ਉਨ੍ਹਾਂ ਦੀ ਇਹ ਧਾਰਨਾ ਸੀ ਕਿ ਮਹਿਜ਼ ਰਾਜਸੀ ਤਬਦੀਲੀਆਂ ਰਾਹੀਂ ਮਾਨਵੀ ਚੇਤਨਾ ਵਿਚ ਬੁਨਿਆਦੀ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ । ਇਹ ਵੀ ਸਪਸ਼ਟ ਸੀ ਕਿ ਇਸ ਤੋਂ ਬਿਨਾ ਨਵੇਂ ਮਨੁੱਖ ਦੀ ਸਿਰਜਣਾ ਸੰਭਵ ਨਹੀਂ ਤੇ ਨਾ ਹੀ ਮਨੁੱਖੀ ਸਬੰਧਾਂ ਵਿਚ ਕਿਸੇ ਨਵੇਂ ਯੁਗ ਦੀ ਸ਼ੁਰੂਆਤ ਹੋ ਸਕਦੀ ਸੀ । ਮਨੁੱਖ ਤੇ ਕੁਦਰਤ ਦਰਿਮਆਨ ਨਵੇਂ ਅਹਿੰਸਾਤਮਕ ਸਬੰਧਾ ਦੀ ਉਸਾਰੀ ਲਈ ਵੀ ਹਉਮੈ ਮੁਕਤ ਚੇਤਨਾ ਦੀ ਲੋੜ ਸੀ ।
ਸੱਤਰਵੀਆਂ ਦੇ ਦਹਾਕੇ ਵਿਚ ਸਮੁੱਚਾ ਪਛੱਮੀ ਜਗਤ ਇਸ ਨਵੀਂ ਚੇਤਨਾ ਦੀਆਂ ਜੰਮਣ ਪੀੜਾਂ ਵਿਚੋਂ ਦੀ ਲੰਘ ਰਿਹਾ ਸੀ । ਦੂਰ ਦੁਰਾਡੇ ਮੁਲਕਾਂ ਵਿਚ ਵਿਕਸਤ ਹੋਈਆਂ ਚੇਤਨਾ ਨੂੰ ਵਿਕਸਤ ਕਰਨ ਦੀਆਂ ਸਨਾਤਨ ਵਿੱਧੀਆਂ ਹੁਣ ਨਵੇਂ ਸਮਾਜੀ ਅੰਦੋਲਨਾਂ ਦਾ ਅਧਾਰ ਬਣ ਰਹੀਆਂ ਸਨ । ਯੋਗ ਅਤੇ ਅਧਿਆਤਮ ਵਿਚ ਪਛੱਮ ਦੇ ਲੋਕਾਂ ਦੀ ਰੁਚੀ ਬੇਤਹਾਸ਼ਾ ਜ਼ੋਰ ਫੜ ਰਹੀ ਸੀ । ਭਾਰਤ ਦੀਆਂ ਵੈਦਿਕ ਤੇ ਵੈਸ਼ਨਵ ਪ੍ਰਣਾਲੀਆਂ ਦੇ ਨਾਲ ਹੀ ਜ਼ੈਨੱ ਦੇ ਰੂਪ ਵਿਚ ਬੁੱਧ ਧਰਮ ਇਨ੍ਹਾਂ ਲਹਿਰਾਂ ਦਾ ਅਧਾਰ ਬਣ ਰਿਹਾ ਸੀ । ਇਸੇ ਪਿਛੋਕੜ ਵਿਚ ਹਰਿਭਜਨ ਸਿੰਘ ਯੋਗੀ ਨੇ ਸਿੱਖ ਗੁਰੂਆਂ ਦੀਆਂ ਮਹਾਨ ਸਿੱਖਿਆਵਾਂ ਅਤੇ ਸ਼ਬਦ ਗਰੂ ਦੇ ਅਕਾਲਿਕ ਸੰਕਲਪ ਉਤੇ ਅਧਾਰਿਤ ਇਕ ਨਵੀਂ ਲਹਿਰ ਉਸਾਰਨ ਦਾ ਮਨ ਬਣਾਇਆ ਸੀ ।
ਇੰਜ ਪੱਛਮ ਅੰਦਰ ਸਿੱਖ ਧਰਮ ਦੀ ਬੁਨਿਆਦ ਦਾ ਮੁੱਢ ਬੱਝਾ ਸੀ । ਪੱਛਮ ਵਿਚ ਸਿੱਖ ਧਰਮ ਦਾ ਜਨਮ, ਕਿਸੇ ਤਰ੍ਹਾਂ ਦੇ ਸਿਆਸੀ ਅਤੇ ਭੌਤਿਕ ਮੰਤਵਾਂ ਦੀ ਬਜਾਏ ਇਕ ਰੂਹਾਨੀ ਪਿਆਸ ਵਿਚੋਂ ਹੋ ਰਹਾ ਸੀ । ਉਂਜ ਤਾਂ ਕੋਈ ਡੇਢ ਸੌ ਸਾਲ ਪਹਿਲਾਂ ਰਣਜੀਤ ਸਿੰਘ ਦੇ ਸਮੇਂ ਵੀ ਪਛੱਮ ਦੇ ਕੁਝ ਲੋਕਾਂ ਦੇ ਸਿੱਖ ਧਰਮ ਨੂੰ ਅਪਣਾਇਆ ਸੀ । ਪਰ ਉਸ ਦੇ ਪਿੱਛੇ ਰੂਹਾਨੀ ਨਹੀਂ ਸਗੋਂ ਭੌਤਿਕ ਕਾਰਨ ਹੀ ਕੰਮ ਕਰ ਰਹੇ ਸਨ । ਇਹ ਕੁਝ ਉਸ ਤਰ੍ਹਾਂ ਦੀ ਹੀ ਗੱਲ ਸੀ ਕਿ ਜਿਵੇਂ ਤੁਰਕਾਂ ਤੇ ਮੁਗਲਾਂ ਦੇ ਰਾਜ ਦੌਰਾਨ ਉਚੀਆਂ ਜਾਤਾਂ ਦੇ ਕੁਝ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ ਸੀ ਜਾਂ ਫੇਰ ਜਜ਼ੀਏ ਤੋਂ ਬਚਣ ਲਈ ਹੇਠਲੇ ਤਬਕਿਆਂ ਦੇ ਵੀ ਕੁਝ ਲੋਕ ਮੁਸਲਮਾਨ ਹੋ ਗਏ ਸਨ । ਪਰ ਉਨ੍ਹਾਂ ਦੇ ਮਕਸਦ ਨਿਰੋਲ ਭੌਤਿਕ ਸਨ । ਉਨ੍ਹਾਂ ਲੋਕਾਂ ਦੀ ਤੁਲਨਾ ਸੂਫੀਆਂ ਦੇ ਵਜਦ ਅਤੇ ਉਨ੍ਹਾਂ ਦੇ ਅਨਲਹਕ ਦੀ ਚੇਤਨਾ ਦੇ ਪ੍ਰਭਾਵ ਹੇਠ ਮੋਮਿਨ ਹੋਏ ਲੋਕਾਂ ਨਾਲ ਨਹੀਂ ਹੋ ਸਕਦੀ । ਇਸੇ ਤਰ੍ਹਾਂ ਪੱਛਮ ਵਿਚ ਖਾਲਸੇ ਦਾ ਇਹ ਜਨਮ ਇਕ ਨਵੇਂ ਯੁੱਗ ਦੀ ਤਲਾਸ਼ ਅਤੇ ਸਿਰਜਣਾ ਦੀ ਸ਼ੁਰੂਆਤ ਸੀ । ਉਸ ਨੂੰ ਪੰਜਾਬ ਵਿਚਲੀ ਸਿੱਖ ਸਿਆਸਤ ਦੇ ਸੰਦਰਭ ਵਿਚ ਰੱਖ ਕੇ ਉਕੱਾ ਹੀ ਨਹੀਂ ਸਮਝਿਆ ਜਾ ਸਕਦਾ ।
ਯੋਗੀ ਭਜਨ ਦਾ ਸਾਰਾ ਸੰਘਰਸ਼ ਨਵ-ਚੇਤਨਾ ਦੀ ਉਸਾਰੀ ਦਾ ਸੰਘਰਸ਼ ਸੀ । ਇਸ ਲਈ ਉਹ ਉਨ੍ਹਾਂ ਸਾਰੇ ਤੁਅਸਬਾਂ ਤੋਂ ਮੁਕਤ ਸਨ ਜੋ ਭਾਰਤ ਵਿਚ ਧਰਮ ਦੇ ਸਿਆਸੀਕਰਨ ਨੇ ਪੈਦਾ ਕੀਤੇ ਸਨ । ਉਹ ਉਨ੍ਹਾਂ ਸਾਰੀਆਂ ਪੁਰਾਤਨ ਵਿਧੀਆਂ ਨੂੰ ਵਰਤਣ ਲਈ ਤਿਆਰ ਸਨ ਜੋ ਭਾਰਤ ਭੁਮੀ ਦੇ ਸਨਾਤਨ ਖਜ਼ਾਨੇ ਵਿਚੋਂ ਹਾਸਲ ਹੋਈਆਂ ਸਨ । ਪਰ ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਨ੍ਹਾਂ ਵਿਧੀਆਂ ਨੂੰ ਪੱਛਮ ਦੇ ਸਭਿਆਚਾਰਕ ਤੇ ਵਿਗਿਆਨਕ ਮਾਹੋਲ ਵਿਚ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਵੀ ਸੀ ।
ਇਹ ਠੀਕ ਹੈ ਕਿ ਧਰਮ ਦਾ ਸਬੰਧ ਸਰਵਕਾਲੀ ਤੇ ਸਾਰਵਭੌਮਿਕ ਸੱਚਾਈਆਂ ਨਾਲ ਹੁੰਦਾ ਹੈ । ਪਰ ਇਨ੍ਹਾਂ ਸੱਚਾਈਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਦੀ ਬੋਲੀ ਤੇ ਮਾਨਸਿਕ-ਸਭਿਆਚਾਰਕ ਮੁਹਾਵਰੇ ਵਿਚ ਢਾਲਣਾ ਜ਼ਰੂਰੀ ਹੁੰਦਾ ਹੈ । ਇਸੇ ਕਾਰਨ ਹੀ ਬੁੱਧ ਤੇ ਗੁਰੂ ਨਾਨਕ ਨੇ ਆਪਣੀ ਸਿੱਖਆਂਵਾਂ ਨੂੰ ਲੋਕ ਬੋਲੀ ਵਿਚ ਪੇਸ਼ ਕੀਤਾ ਸੀ । ਇਸੇ ਪ੍ਰਸੰਗ ਦਾ ਦੂਸਰਾ ਸੱਚ ਇਹ ਵੀ ਹੈ ਕਿ ਸਮਾਂ ਪੈਣ ਤੇ ਉਹ ਬੋਲੀ ਤੇ ਮੁਹਾਵਰਾ ਪੁਰਾਣੇ ਹੋ ਜਾਂਦੇ ਹਨ । ਉਨ੍ਹਾਂ ਦੀ ਆਤਮਾ ਨੂੰ ਮਹਿਫੂਜ਼ ਰੱਖਦੇ ਹੋਏ ਪੁਰਾਣੇ ਕਥਨਾਂ ਨੂੰ ਨਵੇ ਯੁਗ ਦੀਆਂ ਲੋੜਾਂ ਅਨੁਸਾਰ ਢਾਲਣ ਦੀ ਲੋੜ ਹੁੰਦੀ ਹੈ । ਜਿਹੜਾ ਧਰਮ ਇਤਿਹਾਸਕ ਜ਼ਿੰਮੇਵਾਰੀ ਤੋਂ ਖੁੰਝ ਜਾਂਦਾ ਹੈ, ਉਸ ਦੇ ਕਈ ਅਹਿਮ ਸੱਚ ਵੀ ਮਹਿਜ਼ ਕਰਮ ਕਾਂਡ ਬਣ ਕੇ ਰਹਿ ਜਾਂਦੇ ਹਨ । ਇਹੋ ਕਾਰਨ ਹੈ ਕਿ ਬਹੁਤੇ ਸੰਤਾਂ ਫਕੀਰਾਂ ਤੇ ਗੁਰੂਆਂ ਨੂੰ ਇਨ੍ਹਾਂ ਕਰਮ ਕਾਡਾਂ ਵਿਰੁੱਧ ਲੋਹਾ ਲੈਣਾ ਪੈਂਦਾ ਰਿਹਾ ਹੈ ।
ਯੋਗੀ ਭਜਨ ਨੇ ਸਮੇਂ ਦੀ ਇਸ ਮੰਗ ਨੂੰ ਪਛਾਣਿਆ ਸੀ ਤੇ ਸਨਾਤਨ ਸੱਚਾਈਆਂ ਨੂੰ ਨਵੀਂ ਵਿਗਿਆਨਿਕ ਸ਼ਬਦਾਵਲੀ ਵਿਚ ਢਾਲ ਕੇ ਪ੍ਰਸਤੁਤ ਕੀਤਾ ਸੀ । ਉਨਾਂ ਦੇ ਸਾਹਮਣੇ ਦੂਜੀ ਚੁਣੌਤੀ ਤਰਕ ਦੀ ਬੰਜਰ ਭੂਮੀ ਉਤੇ ਸ਼ਰਧਾ ਦਾ ਬੂਟਾ ਲਾਉਣਾ ਸੀ । ਪਿਛਲੇ ਪੈਂਤੀ ਸਾਲਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਯੋਗੀ ਭਜਨ ਦੀ ਸਫਲਤਾ ਪ੍ਰਤੱਖ ਹੈ । ਕਈ ਲੋਕ ਇਹ ਸਵਾਲ ਵੀ ਕਰਦੇ ਹਨ ਕਿ ਯੋਗੀ ਜੀ ਨੇ ਮਨੁੱਖੀ ਚੇਤਨਾ ਦੇ ਵਿਕਾਸ ਲਈ ਪੱਛਮ ਵਿਚ ਜਾ ਕੇ ਸਿਰਫ ਸਿਖ ਮੁਹਾਵਰੇ ਜਾਂ ਸਿਖ ਧਰਮ ਨੂੰ ਹੀ ਕਿਉਂ ਚੁਣਿਆ । ਜ਼ਾਹਿਰਾ ਤੌਰ ਉਤੇ ਇਸ ਦੇ ਦੋ ਕਾਰਨ ਹਨ ।
ਪਹਿਲਾ ਕਾਰਨ ਉਨ੍ਹਾਂ ਦੇ ਆਪਣੇ ਪਿਛੋਕੜ ਨਾਲ ਜੁੜਿਆ ਹੈ । ਇਹ ਇਕ ਕੁਦਰਤੀ ਗੱਲ ਹੈ ਕਿ ਕੋਈ ਵੀ ਸਖ਼ਸ਼ ਜਿਨ੍ਹਾਂ ਰਾਹਾਂ ਤੋਂ ਹੁੰਦਾ ਹੋਇਆ ਮੰਜ਼ਿਲ 'ਤੇ ਪਹੁੰਚਦਾ ਹੈ, ਦੂਜਿਆਂ ਨੂੰ ਵੀ ਉਹ ਉਨ੍ਹਾਂ ਰਾਹਾਂ ਉਤੋਂ ਦੀ ਸਹੀ ਗਾਈਡ ਕਰ ਸਕਦਾ ਹੈ । ਉਹ ਉਨ੍ਹਾਂ ਰਾਹਾਂ ਦੇ ਹਰ ਮੋੜ ਤੋਂ ਵਾਕਿਫ ਹੁੰਦਾ ਹੈ । ਸਫਰ ਦੀ ਹਰ ਲੋੜ ਤੋਂ ਜਾਣੂੰ ਹੁੰਦਾ ਹੈ । ਉਸ ਰਸਤੇ ਵਿਚ ਉਸ ਦਾ ਯਕੀਨ ਉਧਾਰਾ ਨਹੀਂ ਸਗੋਂ ਆਪਣੇ ਤਜਰਬੇ ਉਤੇ ਅਧਾਰਿਤ ਹੁੰਦਾ ਹੈ । ਇਸ ਲਈ ਉਸ ਰਾਹ ਪ੍ਰਤੀ ਉਸ ਦੀ ਸ਼ਰਧਾ ਅੰਧ ਵਿਸ਼ਵਾਸ ਦੀ ਉਪਜ ਨਹੀਂ ਹੁੰਦੀ । ਉਸ ਦਾ ਅਧਾਰ ਵਿਗਿਆਨਕ ਹੁੰਦਾ ਹੈ। ਜਿਸ ਯਕੀਨ ਨਾਲ ਉਹ ਉਸ ਰਾਹ ਬਾਰੇ ਕਹਿ ਸਕਦਾ ਹੈ, ਦੂਸਰੀ ਕਿਸੇ ਰਾਹ ਬਾਰੇ ਉਹ ਸੰਭਵ ਨਹੀਂ ਹੋ ਸਕਦਾ ।
ਦੂਜੇ ਕਾਰਨ ਦਾ ਸਬੰਧ ਮਨੁੱਖ ਦੀਆਂ ਮਨੋਵਿਗਿਅਨਕ ਸ਼੍ਰੇਣੀਆਂ ਨਾਲ ਜੁੜਿਆ ਹੈ । ਬੁੱਧ ਨੇ ਵੀ ਆਨੰਦ ਦੇ ਇਕ ਸਵਾਲ ਦੇ ਜਵਾਬ ਵਿਚ ਸਾਧਕਾਂ ਦੀਆਂ ਵੱਖ ਵੱਖ ਕੋਟੀਆਂ ਦਾ ਜ਼ਿਕਰ ਕੀਤਾ ਸੀ । ਇਸ ਦਾ ਪੂਰਾ ਬਿਉਰਾ ਧੰਮਪਦ ਵਿਚ ਉਪਲਬਧ ਹੈ । ਬੁੱਧ ਨੇ ਇਹ ਸਪੱਸ਼ਟ ਕੀਤਾ ਸੀ ਕਿ ਹਰ ਸ਼੍ਰੇਣੀ ਦੇ ਬੰਦੇ ਲਈ ਵੱਖੋ ਵੱਖ ਪੰਧ ਹੋਣੇ ਕੁਦਰਤੀ ਗੱਲ ਹੈ । ਕ੍ਰਿਸ਼ਨ ਨੇ ਵੀ ਅਰਜੁਨ ਨਾਲ ਹੋਏ ਸੰਵਾਦ ਵਿਚ ਭਿੰਨ ਭਿੰਨ ਸੁਭਾਅ ਦੇ ਖੋਜੀਆਂ ਲਈ ਅਲਗ ਅਲਗ ਮਾਰਗਾਂ ਦਾ ਨਿਰਧਾਰਨ ਕੀਤਾ ਹੈ । ਉਨ੍ਹਾਂ ਸੁਭਾਅ ਦੇ ਅਨੁਕੂਲ ਧਰਮ ਨੂੰ ਹੀ ਸਵੈ ਧਰਮ ਦਾ ਨਾਂ ਦਿੱਤਾ ਹੈ । ਕੁਝ ਇਸੇ ਹੀ ਤਰ੍ਹਾਂ ਦੀ ਵਿਆਖਿਆ ਓਸ਼ੋ ਦੀ ਵੀ ਹੈ । ਉਸ ਦਾ ਵਿਚਾਰ ਹੈ ਕਿ ਤੁਹਾਡਾ ਧਰਮ ਤੁਹਾਡੇ ਪਰਿਵਾਰ ਜਾਂ ਵੰਸ਼ ਪਰੰਪਰਾ ਤੋਂ ਨਹੀਂ ਸਗੋਂ ਤੁਹਾਡੇ ਨਿੱਜੀ ਸੁਭਾਅ ਵਲੋਂ ਨਿਰਧਾਰਤ ਹੁੰਦਾ ਹੈ । ਅਰਥਾਤ ਇਹ ਹਰ ਬੰਦੇ ਦੀ ਆਪਣੀ ਖੋਜ ਹੈ । ਆਧੁਨਿਕ ਮਨੋਵਿਗਿਆਨੀਆਂ ਨੇ ਵੀ ਵਿਅਕਤੀਤਵ ਦੇ ਅਧਾਰ ਉਤੇ ਮਨੁੱਖਾਂ ਨੂੰ ਕੁਝ 'ਕੈਟਾਗਰੀਆਂ' ਵਿਚ ਵੰਡੀਆ ਹੈ । ਵੱਖ ਵੱਖ ਧਰਮਾਂ ਦੀ ਹੋਂਦ ਦੇ ਪਿੱਛੇ ਲੁਕੇ ਇਨਸਾਨੀ ਸੁਭਾਅ-ਮੂਲਕ ਇਨ੍ਹਾਂ ਅੰਤਰਾਂ ਨੂੰ ਸਮਝਣ ਦੀ ਲੋੜ ਹੈ ।
ਇਸ ਪ੍ਰਸੰਗ ਵਿਚ ਓਸ਼ੋ ਵਲੋਂ ਸੁਣਾਈ ਇਕ ਕਹਾਣੀ ਬਹੁਤ ਦਿਲਚਸਪ ਹੈ । ਕਹਾਣੀ ਉਨ੍ਹਾਂ ਲੋਕਾਂ ਦੇ ਸਮੂਹ ਬਾਰੇ ਹੈ, ਜੋ ਆਪਣੀ ਯਾਦਾਸ਼ਤ ਭੁੱਲ ਗਏ ਸੀ । ਇਕ ਗੱਡੀ ਵਿਚ ਬਿਠਾ ਕੇ ਉਨ੍ਹਾਂ ਨੂੰ ਵੱਖ ਵੱਖ ਸ਼ਹਿਰਾਂ ਵਿਚ ਘੁਮਾਇਆ ਗਿਆ । ਉਨ੍ਹਾਂ ਸ਼ਹਿਰਾਂ ਦੇ ਇਤਿਹਾਸ ਬਾਰੇ ਕੁਝ ਕਹਾਣੀਆਂ ਸੁਣਾਈਆਂ ਗਈਆਂ । ਉਥੋਂ ਦੀਆਂ ਪੁਰਾਣੀਆਂ ਇਮਾਰਤਾਂ ਤੇ ਬਜ਼ਾਰਾਂ ਵਿਚ ਉਨ੍ਹਾਂ ਨੂੰ ਘੁਮਾਇਆ ਗਿਆ । ਇਹ ਸਭ ਉਨ੍ਹਾਂ ਦੀ ਯਾਦਾਸ਼ਤ ਨੂੰ ਉਕਸਾਉਣ ਲਈ ਸੀ ਤਾਂ ਜੋ ਉਹ ਆਪੋ ਆਪਣੇ ਘਰਾਂ ਨੂੰ ਪਛਾਣ ਕੇ ਸਹੀ ਮੰਜ਼ਿਲ ਤਾਈਂ ਪਹੁੰਚ ਸਕਣ ।
ਓਸ਼ੋ ਅਨੁਸਾਰ ਧਰਮ ਤੇ ਸੱਚ ਦੇ ਮਾਰਗ ਸਬੰਧੀ ਵੀ ਇਹੋ ਗੱਲ ਸਹੀ ਹੈ । ਇਸੇ ਲਈ ਉਹ ਸਾਰੀ ਉਮਰ ਵੱਖ ਵੱਖ ਧਰਮਾਂ ਬਾਰੇ ਬੋਲਦਾ ਰਿਹਾ ਤਾਂ ਜੋ ਹਰ ਕੋਈ ਆਪਣੇ ਅਸਲ ਮਾਰਗ ਦੀ ਪਛਾਣ ਕਰ ਸਕੇ । ਪੁਰਾਣੇ ਜ਼ਮਾਨੇ ਵਿਚ ਨਵੇਂ ਧਰਮਾਂ ਦੀ ਸਥਾਪਨਾ ਕਰਨ ਵਾਲੇ ਨੂੰ ਤੀਰਥੰਕਰ ਕਿਹਾ ਜਾਂਦਾ ਸੀ । ਤੀਰਥੰਕਰ ਤੋਂ ਭਾਵ ਹੈ ਜੋ ਸ਼ੂਕਦੀ ਹੋਈ ਨਦੀ ਉਤੇ ਘਾਟ ਬਣਾਉਂਦਾ ਹੈ, ਤਾਂ ਜੋ ਲੋਕ ਉਥੋਂ ਦੀ ਪਾਰ ਉਤਰ ਸਕਣ । ਨਵੇਂ ਯੁਗ ਵਿਚ ਵੀ ਕਈ ਲਹਿਰਾਂ ਨੇ ਪਛੱਮ ਦੀ ਧਰਤੀ ਉਤੇ ਲਈ ਘਾਟ ਸਥਾਪਿਤ ਕੀਤੇ ਸਨ । ਹਰ ਕੋਈ ਨੇੜਤਾ ਤੇ ਸਹੂਲਤ ਅਨੁਸਾਰ ਆਪਣਾ ਘਾਟ ਚੁਣ ਸਕਦਾ ਸੀ ।
ਇਕ ਸਮੇਂ ਸਿਰਫ਼ ਭਾਰਤ ਹੀ ਇਕੱਲਾ ਦੇਸ਼ ਸੀ, ਜਿੱਥੇ ਹਰ ਧਰਮ ਨੇ ਆਪੋ ਆਪਣੇ ਘਾਟ ਸਥਾਪਤ ਕੀਤੇ ਸਨ । ਪਰ ਹੁਣ ਪਛੱਮ ਵੀ ਉਸੇ ਰਾਹ ਉਤੇ ਜਾ ਰਿਹਾ ਸੀ । ਮਨੁੱਖੀ ਸੁਭਾਅ ਦੀਆਂ ਭਿੰਨਤਾਵਾਂ ਤੇ ਵੰਨਗੀਆਂ ਦੇਖਦੇ ਹੋਏ ਹੋਰ ਕੋਈ ਚਾਰਾ ਵੀ ਨਹੀਂ ਸੀ । ਕੋਈ ਵੀ ਇਕ ਘਾਟ ਸਭਨਾਂ ਨੂੰ ਪਾਰ ਲੰਘਾਉਣ ਦੇ ਸਮਰੱਥ ਨਹੀਂ ਸੀ ਹੋ ਸਕਦਾ । ਇਸ ਪਸਰ ਰਹੀ ਵੰਨਸੁਵੰਨਤਾ ਵਿਚ ਸਿੱਖ ਧਰਮ ਦੀ ਫੁਲਵਾੜੀ ਨੂੰ ਪੱਛਮ ਵਿਚ ਮਹਿਕਾਉਣ ਦਾ ਸਿਹਰਾ ਇਤਿਹਾਸ ਨੇ ਭਜਨ ਯੋਗੀ ਦੇ ਸਿਰ ਹੀ ਬੰਨਣਾ ਸੀ, ਜਿਸ ਨੇ ਸਮੇਂ ਦੀ ਇਸ ਮੰਗ ਨੂੰ ਪੂਰਾ ਕੀਤਾ ਸੀ ।
Thursday, November 26, 2009
Subscribe to:
Post Comments (Atom)
No comments:
Post a Comment