Friday, November 27, 2009


ਭਾਈ ਹਰਿਭਜਨ ਸਿੰਘ ਯੋਗੀ , ਯੋਗੀ ਭਜਨ ਬਾਰੇ ਪੰਜਾਬੀ ਵਿਚ ਲਿਖੀ ਗਈ ਪਹਿਲੀ ਕਿਤਾਬ 'ਸਿੰਘ ਯੋਗੀ' ਨੈੱਟ ਤੇ ਉਪਲਬਧ ਕਰਵਾਉਣ ਦੇ ਮਕਸਦ ਨਾਲ ਇਹ ਵਿਸ਼ੇਸ਼ ਬਲੌਗ ਤਿਆਰ ਕੀਤਾ ਗਿਆ ਹੈ। ਇਹ ਕਿਤਾਬ ਪੰਜਾਬ ਵਿਚ ਪਹਿਲੀ ਵਾਰੀ 2005 ਵਿਚ ਛਪੀ ਸੀ। 219 ਸਫਿਆਂ ਦੀ ਇਹ ਕਿਤਾਬ ਯੋਗੀ ਜੀ ਦੇ ਜੀਵਨ ਤੇ ਉਨ੍ਹਾਂ ਦੀ ਵਿਚਾਰਧਾਰਾ ਤੇ ਵਿਸਥਾਰ ਵਿਚ ਚਰਚਾ ਕਰਦੀ ਹੈ। ਇਹ ਕਿਤਾਬ ਲਿਖਣ ਲਈ ਮੈਂ ਕੁਝ ਸਮਾਂ ਯੋਗੀ ਜੀ ਨਾਲ ਅਮਰੀਕਾ ਦੇ ਨਿਊ ਮੈਕਸੀਕੋ ਪ੍ਰਾਂਤ ਸਥਿਤ ਉਨ੍ਹਾਂ ਦੇ ਆਸ਼ਰਮ ਵਿਚ ਵੀ ਬਿਤਾਇਆ ਸੀ। ਇਸ ਦੌਰਾਨ ਮੈਂ ਯੋਗੀ ਜੀ ਨਾਲ ਜੁੜੇ ਹੋਏ ਵੱਖ ਵੱਖ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਇਨ੍ਹਾਂ ਵਿਚ ਉਸ ਪੀੜ੍ਹੀ ਦੇ ਲੋਕ ਵੀ ਸਨ, ਜਿਹੜੇ ਸੱਤਰਵਿਆਂ ਦੇ ਮੁਢ ਵਿਚ ਪਹਿਲੀ ਵਾਰ ਯੋਗੀ ਜੀ ਦੇ ਸੰਪਰਕ ਵਿਚ ਆਏ ਅਤੇ ਅਮਰੀਕੀ ਸਿੱਖਾਂ ਦੀ ਦੂਜੀ ਪੀੜ੍ਹੀ ਦੇ ਲੋਕ ਵੀ ਸ਼ਾਮਲ ਸਨ। ਇਸ ਸਮੁਚੇ ਕਾਰਜ ਲਈ ਸਿਖ ਧਰਮਾ ਸੰਸਥਾ ਦੀ ਮੁਖ ਪ੍ਰਸਾਸ਼ਕੀ ਅਫਸਰ ਨਿਰੰਜਨ ਕੌਰ ਖਾਲਸਾ ਤੇ ਡਾ ਬਲਕਾਰ ਸਿੰਘ ਸਾਡੇ ਵਿਸ਼ੇਸ਼ ਧੰਨਵਾਦ ਦੇ ਪਾਤਰ ਹਨ। ਮੈਂ ਤੇ ਮੇਰੇ ਦੋਸਤ ਬਲਰਾਮ ਲਈ ਇਸ ਕਿਤਾਬ ਦਾ ਲੇਖਨ ਮਹਿਜ਼ ਇਕ ਪ੍ਰੋਫੈਸ਼ਨਲ ਕਾਰਜ ਨਹੀਂ ਸੀ ਬਲਕਿ ਇਸ ਨੇ ਸਾਡੇ ਆਪਣੇ ਆਤਮਿਕ ਵਿਕਾਸ ਤੇ ਵੀ ਗਹਿਰਾ ਅਸਰ ਪਾਇਆ। ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਇਸ ਕਾਰਜ ਨੇ ਸਾਡੇ ਜੀਵਨ ਤੇ ਇਕ ਚਿਰ ਸਥਾਈ ਛਾਪ ਛੱਡੀ ਹੈ। ਸਾਡੇ ਲਈ ਇਹ ਮਹਿਜ਼ ਇਕ ਕਿਤਾਬ ਨਹੀਂ ਸਗੋਂ ਇਕ ਆਤਮਿਕ ਯਾਤਰਾ ਹੋ ਨਿਬੜੀ। ਇਹ ਕਿਤਾਬ ਯੋਗੀ ਜੀ ਦੇ ਸਿਰਫ ਯੋਗੀ ਜੀ ਦੇ ਨਿੱਜੀ ਜੀਵਨ ਦੇ ਵੇਰਵਿਆਂ ਦਾ ਬਿਆਨ ਨਹੀਂ ਹੈ, ਬਲਕਿ ਇਸ ਵਿਚ ਨਿਊ ਏਜ ਰੂਹਾਨੀ ਲਹਿਰਾਂ ਦੇ ਸਿਧਾਂਤਕ ਤੇ ਵਿਚਾਰਧਾਰਕ ਅਧਾਰਾਂ ਦੀ ਚਰਚਾ ਕੀਤੀ ਗਈ ਹੈ।
ਕਿਤਾਬ ਯੂਨੀਸਟਾਰ ਬੁਕਸ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਕੀਤੀ ਗਈ। ( www.unistarbooks.com ਤੇ ਫੋਨ ਨੰਬਰ਼: 91-172-5077427, 5077428 )

ਸ਼ਮੀਲ

www.shameelonline.com

Thursday, November 26, 2009

ਪੁਰਾਤਨ ਨਵਾਂ ਸੰਸਾਰ


" ਆਉਣ ਵਾਲੇ ਸਮੇਂ 'ਚ ਯੋਗਾ ਦਾ ਹਰ ਰੂਪ ਫੈਲੇਗਾ। 2013 ਤੱਕ ਚਾਲੀ ਤੋਂ ਸੱਠ ਫੀਸਦੀ ਅਬਾਦੀ ਯੋਗਾ ਕਰ ਰਹੀ ਹੋਵੇਗੀ। ਲੋਕ ਇਹ ਦੇਖਣਗੇ ਕਿ ਜਿਹੜੇ ਲੋਕ ਯੋਗਾ ਕਰਦੇ ਹਨ, ਉਨ੍ਹਾਂ ਦੇ ਚਿਹਰਿਆਂ 'ਤੇ ਚਮਕ ਹੈ ਤੇ ਉਹ ਸੋਹਣੇ ਲੱਗਦੇ ਹਨ। ਉਹ ਸ਼ਾਂਤ ਹਨ। ਟਿਕਾਅ 'ਚ ਹਨ ਤੇ ਅਨੰਦ 'ਚ ਹਨ। ਦੁਨੀਆ ਇਸ ਗਲ ਨੂੰ ਮਾਨਤਾ ਦੇਵੇਗੀ ਕਿ ਯੋਗਾ ਭਾਈਚਾਰਾ ਸੁਹਿਰਦ ਹੈ, ਭਰੋਸੇਯੋਗ ਹੈ ਅਤੇ ਸੱਚੀ ਭਾਵਨਾ ਵਾਲਾ ਹੈ। ਯੋਗਾ ਦਾ ਭਵਿੱਖ ਵੀ ਸੁੰਦਰ, ਸੁਨਹਿਰਾ ਤੇ ਆਨੰਦਮਈ ਹੈ। ਆਉਣ ਵਾਲੇ ਸਾਲਾਂ 'ਚ ਤਕਨੋਲੋਜੀ, ਮਨੋਵਿਗਿਆਨ ਅਤੇ ਸਮਾਜ ਸਾਸ਼ਤਰ ਦੇ ਖੇਤਰ ਵਿਚ ਵੱਡੀਆਂ ਤਬਦੀਲੀਆਂ ਵਾਪਰਨਗੀਆਂ। ਸੂਚਨਾ ਯੁਗ ਦੇ ਇਸ ਅਰਾਜਕ ਮਾਹੌਲ 'ਚ ਲੋਕਾਂ ਨੂੰ ਆਪਣੀ ਰੋਜ਼ ਮਰ੍ਹਾ ਦੀ ਜ਼ਿੰਦਗੀ ਦਾ ਭਾਰ ਝੱਲਣਾ ਹੀ ਮੁਸ਼ਕਲ ਹੋ ਜਾਏਗਾ। ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਸਾਨੂੰ ਆਪਣੇ ਤਨ, ਮਨ ਅਤੇ ਆਤਮਾ ਨੂੰ ਸੁੱਰਬਧ ਕਰਨਾ ਹੋਏਗਾ। ਦੁਨੀਆ ਜਾਣੇਗੀ ਕਿ ਇਸ ਵਾਸਤੇ ਯੋਗਾ ਹੀ ਇਕ ਰਾਹ ਹੈ।"



ਭਾਈ ਹਰਿਭਜਨ ਸਿੰਘ ਜੀ ਯੋਗੀ




ਸਾਰੀ ਦੁਨੀਆ ਵਿਚ ਹੀ ਰੂਹਾਨੀ ਚੇਤਨਾ ਅਤੇ ਬਦਲਵੀਂ ਜੀਵਨ ਜਾਚ ਤੇ ਅਧਾਰਤ ਲਹਿਰਾਂ ਚਲ ਰਹੀਆਂ ਹਨ। ਇਨ੍ਹਾਂ ਸਭ ਲਹਿਰਾਂ ਦੀ ਸਿਧਾਂਤਕ ਬੁਨਿਆਦ ਜੀਵਨ, ਕਾਇਨਾਤ ਅਤੇ ਸਮਾਜ ਬਾਰੇ ਇਕ ਨਵੀਂ ਤਰਾਂ ਦੀ ਚੇਤਨਾ ਵਿਚ ਹੈ। ਦਿਲਚਸਪ ਗਲ ਇਹ ਹੈ ਕਿ ਇਹ ਲਹਿਰਾਂ ਕਿਸੇ ਇਕ ਵਿਚਾਰਧਾਰਕ ਸੋਚ ਵਿਚੋਂ ਪੈਦਾ ਨਹੀਂ ਹੋ ਰਹੀਆਂ, ਬਲਕਿ ਭਿੰਨ ਭਿੰਨ ਸਰੋਤਾਂ ਤੋਂ ਵੱਖੋ ਵੱਖਰੇ ਲੋਕ ਇਕ ਨਵੀ ਤਰਾਂ ਦੀ ਸਾਂਝੀ ਚੇਤਨਾ ਤੇ ਅੱਪੜ ਰਹੇ ਹਨ। ਅੱਲਗ ਅੱਲਗ ਥਾਵਾਂ ਤੇ ਇਹ ਚੇਤਨਾ ਆਪਣੇ ਆਪ ਪ੍ਰਗਟ ਹੋਣ ਲੱਗੀ ਹੈ। ਅਸੀਂ ਆਪਣੇ ਆਮ ਜੀਵਨ ਵਿਚੋਂ ਹੀ ਇਹ ਦਿਲਚਸਪ ਵਰਤਾਰਾ ਨੋਟ ਕਰ ਸਕਦੇ ਹਾਂ ਕਿ ਅਚਾਨਕ ਹੀ ਸਾਨੂੰ ਕੋਈ ਅਜੇਹਾ ਮਿਲਦਾ ਹੈ ਜਿਸ ਬਾਰੇ ਸਾਨੂੰ ਇਹ ਪਤਾ ਲਗਦਾ ਹੈ ਕਿ ਉਸ ਦੀ ਯੋਗ, ਧਿਆਨ ਅਤੇ ਰੂਹਾਨੀਅਤ ਦੇ ਪ੍ਰਸ਼ਨਾਂ ਵਿਚ ਦਿਲਚਸਪੀ ਹੋ ਗਈ ਹੈ। ਕਈ ਵਾਰ ਇਹਨਾਂ ਲੋਕਾਂ ਬਾਰੇ ਸਾਡਾ ਪਹਿਲਾ ਪ੍ਰਭਾਵ ਕੁਝ ਵਖਰੀ ਤਰਾਂ ਦਾ ਹੁੰਦਾ ਹੈ। ਪਰ ਉਨ੍ਹਾਂ ਨੂੰ ਅਚਾਨਕ ਰੂਹਾਨੀਅਤ ਵਲ ਪਲਟੇ ਦੇਖਕੇ ਅਸੀਂ ਹੈਰਾਨ ਹੁੰਦੇ ਹਾਂ। ਜਿੰਨ੍ਹਾਂ ਨੂੰ ਅਸੀਂ ਸਖਤਜਾਨ ਤਰਕਸ਼ੀਲ ਸਮਝਦੇ ਸਾਂ, ਉਹ ਅਚਾਨਕ ਜੋਤਿਸ਼ ਵਿਚ ਦਿਲਚਸਪੀ ਲੈਂਦੇ ਨਜ਼ਰ ਆਉਂਦੇ ਹਨ। ਕੋਈ ਦੂਸਰਾ ਮਿਲਦਾ ਹੈ ਤੇ ਪਤਾ ਲਗਦਾ ਹੈ ਕਿ ਉਹ ਅਜਕ੍ਹਲ ਅੰਕ ਵਿਗਿਆਨ ਅਤੇ ਹਸਤ ਰੇਖਾ ਵਿਗਿਆਨ ਦੀਆਂ ਪੁਸਤਕਾਂ ਪੜ੍ਹ ਰਿਹਾ ਹੈ। ਸਾਨੂੰ ਆਪਣੇ ਸੀਮਤ ਜਿਹੇ ਸਰਕਲਾਂ ਵਿਚ ਹੀ ਕਾਫੀ ਅਜਿਹੇ ਲੋਕ ਮਿਲ ਜਾਂਦੇ ਹਨ, ਜਿਹੜੇ ਐਲੋਪੈਥੀ ਨੂੰ ਵਿਦਾ ਕਹਿ ਚੁੱਕੇ ਹੁੰਦੇ ਹਨ। ਜਿਹੜੇ ਮਾਸਾਹਾਰੀ ਭੋਜਨ ਤੋਂ ਵੀ ਮੁਖ ਮੋੜ ਗਏ ਹੁੰਦੇ ਹਨ। ਜਿਨ੍ਹਾਂ ਧਾਰਮਿਕ ਦੀਵਾਨਾਂ ਅਤੇ ਸਤਸੰਗਾਂ ਵਿਚ ਪਹਿਲਾਂ ਘਟ ਪੜ੍ਹੇ ਲਿਖੇ ਤੇ ਬਜ਼ੁਰਗ ਲੋਕ ਹੀ ਨਜ਼ਰ ਆਉਂਦੇ ਸਨ, ਉਥੇ ਹੁਣ ਸਮਾਜ ਦੇ ਉਚ ਵਰਗਾਂ ਦੇ ਪੜ੍ਹੇ ਲਿਖੇਂ ਲੋਕ ਵੀ ਨਜ਼ਰ ਆਉਣ ਲੱਗੇ ਹਨ। ਚੇਤਨਾ ਦਾ ਇਹ ਮੋੜ ਕਿਸੇ ਬਾਹਰੀ ਵਿਚਾਰਧਾਰਕ ਪ੍ਰਭਾਵ ਕਾਰਣ ਨਹੀਂ, ਬਲਕਿ ਅੰਦਰੋ ਹੀ ਪੈਦਾ ਹੋ ਰਹੀ ਨਵੀਂ ਤਰਾਂ ਦੀ ਜਾਗ ਅਤੇ ਜੀਵਨ ਤਰੰਗਾਂ ਦਾ ਸਿੱਟਾ ਹੈ। ਜਿਹੜੇ ਵੀ ਇਸ ਪਾਸੇ ਮੁੜੇ ਨਜ਼ਰ ਆ ਰਹੇ ਹਨ, ਉਹ ਆਪਣੇ ਜੀਵਨ ਅਨੂਭਵ ਵਿਚੋਂ ਹੀ ਇਸ ਪਾਸੇ ਖਿਚੇ ਚਲੇ ਆ ਰਹੇ ਹਨ। ਇਕ ਅਮਰੀਕੀ ਨਾਵਲਕਾਰ ਜੇਮਜ਼ ਰੈਡਫੀਲਡ ਦੇ ਨਾਵਲ ਸੈਲੇਸਟੀਨ ਪਰੌਫਸੀ ਵਿਚ ਇਹ ਧਾਰਨਾ ਪ੍ਰਗਟ ਕੀਤੀ ਗਈ ਹੈ ਕਿ ਸਾਰੀ ਦੁਨੀਆ ਅੰਦਰ ਹੀ ਰੂਹਾਨੀਅਤ ਦੀ ਜਾਗ ਲਗ ਰਹੀ ਹੈ ਅਤੇ ਆਉਣ ਵਾਲੇ ਦੌਰ ਵਿਚ ਸਾਰੀ ਮਾਨਵਤਾ ਹੀ ਇਹ ਰੂਹਾਨੀ ਦ੍ਰਿਸ਼ਟੀ ਪ੍ਰਾਪਤ ਕਰ ਲਏਗੀ। ਰੈਡਫੀਲਡ ਨੇ ਇਹ ਦਰਸਾਇਆ ਹੈ ਕਿ ਕਿਵੇਂ ਆਪਣੇ ਆਪ ਹੀ ਮਨੁੱਖਤਾ ਦੇ ਵੱਖ ਵੱਖ ਹਿਸੇ ਅਜਿਹੀ ਚੇਤਨਾ ਦਾ ਅਨੁਭਵ ਕਰਦੇ ਹਨ ਅਤੇ ਕਿਵੇਂ ਇਹ ਅੱਗਿਓਂ ਅੱਗੇ ਫੈਲਦੀ ਜਾਂਦੀ ਹੈ। ਉਸ ਨੇ ਦਰਸਾਇਆ ਕਿ ਪਹਿਲੀ ਵਾਰ ਜਦ ਇਹ ਚੇਤਨਾ ਕਿਸੇ ਵਿਚ ਪ੍ਰਗਟ ਹੁੰਦੀ ਹੈ ਤਾਂ ਇਸ ਦੇ ਮੁਢਲੇ ਅਨੁਭਵ ਕਿਹੋ ਜਿਹੇ ਹੁੰਦੇ ਹਨ, ਅਤੇ ਫੇਰ ਇਹ ਅਨੁਭਵ ਉਨ੍ਹਾਂ ਨੂੰ ਕਿਸ ਸਟੇਜ ਤੇ ਲੈ ਜਾਂਦਾ ਹੈ ।
ਜੇ ਅਸੀਂ ਜ਼ਰਾ ਕੁ ਸੰਵੇਦਨਸ਼ੀਲ ਦ੍ਰਿਸ਼ਟੀ ਨਾਲ ਦੇਖਣ ਲੱਗੀਏ ਤਾਂ ਸਾਨੂੰ ਆਪਣੇ ਆਲੇ ਦੁਆਲੇ ਇਹ ਵਰਤਾਰਾ ਵਾਪਰਦਾ ਨਜ਼ਰ ਆਵੇਗਾ। ਧਰਤੀ ਤੇ ਅਜਿਹੀ ਸੋਚ ਕੋਈ ਨਵੀਂ ਨਹੀਂ ਹੈ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਦੁਨੀਆ ਰੁਹਾਨੀ ਲਹਿਰਾਂ ਦੇ ਸਿਖ਼ਰ ਨੂੰ ਪਹਿਲਾਂ ਵੀ ਕਈ ਵਾਰ ਛੁਹ ਚੁੱਕੀ ਹੈ। ਰੂਸੀ ਮੂਲ ਦੇ ਇਕ ਮਹਾਤਮਾ ਗੁਰਜੀਏਫ ਨੇ ਆਪਣੀ ਸਾਰੀ ਉਮਰ ਇਸੇ ਚੀਜ਼ ਨੂੰ ਲਭਦਿਆਂ ਲਾ ਦਿੱਤੀ। ਉਹ ਲਗਭਗ ਵੀਹ ਸਾਲ ਮੱਧ ਏਸ਼ੀਆ ਅਤੇ ਭਾਰਤ ਦੇ ਰੂਹਾਨੀ ਡੇਰਿਆਂ ਅਤੇ ਮੱਠਾਂ ਵਿਚ ਭ੍ਰਮਣ ਕਰਦੇ ਰਹੇ। ਉਨ੍ਹਾਂ ਦੀ ਇਹ ਧਾਰਨਾਂ ਸੀ ਕਿ ਮਾਨਵਤਾ ਪਹਿਲਾਂ ਹੀ ਰੂਹਾਨੀ ਗਿਆਨ ਦੀ ਇਕ ਵੱਡੀ ਬੁਲੰਦੀ ਨੂੰ ਛੁਹ ਚੁੱਕੀ ਹੈ। ਕਿਸੇ ਵੱਡੀ ਪਰਲੋ ਵਿਚ ਪੂਰੀ ਸਭਿਅਤਾ ਬਰਬਾਦ ਹੋ ਗਈ ਅਤੇ ਉਹ ਪੁਰਾਣਾ ਗਿਆਨ ਹੁਣ ਸਿਰਫ ਕੁਝ ਅਵਸ਼ੇਸ਼ਾਂ ਦੇ ਰੂਪ ਵਿਚ ਹੀ ਮਿਲਦਾ ਹੈ। ਉਹ ਆਪਣੇ ਵੀਹ ਸਾਲ ਦੇ ਭ੍ਰਮਣ ਵਿਚ ਇਹ ਅਵਸ਼ੇਸ਼ ਹੀ ਇੱਕਤਰ ਕਰਦੇ ਰਹੇ। ਇਸੇ ਦੇ ਅਧਾਰ ਤੇ ਉਨ੍ਹਾਂ ਕਾਇਨਾਤ ਅਤੇ ਮਨੁਖੀ ਹੋਂਦ ਬਾਰੇ ਆਪਣਾ ਨਵਾਂ ਗਿਆਨ ਅਤੇ ਮਾਰਗ ਪੇਸ਼ ਕੀਤਾ। ਉਨ੍ਹਾਂ ਦੇ ਇਕ ਵਿਦਿਆਰਥੀ ਪੀਡੀ ਔਸਪੈਂਸਕੀ ਨੇ ਆਪਣੀਆਂ ਕਿਤਾਬਾਂ ਇਨ ਦੀ ਸਰਚ ਔਫ ਮਿਰੈਕੁਲਸ ਅਤੇ ਫੋਰਥ ਵੇਅ ਵਿਚ ਗੁਰਜੀਏਫ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਗੁਰਜੀਏਫ ਨੇ ਆਪਣੀ ਕਿਤਾਬ ਮੀਟਿੰਗਜ਼ ਵਿਦ ਰਿਮਾਰਕੇਬਲ ਮੈੱਨ ਵਿਚ ਆਪਣੇ ਭ੍ਰਮਣਾਂ ਦੇ ਅਨੁਭਵ ਬਿਆਨੇ ਹਨ। ਗਿਆਨ ਅਤੇ ਜੀਵਨ ਦੀ ਇਹ ਧਾਰਾ ਆਪਣੇ ਸੀਮਤ ਦਾਇਰਿਆਂ ਵਿਚ ਹਮੇਸ਼ਾ ਜਾਰੀ ਰਹੀ ਹੈ। ਪਰ ਕੁਝ ਅਰਸਾ ਪਹਿਲਾਂ ਤਕ ਕੁਝ ਛੋਟੇ ਸਮਾਜਿਕ ਦਾਇਰਿਆਂ ਦਾ ਹੀ ਵਰਤਾਰਾ ਸੀ। ਇਹ ਸਮਾਜ ਦੀ ਮੁਖਧਾਰਾ ਨਹੀਂ ਸੀ।
ਪਿਛਲੇ ਕੁਝ ਸਾਲਾਂ ਤੋਂ ਰੂਹਾਨੀ ਜਾਗਰਤੀ ਲਹਿਰ ਵਿਸ਼ਵ ਪੱਧਰ ਤੇ ਹੀ ਜੀਵਨ ਦੀ ਮੁਖਧਾਰਾ ਬਣਨ ਵਲ ਵਧਣ ਲਗੀ ਹੈ। ਇਹ ਮੌਜੂਦਾ ਪੂੰਜੀਵਾਦੀ, ਪੱਛਮੀ, ਵਿਗਿਆਨਕ ਮੁਲਾਂ ਤੇ ਉਸਰੇ ਖਪਤ ਸਭਿਆਚਾਰ ਤੇ ਅਧਾਰਤ ਜੀਵਨ ਦੇ ਮੁਕਾਬਲੇ ਇਕ ਬਦਲਵੀਂ ਜੀਵਨ ਜਾਚ ਵਜੋਂ ਸਾਹਮਣੇ ਆ ਰਹੀ ਹੈ। ਯੋਗਾ, ਸਾਧਨਾ, ਸਾਤਵਿਕ ਭੋਜਨ, ਕੁਦਰਤ ਪ੍ਰਤੀ ਲਗਾਓ ਅਤੇ ਉਸ ਨਾਲ ਇਕਸੁਰਤਾ ਇਸ ਜੀਵਨ ਜਾਚ ਦੀਆਂ ਮੁਖ ਤੰਦਾਂ ਹਨ। ਵਾਸਤਵ ਵਿਚ ਅਜਿਹੀ ਜੀਵਨ ਜਾਚ ਕਦੇ ਵੀ ਨਵੀਂ ਨਹੀ ਸੀ। ਪਿਛਲੇ ਦਹਾਕਿਆਂ ਜਾਂ ਸਦੀਆਂ ਦੌਰਾਨ ਵੀ ਇਹ ਇਕ ਨਿਰੰਤਰ ਧਾਰਾ ਵਜੋਂ ਮੌਜੂਦ ਰਹੀ ਹੈ। ਮਹਾਤਮਾ ਗਾਂਧੀ ਵੀ ਇਸੇ ਤਰਾਂ ਦੀ ਜੀਵਨ ਜਾਚ ਦੇ ਧਾਰਨੀ ਸਨ। ਬਹੁਤ ਸਾਰੀਆਂ ਸੰਪਰਦਾਵਾਂ ਵੀ ਇਸ ਜੀਵਨ ਜਾਚ ਦੀਆਂ ਵਾਹਕ ਬਣੀਆਂ ਰਹੀਆਂ। ਮਿਸਾਲ ਦੇ ਤੋਰ ਤੇ ਪੰਜਾਬ ਵਿਚ ਨਾਮਧਾਰੀ ਲਹਿਰ ਦੇ ਸੰਸਥਾਨਾਂ ਵਿਚ ਇਸ ਤਰਾਂ ਦੀ ਜੀਵਨ ਧਾਰਾ ਦੇ ਅੰਸ਼ ਮਿਲ ਜਾਂਦੇ ਹਨ। ਫਰਕ ਸਿਰਫ ਇੰਨਾ ਹੈ ਕਿ ਪਿਛਲੇ ਸਮਿਆਂ ਦੌਰਾਨ ਅਜਿਹੀਆਂ ਜੀਵਨ ਧਾਰਾਵਾਂ ਸਮਾਜ ਦੇ ਹਾਸ਼ੀਏ ਤੇ ਹੀ ਮੌਜੂਦ ਰਹਿੰਦੀਆਂ ਸਨ। ਸਮਾਜ ਦੀ ਮੁਖਧਾਰਾ ਉਨ੍ਹਾਂ ਨੂੰ ਪਛੜੀਆਂ ਜਾਂ ਪੁਰਾਤਨ ਚੀਜਾਂ ਵਜੋਂ ਹੀ ਦੇਖਦੀ ਸੀ। ਸਮਾਜ ਦਾ ਪੜ੍ਹਿਆ ਲਿਖਿਆ ਵਰਗ ਅਤੇ ਯੁਵਕ ਤਬਕਾ ਇਸ ਤਰਾਂ ਦੀ ਜੀਵਨ ਜਾਚ ਨੂੰ ਪਿਛਾਂਹ ਖਿਚੂ ਸਮਝਦਾ ਸੀ ਪਰ ਇਹ ਸਾਰੀ ਪੁਰਾਤਨਤਾ ਫਿਰ ਜਾਗ ਪਈ ਹੈ। ਸ੍ਰੀ ਸ੍ਰੀ ਰਵੀ ਸ਼ੰਕਰ ਇਸ ਨੂੰ ਪੁਰਾਤਨ ਨਵਾਂ ਸੰਸਾਰ (Ancient New World) ਕਹਿੰਦੇ ਹਨ। ਸਭ ਪੁਰਾਤਨ ਚੀਜਾਂ ਤੇ ਪੁਨਰ ਵਿਚਾਰ ਹੋ ਰਹੀ ਹੈ ਅਤੇ ਉਹ ਜੀਵਨ ਦੀ ਮੁਖਧਾਰਾ ਵਿਚ ਆ ਰਹੀਆਂ ਹਨ। ਹਰ ਖੇਤਰ ਵਿਚ ਅਸੀਂ ਇਹ ਵਰਤਾਰਾ ਦੇਖ ਸਕਦੇ ਹਾਂ।



ਯੋਗ ਅਤੇ ਧਿਆਨ

ਆਧੁਨਿਕ ਸਮਿਆਂ ਵਿਚ ਯੋਗ ਦੀ ਪੁਨਰ ਜਾਗਰਤੀ ਪੱਛਮ ਚੋਂ ਹੋਈ। ਹੈਰਾਨੀ ਦੀ ਗੱਲ ਹੈ ਕਿ ਬੁਨਿਆਦੀ ਤੌਰ ਤੇ ਭਾਰਤ ਦੀ ਧਰਤੀ ਤੇ ਪੈਦਾ ਹੋਈ ਇਹ ਸਾਇੰਸ ਆਧੁਨਿਕ ਯੁਗ ਵਿਚ ਬਹੁਤ ਦੇਰ ਤਕ ਸਿਰਫ ਯੋਗ ਸਕੂਲਾਂ ਅਤੇ ਮੱਠਾਂ ਤਕ ਹੀ ਸੀਮਤ ਸੀ। ਭਾਰਤ ਵਿਚ ਪਿਛਲੇ ਲੰਬੇ ਅਰਸੇ ਦੌਰਾਨ ਜਿਹੜੇ ਲੋਕ ਯੋਗ ਕਰਦੇ ਵੀ ਸਨ, ਉਹ ਇਸ ਨੂੰ ਸਰੀਰਕ ਫਿਟਨੈਸ ਦੀ ਇਕ ਪੁਰਾਤਨ ਵਿਧੀ ਹੀ ਸਮਝਦੇ ਸਨ। ਪਰ ਵਾਸਤਵ ਵਿਚ ਯੋਗ ਸਿਰਫ ਸਰੀਰਕ ਕਸਰਤ ਨਹੀਂ ਹੈ। ਸਵਾਮੀ ਰਾਮਦੇਵ ਕਹਿੰਦੇ ਹਨ ਕਿ ਯੋਗ ਨਾਲ ਤੁਹਾਡੀ ਸਖਸ਼ੀਅਤ ਵਿਚ ਸਰਵਪੱਖੀ ਖੇੜਾ ਜਾਗਦਾ ਹੈ। ਇਹ ਸਿਰਫ ਕਸਰਤ ਨਹੀਂ ਹੈ। ਨਿਰੰਤਰ ਯੋਗ ਅਭਿਆਸ ਸਾਡੇ ਭਾਵਨਾਵਾਂ ਅਤੇ ਵਿਚਾਰਾਂ ਦੇ ਸੰਸਾਰ ਵਿਚ ਵੀ ਮੂਲਭੂਤ ਤਬਦੀਲੀਆਂ ਲਿਆਉਂਦਾ ਹੈ। ਯੋਗਾਨੰਦ ਪਰਮਾਹੰਸ ਕਹਿੰਦੇ ਹਨ ਕਿ ਯੋਗ ਮਨੁਖੀ ਵਿਕਾਸ ਦੀ ਇਕ ਅਦਭੁਤ ਤਕਨੀਕ ਹੈ। ਉਹ ਕਹਿੰਦੇ ਹਨ ਕਿ ਆਪਣੇ ਤੌਰ ਤੇ ਮਨੁਖੀ ਵਿਕਾਸ ਦੀ ਗਤੀ ਬਹੁਤ ਧੀਮੀ ਹੈ। ਆਮ ਹਾਲਾਤ ਵਿਚ ਮਨੁਖ ਜਿਹੜਾ ਰੂਹਾਨੀ-ਬੌਧਿਕ ਵਿਕਾਸ ਸੈਂਕੜੇ ਸਾਲਾਂ ਵਿਚ ਕਰਦਾ ਹੈ, ਯੋਗ ਜ਼ਰੀਏ ਉਹ ਕੁਝ ਹੀ ਸਾਲਾਂ ਵਿਚ ਹੋ ਜਾਂਦਾ ਹੈ। ਯੋਗ ਮਨੁਖੀ ਵਿਕਾਸ ਦੀ ਗਤੀ ਨੂੰ ਤੇਜ਼ ਕਰਦਾ ਹੈ। ਇਸ ਵਕਤ ਦੁਨੀਆ ਵਿਚ ਕਰੋੜਾਂ ਲੋਕ ਯੋਗ ਦੀ ਕਿਸੇ ਨਾ ਕਿਸੇ ਵਿਧੀ ਨਾਲ ਜੁੜੇ ਹਨ ਅਤੇ ਇਸ ਦਾ ਅਭਿਆਸ ਕਰਦੇ ਹਨ। ਬੇਸ਼ਕ ਉਹ ਸਾਰੇ ਯੋਗ ਦੇ ਇਸ ਪੱਖ ਬਾਰੇ ਜਾਗਰਤ ਨਾ ਹੋਣ, ਜਿਸ ਦਾ ਜ਼ਿਕਰ ਯੋਗਾਨੰਦ ਪਰਮਾਹੰਸ ਕਰਦੇ ਹਨ ਪਰ ਅਚੇਤ ਤੋਰ ਤੇ ਜੋ ਵਾਪਰ ਰਿਹਾ ਹੈ, ਸ਼ਾਇਦ ਉਸੇ ਸਦਕਾ ਮਨੁਖੀ ਚੇਤਨਾ ਵਿਚ ਇਕ ਮੋੜ ਆਉਣ ਲੱਗਿਆ ਹੈ। ਆਧੁਨਿਕ ਰੂਹਾਨੀ ਚੇਤਨਾ ਲਹਿਰ ਦੀ ਬੁਨਿਆਦੀ ਚੂਲ ਯੋਗ ਹੈ। ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਸਭਿਅਤਾ ਨੂੰ ਰੂਹਾਨੀਅਤ ਦੀ ਜਾਗ ਯੋਗ ਜ਼ਰੀਏ ਹੀ ਲਗਣੀ ਸੀ। ਯੋਗਾਨੰਦ ਪਰਮਾਹੰਸ ਨੇ ਆਪਣੀ ਕਿਤਾਬ ਆਟੋਬਾਇਗ੍ਰਾਫੀ ਔਫ ਏ ਯੋਗੀ ਵਿਚ ਯੋਗ ਅਤੇ ਇਸ ਨਾਲ ਜੁੜੀ ਰੂਹਾਨੀ ਧਾਰਾ ਦੇ ਅਨੇਕ ਰਹੱਸਾਂ ਨੂੰ ਪਹਿਲੀ ਵਾਰ ਪੱਛਮੀ ਦੁਨੀਆ ਅਗੇ ਰੱਖਿਆ। ਪੱਛਮੀ ਅਤੇ ਤਾਰਕਿਕ ਮਨ ਦੇ ਸਮਝਣਯੋਗ ਅੰਦਾਜ ਵਿਚ ਲਿਖੀ ਗਈ ਯੋਗ ਜੀਵਨ ਦੀ ਇਹ ਸਰਵੋਤਮ ਕਥਾ ਹੈ। ਇਸ ਨੇ ਰੂਹਾਨੀ ਜਗਿਆਸੂਆਂ ਦੀ ਇਕ ਵੱਡੀ ਧਾਰਾ ਨੂੰ ਜਨਮ ਦਿੱਤਾ। ਸਾਰੀਆਂ ਆਧੁਨਿਕ ਰੂਹਾਨੀ ਲਹਿਰਾਂ ਵਿਚ ਯੋਗ ਜਾਂ ਇਸਦੀਆਂ ਵਿਧੀਆਂ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਹਨ। ਸ੍ਰੀ ਸ੍ਰੀ ਰਵੀ ਸ਼ੰਕਰ ਕਹਿੰਦੇ ਹਨ ਕਿ ਇਸ ਵਕਤ ਇਕੱਲੇ ਅਮਰੀਕਾ ਵਿਚ ਹੀ ਯੋਗ ਕਈ ਬਿਲੀਅਨ ਡਾਲਰ ਦੀ ਇੰਡਸਟਰੀ ਬਣ ਚੁਕਿਆ ਹੈ।
ਯੋਗ ਤੇ ਧਿਆਨ ਦੀਆਂ ਵੱਖ ਵੱਖ ਵਿਧੀਆਂ ਵਿਚ ਇਸ ਵਕਤ ਵਿਸ਼ਵ ਵਿਆਪੀ ਰੁਚੀ ਪੈਦਾ ਹੋ ਚੁੱਕੀ ਹੈ। ਪੱਛਮੀ ਮੁਲਕਾਂ ਵਿਚ ਵੀ ਬੁਕ ਸਟੋਰਾਂ ਅਤੇ ਮਿਊਜ਼ਿਕ ਸਟੋਰਾਂ ਦਾ ਇਕ ਚੱਕਰ ਲਗਾਓ ਤਾਂ ਸਾਨੂੰ ਸੈਂਕੜੇ ਦੀ ਗਿਣਤੀ ਵਿਚ ਅਜਿਹੀਆਂ ਕਿਤਾਬਾਂ ਅਤੇ ਸੰਗੀਤ ਦੀਆਂ ਕੈਸਟਾਂ ਮਿਲ ਜਾਣਗੀਆਂ, ਜਿਹੜੀਆਂ ਸਾਧਨਾ ਜਾਂ ਧਿਆਨ ਦੇ ਕਿਸੇ ਪਹਿਲੂ ਨਾਲ ਸੰਬਧਤ ਹਨ। ਆਧੁਨਿਕ ਸਮਾਜ ਵਿਚ ਧਿਆਨ ਦੀਆਂ ਵੱਖ ਵੱਖ ਵਿਧੀਆਂ ਦਾ ਸਭ ਤੋ ਵਿਆਪਕ ਪਰਿਚਾਲਨ ਓਸ਼ੋ ਰਾਹੀਂ ਹੋਇਆ। ਉਨ੍ਹਾਂ ਇਸ ਬਾਰੇ ਇਕ ਵਿਸ਼ਵ ਵਿਆਪੀ ਲਹਿਰ ਪੈਦਾ ਕੀਤੀ।
ਓਸ਼ੋ ਕਹਿੰਦੇ ਹਨ ਕਿ ਧਿਆਨ ਮਨ ਦੀ ਇਕਾਗਰਤਾ ਨਹੀਂ ਹੈ। ਬਲਕਿ ਮਨ ਨੂੰ ਬੇਰੋਕ ਵਹਿਨ ਦੇਣਾ ਹੈ ਤਾਂ ਜੋ ਇਹ ਹੌਲੀ ਹੌਲੀ ਆਪਣੇ ਟਿਕਾਅ ਵਲ ਪਰਤ ਆਏ। ਇਸ ਸਬੰਧ ਵਿਚ ਉਹ ਆਪਣੇ ਪਸੰਦੀਦਾ ਪਾਤਰ ਮੁਲਾ ਨਸਰੂਦੀਨ ਦੀ ਇਕ ਕਹਾਣੀ ਸੁਣਾੳਂਦੇ ਹਨ। ਮੁਲਾ ਨਸਰੂਦੀਨ ਨਾਲ ਹਮੇਸ਼ਾ ਉਨ੍ਹਾਂ ਦਾ ਗਧਾ ਰਹਿੰਦਾ ਸੀ। ਉਹ ਆਪਣੀ ਆਦਤ ਤੋਂ ਮਜਬੂਰ ਸੀ ਅਤੇ ਹਮੇਸ਼ਾ ਮੁਲਾ ਨਸਰੂਦੀਨ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ। ਗਧੇ ਦਾ ਇਹ ਸੁਭਾਵ ਹੀ ਹੈ ਕਿ ਉਹ ਕਦੇ ਸਿੱਧਾ ਨਹੀਂ ਤੁਰ ਸਕਦਾ। ਮੁਲਾ ਉਸਨੂੰ ਸਿਧੇ ਰਾਹ ਤੋਰਨ ਦੀ ਕੋਸ਼ਿਸ਼ ਕਰਦਾ ਤੇ ਉਹ ਉਲਟੇ ਪਾਸੇ ਜਾਂਦਾ। ਮੁਲਾ ਰੋਜ਼ ਗਧੇ ਦੀਆਂ ਇਹਨਾਂ ਆਦਤਾਂ ਨਾਲ ਜੂਝਦੇ ਰਹਿੰਦੇ। ਉਹ ਉਸ ਨੂੰ ਅੱਗੇ ਨੂੰ ਖਿਚਦੇ ਤਾਂ ਉਹ ਪੈਰ ਗੱਡਕੇ ਖੜ੍ਹ ਜਾਂਦਾ। ਉਹ ਉਸ ਨੂੰ ਸਿਧਾ ਤੋਰਨ ਦੀ ਕੋਸ਼ਿਸ਼ ਕਰਦੇ ਤਾਂ ਉਹ ਨਾਲ ਦੇ ਖੇਤਾਂ ਵਿਚ ਵੜ ਜਾਂਦਾ । ਉਸ ਨੇ ਸਿਧਾ ਨਾ ਤੁਰਨ ਦੀ ਸਹੁੰ ਹੀ ਖਾਧੀ ਸੀ। ਇਕ ਦਿਨ ਮੁਲਾ ਉਸ ਦੀਆਂ ਇਨ੍ਹਾਂ ਆਦਤਾ ਤੋਂ ਦੁਖੀ ਹੋ ਗਏ। ਹੱਥ ਜੋੜ ਕੇ ਉਸ ਦੇ ਅੱਗੇ ਖੜ੍ਹ ਗਏ ਕਿ ਅੱਜ ਤੋ ਬਾਅਦ ਤੂੰ ਮੇਰਾ ਮਾਲਕ ਤੇ ਮੈਂ ਤੇਰਾ ਨੌਕਰ। ਤੂੰ ਜਿਧਰ ਚਲੇਂਗਾ, ਮੈਂ ਤੇਰੇ ਪਿਛੇ ਚਲਾਂਗਾ। ਇਸ ਕਰਕੇ ਅੱਜ ਤੂੰ ਅੱਗੇ ਚਲ , ਮੈਂ ਤੇਰੇ ਪਿਛੇ ਚਲਾਂਗਾ। ਮੁਲਾ ਨਸਰੂਦੀਨ ਨੇ ਗਧੇ ਦੀ ਰੱਸੀ ਛੱਡ ਦਿੱਤੀ ਅਤੇ ਉਸ ਦੇ ਪਿਛੇ ਪਿਛੇ ਚਲਣਾ ਸ਼ੁਰੂ ਕਰ ਦਿੱਤਾ। ਗਧਾ ਜਿਧਰ ਦੀ ਚਲਦਾ, ਮੁਲਾ ਉਸ ਦੇ ਪਿਛੇ ਪਿਛੇ ਚਲਦੇ ਜਾਂਦੇ। ਗਧਾ ਖੇਤਾਂ ਵਿਚ ਜਾਏ ਤਾਂ ਮੁਲਾ ਵੀ ਉਸੇ ਪਾਸੇ ਤੁਰ ਪੈਣ। ਉਹ ਰੁਕ ਜਾਏ ਤਾਂ ਉਹ ਵੀ ਰੁਕ ਜਾਣ। ਕਰਦੇ ਕਰਦੇ ਸ਼ਾਮ ਪੈ ਗਈ। ਅਖੀਰ ਗਧੇ ਨੇ ਆਪਣੀ ਹਾਰ ਮਨ ਲਈ। ਉਸ ਨੇ ਆਪਣੀ ਗਲਤੀ ਮੰਨ ਲਈ ਤੇ ਕਿਹਾ ਕਿ ਮੇਰੇ ਮਾਲਕ ਅੱਜ ਤੋਂ ਬਾਅਦ ਮੈਂ ਤੂਹਾਨੂੰ ਪ੍ਰੇਸ਼ਾਨ ਨਹੀਂ ਕਰਾਂਗਾ। ਜਿਧਰ ਕਹੋਂਗੇ ਉਧਰ ਹੀ ਚਲਾਂਗਾ। ਓਸੋਂ ਕਹਿੰਦੇ ਹਨ ਕਿ ਇਸ ਕਹਾਣੀ ਵਿਚ ਗਧਾ ਮਨੁੱਖੀ ਮਨ ਦਾ ਪ੍ਰਤੀਕ ਹੈ। ਆਦਮੀ ਦਾ ਮਨ ਇਕ ਗਧੇ ਦੀ ਤਰਾਂ ਹੈ। ਇਸ ਨੂੰ ਸਿੱਧਾ ਹਿੱਕ ਕੇ ਨਹੀ ਤੋਰਿਆ ਜਾ ਸਕਦਾ। ਮਹਾਤਮਾ ਲੋਕ ਮਨ ਦੇ ਜੋ ਨਿਯਮ ਦਸਦੇ ਹਨ, ਉਨਾਂ ਵਿਚ ਇਕ ਨਿਯਮ ਇਹ ਹੈ ਕਿ ਮਨੁਖੀ ਮਨ ਨੂੰ ਮਨ ਦੇ ਜ਼ਰੀਏ ਕਾਬੂ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਸਦੀਆਂ ਤੋਂ ਇਹ ਐਨੀ ਵੱਡੀ ਅੜਾਉਣੀ ਬਣਿਆ ਹੋਇਆ ਹੈ। ਗੁਰੂ ਨਾਨਕ ਮਨ ਜੀਤੈ ਜਗੁ ਜੀਤ ਦੇ ਵਾਕ ਰਾਹੀਂ ਇਸ ਆਦਿ ਜੁਗਾਦੀ ਗੁੰਝਲ ਵਲ ਹੀ ਇਸ਼ਾਰਾ ਕਰਦੇ ਹਨ। ਆਰਟ ਔਫ ਲਿਵਿੰਗ ਦੀਆਂ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਇਕ ਵਿਧੀ ਕਰਵਾਈ ਜਾਂਦੀ ਹੈ। ਇਸ ਵਿਧੀ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਕਿ ਇਸ ਵਿਧੀ ਦੌਰਾਨ ਸਾਰਿਆਂ ਨੇ ਅੱਖਾਂ ਬੰਦ ਕਰਕੇ ਕੁਝ ਮਿੰਟ ਲਈ ਬੈਠ ਜਾਣਾ ਹੈ ਅਤੇ ਮਨ ਵਿਚ ਆ ਰਹੇ ਖਿਆਲਾਂ ਬਾਰੇ ਨੋਟ ਕਰਦੇ ਜਾਣਾ ਹੈ। ਪਰ ਇਸ ਗਲ ਦਾ ਧਿਆਨ ਰੱਖਣਾ ਹੈ ਕਿ ਕਿਸੇ ਬਾਂਦਰ ਦਾ ਖਿਆਲ ਮਨ ਵਿਚ ਨਾ ਆਏ। ਪ੍ਰਕਿਰਿਆ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਸਾਰਿਆਂ ਨੂੰ ਉਨ੍ਹਾਂ ਦੇ ਅਨੁਭਵਾਂ ਬਾਰੇ ਪੁਛਿਆ ਜਾਂਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਕਿਸ ਕਿਸ ਤਰਾਂ ਦੇ ਖਿਆਲ ਆਉਂਦੇ ਰਹੇ। ਇਸ ਮੌਕੇ ਸਾਰਿਆਂ ਦਾ ਇਹ ਸਾਂਝਾ ਜਵਾਬ ਹੁੰਦਾ ਹੈ ਕਿ ਵੱਖ ਵੱਖ ਤਰਾਂ ਦੇ ਬਾਂਦਰ ਹੀ ਉਨਾਂ ਦੇ ਖਿਆਲਾਂ ਵਿਚ ਘੁੰਮਦੇ ਰਹੇ। ਇਹ ਵਿਧੀ ਮਨ ਦਾ ਇਕ ਨਿਯਮ ਸਮਝਾਉਣ ਲਈ ਕਰਵਾਈ ਜਾਂਦੀ ਹੈ।ਇਹ ਨਿਯਮ ਹੈ ਕਿ ਮਨ ਨੂੰ ਅਸੀਂ ਜਿਸ ਪਾਸਿੳਂ ਰੋਕਦੇ ਹਾਂ, ਉਸੇ ਪਾਸੇ ਜਾਂਦਾ ਹੈ। ਇਹ ਮਨ ਦਾ ਮੂਲ ਨਯਮ ਹੈ। ਇਸੇ ਕਰਕੇ ਮਨ ਨੂੰ ਮਨ ਦੁਆਰਾ ਹੀ ਕਾਬੂ ਕਰਨ ਦੀਆਂ ਵਿਧੀਆਂ ਅਕਸਰ ਫੇਲ੍ਹ ਹੁੰਦੀਆਂ ਹਨ। ਮਿਸਾਲ ਦੇ ਤੌਰ ਤੇ ਸਚਾਈ ਅਤੇ ਨੇਕੀ ਦੇ ਸਾਰੇ ਅਸੂਲ ਅਸੀਂ ਜਾਣਦੇ ਅਤੇ ਸਮਝਦੇ ਹੁੰਦੇ ਹਾਂ। ਪਰ ਇਸ ਦੇ ਬਾਵਜੂਦ ਮਨ ਨੂੰ ਉਨਾਂ ਤੇ ਨਹੀਂ ਤੋਰਿਆ ਜਾ ਸਕਦਾ। ਜਾਂ ਅਸੀ ਆਪਣੇ ਮਨ ਦੀਆਂ ਆਦਤਾਂ ਅਤੇ ਝੁਕਾਵਾਂ ਤੇ ਕਾਬੂ ਨਹੀਂ ਪਾ ਸਕਦੇ। ਇਸ ਕਰਕੇ ਵੱਖ ਵੱਖ ਮਹਾਤਮਾਂਵਾ ਅਤੇ ਰੂਹਾਨੀ ਸਕੂਲਾਂ ਨੇ ਮਨ ਤੇ ਕਾਬੂ ਪਾਉਣ ਜਾਂ ਇਸ ਨੂੰ ਸਾਧਣ ਦੀਆਂ ਵੱਖ ਵੱਖ ਵਿਧੀਆਂ ਵਿਕਸਤ ਕੀਤੀਆਂ ਹੋਈਆਂ ਹਨ। ਕੁਝ ਮਹਾਤਮਾ ਤਾਂ ਸਾਹ ਦੀ ਰੈਗੂਲੇਸ਼ਨ ਨੂੰ ਮਨ ਤੇ ਕਾਬੂ ਪਾਉਣ ਦੀ ਇਕ ਤਕਨੀਕ ਦਸਦੇ ਹਨ।
ਵੱਖ ਵੱਖ ਰੂਹਾਨੀ ਲਹਿਰਾਂ ਵਿਚ ਮਨ ਤੇ ਕਾਬੂ ਪਾਉਣ ਤੇ ਉਸ ਨੂੰ ਸਾਧਨ ਦੀਆਂ ਅਲੱਗ ਅਲੱਗ ਵਿਧੀਆਂ ਹਨ। ਭਾਈ ਹਰਭਜਨ ਸਿੰਘ ਯੋਗੀ ਜੀ ਕਹਿੰਦੇ ਹਨ:
''ਆਪਣੇ ਮਨ ਤੇ ਫਤਿਹ ਪਾਓ, ਤੁਸੀਂ ਸਾਰੇ ਸੰਸਾਰ ਤੇ ਫਤਿਹ ਪਾ ਲਵੋਂਗੇ। ਕਿਹੜੇ ਮਨ ਤੇ? ਚੇਤਨ ਮਨ ਤੇ? ਨਹੀਂ । ਸੁਪਰ ਚੇਤਨ ਮਨ ਤੇ? ਨਹੀਂ। ਤਾਂ ਫੇਰ ਕਿਹੜੇ ਮਨ ਤੇ ? ਅਵਚੇਤਨ ਮਨ ਤੇ। ਜੇ ਤੁਸੀਂ ਆਪਣੇ ਅਵਚੇਤਨ ਮਨ ਤੇ ਫਤਿਹ ਪਾ ਲਓ ਤਾਂ ਤੁਸੀਂ ਸੱਚ ਮੁਚ ਹੀ ਸੰਸਾਰ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ।"
ਇਸ ਤਰਾਂ ਬਹੁਤ ਸਾਰੀਆਂ ਰੂਹਾਨੀ ਵਿਧੀਆਂ ਮਨ ਦੀ ਇਸ ਸਤਹ ਨੂੰ ਸੰਬੋਧਤ ਹੋਣ ਦੇ ਹੀ ਰਾਹ ਹਨ। ਧਿਆਨ ਦੀਆਂ ਸੈਂਕੜੇ ਕਿਸਮਾਂ ਮਨ ਤੇ ਕਾਬੂ ਪਾਉਣ ਅਤੇ ਉਸ ਦੇ ਵਿਕਾਸ ਦੀਆਂ ਹੀ ਅਜਿਹੀਆਂ ਤਕਨੀਕਾਂ ਹਨ। ਕਿਸੇ ਮਹਾਤਮਾ ਨੇ ਕਿਹਾ ਹੈ ਕਿ ਧਿਆਨ ਪ੍ਰਭੂ ਦਾ ਮਿਲਨ ਨਹੀਂ ਹੈ, ਬਲਕਿ ਪ੍ਰਭੂ ਮਿਲਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੈ। ਇਹ ਪ੍ਰਭੂ ਨੂੰ ਮਹਿਸੂਸ ਕਰਨ ਅਤੇ ਜਾਣਨ ਜੋਗੀ ਸੰਵੇਦਨਾ ਅਤੇ ਬੁਧੀ ਵਿਕਸਤ ਕਰਨ ਲਈ ਮਨ ਦੀ ਇਕ ਪ੍ਰਕਿਰਿਆ ਹੈ ਜਾਂ ਮਨ ਨੂੰ ਸੁਰਬੱਧ ਕਰਨ ਦਾ ਇਕ ਅਮਲ ਹੈ। ਰੂਹਾਨੀਅਤ ਦਾ ਅਸਲ ਸਫਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਪਾਠ ਵੀ ਮਨ ਨੂੰ ਸਾਧਣ ਦੀ ਇਕ ਵਿਧੀ ਹੈ। ਇਹ ਵੀ ਸਾਧਨਾ ਦਾ ਹੀ ਇਕ ਰੂਪ ਹੈ। ਰੂਹਾਨੀ ਪਰੰਪਰਾਵਾਂ ਵਿਚ ਇਸ ਵਿਧੀ ਦੀ ਵੀ ਇਕ ਵਿਸ਼ੇਸ਼ ਥਾਂ ਹੈ। ਰੂਹਾਨੀ ਵਿਧੀਆਂ ਅਤੇ ਗਿਆਨ ਦੇ ਰਹੱਸਾਂ ਨੂੰ ਆਧੁਨਿਕ ਅਤੇ ਤਾਰਕਿਕ ਭਾਸ਼ਾ ਵਿਚ ਪੇਸ਼ ਕਰਨ ਦਾ ਸਬ ਤੋਂ ਵੱਡਾ ਕਾਰਜ ਗੁਰਜੀਏਫ ਨੇ ਕੀਤਾ ਹੈ। ਉਨ੍ਹਾਂ ਦੀ ਤਿੰਨ ਹਿਸਿਆਂ ਵਿਚ ਲਿਖੀ ਗਈ ਕਿਤਾਬ ਬੀਲਜ਼ਬੂਬਜ਼ ਟੇਲਸ਼ ਟੂ ਹਿਜ਼ ਗਰੈਂਡਸਨ ਬੜੇ ਜਟਿਲ ਅੰਦਾਜ਼ ਵਿਚ ਲਿਖੀ ਗਈ ਕਿਤਾਬ ਹੈ। ਉਸ ਕਿਤਾਬ ਦਾ ਗਿਆਨ ਸਿਰਫ ਉਸ ਦੇ ਅਰਥਾਂ ਵਿਚ ਨਹੀਂ ਹੈ। ਬਲਕਿ ਉਸ ਦੇ ਵਾਕਾਂ ਦੀ ਬਣਤਰ ਅਤੇ ਪੜ੍ਹਨ ਦੀ ਵਿਧੀ ਵਿਚ ਲੁਪਤ ਹੈ। ਗੁਰਜੀਏਫ ਵਲੋਂ ਇਸ ਕਿਤਾਬ ਨੂੰ ਪੜ੍ਹਨ ਦੀ ਇਕ ਖਾਸ ਵਿਧੀ ਦੱਸੀ ਗਈ ਹੈ। ਗੁਰਜੀਏਫ ਦਾ ਇਹ ਕਹਿਣਾ ਸੀ ਕਿ ਮਨੁਖ ਅੰਦਰ ਗਿਆਨ ਦਾ ਸੰਚਾਰ ਸਿਰਫ ਇਕ ਬੌਧਿਕ ਸੰਚਾਰ ਨਹੀਂ ਹੈ। ਜਿਵੇਂ ਦਵਾਈ ਲੈਣ ਦਾ ਤਰੀਕਾ ਸਿਰਫ ਮੂੰਹ ਰਾਹੀਂ ਹੀ ਗੋਲੀਆਂ ਖਾਣਾ ਨਹੀਂ ਹੈ, ਬਲਕਿ ਟੀਕੇ ਰਾਹੀਂ ਵੀ ਦਵਾਈ ਮਨੁਖ ਅੰਦਰ ਪਹੁੰਚਾਈ ਜਾਂਦੀ ਹੈ। ਉਵੇਂ ਹੀ ਗਿਆਨ ਅਤੇ ਭਾਵਨਾਵਾਂ ਦਾ ਕਿਸੇ ਮਨੁਖ ਅੰਦਰ ਸੰਚਾਰ ਸਿਰਫ ਬੌਧਿਕ ਤਰਕ ਰਾਹੀਂ ਹੀ ਨਹੀਂ ਹੂੰਦਾ। ਗਿਆਨ ਤੇ ਭਾਵਨਾਵਾਂ ਦੇ ਸੰਚਾਰ ਲਈ ਬੌਧਿਕ ਤਰਕ ਤੋਂ ਸਿਵਾ ਹੋਰ ਵੀ ਵਿਧੀਆਂ ਹਨ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਬੌਧਿਕ ਤਰਕ ਨਾਲੋਂ ਜ਼ਿਆਦਾ ਤਾਕਤਵਰ ਵਿਧੀਆਂ ਹਨ। ਗੁਰਜੀਏਫ ਨੇ ਆਪਣੀ ਇਸ ਕਿਤਾਬ ਵਿਚ ਗਿਆਨ ਸੰਚਾਰ ਦੀ ਇਸ ਵਿਧੀ ਦੀ ਇਕ ਯੰਤਰ ਵਜੋਂ ਵਰਤੋਂ ਕੀਤੀ ਅਤੇ ਸਿਰਫ ਕਿਤਾਬ ਵਿਚਲੇ ਗਿਆਨ ਨੂੰ ਨਹੀਂ ਬਲਕਿ ਕਿਤਾਬ ਨੂੰ ਹੀ ਮਨੁਖੀ ਵਿਕਾਸ ਦਾ ਇਕ ਯੰਤਰ ਬਣਾ ਦਿੱਤਾ । ਪਾਠ ਕਰਨਾ ਮਨੁਖ ਦੇ ਆਤਮਿਕ ਵਿਕਾਸ ਦੀ ਅਜਿਹੀ ਹੀ ਇਕ ਵਿਧੀ ਹੈ। ਪਾਠ ਦਾ ਮਤਲਬ ਸਿਰਫ ਗੁਰਬਾਣੀ ਦੇ ਅਰਥ ਸਮਝਣਾ ਨਹੀਂ ਹੈ। ਅਰਥ ਸਮਝਣਾ ਤਾਂ ਇਕ ਸਤਹ ਹੈ। ਪਰ ਇਸ ਤੋਂ ਬਿਨਾਂ ਹੋਰ ਵੀ ਤਹਿਆਂ ਹਨ । ਪਾਠ ਆਪਣੇ ਆਪ ਵਿਚ ਹੀ ਮਨੁਖੀ ਮਨ ਦੀਆਂ ਕਈ ਗਹਿਰੀਆਂ ਤਹਿਆਂ ਨੂੰ ਪ੍ਰਭਾਵਿਤ ਕਰਦਾ ਹੈ। ਸ੍ਰੀ ਹਰਿਭਜਨ ਸਿੰਘ ਯੋਗੀ ਜੀ ਕਹਿੰਦੇ ਹਨ ਕਿ ਗੁਰਬਾਣੀ ਦੀ ਸ਼ਬਦ ਤਰਤੀਬ ਪਿਛੇ ਇਕ ਡਿਜ਼ਾਇਨ ਹੈ। ਇਨ੍ਹਾਂ ਦਾ ਉਚਾਰਣ ਜੀਭ ਦੀ ਹਰਕਤ ਰਾਹੀਂ ਅਤੇ ਧੁਨਾਂ ਰਾਹੀਂ ਸਾਡੇ ਮਨ ਵਿਚ ਅਤੇ ਸਾਡੇ ਸਮੁਚੇ ਤੰਤੂ ਪ੍ਰਬੰਧ ਵਿਚ ਇਕ ਖਾਸ ਤਰਾਂ ਦਾ ਪ੍ਰਭਾਵ ਉਪਜਾਉਂਦਾ ਹੈ। ਗੁਰਬਾਣੀ ਦਾ ਪਾਠ ਬਹੁਤ ਗਹਿਰੇ ਰੂਪ ਵਿਚ ਸਾਡੇ ਤਨ ਅਤੇ ਮਨ ਤੇ ਅਸਰ ਅੰਦਾਜ਼ ਹੁੰਦਾ ਹੈ। ਸ਼ਬਦ ਗੁਰੂ ਦੀ ਕੁਅੰਟਮ ਤਕਨਾਲੋਜੀ ਵਾਲੇ ਆਪਣੇ ਨਿਂਬੰਧ ਵਿਚ ਉਹ ਲਿਖਦੇ ਹਨ:
'' ਮੂੰਹ ਵਿਚ ਜੀਭ ਦੀ ਹਰਕਤ ਅਤੇ ਦਿਮਾਗ ਦੀ ਰਸਾਇਣਕਤਾ ਅਤੇ ਤੰਤੂ ਪ੍ਰਬੰਧ ਵਿਚ ਇਕ ਸਬੰਧ ਹੈ। ਇਸ ਸਬੰਧ ਦੇ ਇਕ ਪਾਸੇ 84 ਪ੍ਰਤੀਬਿੰਬ ਬਿੰਦੂ ਹਨ, ਜਿਹੜੇ ਮੂੰਹ ਦੇ ਉਪਰਲੇ ਪਾਸੇ ਸਥਿਤ ਹਨ । ਮੂੰਹ ਦੇ ਉਪਰਲੇ ਹਿੱਸੇ ਤਾਲੂ ਦੇ ਦੋ ਭਾਗ ਹਨ। ਸਖਤ ਅਤੇ ਨਰਮ। ਸਖਤ ਤਾਲੂ ਬਿਲਕੁਲ ਦੰਦਾਂ ਦੇ ਪਿੱਛੇ ਸਥਿਤ ਹੈ। ਨਰਮ ਤਾਲੂ ਮੂੰਹ ਦੀ ਛੱਤ ਤੇ ਸਥਿਤ ਹੈ। 64 ਬਿੰਦੂ (32 ਜੋੜੇ) ਸਖਤ ਤਾਲੂ ਦੇ ਦੰਦਾਂ ਦੀਆਂ ਜੜ੍ਹਾਂ ਦੇ ਨੇੜਲੀ ਯੂ ਦੇ ਵਿਚ ਸਥਿਤ ਹਨ। ਸਹੀ ਸਥਿਤੀ ਹਰ ਪ੍ਰਾਣੀ ਵਿਚ ਵਖੋ ਵੱਖਰੀ ਹੁੰਦੀ ਹੈ । ਜੀਭ ਦੇ ਹਰੇਕ ਹਿੱਸੇ ਦੀ ਹਿਲਜੁਲ ਇਨ੍ਹਾਂ ਬਿੰਦੂਆਂ ਨੂੰ ਟੁੰਬਦੀ ਹੈ। ਇਹ ਬਿੰਦੂ ਇਕ ਕੰਪਿਊਟਰ ਦੇ ਕੀ ਬੋਰਡ ਵਾਂਗ ਹਨ । ਇਸ ਕੀ ਬੋਰਡ ਨਾਲ ਜੁੜਿਆ ਕੰਪਿਊਟਰ ਦਿਮਾਗ ਵਿਚ ਸਥਿਤ ਹੈ। ਇਹ ਸ਼ਬਦ ਵਿਚ ਧੁਨਾਂ ਦੇ ਪੈਟਰਨ ਦੇ ਦੁਹਰਾਓ ਰਾਹੀਂ ਸੰਦੇਸ਼ ਹਾਸਲ ਕਰਦਾ ਹੈ। ਅੱਗੇ ਇਸ ਦਾ ਪਰਿਵਰਤਨ ਉਨ੍ਹਾਂ ਆਦੇਸ਼ਾਂ ਦੇ ਰੂਪ ਵਿਚ ਹੁੰਦਾ ਹੈ ਜੋ ਦਿਮਾਗ ਅਤੇ ਸ਼ਰੀਰ ਦੇ ਪ੍ਰਮੁਖ ਹਿਸਿਆਂ ਨੂੰ ਜਾਂਦੇ ਹਨ । ਹਾਈਪੋਥੈਲਮਸ ਵਾਲਾ ਹਿਸਾ ਦਿਮਾਗ ਦੇ ਐਨ ਵਿਚਕਾਰ ਥੈਲਮਸ ਗਲੈਂਡ ਹੈ। ਇਹ ਖੂਨ ਰਾਹੀਂ ਬਲਗਮ ਗਲੈਂਡ ਨਾਲ ਜੁੜੀ ਹੈ । ਇਹ ਸਰੀਰ ਦਾ ਪ੍ਰਮੁਖ ਗਲੈਂਡ ਹੈ। ਇਹ ਸ਼ਰੀਰ ਦੇ ਪ੍ਰਮੁਖ ਕੰਮਾਂ ਜਿਵੇਂ ਭੁਖ, ਪੀਣ ਦੀ ਲੋੜ, ਸ਼ਰੀਰ ਦੇ ਤਾਪਮਾਨ ਅਤੇ ਨੀਂਦ ਨੂੰ ਨਿਯੰਤਰਨ ਕਰਦੀ ਹੈ। ਇਹ ਮਿਜਾਜ਼, ਭਾਵਨਾਤਮਕ ਵਿਚਾਰ ਅਤੇ ਕਾਮੁਕਤਾ ਨੂੰ ਟੁੰਬਦੇ ਹਨ। ਇਸ ਨਾਲ ਦਿਮਾਗ ਦੀ ਰਸਾਇਣਕਤਾ ਬਦਲਦੀ ਹੈ। ''
ਇਸ ਤਰਾਂ ਯੋਗੀ ਜੀ ਨੇ ਗੁਰਬਾਣੀ ਦੇ ਪਾਠ ਦਾ ਇਕ ਵਿਗਿਆਨ ਪੱਛਮੀ ਲੋਕਾਂ ਲਈ ਤਿਆਰ ਕੀਤਾ । ਫੇਰ ਵੀ ਪੱਛਮੀ ਗਿਆਨ ਦੇ ਕਲਚਰ ਵਿਚ ਢਲੇ ਆਧੁਨਿਕ ਮਨ ਨੂੰ ਪਾਠ ਦੀ ਇਸ ਵਿਧੀ ਦਾ ਤਰਕ ਸਮਝਾਉਣਾ ਜ਼ਰਾ ਮੁਸ਼ਕਲ ਹੋ ਜਾਂਦਾ ਹੈ । ਅਜਿਹੇ ਮਨ ਨੂੰ ਇਸ ਵਿਚ ਅੰਦਵਿਸ਼ਵਾਸ਼ ਲਗਦਾ ਹੈ । ਇਸ ਕਰਕੇ ਪੱਛਮ ਵਿਚ ਹਰਿਭਜਨ ਸਿੰਘ ਯੋਗੀ ਨੇ ਆਪਣੀ ਰੂਹਾਨੀ ਲਹਿਰ ਦੀ ਸ਼ੁਰੂਆਤ ਯੋਗਾ ਤੋਂ ਸ਼ੁਰੂ ਕੀਤੀ । ਪਾਠ ਦਾ ਮਹਾਤਮ ਸਮਝਣ ਲਈ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਆਤਮਿਕ ਵਿਕਾਸ ਦਾ ਇਕ ਪੜਾਅ ਤਹਿ ਕਰਨਾ ਪਿਆ ।
ਆਧੁਨਿਕ ਮਨ ਦੀ ਰੁਚੀ ਹਰ ਚੀਜ਼ ਨੂੰ ਬੌਧਿਕ ਤਰਕ ਦੇ ਜ਼ਰੀਏ ਸਮਝਣ ਦੀ ਹੈ । ਇਸ ਕਰਕੇ ਪਹਿਲੇ ਪੜਾਅ ਤੇ ਇਸ ਮਨ ਨੇ ਧਿਆਨ ਦਾ ਮਹਾਤਮ ਤਣਾਅ ਤੋਂ ਮੁਕਤੀ ਦੀ ਇਕ ਵਿਧੀ ਦੇ ਰੂਪ ਵਿਚ ਹੀ ਸਮਝਿਆ । ਆਧੁਨਿਕ ਜੀਵਨ ਵਿਚ ਤਣਾਅ ਹੀ ਦਾਰੂ ਸਾਬਤ ਹੋ ਰਿਹਾ ਹੈ । ਦੁਖ ਦਾਰੂ ਸੁਖ ਰੋਗ ਭਇਆ ਦਾ ਅਸੂਲ ਆਧੁਨਿਕ ਜੀਵਨ ਤੇ ਵੀ ਉਵੇਂ ਹੀ ਲਾਗੂ ਹੁੰਦਾ ਹੈ, ਜਿਵੇਂ ਇਹ ਗੁਰੂ ਨਾਨਕ ਦੇਵ ਜੀ ਦੇ ਸਮੇ ਲਾਗੂ ਸੀ। ਸਿਰਫ ਦੁਖਾਂ ਦੀ ਕਿਸਮ ਬਦਲੀ ਹੋਵੇਗੀ । ਤਨਾਅ, ਡਿਪਰੈਸ਼ਨ, ਬੱਲਡ ਪ੍ਰੈਸ਼ਰ, ਸ਼ੂਗਰ, ਮਾਈਗਰੇਨ ਅਤੇ ਜੋੜਾਂ ਦੇ ਦਰਦ ਤੋਂ ਬਗੈਰ ਆਧੁਨਿਕ ਮਨ ਨੂੰ ਸਾਧਨਾ ਅਤੇ ਯੋਗ ਦਾ ਤਰਕ ਸਮਝ ਨਹੀਂ ਆ ਸਕਦਾ । ਇਹ ਦੇਖਿਆ ਗਿਆ ਹੈ ਕਿ ਸਾਰੀਆਂ ਆਧੁਨਿਕ ਲਹਿਰਾਂ ਵਿਚ ਸਭ ਤੋਂ ਪਹਿਲਾਂ ਤੇ ਜ਼ਿਆਦਾਤਰ ਉਹੀ ਲੋਕ ਆ ਰਹੇ ਹਨ, ਜਿਹੜੇ ਕਿਸੇ ਨਾ ਕਿਸੇ ਮਾਨਸਿਕ ਜਾਂ ਸਰੀਰਕ ਮਰਜ਼ ਦਾ ਸ਼ਿਕਾਰ ਹੁੰਦੇ ਹਨ । ਆਪਣੇ ਮਾਨਸਿਕ, ਸ਼ਰੀਰਕ ਦੁਖਾਂ ਤੋਂ ਇਕਦਮ ਮਿਲੀ ਰਾਹਤ ਕਾਰਣ ਉਹ ਯੋਗ ਅਤੇ ਸਾਧਨਾ ਦੀਆਂ ਵਿਧੀਆਂ ਦੀ ਤਾਕਤ ਪਛਾਣਦੇ ਹਨ ਅਤੇ ਇਨ੍ਹਾਂ ਚੋਂ ਹੀ ਬਹੁਤ ਸਾਰੇ ਬਾਅਦ ਵਿਚ ਰੂਹਾਨੀ ਜੀਵਨ ਦੀਆਂ ਅਗਲੀਆਂ ਬੁਲੰਦੀਆਂ ਤੇ ਪਹੁੰਚਦੇ ਹਨ । ਸਵਾਮੀ ਰਾਮਦੇਵ ਦੇ ਕੈਂਪਾਂ ਵਿਚ ਵੱਡੀ ਭੀੜ ਇਨ੍ਹਾਂ ਦੁਖਾਂ ਦੀ ਬਦੌਲਤ ਹੀ ਜੁਟ ਰਹੀ ਹੈ । ਯੋਗ ਅਤੇ ਸਾਧਨਾ ਦੀ ਇਸ ਤਾਕਤ ਨੂੰ ਉਨਾਂ ਖੇਤਰਾਂ ਵਿਚ ਵੀ ਪਛਾਣਿਆ ਜਾਣਾ ਸ਼ੁਰੂ ਹੋ ਗਿਆ ਹੈ, ਜਿਥੇ ਕਿਸੇ ਰੂਹਾਨੀ ਲਹਿਰ ਦਾ ਸਿੱਧਾ ਪ੍ਰਭਾਵ ਨਹੀਂ ਦੇਖਿਆ ਜਾਂਦਾ। ਇਨ੍ਹਾਂ ਖੇਤਰਾਂ ਵਿਚ ਯੋਗਾ ਨੂੰ ਇਕ ਸੈਕੂਲਰ ਮੁਹਾਵਰੇ ਵਿਚ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਹਲਕਿਆਂ ਵਿਚ ਯੋਗਾ ਨੂੰ ਇਕ ਤਕਨੀਕ ਅਤੇ ਮਾਰਸ਼ਲ ਆਰਟ ਵਰਗੇ ਇਕ ਅਨੁਸ਼ਾਸ਼ਨ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਭਰਤ ਠਾਕੁਰ ਨੇ ਯੋਗਾ ਨੂੰ ਉਚ ਵਰਗੀ ਅਤੇ ਆਧੁਨਿਕ ਰੂਪ ਦੇਣ ਲਈ ਆਰਟਿਸਟਿਕ ਯੋਗਾ ਸ਼ੁਰੂ ਕੀਤਾ ਅਤੇ ਯੋਗਾ ਸਟੂਡੀੳਜ਼ ਖੋਲ੍ਹੇ । ਅਮਰੀਕਾ ਆਦਿ ਮੁਲਕਾਂ ਵਿਚ ਇਸ ਨੂੰ ਸਟਰੈੱਸ ਮੈਨੇਜਮੈਂਟ ਤਕਨੀਕ ਦੇ ਤੋਰ ਤੇ ਇਸਤੇਮਾਲ ਕਰਨ ਦਾ ਰੁਝਾਨ ਕਾਫੀ ਵਿਆਪਕ ਹੈ । ਇੰਟਰਨੈਸ਼ਨਲ ਤੈਰਾਕ ਤੈਰਾਕੀ ਤੋਂ ਪਹਿਲਾਂ ਆਪਣੇ ਫੇਫੜਿਆਂ ਨੂੰ ਔਕਸੀਜ਼ਨ ਨਾਲ ਪੂਰੀ ਤਰਾਂ ਭਰਨ ਲਈ ਯੋਗਿਕ ਵਿਧੀਆਂ ਦੀ ਵਰਤੋਂ ਕਰਦੇ ਹਨ । ਇਸੇ ਤਰਾਂ ਪੌਪ ਸਿੰਗਰ ਅਤੇ ਕਲਾਕਾਰ ਵੀ ਆਪਣੀ ਸਟੇਜ ਪਰਫੌਰਮੈਂਸ ਨੂੰ ਵਧਾਉਣ ਲਈ ਅਤੇ ਆਪਣੇ ਤੋੜ ਦੇਣ ਵਾਲੇ ਕੰਮ ਦੇ ਸ਼ਡਯੂਲ ਤੋਂ ਤਨ ਮਨ ਨੂੰ ਤਾਜਾ ਕਰਨ ਲਈ ਯੋਗਿਕ ਵਿਧੀਆਂ ਦੀ ਵਰਤੋਂ ਕਰਦੇ ਹਨ । ਯੋਗਾ ਅਤੇ ਸਾਧਨਾ ਦੇ ਮਨੁਖੀ ਸਰੀਰ ਅਤੇ ਮਨ ਤੇ ਪ੍ਰਭਾਵ ਨੂੰ ਲੈਕੇ ਅਕਾਦਮਿਕ ਅਤੇ ਮੈਡੀਕਲ ਹਲਕਿਆਂ ਵਿਚ ਵੀ ਖੋਜ ਹੋਣ ਲਗੀ ਹੈ। ਡਾ ਧਰਮ ਸਿੰਘ ਖਾਲਸਾ ਨੇ ਆਪਣੀਆਂ ਕਿਤਾਬਾਂ ਮੈਡੀਟੇਸ਼ਨ ਐਜ਼ ਮੈਡੀਸਨ ਅਤੇ ਬਰੇਨ ਲੌਂਗੇਵਿਟੀ ਵਿਚ ਇਸ ਪਹਿਲੂ ਦਾ ਬੜਾ ਵਿਸਤ੍ਰਿਤ ਅਧਿਐਨ ਕੀਤਾ ਹੈ । ਉਹ ਲਿਖਦੇ ਹਨ ਕਿ ਮਨੁਖੀ ਦਿਮਾਗ ਐਡਰੀਨਲ ਕਾਰਟੀਸੋਲ ਨਾਂ ਦਾ ਇਕ ਹਾਰਮੋਨ ਪੈਦਾ ਕਰਦਾ ਹੈ । ਇਹ ਤਣਾਅ ਦੇ ਪ੍ਰਤੀਕਰਮ ਵਿਚ ਪੈਦਾ ਹੁੰਦਾ ਹੈ । ਥੋੜੀ ਮਾਤ੍ਰਾ ਵਿਚ ਇਸ ਹਾਰਮੋਨ ਦਾ ਪੈਦਾ ਹੋਣਾ ਨੁਕਸਾਨਦੇਹ ਨਹੀਂ ਹੁੰਦਾ, ਪਰ ਜਦ ਇਸ ਦੀ ਮਾਤ੍ਰਾ ਵਧ ਜਾਂਦੀ ਹੈ ਇਹ ਦਿਮਾਗੀ ਸੈਲਾਂ ਦੀ ਮੌਤ ਦਾ ਕਾਰਣ ਬਣ ਜਾਂਦਾ ਹੈ ।ਇਹ ਐਨਾ ਜ਼ਹਿਰੀਲਾ ਪਦਾਰਥ ਹੈ ਕਿ ਇਹ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਦਿਮਾਗੀ ਸੈਲਾਂ ਨੂੰ ਨਸ਼ਟ ਕਰਦਾ ਹੈ । ਇਸ ਤਰਾਂ ਦੇ ਨੁਕਸਾਨ ਨਾਲ ਹੀ ਅਨੇਕਾਂ ਮਾਨਸਿਕ ਵਿਗਾੜ ਅਤੇ ਅਲਜ਼ਾਈਮਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਜਿਹੜੀਆਂ ਕਿ ਅਮਰੀਕੀ ਸਮਾਜ ਲਈ ਅੱਜਕਲ੍ਹ ਇਕ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ । ਅਮਰੀਕਾ ਵਿਚ 85 ਸਾਲ ਤੋਂ ਵੱਧ ਉਮਰ ਜਿਊਣ ਵਾਲੇ ਲਗਭਗ 50 ਫੀਸਦੀ ਲੋਕਾਂ ਤੇ ਇਸ ਅਲਜ਼ਾਈਮਰ ਦਾ ਹਮਲਾ ਹੁੰਦਾ ਹੈ।ਇਸ ਤੋਂ ਇਲਾਵਾ ਅਮਰੀਕਾ ਵਿਚ ਦਿਲ ਦੇ ਦੌਰੇ ਅਤੇ ਕੈਂਸਰ ਤੋਂ ਬਾਅਦ ਮੌਤ ਦਾ ਤੀਜਾ ਵੱਡਾ ਕਾਰਨ ਇਹ ਬਿਮਾਰੀ ਹੀ ਹੈ । ਇਨ੍ਹਾਂ ਬਿਮਾਰੀਆਂ ਦਾ ਆਧੁਨਿਕ ਮੈਡੀਕਲ ਸਿਸਟਮ ਕੋਲ ਕੋਈ ਇਲਾਜ ਨਹੀਂ ਹੈ। ਡਾ. ਧਰਮ ਸਿੰਘ ਖਾਲਸਾ ਨੇ ਆਪਣੇ ਤਜ਼ਰਬਿਆਂ ਦੇ ਅਧਾਰ ਤੇ ਲਿਖਿਆ ਹੈ ਕਿ ਮੈਂ ਯੋਗਿਕ ਵਿਧਿਆਂ ਅਤੇ ਆਧੁਨਿਕ ਮੈਡੀਕਲ ਗਿਆਨ ਦੇ ਮਿਸ਼ਰਨ ਨਾਲ ਜੋ ਤਰੀਕੇ ਵਿਕਸਤ ਕੀਤੇ ਹਨ, ਉਨ੍ਹਾਂ ਦੇ ਅਧਾਰ ਤੇ ਇਹ ਦੇਖਿਆ ਹੈ ਕਿ ਅਲਜ਼ਾਮਿਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਵਿਕਾਸ ਵੀ ਰੁਕ ਜਾਂਦਾ ਹੈ। ਇਸ ਤਰਾਂ ਦੀ ਹਾਲਤ ਵਿਚ ਆਧੁਨਿਕ ਸਮਾਜ ਕੋਲ ਯੋਗ ਅਤੇ ਸਾਧਨਾ ਦੀਆਂ ਪੁਰਾਤਨ ਵਿਧੀਆਂ ਦਾ ਵਡਮੁਲਾ ਖਜ਼ਾਨਾ ਹੈ, ਜਿਸ ਨੂੰ ਹੁਣ ਖੋਲਿਆ ਜਾਣਾ ਸ਼ੁਰੂ ਹੋ ਗਿਆ ਹੈ। ਨਿਊ ਏਜ ਰੂਹਾਨੀ ਲਹਿਰਾਂ ਅਜਿਹੀ ਚੇਤਨਾ ਦਾ ਸਭ ਤੋਂ ਵੱਡਾ ਵਹੀਕਲ ਹਨ। ਦੱਸਿਆ ਜਾਂਦਾ ਹੈ ਕਿ ਅੱਜ ਅਮਰੀਕਾ ਦੀ ਅਬਾਦੀ ਦਾ 19 ਫੀਸਦੀ, ਕੁਲ 50 ਮਿਲੀਅਨ ਲੋਕ ਸਾਧਨਾ ਦੀ ਕਿਸੇ ਨਾ ਕਿਸੇ ਵਿਧੀ ਨੂੰ ਅਪਣਾ ਰਹੇ ਹਨ । ਅਮਰੀਕੀ ਪੌਪ ਸਟਾਰਾਂ ਵਲੋਂ ਵੀ ਸਾਧਨਾ ਦੀਆਂ ਇਨ੍ਹਾਂ ਵਿਧੀਆਂ ਨੂੰ ਲੋਕਾਂ ਦੀ ਖਿਚ ਦਾ ਕੇਂਦਰ ਬਣਾਉਣ ਵਿਚ ਅਹਿਮ ਭੁਮਿਕਾ ਨਿਭਾਈ ਗਈ ਹੈ। ਮਹੇਸ਼ ਯੋਗੀ ਦੀ ਟਰਾਂਸੇਡੈਂਟਲ ਮੈਡੀਟੇਸ਼ਨ ਨੂੰ ਬੀਟਲਜ਼ ਦੁਆਰਾ ਲੋਕ ਖਿਚ ਦਾ ਵਿਸ਼ਾ ਬਣਾ ਦਿਤਾ ਗਿਆ । ਹਾਰਵਰਡ ਯੁਨੀਵਰਸਿਟੀ ਦੇ ਡਾ. ਹਰਬਰਟ ਬੈਨਸਨ ਦੁਆਰਾ ਸਾਧਨਾ ਦੇ ਮਨੁਖੀ ਸ਼ਰੀਰ ਅਤੇ ਮਨ ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਕੀਤੀ ਖੋਜ ਨੇ ਵੀ ਸਾਧਨਾ ਦਾ ਪ੍ਰਭਾਵ ਬਹੁਤ ਦੂਰ ਤਕ ਫੈਲਾ ਦਿੱਤਾ ਹੈ। ਉਸ ਦੀ ਖੋਜ ਤੋਂ ਬਾਅਦ ਹੀ ਮੈਡੀਕਲ ਤਬਕੇ ਨੇ ਸਾਧਨਾ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ । ਉਸ ਤੋਂ ਬਾਅਦ ਹੋਰ ਵੀ ਕਈ ਲੋਕਾਂ ਦੁਆਰਾ ਵੱਖ ਵੱਖ ਪ੍ਰਕਾਰ ਦੇ ਅਧਿਐਨ ਕੀਤੇ ਗਏ, ਜਿਨ੍ਹਾਂ ਇਹ ਦਰਸਾਇਆ ਕਿ ਕਿਵੇਂ ਮੈਡੀਟੇਸ਼ਨ ਵੱਖ ਵੱਖ ਰੋਗਾਂ ਦੇ ਇਲਾਜ ਵਿਚ ਸਹਾਈ ਹੋ ਸਕਦੀ ਹੈ। ਇਨ੍ਹਾਂ ਅਧਿਐਨਾਂ ਦੀਆਂ ਕੁਝ ਲੱਭਤਾਂ ਦਾ ਵਰਣਨ ਡਾ ਧਰਮ ਸਿੰਘ ਖਾਲਸਾ ਨੇ ਆਪਣੀ ਕਿਤਾਬ ਮੈਡੀਟੇਸ਼ਨ ਐਜ਼ ਮੈਡੀਸਨ ਵਿਚ ਕੀਤਾ ਹੈ:
'' ਨੀਂਦ ਵੇਲੇ ਸਰੀਰ ਦੀ ਔਕਸੀਜ਼ਨ ਦੀ ਖਪਤ 8 ਫੀਸਦੀ ਘਟਦੀ ਹੈ, ਸਾਧਨਾ ਵੇਲੇ 10 ਤੋਂ 20 ਫੀਸਦੀ ਤਕ ਘਟ ਜਾਂਦੀ ਹੈ। ਇਸ ਤਰਾਂ ਪੂਰੇ ਸ਼ਰੀਰਕ ਢਾਚੇ ਨੂੰ ਅਰਾਮ ਦੁਆਉਣ ਲਈ ਇਹ ਨੀਂਦ ਨਾਲੋਂ ਵੀ ਗਹਿਰੀ ਵਿਧੀ ਹੈ। ਤਣਾਅ ਅਤੇ ਬੇਲੋੜੀ ਉਤੇਜਨਾ ਦੇ ਸੂਚਕ ਅੰਸ਼ਾਂ ਬੱਲਡ ਲੈਕਟੇਟ ਨੂੰ ਘਟਾਉਣ ਲਈ ਸਾਧਨਾ ਇਕੋ ਇਕ ਵਿਧੀ ਹੈ।ਇਸ ਨਾਲ ਤਣਾਅ ਪੈਦਾ ਕਰਨ ਵਾਲੇ ਹਾਰਮੋਨ ਕਾਰਟੀਸੋਲ ਦਾ ਉਤਪਾਦਨ ਘਟ ਜਾਂਦਾ ਹੈ। ਇਸ ਦਾ ਸੁਣਨ ਸ਼ਕਤੀ, ਬੱਲਡ ਪ੍ਰੇਸ਼ਰ ਅਤੇ ਨਜ਼ਰ ਤੇ ਵੀ ਬਹੁਤ ਗਹਿਰਾ ਅਸਰ ਪੈਂਦਾ ਹੈ। ਜਿਹੜੇ ਲੋਗ ਲਗਾਤਾਰ ਸਾਧਨਾ ਕਰਦੇ ਹਨ, ਉਨ੍ਹਾਂ ਵਿਚ ਦਿਲ ਦੀਆਂ ਬਿਮਾਰੀਆਂ ਦੂਸਰੇ ਲੋਕਾਂ ਨਾਲੋਂ 80 ਫੀਸਦੀ ਘੱਟ ਹੁੰਦੀਆਂ ਹਨ । ਇਸੇ ਤਰਾਂ ਉਨ੍ਹਾਂ ਵਿਚ ਕੈਂਸਰ ਦੀ ਬਿਮਾਰੀ ਵੀ ਦੂਸਰੇ ਲੋਕਾਂ ਨਾਲੋਂ 50 ਫੀਸਦੀ ਘੱਟ ਹੁੰਦੀ ਹੈ । ਜਿਨਾਂ ਲੋਕਾਂ ਨੂੰ ਅਨੀਂਦਰੇ ਦੀ ਬਿਮਾਰੀ ਹੁੰਦੀ ਹੈ, ਉਨ੍ਹਾਂ ਵਿਚੋਂ 75 ਫੀਸਦੀ ਸਾਧਨਾ ਸ਼ੁਰੂ ਕਰਨ ਤੋਂ ਬਾਅਦ ਨੌਰਮਲ ਨੀਂਦ ਸੋਂਣ ਲਗਦੇ ਹਨ। ਜਿਹੜੇ ਲੋਗ ਕਿਸੇ ਨਾ ਕਿਸੇ ਲਾਇਲਾਜ ਦਰਦ ਦੇ ਰੋਗ ਦਾ ਸ਼ਿਕਾਰ ਹੁੰਦੇ ਹਨ, ਜਦੋਂ ਉਹ ਸਾਧਨਾ ਕਰਨ ਲਗ ਜਾਂਦੇ ਹਨ ਤਾਂ ਉਨ੍ਹਾਂ ਵਿਚੋਂ 34 ਫੀਸਦੀ ਦੁਆਰਾ ਲਈ ਜਾਂਦੀ ਨਿਰੰਤਰ ਦਵਾਈ ਵਿਚ ਵੱਡੀ ਕਮੀ ਆ ਗਈ।" ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ ਹੈਲਥ ਦੀ ਇਕ ਏਜੰਸੀ ਵਲੋਂ ਵੀ ਸਾਧਨਾ ਦੇ ਅਜਿਹੇ ਪ੍ਰਭਾਵਾਂ ਬਾਰੇ ਅਧਿਐਨ ਕਰਵਾਏ ਗਏ ਹਨ। ਇਨ੍ਹਾਂ ਸਦਕਾ ਹੀ ਯੋਗ ਅਤੇ ਸਾਧਨਾ ਇਸ ਵਕਤ ਅਕਾਦਮਿਕਤਾ ਅਤੇ ਖੋਜ ਦੀ ਮੁਖ ਧਾਰਾ ਵਿਚ ਵੀ ਇਕ ਗੰਭੀਰ ਵਿਸ਼ੇ ਵਜੋਂ ਵਿਚਾਰੇ ਜਾਣ ਲਗੇ ਹਨ। ਦੀਪਕ ਚੋਪੜਾ ਮੂਲ ਰੂਪ ਵਿਚ ਬੇਹਦ ਉੱਚੀ ਯੋਗਤਾ ਅਤੇ ਤਜ਼ਰਬੇ ਵਾਲੇ ਡਾਕਟਰ ਸਨ। ਉਨਾਂ ਨੂੰ ਅਮਰੀਕਾ ਦੇ ਵੱਡੇ ਵੱਡੇ ਹੈਲਥ ਸੰਸਥਾਨਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਆਪਣੇ ਗਹਿਰੇ ਤਜ਼ਰਬਿਆਂ ਅਤੇ ਖੋਜ ਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਯੋਗ ਅਤੇ ਸਾਧਨਾ ਦੀਆਂ ਇਨ੍ਹਾਂ ਪੁਰਾਤਨ ਵਿਧੀਆਂ ਨੂੰ ਪੂਰੀ ਤਰਾਂ ਆਪਣੇ ਸਿਸਟਮ ਵਿਚ ਸੰਮਿਲਤ ਕਰ ਲਿਆ ਹੈ ਅਤੇ ਅੱਜ ਇਕ ਨਿਊ ਏਜ ਗੁਰੂ ਦੇ ਤੌਰ ਤੇ ਉਨ੍ਹਾਂ ਦਾ ਅਮਰੀਕਾ ਵਿਚ ਵੱਡਾ ਸਥਾਨ ਹੈ। ਉਨ੍ਹਾਂ ਦੀਆਂ ਕਈ ਕਿਤਾਬਾਂ ਨੂੰ ਪੱਛਮੀ ਦੁਨੀਆ ਵਿਚ ਬਹੁਤ ਹੀ ਵਿਆਪਕ ਹੁੰਗਾਰਾ ਮਿਲਿਆ ਹੈ।



ਬਦਲਵੀਆਂ ਇਲਾਜ ਪ੍ਰਣਾਲੀਆਂ


ਮਨੁਖਤਾ ਨੂੰ ਆਧੁਨਿਕ ਜੀਵਨ ਤਰਜ਼ ਤੋਂ ਮੋੜਾ ਕੱਟਣ ਲਈ ਪ੍ਰੇਰਿਤ ਕਰਨ ਵਾਸਤੇ ਇਕ ਅਹਿਮ ਰੋਲ ਆਧੁਨਿਕ ਬਿਮਾਰੀਆਂ ਦਾ ਹੈ। ਇਨ੍ਹਾਂ ਬਿਮਾਰੀਆਂ ਨਾਲ ਲੜਨ ਵਾਸਤੇ ਆਧੁਨਿਕ ਇਲਾਜ ਪ੍ਰਣਾਲੀਆਂ ਨਾਕਾਮਯਾਬ ਹੋ ਗਈਆਂ। ਇਸੇਂ ਨਾਕਾਮਯਾਬੀ ਵਿਚੋਂ ਬਦਲਵੇਂ ਰਾਹਾਂ ਦੀ ਤਲਾਸ ਅਰੰਭ ਹੋਈ। ਮੈਡੀਕਲ ਖੋਜ, ਦਵਾਈਆਂ ਦੇ ਉਤਪਾਦਨ ਅਤੇ ਹਸਪਤਾਲਾਂ/ਕਲਿਨਿਕਾਂ ਦੇ ਰੂਪ ਵਿਚ ਸਿਹਤ ਸਹੂਲਤਾਂ ਦਾ ਜਿੰਨਾਂ ਵੱਡਾ ਤੰਤਰ ਮਨੁਖਤਾ ਕੋਲ ਇਸ ਵਕਤ ਹੈ, ਸ਼ਾਇਦ ਇਤਿਹਾਸ ਦੇ ਕਿਸੇ ਵੀ ਦੌਰ ਵਿਚ ਇੰਨਾਂ ਵੱਡਾ ਤੰਤਰ ਨਾ ਰਿਹਾ ਹੋਵੇ। ਫਿਰ ਇਸ ਦੇ ਬਾਵਜੂਦ ਨਾ ਬਿਮਾਰੀਆਂ ਦੀ ਗਿਣਤੀ ਘਟੀ ਹੈ, ਨਾ ਮਰੀਜਾਂ ਦੀ। ਬਲਕਿ ਇਸ ਦੇ ਉਲਟ ਹੋ ਰਿਹਾ ਹੈ। ਨਵੀਂ ਨਵੀਂ ਤਰਾਂ ਦੀਆਂ ਜ਼ਿਆਦਾ ਜਟਿਲ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਅਮਰੀਕਾ ਦੀ ਅਬਾਦੀ ਦਾ 13 ਫੀਸਦੀ ਹਿੱਸਾ ਅਜਿਹਾ ਹੈ ਜਿਹੜਾ ਸਾਲ ਦੇ ਅੱਧੇ ਦਿਨ ਕਿਸੇ ਨਾ ਕਿਸੇ ਪ੍ਰਕਾਰ ਦੇ ਗੰਭੀਰ ਦਰਦ ਦਾ ਸ਼ਿਕਾਰ ਰਹਿੰਦਾ ਹੈ। ਅਮਰੀਕਾ ਵਿਚ ਹਰ ਸਾਲ 30 ਮਿਲੀਅਨ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਅਤੇ 20 ਮਿਲੀਅਨ ਨੂੰ ਲਗਾਤਾਰ ਪਿਠ ਦਾ ਦਰਦ ਰਹਿੰਦਾ ਹੈ। ਇਸੇ ਤਰਾਂ ਅਮਰੀਕਾ ਦੀਆਂ 17 ਫੀਸਦੀ ਔਰਤਾਂ ਨੂੰ ਅੱਧੇ ਸਿਰ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਸ ਦੇ ਅਧਾਰ ਤੇ ਹੀ ਇਹ ਸਿੱਟਾ ਕੱਢਿਆ ਗਿਆ ਹੈ ਕਿ ਅਮਰੀਕਾ ਵਿਚ ਦਿਲ ਦੇ ਰੋਗਾਂ ਅਤੇ ਕੈਂਸਰ ਤੋਂ ਜਿੰਨੇਂ ਲੋਕ ਪੀੜਤ ਹਨ, ਵੱਖ ਵੱਖ ਪ੍ਰਕਾਰ ਦੇ ਲਾਇਲਾਜ ਦਰਦਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਉਸ ਤੋਂ ਲਗਭਗ ਦੁਗਣੀ ਹੈ। ਇਹ ਸਭ ਕੁਝ ਉਸ ਸਮਾਜ ਦੀ ਸਚਾਈ ਹੈ, ਜਿਸ ਕੋਲ ਦੁਨੀਆ ਦੀ ਹਰ ਪ੍ਰਕਾਰ ਦੀ ਤਕਨਾਲੋਜੀ ਹੈ ਅਤੇ ਸਿਹਤ ਦਾ ਵਿਸ਼ਾਲ ਤੰਤਰ ਹੈ। ਇਸ ਤਰਾਂ ਦੀਆਂ ਬਿਮਾਰੀਆਂ ਤੋਂ ਉਹ ਲੋਕ ਵੀ ਨਹੀਂ ਬਚੇ ਹੋਏ, ਜਿਨ੍ਹਾਂ ਨੂੰ ਸਮਾਜ ਦੇ ਸਟਾਰ ਸਮਝਿਆ ਜਾਂਦਾ ਹੈ ਅਤੇ ਜਿਨਾ੍ਹਂ ਕੋਲ ਪੈਸੇ ਅਤੇ ਪ੍ਰਸਿਧੀ ਦੀ ਕੋਈ ਕਮੀ ਨਹੀਂ ਹੈ।ਇਸ ਅਧਿਐਨ ਮੁਤਾਬਕ ਅਮਰੀਕੀ ਅਥਲੀਟਾਂ ਵਿਚ ਵੀ ਇਹ ਬਿਮਾਰੀ ਬਹੁਤ ਜ਼ਿਆਦਾ ਹੈ। ਬਾਸਕਟਬਾਲ ਦੇ ਖਿਡਾਰੀਆਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਿਚ ਵੀ ਬਹੁਤ ਅਜਿਹੇ ਹਨ ਜਿਨ੍ਹਾਂ ਨੂੰ ਦਿਨ ਵਿਚ ਇਕ ਵਾਰ ਕਿਸੇ ਨਾ ਕਿਸੇ ਪ੍ਰਕਾਰ ਦੇ ਜ਼ੋਰਦਾਰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕੀ ਬਾਸਕਟਬਾਲ ਸਟਾਰ ਮਾਈਕਲ ਜੌਰਡਨ ਨੇ ਜਦ ਬਾਸਕਟਬਾਲ ਛਡ ਕੇ ਬੇਸਬਾਲ ਖੇਡਣ ਦਾ ਕਦਮ ਉਠਾਇਆ ਤਾਂ ਉਨ੍ਹਾਂ ਦਰਦ ਨੂੰ ਹੀ ਇਸ ਦਾ ਇਕ ਮੁਖ ਕਾਰਨ ਦੱਸਿਆ। ਭਾਰਤ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਹੈ। ਬਹੁਤ ਸਾਰੇ ਫਿਲਮ ਸਟਾਰ ਅਜਿਹੇ ਰੋਗਾਂ ਤੋ ਪੀੜਤ ਹਨ। ਇਕ ਸਰਵੇਖਣ ਮੁਤਾਬਕ ਸ਼ਹਿਰਾਂ ਵਿਚ ਰਹਿਣ ਵਾਲੀ ਅਬਾਦੀ ਦਾ ਨੱਬੇ ਫੀਸਦੀ ਹਿੱਸਾ ਅਜਿਹਾ ਹੈ, ਜਿਹੜਾ ਲਗਾਤਾਰ ਕਿਸੇ ਨਾ ਕਿਸੇ ਪ੍ਰਕਾਰ ਦੀ ਮੈਡੀਸਨ ਦਾ ਇਸਤੇਮਾਲ ਕਰਦਾ ਹੈ। ਹੈਰਾਨੀ ਦੀ ਗਲ ਹੈ ਕਿ ਐਨਾ ਵਡਾ ਤੰਤਰ ਹੋਣ ਦੇ ਬਾਵਜੂਦ ਮੌਜੂਦਾ ਐਲੋਪੇਥਿਕ ਮੈਡੀਕਲ ਸਿਸਟਮ ਕੋਲ ਬਲੱਡ ਪ੍ਰੈਸ਼ਰ, ਸ਼ੂਗਰ, ਮਾਈਗਰੇਨ, ਜੋੜਾਂ ਦਾ ਦਰਦ ਅਤੇ ਵਾਇਰਲ ਵਰਗੀਆਂ ਆਮ ਬਿਮਾਰੀਆਂ ਦਾ ਕੋਈ ਇਲਾਜ ਨਹੀਂ ਹੈ । ਸਿਰਫ ਆਦਤ ਵਜੋਂ ਜਾਂ ਹੋਰ ਕੋਈ ਰਸਤਾ ਨਾ ਹੋਣ ਕਾਰਨ ਲੋਕ ਦਵਾਈਆਂ ਲਈ ਜਾਂਦੇ ਹਨਅਤੇ ਫਸਲਾਂ ਤੇ ਕੀਟਾਨਾਸ਼ਕਾਂ ਨੂੰ ਮਾਰਨ ਲਈ ਪਾਈਆਂ ਜਾਂਦੀਆਂ ਪੈਸਟੀਸਾਈਡਜ਼ ਦੀ ਤਰਾਂ ਇਨ੍ਹਾਂ ਦੀ ਮਾਤਰਾ ਵਧਾਈ ਜਾਂਦੇ ਹਨ। ਇਹ ਆਤਮਘਾਤੀ ਦੌੜ ਹੈ । ਦਵਾਈਆਂ ਤੋਂ ਅੱਕੇ ਲੋਕ ਹੀ ਰੂਹਾਨੀ ਆਸ਼ਰਮਾਂ ਅਤੇ ਸਤਿਸੰਗਾਂ ਵਲ ਪਰਤ ਰਹੇ ਹਨ । ਆਧੁਨਿਕ ਮੈਡੀਕਲ ਸਿਸਟਮ ਤੋਂ ਲੋਕਾਂ ਦੀ ਇਹ ਉਕਤਾਹਟ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਹੀ ਦੇਖੀ ਜਾ ਸਕਦੀ ਹੈ।
ਬਹੁਤ ਸਾਰੇ ਲੋਕ ਵੱਖ ਵੱਖ ਰੂਹਾਨੀ ਲਹਿਰਾਂ ਦੇ ਪ੍ਰਭਾਵ ਸਦਕਾ ਜਾਂ ਆਪਣੇ ਤੌਰ ਤੇ ਹੀ ਆਧੁਨਿਕ ਇਲਾਜ ਪ੍ਰਣਾਲੀਆਂ ਦਾ ਬਦਲ ਤਲਾਸ਼ਣ ਦੇ ਰਾਹ ਪੈਂਦੇ ਹਨ। ਮੌਜੂਦਾ ਸਭਿਅਤਾ ਦੇ ਵਿਕਾਸ ਵਿਚ ਇਹ ਵੀ ਇਕ ਅਹਿਮ ਬਿੰਦੂ ਬਣਦਾ ਹੈ। ਦੇਖਿਆ ਗਿਆ ਹੈ ਕਿ ਐਲੋਪੈਥਿਕ ਦਵਾਈਆਂ ਤੋਂ ਹਾਰੇ ਲੋਕ ਪਹਿਲਾਂ ਹੋਮਿਓਪੈਥੀ ਅਤੇ ਆਯੁਰਵੈਦਿਕ ਸਿਸਟਮਾਂ ਵਲ ਆਉਂਦੇ ਹਨ। ਕੁਝ ਚੀਨੀ ਇਲਾਜ ਪ੍ਰਣਾਲੀਆਂ ਆਕਯੂਪ੍ਰੈਸ਼ਰ ਅਤੇ ਆਕੂਪੰਕਚਰ ਵਲ ਜਾਂਦੇ ਹਨ। ਕੁਝ ਨੇਚਰ ਕਿਉਰ ਦੀਆਂ ਵਿਧੀਆਂ ਦੇ ਰਾਹ ਪੈਂਦੇ ਹਨ। ਇਥੋਂ ਹੀ ਮੌਜੂਦਾ ਜੀਵਨ ਤਰਜ਼ ਤੋਂ ਮੂੰਹ ਮੋੜਨ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਇਸ ਵਕਤ ਮੈਡੀਕਲ ਖੋਜ ਅਤੇ ਪਬਲਿਕ ਹੈਲਥ ਸਿਸਟਮ ਤੇ ਪੂਰੀ ਤਰਾਂ ਐਲੋਪੈਥਿਕ ਕਾਰਪੋਰੇਟ ਜਗਤ ਦਾ ਕਬਜ਼ਾ ਹੈ। ਐਲੋਪੈਥਿਕ ਮੈਡੀਸਨ ਦੇ ਉਤਪਾਦਨ ਵਿਚ ਲੱਗੀਆਂ ਹੋਈਆਂ ਬਹੁ ਕੌਮੀ ਕੰਪਨੀਆਂ ਪੂਰੇ ਸਿਹਤ ਤੰਤਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ।ਪਰ ਵਿਸ਼ਵ ਪੱਧਰ ਤੇ ਹੀ ਬਦਲਵੀਆਂ ਇਲਾਜ ਪ੍ਰਣਾਲੀਆਂ ਲਭਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਇਸ ਚੇਤਨਾ ਦੀ ਚੂਲ ਇਹ ਹੈ ਕਿ ਸਾਡੀਆਂ ਸਾਰੀਆਂ ਆਧੁਨਿਕ ਬਿਮਾਰੀਆਂ ਕੁਦਰਤ ਦੀ ਸੁਰ ਤੋਂ ਉਖੜਿਆ ਜੀਵਨ ਜਿਉਣ ਦਾ ਸਿੱਟਾ ਹੈ। ਤਣਾਅ ਆਧੁਨਿਕ ਜੀਵਨ ਦਾ ਸਭ ਤੋਂ ਵੱਡਾ ਨਿਸ਼ਾਨ ਹੈ। ਤਣਾਅ ਕੁਦਰਤ ਦੀ ਲੈਅ ਤੋਂ ਬੇਸੁਰਾ ਹੋਣਾ ਹੀ ਹੈ। ਜਦ ਜੀਵਨ ਨੂੰ ਅਸੀਂ ਇਸ ਦੀ ਇਕਸੁਰਤਾ ਅਤੇ ਇਕਰੂਪਤਾ ਵਿਚ ਦੇਖਣ ਲਗਦੇ ਹਾਂ ਤਾਂ ਆਪਣੇ ਆਪ ਹੀ ਤਣਾਅ ਤੋਂ ਮੁਕਤ ਹੋਣ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਸਾਧਨਾ ਅਜਿਹੀ ਇਕਸੁਰਤਾ ਹੀ ਤਾਂ ਪੈਦਾ ਕਰਦੀ ਹੈ। ਜਦ ਤਣਾਅ ਖਤਮ ਹੋ ਜਾਂਦਾ ਹੈ ਤਾਂ ਆਪਣੇ ਆਪ ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਅਧਾਰ ਖਤਮ ਹੋ ਜਾਂਦਾ ਹੈ। ਇਹ ਦੇਖਣ ਵਾਲੀ ਗਲ ਹੈ ਕਿ ਜ਼ਿਆਦਾਤਰ ਬਿਮਾਰੀਆਂ ਅੰਦਰੋਂ ਪੈਦਾ ਹੋਏ ਤਣਾਅ ਦਾ ਹੀ ਵੱਖ ਵੱਖ ਸ਼ਕਲਾਂ ਵਿਚ ਹੋ ਰਿਹਾ ਨਿਕਾਸ ਹੁੰਦੀਆਂ ਹਨ। ਇਸੇ ਕਰਕੇ ਵਖ ਵਖ ਰੂਹਾਨੀ ਲਹਿਰਾਂ ਅਤੇ ਆਸ਼ਰਮਾਂ ਵਿਚ ਦੇਖਿਆ ਜਾਂਦਾ ਹੈ ਕਿ ਯੋਗ ਅਤੇ ਸਾਧਨਾ ਦੇ ਰਾਹ ਪੈਣ ਤੋਂ ਬਾਅਦ ਲੋਕਾਂ ਦੀਆਂ ਕਈ ਤਰਾਂ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ। ਅਜਿਹੀਆਂ ਘਟਨਾਵਾਂ ਹੀ ਇਹ ਇਹਸਾਸ ਪੈਦਾ ਕਰਦੀਆਂ ਹਨ ਕਿ ਕੁਦਰਤ ਦੇ ਵੱਧ ਤੋਂ ਵੱਧ ਨਜ਼ਦੀਕ ਰਹਿਣ ਵਿਚ ਹੀ ਜੀਵਨ ਦੀ ਤੰਦਰੁਸਤੀ ਅਤੇ ਸ਼ਕਤੀ ਹੈ। ਇਸ ਨਾਲ ਹੀ ਨਵੀਂ ਜੀਵਨ ਜਾਚ ਪੈਦਾ ਹੋਣ ਲਗਦੀ ਹੈ। ਸਾਰੀਆਂ ਰੂਹਾਨੀ ਲਹਿਰਾਂ ਵਿਚ ਬਿਮਾਰੀਆਂ ਪ੍ਰਤੀ ਨਵੀਂ ਤਰਾਂ ਦੀ ਪਹੁੰਚ ਇਕ ਜ਼ਰੂਰੀ ਹਿੱਸਾ ਹੈ। ਇਨ੍ਹਾਂ ਵਲੋਂ ਬਦਲਵੀਆਂ ਇਲਾਜ ਪ੍ਰਣਾਲੀਆਂ ਵਿਕਸਤ ਕਰਨ ਵਿਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਕਈ ਰੂਹਾਨੀ ਸੰਸਥਾਵਾਂ ਨੇ ਆਯੁਰਵੈਦਿਕ ਦਵਾਈਆਂ ਖੁਦ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਹੌਲੀ ਹੌਲੀ ਇਸ ਤਰਾਂ ਬਹੁਕੌਮੀ ਕੰਪਨੀਆਂ ਦੁਆਰਾ ਫੈਲਾਏ ਗਏ ਸਿਹਤ ਕਲਚਰ ਦੇ ਮੁਕਾਬਲੇ ਨਵੀਂ ਤਰਾਂ ਦਾ ਸਿਹਤ ਕਲਚਰ ਵਿਕਸਤ ਹੋਵੇਗਾ ਅਤੇ ਨਵੀਂ ਤਰਾਂ ਦੀ ਮੈਡੀਕਲ ਆਰਥਿਕਤਾ ਉਸਰੇਗੀ। ਇਸ ਦੇ ਮੁਢਲੇ ਸੰਕੇਤ ਤਾਂ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਹਨ। ਹਾਰਵਰਡ ਯੂਨੀਵਰਸਿਟੀ ਦੇ ਇਕ ਅਧਿਐਨ ਮੁਤਾਬਕ ਅਮਰੀਕਾ ਵਿਚ ਅੱਸੀਵਿਆਂ ਵਿਚ ਬਹੁਤ ਥੋੜ੍ਹੇ ਲੋਕ ਅਜਿਹੇ ਹੁੰਦੇ ਸਨ ਜਿਹੜੇ ਬਦਲਵੀਆਂ ਇਲਾਜ ਪ੍ਰਣਾਲੀਆਂ ਵੱਲ ਜਾਂਦੇ ਸਨ ਜਾਂ ਇਸ ਤਰਾਂ ਦੇ ਸਿਸਟਮਾਂ ਦੇ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਸਨ। 1991 ਤਕ ਪਹੁੰਚਦਿਆਂ ਅਮਰੀਕੀ ਅਬਾਦੀ ਦਾ 34 ਫੀਸਦੀ ਹਿੱਸਾ ਅਜਿਹੇ ਯੋਗਾ ਥੇਰਾਪਿਸਟਾਂ, ਮੈਡੀਟੇਸ਼ਨ ਮਾਹਰਾਂ, ਕਾਇਰੋਪ੍ਰੈਕਟਿਕ ਫਿਜੀਸ਼ਨਾਂ, ਮਸਾਜ ਥੈਰਾਪਿਸ਼ਟਾਂ, ਐਕੂਪੰਕਚਰ ਦੇ ਡਾਕਟਰਾਂ ਅਤੇ ਹਰਬਲ ਦੁਆਈਆਂ ਦੇਣ ਵਾਲੇ ਵੈਦਾਂ ਕੋਲ ਜਾਣ ਲੱਗਿਆ ਸੀ। 1999 ਤਕ ਪਹੁੰਚਦਿਆਂ ਬਦਲਵੀਆਂ ਇਲਾਜ ਪ੍ਰਣਾਲਿਆਂ ਦੀ ਸ਼ਰਣ ਲੈਣ ਵਾਲੇ ਅਮਰੀਕੀਆਂ ਦੀ ਗਿਣਤੀ 50 ਫੀਸਦੀ ਤਕ ਹੋ ਗਈ । ਹਾਰਵਰਡ ਦੀ ਇਸ ਸਟੱਡੀ ਵਿਚ ਇਸ ਰੁਝਾਨ ਦੇ ਵਿਤੀ ਅਤੇ ਆਰਥਿਕ ਪਹਿਲੂਆਂ ਵੱਲ ਵੀ ਧਿਆਨ ਦਿਤਾ ਗਿਆ ਹੈ। 1990 ਵਿਚ ਇਸ ਤਰਾਂ ਦੀਆਂ ਇਲਾਜ ਪ੍ਰਣਾਲੀਆਂ ਤੇ ਲੋਕਾਂ ਵੱਲੋਂ ਕੁਲ 13.7 ਬਿਲੀਅਨ ਡਾਲਰ ਖਰਚਿਆ ਗਿਆ। ਕੁਝ ਤਾਜ਼ਾ ਅਧਿਐਨਾਂ ਮੁਤਾਬਕ ਇਹ ਖਰਚਾ ਹੁਣ 27 ਬਿਲੀਅਨ ਤਕ ਪਹੁੰਚ ਗਿਆ ਹੈ। ਕਹਿਣ ਦਾ ਮਤਲਬ ਹੈ ਕਿ ਬਦਲਵੀਆਂ ਇਲਾਜ ਪ੍ਰਣਾਲੀਆਂ ਹੁਣ ਇਕੱਲੇ ਅਮਰੀਕਾ ਵਿਚ ਹੀ 27 ਬਿਲੀਅਨ ਡਾਲਰ ਦੀ ਇੰਡਸਟਰੀ ਬਣ ਗਈਆਂ ਹਨ।
ਇਨ੍ਹਾਂ ਬਦਲਵੀਆਂ ਇਲਾਜ ਪ੍ਰਣਾਲੀਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਅਸਲ ਵਿਚ ਤਾਂ ਇਹ ਉਹ ਸਾਰੇ ਗਿਆਨ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਪ੍ਰਾਜੈਕਟ ਹੈ, ਜਿਹੜਾ ਪੱਛਮ ਦੇ ਐਲੋਪੇਥਿਕ ਕਾਰਪੋਰੇਟ ਹੈਲਥ ਸਿਸਟਮ ਦੇ ਹਮਲੇ ਕਾਰਨ ਜਾਂ ਤਾਂ ਹਾਸ਼ੀਏ ਤੇ ਧਕੇਲ ਦਿੱਤਾ ਗਿਆ ਸੀ ਜਾਂ ਖਤਮ ਹੀ ਹੋ ਗਿਆ ਸੀ। ਫਿਰ ਇਸ ਵਿਚ ਹੁਣ ਦੁਬਾਰਾ ਦਿਲਚਸਪੀ ਪੈਦਾ ਹੋਣ ਲੱਗੀ ਹੈ। ਭਾਰਤੀ ਆਯੁਰਵੈਦ ਇਨ੍ਹਾਂ ਬਦਲਵੇਂ ਸਿਸਟਮਾਂ ਵਿਚ ਸਭ ਤੋਂ ਪ੍ਰਮੁਖ ਹੈ। ਵਰਲਡ ਹੈਲਥ ਔਰਗੇਨਾਈਜੇਸ਼ਨ ਵਲੋਂ ਵੀ ਆਯੁਰਵੈਦਾ ਨੂੰ ਹੁਣ ਮੌਜੂਦ ਸਭਿਅਤਾ ਦੇ ਸਭ ਤੋਂ ਪੁਰਾਤਨ ਮੈਡੀਕਲ ਸਿਸਟਮ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਕਯੂਪੰਕਚਰ ਅਤੇ ਅਕਯੂਪ੍ਰੈਸ਼ਰ ਆਦਿ ਚੀਨੀ ਵਿਧੀਆਂ ਵੀ ਬਹੁਤ ਅਹਿਮ ਬਦਲਵੇਂ ਸਿਸਟਮ ਹਨ। ਭਾਰਤ ਅਤੇ ਦੁਨੀਆ ਦੇ ਹੋਰ ਹਿਸਿਆਂ ਵਿਚ ਦੇਸੀ ਇਲਾਜ ਦੇ ਹਜ਼ਾਰਾਂ ਤਰੀਕੇ ਅਤੇ ਨੁਸਖੇ ਹਨ। ਅਸੀਂ ਆਪਣੇ ਹੀ ਸਿਸਟਮ ਵਿਚ ਇਲਾਜ ਦੇ ਕਿੰਨੇ ਹੀ ਪੁਰਾਣੇ ਨੁਸਖੇ ਆਲੋਪ ਹੁੰਦੇ ਦੇਖਦੇ ਹਾਂ। ਹੱਡੀਆਂ ਜੋੜਨ ਅਤੇ ਮਾਲਸ਼ ਦੇ ਪੁਰਾਣੇ ਤਰੀਕੇ ਸਨ। ਨੇਚਰ ਕਿਉਰ ਅਤੇ ਫੂਡ ਥੇੈਰਪੀ ਨੇ ਸੁਤੰਤਰ ਮੈਡੀਕਲ ਸਿਸਟਮਾਂ ਵਜੋਂ ਖੜ੍ਹੇ ਹੋਣਾ ਸ਼ੁਰੂ ਕਰ ਦਿੱਤਾ ਹੈ। ਸਾਊਂਡ ਥੇੈਰੇਪੀ, ਕਲਰ ਥੈੇਰੇਪੀ, ਅਰੋਮਾ ਥੈੇਰੇਪੀ ਆਦਿ ਹੋਰ ਅਨੇਕਾਂ ਦੀ ਪਰੰਮਪਰਾਵਾਂ ਹਨ। ਹੋਮਿਊਪੈਥੀ ਦੀ ਇਕ ਵੱਡੀ ਸ਼ਾਖ ਹੈ। ਇਹ ਸਭ ਕੁਝ ਪਿਛਲੀਆਂ ਸਦੀਆਂ ਦੌਰਾਨ ਐਲੋਪੈਥਿਕ ਦੇ ਹਮਲੇ ਨੇ ਰੋਲ ਦਿੱਤਾ। ਪਿਛਲੇ ਦਹਾਕਿਆਂ ਦੌਰਾਨ ਸਥਿਤੀ ਅਜਿਹੀ ਬਣ ਗਈ ਸੀ ਕਿ ਅਸੀਂ ਦੇਖਿਆਂ ਹੈ ਕਿ ਭਾਰਤ ਅੰਦਰ ਵੀ ਆਯੂਰਵੈਦਿਕ ਕਾਲਜਾਂ ਵਿਚ ਸਿਰਫ ਉਹ ਵਿਦਿਆਰਥੀ ਜਾਂਦੇ ਸਨ ਜਿਨ੍ਹਾਂ ਨੂੰ ਕਿਤੇ ਵੀ ਐਲੋਪੈਥਿਕ ਕੋਰਸਾਂ ਵਿਚ ਦਾਖਲਾ ਨਹੀਂ ਸੀ ਮਿਲਦਾ। ਇਸ ਤਰਾਂ ਅਸਯੁਰਵੈਦਿਕ ਅਤੇ ਹੋਮਿਉਪੈਥੀ ਵਿਚ ਜਿਹੜਾ ਟੈਲੇਂਟ ਆ ਰਿਹਾ ਸੀ, ਉਸ ਨੇ ਇਨ੍ਹਾਂ ਦੀ ਖੋਜ ਅਤੇ ਪ੍ਰੈਕਟਿਸ ਦਾ ਪੱਧਰ ਬਹੁਤ ਨੀਵਾਂ ਲਿਆਂਦਾ। ਸਰਕਾਰੀ ਸੰਸਥਾਨਾਂ ਨੇ ਵੀ ਇਨ੍ਹਾਂ ਸਿਸਟਮਾਂ ਨੂੰ ਦੋਇਮ ਦਰਜੇ ਦੇ ਸਿਸਟਮ ਬਣਾ ਦਿੱਤਾ। ਫਿਰ ਹਵਾ ਨੇ ਹੁਣ ਰੁਖ ਮੋੜ ਲਿਆ ਹੈ।

ਨਵਾਂ ਫੁਡ ਕਲਚਰ

ਯੋਗ ਅਤੇ ਸਾਧਨਾ ਮਨੁਖੀ ਸਖਸ਼ੀਅਤ ਵਿਚ ਜਿਸ ਤਰਾਂ ਦਾ ਸੰਤੁਲਨ ਪੈਦਾ ਕਰਦੇ ਹਨ, ਉਸ ਨਾਲ ਮਨੁਖ ਦੀਆਂ ਸਭ ਪ੍ਰਕਾਰ ਦੀਆਂ ਰੁਚੀਆਂ ਪ੍ਰਭਾਵਤ ਹੁੰਦੀਆਂ ਹਨ। ਇਸ ਨਾਲ ਖਾਣੇ ਪ੍ਰਤੀ ਉਸ ਦੀਆਂ ਰੁਚੀਆਂ ਵੀ ਬਦਲਦੀਆਂ ਹਨ। ਉਸ ਅੰਦਰ ਨਵੀਂ ਤਰਾਂ ਦਾ ਫੂਡ ਕਲਚਰ ਵਿਕਸਤ ਹੋਣ ਲਗਦਾ ਹੈ। ਇਹ ਅਜਿਹਾ ਫੂਡ ਕਲਚਰ ਹੈ ਜਿਹੜਾ ਸਾਡੀ ਮੋਜੂਦਾ ਜੀਵਨ ਜਾਚ ਨੂੰ ਵਾਰਾ ਨਹੀਂ ਖਾਂਦਾ। ਮਨੁਖ ਦੀ ਖਾਣੇ ਦੀ ਲੋੜ ਵੀ ਸਭਿਅਤਾ ਦਾ ਇਕ ਬੁਨਿਆਦੀ ਜੁਜ਼ ਹੈ। ਲੰਬੇ ਸਮੇਂ ਤੋਂ ਸਾਡੀਆਂ ਖਾਣ ਦੀਆਂ ਲੋੜਾਂ ਨਾਲ ਹੀ ਸਾਡੀ ਆਰਥਿਕ ਗਤੀ ਵਿਧੀ ਜੁੜੀ ਰਹੀ ਹੈ। ਪਰ ਇਸ ਦੇ ਬਾਵਜੂਦ ਖਾਣਾ ਸਾਡੀ ਨਿਜੀ ਸੁਤੰਤਰਤਾ ਦੇ ਘੇਰੇ ਵਿਚ ਰਹਿਣ ਵਾਲੀ ਚੀਜ਼ ਹੀ ਰਹੀ ਹੈ। ਪਰ ਭੋਜਨ ਜਿਉਂ ਜਿਉਂ ਇਕ ਇੰਡਸਟਰੀ ਬਣਦਾ ਗਿਆ, ਇਸ ਦਾ ਸਮੁਚਾ ਕਲਚਰ ਹੀ ਬਦਲ ਗਿਆ। ਸਾਡੇ ਭੋਜਨ ਕਲਚਰ ਤੇ ਭੋਜਨ ਪਦਾਰਥ ਪੈਦਾ ਕਰਨ ਵਾਲੀ ਕੰਪਨੀਆਂ ਦਾ ਕੰਟਰੋਲ ਲਗਾਤਾਰ ਵੱਧ ਰਿਹਾ ਹੈ। ਵਿਕਸਤ ਸਮਾਜਾਂ ਵਿਚ ਇਸ ਵਕਤ ਹਾਲਤ ਇਹ ਹੈ ਕਿ ਭੋਜਨ ਬਣਾਉਣਾ ਅਤੇ ਭੋਜਨ ਖਾਣਾ ਘਰਾਂ ਅਤੇ ਨਿਜੀ ਸੁਤੰਤਰਤਾ ਦੇ ਦਾਇਰਿਆਂ ਵਿਚੋਂ ਪੂਰੀ ਤਰਾਂ ਨਿਕਲ ਚੁਕਿਆ ਹੈ। ਉਨ੍ਹਾਂ ਭੋਜਨ ਦਾ ਪੂਰੀ ਤਰਾਂ ਸਨਅਤੀਕਰਨ ਕਰ ਦਿੱਤਾ ਹੈ। ਇਕ ਅਜਿਹਾ ਕਲਚਰ ਵਿਕਸਤ ਹੋ ਗਿਆ ਹੈ ਕਿ ਘਰ ਵਿਚ ਭੋਜਨ ਖਾਣਾ ਪਿਛੜੇਪਣ ਦੀ ਨਿਸ਼ਾਨੀ ਲਗਣ ਲਗ ਪਿਆ ਹੈ। ਭੋਜਨ ਉਤਪਾਦ ਤਿਆਰ ਕਰਨਾ ਪੂਰੀ ਤਰਾਂ ਵੱਡੀਆਂ ਕਾਰਪੋਰੇਸ਼ਨਾਂ ਦੇ ਅਧਿਕਾਰ ਖੇਤਰ ਹੇਠ ਆ ਗਿਆ ਹੈ ਅਤੇ ਇਸ ਤੇ ਉਨ੍ਹਾਂ ਦਾ ਕੰਟਰੋਲ ਦਿਨ ਬ ਦਿਨ ਵਧ ਰਿਹਾ ਹੈ। ਇਥੋਂ ਤਕ ਕਿ ਵੱਖ ਵੱਖ ਤਰਾਂ ਦੇ ਈਟਿੰਗਜ਼ ਜਾਇੰਟਸ, ਰੈਸਟੋਂਰੇਟ ਵਗੈਰਾ ਵੀ ਵੱਡੀਆਂ ਕਾਰਪੋਰੇਸ਼ਨਾਂ ਦੀਆਂ ਚੇਨਜ਼ ਦਾ ਹਿੱਸਾ ਬਣ ਚੁੱਕੇ ਹਨ। ਭੋਜਨ ਦਾ ਇਹ ਸਨਅਤੀਕਰਨ ਵੀ ਸ਼ਾਇਦ ਆਪਣੇ ਆਪ ਵਿਚ ਬੁਰਾ ਨਾ ਹੁੰਦਾ ਜੇ ਇਸ ਦੀ ਸਾਤਵਿਕਤਾ ਅਤੇ ਸੁਚਮਤਾ ਬਰਕਰਾਰ ਰਹਿੰਦੀ। ਫਿਰ ਸਨਅਤੀਕਰਨ ਦੇ ਕੁਝ ਆਪਣੇ ਸੰਕੁਚਿਤ ਕਾਰਨਾਂ ਕਰਕੇ ਭੋਜਨ ਦੇ ਇਹ ਪਹਿਲੂ ਗੁਆਚ ਗਏ। ਇਸ ਦਾ ਇਹ ਸਿੱਟਾ ਇਹ ਨਿਕਲਿਆ ਹੈ ਕਿ ਅਸੀਂ ਅਜਿਹਾ ਭੋਜਨ ਖਾਣ ਲਈ ਮਜ਼ਬੂਰ ਹਾਂ ਜਿਹੜਾ ਸਾਡੇ ਤਨ ਮਨ ਵਿਚ ਅਨਿਕ ਪ੍ਰਕਾਰ ਦੇ ਵਿਗਾੜਾਂ ਦਾ ਕਾਰਣ ਬਣਦਾ ਜਾ ਰਿਹਾ ਹੈ। ਫਾਸਟ ਫੂਡ ਜਾਇੰਟ਼ਸ ਤੇ ਮਿਲਦਾ ਖਾਣਾ, ਰੈਸਟੋਰੈਂਟਾਂ ਦਾ ਖਾਣਾ, ਡਿੱਬਾਬੰਦ ਖਾਣਾ ਅਤੇ ਹਰ ਪ੍ਰਕਾਰ ਦਾ ਪ੍ਰਾਸੈਸਡ ਭੋਜਨ ਉਸ ਤਰਾਂ ਦਾ ਭੋਜਨ ਨਹੀਂ ਹੈ, ਜਿਸ ਦੀ ਸਾਡੇ ਸਰੀਰ ਅਤੇ ਮਨ ਨੂੰ ਲੋੜ ਹੈ। ਭਾਰਤ ਵਿਚ ਤਾਂ ਅਸੀਂ ਪੈਸਟੀਸਾਈਡ ਅੰਸ਼ਾਂ ਦੀ ਮਿਲਾਵਟ ਵਾਲਾ ਭੋਜਨ ਖਾਦੇ ਹਾਂ ਪਰ ਜਿਥੇ ਅਜਿਹੇ ਅੰਸ਼ਾਂ ਨੂੰ ਰੋਕਣ ਵਾਲੇ ਕੁਆਲਿਟੀ ਕੰਟਰੋਲ ਵੀ ਲਾਗੂ ਹਨ, ਉਥੇ ਵੀ ਅਜਿਹਾ ਭੋਜਨ ਤੰਦਰੁਸਤੀ ਦਾ ਸਰੋਤ ਨਹੀਂ ਹੈ। ਪੁਰਾਤਨ ਭਾਰਤੀ ਦਰਸ਼ਨ ਵਿਚ ਇਹ ਮਾਨਤਾ ਹੈ ਕਿ ਭੋਜਨ ਸਿਰਫ ਤਨ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰਦਾ। ਭੋਜਨ ਸਾਡੇ ਤਨ ਮਨ ਅਤੇ ਆਤਮਾ ਤਿੰਨਾਂ ਸਤਰਾਂ ਤੇ ਪ੍ਰਭਾਵ ਪਾਉਂਦਾ ਹੈ। ਭਾਰਤੀ ਦਰਸ਼ਨ ਵਿਚ ਭੋਜਨ ਦੇ ਗਹਿਰੇ ਪ੍ਰਭਾਵਾਂ ਦੇ ਅਧਾਰ ਤੇ ਇਸ ਨੂੰ ਤਿੰਨ ਮੁਖ ਵਰਗਾਂ ਵਿਚ ਵੰਡਿਆ ਗਿਆ ਹੈ। ਤਾਜ਼ੀਆਂ ਸਬਜ਼ੀਆਂ ਤੇ ਅਧਾਰਤ ਸ਼ੁਧ ਸਾਕਾਹਾਰੀ ਭੋਜਨ ਨੂੰ ਸਾਤਵਿਕ ਭੋਜਨ ਕਿਹਾ ਜਾਂਦਾ ਹੈ। ਅਜਿਹਾ ਭੋਜਨ ਖਾਣ ਨਾਲ ਮਨ ਸ਼ਾਂਤ ਰਹਿੰਦਾ ਹੈ, ਚੁਸਤ ਰਹਿੰਦਾ ਹੈ ਅਤੇ ਹਲਕਾ ਰਹਿੰਦਾ ਹੈ। ਤੇਜ਼ ਮਸਾਲੇਦਾਰ ਭੋਜਨ ਨੂੰ ਰਾਜਸਿਕ ਗੁਣਾਂ ਵਾਲਾ ਭੋਜਨ ਕਿਹਾ ਜਾਂਦਾ ਹੈ। ਇਸ ਤਰਾਂ ਦਾ ਭੋਜਨ ਕਾਮੁਕ ਉਰਜਾ ਨੂੰ ਤਿੱਖਾ ਕਰਦਾ ਹੈ ਅਤੇ ਉਤੇਜਨਾ ਜਗਾਉਂਦਾ ਹੈ। ਸਮਝਿਆ ਜਾਂਦਾ ਹੈ ਕਿ ਇਹ ਭੋਜਨ ਉਨ੍ਹਾਂ ਲੋਕਾਂ ਲਈ ਠਕਿ ਰਹਿੰਦਾ ਹੈ ਜਿਹੜੇ ਜੋਰਦਾਰ ਸਰੀਰਕ ਕੰਮਾਂ ਵਿਚ ਸ਼ਾਮਲ ਹੁੰਦੇ ਹਨ। ਮਾਸ ਅਤੇ ਸ਼ਰਾਬ ਤੇ ਅਧਾਰਤ ਭੋਜਨ ਨੂੰ ਤਾਮਸਕ ਭੋਜਨ ਕਿਹਾ ਜਾਂਦਾ ਹੈ। ਇਹ ਮਨ ਨੂੰ ਧੁੰਧਲਾ ਕਰਦਾ ਹੈ ਅਤੇ ਕਈ ਤਰਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਰ ਪੈਦਾ ਕਰਦਾ ਹੈ। ਪੁਰਾਤਨ ਭਾਰਤੀ ਲੋਕਾਂ ਦੀ ਭੋਜਨ ਬਾਰੇ ਇਸ ਤਰਾਂ ਦੀ ਖੋਜ ਕਾਫੀ ਵਿਆਪਕ ਸੀ। ਇਸੇ ਅਧਾਰ ਤੇ ਉਨ੍ਹਾਂ ਦੀ ਇਹ ਮਾਨਤਾ ਸੀ ਕਿ ਮਾਸ, ਜ਼ਿਆਦਾ ਪੱਕਿਆ ਭੋਜਨ, ਬਾਸਾ ਭੋਜਨ ਅਤੇ ਜਿਆਦਾ ਖਾਣਾ ਆਦਿ ਤੰਦਰੁਸਤ ਭੋਜਨ ਨਹੀਂ ਹਨ, ਕਿਉਂਕਿ ਇਹ ਮਨ, ਸ਼ਰੀਰ ਅਤੇ ਆਤਮਾ ਤਿੰਨਾਂ ਦੇ ਖੇੜੇ ਵਿਚ ਸਹਾਇਕ ਨਹੀਂ ਹੁੰਦੇ। ਇਹ ਵਿਸ਼ਵਾਸ ਹੈ ਕਿ ਜੋ ਕੁਝ ਅਸੀਂ ਖਾਦੇ ਹਾਂ, ਇਹ ਸਿਰਫ ਸਾਡੇ ਸਰੀਰ ਨੂੰ ਚਲਦਾ ਰਖਣ ਲਈ ਨਹੀਂ ਹੈ ਬਲਕਿ ਇਹ ਸਾਡੇ ਮਨ ਦੀਆਂ ਬਿਰਤੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਗੁਰਬਾਣੀ ਵਿਚ ਵੀ ਇਸ ਸਿਧਾਂਤ ਨੂੰ ਮਾਨਤਾ ਦੱਤੀ ਗਈ ਹੈ: ਜਿਤ ਖਾਧੇ ਤਨੁ ਪੀੜੀਐ ਮਨਿ ਮਹਿ ਚਲਹਿ ਵਿਕਾਰੁ ॥ ਬਾਬਾ ਐਸਾ ਖਾਣਾ ਖੁਸੀ ਖੁਆਰ ॥
ਇਹ ਦੇਖਿਆ ਗਿਆ ਹੈ ਕਿ ਇਕ ਸਾਧਕ ਦੀਆਂ ਖਾਣ ਪੀਣ ਦੀਆਂ ਆਦਤਾਂ ਆਪਣੇ ਆਪ ਬਦਲ ਜਾਂਦੀਆਂ ਹਨ। ਉਸ ਦਾ ਮਨ ਭੋਜਨ ਦੁਆਰਾ ਪੈਦਾ ਹੋਣ ਵਾਲੇ ਮਾਨਸਿਕ ਅਤੇ ਸੂਖਮ ਸਰੀਰਕ ਪ੍ਰਭਾਵਾਂ ਬਾਰੇ ਵਧ ਸੰਵੇਦਨਸ਼ੀਲ ਹੋ ਜਾਂਦਾ ਹੈ। ਆਧੁਨਿਕ ਰੂਹਾਨੀ ਲਹਿਰਾਂ ਬੜੇ ਗਹਿਰੇ ਅਤੇ ਵਿਆਪਕ ਰੂਪ ਵਿਚ ਸਾਡੇ ਫੂਡ ਕਲਚਰ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਇਕ ਅਜਿਹਾ ਫੂਡ ਕਲਚਰ ਦੇ ਰਹੀਆਂ ਹਨ ਜਿਸ ਵਿਚ ਨੌਨ ਵੇਜ, ਫਾਸਟ ਫੁਡ, ਡੱਬਾਬੰਦ ਖਾਣੇ, ਏਰੇਟਡ ਡਰਿੰਕਸ ਅਤੇ ਅਲਕੋਹਲ, ਤੰਬਾਕੂ ਲਈ ਕੋਈ ਥਾਂ ਨਹੀਂ। ਇਹ ਮੌਜੂਦਾ ਫੁਡ ਇੰਡਸਟਰੀ ਦੁਆਰਾ ਪ੍ਰਮੋਟ ਕੀਤੇ ਜਾ ਰਹੇ ਕਲਚਰ ਤੋਂ ਵੱਖਰਾ ਹੈ। ਇਹ ਭੋਜਨ ਦੀ ਸਾਤਵਿਕਤਾ, ਸਾਦਗੀ ਅਤੇ ਤਾਜ਼ਗੀ ਰਖਣ ਵਾਸਤੇ ਇਕ ਸੱਦਾ ਹੈ। ਇਹ ਭੋਜਨ ਦੇ ਭਾਰੂ ਕਲਚਰ ਤੋਂ ਬਿਲਕੁਲ ਵੱਖਰਾ ਹੈ। ਹਾਲਤ ਇਹ ਹੋ ਗਈ ਹੈ ਕਿ ਇਸ ਵਕਤ ਸਾਡੇ ਕੋਲ ਘਰ ਆਏ ਮਹਿਮਾਨ ਦੀ ਖਾਤਰਦਾਰੀ ਲਈ ਪੇਸ਼ ਕੀਤੇ ਜਾਣ ਲਈ ਤਿੰਨ ਹੀ ਮੁਖ ਚੀਜ਼ਾਂ ਹੁੰਦੀਆਂ ਹਨ- ਚਾਹ, ਕੋਲਡ ਡਰਿਕਸ ਅਤੇ ਸ਼ਰਾਬ । ਘਰੋਂ ਬਾਹਰ ਜਾਓ ਤਾਂ ਰੈਸਟੋਂਰੈਟਾਂ ਅਤੇ ਖਾਣ ਪੀਣ ਵਾਲੀਆਂ ਥਾਂਵਾ ਤੇ ਇਹੀ ਚੀਜ਼ਾਂ ਮਿਲਦੀਆਂ ਹਨ। ਇਸ ਤਰਾਂ ਦੀ ਹਾਲਤ ਵਿਚ ਇਕ ਵੱਖਰੇ ਫੂਡ ਕਲਚਰ ਵਾਲੇ ਇਨਸਾਨ ਬਿਲਕੁਲ ਹੀ ਅਜਨਬੀ ਅਤੇ ਮਿਸਫਿਟ ਮਹਿਸੂਸ ਕਰਦੇ ਹਨ। ਦੁਨੀਆਂ ਵਿਚ ਬਥੇਰੀਆਂ ਅਜਿਹੀ ਥਾਂਵਾ ਹਨ, ਜਿਥੇ ਵੈਜੀਟੇਰੀਅਨ ਭੋਜਣ ਮਿਲਣਾ ਮੁਸ਼ਕਲ ਹੋ ਜਾਂਦਾ ਹੈ। ਕਈ ਗਹਿਰੇ ਸਾਧਕ ਪਿਆਜ ਦੀ ਵਰਤੋਂ ਘਟਾ ਦਿੰਦੇ ਹਨ। ਉਨ੍ਹਾਂ ਲਈ ਘਰ ਤੋਂ ਬਾਹਰ ਪਿਆਜ਼ ਤੋਂ ਬਿਨਾਂ ਬਣਿਆ ਖਾਣਾ ਲਭਣਾ ਮੁਸ਼ਕਲ ਹੋ ਜਾਂਦਾ ਹੈ। ਰੂਹਾਨੀ ਲਹਿਰਾਂ ਨਾਲ ਜੁੜੇ ਲੋਕਾਂ ਦੀਆਂ ਅਸੀਂ ਗਲਾਂ ਸੁਣਦੇ ਹਾਂ। ਕੁਝ ਸਮਾਂ ਪਹਿਲਾਂ ਯੂਰਪ ਜਾਂ ਉਤਰੀ ਅਮਰੀਕਾ ਦੇ ਖਿਤਿਆਂ ਵਿਚ ਵੈਜੀਟੇਰੀਅਨ ਭੋਜਨ ਵਾਲਾ ਰੈਸਟੋਰੈਂਟ ਲੱਭਣਾ ਮੁਸ਼ਕਲ ਹੋ ਜਾਂਦਾ ਸੀ। ਫਿਰ ਨਵੇਂ ਵਿਕਸਤ ਹੋ ਰਹੇ ਫੂਡ ਕਲਚਰ ਸਦਕਾ ਇਹ ਸਥਿਤੀ ਬਦਲ ਰਹੀ ਹੈ। ਸਾਰੀ ਦੁਨੀਆ ਵਿਚ ਹੀ ਵੈਜੀਟੇਰੀਅਨ ਖਾਣੇ ਦਾ ਰੁਝਾਨ ਵਧ ਰਿਹਾ ਹੈ। ਇਸ ਵਕਤ ਅਣਗਿਣਤ ਅਜਿਹੀਆਂ ਔਨਲਾਈਨ ਡਾਇਰੈਕਟਰੀਆਂ ਜਾਂ ਸਾਈਟਸ ਹਨ, ਜਿਨ੍ਹਾਂ ਤੋਂ ਦੁਨੀਆਂ ਦੇ ਵੱਖ ਵੱਖ ਹਿਸਿਆਂ ਵਿਚ ਵੈਜੀਟੇਰੀਅਨ ਰੈਸਟੋਰੈਂਟਾਂ ਦਾ ਪਤਾ ਲਾਇਆ ਜਾ ਸਕਦਾ ਹੈ। ਰੂਸ ਆਦਿ ਬਰਫੀਲੇ ਮੁਲਕਾਂ ਅਤੇ ਅਫਰੀਕਾ ਤੋਂ ਬਿਨਾਂ ਦੁਨੀਆਂ ਦੇ ਵੱਡੇ ਹਿੱਸੇ ਵਿਚ ਹੁਣ ਕਾਫੀ ਗਿਣਤੀ ਵਿਚ ਵੈਜੀਟੇਰੀਅਨ ਰੈਸਟੋਰੇਂਟ ਮਿਲ ਜਾਂਦੇ ਹਨ। ਬਿਨਾਂ ਸ਼ੱਕ ਹਾਲੇ ਵੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਜੀਟੇਰੀਅਨ ਮੁਲਕ ਹੈ ਅਤੇ ਅਜਿਹੇ ਲੋਕਾਂ ਦੀ ਅਬਾਦੀ ਭਾਰਤ ਵਿਚ ਸਭ ਤੋਂ ਵੱਧ ਹੈ ਜਿਹੜੇ ਸ਼ੁਧ ਸਾਕਾਹਾਰੀ ਭੋਜਨ ਖਾਦੇ ਹਨ। ਭਾਰਤ ਦੀ ਕੁਲ ਅਬਾਦੀ ਵਿਚ ਇਸ ਤਰਾਂ ਦੇ ਲੋਕਾਂ ਦੀ ਪ੍ਰਤੀਸ਼ਤਤਾ ਵੀ ਦੁਨੀਆ ਭਰ ਵਿਚ ਸਭ ਤੋਂ ਵੱਧ ਹੈ। ਕੁਝ ਸਮਾਂ ਪਹਿਲਾਂ ਤਕ ਭਾਰਤ ਵਿਚ ਅਜਿਹੇ ਲੋਕ ਵੀ ਜ਼ੋਰ ਪਕੜ ਰਹੇ ਸਨ ਜਿਹੜੇ ਇਹ ਸਮਝਦੇ ਸਨ ਕਿ ਜਿਵੇਂ ਨੌਨ ਵੈਜ ਹੋਣਾ ਆਧੁਨਿਕਤਾ ਦੀ ਨਿਸ਼ਾਨੀ ਹੋਵੇ। ਭਾਰਤ ਦਾ ਸ਼ਾਕਾਹਾਰੀ ਕਲਚਰ ਉਨ੍ਹਾਂ ਨੂੰ ਪਛੜੇਪਨ ਦੀ ਨਿਸ਼ਾਨੀ ਲਗਦਾ ਸੀ। ਕੁਝ ਅਰਸੇ ਤੋਂ ਅਜਿਹੀ ਹੀਣ ਭਾਵਨਾ ਘਟਣ ਲੱਗੀ ਹੈ ਅਤੇ ਦੁਬਾਰਾ ਅਜਿਹੀ ਚੇਤਨਾ ਜ਼ੋਰ ਪਕੜ ਰਹੀ ਹੈ ਜਿਹੜੀ ਭੋਜਨ ਦੀ ਸਾਤਵਿਕਤਾ ਪ੍ਰਤੀ ਸੰਵੇਦਨਸ਼ੀਲ ਹੈ। ਰੂਹਾਨੀ ਲਹਿਰਾਂ ਦੇ ਪ੍ਰਭਾਵ ਸਦਕਾ ਵੱਡੀ ਗਿਣਤੀ ਵਿਚ ਲੋਕ ਫਾਸਟ ਫੂਡ ਅਤੇ ਏਰੇਟਡ ਕੋਲਡ ਡਰਿੰਕਸ ਤੋਂ ਮੁਖ ਮੋੜ ਰਹੇ ਹਨ। ਪਛੱਮੀ ਮੁਲਕਾਂ ਅੰਦਰ ਵੀ ਕੁਝ ਲੋਕ ਦੁਬਾਰਾ ਘਰ ਵਿਚ ਖਾਣਾ ਬਣਾਉਣ ਨੂੰ ਪਹਿਲ ਦੇਣ ਲੱਗੇ ਹਨ। ਇਸ ਤਰਾਂ ਦੀ ਸਥਿਤੀ ਵਿਚ ਹੀ ਯੋਗੀ ਜੀ ਵਲੋਂ ਸ਼ੁਰੂ ਵਿਚ ਕੁਝ ਵੱਖਰੀ ਤਰਾਂ ਦੇ ਰੈਸਟੋਰੈਂਟ ਖੋਲ੍ਹਣ ਦੀ ਕੋਸ਼ਿਸ ਕੀਤੀ ਗਈ। ਗੋਲਡਨ ਟੈਂਪਲ ਰੈਸਟੋਰੈਂਟ ਅਜਿਹੀ ਸਥਿਤੀ ਵਿਚ ਹੀ ਖੁਲ੍ਹੇ ਸਨ। ਅਜਿਹੇ ਰੈਸਟੋਰੈਂਟ ਦੁਨੀਆ ਦੇ ਕਈ ਹਿਸਿਆਂ ਵਿਚ ਖੋਲ੍ਹੇ ਗਏ। ਸ਼ੁਰੂ ਵਿਚ ਪਛਮੀ ਲੋਕਾਂ ਨੂੰ ਵੈਜੀਟੇਰੀਅਨ ਖਾਣੇ ਬਣਾਉਣ ਦਾ ਵੀ ਪਤਾ ਨਹੀਂ ਸੀ ਕਿਉਂਕਿ ਨੌਨ ਵੈਜ ਖਾਣੇ ਨੇ ਹੀ ਉਨ੍ਹਾਂ ਦੇ ਆਮ ਖਾਣੇ ਦੀ ਸਾਰੀ ਥਾਂ ਘੇਰ ਰੱਖੀ ਸੀ। ਵੈਸੇ ਭਾਰਤੀ ਸਰੋਤ ਵਾਲੀਆਂ ਕੁਝ ਰੂਹਾਨੀ ਲਹਿਰਾਂ ਦੁਆਰਾ ਪੱਛਮੀ ਮੁਲਕਾਂ ਵਿਚ ਸ਼ਾਕਾਹਾਰੀ ਭੋਜਨ ਨੂੰ ਪ੍ਰਚਲਿਤ ਕਰਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਗਏ ਸਨ। ਅੱਜ ਵੀ ਦੁਨੀਆਂ ਭਰ ਦੀਆਂ ਵੈਜੀਟੇਰੀਅਨ ਰੈਸਟੋਰੈਂਟਾਂ ਦੀਆ ਔਨਲਾਈਨ ਡਾਇਰੈਕਟਰੀਜ਼ ਜਦੋਂ ਅਸੀਂ ਫੋਲਦੇ ਹਾਂ ਤਾਂ ਸਾਨੂੰ ਸਾਰੀ ਦੁਨੀਆ ਵਿਚੋਂ ਹਰੇ ਕ੍ਰਿਸ਼ਨਾ ਰੈਸਟੋਰੈਂਟਾਂ ਦੇ ਨਾਂ ਪੜ੍ਹਨ ਨੂੰ ਮਿਲਦੇ ਹਨ। ਪਰ ਇਸ ਦੇ ਬਾਵਜੂਦ ਪੱਛਮ ਦੇ ਵਿਸ਼ਾਲ ਸਮਾਜ ਵਿਚ ਅਜਿਹੀਆਂ ਲਹਿਰਾਂ ਦਾ ਪ੍ਰਭਾਵ ਸਮਾਜ ਦੇ ਕੁਛ ਹਿੱਸੇ ਤਕ ਹੀ ਸੀਮਤ ਰਹਿੰਦਾ ਹੈ। ਯੋਗੀ ਜੀ ਦੁਆਰਾ ਆਪਣੇ ਨਾਲ ਜੁੜੇ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਦੀ ਜਾਣਕਾਰੀ ਦੇਣ ਲਈ ਕਈ ਤਰਾਂ ਦੇ ਰਸੋਈ ਨੁਸਖੇ ਦੱਸੇ ਗਏ। ਯੋਗੀ ਜੀ ਦੀ ਇਕ ਕਿਤਾਬ ਫੂਡਜ਼ ਫੌਰ ਹੈਲਥ ਐਂਡ ਹੀਲਿੰਗ ਵੀ ਅਜਿਹੀ ਖਾਣਿਆਂ ਲਈ ਮਾਰਗ ਦਰਸ਼ਨ ਦਾ ਕੰਮ ਕਰਦੀ ਰਹੀ। ਕੁਕਿੰਗ ਦੀ ਰੂਹਾਨੀ ਸਾਇੰਸ ਬਾਰੇ ਯੋਗੀ ਜੀ ਲਿਖਦੇ ਹਨ: ਕੁਕਿੰਗ ਦਾ ਮਤਲਬ ਸਿਰਫ ਅੱਗ ਨਾਲ ਖਾਣਾ ਬਣਾਉਣਾ ਨਹੀਂ ਹੈ। ਬਲਕਿ ਉਸ ਨੂੰ ਜੀਵਨ ਦੀ ਜੁਆਲਾ ਦਾ ਸੇਕ ਦੇਣਾ ਹੈ। ਪਿਆਰ ਦਾ ਨਿੱਘ ਅਤੇ ਅਪਣੱਤ ਉਸ ਵਿਚ ਭਰਨਾ ਹੈ। ਕੁਕਿੰਗ ਦੀ ਸਾਇੰਸ ਨਿਜੀ ਅਤੇ ਸਮਾਜਿਕ ਖੁਸ਼ੀ ਦੀ ਕਲਾ ਹੈ। ਕੁਕਿੰਗ ਕਰਨ ਦਾ ਮਜ਼ਾ ਅਤੇ ਫੇਰ ਇਸ ਨੂੰ ਖਾਣ ਦਾ ਮਜ਼ਾ ਸਾਡੇ ਅੰਦਰੋਂ ਸਰਵੋਤਮ ਸਭਿਅਕ ਵਰਤਾਓ ਨੂੰ ਜਗਾਉਂਦਾ ਹੈ। ਕੁਕਿੰਗ ਦਾ ਅਨੰਦ ਸਾਂਝਦਾਰੀ ਅਤੇ ਅਪਣੱਤ ਦਾ ਨਿੱਘ ਪੈਦਾ ਕਰਦਾ ਹੈ। ਇਹ ਤਨ, ਮਨ ਅਤੇ ਆਤਮਾ ਨੂੰ ਅਨੰਦ ਦਿੰਦਾ ਹੈ। ਬੀਬੀ ਇੰਦਰਜੀਤ ਕੋਰ ਵਲੋਂ ਵੀ ਭਾਰਤੀ ਅਤੇ ਸ਼ਾਕਾਹਾਰੀ ਭੋਜਨ ਬਾਰੇ ਕੁਝ ਕਿਤਾਬਾਂ ਤਿਆਰ ਕਿਤੀਆਂ ਗਈਆਂ। ਇਸ ਪ੍ਰਸੰਗ ਵਿਚ ਟੇਸਟ ਔਫ ਇੰਡੀਆ ਉਨ੍ਹਾਂ ਦੀ ਇਕ ਪ੍ਰਮੁਖ ਕਿਤਾਬ ਹੈ। ਜਿਸ ਵਿਚ ਭਾਰਤੀ ਖਾਣੇ ਦੇ ਦਰਸ਼ਨ ਅਤੇ ਵਿਭਿੰਨ ਵਿਧੀਆਂ ਦਾ ਵਰਨਣ ਕੀਤਾ ਗਿਆ ਹੈ। ਜਦੋਂ ਯੋਗੀ ਟੀ ਕੰਪਨੀ ਸ਼ੁਰੂ ਕੀਤੀ ਗਈ ਸੀ ਤਾਂ ਉਹ ਵੀ ਅਸਲ ਵਿਚ ਨਵੀਂ ਤਰਾਂ ਦੇ ਫੁਡ ਕਲਚਰ ਨੂੰ ਉਤਸਾਹਿਤ ਕਰਨ ਵੱਲ ਹੀ ਇਕ ਕਦਮ ਸੀ। ਇਹ ਕੰਪਨੀ ਵੱਖ ਵੱਖ ਪ੍ਰਕਾਰ ਦੀ ਚਾਹ ਦਾ ਉਤਪਾਦਨ ਕਰਦੀ ਹੈ। ਮੌਜੂਦਾ ਨਿਕੋਟੀਨ ਵਾਲੀ ਚਾਹ ਤੋਂ ਲੋਕਾਂ ਦਾ ਖਹਿੜਾ ਛੁਡਵਾਉਣ ਦਾ ਇਹ ਇਕ ਤਰੀਕਾ ਸੀ। ਇਸ ਪ੍ਰਕਾਰ ਦੇ ਤਿਆਰ ਕੀਤੇ ਗਏ ਕਈ ਪ੍ਰਕਾਰ ਦੇ ਚਾਹ ਫਾਰਮੂਲੇ ਬੜੇ ਜਟਿਲ ਤਰੀਕੇ ਨਾਲ ਸਾਡੇ ਮੌਜੂਦਾ ਫੂਡ ਕਲਚਰ ਤੇ ਅਸਰ ਅੰਦਾਜ ਹੁੰਦੇ ਹਨ ਅਤੇ ਤਨ, ਮਨ ਤੇ ਗਹਿਰੇ ਅਸਰ ਪਾਉਂਦੇ ਹਨ।


ਨਿਊ ਏਜ ਅਰਥਚਾਰਾ


ਨਵੀਂ ਤਰਾਂ ਦੀ ਜੀਵਨ ਜਾਚ ਤੇ ਜੀਵਨ ਦਰਸ਼ਨ ਇਕ ਵਖਰੀ ਤਰਾਂ ਦੀ ਆਰਥਿਕ ਗਤੀਵਿਧੀ ਨੂੰ ਵੀ ਜਨਮ ਦੇ ਰਿਹਾ ਹੈ। ਅਮਰੀਕਾ ਵਿਚ ਜੇ ਅੱਜ ਯੋਗਾ 25 ਬਿਲੀਅਨ ਦੀ ਇੰਡਸਟਰੀ ਹੈ ਤਾਂ ਇਹ ਇਸ ਨਵੀਂ ਜੀਵਨ ਜਾਚ ਦਾ ਹੀ ਸਿੱਟਾ ਹੈ। ਬਦਲਵੀਆਂ ਇਲਾਜ ਪ੍ਰਣਾਲੀਆਂ ਵੀ ਲਗਭਗ ਐਨੀ ਵੱਡੀ ਇੰਡਸਟਰੀ ਹੀ ਬਣ ਚੁੱਕੀਆਂ ਹਨ। ਨਵਾਂ ਫੂਡ ਕਲਚਰ ਵੀ ਨਵੀਂ ਤਰਾਂ ਦੀ ਫੂਡ ਇੰਡਰਟਰੀ ਨੂੰ ਜਨਮ ਦੇਵੇਗਾ। ਜੀਵਨ ਨੂੰ ਜਿਸ ਵੀ ਗਿਆਨ ਦੀ ਬਹੁਤ ਲੋੜ ਹੋਵੇ ਤੇ ਜਿਹੜਾ ਮੁਲਵਾਨ ਹੋਵੇ, ਉਸ ਦਾ ਇੰਡਸਟਰੀ ਬਣਨਾ ਨਿਸ਼ਚਿਤ ਹੀ ਹੁੰਦਾ ਹੈ। ਮੋਜੂਦਾ ਯੁਗ ਵਿਚ ਜਿਵੇਂ ਆਧੁਨਿਕ ਵਿਗਿਆਨਾਂ, ਗਿਆਨਾਂ ਅਤੇ ਤਕਨੀਕਾਂ ਦੀ ਜਾਣਕਾਰੀ ਦਾ ਬੇਪਨਾਹ ਮੁਲ ਹੈ, ਜਿਹੜਾ ਕਿ ਅਸੀਂ ਡਾਕਟਰਾਂ, ਇੰਜਨੀਅਰਾਂ, ਤਕਨੀਸ਼ਨਾਂ ਅਤੇ ਵਿਗਿਆਨੀਆਂ ਦੇ ਪ੍ਰੋਫੈਸ਼ਨ ਵਿਚ ਦੇਖ ਸਕਦੇ ਹਾਂ, ਉਸੇ ਤਰਾਂ ਆਉਣ ਵਾਲੇ ਯੁਗ ਵਿਚ ਪੁਰਾਤਕ ਗਿਆਨਾਂ ਅਤੇ ਵਿਗਿਆਨਾਂ ਦਾ ਮੁਲ ਪੈਣ ਵਾਲਾ ਹੈ। ਪੁਰਾਤਨ ਸਮਿਆਂ ਦੇ ਵਿਚ ਵੀ ਇਹ ਗਿਆਨ ਮੁਫਤ ਨਹੀਂ ਸੀ ਮਿਲਦਾ। ਉਸ ਵਕਤ ਵੀ ਸੱਚੇ ਜਗਿਆਸੂਆਂ ਨੂੰ ਕਈ ਪ੍ਰਕਾਰਾਂ ਦੀਆਂ ਪ੍ਰੀਖਿਆਵਾਂ ਅਤੇ ਜੋਖਮਾਂ ਵਿਚੋਂ ਲੰਘ ਕੇ ਹੀ ਇਸ ਗਿਆਨ ਦੀ ਪ੍ਰਾਪਤੀ ਹੁੰਦੀ ਸੀ। ਪਰ ਸਮਝਿਆ ਜਾਦਾਂ ਹੈ ਕਿ ਧਰਤੀ ਤੇ ਯੁਗ ਬਦਲ ਰਿਹਾ ਹੈ ਅਤੇ ਉਹ ਸਾਰਾ ਪੁਰਾਤਨ ਅਤੇ ਦੁਰਲਭ ਗਿਆਨ ਆਮ ਆਦਮੀ ਦੀ ਪਹੁੰਚ ਵਿਚ ਆ ਰਿਹਾ ਹੈ। ਇਸੇ ਬਦਲਾਅ ਦਾ ਸਿੱਟਾ ਹੈ ਕਿ ਕੁੰਡਲਨੀ ਯੋਗ ਜਿਹੀ ਅਤਿ ਸੰਕੁਚਿਤ ਦਾਇਰਿਆਂ ਵਿਚ ਸੰਭਾਲਕੇ ਰੱਖੀ ਗਈ ਯੋਗ ਵਿਧੀ ਨੂੰ ਹਰਿਭਜਨ ਸਿੰਘ ਯੋਗੀ ਜੀ ਨੇ ਆਮ ਲੋਕਾਂ ਲਈ ਖੋਲ ਦਿੱਤਾ। ਖੇੈਰ ਇਹ ਇਕ ਵਖਰਾ ਪ੍ਰਸੰਗ ਹੈ।
ਨਵੀਂ ਤਰਾਂ ਦੇ ਵਿਸ਼ਵ ਦਰਸ਼ਨ ਅਤੇ ਜੀਵਨ ਦਰਸ਼ਨ ਕਾਰਨ ਮੌਜੂਦਾ ਆਰਥਿਕਤਾ ਦੇ ਸਮਾਨਾਂਤਰ ਇਕ ਨਵੀਂ ਤਰਾਂ ਦੀ ਆਰਥਿਕਤਾ ਉਸਰ ਰਹੀ ਹੈ। ਯੋਗਾ ਦਾ ਇਕ ਵੱਡੀ ਇੰਦਸਟਰੀ ਬਣਨਾ ਇਸ ਦੀ ਇਕ ਮਿਸਾਲ ਹੈ। ਯੋਗਾ ਟੀਚਰ, ਯੋਗਾ ਨਾਲ ਸਬੰਧਤ ਕਿਤਾਬਾਂ, ਮੈਗਜ਼ੀਨ, ਆਡੀਓ ਵੀਡੀਓ ਸਮੱਗਰੀ, ਟੀਵੀ ਪ੍ਰੋਗਰਾਮ, ਰਿਸਰਚ ਆਦਿ ਇਕ ਵੱਡਾ ਤਾਣਾਬਾਣਾ ਯੋਗਾ ਦੇ ਦੁਆਲੇ ਉਸਰ ਰਿਹਾ ਹੈ। ਇਸ ਤੋਂ ਬਾਅਦ ਯੋਗਾ ਅਭਿਆਸ ਜਿਸ ਕਿਸਮ ਦੀ ਜੀਵਨ ਜਾਚ ਨੂੰ ਜਨਮ ਦੇ ਰਿਹਾ ਹੈ, ਉਸ ਨੇ ਜੀਵਨ ਦੇ ਸਾਰੇ ਹੀ ਸ਼ੋਹਬਿਆਂ ਵਿਚ ਬਦਲਵੀਆਂ ਲੋੜਾਂ ਅਤੇ ਤਰਜ਼ੇ ਜ਼ਿੰਦਗੀ ਨੂੰ ਜਨਮ ਦਿੱਤਾ ਹੈ। ਮਿਸਾਲ ਦੇ ਤੋਰ ਤੇ ਯੋਗ ਅਤੇ ਸਾਧਨਾ ਤੇ ਅਧਾਰਤ ਜੀਵਨ ਐਲੋਪੈਥੀ ਦੀ ਬਜਾਏ ਆਯੁਰਵੈਦ ਜਾਂ ਇਹੋ ਜਿਹੀਆਂ ਹੋਰ ਬਦਲਵੀਆਂ ਪੈਥੀਆਂ ਵਲ ਝੁਕ ਰਿਹਾ ਹੈ। ਇਸ ਕਰਕੇ ਕੁਦਰਤੀ ਹੈ ਕਿ ਇਸ ਨਾਲ ਇਨ੍ਹਾਂ ਬਦਲਵੀਆਂ ਪੈਥੀਆਂ ਦੀ ਮੰਗ ਵਧੇਗੀ। ਮੰਗ ਪੈਸਾ ਲਿਆਏਗੀ ਅਤੇ ਇਸ ਨਾਲ ਇਹ ਵੱਡੀਆਂ ਸਨਅਤਾਂ ਵਜੋਂ ਖੜ੍ਹੀਆਂ ਹੋਣਗੀਆਂ। ਇਵੇਂ ਹੀ ਹਰਬਲ ਉਤਪਾਦਾਂ ਦੀ ਮੰਗ ਵਧ ਰਹੀ ਹੈ ਅਤੇ ਹਰਬਲ ਇੰਡਸਟਰੀ ਖੜ੍ਹੀ ਹੋ ਰਹੀ ਹੈ। ਫੁਡ ਆਇਟਮਾਂ ਵਿਚ ਔਰਗੈਨਿਕ ਫੁਡ ਦੀ ਮੰਗ ਵਧ ਰਹੀ ਹੈ। ਜਿਸ ਦਾ ਸਿੱਟਾ ਹੈ ਕਿ ਪਛੱਮੀ ਮੁਲਕਾਂ ਦੀਆਂ ਸਬਜ਼ੀ ਮੰਡੀਆਂ ਵਿਚ ਔਰਗੈਨਿਕ ਵਿਧੀਆਂ ਨਾਲ ਪੈਦਾ ਕੀਤੀਆਂ ਸਬਜ਼ੀਆਂ ਜ਼ਿਆਦਾ ਮਹਿੰਗੀਆਂ ਵਿਕਦੀਆਂ ਹਨ। ਭਾਰਤ ਵਿਚ ਵੀ ਹੁਣ ਸਟੋਰਾਂ ਵਿਚ ਔਰਗੈਨਿਕ ਦਾਲਾਂ ਅਤੇ ਹੋਰ ਉਤਪਾਦਾਂ ਦੇ ਵਿਸ਼ੇਸ਼ ਸੈਕਸ਼ਨ ਮਿਲਣ ਲੱਗੇ ਹਨ। ਇਸ ਵਕਤ ਸੌਫਟ ਡਰਿੰਕਸ ਦੀ ਮਾਰਕਿਟ ਵਿਚ ਏਰੀਨੇਟਡ ਡਰਿੰਕਸ ਬਣਾੳਣ ਵਾਲੀਆਂ ਕੰਪਨੀਆਂ ਦੀ ਸਰਦਾਰੀ ਹੈ। ਆਉਣ ਵਾਲੇ ਸਮੇਂ ਵਿਚ ਬਦਲਵੇਂ ਅਤੇ ਔਰਗੈਨਿਕ ਪੇ ਜਲ ਵੀ ਸਾਹਮਣੇ ਆਉਣਗੇ, ਜਿਵੇਂ ਕਿ ਚਾਹ ਦੀ ਮਾਰਕਿਟ ਵਿਚ ਹਰਬਲ ਚਾਹ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਬਲਿਸ਼ਿੰਗ ਇੰਡਸਟਰੀ ਵਿਚ ਬਦਲਵੀਂ ਜੀਵਨ ਜਾਚ ਤੇ ਅਧਾਰਤ ਕਿਤਾਬਾਂ ਦਾ ਹੜ੍ਹ ਆਇਆ ਹੋਇਆ ਹੈ। ਮੀਡੀਆ ਵਿਚ ਵੀ ਇਹ ਰੁਝਾਨ ਦਿਸਣ ਲੱਗਿਆ ਹੈ। ਪਛੱਮ ਵਿਚ ਯੋਗਾ ਤੇ ਕਿੰਨੇ ਹੀ ਮੈਗਜ਼ੀਨ ਪ੍ਰਕਾਸ਼ਿਤ ਹੋ ਰਹੇ ਹਨ। ਅਮਰੀਕੀ ਸਿੱਖਾਂ ਦੀ ਸੰਸਥਾ ਵਲੋਂ ਨਵਾਂ ਲਾਈਫ ਸਟਾਈਲ ਮੈਗਜ਼ੀਨ ਅਕਵੇਰੀਅਨ ਟਾਈਮਜ਼ ਸ਼ੁਰੂ ਕੀਤਾ ਗਿਆ ਹੈ। ਭਾਰਤ ਵਿਚ ਇਸ ਰੁਝਾਨ ਦੇਖਿਆ ਜਾ ਸਕਦਾ ਹੈ। ਲਾਈਫ ਪਾਜ਼ਿਟਿਵ ਇਕ ਅਜਿਹਾ ਪ੍ਰਮੁਖ ਪੱਤਰ ਹੈ ਜਿਹੜਾ ਹੋਲਿਸਟਿਕ ਜੀਵਨ ਜਾਚ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਭਾਰਤ ਵਿਚ ਹੀ ਕਈ ਅਜਿਹੇ ਟੀਵੀ ਚੈਨਲ ਸ਼ੁਰੂ ਹੋ ਗਏ ਹਨ ਜਿਨਾਂ ਨੂੰ ਧਾਰਮਿਕ ਜਾਂ ਰੂਹਾਨੀ ਚੈਨਲ ਕਿਹਾ ਜਾਦਾਂ ਹੈ। ਇਸ ਜੀਵਨ ਜਾਚ ਦਾ ਪਰਛਾਂਵਾ ਬਾਕੀ ਸਭ ਖੇਤਰਾਂ ਵਿਚ ਵੀ ਪਵੇਗਾ । ਹਾਲੇ ਤਾਂ ਸਿਰਫ ਸ਼ੁਰੂਆਤ ਹੈ। ਹੌਲੀ ਹੌਲੀ ਯੋਗਾ, ਦੂਸਰੀਆਂ ਪੁਰਾਤਨ ਸਾਇੰਸਾਂ ਅਤੇ ਰੂਹਾਨੀਅਤ ਬਾਰੇ ਖੋਜ ਅਤੇ ਅਕਾਦਮਿਕਤਾ ਦੇ ਸੰਸਥਾਨ ਵੀ ਸਾਹਮਣੇ ਆਉਣਗੇ। ਕਿਹਾ ਜਾਦਾਂ ਹੈ ਕਿ ਭਾਰਤ ਵਿਚ ਇਕ ਵਾਰ ਫੇਰ ਨਾਲੰਦਾ ਅਤੇ ਤਕਸ਼ਿਲਾ ਵਰਗੇ ਰੂਹਾਨੀ ਗਿਆਨ ਦੇ ਵੱਡੇ ਕੇਂਦਰ ਅਤੇ ਯੁਨੀਵਰਸਿਟੀਆਂ ਸਾਹਮਣੇ ਆਉਣਗੀਆਂ। ਇਸ ਤਰਾਂ ਨਵੀਂ ਤਰਾਂ ਦੀ ਜੀਵਨ ਸ਼ੈਲੀ ਕਿਉਂਕਿ ਜੀਵਨ ਦੀ ਸਮਾਨਾਂਤਰ ਧਾਰਾ ਵਜੋਂ ਸਾਹਮਣੇ ਆਏਗੀ, ਇਸ ਕਰਕੇ ਇਸ ਤੇ ਅਧਾਰਤ ਆਰਥਿਕ ਨਿਜ਼ਾਮ ਦਾ ਉਸਰਨਾ ਵੀ ਕੁਦਰਤੀ ਹੈ। ਸਭਿਅਤਾ ਦੇ ਇਸ ਮੋੜ ਕਾਰਨ ਆਰਥਿਕ ਨਿਜ਼ਾਮ ਤੇ ਪੈਣ ਵਾਲੇ ਪ੍ਰਭਾਵ ਨੂੰ ਨੋਟ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਪਰ ਹਾਲੇ ਕਿਉਂਕਿ ਇਹ ਵਰਤਾਰਾ ਮੁਢਲੇ ਰੂਪ ਵਿਚ ਹੀ ਹੈ, ਇਸ ਕਰਕੇ ਇਸ ਦੀ ਪੂਰੀ ਤਸਵੀਰ ਉਘੜਨ ਨੂੰ ਹਾਲੇ ਸਮਾਂ ਲੱਗੇਗਾ। ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਅਸੀਂ ਬੜੇ ਪ੍ਰਤੱਖ ਰੂਪ ਵਿਚ ਦੇਖ ਸਕਦੇ ਹਾਂ। ਇਨ੍ਹਾਂ ਨੂੰ ਇਕ ਰੂਝਾਨ ਦੇ ਰੂਪ ਵਿਚ ਦੇਖਣ ਦੀ ਲੋੜ ਹੈ, ਜਿਸ ਨੇ ਆਉਣ ਵਾਲੇ ਸਮੇ ਵਿਚ ਹੋਰ ਜ਼ੋਰ ਪਕੜਨਾ ਹੈ। ਦਿੱਬ ਦ੍ਰਿਸ਼ਟੀ ਵਾਲੇ ਸੰਤ ਪੁਰਸ਼ਾਂ ਦੁਆਰਾ ਸਾਲ 2013 ਤੋਂ ਬਾਅਦ ਮਾਨਵਤਾ ਦੀ ਦਸ਼ਾ ਅਤੇ ਦਿਸ਼ਾ ਵਿਚ ਬੁਨਿਆਦੀ ਪਰਿਵਰਤਨਾਂ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਯੋਗੀ ਜੀ ਕਹਿੰਦੇ ਹਨ ਕਿ ਸਾਲ 2013 ਤੋਂ ਬਾਅਦ ਧਰਤੀ ਦੀ 40 ਫੀਸਦੀ ਤੋਂ ਵਧ ਅਬਾਦੀ ਯੋਗਾ ਕਰ ਰਹੀ ਹੋਵੇਗੀ। ਜਦੋਂ ਅਬਾਦੀ ਨੂੰ ਐਨਾ ਵੱਡਾ ਹਿੱਸਾ ਬਦਲਵੀਂ ਅਤੇ ਯੋਗਿਕ ਜੀਵਨ ਜਾਚ ਨੂੰ ਅਪਣਾਏਗਾ ਤਾਂ ਇਸ ਦਾ ਆਰਥਿਕ ਖੇਤਰ ਵਿਚ ਪ੍ਰਗਟਾਵਾ ਹੋਣਾ ਨਿਸ਼ਚਿਤ ਹੋਵੇਗਾ। ਇਹ ਸੰਭਾਵਨਾ ਹੁਣ ਬਹੁਤ ਦੂਰ ਦੀ ਚੀਜ਼ ਵੀ ਨਹੀਂ ਹੈ। ਪਹਿਲਾਂ ਹੀ ਅਸੀਂ ਅਜਿਹੀ ਦਿਸ਼ਾ ਵੱਲ ਵਧਣ ਲਗੇ ਹਾਂ। ਇਹ ਚੀਜ਼ਾਂ ਅਸੀਂ ਬਹੁਤ ਨੇੜਿਓਂ ਦੇਖ ਸਕਦੇ ਹਾਂ। ਸਵਾਮੀ ਰਾਮਦੇਵ ਦੇ ਨੁਸਖਿਆਂ ਨੂੰ ਜਿਸ ਤਰਾਂ ਦੇ ਲੋਕ ਇਸ ਵੇਲੇ ਅਪਣਾ ਰਹੇ ਹਨ, ਉਹ ਅਜਿਹੇ ਲੋਕ ਹਨ ਜਿਹੜੇ ਸਿਰਫ ਕੁਝ ਸਾਲ ਪਹਿਲਾਂ ਅਜਿਹੀਆਂ ਚੀਜ਼ਾਂ ਨੂੰ ਮਜ਼ਾਕ ਕਰਦੇ ਸਨ । ਇਹ ਕੋਈ ਸਧਾਰਣ ਮੋੜ ਨਹੀਂ ਹੈ। ਸਵਾਮੀ ਰਾਮਦੇਵ ਵਲੋਂ ਕੋਕਾ ਕੋਲਾ ਆਦਿ ਸੋਫਟ ਡਰਿੰਕਸ ਦੀ ਖਪਤ ਤੇ ਤਿੱਖਾ ਵਾਰ ਕੀਤਾ ਗਿਆ ਹੈ। ਇਨ੍ਹਾਂ ਕੰਪਨੀਆਂ ਦੇ ਅਰਥਚਾਰੇ ਤੇ ਅਜਿਹੀਆਂ ਚੀਜ਼ਾਂ ਦਾ ਅਸਰ ਹਾਲੇ ਭਾਵੇਂ ਬਹੁਤ ਪ੍ਰਤੱਖ ਨਾ ਹੋਵੇ, ਪਰ ਲੰਬੇ ਸਮੇ ਵਿਚ ਇਹ ਪਹਿਲੂ ਇਕੱਠੇ ਹੋਕੇ ਬਹੁਤ ਹੀ ਗਹਿਰਾ ਪ੍ਰਭਾਵ ਪਾਉਣਗੇ। ਨਵੀਂ ਸੋਚ ਅਤੇ ਨਵੀਂ ਜੀਵਨ ਧਾਰਾ ਦੁਆਰਾ ਨਵੀਂ ਆਰਥਿਕਤਾ ਨੂੰ ਜਨਮ ਦੇਣਾ ਤੈਅ ਹੈ।



ਰੂਹਾਨੀ ਕਲਾ ਅਤੇ ਸਾਹਿਤ


ਕੁਦਰਤੀ ਹੈ ਕਿ ਇਹ ਨਵਾਂ ਜੀਵਨ ਦਰਸ਼ਨ ਤੇ ਸ਼ੈਲੀ ਕਲਾ ਅਤੇ ਸਾਹਿਤ ਦੇ ਵੱਖ ਵੱਖ ਰੂਪਾਂ ਵਿਚ ਵੀ ਪ੍ਰਗਟ ਹੋਵੇਗੀ। ਸਾਡੇ ਪੁਰਾਤਨ ਸਾਹਿਤ ਅਤੇ ਕਲਾ ਦੇ ਰੂਪ ਰੂਹਾਨੀ ਜੀਵਨ ਦਰਸ਼ਨ ਵਿਚੋਂ ਹੀ ਨਿਕਲਦੇ ਸਨ। ਬਹੁਤੇ ਆਧੁਨਿਕ ਸਾਹਿਤ ਦਾ ਵਿਚਾਰਧਾਰਕ ਸਰੋਤ ਪੱਛਮ ਦੀ ਤਾਰਕਿਕ ਵਿਗਿਆਨਕ ਸੋਝੀ ਹੈ। ਪੱਛਮ ਦੀ ਇਸ ਦ੍ਰਿਸ਼ਟੀ ਚੋਂ ਪੈਦਾ ਹੋਈਆਂ ਸਿਆਸੀ ਅਤੇ ਸਮਾਜਿਕ ਲਹਿਰਾਂ ਦਾ ਪਰਛਾਵਾਂ ਵੀ ਆਧੁਨਕ ਕਲਾ, ਸਾਹਿਤ ਅਤੇ ਅਕਾਦਮਿਕਤਾ ਤੇ ਦੇਖਿਆ ਜਾ ਸਕਦਾ ਹੈ। ਮਾਨਵੀ ਸਭਿਅਤਾ ਦਾ ਇਹ ਨਵਾਂ ਮੋੜ ਵੀ ਸਾਹਿਤ ਅਤੇ ਕਲਾ ਦੇ ਸਭ ਰੂਪਾਂ ਵਿਚ ਆਪਣੀ ਝਲਕ ਦਿਖਾਵੇਗਾ। ਅਜਿਹਾ ਸਾਹਿਤ ਅਤੇ ਕਲਾ ਸਾਹਮਣੇ ਆਉਣ ਲਗੀ ਹੈ ਜਿਸ ਵਿਚੋਂ ਇਸ ਤਰਾਂ ਦੀ ਜੀਵਨ ਦ੍ਰਿਸ਼ਟੀ ਸਾਹਮਣੇ ਆਉਣ ਲੱਗੀ ਹੈ। ਅਜਿਹੇ ਰੁਝਾਨ ਅਸੀਂ ਪੰਜਾਬੀ ਸਾਹਿਤ ਵਿਚੋਂ ਵੀ ਦੇਖਣੇ ਸ਼ੁਰੂ ਕਰ ਦਿੱਤੇ ਹਨ । ਆਤਮ ਪ੍ਰਮਾਤਮ ਅਤੇ ਮਨ ਦੇ ਗਹਿਰੇ ਸਵਾਲ, ਕੁਦਰਤ ਪ੍ਰਤੀ ਨਵੀਂ ਦ੍ਰਿਸ਼ਟੀ ਤੇ ਜੀਵਨ ਦਾ ਨਵਾਂ ਰਿਦਮ ਇਸ ਸਾਹਿਤ ਅਤੇ ਕਲਾ ਦੇ ਮੁਖ ਸਰੋਕਾਰ ਹਨ । ਅਜਿਹੇ ਸਾਹਿਤ ਨੇ ਹਾਲੇ ਆਪਣਾ ਰੂਪ ਨਿਖਾਰਨਾ ਹੈ ਪਰ ਇਕ ਗਲ ਤਾਂ ਤਹਿ ਹੈ ਕਿ ਆਉਣ ਵਾਲੇ ਸਮੇ ਵਿਚ ਕਲਾ ਅਤੇ ਸਾਹਿਤ ਦੇ ਖੇਤਰ ਵਿਚ ਅਜਿਹੀਆਂ ਬਹੁਤ ਸਾਰੀਆਂ ਲਹਿਰਾਂ ਸਾਹਮਣੇ ਆਉਣਗੀਆਂ, ਜਿਨਾਂ ਦੇ ਵਿਚਾਰਧਾਰਕ ਸਰੋਤ ਮੌਜੂਦਾ ਸਾਹਿਤਕ ਰੁਝਾਨਾਂ ਨਾਲੋਂ ਵੱਖਰੇ ਹੋਣਗੇ। ਜੁ ਜ਼ਰਾ ਕੁ ਗਹਿਰਾਈ ਨਾਲ ਦੇਖੀਏ ਤਾਂ ਅਸੀਂ ਪਿਛਲੇ ਦਹਾਕੇ ਦੋਰਾਨ ਹੀ ਪੰਜਾਬੀ ਕਵਿਤਾ ਵਿਚ ਆ ਰਹੇ ਨਵੇਂ ਰੁਝਾਨਾਂ ਵਿਚੋਂ ਹੀ ਅਜਿਹਾ ਮੋੜ ਦੇਖ ਸਕਦੇ ਹਾਂ। ਪਰਮਜੀਤ ਸੋਹਲ, ਨਵਤੇਜ ਭਾਰਤੀ, ਵਰਿੰਦਰ ਪਰਿਹਾਰ, ਆਦਿ ਕਵੀਆਂ ਦੀ ਕਵਿਤਾ ਵਿਚੋਂ ਇਸ ਤਰਾਂ ਦੀਆਂ ਸੁਰਾਂ ਨਜ਼ਰ ਆਉਂਦੀਆਂ ਹਨ। ਨੱਬੇਵਿਆਂ ਦੇ ਅਖੀਰ ਅਤੇ ਵੀਹਵਿਆਂ ਦੇ ਇਨ੍ਹਾਂ ਪਹਿਲੇ ਸਾਲਾਂ ਦੇ ਦੌਰਾਨ ਪੰਜਾਬੀ ਵਿਚ ਜਿਸ ਤਰਾਂ ਦੇ ਨਵੇਂ ਕਵਿ ਰੁਝਾਨ ਸਾਹਮਣੇ ਆਏ ਹਨ, ਉਹ ਸਤਰਵਿਆਂ ਅਤੇ ਅੱਸੀਵਿਆਂ ਦੇ ਕਾਵਿਕ ਮੁਹਾਵਰੇ ਤੋਂ ਬੁਨਿਆਦੀ ਤੋਰ ਤੇ ਭਿੰਨ ਹਨ। ਇਹ ਬਦਲਾਅ ਬੜੇ ਸਹਿਜ ਰੂਪ ਵਿਚ ਵਾਪਰ ਰਿਹਾ ਹੈ। ਸਹਿਜੇ ਸਹਿਜੇ ਆ ਰਿਹਾ ਇਹ ਮੋੜ ਆਉਣ ਵਾਲੇ ਕੁਝ ਹੋਰ ਸਾਲਾਂ ਦੌਰਾਨ ਇਕ ਸਪਸ਼ਟ ਤਸਵੀਰ ਗ੍ਰਹਿਣ ਕਰ ਲਵੇਗਾ।
ਸੰਗੀਤ ਵਿਚ ਵੀ ਨਵੀਂ ਜੀਵਨ ਜਾਚ ਦੇ ਝਲਕਾਰੇ ਪ੍ਰਗਟ ਹੋਣ ਲਗ ਪਏ ਹਨ। ਮਿਊਜ਼ਿਕ ਸਟੋਰਾਂ ਤੇ ਜਾਓ ਤਾਂ ਅਜਿਹਾ ਬਹੁਤ ਸਾਰਾ ਸੰਗੀਤ ਮਿਲਣ ਲੱਗਿਆ ਹੈ ਜਿਹੜਾ ਪੁਰਾਤਨ ਧੁਨਾਂ, ਮੰਤਰਾਂ ਦੇ ਉਚਾਰਨ ਤੇ ਅਧਾਰਤ ਹੈ ਜਾਂ ਧਿਆਨ ਦੀਆਂ ਵਿਧੀਆਂ ਨੂੰ ਤਾਲ ਦੇਣ ਵਾਲੇ ਵਾਦਨ ਤੇ ਅਧਾਰਤ ਹੈ। ਸ਼ਰਧਾ ਭਾਵ ਵਾਲੇ ਸ਼ਬਦਾਂ, ਭਜਨਾਂ ਅਤੇ ਗੀਤਾਂ ਤੇ ਅਧਾਰਤ ਸੰਗੀਤ ਨਾਲ ਤਾਂ ਸਟੋਰ ਭਰੇ ਪਏ ਹਨ। ਇਸ ਤਰਾਂ ਦਾ ਨਿਊ ਏਜ ਮਿਊਜ਼ਿਕ ਹਾਲੇ ਵੱਡੇ ਸ਼ਹਿਰਾਂ ਤਕ ਹੀ ਸੀਮਤ ਹੈ ਪਰ ਜਲਦੀ ਹੀ ਇਹ ਛੋਟੇ ਸਹਿਰਾਂ ਤਕ ਵੀ ਫੈਲ ਜਾਵੇਗਾ।
ਇਸ ਤਰਾਂ ਅਸੀਂ ਦੇਖ ਸਕਦੇ ਹਾਂ ਕਿ ਮਨੁਖੀ ਸਭਿਅਤਾ ਇਕ ਮੋੜ ਕੱਟ ਰਹੀ ਹੈ। ਦੁਨੀਆਂ ਦੇ ਵੱਖ ਵੱਖ ਹਿਸਿਆਂ ਵਿਚ ਚਲ ਰਹੀਆਂ ਇਹ ਲਹਿਰਾਂ ਸਭਿਅਤਾ ਦੇ ਇਸ ਮੋੜ ਦੀਆਂ ਵਾਹਕ ਹਨ। ਇਹ ਵੀ ਇਤਫਾਕ ਹੈ ਕਿ ਸਭਿਅਤਾ ਦੇ ਇਸ ਮੋੜ ਵਿਚ ਭਾਰਤ ਇਕ ਆਗੂ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਸਭਿਆਚਾਰਕ ਬਦਲਾਅ ਦੀ ਅਗਵਾਈ ਕਰ ਰਹੇ ਜ਼ਿਆਦਾਤਰ ਸੰਤ ਮਹਾਤਮਾ ਤੇ ਰੂਹਾਨੀ ਪੁਰਸ਼ ਭਾਰਤੀ ਪਿਛੋਕੜ ਵਾਲੇ ਹਨ। ਇਹ ਇਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਲਭਣਾ ਔਖਾ ਹੈ ਕਿ ਅਜਿਹੇ ਗਿਆਨ ਦੇ ਚਸ਼ਮੇ ਭਾਰਤ ਵਿਚੋਂ ਹੀ ਕਿਉਂ ਫੁਟ ਰਹੇ ਹਨ। ਜਿਉਤਿਸ਼ ਵਿਗਿਆਨ ਦੇ ਮਾਹਰਾਂ ਦਾ ਖਿਆਲ ਹੈ ਕਿ ਆਉਣ ਵਾਲੇ ਸਾਲਾਂ ਦੌਰਾਨ ਭਾਰਤ ਵਿਸ਼ਵ ਗੁਰੂ ਦੇ ਰੂਪ ਵਿਚ ਉਭਰੇਗਾ। ਪਹਿਲਾਂ ਹੀ ਇਹ ਦਸ਼ਾ ਸ਼ੁਰੂ ਹੋ ਚੂੱਕੀ ਹੈ । ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਰੂਹਾਨੀ ਰੂਹਾਨੀ ਲਹਿਰਾਂ ਅਤੇ ਉਨ੍ਹਾਂ ਦੇ ਗਿਆਨ ਦੇ ਸਰੋਤ ਭਾਰਤ ਵਿਚ ਹਨ । ਯੋਗੀ ਜੀ ਦੁਆਰਾ ਪੱਛਮੀ ਦੁਨੀਆ ਵਿਚ ਸ਼ੁਰੂ ਕੀਤੀ ਗਈ ਲਹਿਰ ਨੂੰ ਇਸ ਪ੍ਰਸੰਗ ਵਿਚ ਹੀ ਦੇਖਿਆ ਜਾਣਾ ਚਾਹੀਦਾ ਹੈ।
ਯੋਗੀ ਜੀ ਦੀ ਲਹਿਰ ਵਿਚ ਵੀ ਅਜਿਹਾ ਸਾਹਿਤ ਸਾਹਮਣੇ ਆਇਆ ਹੈ । ਇਸ ਲਹਿਰ ਨੇ ਕਵਿਤਾ, ਗਲਪ, ਸੰਗੀਤ, ਪੇਟਿੰਗਜ਼ ਆਦਿ ਸਭ ਖੇਤਰਾਂ ਵਿਚ ਆਪਣਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਹੈ । ਗੁਰਤੇਜ ਸਿੰਘ ਖਾਲਸਾ ਦੀ ਕਾਵਿ ਪੁਸਤਕ ਚਿਲਡਰਨ ਔਫ ਦੀ ਕਸਪ ਇਸ ਯੁਗ ਪਰਿਵਰਤਨ ਦਾ ਕਾਵਿਕ ਪ੍ਰਗਟਾਵਾ ਹੈ। ਯੋਗੀ ਜੀ ਚਿਲਡਰਨ ਔਫ ਕਸਪ ਉਸ ਪੀੜੀ ਨੂੰ ਕਹਿੰਦੇ ਹਨ ਜਿਨ੍ਹਾਂ 1991 ਤੋਂ ਲੈਕੇ 2013 ਤਕ ਦੇ 21 ਸਾਲ ਦੇ ਅਰਸੇ ਦੌਰਾਨ ਨਵੇਂ ਰੂਹਾਨੀ ਯੁਗ ਦਾ ਮੁਢ ਬੰਨਣਾ ਹੈ। 21 ਸਾਲ ਦਾ ਇਹ ਵਿਚਕਾਰਲਾ ਅਰਸਾ ਦੋ ਯੁਗਾਂ ਦੇ ਵਿਚਕਾਰਲਾ ਸਮਾਂ ਹੈ । 1991 ਵਿਚ ਪਿਛੱਲਾ ਯੁਗ ਖਤਮ ਹੋ ਗਿਆ ਸੀ । ਉਹ ਪਾਈਸੀਅਨ ਏਜ ਸੀ। ਜਿਹੜੀਆਂ ਕੁਦਰਤੀ ਸ਼ਕਤੀਆਂ ਉਸ ਯੁਗ ਦੀਆਂ ਪਹਿਰੇਦਾਰ ਸਨ, ਉਹ ਬਦਲ ਗਈਆਂ ਹਨ । ਨਵੇਂ ਯੁਗ ਨੇ ਸ਼ਕਲ ਅਖਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ । ਜਦ ਧਰਤੀ ਦੀਆਂ ਪਹਿਰੇਦਾਰ ਸ਼ਕਤੀਆਂ ਬਦਲਣਗੀਆਂ ਤਾਂ ਮਨੁਖਾਂ ਦੇ ਸੁਭਾਅ ਅਤੇ ਰੁਚੀਆਂ ਵਿਚ ਵੀ ਮੋੜ ਆਵੇਗਾ । ਪਿਛਲਾ ਯੁਗ ਸੂਚਨਾ ਅਤੇ ਗਿਆਨ ਦਾ ਯੁਗ ਸੀ। ਨਵਾਂ ਯੁਗ ਆਤਮ ਗਿਆਨ ਦਾ ਯੁਗ ਹੋਵੇਗਾ । ਗੁਰਕਿਰਨ ਕੌਰ ਖਾਲਸਾ ਦੀ ਕਾਵਿ ਪੁਸਤਕ ਪਿਯੋਰ ਲੌਂਗਿੰਗ ਫੁਲਫਿਲਡ ਦੇ ਮੁਖ ਬੰਦ ਵਿਚ ਯੋਗੀ ਜੀ ਲਿਖਦੇ ਹਨ ਕਿ ਰਿਵਾਇਤੀ ਤੋਰ ਤੇ ਕਵਿਤਾ ਰੱਬ ਅਤੇ ਇਨਸਾਨ ਦੇ ਮਿਲਣ ਦੇ ਅਨੰਦ ਨੂੰ ਹੀ ਪ੍ਰਗਟ ਕਰਦੀ ਹੈ । ਇਹ ਉਸ ਅਨੰਦ ਦਾ ਪ੍ਰਗਟਾਵਾ ਹੀ ਸੀ । ਦੁਬਾਰਾ ਫੇਰ ਉਸ ਤਰਾਂ ਦੇ ਸਰੋਕਾਰ ਕਵਿਤਾ ਵਿਚ ਪ੍ਰਗਟ ਹੋਣ ਲੱਗੇ ਹਨ । ਗੁਰਕਿਰਨ ਕੌਰ ਖਾਲਸਾ ਐਰੀਜ਼ੋਨਾ ਵਿਚ ਰਹਿੰਦੀ ਹੈ ਅਤੇ ਉਹ ਇਸ ਖਿਤੇ ਦੀਆਂ ਇੰਟਰਫੇਥ ਅਤੇ ਸਾਹਿਤਕ ਸਰਗਰਮੀਆਂ ਵਿਚ ਸਰਗਰਮ ਹੈ । ਉਸ ਦੀ ਸਾਹਿਤਕ ਗਤੀਵਿਧੀਆਂ ਨੂੰ ਮਾਨ ਸਨਮਾਨ ਵੀ ਮਿਲੇ ਹਨ । ਉਸ ਦੀ ਇਹ ਕਾਵਿ ਪੁਸਤਕ ਕਵਿਤਾ, ਪੇਟਿੰਗਜ਼ ਅਤੇ ਫੋਟੋਗ੍ਰਾਫੀ ਦੇ ਮਾਧਿਅਮ ਰਾਹੀਂ ਉਸ ਦੀ ਰੂਹਾਨੀ ਯਾਤਰਾ ਦੇ ਸਫਰ ਦਾ ਬਿਆਨ ਹੈ । ਇਹ ਕੁਝ ਚੋਣਵੀਆਂ ਕਾਵਿ ਪੁਸਤਕਾਂ, ਫੋਟੋਗ੍ਰਾਫੀ ਅਤੇ ਪੇਟਿੰਗਜ਼ ਉਸ ਨਵੀਂ ਸੰਵੇਦਨਾ ਦੇ ਕੁਝ ਮੁਢਲੇ ਸੰਕੇਤ ਜਾਂ ਝਲਕਾਰੇ ਹਨ, ਜਿਹੜੀ ਪੂਰੇ ਵਿਸ਼ਵ ਵਿਚ ਹੀ ਪ੍ਰਗਟ ਹੋਣ ਲੱਗੀ ਹੈ ।


We are the ones who have no place
Who've come to challenge time and space
We've come to go, for we don't belong
Yet, we shall write Victory's song
We, the children of the cusp. (Gurtej Singh Khalsa )

ਸਿੰਘ ਯੋਗੀ ਦੀਆਂ ਮਹੀਨ ਪੈੜਾਂ




" ਅਸੀਂ ਸਾਰੀ ਦੁਨੀਆ ਵਿਚ ਹੋਵਾਂਗੇ । ਹਰ ਜਗ੍ਹਾ ਹੋਵਾਂਗੇ,
ਸਚਾਈ ਦੇ ਮਾਰਗ ਤੇ ਤੁਰਨ ਵਾਲੇ ਸੰਤਾਂ ਅਤੇ ਰਿਸ਼ੀਆਂ ਦੇ ਰੂਪ
ਵਿਚ, ਜਿਹੜੇ ਹਰ ਪਲ ਗੁਰੂ ਦੇ ਆਦੇਸ਼ਾਂ ਤੇ ਤੁਰ ਰਹੇ ਹੋਣਗੇ ।
ਅਸੀਂ ਅਨੰਤਤਾ ਦੇ ਸਾਗਰ ਵਿਚ ਇਕ ਲਹਿਰ ਹਾਂ । ਘੁੱਪ ਹਨੇਰੇ
ਵਿਚ ਇਕ ਕਿਰਨ ਮਾਤਰ ਹਾਂ । ਅਸੀਂ ਇਸ ਯੁੱਗ ਦੀਆਂ
ਚਿੱਟੀਆਂ ਬੱਤਖਾਂ ਹਾਂ । ਅਸੀਂ ਆਪਣਾ ਗੋਰਵ ਕਾਇਮ ਰੱਖਾਂਗੇ
ਅਤੇ ਆਪਣੇ ਗੁਰੂ ਦਾ ਝੰਡਾ ਪਕੜੀ ਰੱਖਾਂਗੇ ਅਤੇ ਸਮੁਚੀ
ਮਾਨਵਤਾ ਦੇ ਹਿਰਦੇ ਤਕ ਇਸ ਨੂੰ ਲੈਕੇ ਜਾਵਾਂਗੇ ਤਾਂ ਜੋ
ਮਨੁਖਤਾ ਦੇ ਦੁਖਾਂ ਦਾ ਅੰਤ ਹੋਵੇ । ਅਸੀਂ ਸਮਾਜ ਦੇ ਦੁਖਾਂ ਅਤੇ
ਸਮੱਸਿਆਵਾਂ ਦਾ ਉਤਰ ਹਾਂ । ਸਾਡੇ ਕੋਲ ਮਨ ਦੀ ਤਕਨੀਕ ਹੈ
ਅਤੇ ਅਸੀਂ ਨਿੱਘ ਪੈਦਾ ਕਰ ਸਕਦੇ ਹਾਂ ।"



ਸ੍ਰੀ ਹਰਿਭਜਨ ਸਿੰਘ ਯੋਗੀ ਜੀ ਦੁਆਰਾ ਪੱਛਮੀ ਜਗਤ ਵਿਚ ਸ਼ੁਰੂ ਕੀਤੀ ਗਈ ਰੂਹਾਨੀ ਲਹਿਰ ਦਾ ਪੰਜਾਬ ਦੇ ਪੰਥਕ ਅਤੇ ਬੌਧਿਕ ਹਲਕਿਆਂ ਵਲੋਂ ਹਾਲੇ ਤਕ ਵੀ ਪੂਰਾ ਨੋਟਿਸ ਨਹੀਂ ਲਿਆ ਗਿਆ । ਕੁਝ ਪੰਥਕ ਸੰਸਥਾਵਾਂ ਅਤੇ ਹਲਕੇ ਜੇ ਯੋਗੀ ਜੀ ਨੂੰ ਸਨਮਾਨ ਦਿੰਦੇ ਰਹੇ ਤਾਂ ਸਿਰਫ ਇਸ ਕਰਕੇ ਕਿ ਉਨ੍ਹਾਂ ਵਲੋਂ ਪੱਛਮੀ ਲੋਕਾਂ ਨੂੰ ਸਿਖ ਸਜਾਇਆ ਗਿਆ ਹੈ। ਪੰਜਾਬ ਦੇ ਪੰਥਕ ਹਲਕਿਆਂ ਨੂੰ ਇਹ ਗਲ ਵੀ ਪ੍ਰਭਾਵਤ ਕਰਦੀ ਹੈ ਕਿ ਯੋਗੀ ਜੀ ਦੇ ਪ੍ਰਭਾਵ ਸਦਕਾ ਸਿੱਖ ਸਜੇ ਪੱਛਮੀ ਸਿਖਾਂ ਦੀ ਰਹਿਣੀ ਬਹਿਣੀ ਭਾਰਤੀ ਮੂਲ ਦੇ ਸਿਖਾਂ ਨਾਲੋਂ ਜ਼ਿਆਦਾ ਪਰਿਪੱਕ ਹੈ । ਪਰ ਪੰਥਕ ਬੌਧਿਕ ਹਲਕਿਆਂ ਵਲੋਂ ਯੋਗੀ ਜੀ ਦੀ ਲਹਿਰ ਦੇ ਇਤਿਹਾਸਕ ਮਹੱਤਵ ਦਾ ਮੁਆਇਨਾ ਕਰਨ ਦਾ ਕੋਈ ਉਪਰਾਲਾ ਹਾਲੇ ਤਕ ਸਾਹਮਣੇ ਨਹੀਂ ਆਇਆ । ਇਹ ਗਲ ਹੈਰਾਨ ਕਰਦੀ ਹੈ । ਇਸ ਦਾ ਇਕ ਕਾਰਨ ਤਾਂ ਇਹ ਸਮਝ ਆਉਂਦਾ ਹੈ ਕਿ ਯੋਗੀ ਜੀ ਦੀ ਲਹਿਰ ਜਿਸ ਸੰਵੇਦਨਾ ਅਤੇ ਜਿਨ੍ਹਾਂ ਸਰੋਕਾਰਾਂ ਤੇ ਖਲੋਤੀ ਹੈ, ਉਹ ਸੰਵੇਦਨਾ ਅਤੇ ਸਰੋਕਾਰ ਪੰਜਾਬ ਦੀ ਪੰਥਕ ਮੁਖਧਾਰਾ ਦਾ ਅੰਗ ਨਹੀਂ ਬਣੇ । ਜਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੀ ਪੰਥਕ ਧਾਰਾ ਵਿਚ ਪੱਛਮੀ ਸਿਖਾਂ ਵਾਲੀ ਅਤੇ ਉਨ੍ਹਾਂ ਦੀ ਲਹਿਰ ਵਾਲੀ ਤਾਜ਼ਗੀ ਨਹੀਂ ਹੈ । ਸਾਡੇ ਪੰਥਕ ਹਲਕਿਆਂ ਵਿਚ ਪੱਛਮੀ ਸਿਖਾਂ ਵਾਲੀ ਜਗਿਆਸਾ, ਸੰਵੇਦਨਸ਼ੀਲਤਾ ਅਤੇ ਗਹਿਰਾਈ ਨਹੀਂ ਹੈ । ਬਹੁਤੇ ਪੰਜਾਬੀ ਤਾਂ ਭਾਰਤੀ ਸਿਖਾਂ ਦੀ ਸਿਖੀ ਇਸ ਵਕਤ ਪੂਰੀ ਤਰਾਂ ਇਕ ਸੰਸਥਾਗਤ ਧਰਮ ਦਾ ਰੂਪ ਗ੍ਰਹਿਣ ਕਰ ਚੁੱਕੀ ਹੈ । ਇਸ ਵਿਚ ਰੂਹਾਨੀ ਲਹਿਰ ਵਾਲੀ ਮੌਲਿਕਤਾ, ਸ਼ਿਦਤ ਅਤੇ ਤਾਜ਼ਾਪਨ ਨਹੀਂ ਹੈ । ਭਾਰਤੀ ਸਿਖਾਂ ਦੀ ਸਿਖੀ, ਸਿਖ ਧਰਮ ਦੇ ਬਾਹਰੀ ਰੂਪ, ਰੀਤਾਂ ਅਤੇ ਸੰਸਥਾਵਾਂ ਤੇ ਜ਼ਿਆਦਾ ਕੇਂਦਰਤ ਹੋ ਗਈ ਹੈ । ਧਾਰਮਿਕ ਸੰਸਥਾਵਾਂ ਨੇ ਪੂਰੀ ਤਰਾਂ ਇਕ ਸਥਾਪਤੀ ਦਾ ਰੂਪ ਗ੍ਰਹਿਣ ਕਰ ਲਿਆ ਹੈ । ਇਸ ਦੀ ਇਕ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ । ਓਸ਼ੋ ਕਹਿੰਦੇ ਹਨ ਕਿ ਹਰ ਧਰਮ ਦੇ ਹੀ ਦੋ ਮੁਖ ਅੰਗ ਹੁੰਦੇ ਹਨ । ਇਕ ਅੰਗ ਉਸ ਧਰਮ ਦੇ ਮੁਲ ਅਤੇ ਉਸ ਦੇ ਰੂਹਾਨੀ ਗਿਆਨ ਦਾ ਹੁੰਦਾ ਹੈ ਅਤੇ ਦੂਜਾ ਅੰਗ ਉਸਦੀਆਂ ਬਾਹਰੀ ਰੀਤਾਂ ਅਤੇ ਚਿੰਨ੍ਹਾਂ ਦਾ । ਮੁੱਲ ਅਤੇ ਰੂਹਾਨੀ ਗਿਆਨ ਦੇ ਮਾਮਲੇ ਵਿਚ ਤਕਰੀਬਨ ਸਾਰੇ ਧਰਮ ਹੀ ਇਕ ਹਨ। ਸਾਰੇ ਹੀ ਧਰਮਾਂ ਦੀ ਰੂਹਾਨੀਅਤ ਵਿਚ ਕੋਈ ਬੁਨਿਆਦੀ ਫਰਕ ਨਹੀਂ ਹੈ । ਪਰ ਉਨ੍ਹਾਂ ਦੇ ਬਾਹਰੀ ਚਿੰਨ੍ਹਾਂ ਅਤੇ ਰਸਮਾਂ ਵਿਚ ਫਰਕ ਹੈ । ਸਾਰੇ ਸੰਸਥਾਈ ਧਰਮ ਉਹ ਹਨ, ਜਿਨ੍ਹਾਂ ਸਿਰਫ ਬਾਹਰੀ ਚਿੰਨ੍ਹਾਂ ਅਤੇ ਰੀਤਾਂ ਨੂੰ ਹੀ ਪਕੜ ਲਿਆ ਹੈ ਅਤੇ ਧਰਮ ਦਾ ਹੋ ਮੂਲ ਹੈ, ਉਸ ਨੂੰ ਛੱਡ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਇਕ ਦੂਜੇ ਨੂੰ ਨਫਰਤ ਕਰਦੇ ਹਨ । ਉਹ ਸਿਰਫ ਆਪਣੇ ਧਰਮਾਂ ਦੀ ਖੋਲ ਨੂੰ ਚਿੰਬੜੇ ਹੁੰਦੇ ਹਨ । ਬਹੁ ਗਿਣਤੀ ਭਾਰਤੀ ਸਿਖ ਸੰਸਥਾਵਾਂ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਨੇ ਵੀ ਸਿਖ ਧਰਮ ਦੇ ਸਿਰਫ ਬਾਹਰੀ ਰੂਪ ਨੂੰ ਹੀ ਪਕੜ ਲਿਆ ਹੈ । ਸਿਖ ਧਰਮ ਦੀ ਰੂਹ ਅਤੇ ਰੂਹਾਨੀਅਤ ਇਨ੍ਹਾਂ ਭੁਲਾ ਦਿੱਤੀ ਹੈ । ਸਿਖ ਸੰਸਥਾਵਾਂ ਵਿਚ ਆਏ ਸਮੁਚੇ ਨਿਘਾਰ ਦੀ ਜੜ੍ਹ ਇਸ ਗੱਲ ਵਿਚ ਹੈ । ਇਹੀ ਵਜ੍ਹਾ ਹੈ ਕਿ ਪੱਛਮੀ ਸਿਖਾਂ ਦੀਆਂ ਕਰਨੀਆਂ ਅਤੇ ਪ੍ਰਾਪਤੀਆਂ ਪੰਜਾਬ ਦੀ ਸਿਖ ਸਥਾਪਤੀ ਨੂੰ ਨਜ਼ਰ ਨਹੀਂ ਆਈਆਂ । ਪਰ ਯੋਗੀ ਜੀ ਆਪਣੇ ਪੱਛਮੀ ਸਿਖਾਂ ਨੂੰ ਸੰਬੋਧਨ ਕਰਦਿਆਂ ਇਹ ਕਿਹਾ ਕਰਦੇ ਸਨ ਕਿ ਸਾਨੂੰ ਪੰਜਾਬ ਦੇ ਸਿਖਾਂ ਦਾ ਰਿਣੀ ਰਹਿਣਾ ਚਾਹੀਦਾ ਹੈ । ਕਿਉਂਕਿ ਉਨ੍ਹਾਂ ਨੇ ਹੀ ਹਰ ਤਰਾਂ ਦੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਸਿਖੀ ਦੀ ਪਰੰਪਰਾ ਸੰਭਾਲ ਰੱਖੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਭਾਲ ਰੱਖਿਆ ਹੈ। ਚਾਹੇ ਉਹ ਇਸ ਦੇ ਅਸਲ ਸੰਦੇਸ਼ ਤੋਂ ਦੂਰ ਹੋ ਗਏ ਹਨ। ਪੱਛਮੀ ਸਿਖਾਂ ਲਈ ਪੰਜਾਬ ਦੇ ਸਿਖ ਗੁਰੂ ਦੇ ਡਾਕੀਏ ਜਾਂ ਗੁਰੂ ਦੇ ਸੰਦੇਸ਼ ਵਾਹਕ ਹਨ । ਕਈ ਵਾਰ ਸੰਦੇਸ਼ ਵਾਹਕ ਖੁਦ ਉਸ ਸੰਦੇਸ਼ ਦੇ ਮਹਾਤਮ ਤੋਂ ਭਾਵੇਂ ਟੁਟ ਚੁਕਿਆ ਹੁੰਦਾ ਹੈ। ਪਰ ਉਸ ਦੇ ਜ਼ਰੀਏ ਸੰਦੇਸ਼ ਦਾ ਕਿਸੇ ਕੋਲ ਪਹੁੰਚਣਾ ਆਪਣੇ ਆਪ ਵਿਚ ਕੋਈ ਛੋਟੀ ਚੀਜ਼ ਨਹੀਂ ਹੈ । ਪੰਜਾਬ ਦੇ ਸਿਖਾਂ ਨੂੰ ਇਹ ਜਾਣਕੇ ਹੈਰਾਨੀ ਹੋਏਗੀ ਕਿ ਪੱਛਮੀ ਸਿਖਾਂ ਅੰਦਰ ਸਿਖੀ ਦੀ ਐਨੀ ਪ੍ਰਬਲ ਭਾਵਨਾ ਹੈ ਕਿ ਉਨ੍ਹਾਂ ਨੂੰ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਦੁਨੀਆ ਦੇ ਵਿਚ ਗੁਰੂ ਦਾ ਸੰਦੇਸ਼ ਪਹੁੰਚਾਣ ਦਾ ਜਿੰਮਾ ਹੁਣ ਉਨ੍ਹਾਂ ਦੇ ਮੋਢਿਆਂ ਤੇ ਹੈ । ਪੱਛਮੀ ਸਿਖਾਂ ਨੂੰ ਪੰਜਾਬ ਦੇ ਸਿਖਾਂ ਬਾਰੇ ਇਸ ਤਰਾਂ ਕ੍ਰਿਤੱਗਤਾ ਦੀ ਭਾਵਨਾ ਨਾਲ ਗੱਲਬਾਤ ਕਰਦਿਆਂ ਅਸੀਂ ਸੁਣਿਆ ਹੈ।
ਪੰਜਾਬ ਦੇ ਲੋਕ ਯੋਗੀ ਜੀ ਬਾਰੇ ਚਾਹੇ ਸਿਰਫ ਇਹੀ ਜਾਣਦੇ ਹਨ ਕਿ ਉਨ੍ਹਾਂ ਪੱਛਮੀ ਲੋਕਾਂ ਨੂੰ ਧਰਮ ਪਰਿਵਰਤਨ ਕਰਵਾਕੇ ਸਿਖ ਸਜਾ ਲਿਆ, ਪਰ ਵਾਸਤਵ ਵਿਚ ਯੋਗੀ ਜੀ ਅਜਿਹੇ ਧਰਮ ਪਰਿਵਰਤਕ ਨਹੀਂ ਸਨ । ਉਨ੍ਹਾਂ ਨੂੰ ਦੂਸਰੇ ਧਰਮ ਪਰਿਵਰਤਕਾਂ ਦੇ ਵਰਗ ਵਿਚ ਨਹੀਂ ਰੱਖਿਆ ਜਾ ਸਕਦਾ । ਉਨ੍ਹਾਂ ਦਾ ਦੂਸਰੇ ਸਿਖ ਧਰਮ ਪ੍ਰਚਾਰਕਾਂ ਅਤੇ ਸੰਤਾਂ ਨਾਲੋਂ ਵੀ ਇਕ ਬੁਨਿਆਦੀ ਵਖਰੇਵਾਂ ਸੀ । ਸਿਖੀ ਜੀਵਨ ਬਚਪਨ ਤੋਂ ਹੀ ਯੋਗੀ ਜੀ ਦੇ ਜੀਵਨ ਦਾ ਹਿੱਸਾ ਸੀ । ਬਾਅਦ ਦੇ ਸਾਲਾਂ ਵਿਚ ਉਨ੍ਹਾਂ ਦੀ ਇਹ ਧਾਰਮਿਕ ਆਸਥਾ ਵਧਦੀ ਹੀ ਰਹੀ । ਉਨ੍ਹਾਂ ਦੀ ਧਰਮ ਪਤਨੀ ਬੀਬੀ ਇੰਦਰਜੀਤ ਕੌਰ ਮੁਢ ਤੋਂ ਹੀ ਬਹੁਤ ਧਾਰਮਿਕ ਆਸਥਾ ਵਾਲੇ ਤੇ ਸਿਖ ਰਹਿਤ ਵਿਚ ਢਲੀ ਹੋਈ ਸਖਸ਼ੀਅਤ ਸਨ । ਯੋਗੀ ਜੀ ਦੇ ਛੋਟੇ ਬੇਟੇ ਕੁਲਬੀਰ ਸਿੰਘ ਦਸਦੇ ਹਨ ਕਿ ਸਾਡੇ ਘਰ ਵਿਚ ਸ਼ੁਰੂ ਤੋਂ ਹੀ ਧਾਰਮਿਕ ਮਹੌਲ ਹੈ। ਯੋਗੀ ਜੀ ਤਾਂ ਸ਼ੁਰੂ ਤੋਂ ਹੀ ਆਪਣੇ ਕੰਮਾਂ ਵਿਚ ਮਸਤ ਸਨ ਪਰ ਸਾਡੇ ਘਰ ਵਿਚ ਸਾਡੇ ਮਾਤਾ ਜੀ ਕਰਕੇ ਪਹਿਲੇ ਦਿਨ ਤੋਂ ਬੇਹਦ ਧਾਰਮਿਕ ਸ਼ਰਧਾ ਵਾਲਾ ਮਹੌਲ ਹੈ। ਕੁਲਬੀਰ ਸਿੰਘ ਦਸਦੇ ਹਨ ਕਿ ਪਹਿਲੇ ਦਿਨ ਤੋਂ ਹੀ ਸਿਖ ਮਰਿਯਾਦਾ ਸਾਡੇ ਪਰਿਵਾਰਕ ਜੀਵਨ ਦਾ ਅੰਗ ਰਹੀ ਹੈ । ਇਸ ਤਰਾਂ ਯੋਗੀ ਜੀ ਦੇ ਘਰ ਵਿਚ ਭਾਵੇਂ ਸਿਖ ਜੀਵਨ ਦੀ ਆਸਥਾ ਸਭ ਤੋਂ ਬੁਨਿਆਦੀ ਲੱਛਣ ਹੈ ਪਰ ਇਸ ਦੇ ਬਾਵਜੂਦ ਯੋਗੀ ਜੀ ਜਦ ਵੀ ਅਮਰੀਕਾ ਵਿਚ ਗਏ ਤਾਂ ਉਨ੍ਹਾਂ ਕਦੇ ਵੀ ਆਪਣੇ ਆਪ ਨੂੰ ਇਕ ਧਰਮ ਪ੍ਰਚਾਰਕ ਦੇ ਰੂਪ ਵਿਚ ਪੇਸ਼ ਨਹੀਂ ਕੀਤਾ ।ਜਿਥੋਂ ਤਕ ਸਿਖ ਧਾਰਮਿਕ ਜੀਵਨ ਦੀ ਗੱਲ ਹੈ, ਯੋਗੀ ਜੀ ਨੇ ਆਪਣੇ ਆਪ ਨੂੰ ਇਕ ਸਿਖ ਪ੍ਰਚਾਰਕ ਨਾਲੋਂ ਜ਼ਿਆਦਾ ਸਿਖ ਸ਼ਰਧਾਲੂ ਦੇ ਰੂਪ ਵਿਚ ਪੇਸ਼ ਕਰਨ ਵਿਚ ਹੀ ਖੁਸ਼ੀ ਸਮਝੀ । ਅਮਰੀਕਾ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਬੁਨਿਆਦੀ ਤੌਰ ਤੇ ਯੋਗਾ ਪੜ੍ਹਾਉਂਦੇ ਸਨ । ਸਿੱਖ ਧਰਮ ਉਨ੍ਹਾਂ ਪੜ੍ਹਾਇਆ ਨਹੀਂ, ਬਲਕਿ ਉਨ੍ਹਾਂ ਦੇ ਜੀਵਨ ਵਿਚੋਂ ਆਪਣੇ ਆਪ ਹੀ ਝਰਦਾ ਰਿਹਾ । ਸਿਖੀ ਉਨ੍ਹਾਂ ਦੀ ਆਤਮਾ ਦਾ ਹਿੱਸਾ ਸੀ, ਇਸ ਕਰਕੇ ਇਸ ਦੀ ਮਹਿਕ ਆਪਣੇ ਆਪ ਹੀ ਖਿਲਰਦੀ ਰਹੀ । ਉਹ ਦੂਸਰੇ ਸਿਖ ਸੰਤਾਂ ਤੋਂ ਵਖਰੇ ਨਜ਼ਰ ਆਉਂਦੇ ਹਨ ਜਿਹੜੇ ਸਿਖੀ ਦੇ ਪ੍ਰਚਾਰ ਪ੍ਰਸਾਰ ਲਈ ਲਗੇ ਹੋਏ ਹਨ ।
ਯੋਗੀ ਜੀ ਤੋਂ ਪਹਿਲਾਂ ਤੇ ਬਾਅਦ ਵੀ ਕਈ ਰੂਹਾਨੀ ਪੁਰਸ਼ ਭਾਰਤ ਵਿਚੋਂ ਅਮਰੀਕਾ ਵਿਚ ਰੂਹਾਨੀਅਤ ਦਾ ਸੰਦੇਸ਼ ਲੈਕੇ ਗਏ । ਸਵਾਮੀ ਰਾਮ ਤੀਰਥ, ਸਵਾਮੀ ਵਿਵੇਕਾਨੰਦ, ਯੋਗਾਨੰਦ ਪਰਮਹੰਸ, ਓਸ਼ੋ ਅਜਿਹੇ ਭਾਰਤੀ ਮਹਾਤਮਾ ਹਨ ਜਿਨ੍ਹਾਂ ਪੁਰਾਤਨ ਭਾਰਤੀ ਰੂਹਾਨੀ ਗਿਆਨ ਅਤੇ ਅਧਿਆਤਮਕ ਵਿਕਾਸ ਦੀਆਂ ਵਿਧੀਆਂ ਤੋਂ ਪੱਛਮੀ ਦੁਨੀਆ ਨੂੰ ਜਾਣੂ ਕਰਵਾਇਆ । ਯੋਗੀ ਜੀ ਵੀ ਇਕ ਯੋਗਾ ਟੀਚਰ ਦੇ ਰੂਪ ਵਿਚ ਹੀ ਅਮਰੀਕਾ ਵਿਚ ਗਏ ਸਨ । ਉਨ੍ਹਾਂ ਆਪਣੇ ਪੱਛਮੀ ਸ਼ਿਸ਼ਾਂ ਨੂੰ ਸਭ ਤੋਂ ਪਹਿਲਾਂ ਯੋਗਾ ਹੀ ਸਿਖਾਉਣਾ ਸ਼ੁਰੂ ਕੀਤਾ ਸੀ । ਸਿਖੀ ਸੰਸਕਾਰ ਅਤੇ ਰਹਿਤ ਉਨ੍ਹਾਂ ਦੇ ਜੀਵਨ ਵਿਚ ਢਲੀ ਹੋਈ ਸੀ, ਇਸ ਕਰਕੇ ਉਨ੍ਹਾਂ ਨੂੰ ਕਦੇ ਸਿਖੀ ਦੇ ਪਰਚਾਰ ਦੀ ਲੋੜ ਨਾ ਪਈ। ਉਨ੍ਹਾਂ ਦੇ ਯੋਗਾ ਦੇ ਵਿਦਿਆਰਥੀ ਉਨ੍ਹਾਂ ਦੇ ਸਿਖੀ ਜੀਵਨ ਦੀ ਕਸ਼ਿਸ਼ ਸਦਕਾ ਹੀ ਸਿਖੀ ਜੀਵਨ ਵਲ ਖਿਚੇ ਤੁਰੇ ਆਏ । ਪੱਛਮੀ ਸਿਖਾਂ ਵਿਚੋਂ ਸਭ ਤੋਂ ਪਹਿਲਾਂ ਗੁਰੂ ਸਿੰਘ ਨੇ ਪੱਗ ਬੰਨਣੀ ਸ਼ੁਰੂ ਕੀਤੀ ; ਜਿਹੜਾ ਕਿ ਯੋਗੀ ਜੀ ਦੇ ਮੁਢਲੇ ਵਿਦਿਆਰਥੀਆਂ ਵਿਚੋਂ ਹੈ । ਉਸਨੇ ਦਸਿਆ ਕਿ ਯੋਗੀ ਜੀ ਨੇ ਉਸ ਨੂੰ ਕਦੇ ਵੀ ਪੱਗ ਬੰਨਣ ਲਈ ਨਹੀਂ ਕਿਹਾ । ਉਨ੍ਹਾਂ ਦੇ ਹੋਰ ਸ਼ਿਸ਼ਾਂ ਵਿਚੋਂ ਨਾ ਹੀ ਕੋਈ ਹੋਰ ਇਸ ਤਰਾਂ ਕਰਦਾ ਸੀ । ਪਰ ਸਾਰੇ ਹੀ ਯੋਗੀ ਜੀ ਨੂੰ ਪਿਆਰ ਕਰਦੇ ਸਨ । ਯੋਗੀ ਜੀ ਉਨਾਂ ਦੇ ਜੀਵਨ ਦੇ ਨਾਇਕ ਸਨ । ਯੋਗੀ ਜੀ ਨੂੰ ਮਿਲਣ ਤੋਂ ਬਾਅਦ ਹੀ ਉਨ੍ਹਾਂ ਦੇ ਜੀਵਨ ਮੂਲੋਂ ਬਦਲ ਗਏ ਹਨ । ਯੋਗੀ ਜੀ ਦੀ ਹਰ ਅਦਾ ਅਤੇ ਹਰ ਚੀਜ਼ ਉਨ੍ਹਾਂ ਨੂੰ ਚੰਗੀ ਲਗਦੀ ਸੀ । ਉਨ੍ਹਾਂ ਦੀ ਪੱਗ ਵੀ ਉਨ੍ਹਾਂ ਨੂੰ ਖਿਚ ਪਾਉਂਦੀ ਸੀ । ਇਸੇ ਖਿਚ ਵਿਚੋਂ ਗੁਰੂ ਸਿੰਘ ਨੇ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ ਅਤੇ ਅਚਾਨਕ ਇਕ ਦਿਨ ਪੱਗ ਬੰਨ ਲਈ । ਉਸ ਤੋਂ ਬਾਅਦ ਉਸ ਦਾ ਕਦੇ ਵੀ ਵਾਲ ਕਟਾਉਣ ਲਈ ਮਨ ਨਹੀਂ ਕੀਤਾ। ਇਸ ਤਰਾਂ ਇਕ ਸਿਲਸਿਲਾ ਸ਼ੁਰੂ ਹੋ ਗਿਆ । ਵੱਖ ਵੱਖ ਸ਼ਿਸ਼ਾਂ ਅੰਦਰੋਂ ਪੱਗ ਬੰਨਣ ਲਈ ਖਿਚ ਪੈਦਾ ਹੋਣ ਲੱਗੀ । ਇੰਟਰਨੈਸ਼ਨਲ ਕੁੰਡਲਨੀ ਯੋਗਾ ਟੀਚਰਜ਼ ਦੀ ਐਸੋਸੀਏਸ਼ਨ ਦੀ ਅਗਜ਼ੈਕਟਿਵ ਡਾਇਰੈਕਟਰ ਨਾਮ ਕੌਰ ਖਾਲਸਾ ਨੇ ਅਮਰੀਕੀਆਂ ਦੁਆਰਾ ਖਾਲਸਾ ਬਾਣਾ ਪਹਿਨਣ ਦੇ ਅਨੁਭਵ ਸਾਂਝੇ ਕਰਦਿਆਂ ਬੜੀ ਭਾਵਪੂਰਤ ਟਿਪਣੀ ਕੀਤੀ । ਆਪਣੇ ਪਤੀ ਡਾਕਟਰ ਸ੍ਰੀ ਆਤਮਾ ਸਿੰਘ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਦਸਿਆ ਕਿ ਇਹ ਪੇਸ਼ਵਾਰ ਡਾਕਟਰ ਹਨ । ਇਕ ਪੇਸ਼ਵਾਰ ਡਾਕਟਰ ਵਜੋਂ ਅਮਰੀਕੀ ਸਮਾਜ ਵਿਚ ਇਸ ਬਾਣੇ ਵਿਚ ਵਿਚਰਨਾ ਅਸਾਨ ਗਲ ਨਹੀਂ ਹੈ। ਪਰ ਜੇ ਫੇਰ ਵੀ ਅਸੀਂ ਇਹ ਬਾਣਾ ਪਹਿਨ ਰਹੇ ਹਾਂ ਤਾਂ ਇਸ ਪਿਛੋਂ ਜੋ ਪ੍ਰੇਰਨਾ ਕੰਮ ਕਰ ਰਹੀ ਹੈ, ਉਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਾ ਲਓ। ਯੋਗੀ ਜੀ ਦੇ ਨੇੜੇ ਆਉਣ ਤੋਂ ਬਾਅਦ ਸਾਡਾ ਜੀਵਨ ਬਦਲ ਗਿਆ ਹੈ । ਅਸੀਂ ਇਹ ਸਮਝਦੇ ਹਾਂ ਕਿ ਸਾਡਾ ਜੀਵਨ ਉਨ੍ਹਾਂ ਨੇ ਹੀ ਦਿੱਤਾ ਹੈ, ਉਨ੍ਹਾਂ ਦੀ ਹੀ ਅਮਾਨਤ ਹੈ ।ਅਸੀਂ ਉਨ੍ਹਾਂ ਪ੍ਰਤੀ ਕ੍ਰਿਤੱਗਤਾ ਅਤੇ ਸ਼ੁਕਰਾਨੇ ਵਜੋਂ ਹੀ ਜੀ ਰਹੇ ਹਾਂ । ਯੋਗੀ ਜੀ ਦੇ ਸਭ ਸ਼ਿਸ਼ਾਂ ਨੂੰ ਮਿਲਦਿਆਂ ਸਾਨੂੰ ਇਸ ਕ੍ਰਿਤੱਗਤਾ ਦਾ ਅਨੁਭਵ ਹੁੰਦਾ ਹੈ । ਉਨ੍ਹਾਂ ਦੇ ਇਕ ਵਿਦਿਆਰਥੀ ਧਰਮ ਸਿੰਘ ਖਾਲਸਾ ਅਮਰੀਕਾ ਦੇ ਪ੍ਰਮੁਖ ਡਾਕਟਰਾਂ ਵਿਚੋਂ ਹਨ । ਉਹ ਕਈ ਬੈਸਟ ਸੈਲਰ ਕਿਤਾਬਾਂ ਦੇ ਲੇਖਕ ਵੀ ਹਨ । ਉਨ੍ਹਾਂ ਦੀਆਂ ਕਿਤਾਬਾਂ ਮੈਡੀਸਨ ਐਜ਼ ਮੈਡੀਟੇਸ਼ਨ ਅਤੇ ਪੇਨ ਕਿਉਰ ਨੇ ਪੱਛਮੀ ਦੁਨੀਆ ਵਿਚ ਸਿਹਤ ਸਪੈਸ਼ਲਿਸਟਾਂ ਤੇ ਆਮ ਲੋਕਾਂ ਦਾ ਧਿਆਨ ਖਿਚਿਆ । ਉਹ ਵੀ ਯੋਗੀ ਜੀ ਦੇ ਕੁੰਡਲਨੀ ਯੋਗਾ ਕੈਂਪਾਂ ਵਿਚ ਸ਼ਾਮਲ ਹੁੰਦੇ ਹਨ । ਪਰ ਉਨ੍ਹਾਂ ਹਾਲੇ ਸਿਖ ਧਰਮ ਨੂੰ ਨਹੀਂ ਸੀ ਅਪਣਾਇਆ । ਸਿਖ ਜੀਵਨ ਨੂੰ ਅਪਣਾਉਣ ਲਈ ਉਨ੍ਹਾਂ ਅੰਦਰ ਪੈਦਾ ਹੋਈ ਪ੍ਰਬਲ ਖਾਹਸ਼ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਹੋਏ ਅਦਭੁਤ ਰੂਹਾਨੀ ਅਨੁਭਵਾਂ ਦਾ ਬਿਆਨ ਉਨ੍ਹਾਂ ਆਪਣੀ ਕਿਤਾਬ ਮੈਡੀਸਨ ਐਜ਼ ਮੈਡੀਟੇਸ਼ਨ ਦੇ ਮੁਖ ਬੰਦ ਵਿਚ ਕੀਤਾ ਹੈ ਕਿ ਕਿਵੇਂ ਐਸਪਨੋਲਾ ਵਿਚ ਇਕ ਦਿਨ ਯੋਗੀ ਜੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਪੱਗ ਬੰਨਣ ਦਾ ਫੈਸਲਾ ਕਰ ਲਿਆ । ਡਾ . ਧਰਮ ਸਿੰਘ ਖਾਲਸਾ ਉਦੋਂ ਸਿਖ ਨਹੀਂ ਸਨ ਬਣੇ । ਇਹ 1978 ਦੀ ਗੱਲ ਹੈ । ਉਹ ਯੂਨੀਵਰਸਿਟੀ ਔਫ ਕੈਲੀਫੋਰਨੀਆਂ ਚੋਂ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਪਹਿਲੀ ਵਾਰ ਨਿਊ ਮੈਕਸੀਕੋ ਦੇ ਸ਼ਹਿਰ ਅਲਬੂਕਰਕੀ ਵਿਚ ਇਕ ਹਸਪਤਾਲ ਵਿਚ ਤਾਇਨਾਤ ਹੋਏ । ਉਦੋਂ ਉਹ ਮਹੇਸ਼ ਯੋਗੀ ਵਾਲੀਂ ਟਰਾਂਸੇਡੈਂਟਲ ਮੈਡੀਟੇਸ਼ਨ ਤੋਂ ਪਰਿਚਿਤ ਸਨ । ਅਲਬੂਕਰਕੀ ਵਿਚ ਜਾਣ ਤੋਂ ਬਾਅਦ ਉਨ੍ਹਾਂ ਇਕ ਦਿਨ ਆਪਣੇ ਗੁਆਂਢੀ ਤੋਂ ਪੁਛਿਆ ਕਿ ਇਥੇ ਕਿਤੇ ਕੋਈ ਯੋਗਾ ਟੀਚਰ ਹੈ। ਉਸ ਵਲੋਂ ਯੋਗੀ ਜੀ ਬਾਰੇ ਦੱਸਿਆ ਗਿਆ । ਯੋਗੀ ਜੀ ਨੂੰ ਪਹਿਲੀ ਵਾਰ ਮਿਲਣ ਜਾਣ ਅਤੇ ਉਸ ਤੋਂ ਬਾਅਦ ਘਟਨਾਵਾਂ ਦਾ ਵਿਵਰਣ ਉਨ੍ਹਾਂ ਬੜੀ ਸ਼ਿਦਤ ਅਤੇ ਸੰਵੇਦਨਸ਼ੀਲਤਾ ਨਾਲ ਕੀਤਾ :
ਮੈਂ ਅਲਬੂਕਰਕੀ ਵਿਚ ਉਸ ਘਰ ਵਿਚ ਪਹੁੰਚ ਗਿਆ, ਜਿਥੇ ਯੋਗੀ ਜੀ ਠਹਿਰੇ ਹੋਏ ਸਨ । ਇਥੇ ਜੋ ਕੁਝ ਵੀ ਵਾਪਰਿਆ, ਉਹ ਬਹੁਤ ਅਦਭੁਤ ਅਤੇ ਇਕ ਲਿਹਾਜ ਨਾਲ ਕੌਤਕੀ ਅਨੁਭਵ ਸੀ। ਉਹ ਲੋਕਾਂ ਦੇ ਇਕ ਗਰੁਪ ਵਿਚ ਘਿਰੇ ਇਕ ਮੰਜੇ ਤੇ ਪਏ ਸਨ । ਮੈਂ ਜਿਉ ਹੀ ਕਮਰੇ ਵਿਚ ਦਾਖਲ ਹੋਇਆ, ਮੈਨੂੰ ਇਸ ਤਰਾਂ ਲੱਗਿਆ ਜਿਵੇਂ ਲੋਕਾਂ ਦਾ ਸਮੁੰਦਰ ਪਾਟ ਰਿਹਾ ਹੋਵੇ ਅਤੇ ਮੈਂ ਚੰਦ ਤੇ ਤੁਰਦੇ ਪੁਲਾੜ ਯਾਤਰੀਆਂ ਦੀ ਤਰਾਂ ਬਿਨਾਂ ਤੁਰੇ ਹੀ ਉਡਕੇ ਉਨ੍ਹਾਂ ਤਕ ਪਹੁੰਚ ਗਿਆ ਹੋਵਾਂ। ਉਨ੍ਹਾਂ ਦੀਆਂ ਚਮਕਦਾਰ ਅੱਖਾਂ ਮੇਰੇ ਵੱਲ ਦੇਖ ਰਹੀਆਂ ਸਨ । ਇਸ ਤੋਂ ਪਹਿਲਾਂ ਮੈਂ ਕੁਝ ਬੋਲਦਾ, ਉਹ ਬੋਲੇ : '' ਡਾਕਟਰ ਤੂੰ ਕਿੰਨੇ ਕੁ ਪੈਸੇ ਬਣਾ ਲੈਂਦਾ ਹੈਂ ?" ਮੈਨੂੰ ਅੱਜ ਤਕ ਇਹ ਗੱਲ ਸਮਝ ਨਾ ਆਈ ਕਿ ਉਨ੍ਹਾਂ ਮੈਨੂੰ ਇਹ ਸਵਾਲ ਕਿਉਂ ਪੁਛਿਆ । ਪਰ ਉਸ ਇਕ ਪਲ ਦੌਰਾਨ ਹੀ ਮੈਂ ਆਪਣੇ ਡਾਕਟਰ ਹੋਣ ਦੇ ਝੂਠੇ ਖੋਲ ਵਿਚੋਂ ਬਾਹਰ ਆ ਗਿਆ ਸਾਂ ।
ਉਸ ਤੋਂ ਬਾਅਦ ਉਨ੍ਹਾਂ ਅੱਖਾਂ ਬੰਦ ਕਰ ਲਈਆਂ ਅਤੇ ਆਪਣੀ ਸਮਾਧੀ ਵਿਚ ਚਲੇ ਗਏ । ਪਰ ਕਿਸੇ ਅਦਭੁਤ ਕਾਰਨ ਕਰਕੇ ਮੈਨੂੰ ਇਉਂ ਹੀ ਲੱਗਿਆ, ਜਿਵੇਂ ਉਨ੍ਹਾਂ ਮੈਨੂੰ ਅਣਡਿਠ ਕੀਤਾ ਹੋਵੇ । ਬਲਕਿ ਮੈਨੂੰ ਇਸ ਤਰਾਂ ਮਹਿਸੂਸ ਹੋਇਆ ਕਿ ਕਿਸੇ ਜ਼ਿਆਦਾ ਗਹਿਰੇ ਤਲ ਤੇ ਉਹ ਮੈਨੂੰ ਆਪਣੇ ਵਿਚ ਸ਼ਾਮਲ ਕਰ ਰਹੇ ਹਨ । ਜਦ ਉਨ੍ਹਾਂ ਅੱਖਾਂ ਖੋਲੀ੍ਹਆਂ ਤਾਂ ਮੈਨੂੰ ਇਹ ਉਮੀਦ ਸੀ ਕਿ ਉਹ ਕੁਝ ਵੱਡੀ ਗੱਲ ਕਰਨਗੇ । ਪਰ ਉਹ ਬੋਲੇ : ' ਚਲੋ ਫਿਲਮ ਦੇਖਣ ਚੱਲੀਏ।' ਅਸੀਂ ਕਈ ਜਣੇ ਉਨ੍ਹਾਂ ਦੇ ਨਾਲ ਫਿਲਮ ਦੇਖਣ ਚਲੇ ਗਏ । ਉਥੇ ਵੀ ਕੁਝ ਅਸਾਧਾਰਨ ਵਾਪਰਿਆ । ਸਿਨੇਮਾ ਹਾਲ ਵਿਚ ਮੈਂ ਟਾਇਲਟ ਗਿਆ । ਜਦੋਂ ਮੈਂ ਆਪਣੇ ਹੱਥ ਧੋ ਰਿਹਾ ਸਾਂ ਤਾਂ ਉਹ ਵੀ ਅੰਦਰੋਂ ਨਿਕਲ ਆਏ । ਉਨ੍ਹਾਂ ਕਿਹਾ, ''ਅਸੀਂ ਫੇਰ ਇੱਕਠੇ ਹੋ ਗਏ ਹਾਂ ।" ਫੇਰ ਮੈਨੂੰ ਉਹ ਇਹ ਕਹਿੰਦੇ ਵੀ ਸੁਣੇ: ''ਦੁਬਾਰਾ" ਮੈਂ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ । '' ਹਾਂ ਦੁਬਾਰਾ" । ਚੁਪ। ਅਚਾਨਕ ਮੈਨੂੰ ਇਹ ਅਹਿਸਾਸ ਹੋਇਆ ਕਿ ਯੋਗੀ ਜੀ ਨੇ ਤਾਂ 'ਦੁਬਾਰਾ' ਸ਼ਬਦ ਨਹੀਂ ਸੀ ਬੋਲਿਆ । ਚਾਹੇ ਮੈਨੂੰ ਬੜੇ ਸਾਫ ਤਰੀਕੇ ਨਾਲ ਇਹ ਸੁਣਿਆ ਸੀ । ਹੋ ਸਕਦਾ ਹੈ ਕਿ ਇਹ ਮੇਰੀ ਕਲਪਨਾ ਹੀ ਹੋਵੇ । ਪਰ ਇਸ ਤੋਂ ਪਹਿਲਾਂ ਮੈਂ ਕਦੇ ਅਜਿਹੀ ਕਲਪਨਾ ਵੀ ਨਹੀਂ ਸੀ ਕੀਤੀ । ਮੈਂ ਇਹ ਸੋਚ ਰਿਹਾਂ ਸਾਂ ਕਿ ਉਨ੍ਹਾਂ ਦੇ ਇਸ 'ਦੁਬਾਰਾ' ਦਾ ਮਤਲਬ ਕਿਸੇ ਪਿਛਲੇ ਜਨਮ ਤੋਂ ਹੈ ਜਾਂ ਅੱਜ ਹੀ ਦੂਜੀ ਵਾਰ ਮਿਲਣ ਤੋਂ ਹੈ । ਮੈਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਅੱਜ ਮੈਂ ਇਸ ਇਨਸਾਨ ਨੂੰ ਮਿਲ ਰਿਹਾ ਹਾਂ, ਇਹ ਜਾਂ ਤਾਂ ਦਿਲਾਂ ਦੀ ਬੁਝਣ ਵਾਲਾ ਠਹਿਰਿਆ ਹੋਇਆ ਆਦਮੀ ਹੈ ਜਾਂ ਮੈਂ ਹੀ ਸੁਪਨੇ ਦੀ ਅਵਸਥਾ ਵਿਚ ਤੁਰ ਰਿਹਾਂ ਹਾਂ । ਦੋ ਹਫਤਿਆਂ ਬਾਅਦ ਮੈਂ ਨਿਊ ਮੈਕਸੀਕੋ ਦੇ ਹੀ ਇਕ ਸੁੰਦਰ ਪਠਾਰੀ ਪਿੰਡ ਐਸਪਨੋਲਾ ਵਿਚ ਯੋਗੀ ਜੀ ਨੂੰ ਮਿਲਣ ਗਿਆ, ਜਿਥੇ ਉਹ ਰਹਿ ਰਹੇ ਸਨ । ਪਹਿਲੀ ਵਾਰ ਮੈਂ ਆਪਣੇ ਸਿਰ ਉਤੇ ਪੱਗ ਬੰਨੀ ਸੀ ਅਤੇ ਸਿਖਾਂ ਵਾਲਾ ਚਿੱਟਾ ਕੁੜਤਾ ਪਜਾਮਾ ਪਾਇਆ ਸੀ। ਮੈਂ ਯੋਗੀ ਭਜਨ ਨਾਲ ਗਲਬਾਤ ਕਰਨੀ ਚਾਹ ਰਿਹਾ ਸਾਂ । ਮੇਰੇ ਮਨ ਵਿਚ ਇਹ ਗਲ ਵੀ ਸੀ ਕਿ ਇਹ ਨਵੀਂ ਪੋਸ਼ਾਕ ਹਸਪਤਾਲ ਵਿਚ ਮੇਰੀ ਪਛਾਣ ਬਦਲ ਦੇਵੇਗੀ । ਇਸ ਤੋਂ ਇਲਾਵਾ ਜੇ ਮੈਂ ਆਪਣਾ ਧਰਮ ਬਦਲਦਾ ਹਾਂ ਤਾਂ ਮੈਨੂੰ ਆਪਣਾ ਨਾਂ ਵੀ ਬਦਲਨਾ ਪਵੇਗਾ । ਮੇਰੇ ਲਈ ਇਹ ਦੋਵੇਂ ਬਹੁਤ ਵੱਡੀਆਂ ਤਬਦੀਲੀਆਂ ਸਨ । ਪਰ ਇਸ ਦੇ ਬਾਵਜੂਦ ਮੈਨੂੰ ਇਹ ਵੀ ਲਗ ਰਿਹਾ ਸੀ ਕਿ ਇਹ ਤਬਦੀਲੀਆਂ ਮੈਨੂੰ ਰੂਹਾਨੀ ਖੁਸ਼ੀ ਪ੍ਰਾਪਤ ਕਰਨ ਵਿਚ ਮਦਦ ਕਰਨਗੀਆਂ । ਜਿਊਂ ਹੀ ਮੈਂ ਆਪਣੀ ਤਕਦੀਰ ਬਾਰੇ, ਆਪਣੇ ਧਰਮ ਬਾਰੇ ਸੋਚਣਾ ਸ਼ੁਰੂ ਕੀਤਾ, ਬਦੋਬਦੀ ਮੇਰੇ ਪਿਤਾ ਦਾ ਖਿਆਲ ਮੇਰੇ ਮਨ ਵਿਚ ਆ ਗਿਆ । ਉਹ ਕੈਂਸਰ ਦੀ ਬਿਮਾਰੀ ਕਾਰਨ 63 ਦੀ ਉਮਰ ਵਿਚ ਰੂਹਾਨੀ ਅਤੇ ਆਤਮਿਕ ਤੌਰ ਤੇ ਅਧੂਰੇ ਹੀ ਪੂਰੇ ਹੋ ਗਏ ਸਨ । ਇਹ ਗਲ ਮੇਰੇ ਦਿਮਾਗ ਵਿਚ ਆ ਰਹੀ ਸੀ । ਮੈਨੂੰ ਆਪਣੇ ਦੋ ਅੰਕਲਾਂ ਦਾ ਖਿਆਲ ਵੀ ਆਇਆ । ਜਿਨ੍ਹਾਂ ਦੀਆਂ ਵੱਡੀਆਂ ਦੁਨਿਆਵੀ ਪ੍ਰਾਪਤੀਆਂ ਸਨ ਪਰ ਰੂਹਾਨੀ ਤੋਰ ਤੇ ਸ਼ਾਇਦ ਉਹ ਵੀ ਅਧੂਰੇ ਹੀ ਸਨ । ਉਹ ਦੋਵੇਂ ਵੀ 63 ਸਾਲ ਦੀ ਉਮਰ ਵਿਚ ਹੀ ਚਲ ਵਸੇ ਸਨ । 63 ਸਾਲ ਦਾ ਇਹ ਅੰਕੜਾ ਮੈਨੂੰ ਮੇਰੇ ਬਹੁਤ ਨੇੜੇ ਲਗ ਰਿਹਾ ਸੀ । ਇਸ ਤਰਾਂ ਸੋਚਦਾ ਮੈਂ ਜਦ ਯੋਗੀ ਜੀ ਕੋਲ ਪਹੁੰਚਿਆ ਤਾਂ ਮੇਰੀ ਪੱਗ ਦੇਖ ਕੇ ਉਹ ਬੋਲੇ : '' ਤੇਰਾ ਕੀ ਖਿਆਲ ਹੈ ਕਿ ਇਸ ਤਰਾਂ ਦੇ ਪਹਿਰਾਵੇ ਵਿਚ ਤੂੰ ਲੋਕਾਂ ਸਾਹਮਣੇ ਜਾ ਸਕਦਾ ਹੈਂ ?"
''ਕੁਝ ਸਮਾਂ ਲਗ ਸਕਦਾ ਹੈ ।" ਮੈ ਜਵਾਬ ਦਿੱਤਾ ।
'' ਸਮਾਂ ?" ਉਹ ਬੋਲੇ : '' ਕੀ ਸਮਾਂ ? ਤੇਰਾ ਕੀ ਖਿਆਲ ਹੈ , 63 ਸਾਲ ਕਾਫੀ ਲੰਬਾ ਸਮਾਂ ਹੁੰਦਾ ਹੈ ?" ਮੈਂ ਨਾਂਹ ਕਹਿਣ ਹੀ ਲੱਗਿਆ ਸਾਂ ਕਿ ਅਚਾਨਕ ਮੈਂ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਇਹ 63 ਦਾ ਅੰਕੜਾ ਕਿਥੋਂ ਹਵਾ ਵਿਚੋਂ ਪਕੜ ਲਿਆ ਸੀ । ਮੈਂ ਹੈਰਾਨ ਸਾਂ । ਸਭ ਕੁਝ ਅਦਭੁਤ ਸੀ । ਅਚਾਨਕ ਇਹ ਹੈਰਾਨੀ ਦੀ ਭਾਵਨਾ ਮਿਟ ਗਈ ਅਤੇ ਮੈਂ ਯੋਗੀ ਭਜਨ ਅਤੇ ਆਪਣੇ ਵਿਚਕਾਰ ਇਕ ਸੰਪਰਕ ਮਹਿਸੂਸ ਕੀਤਾ । ਉਸੇ ਪਲ ਮੈਂ ਆਪਣੇ ਆਪ ਨੂੰ ਨਵੀਂ ਜ਼ਿੰਦਗੀ ਅਤੇ ਨਵੇਂ ਨਾਂ ਪ੍ਰਤੀ ਵਚਨਬੱਧਤਾ ਪ੍ਰਗਟਾਉਣ ਦੇ ਯੋਗ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ । ਉਸ ਤੋਂ ਬਾਅਦ ਮੇਰਾ ਜੀਵਨ ਹਮੇਸ਼ਾ ਲਈ ਬਦਲ ਗਿਆ ।
ਡਾ ਧਰਮ ਸਿੰਘ ਖਾਲਸਾ ਕੋਈ ਸਧਾਰਨ ਵਿਅਕਤੀ ਨਹੀਂ ਸਨ । ਉਹ ਇਸ ਵਕਤ ਅਮਰੀਕਾ ਦੇ ਮੰਨੇ ਪ੍ਰਮੰਨੇ ਡਾਕਟਰ ਹਨ । ਉਨ੍ਹਾਂ ਦਾ ਇਹ ਅਨੁਭਵ ਕਿਸੇ ਸ਼ਰਧਾਲੂ ਦੀ ਮਨੋ ਭ੍ਰਾਂਤੀ ਨਹੀਂ ਹੈ । ਬਲਕਿ ਰੂਹਾਨੀ ਜੀਵਨ ਵਿਚ ਇਸ ਤਰਾਂ ਦੇ ਅਨੁਭਵਾਂ ਦਾ ਵਿਵਰਣ ਅਸੀਂ ਅਨੇਕਾਂ ਜਗਿਆਸੂਆਂ ਦੇ ਜੀਵਨ ਵਿਚੋਂ ਦੇਖਦੇ ਹਾਂ । ਯਥਾਰਥਕ ਅਤੇ ਪੜ ਯਥਾਰਥਕ ਜੀਵਨ ਵਿਚਕਾਰਲਾ ਇਹ ਇਕ ਅਜਿਹਾ ਪਾਰਦਰਸ਼ੀ ਪਰਦਾ ਹੈ, ਜਿਸਦੇ ਦੋਵੇਂ ਪਾਸੇ ਦੇਖਿਆ ਜਾ ਸਕਦਾ ਹੈ । ਸੀਮਤ ਅਨੁਭਵ ਅਤੇ ਬੁਧੀ ਤੇ ਅਧਾਰਤ ਕਥਿਤ ਵਿਗਿਆਨਕ ਦ੍ਰਿਸ਼ਟੀ ਨਾਲ ਅਜਿਹੇ ਅਨੁਭਵਾਂ ਦੀ ਚੀਰਫਾੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ । ਸ੍ਰੀ ਸ੍ਰੀ ਰਵੀਸ਼ੰਕਰ ਕਹਿੰਦੇ ਹਨ ਕਿ ਜੀਵਨ ਦੇ ਸਾਰੇ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਜੀਵਨ ਦੇ ਸਾਰੇ ਰਹੱਸ ਕਦੇ ਵੀ ਸੁਲਝਾਏ ਨਹੀਂ ਜਾ ਸਕਣਗੇ। ਜਿੰਨਾਂ ਗਹਿਰੇ ਉਤਰਦੇ ਜਾਉ, ਜੀਵਨ ਹੋਰ ਰਹੱਸਮਈ ਹੁੰਦਾ ਜਾਵੇਗਾ ।
ਯੋਗੀ ਜੀ ਦੇ ਯੋਗਾ ਵਿਦਿਆਰਥੀਆਂ ਦੁਆਰਾ ਉਨ੍ਹਾਂ ਦੀ ਸਖਸ਼ੀਅਤ ਪ੍ਰਤੀ ਅਦਭੁਤ ਖਿਚ ਸਕਦਾ ਸਿਖ ਜੀਵਨ ਵਿਚ ਆਉਣ ਦੀਆਂ ਰਹੱਸਮਈ ਅਨੁਭਵ ਦੀਆਂ ਅਨੇਕਾਂ ਅਦਭੁਤ ਕਥਾਵਾਂ ਹਨ । ਉਹ ਸਿਖੀ ਵਿਚ ਕਿਸੇ ਦੇ ਕਹਿਣ ਜਾਂ ਪ੍ਰੇਰਨ ਸਦਕਾ ਨਹੀਂ ਆਏ । ਬਲਕਿ ਕਿਸੇ ਆਂਤਰਿਕ ਸ਼ਕਤੀ ਦੁਆਰਾ ਖਿਚ ਲਏ ਗਏ । ਬਾਅਦ ਵਿਚ ਜਦ ਸਿਖ ਜੀਵਨ ਅਪਣਾਉਣ ਵਾਲੇ ਯੋਗੀ ਜੀ ਦੇ ਸ਼ਿਸ਼ਾਂ ਦੀ ਸੰਖਿਆ ਕਾਫੀ ਹੋ ਗਈ ਤਾਂ ਉਨ੍ਹਾਂ ਅਮਰੀਕੀ ਸਿਖਾਂ ਨੂੰ ਸਿਖ ਜੀਵਨ ਜਾਚ , ਮਰਿਆਦਾ ਤੇ ਇਤਿਹਾਸ ਤੋਂ ਜਾਣੂ ਕਰਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ । ਅਮਰੀਕੀ ਸਿੱਖ ਜਿਸ ਕਿਸਮ ਦੇ ਅਨੁਸ਼ਾਸ਼ਨਬੱਧ ਜੀਵਨ ਦੀ ਪਾਲਣਾ ਕਰਦੇ ਹਨ, ਉਹ ਹੈਰਾਨੀਜਨਕਨ ਹੈ । ਇਸ ਵਿਚ ਪੁਰਾਤਨ ਸਿੱਖਾਂ ਵਾਲਾ ਜ਼ਾਬਤਾ ਅਤੇ ਸਿਰੜ ਹੈ । ਅਮਰੀਕੀ ਸਿਖ ਇਸ ਤਰਾਂ ਦੇ ਸਖਤ ਜ਼ਾਬਤੇ ਦੀ ਪਾਲਣਾ ਕਰਦੇ ਹਨ ਕਿਉਂਕਿ ਉਹ ਇਸਦਾ ਮੁਲ ਜਾਣਦੇ ਹਨ । ਉਨ੍ਹਾਂ ਨੂੰ ਇਸ ਤਕ ਪਹੁੰਚਣ ਲਈ ਲੰਬਾ ਮਾਨਸਿਕ ਸਫਰ ਕਰਨਾ ਪਿਆ । ਸਿੱਖੀ ਉਨ੍ਹਾਂ ਦੀ ਖਾਨਦਾਨੀ ਵਿਰਾਸਤ ਨਹੀਂ ਸੀ । ਬਲਕਿ ਉਨ੍ਹਾਂ ਦੇ ਆਪਣੇ ਜੀਵਨ ਦੀ ਕਮਾਈ ਸੀ । ਇਹ ਅਜੀਬ ਨਜ਼ਾਰਾ ਹੈ ਕਿ ਯੋਗੀ ਜੀ ਦੇ ਪ੍ਰਭਾਵ ਸਦਕਾ ਸਿਖ ਬਣੇ ਅਮਰੀਕੀ ਲੋਕ ਇਸ ਵਕਤ ਸਿਖੀ ਜੀਵਨ ਦਾ ਸਭ ਤੋਂ ਸ਼ੁਧ ਨਮੂਨਾ ਹਨ । ਐਸਪਾਨੋਲਾ ਵਿਚ ਜੀਆਰਡੀ ਇੰਸਟੀਚਿਊਟ ਔਫ ਪੰਜਾਬੀ ਟੀਚਿੰਗ ਦੇ ਡਾਇਰੈਕਟਰ ਡਾ ਬਲਕਾਰ ਸਿੰਘ ਦਾ ਇਹ ਕਹਿਣਾ ਹੈ ਕਿ ਮੈਂ ਸਾਰੀ ਉਮਰ ਪੰਥਕ ਸੰਸਥਾਨਾਂ ਵਿਚ ਵਿਚਰਿਆ ਹਾਂ । ਪਰ ਮੈਂ ਯੋਗੀ ਜੀ ਵਰਗਾ ਸਿਰੜੀ ਅਤੇ ਪੱਕਾ ਸਿਖ ਕਦੇ ਨਹੀਂ ਦੇਖਿਆ । ਬੇਸ਼ਕ ਉਨ੍ਹਾਂ ਅਮਰੀਕੀ ਸਿਖਾਂ ਦੀ ਗਿਣਤੀ ਵਧਾਉਣ ਲਈ ਕਦੇ ਵਿਸ਼ੇਸ਼ ਪ੍ਰਯਤਨ ਨਹੀਂ ਕੀਤਾ ਪਰ ਜਿਹੜਾ ਇਸ ਮਾਰਗ ਤੇ ਆ ਗਿਆ, ਉਸ ਨੂੰ ਕੋਈ ਮਰਿਆਦਾ ਦੇ ਮਾਮਲੇ ਵਿਚ ਰਿਆਇਤ ਵੀ ਕਦੇ ਨਹੀਂ ਦਿੱਤੀ । ਡਾ . ਬਲਕਾਰ ਸਿੰਘ ਦਸਦੇ ਹਨ ਕਿ ਅਮਰੀਕੀ ਸਮਾਜ ਵਿਚ ਸਿੱਖ ਜੀਵਣ ਜਿਊਣਾ ਕਿਉਂਕਿ ਪੰਜਾਬ ਨਾਲੋਂ ਕਿਤੇ ਵੱਧ ਔਖਾ ਹੈ, ਇਸ ਕਰਕੇ ਇਹ ਵਧ ਸਿਰੜ ਅਤੇ ਸਿਦਕ ਦੀ ਮੰਗ ਕਰਦਾ ਹੈ ।
ਪੰਜਾਬ ਵਿਚ ਇਸ ਗਲ ਦੀ ਜਾਣਕਾਰੀ ਜ਼ਿਆਦਾ ਲੋਕਾਂ ਨੂੰ ਨਹੀਂ ਕਿ ਬੇਸ਼ਕ ਯੋਗੀ ਜੀ ਦੇ ਅਮਰੀਕੀ ਸਿਖ ਸ਼ਿਸ਼ਾਂ ਦੀ ਸੰਖਿਆ ਕੁਝ ਹਜ਼ਾਰ ਤਕ ਹੀ ਸੀਮਤ ਹੈ ਪਰ ਉਨ੍ਹਾਂ ਦੇ ਕੁੰਡਲਨੀ ਯੋਗਾ ਸ਼ਿਸ਼ਾਂ ਦਾ ਘੇਰਾ ਬਹੁਤ ਵਿਸ਼ਾਲ ਹੈ । ਪੂਰੇ ਪੱਛਮੀ ਸੰਸਾਰ ਵਿਚ ਉਨ੍ਹਾਂ ਦੁਆਰਾ ਬਣਾਏ ਗਏ ਕੁੰਡਲਨੀ ਯੋਗਾ ਟੀਚਰਜ਼ ਕੰਮ ਕਰ ਰਹੇ ਹਨ । ਜਿਨ੍ਹਾਂ ਤੋਂ ਯੋਗਾ ਦੀ ਟਰੇਨਿੰਗ ਲੈਣ ਵਾਲੇ ਲੋਕਾਂ ਦੀ ਸੰਖਿਆ ਲੱਖਾਂ ਵਿਚ ਹੈ । ਦੁਨੀਆ ਭਰ ਵਿਚ ਇਨ੍ਹਾਂ ਕੁੰਡਲਨੀ ਯੋਗਾ ਟੀਚਰਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਕੁ ਹੋਵੇਗੀ, ਇਸ ਦਾ ਅੰਦਾਜਾ ਸਿਰਫ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਇਕਲੇ ਜਰਮਨੀ ਵਿਚ ਇਸ ਵਕਤ 500 ਦੇ ਕਰੀਬ ਕੁੰਡਲਨੀ ਯੋਗਾ ਟੀਚਰ ਕੰਮ ਕਰ ਰਹੇ ਹਨ । ਕੁੰਡਲਨੀ ਯੋਗਾ ਦੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿਚ ਹੈ। ਯੋਗੀ ਜੀ ਦੀ ਇਕ ਟਰੈਵਲ ਸੈਕਟਰੀ ਨੇ ਉਨ੍ਹਾਂ ਦੁਆਰਾ ਕੀਤੇ ਜਾਂਦੇ ਸਫਰ ਦੀ ਜਾਣਕਾਰੀ ਦਿੱਤੀ ਹੈ । ਉਸ ਦੇ ਮੁਤਾਬਕ ਸੱਤਰਵਿਆਂ ਦੇ ਅਖ਼ੀਰ ਵਿਚ ਉਨ੍ਹਾਂ ਦਾ ਸਫਰ ਇੰਨਾਂ ਵਧ ਗਿਆ ਸੀ ਕਿ ਉਹ ਸਾਲ ਵਿਚ 200 ਦਿਨ ਸਫਰ ਵਿਚ ਹੁੰਦੇ ਸਨ ਅਤੇ ਵੱਖ ਵੱਖ ਥਾਵਾਂ ਤੇ ਲਗਭਗ 45 ਕੋਰਸ ਲੈ ਰਹੇ ਹੁੰਦੇ ਸਨ । ਵਾਈਟ ਤਾਂਤਰਿਕ ਯੋਗਾ ਦੇ ਕੋਰਸ ਸ਼ੁਕਰਵਾਰ ਦੀ ਸ਼ਾਮ ਨੂੰ ਸ਼ੁਰੂ ਹੁੰਦੇ ਸਨ । ਪੂਰਾ ਸ਼ਨੀਵਰ ਚਲਦੇ ਤੇ ਐਤਵਾਰ ਦੁਪਹਿਰ ਬਾਅਦ ਫੇਰ ਸ਼ੁਰੂ ਹੋ ਜਾਂਦੇ । ਇਹ ਬੇਰੋਕ ਸਿਲਸਿਲਾ ਸੀ । ਜਿਥੋਂ ਦੀ ਲੰਘਦੇ, ਗੁਰਦੁਆਰਿਆਂ ਵਿਚ ਲੈਕਚਰ ਕਰਦੇ, ਭਾਰਤੀ ਸਿਖਾਂ ਨੂੰ ਵੀ ਮਿਲਦੇ । ਉਨ੍ਹਾਂ ਨੂੰ ਵੀ ਹਲੂਣਦੇ । ਉਨ੍ਹਾਂ ਦੇ ਦੌਰੇ ਇੰਟਰਨੈਸ਼ਨਲ ਹੁੰਦੇ ਸਨ । ਮਿਸਾਲ ਦੇ ਤੌਰ ਤੇ 1976 ਦੀਆਂ ਸਰਦੀਆਂ ਵਿਚ ਜਪਾਨ ਵਿਚ ਟੋਕੀਓ ਅਤੇ ਉਸਾਕਾ ਵਿਚ ਉਨ੍ਹਾਂ ਕੋਰਸ ਲਏ । ਇਥੋਂ ਹੌਂਗਕੌਂਗ, ਬੈਂਕੌਕ, ਸਿੰਗਾਪੁਰ ਵਿਚ ਕੋਰਸ ਲੈਂਦੇ ਅਤੇ ਲੈਕਚਰ ਕਰਦੇ ਹੋਏ ਅਮਰੀਕਾ ਵਾਪਿਸ ਮੁੜੇ । ਮਈ ਦੇ ਮਹੀਨੇ ਫੇਰ ਯੂਰਪੀ ਦੌਰੇ ਤੇ ਤੁਰ ਗਏ ਅਤੇ ਹੌਲੈਂਡ ਅਤੇ ਇੰਗਲੈਂਡ ਵਿਚ ਵਾਈਟ ਤਾਂਤਰਿਕ ਯੋਗਾ ਦੇ ਕੋਰਸ ਕਰਵਾਏ । ਇਸ ਤਰਾਂ ਯੋਗੀ ਜੀ ਤੋਂ ਕੋਰਸ ਕਰਨ ਵਾਲਿਆਂ ਅਤੇ ਅੱਗੇ ਉਨ੍ਹਾਂ ਦੁਆਰਾ ਤਿਆਰ ਕੀਤੇ ਗਏ ਕੁੰਡਲਨੀ ਯੋਗਾ ਟੀਚਰਾਂ ਦੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿਚ ਸੀ । ਕੁੰਡਲਨੀ ਯੋਗਾ ਦੇ ਇਹ ਸਾਰੇ ਵਿਦਿਆਰਥੀ ਸਿਖ ਧਰਮ ਨਹੀਂ ਅਪਣਾਉਂਦੇ ।
ਭਾਰਤ ਦੇ ਸਿਖ ਸਮਾਜ ਵਿਚ ਯੋਗ ਦੀ ਉਸ ਪ੍ਰਕਾਰ ਦੀ ਪਰੰਪਰਾ ਨਹੀਂ ਹੈ, ਜਿਸ ਦਾ ਪਾਲਣ ਯੋਗੀ ਜੀ ਕਰਦੇ ਹਨ । ਪਿਛਲੇ ਲੰਬੇ ਸਮੇਂ ਤਕ ਆਧੁਨਿਕ ਭਾਰਤੀ ਸਮਾਜ ਨੇ ਵੀ ਯੋਗ ਦੇ ਮਹੱਤਵ ਅਤੇ ਇਸ ਦੀ ਸ਼ਕਤੀ ਨੂੰ ਨਹੀਂ ਪਛਾਣਿਆ । ਪੰਥਕ ਹਲਕਿਆਂ ਵਿਚ ਕਈ ਵਾਰ ਅਜਿਹੇ ਲੋਕ ਵੀ ਮਿਲ ਜਾਂਦੇ ਹਨ, ਜਿਹੜੇ ਇਹ ਸਮਝਦੇ ਹਨ ਕਿ ਯੋਗ ਜਿਵੇਂ ਹਿੰਦੂਆਂ ਦੀ ਕੋਈ ਧਾਰਮਿਕ ਰੀਤੀ ਹੋਵੇ । ਜਦਕ ਅਸਲੀਅਤ ਵਿਚ ਯੋਗ ਮਾਨਸਿਕ-ਸਰੀਰਕ ૶ਆਤਮਿਕ ਵਿਕਾਸ ਦੀ ਇਕ ਅਜਿਹੀ ਪੁਰਾਤਨ ਵਿਧੀ ਹੈ ਜਿਸ ਦੇ ਮਹੱਤਵ ਨੂੰ ਇਸ ਵੇਲੇ ਸਾਰੀ ਦੁਨੀਆ ਵਿਚ ਪਛਾਣਿਆ ਜਾਣ ਲੱਗ ਪਿਆ ਹੈ । ਅਜ ਯੋਗ ਮਨੁਖੀ ਵਿਕਾਸ ਦੀ ਇਕ ਅਜਿਹੀ ਤਕਨੀਕ ਦੇ ਤੌਰ ਤੇ ਪੂਰੇ ਵਿਸ਼ਵ ਵਿਚ ਪ੍ਰਵਾਨ ਹੋ ਗਿਆ ਹੈ ਜਿਸ ਤੇ ਕਿਸੇ ਇਕ ਮੁਲਕ, ਸਮਾਜ ਜਾਂ ਸਭਿਆਚਾਰ ਦਾ ਕਬਜ਼ਾ ਨਹੀਂ ਹੈ । ਜਿਵੇਂ ਆਧੁਨਿਕ ਸਾਇੰਸ ਤੇ ਤਕਨੀਕ ਕਿਸੇ ਇਕ ਮੁਲਕ ਦੀ ਮਲਕੀਅਤ ਨਹੀਂ ਹੈ, ਉਸੇ ਤਰਾਂ ਯੋਗ ਆਦਿ ਪੁਰਾਤਨ ਵਿਗਿਆਨਾਂ ਵੀ ਕਿਸੀ ਇਕ ਸਭਿਆਚਾਰ ਦੀ ਜਾਇਦਾਦ ਨਹੀਂ ਹਨ । ਅਜ ਦੁਨੀਆ ਦੇ ਵੱਖ ਵੱਖ ਹਿਸਿਆਂ ਵਿਚ ਲੋਕ ਆਪੋ ਆਪਣੇ ਮੁਹਾਵਰੇ ਚ ਇਨ੍ਹਾਂ ਤੇ ਖੋਜ ਕਰ ਰਹੇ ਹਨ ਅਤੇ ਇਸ ਦੀ ਪ੍ਰੈਕਟਿਸ ਕਰ ਰਹੇ ਹਨ । ਜਿਸ ਨਾਲ ਇਸ ਪੁਰਾਤਨ ਖਜ਼ਾਨੇ ਦੇ ਨਵੇਂ ਨਵੇਂ ਪਸਾਰ ਖੁਲ੍ਹ ਰਹੇ ਹਨ । ਯੋਗ ਦੇ ਸੰਸਾਰ ਵਿਚ ਯੋਗੀ ਜੀ ਦੀ ਇਹ ਦੇਣ ਹੈ ਕਿ ਉਨ੍ਹਾਂ ਇਸ ਨਾਲ ਨਵਾਂ ਪਸਾਰ ਜੋੜਿਆ । ਆਧੁਨਿਕ ਸਮਿਆਂ ਵਿਚ ਉਹ ਪਹਿਲੇ ਯੋਗੀ ਹਨ, ਜਿਨ੍ਹਾਂ ਕੁੰਡਲਨੀ ਯੋਗ ਦੇ ਰਹੱਸ ਨੂੰ ਖੋਲ੍ਹਿਆ ਅਤੇ ਆਮ ਸਮਾਜ ਲਈ ਇਸ ਦੇ ਦੁਆਰ ਖੋਲ੍ਹੇ । ਭਾਰਤੀ ਯੋਗ ਸਮਾਜ ਵਿਚ ਕੁੰਡਲਨੀ ਯੋਗ ਨੂੰ ਬੇਹਦ ਸ਼ਕਤੀਸ਼ਾਲੀ ਤਕਨੀਕ ਸਮਝਿਆ ਜਾਦਾਂ ਸੀ ਅਤੇ ਇਹ ਵਿਸ਼ਵਾਸ ਸੀ ਕਿ ਹਰ ਕੋਈ ਇਸ ਦੀ ਪ੍ਰੈਕਟਿਸ ਨਹੀਂ ਕਰ ਸਕਦਾ । ਇਸ ਲਈ ਕਈ ਤਰਾਂ ਦੇ ਖਤਰੇ ਹਨ । ਪਰ ਕਿਹਾ ਜਾਦਾਂ ਹੈ ਕਿ ਅਮਰੀਕੀ ਵਿਅਕਤੀ ਦੇ ਤਨ ਮਨ ਦੀ ਜੜ੍ਹਤਾ ਤੋੜਨ ਲਈ ਸ਼ਾਇਦ ਕੁੰਡਲਨੀ ਯੋਗ ਜਿਹੀ ਸ਼ਕਤੀਸ਼ਾਲੀ ਤਕਨੀਕ ਦੀ ਹੀ ਲੋੜ ਸੀ । ਇਸ ਖਤਰੇ ਵਿਚ ਉਨ੍ਹਾਂ ਦੀ ਹੋਰ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਯੋਗ ਨੂੰ ਪਹਿਲੀ ਵਾਰ ਸਿਖ ਮੁਹਾਵਰਾ ਦਿੱਤਾ ਅਤੇ ਉਸ ਨੂੰ ਸਿਖ ਸਮਾਜ ਦਾ ਅੰਗ ਬਣਾਇਆ । ਉਨ੍ਹਾਂ ਦੇ ਯੋਗਾ ਟੀਚਰ ਅਤੇ ਵਿਦਿਆਰਥੀ ਯੋਗ ਕਿਰਿਆਵਾਂ ਦੌਰਾਨ ਸਤਿਨਾਮ , ਵਾਹਿਗੁਰੂ ਜਹੇ ਸਿਖ ਮੰਤਰਾਂ ਦਾ ਉਚਾਰਨ ਕਰਦੇ ਹਨ । ਉਨ੍ਹਾਂ ਦੀਆਂ ਯੋਗ ਵਿਧੀਆਂ ਤੇ ਸਿਖ ਮੁਹਾਵਰੇ ਦੀ ਛਾਪ ਹੈ । ਇਥੋਂ ਹੀ ਇਨ੍ਹਾਂ ਵਿਦਿਆਰਥੀਆਂ ਅੰਦਰ ਸਿਖ ਧਰਮ ਪ੍ਰਤੀ ਜਗਿਆਸਾ ਪੈਦਾ ਹੋ ਜਾਂਦੀ ਹੈ । ਇਸ ਜਗਿਆਸਾ ਸਦਕਾ ਹੀ ਯੋਗਾ ਦੇ ਕਈ ਪੱਛਮੀ ਵਿਦਿਆਰਥੀ ਸਿਖ ਜੀਵਨ ਨੂੰ ਅਪਣਾਉਣ ਤਕ ਪਹੁੰਚ ਗਏ । ਯੋਗੀ ਜੀ ਦੇ ਸਾਰੇ ਸਿਖ ਸ਼ਿਸ਼ ਇਸੇ ਤਰੀਕੇ ਨਾਲ ਸਿਖ ਧਰਮ ਵਿਚ ਆਏ । ਕਈ ਲੋਕ ਇਹ ਵੀ ਸਮਝਦੇ ਹਨ ਕਿ ਯੋਗੀ ਜੀ ਵੱਲੋਂ ਸਿਖ ਅਤੇ ਖਾਲਸਾ ਦੇ ਸੰਕਲਪ ਨੂੰ ਪੱਛਮੀ ਸੰਦਰਭ ਮੁਤਾਬਕ ਨਵਾਂ ਰੂਪ ਦਿੱਤਾ ਗਿਆ ਹੈ । ਇਕ ਵਾਰ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਕਿ ਸਿਖ ਅਤੇ ਖਾਲਸਾ ਵਿਚਕਾਰ ਕੀ ਫਰਕ ਹੈ । ਉਸ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਸਿਖ ਅਮਰਤਾ ਦੀ ਚੇਤਨਾ ਦਾ ਜਗਿਆਸੂ ਹੁੰਦਾ ਹੈ । ਖਾਲਸਾ ਇਸ ਚੇਤਨਾ ਨੂੰ ਜਿਊਂਦਾ ਹੈ । ਸ਼ਾਇਦ ਉਨ੍ਹਾਂ ਦੇ ਯੋਗਾ ਵਿਦਿਆਰਥੀਆਂ ਅਤੇ ਖਾਲਸਈ ਬਾਣਾ ਪਹਿਨਣ ਵਾਲੇ ਸਿਖਾਂ ਵਿਚ ਇਹੀ ਫਰਕ ਹੋਵੇਗਾ ।
ਇਸ ਤੋਂ ਬਾਅਦ ਹੀ ਯੋਗੀ ਜੀ ਨੇ ਕੁਝ ਅਜਿਹੀਆਂ ਸੰਸਥਾਵਾਂ ਦਾ ਗਠਨ ਕੀਤਾ, ਜਿਹੜੀਆਂ ਅਮਰੀਕੀ ਸਿਖਾਂ ਨੂੰ ਸਿਖ ਜੀਵਨ ਜੁਗਤ ਜਿਊਣ ਵਿਚ ਸਹਾਈ ਹੋ ਸਕਣ । ਯੋਗੀ ਜੀ ਦੇ ਸਾਰੇ ਬਿਜ਼ਨਸ ਅਤੇ ਕਾਰਪੋਰੇਸ਼ਨਾਂ ਵੀ ਇਸੇ ਜ਼ਰੂਰਤ ਵਿਚੋਂ ਸਾਹਮਣੇ ਆਈਆਂ । ਸ਼ੁਰੂ ਸ਼ੁਰੂ ਵਿਚ ਜਿਨ੍ਹਾਂ ਅਮਰੀਕੀਆਂ ਨੇ ਸਿਖ ਬਾਣਾ ਪਾਉਣਾ ਸ਼ੁਰੂ ਕੀਤਾ, ਉਹ ਇਸ ਸੰਬਧ ਵਿਚ ਆਪਣਾ ਅਨੁਭਵ ਦਸਦੇ ਹਨ ।
ਯੋਗੀ ਜੀ ਦੀ ਸਰਪ੍ਰਸਤੀ ਹੇਠ ਬਣਾਈ ਗਈ ਪ੍ਰਾਈਵੇਟ ਸਕਿਉਰਿਟੀ ਸਰਵਿਸ ਅਕਾਲ ਸਕਿਉਰਿਟੀਜ਼ ਦੇ ਫਾਊਂਡਰ ਅਤੇ ਵਾਈਸ ਪ੍ਰੈਜ਼ੀਡੈਂਟ ਗੁਰਤੇਜ ਸਿੰਘ ਖਾਲਸਾ ਅਮਰੀਕੀ ਸਿਖਾਂ ਦਾ ਇਕ ਖੁਬਸੂਰਤ ਨਮੂਨਾ ਹਨ । ਉਹ ਕਵਿਤਾਵਾਂ ਲਿਖਦੇ ਹਨ । ਚਿਲਡਰਨ ਔਫ ਦਾ ਕਸਪ ਨਾਂ ਦੀ ਕਵਿਤਾਵਾਂ ਦੀ ਇਕ ਕਿਤਾਬ ਵੀ ਛਪਵਾ ਚੁਕੇ ਹਨ । ਉਹ ਦਸਦੇ ਹਨ ਕਿ ਜਦ ਅਮਰੀਕੀਆਂ ਨੇ ਸੁਰੂ ਸ਼ੁਰੂ ਵਿਚ ਸਿਖ ਬਾਣਾ ਪਹਿਨਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਲਈ ਅਮਰੀਖੀ ਸਮਾਜ ਵਿਚ ਵਿਚਰਨਾ ਮੁਸ਼ਕਲ ਹੋ ਗਿਆ । ਅਮਰੀਕੀ ਦਫਤਰਾਂ ਵਿਚ ਉਨ੍ਹਾਂ ਨੂੰ ਨੌਕਰੀ ਨਹੀਂ ਸੀ ਮਿਲਦੀ । ਉਨ੍ਹਾਂ ਦੇ ਨਿਵੇਕਲੇ ਬਾਣੇ ਕਰਕੇ ਹਰ ਕੋਈ ਉਨ੍ਹਾਂ ਵਲ ਵੱਖਰੀ ਦ੍ਰਿਸ਼ਟੀ ਨਾਲ ਦੇਖਦਾ ਸੀ । ਇਸ ਤਰਾਂ ਦੀ ਸਥਿਤੀ ਵਿਚ ਯੋਗੀ ਜੀ ਨੇ ਸਾਨੂੰ ਆਪਣੇ ਬਿਜ਼ਨਸ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ । ਕੁਝ ਹੀ ਸਮੇਂ ਵਿਚ ਇਹ ਕਾਰੋਬਾਰ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਵਿਚ ਪਲਟ ਗਏ। ਅਕਾਲ ਸਕਿਉਰਿਟੀਜ਼ ਵਿਚ ਇਸ ਵੇਲੇ 12 ਹਜ਼ਾਰ ਮੁਲਾਜ਼ਮ ਕੰਮ ਕਰਦਾ ਹੈ । ਅਮਰੀਕਾ ਵਿਚ ਅਨੇਕ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਨ ਇਸ ਦੀਆਂ ਸੇਵਾਵਾਂ ਲੈ ਰਹੇ ਹਨ । ਇਸੇ ਤਰੀਕੇ ਨਾਲ ਯੋਗੀ ਟੀ ਕੰਪਨੀ ਸ਼ੁਰੂ ਹੋਈ, ਜਿਹੜੀ ਵੱਖ ਵੱਖ ਪ੍ਰਕਾਰ ਦੀਆਂ ਹਰਬਲ ਚਾਹਾਂ ਬਣਾਉਂਦੀ ਹੈ । ਅਜ ਇਹ ਅਮਰੀਕਾ ਵਿਚ ਹਰਬਲ ਟੀ ਬਣਾਉਣ ਵਾਲੀਆਂ ਪ੍ਰਮੁਖ ਕੰਪਨੀਆਂ ਵਿਚ ਸ਼ੁਮਾਰ ਹੁੰਦੀ ਹੈ । ਸੰਨ ਐਂਡ ਸੰਨ ਸੌਫਟਵੇਅਰ ਡਿਵੈਲਪਮੈਂਟ ਕੰਪਨੀ ਹੈ । ਇਨ੍ਹਾਂ ਕਾਰਪੋਰੇਸ਼ਨਾਂ ਦੀ ਸਥਾਪਤੀ ਦਾ ਸਿੱਟਾ ਇਹ ਨਿਕਲਿਆ ਕਿ ਅਮਰੀਕਾ ਸਿਖਾਂ ਅਤੇ ਉਨ੍ਹਾਂ ਦੇ ਬਚਿਆਂ ਨੂੰ ਸਰਕਾਰੀ ਨੌਕਰੀਆਂ ਲਈ ਦੂਸਰੇ ਦਫਤਰਾਂ ਵਿਚ ਜਾਣ ਦੀ ਲੋੜ ਨਹੀਂ ਰਹੀ । ਅਜ ਯੋਗੀ ਜੀ ਦੀਆਂ ਆਪਣੀਆਂ ਕੰਪਨੀਆਂ ਦਾ ਕਈ ਮਿਲੀਅਨ ਡਾਲਰ ਦਾ ਕਾਰੋਬਾਰ ਹੈ । ਜਿਸ ਸਦਕਾ ਅਮਰੀਕੀ ਸਿਖਾਂ ਨੇ ਉਥੋਂ ਦੇ ਸਮਾਜ ਵਿਚ ਆਪਣੀ ਸਤਿਕਾਰ ਵਾਲੀ ਥਾਂ ਬਣਾ ਲਈ ਹੈ । ਉਨ੍ਹਾਂ ਆਪਣੀ ਨਿਵੇਕਲੀ ਜੀਵਨ ਸ਼ੈਲੀ ਨੂੰ ਅਮਰੀਕੀ ਸਮਾਜ ਵਿਚ ਇਕ ਸਮਾਨਾਂਤਰ ਧਾਰਾ ਵਜੋਂ ਚੰਗੀ ਤਰਾਂ ਸਥਾਪਤ ਕਰ ਲਿਆ ਹੈ ।
ਵਾਸਤਵ ਵਿਚ ਯੋਗੀ ਜੀ ਦੁਆਰਾ ਸ਼ੁਰੂ ਕੀਤੀ ਗਈ ਲਹਿਰ ਪੰਜਾਬ ਦੀਆਂ ਸਿਖ ਲਹਿਰਾਂ ਤੋਂ ਕਾਫੀ ਭਿੰਨ ਅਤੇ ਤਰੋ ਤਾਜ਼ਾ ਹੈ । ਇਸ ਦਾ ਅਨੁਭਵ ਯੋਗੀ ਜੀ ਦੇ ਲੈਕਚਰਾਂ, ਉਨ੍ਹਾਂ ਦੇ ਸ਼ਿਸ਼ਾਂ ਦੇ ਕੈਲੀਬਰ, ਉਨ੍ਹਾਂ ਦੀਆਂ ਖੜੀਆਂ ਕੀਤੀਆਂ ਸੰਸਥਾਵਾਂ, ਸ਼ੁਰੂ ਕੀਤੇ ਗਏ ਪ੍ਰਾਜੈਕਟਾਂ, ਉਨ੍ਹਾਂ ਦੀ ਲਹਿਰ ਦੁਆਰਾ ਸਾਹਮਣੇ ਲਿਆਂਦੇ ਗਏ ਸਾਹਿਤ, ਸੰਗੀਤ ਅਤੇ ਹੋਰ ਕਲਾਂ ਰੂਪਾਂ ਤੋ ਹੋ ਜਾਦਾਂ ਹੈ । ਜਿਹੋ ਜਹੀਆਂ ਸੰਸਥਾਵਾਂ, ਸਖਸ਼ੀਅਤਾਂ, ਕਲਾ , ਸਾਹਿਤ ਅਤੇ ਖੋਜ ਇਸ ਲਹਿਰ ਨੇ ਪੈਦਾ ਕੀਤਾ ਹੈ, ਉਹ ਸਿੰਘ ਸਭਾ ਲਹਿਰ ਨਾਲੋਂ ਵੀ ਕਿਤੇ ਵੱਡਾ ਲਗਦਾ ਹੈ । ਜੀਵਨ ਦਾ ਕੋਈ ਅਜਿਹਾ ਸ਼ੋਹਬਾ ਨਹੀਂ ਹੈ ਜਿਸ ਵਿਚ ਉਨ੍ਹਾਂ ਨੇ ਹਲਚਲ ਨਾ ਪੈਦਾ ਕੀਤੀ ਹੋਵੇ । ਇਸ ਪ੍ਰਭਾਵ ਦੀ ਮਹਿਜ ਇਕ ਝਲਕ ਵਜੋਂ ਯੋਗੀ ਜੀ ਦੁਆਰਾ ਬਦਲਵੀਆਂ ਇਲਾਜ ਪ੍ਰਣਾਲੀਆਂ ਦੇ ਖੇਤਰ ਵਿਚ ਕਿਤੇ ਕੰਮ ਨੂੰ ਦੇਖਿਆ ਜਾ ਸਕਦਾ ਹੈ । ਕੁੰਡਲਨੀ ਯੋਗਾ ਦਾ ਪ੍ਰਭਾਵ ਐਨਾ ਸ਼ਕਤੀਸ਼ਾਲੀ ਸੀ ਕਿ 3ਐਚ ਓ ਦੇ ਅਨੇਕਾਂ ਵਿਦਿਆਰਥੀ ਬਦਲਵੀਆਂ ਇਲਾਜ ਪੱਧਤੀਆਂ ਵਿਚ ਮਾਹਰ ਬਣ ਗਏ । ਦੁਨੀਆਂ ਭਰ ਵਿਚ ਅਨੇਕਾਂ ਯੋਗੀ ਸਿੱਖ ਡਾਕਟਰ, ਕਾਇਰੋਪ੍ਰੈਕਟਰ, ਐਕਯੂਪੰਕਚਰਿਸਟ ਅਤੇ ਮਨੋਚਕਿਤਸਕ ਵਜੋਂ ਕੰਮ ਕਰ ਰਹੇ ਸਨ । ਯੋਗੀ ਜੀ ਇਸ ਗਲ ਤੇ ਬਹੁਤ ਜ਼ੋਰ ਦਿੰਦੇ ਸਨ ਕਿ ਸਿਹਤ ਅਤੇ ਇਲਾਜ ਨੂੰ ਇਕ ਹੋਲਿਸਟਿਕ ਦ੍ਰਿਸ਼ਟੀ ਨਾਲ ਸਰੀਰ, ਮਨ ਅਤੇ ਆਤਮਾ ਦੇ ਜੋੜ ਵਿਚ ਦੇਖੋ :
ਇਲਾਜ ਦੀ ਕਲਾ ਦੇ, ਅਨੰਦ ਦੀ ਕਲਾ ਦੇ ਅਤੇ ਰੱਬੀ ਚੇਤਨਾ ਦੀ ਕਲਾ ਦੇ ਰਿਸ਼ੀਆਂ ਦੀ ਭਾਸ਼ਾ ਵਿਚ ਲੱਖਾਂ ਨਾਂ ਹਨ । ਇਸ ਦਾ ਸਬੰਧ ਤਾਲ ਅਤੇ ਸਚਾਈ ਨਾਲ ਹੈ । ਸਰੀਰ ਜਦ ਤਾਲ ਵਿਚ ਹੁੰਦਾ ਹੈ ਤਾਂ ਉਹ ਅਰੋਗ ਹੁੰਦਾ ਹੈ ਅਤੇ ਜਦ ਸਰੀਰ ਜਾਂ ਇਸ ਦਾ ਕੋਈ ਅੰਗ ਤਾਲੋਂ ਉਖੜ ਜਾਦਾਂ ਹੈ ਤਾਂ ਇਹ ਰੋਗ ਬਣ ਜਾਂਦਾ ਹੈ । ਬਿਮਾਰੀ ਜਾਂ ਰੋਗ ਹੋਰ ਕੁਝ ਨਹੀਂ ਸਿਰਫ ਤਾਲੋਂ ਉਖੜੀ ਦੇਹ ਹੈ । ਜਦ ਮਨ ਤਾਲੋਂ ਬੇਤਾਲ ਹੈ ਤਾਂ ਨਾ ਮਨ ਹੁੰਦਾ ਹੈ ਨਾ ਆਤਮਾ । ਕਿਉਂਕਿ ਮਨ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ । ਅਜਿਹੀ ਹਾਲਤ ਵਿਚ ਕੋਈ ਖੁਸ਼ੀ ਨਹੀ ਹੋ ਸਕਦੀ ।
ਦਸੰਬਰ 1979 ਵਿਚ ਅਲਾਸਕਾ ਦੇ ਆਪਣੇ ਦੌਰੇ ਦੌਰਾਨ ਯੋਗੀ ਜੀ ਨੇ ਪਹਿਲੀ ਵਾਰ ਅਯੁਰਵੈਦਾ ਤੇ ਅਧਾਰਤ ਹਰਬਲ ਫਾਰਮੂਲਿਆਂ ਦੀ ਆਪਣੀ ਲੜੀ ਸ਼ੁਰੂ ਕੀਤੀ । ਉਹ ਕਹਿੰਦੇ ਸਨ ਕਿ ਡਾਕਟਰ ਨੁਸਖੇ ਲਿਖਦੇ ਹਨ । ਦਵਾਈਆਂ ਬਿਮਾਰੀਆਂ ਨੂੰ ਮਾਰਦੀਆਂ ਹਨ । ਪਰ ਹਰਬਜ਼ ਅਤੇ ਜੜੀਆਂ ਬੂਟੀਆਂ ਅੰਦਰੋਂ ਤੰਦਰੁਸਤੀ ਜਗਾਉਂਦੀਆਂ ਹਨ । ਇਸ ਤਰਾਂ ਯੋਗੀ ਜੀ ਦੀਆਂ ਇਨ੍ਹਾਂ ਸਿਖਿਆਵਾਂ ਨਾਲ ਪੈਦਾ ਹੋਏ ਗਿਆਨ ਨੂੰ ਸੰਭਾਲਣ ਅਤੇ ਅੱਗੇ ਲਿਜਾਣ ਲਈ 1982 ਵਿਚ ਖਾਲਸਾ ਕਾਇਰੋਪ੍ਰੈਕਟਿਕ ਐਸੋਸੀੲੋਸ਼ਨ ਬਣਾਈ ਗਈ । ਸ਼ੁਰੂ ਵਿਚ ਇਸ ਵਿਚ 20-25 ਡਾਕਟਰ ਸ਼ਾਮਲ ਸਨ ਪਰ ਹੌਲੀ ਹੌਲੀ ਇਸ ਦਾ ਘੇਰਾ ਬਹੁਤ ਵਧ ਗਿਆ । ਇਹ ਲੋਕ ਹਰ ਸਾਲ ਆਪਸ ਵਿਚ ਮਿਲਦੇ ਹਨ ਅਤੇ ਇਸ ਖੇਤਰ ਵਿਚ ਆਪਣੇ ਨਵੇਂ ਤਜ਼ਰਬਿਆਂ ਅਤੇ ਖੋਜਾਂ ਨੂੰ ਆਪਸ ਵਿਚ ਸਾਂਝਾ ਕਰਦੇ ਹਨ । ਇਹ ਸਿਖ ਡਾਕਟਰ ਅਤੇ ਨਰਸਾਂ ਏਡਜ਼ ਦੇ ਖਿਲਾਫ ਮੁਹਿੰਮ ਅਤੇ ਏਡਜ਼ ਪੀੜਤਾਂ ਦੇ ਇਲਾਜ ਵਿਚ ਵੀ ਸਰਗਰਮ ਹਨ ।
ਇਨ੍ਹਾਂ ਯੋਗੀ ਸਿਖਾਂ ਵੱਲੋਂ ਨਵੀਂ ਤਰਾਂ ਦਾ ਸਿਖ ਰੂਹਾਨੀ ਸੰਗੀਤ ਪੈਦਾ ਕੀਤਾ ਗਿਆ ਹੈ । ਜਿਸ ਨੇ ਗੁਰਮਤਿ ਸੰਗੀਤ ਦਾ ਘੇਰਾ ਵਿਸ਼ਾਲ ਕੀਤਾ ਹੈ । ਇਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਪੰਜਾਬ ਜਾਂ ਭਾਰਤ ਦੀਆਂ ਸੀਮਤ ਹੱਦਾਂ ਵਿਚੋਂ ਕੱਢਕੇ ਕੌਮਾਂਤਰੀ ਪਧੱਰ ਤੇ ਲੈ ਆਂਦਾ ਹੈ । ਇਸ ਦੀ ਇਕ ਮਿਸਾਲ ਸਨਾਤਮ ਕੌਰ ਦਾ ਸੰਗੀਤ ਹੈ । ਉਸ ਦੀ ਇਕ ਐਲਬਮ ਕੁਝ ਅਰਸਾ ਪਹਿਲਾਂ ਗਰੈਮੀ ਸੰਗੀਤ ਅਵਾਰਡਾਂ ਦੀ ਇਕ ਸ਼੍ਰੇਣੀ ਵਿਚ ਨੌਮੀਨੇਟ ਹੋਈ । ਇਸ ਵਰਗ ਵਿਚ ਬੇਸ਼ਕ ਉਸ ਨੂੰ ਅਵਾਰਡ ਨਹੀਂ ਮਿਲਿਆ, ਪਰ ਸਿਖ ਸੰਗੀਤ ਲਈ ਆਪਣੇ ਆਪ ਵਿਚ ਹੀ ਇਹ ਇਕ ਚੋਖਾ ਸਨਮਾਨ ਸੀ । ਯੋਗੀ ਜੀ ਵਲੋਂ ਮੁਢ ਤੋਂ ਹੀ ਸੰਗੀਤ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ । ਜੂਨ 1976 ਵਿਚ ਪੀਕੋਸ ਵਿਖੇ ਸਮਰ ਸੌਲਿਸਟਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ :
ਜੇ ਲੋਕ ਸੰਤ ਸਿਪਾਹੀ ਇਨਸਾਨਾਂ ਦੀ ਕੌਮ ਉਸਾਰਨੀ ਚਾਹੁੰਦੇ ਹਨ, ਸੰਤਾਂ ਵਰਗੇ ਪਵਿਤਰ ਅਤੇ ਨੇਕ ਲੋਕਾਂ ਦੀ ਕੌਮ ਉਸਾਰਨਾਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਗੀਤ ਨਹੀਂ ਭੁਲਣੇ ਚਾਹੀਦੇ ਅਤੇ ਇਨ੍ਹਾਂ ਨੂੰ ਰੱਬ ਦੇ ਸਾਜ਼ਾਂ ਦੀ ਤਰਾਂ ਗਾਉਣਾ ਚਾਹੀਦਾ ਹੈ, ਜੀਵਨ ਦੀ ਅਨਮੋਲ ਸੰਪਤੀ ਦੀ ਤਰਾਂ ਇਨ੍ਹਾਂ ਨੂੰ ਆਪਣੇ ਹਿਰਦਿਆਂ ਵਿਚ ਸਾਂਭ ਕੇ ਰੱਖਣਾ ਚਾਹੀਦਾ ਹੈ ।
ਯੋਗੀ ਜੀ ਦੀ ਇਸ ਸੋਚ ਨੂੰ ਮੂਰਤੀਮਾਨ ਕਰਨ ਲਈ ਹੀ ਉਨ੍ਹਾਂ ਦੇ ਵਿਦਿਆਰਥੀਆਂ ਦੁਆਰਾ ਹੀ ਇਕ ਨਵੀਂ ਤਰਾਂ ਦਾ ਸੰਗੀਤ ਤਿਆਰ ਕੀਤਾ ਜਾਣ ਲੱਗਿਆ । ਇਸ ਸੰਗੀਤ ਵਿਚ ਗਹਿਰਾਈ ਹੈ ਤੇ ਇਕ ਰਹੱਸਮਈ ਤਾਕਤ ਹੈ । ਕਿਉਂਕਿ ਉਨ੍ਹਾਂ ਨੇ ਇਸ ਨੂੰ ਇੰਝ ਗਾਇਆ ਹੈ, ਜਿਵੋਂ ਉਹ ਖੁਦ ਹੀ ਰੱਬ ਦੇ ਸਾਜ਼ਾਂ ਦੀ ਤਰਾਂ ਵੱਜ ਰਹੇ ਹੋਣ । ਯੋਗੀ ਜੀ ਨੇ ਆਪਣੇ ਵਿਦਿਆਰਥੀ ਗੁਰੂ ਸਿੰਘ ਨੂੰ ਜਪੁਜੀ ਦਾ ਅੰਗਰੇਜੀ ਤਰਜਮਾ ਗਾਉਣ ਲਈ ਕਿਹਾ । ਅਮਰੀਕੀ ਸਿਖਾਂ ਦੀਆਂ ਕੁਝ ਹੋਰ ਅਰਦਾਸਾਂ ਅਤੇ ਭਾਗਤੀ ਭਾਵ ਵਾਲੀਆਂ ਰਚਨਾਵਾਂ ਵੀ ਗਵਾਈਆਂ ਗਈਆਂ । 1973 ਵਿਚ ਇਨ੍ਹਾਂ ਵਿਚੋਂ ਹੀ ਖਾਲਸਾ ਸਟਰਿੰਗ ਬੈਂਡ ਹੋਂਦ ਵਿਚ ਆਇਆ, ਜਿਸਨੇ ਇਕ ਮਿਊਜ਼ਿਕ ਐਲਬਮ ਸਪਿਰਿਚੁਅਲ ਨੇਸ਼ਨ ਰਿਕਾਰਡ ਕੀਤੀ । ਇਸ ਨਾਲ ਪੱਛਮ ਵਿਚ ਨਵੀਂ ਤਰਾਂ ਦੇ ਸਿਖ ਸੰਗੀਤ ਦੀ ਸ਼ੁਰੂਆਤ ਹੋਈ । ਸਨਾਤਮ ਕੌਰ ਅਤੇ ਉਸ ਵਰਗੇ ਹੋਰ ਅਨੇਕਾਂ ਕਲਾਕਾਰ ਇਸੇ ਪਰੰਪਰਾ ਦਾ ਸਿਖਰ ਹਨ । ਪੰਜਾਬ ਵਿਚ ਗੁਰਮਤਿ ਸੰਗੀਤ ਦਾ ਅਧਿਐਨ ਹਾਲੇ ਤਕ ਬਹੁਤ ਹੀ ਗੈਰ ਅਕਾਦਮਿਕ ਅਤੇ ਗੈਰ ਪੈਸ਼ਾਵਾਰਨਾ ਤਰੀਕੇ ਨਾਲ ਹੁੰਦਾ ਰਿਹਾ ਹੈ । ਇਸ ਕਰਕੇ ਕਿਸੇ ਨੇ ਪੱਛਮ ਦੇ ਯੋਗੀ ਸਿਖਾਂ ਦੁਆਰਾ ਸਿਖ ਸੰਗੀਤ ਵਿਚ ਜੋੜੀ ਇਸ ਨਵੀਂ ਧਾਰਾ ਵੱਲ ਧਿਆਨ ਨਹੀਂ ਦਿੱਤਾ । ਇਹ ਸਾਡੇ ਗੁਰਮਤਿ ਸੰਗੀਤ ਨਾਲੋਂ ਵੱਖਰੇ ਮੁਹਾਵਰੇ ਵਾਲਾ ਗੁਰਮਤਿ ਸੰਗੀਤ ਹੈ । ਯੋਗੀ ਜੀ ਇਸ ਨੂੰ ਨਵੀਂ ਕੌਮ ਦੇ ਗੀਤ ਕਹਿੰਦੇ ਸਨ । ਇਕ ਰੂਹਾਨੀ ਕੌਮ ਦੇ ਗੀਤ । ਸਿਖ ਸੰਗੀਤ ਦੀ ਇਸ ਧਾਰਾ ਵਿਚ ਪੰਜਾਬ ਨਾਲੋਂ ਕਿਤੇ ਜ਼ਿਆਦਾ ਨਫਾਸਤ ਹੈ । ਪੇਸ਼ਾਵਾਰਾਨਾ ਪਕਿਆਈ ਹੈ ਅਤੇ ਵਿਸ਼ਵਾਸ ਦੀ ਗਹਿਰਾਈ ਹੈ ।
ਯੋਗੀ ਜੀ ਦੁਆਰਾ ਸ਼ੁਰੂ ਕੀਤੀ ਲਹਿਰ ਦਾ ਪ੍ਰਭਾਵ ਐਨਾ ਵਿਆਪਕ ਹੈ ਕਿ ਇਸ ਦਾ ਅਸਰ ਅੰਕ ਵਿਗਿਆਨ ਜਿਹੇ ਖੇਤਰਾਂ ਵਿਚ ਵੀ ਦੇਖਿਆ ਜਾ ਸਕਦਾ ਹੈ । ਯੋਗੀ ਜੀ ਖੁਦ ਅੰਕ ਵਿਗਿਆਨ ਦੇ ਮਾਹਰ ਹਨ । ਇਹ ਗਿਆਨ ਦੀਆਂ ਅਜਿਹੀਆਂ ਵਿਧੀਆਂ ਜਾਂ ਖੇਤਰ ਹਨ, ਜਿਨ੍ਹਾਂ ਨੂੰ ਅੱਜ ਦੀ ਭਾਸ਼ਾ ਵਿਚ ਪਰਾ ਵਿਗਿਆਨਾਂ ਕਿਹਾ ਜਾ ਸਕਦਾ ਹੈ । ਉਨ੍ਹਾਂ ਤੋਂ ਪ੍ਰਭਾਵਤ ਕੁਝ ਲੋਕਾਂ ਨੇ ਇਨ੍ਹਾਂ ਪੁਰਾਤਨ ਵਿਧਿਆਂ ਨੂੰ ਆਧੁਨਿਕ ਅਤੇ ਸਿਖ ਮੁਹਾਵਰੇ ਵਿਚ ਪੇਸ਼ ਕੀਤਾ । ਗੁਰਚੰਦਰ ਸਿੰਘ ਖਾਲਸਾ ਨਾਂ ਦੇ ਉਨ੍ਹਾਂ ਦੇ ਇਕ ਅਮਰੀਕੀ ਸ਼ਿਸ਼ ਦੁਆਰਾ ਅੰਕ ਵਿਗਿਆਨ ਦੀ, ਆਤਮਾ ਦੀ ਵਿਗਿਆਨ ਦੇ ਰੂਪ ਵਿਚ ਨਵੀਂ ਵਿਆਖਿਆ ਕੀਤੀ ਗਈ ਹੈ । ਇਸ ਸਬੰਧ ਵਿਚ ਨਿਯੂਮਰੌਲੋਜੀ : ਐਜ਼ ਟੌਟ ਬਾਏ ਯੋਗੀ ਭਜਨ ਅਤੇ ਤਾਂਤਰਿਕ ਨਿਯੂਮਰੌਲੋਗੀ : ਸਾਇੰਸ ਔਫ ਸੋਲ ਮਾਸਟਰੀ ਉਨ੍ਹਾਂ ਦੀਆਂ ਪ੍ਰਮੁਖ ਪੁਸਤਕਾਂ ਹਨ ।
ਇਨ੍ਹਾਂ ਪੁਰਾਤਨ ਵਿਧੀਆਂ ਉਤੇ ਸਿਖ ਮੁਹਾਵਰੇ ਵਿਚ ਕੰਮ ਯੋਗੀ ਜੀ ਦੀ ਲਹਿਰ ਦੀਆਂ ਬਹੁਤ ਹੀ ਵਿਲੱਖਣ ਅਤੇ ਵਡਮੁਲੀਆਂ ਪ੍ਰਾਪਤੀਆਂ ਹਨ । ਪੰਜਾਬ ਜਾਂ ਭਾਰਤ ਦੀ ਸਿਖ ਅਕਾਦਮਿਕਤਾ ਜਾਂ ਰੂਹਾਨੀ ਖੋਜ ਹਾਲੇ ਉਸੇ ਮੁਹਾਵਰੇ ਵਿਚ ਫਸੀ ਹੋਈ ਹੈ, ਜਿਹੜਾ ਸਿੰਘ ਸਭਾ ਲਹਿਰ ਵੇਲੇ ਪ੍ਰਚਲਿਤ ਸੀ । ਸਿੰਘ ਸਭਾ ਲਹਿਰ ਨੇ ਸਿਖ ਸਮਾਜ ਵਿਚ ਅਤੇ ਪੰਜਾਬ ਵਿਚ ਇਕ ਅਜਿਹੀ ਜਾਗਰਤੀ ਲਹਿਰ ਪੈਦਾ ਕੀਤੀ , ਜਿਸ ਨੇ ਸਮੁਚੇ ਸਿਖ ਇਤਿਹਾਸ, ਦਰਸ਼ਨ ਅਤੇ ਮਰਿਆਦਾ ਨੂੰ ਉਸ ਦੌਰ ਦੇ ਵਿਗਿਆਨਕ ਮੁਹਾਵਰੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ । ਉਸ ਦੌਰ ਦੇ ਦਬਾਵਾਂ ਦੇ ਮੱਦੇਨਜ਼ਰ ਸਿੰਘ ਸਭਾ ਲਹਿਰ ਦੀਆਂ ਰੌਸ਼ਨ ਦਿਮਾਗ ਸਖਸ਼ੀਅਤਾਂ ਨੇ ਵੱਖ ਵੱਖ ਅਕਾਦਮਿਕ ਅਤੇ ਖੋਜ ਖੇਤਰਾਂ ਵਿਚ ਬੜੇ ਸੁਹਿਰਦ ਉਪਰਾਲੇ ਕੀਤੇ । ਪਰ ਉਨ੍ਹਾਂ ਵਲੋਂ ਅਜਿਹੀ ਬੌਧਿਕ ਹਿੰਸਾ ਤੋਂ ਬਚ ਸਕਣਾ ਸੰਭਵ ਨਹੀਂ ਸੀ ਜਿਹੜੀ ਉਸ ਦੌਰ ਦਾ ਖਾਸਾ ਸੀ । ਪੱਛਮੀ ਵਿਗਿਆਨਕ ਦ੍ਰਿਸ਼ਟੀ ਨੇ ਜਿਥੇ ਪਦਾਰਥਕ ਉਨਤੀ ਦੇ ਅਨੇਕਾਂ ਦੁਆਰੇ ਖੋਲ੍ਹੇ , ਉਥੇ ਗਿਆਨ ਦੇ ਖੇਤਰ ਵਿਚ ਅਜਿਹੀ ਹਿੰਸਾ ਵੀ ਕੀਤੀ, ਜਿਹੋ ਜਿਹੀ ਐਲੋਪੇਥੀ ਨੇ ਪੁਰਾਤਨ ਇਲਾਜ ਪ੍ਰਣਾਲੀਆਂ ਨਾਲ ਕੀਤੀ । ਸੰਕੁਚਿਤ ਅਤੇ ਸੀਮਤ ਕਥਿਤ ਵਿਗਿਆਨਿਕ ਤਰਕ ਵਿਚ ਫਿਟ ਕਰਨ ਲਈ ਗੁਰਬਾਣੀ, ਰੂਹਾਨੀ ਵਰਤਾਰਿਆਂ ਅਤੇ ਇਤਿਹਾਸਕ ਵਰਤਾਰਿਆਂ ਨੂੰ ਘੜ ਦਿੱਤਾ ਗਿਆ । ਛਾਂਗ ਦਿੱਤਾ ਗਿਆ। ਇਹ ਉਹ ਦੌਰ ਸੀ ਜਦੋਂ ਪਛੱਮੀ / ਮਾਰਕਸੀ ਦਾਰਸ਼ਨਿਕ, ਸਮਾਜਿਕ ਆਰਥਿਕ ਅਤੇ ਰਾਜਨੀਤਕ ਦ੍ਰਿਸ਼ਟੀ ਦੀ ਸਾਰੀ ਦੁਨੀਆ ਵਿਚ ਚੜ੍ਹਤ ਸੀ । ਉਸ ਦੌਰ ਦੀ ਜ਼ਿਆਦਾਤਰ ਸਿਖ ਅਕਾਦਮਿਕ , ਬੌਧਿਕ ਵਿਆਖਿਆ ਵਿਚ ਅਚੇਤ , ਸੁਚੇਤ ਇਸ ਚੜ੍ਹਤ ਪ੍ਰਤੀ ਇਕ ਹੁੰਗਾਰਾ ਮੌਜੂਦ ਸੀ । ਇਸ ਸਮੁਚੀ ਵਿਆਖਿਆ ਦੀ ਕੇਂਦਰੀ ਸੁਰ ਜਾਂ ਸਰੋਕਾਰ ਇਸ ਤਰਾਂ ਦਾ ਹੈ ਕਿ ਇਹ ਸਮੁਚੀ ਸਿਖ ਲਹਿਰ ਨੂੰ ਨਿਰੋਲ ਸਮਾਜਿਕ ਜਾਂ ਸਿਆਸੀ ਦ੍ਰਿਸ਼ਟੀ ਤੋਂ ਦੇਖਣ ਦੀ ਕੋਸ਼ਿਸ਼ ਕਰਦੀ ਹੈ। ਇਹ ਦ੍ਰਿਸ਼ਟੀ ਵੀ ਬੁਨਿਆਦੀ ਤੌਰ ਤੇ ਉਸ ਦੌਰ ਦੇ ਦਬਾਵਾਂ ਅਧੀਨ ਹੀ ਬਣੀ ਹੋਈ ਸੀ । ਇਸ ਵਿਚ ਮੌਲਿਕਤਾ ਨਹੀਂ ਸੀ । ਉਨ੍ਹਾਂ ਵਾਸਤੇ ਰੂਹਾਨੀਅਤ ਸਿਰਫ ਇਕ ਪਲੇਥਣ ਦੀ ਤਰਾਂ ਸੀ । ਪ੍ਰੋਫੈਸਰ ਕਿਸ਼ਨ ਸਿੰਘ ਵਰਗੇ ਉਸ ਦੌਰ ਦੇ ਸਿਦਕੀ ਬਜ਼ੁਰਗਾਂ ਨੇ ਗੁਰਬਾਣੀ ਨੂੰ ਵੀ ਇਸ ਆਰਥਿਕ , ਸਮਾਜਿਕ ਅਤੇ ਸਿਆਸੀ ਦ੍ਰਿਸ਼ਟੀ ਦੀ ਮੋਰੀ ਵਿਚੋਂ ਹੀ ਲੰਘਾਉਣ ਦੀ ਕੋਸ਼ਿਸ਼ ਕੀਤੀ । ਉਸ ਸਭ ਕਾਸੇ ਦੇ ਦਰਵਾਜੇ ਬੰਦ ਕਰ ਦਿੱਤੇ ਗਏ , ਜਿਹੜਾ ਪੱਛਮ ਦੀ ਵਿਗਿਆਨਿਕ ਦ੍ਰਿਸ਼ਟੀ ਮੁਤਾਬਕ ਰਹੱਸਮਈ ਸੀ । ਇਹ ਅਸਲ ਵਿਚ ਅਜਿਹੇ ਲੋਕਾਂ ਦੀ ਹੀਣ ਭਾਵਨਾ ਸੀ ਜਿਹੜੇ ਬੁਨਿਆਦੀ ਤੌਰ ਤੇ ਕਿਸੇ ਵੀ ਤਰਾਂ ਦੇ ਰੂਹਾਨੀ ਅਨੁਭਵ ਤੋਂ ਦੂਰ ਸਨ । ਸਿਖ ਰੂਹਾਨੀਅਤ ਉਨ੍ਹਾਂ ਲਈ ਸਿਰਫ ਇਕ ਬੌਧਿਕ ਕਸਰਤ ਸੀ । ਇਕ ਬੌਧਿਕ ਸਰਗਰਮੀ ਸੀ । ਇਸੇ ਕਰਕੇ ਉਹ ਰੂਹਾਨੀਅਤ ਦੇ ਰਹੱਸਾਂ ਤੋਂ ਸੰਗਦੇ ਸਨ । ਉਹ ਇਨ੍ਹਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ । ਉਨ੍ਹਾਂ ਸਿਖ ਰੂਹਾਨੀ ਦਰਸ਼ਨ, ਗੁਰਬਾਣੀ ਆਦਿ ਦੀ ਵਿਆਖਿਆ ਇਸ ਤਰੀਕੇ ਨਾਲ ਕੀਤੀ, ਜਿਵੇਂ ਇਸਾਈ ਮਿਸ਼ਨਰੀ ਈਸਾਈਅਤ ਦੀ ਕਰਦੇ ਹਨ । ਜਿਸ ਵਿਚ ਕੋਈ ਗਹਿਰਾਈ ਨਹੀਂ ਹੁੰਦੀ । ਅਚੇਤ ਤੌਰ ਤੇ ਉਨ੍ਹਾਂ ਦਾ ਸਾਰਾ ਜ਼ੋਰ ਉਸ ਤਰਾਂ ਦੇ 'ਤਾਰਕਿਕ' ਬਣਨ ਤੇ ਲੱਗਾ ਹੋਇਆ ਸੀ, ਜਿਹੜਾ ਪੱਛਮ ਚੋਂ ਆਈ ਵਿਗਿਆਨਕ ਦ੍ਰਿਸ਼ਟੀ ਅਤੇ ਮਾਰਕਸੀ ਪ੍ਰਭਾਵ ਵਾਲੇ ਲੋਕਾਂ ਨੂੰ ਜਚ ਸਕੇ । ਸਭ ਕੁਝ ਪੇਤਲਾ ਹੋ ਗਿਆ । ਉਸ ਦੌਰ ਵਿਚ ਅਜਿਹੇ ਦਬਾਵਾਂ ਹੇਠ ਆਉਣਾ ਕੁਦਰਤੀ ਸੀ ਅਤੇ ਸਮਝ ਵਿਚ ਆਉਂਦਾ ਹੈ । ਪਰ ਸਭ ਕੁਝ ਇਥੇ ਹੀ ਅਟਕ ਗਿਆ । ਸਿਖ ਧਾਰਮਿਕ ਵਿਆਖਿਆ ਦੇ ਸਾਰੇ ਸਕੂਲ ਅਜੇ ਤਕ ਵੀ ਇਸੇ ਹੀ ਮੁਹਾਵਰੇ ਵਿਚ ਫਸੇ ਹਨ । ਅੱਜ ਖੁਦ ਸਾਇੰਸ ਵੀ ਉਨੀਂ ਵਿਗਿਆਨਕ ਨਹੀਂ ਰਹੀ, ਜਿਸ ਵਿਗਿਆਨਿਕਤਾ ਵਿਚ ਅਸੀਂ ਫਸੇ ਹਾਂ । ਅਜਿਹੀ ਵਿਗਿਆਨਿਕ ਦ੍ਰਿਸ਼ਟੀ ਦੀ ਇਹ ਸੀਮਾ ਹੈ ਕਿ ਇਹ ਪਹਿਲਾਂ ਹੀ ਇਹ ਮੰਨਕੇ ਚਲਦੀ ਹੈ ਕਿ ਜੋ ਕੁਝ ਸਾਨੂ ਸਮਝ ਨਹੀਂ ਆ ਰਿਹਾ , ਉਹ ਨਿਸ਼ਚਿਤ ਤੌਰ ਤੇ ਗੈਰ ਵਿਗਿਆਨਿਕ ਹੀ ਹੋਵੇਗਾ । ਇਸ ਨੇ ਆਪਣੇ ਗਿਆਨ ਅਤੇ ਸਮਝ ਦੀ ਸੀਮਾ ਨੂੰ ਮਨੁੱਖੀ ਕਲਪਨਾ ਦੀ ਅੰਤਮ ਸੀਮਾ ਮੰਨ ਲਿਆ ਹੈ । ਇਕ ਲਿਹਾਜ਼ ਨਾਲ ਇਹ ਆਪਣੀ ਸੰਕੁਚਿਤ ਹਊਮੈ ਨੂੰ ਤਰਕ ਪਹਿਨਾਉਣ ਵਾਲੀ ਗਲ ਬਣ ਜਾਂਦੀ ਹੈ । ਅਜਿਹੀ ਦ੍ਰਿਸ਼ਟੀ ਦੁਆਰਾ ਕੀਤੀ ਗਈ ਬੌਧਿਕ ਹਿੰਸਾ ਦੇ ਵੇਰਵੇ ਦੇਣੇ ਇਸ ਪੁਸਤਕ ਦਾ ਵਿਸ਼ਾ ਨਹੀਂ ਹੈ। ਯੋਗੀ ਜੀ ਕਿਉਂਕਿ ਇਕ ਰੂਹਾਨੀ ਪੁਰਸ਼ ਸਨ, ਇਸ ਕਰਕੇ ਉਨ੍ਹਾਂ ਦੀ ਸਮੁਚੀ ਵਿਆਖਆ ਵਿਚੋਂ ਕਿਤੋਂ ਵੀ ਅਜਿਹੇ ਬਾਹਰੀ ਵਿਚਾਰਧਾਰਕ ਦਬਾਅ ਨਜਰ਼ ਨਹੀਂ ਆਉਂਦੇ । ਸਿਖ ਰੂਹਾਨੀਅਤ, ਇਤਿਹਾਸ ਅਤੇ ਮਰਿਆਦਾ ਦੀ ਉਨਾਂ ਦੀ ਵਿਆਖਿਆ ਬਿਲਕੁਲ ਮੌਲਿਕ ਹੈ । ਇਸ ਵਿਚ ਸੱਚੀ ਰੂਹਾਨੀਅਤ ਦੀ ਛੁਹ ਹੈ । ਇਹ ਕਿਹਾ ਜਾ ਸਕਦਾ ਹੈ ਕਿ ਸਿੰਘ ਸਭਾ ਲਹਿਰ ਤੋਂ ਬਾਅਦ ਯੋਗੀ ਜੀ ਦੀ ਲਹਿਰ ਹੀ ਇਕੋ ਇਕ ਧਾਰਮਿਕ ਲਹਿਰ ਹੈ, ਜਿਸ ਨੇ ਸਿਖ ਲਹਿਰ ਨੂੰ ਨਵੀਂ ਵਿਆਖਿਆ ਅਤੇ ਨਵਾਂ ਰੂਪ ਦਿੱਤਾ ਹੈ । ਇਸ ਦੀ ਕਲਪਨਾ ਵੱਡੀ ਹੈ ਅਤੇ ਇਸ ਦੀ ਰੂਹਾਨੀਅਤ ਵਿਚ ਗਹਿਰਾਈ ਹੈ । ਲੌਸ ਏਂਜਲਸ ਦੇ ਇਕ ਫਰਨੀਚਰ ਸਟੋਰ ਤੋਂ ਸ਼ੁਰੂ ਹੋਈ ਇਹ ਲਹਿਰ ਅੱਜ ਸਿਖ ਰੂਹਾਨੀਅਤ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਆਪਕ ਧਾਰਾ ਕਹੀ ਜਾ ਸਕਦੀ ਹੈ ।

ਇਹੁ ਜਨਮੁ ਤੁਮਾਰੇ ਲੇਖੇ


"ਰੱਬੀ ਚੇਤਨਾ ਵਾਲਾ ਇਨਸਾਨ ਹੀ ਬ੍ਰਹਮੰਡਕ ਇਨਸਾਨ ਹੈ । ਉਹ ਗਤੀਵਾਨ ਹੈ, ਲਚਕੀਲਾ ਹੈ ਅਤੇ ਹਰ ਥਾਂ ਫਿਟ ਹੋ ਜਾਂਦਾ ਹੈ । ਉਸ ਦਾ ਵਹਾਅ ਪਾਣੀ ਵਾਂਗ ਹੈ । ਪਾਣੀ ਨੂੰ ਤੁਸੀਂ ਜਿਸ ਵੀ ਭਾਂਡੇ ਵਿਚ ਪਾਓ, ਇਹ ਉਸੇ ਦੀ ਸ਼ਕਲ ਗ੍ਰਹਿਣ ਕਰ ਲੈਂਦਾ ਹੈ । ਪਾਣੀ ਨੂੰ ਭਾਵੇਂ ਤੁਸੀਂ ਸਟੀਲ ਦੇ ਭਾਂਡੇ ਵਿਚ ਪਾਓ, ਚਾਹੇ ਕੱਚ ਦੇ ਭਾਡੇ ਵਿਚ ਪਾਓ ਅਤੇ ਚਾਹੇ ਮਿੱਟੀ ਦੇ ਭਾਡੇ ਵਿਚ ,ਇਹ ਪਾਣੀ ਹੀ ਰਹਿੰਦਾ ਹੈ । ਰੱਬੀ ਚੇਤਨਾ ਵਾਲਾ ਬ੍ਰਹਿਮੰਡਕ ਇਨਸਾਨ ਵੀ ਐਸਾ ਹੀ ਹੁੰਦਾ ਹੈ । ਇਹ ਜੋ ਹੁੰਦਾ ਹੈ, ਉਹੀ ਰਹਿੰਦਾ ਹੈ । ਇਹ ਕਿਤੇ ਵੀ ਜਾ ਸਕਦਾ ਹੈ । ਕਿਸੇ ਵੀ ਹਾਲਤ ਵਿਚ ਢਲ ਸਕਦਾ ਹੈ, ਪਰ ਆਪਣਾ ਤੱਤ ਨਹੀਂ ਗਵਾਉਂਦਾ । ਪਾਣੀ ਪਾਣੀ ਹੀ ਰਹਿੰਦਾ ਹੈ । ਪਾਣੀ ਨੂੰ ਤੁਸੀਂ ਜਮਾ ਸਕਦੇ ਹੋ , ਉਬਾਲ ਕੇ ਉਡਾ ਸਕਦੇ ਹੋ, ਪਰ ਇਹ ਫੇਰ ਪਾਣੀ ਹੀ ਬਣ ਜਾਵੇਗਾ , ਕਿਉਂਕਿ ਇਸ ਦਾ ਮੂਲ ਤੱਤ ਪਾਣੀ ਹੈ । ਇਸੇ ਤਰਾਂ ਮਨੁਖ ਦਾ ਮੂਲ ਤੱਤ ਆਤਮਾ ਹੈ । ਇਹ ਆਤਮਾ ਬ੍ਰਹਿਮੰਡਕ ਆਤਮਾ ਦਾ ਅੰਗ ਹੈ ।"



ਸ੍ਰੀ ਹਰਿਭਜਨ ਸਿੰਘ ਯੋਗੀ ਦੇ ਨਾਮ ਨਾਲ ਸ੍ਰੀ ਸਿੰਘ ਸਾਹਿਬ ਤੇ ਭਾਈ ਸਾਹਿਬ ਵਰਗੇ ਵਿਸ਼ੇਸ਼ਣ ਇੰਜ ਜੁੜ ਗਏ ਹਨ ਕਿ ਉਨ੍ਹਾਂ ਦੇ ਨਾਉਂ ਦਾ ਹੀ ਹਿਸਾ ਜਾਪਣ ਲੱਗੇ ਹਨ । ਪਰ ਪੱਛਮ ਵਿਚਲੇ ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਯੋਗੀ ਭਜਨ ਨਾਮ ਨਾਲ ਹੀ ਪੁਕਾਰਦੇ ਹਨ । ਪੂਰਬਲੇ ਸੰਬੋਧਨ ਵਿਚ ਇਕ ਖਾਸ ਇਹਤਰਾਮ ਹੈ, ਇਕ ਇਤਿਹਾਸਕ ਬੁਲੰਦੀ ਤੇ ਰੁਤਬਾ ਹੈ , ਜੋ ਤੁਹਾਡੇ ਮਨ ਅੰਦਰ ਸਤਿਕਾਰ ਦੀ ਭਾਵਨਾ ਨੂੰ ਜਗਾਂਦਾ ਹੈ । ਯੋਗੀ ਭਜਨ ਦਾ ਸੰਬੋਧਨ ਹਵਾ ਦੇ ਮਲੂਕੜੇ ਜਿਹੇ ਝੋਂਕੇ ਵਾਂਗ ਹੈ, ਜਿਸਦੀ ਆਪਣੀ ਖੁਸ਼ਬੂ ਹੈ , ਨੇੜਤਾ ਦਾ ਅਹਿਸਾਸ ਹੈ, ਇਕ ਨਿੱਘ ਜੋ ਬਦੋਬਦੀ ਆਪਣੇ ਵੱਲ ਨੂੰ ਖਿੱਚਦਾ ਹੈ । ਇਹ ਵਿਲੱਖਣਤਾ ਤੇ ਸਾਦਗੀ ਦਾ ਇਕ ਅਦਭੁਤ ਸੰਗਮ ਹੈ ।
ਹਰਿਭਜਨ ਸਿੰਘ ਪੁਰੀ ਤੋਂ ਸ੍ਰੀ ਸਿੰਘ ਸਾਹਿਬ ਤੇ ਯੋਗੀ ਭਜਨ ਤੱਕ ਦਾ ਪੰਧ ਅਨੇਕਾਂ ਵਿੰਗ ਵਲੇਵਿਆਂ ਨਾਲ ਭਰਪੂਰ ਹੈ । ਗੁਜਰਾਂਵਾਲਾ ਦੇ ਇਕ ਛੋਟੇ ਜਿਹੇ ਪਿੰਡ ਕੋਟ ਹਰਕਰਨ ਵਿਚ ਆਥਣ ਵੇਲੇ ਪੈਦਾ ਹੋਏ ਉਸ ਬਾਲ ਨੇ ਆਪਣਾ ਨੂਰੀ ਹੁਸਨ ਸਦੂਰ ਪੱਛਮ ਦੀਆਂ ਧਰਤੀਆਂ ਤੇ ਜਾ ਖਿੰਡਾਣਾ ਸੀ, ਜਿਥੇ ਜਾ ਕੇ ਸੂਰਜ ਵੀ ਛਿਪ ਜਾਂਦਾ ਹੈ, ਉਸ ਵੇਲੇ ਇਹ ਕੌਣ ਸੋਚ ਸਕਦਾ ਸੀ । ਪਰ ਵਿਧੀ ਦਾ ਇਹੋ ਵਿਧਾਨ ਸੀ। ਇਸ ਸੂਰਜ ਨੇ ਪੱਛਮ ਵਿਚ ਹੀ ਜਾ ਮਘਣਾ ਸੀ । ਯੋਗੀ ਭਜਨ ਜਿਹੀਆਂ ਚੇਤਨਾਵਾਂ ਦਾ ਪੰਜਾਬ ਚੋਂ ਜਾਕੇ ਪੱਛਮ ਵਿਚ ਪ੍ਰਕਾਸ਼ ਹੋਣਾ ਪਤਾ ਨਹੀਂ ਪੰਜਾਬ ਦੀ ਬਦਕਿਸਮਤੀ ਹੈ ਜਾਂ ਗੌਰਵ ਦਾ ਪਸਾਰ। ਪਰ ਇਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਸਾਨੂੰ ਬਹੁਤਿਆਂ ਨੂੰ ਹਾਲੇ ਇਸ ਗਲ ਦਾ ਇਹਸਾਸ ਨਹੀਂ ਕਿ ਯੋਗੀ ਭਜਨ ਮਨੁਖੀ ਚੇਤਨਾ ਦੀ ਕਿਸ ਬੁਲੰਦੀ ਦੇ ਸੂਚਕ ਹਨ ।

ਜਨਮ ਤੇ ਬਾਲਪਨ

ਜ਼ਿਲ੍ਹਾ ਗੁਜਰਾਂਵਾਲਾ, ਜੋਂ ਵੰਡ ਤੋਂ ਬਾਦ ਪਾਕਿਸਤਾਨ ਦਾ ਹਿੱਸਾ ਹੋ ਗਿਆ, ਦੀ ਇਕ ਤਹਿਸੀਲ ਵਜ਼ੀਰਾਬਾਦ ਦੇ ਪਿੰਡ ਕੋਟ ਹਰਕਰਨ ਵਿਚ ਬਾਲਕ ਹਰਿਭਜਨ ਦਾ ਜਨਮ ਹੋਇਆ । 26 ਅਗਸਤ 1929 । ਸ਼ਾਮ ਦਾ ਵੇਲਾ ਸੀ । ਸੂਰਜ ਦਿਨ ਦਾ ਪੈਂਡਾ ਮੁਕਾ ਹੁਣ ਦੂਰ ਪੱਛਮੀ ਗੁਫਾਵਾਂ ਵਿਚ ਅਲੋਪ ਹੁੰਦਾ ਜਾ ਰਿਹਾ ਸੀ। ਮਾਤਾ ਹਰਕਰਿਸ਼ਨ ਕੌਰ ਤੇ ਪਿਤਾ ਡਾ ਕਰਤਾਰ ਸਿੰਘ ਪੁਰੀ ਦੀ ਵਰ੍ਹਿਆਂ ਦੀ ਮੁਰਾਦ ਪੂਰੀ ਹੋਣ ਵਾਲੀ ਸੀ ।
25 ਸਾਲਾਂ ਦੇ ਲੰਬੇ ਅਰਸੇ ਤੱਕ ਉਨ੍ਹਾਂ ਇਸ ਦਿਨ ਦੀ ਰਾਹ ਦੇਖੀ ਸੀ । ਪੁੱਤਰ ਦੀਆਂ ਆਸ ਵਿਚ ਉਨ੍ਹਾਂ ਅਨੇਕਾਂ ਮੰਨਤਾਂ ਮੰਨੀਆਂ , ਸੁੱਖਣਾ ਸੁੱਖੀਆਂ । ਪਰ ਉਡੀਕ ਬਹੁਤ ਲੰਬੀ ਸੀ । ਉਨ੍ਹਾਂ ਇਹ ਮੰਨਤ ਵੀ ਮੰਨੀ ਸੀ ਕਿ ਮੁਰਾਦ ਪੂਰੀ ਹੋਣ 'ਤੇ ਉਹ ਉਸ ਬਾਲਕ ਨੂੰ ਲੈ ਕੇ ਮਾਤਾ ਵੈਸ਼ਨੋਂ ਦੇਵੀ ਦੇ ਦਰਸ਼ਨਾਂ ਨੂੰ ਜਾਣਗੇ । ਆਖਿਰ ਉਹ ਘੜੀ ਆ ਗਈ ਸੀ । ਇਸ ਦਾ ਅਹਿਸਾਸ ਡਾ ਕਰਤਾਰ ਸਿੰਘ ਤੇ ਮਾਤਾ ਹਰਕਰਿਸ਼ਨ ਕੌਰ ਦੋਨਾਂ ਨੂੰ ਹੀ ਸੀ ।
ਹਰਭਜਨ ਹਾਲੀ ਮਸਾਂ ਕੁਝ ਦਿਨਾਂ ਦਾ ਹੀ ਸੀ ਕਿ ਉਸਨੂੰ ਕੁੱਛੜ ਚੁੱਕ ਉਸ ਦੇ ਮਾਤਾ ਨੇ ਵੈਸ਼ਨੂ ਦੇਵੀ ਦੇ ਉੱਚੇ ਪਹਾੜਾਂ ਵੱਲ ਨੂੰ ਰੁਖ਼ ਕੀਤਾ । ਪਹਾੜਾਂ ਦਾ ਦੁਸ਼ਵਾਰ ਪੈਂਡਾ , ਹਾਥੀ ਮੱਥੇ ਵਰਗੀਆਂ ਚੜ੍ਹਾਈਆਂ । ਤੰਗ ਘੁਮਾਓਦਾਰ ਰਸਤੇ । ਦੁੱਧ ਚੁੰਘਦੇ ਬੱਚੇ ਦਾ ਸਾਥ ਸੀ । ਉਨ੍ਹੀਂ ਦਿਨੀਂ ਯਾਤਾਯਾਤ ਦੇ ਸਾਧਨ ਵੀ ਕੁਝ ਖਾਸ ਵਿਕਸਤ ਨਹੀਂ ਸਨ । ਕੱਚੇ-ਪੱਕੇ ਰਾਹਾਂ 'ਤੇ ਰੌਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ । ਬਹੁਤਾ ਰਸਤਾ ਪੈਦਲ ਹੀ ਤੈਹ ਕਰਨਾ ਪੈਂਦਾ ਸੀ । ਥੋੜ੍ਹਾ ਜਿਹਾ ਪੈਰ ਫਿਸਲਣ 'ਤੇ ਤੁਹਾਡੀ ਜੀਵਨ ਯਾਤਰਾ ਹਮੇਸ਼ਾ ਲਈ ਖ਼ਤਮ ਹੋ ਸਕਦੀ ਸੀ । ਚੁਣੌਤੀਆਂ ਭਾਵੇਂ ਬਹੁਤ ਕਠਿਨ ਸਨ । ਪਰ ਵਿਸ਼ਵਾਸ਼ ਦੀ ਦ੍ਰਿੜਤਾ ਤੇ ਅਰਦਾਸ ਦੀ ਸ਼ਿੱਦਤ ਅੱਗੇ ਸਭ ਬੌਣਾ ਹੋ ਜਾਂਦਾ ਹੈ ।
ਅਡੋਲ ਸ਼ਰਧਾ ਦੀ ਇਹ ਅਮ੍ਰਿਤਧਾਰਾ ਉਸੇ ਦਿਨ ਤੋਂ ਹੀ ਬਾਲ ਹਰਿਭਜਨ ਦੇ ਹਿਰਦੇ ਅੰਦਰ ਉਤਰ ਗਈ ਸੀ । ਪਿਤਾ ਦੀ ਛਾਤੀ ਨਾਲ ਲੱਗੇ ਉਸ ਅਬੋਧ ਬਾਲ ਦਾ ਸਫਰ ਤਾਂ ਸ਼ੁਰੂ ਹੋ ਚੁੱਕਾ ਸੀ । ਮਾਤਾ ਪਿਤਾ ਨੂੰ ਤਾਂ ਇਸ ਗੱਲ ਦੀ ਕਨਸੋਅ ਨਹੀਂ ਸੀ ਕਿ ਉਹ ਆਪਣੇ ਲਾਡਲੇ ਅੰਦਰ ਇਕ ਅਜਿਹੀ ਪਿਆਸ ਬੀਜ ਰਹੇ ਨੇ, ਜਿਸ ਦੀ ਤੜਪ ਉਸ ਨੂੰ ਅਨਜਾਣੇ ਰਾਹਾਂ 'ਤੇ ਲੈ ਜਾਵੇਗੀ । ਸੱਚ ਦੀ ਤਲਾਸ਼ ਉਸੇ ਦਿਨ ਤੋਂ ਹੀ ਹਰਿਭਜਨ ਦੀ ਜ਼ਿੰਦਗੀ ਦਾ ਮਕਸਦ ਬਣ ਗਈ ਸੀ। ਇਸ ਖਾਤਰ ਉਸ ਨੇ ਹਰ ਪਾਕ ਪਵਿੱਤਰ ਦਰਗਾਹ 'ਤੇ ਸਿੱਜਦਾ ਕੀਤਾ । ਸੰਤਾਂ ਮਹਾਤਮਾਵਾਂ ਦੇ ਦਰਸ਼ਨ ਕੀਤੇ । ਦੁਨੀਆ ਭਰ ਦੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ । ਪਰ ਇਸ ਲੰਮੇਰੀ ਤੇ ਪੇਚਦਾਰ ਯਾਤਰਾ ਦਾ ਪਹਿਲਾ ਕਦਮ ਉਸ ਬਾਲ ਯੋਗੀ ਨੇ ਉਸ ਸਮੇਂ ਚੁੱਕਿਆ ਸੀ ਜਦੋਂ ਉਹ ਹਾਲੇ ਪਿਤਾ ਦੀ ਬੁੱਕਲ ਵਿਚ ਸੀ ।
ਭਜਨ ਯੋਗੀ ਦੀ ਚੇਤਨਾ ਨੂੰ ਤਰਾਸ਼ਣ ਵਿਚ ਉਨ੍ਹਾਂ ਦੇ ਬਚਪਨ ਦੇ ਮਾਹੌਲ ਦਾ ਖਾਸ ਯੋਗਦਾਨ ਸੀ । ਸੇਵਾ , ਦਯਾ , ਨਿਆਂਸ਼ੀਲਤਾ ਤੇ ਦ੍ਰਿੜਤਾ ਵਰਗੇ ਗੁਣ ਇਨ੍ਹਾਂ ਦਿਨਾਂ ਵਿਚ ਹੀ ਉਸ ਅੰਦਰ ਉਤਰ ਗਏ ਸੀ । ਪਿਤਾ ਇਕ ਪੇਸ਼ੇਵਾਰ ਡਾਕਟਰ ਸਨ । ਮਾਤਾ ਦੀ ਸ਼ਖ਼ਸੀਅਤ ਦਾ ਤਾਂ ਉਸ ਉਤੇ ਖਾਸ ਹੀ ਅਸਰ ਸੀ । ਮਾਤਾ ਹਰਕਿਸ਼ਨ ਕੌਰ, ਜਿਸ ਦਾ ਬਚਪਨ ਦਾ ਨਾਂ ਲੀਲਾ ਵੰਤੀ ਸੀ , ਇੱਕ ਉਚੇ ਸੁੱਚੇ ਕਿਰਦਾਰ ਵਾਲੀ ਰੋਹਬਰਦਾਰ ਔਰਤ ਸੀ । ਸਾਰੇ ਪਿੰਡ ਵਿਚ ਉਨ੍ਹਾਂ ਦਾ ਇੰਨਾਂ ਦਬਦਬਾ ਸੀ ਕਿ ਕੋਈ ਚੋਰ ਗੁਆਂਢੀਆਂ ਦੇ ਘਰ ਵੜਨ ਦੀ ਵੀ ਜੁਰਤ ਨਹੀਂ ਸੀ ਕਰ ਸਕਦਾ । ਖੁਦ ਹਰਿਭਜਨ ਯੋਗੀ ਹੋਰਾਂ ਕਈ ਜਗ੍ਹਾ ਇਸ ਗੱਲ ਦਾ ਇੰਕਸਾਫ਼ ਕੀਤਾ ਕਿ ਉਹ ਜੋ ਵੀ ਸਨ ਉਸ ਵਿਚ ਉਨ੍ਹਾਂ ਦੀ ਮਾਤਾ ਜੀ ਦੀ ਕਿੰਨੀ ਅਹਿਮ ਭੂਮਿਕਾ ਰਹੀ ਸੀ ।
ਹਰਿਭਜਨ ਸਿੰਘ ਜੀ ਦਾ ਜਨਮ ਇਕ ਜ਼ਿਮੀਦਾਰ ਘਰਾਣੇ ਵਿਚ ਹੋਇਆ ਸੀ । ਸਮੁੱਚੇ ਪਿੰਡ ਦੀ ਧਰਤੀ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸੀ । ਪਿੰਡ ਦੇ ਲੋਕ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਇੱਜ਼ਤ ਮਾਣ ਕਰਦੇ ਸੀ । ਹਰਿਭਜਨ ਦਾ ਜਨਮ ਦਿਨ ਸਿਰਫ ਉਨ੍ਹਾਂ ਦੇ ਘਰ ਵਾਲਿਆਂ ਲਈ ਹੀ ਨਹੀਂ ਸਗੋਂ ਸਾਰੇ ਪਿੰਡ ਲਈ ਇਕ ਤਿੳਹਾਰ ਵਾਂਗ ਸੀ । ਉਸ ਦਿਨ ਸਾਰੇ ਪਿੰਡ ਵਿਚ ਜਸ਼ਨ ਵਰਗਾ ਮਾਹੌਲ ਹੁੰਦਾ ਸੀ ।
ਹਰ ਸਾਲ ਬਾਲਕ ਹਰਿਭਜਨ ਨੂੰ ਉਸ ਦੇ ਜਨਮ ਦਿਨ ਦੇ ਮੌਕੇ 'ਤੇ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕਿਆਂ ਨਾਲ ਤੋਲਿਆ ਜਾਂਦਾ ਤੇ ਇਹ ਸਾਰੀ ਦੌਲਤ ਪਿੰਡ ਦੇ ਗਰੀਬਾਂ ਵਿਚ ਵੰਡ ਦਿੱਤੀ ਜਾਂਦੀ । ਇੰਨਾਂ ਹੀ ਨਹੀਂ ਉਨ੍ਹਾਂ ਦੇ ਵਜ਼ਨ ਤੋਂ ਸੱਤ ਗੁਣਾ ਅਨਾਜ ਵੀ ਗਰੀਬ ਗੁਰਬੇ 'ਚ ਤਕਸੀਮ ਕੀਤਾ ਜਾਂਦਾ । ਸਾਰੇ ਪਿੰਡ ਨੂੰ ਇਸ ਮੌਕੇ ਤੇ ਭੋਜਨ ਕਰਾਇਆ ਜਾਂਦਾ । ਪਿੰਡ ਦੇ ਲੋਕ ਸਾਰਾ ਸਾਲ ਨੀਝ ਲਾ ਕੇ ਇਸ ਦਿਨ ਦੀ ਉਡੀਕ ਕਰਦੇ । ਉਦਾਰਤਾ, ਦਾਨਸ਼ੀਲਤਾ ਤੇ ਸੇਵਾ ਦੇ ਗੁਣ ਹਰਿਭਜਨ ਨੂੰ ਆਪਣੀ ਪਰਿਵਾਰਕ ਵਿਰਾਸਤ ਵਿਚ ਹੀ ਮਿਲੇ ਸਨ ।
ਪ੍ਰਾਚੀਨ ਭਾਰਤ ਦੇ ਲੋਕਾਂ ਦੀ ਇਤਿਹਾਸ ਲਿਖਣ ਵਿਚ ਕੋਈ ਖਾਸ ਰੁਚੀ ਨਹੀਂ ਸੀ । ਇਸ ਦਾ ਵੀ ਇਕ ਵਿਸ਼ੇਸ਼ ਕਾਰਣ ਸੀ । ਉਨ੍ਹਾਂ ਲਈ ਜ਼ਿੰਦਗੀ ਸਿਰਫ ਰੁੱਖੀਆਂ ਘਟਨਾਵਾਂ ਦਾ ਜਮਾਂ ਜੋੜ ਨਹੀਂ ਸੀ । ਸਗੋਂ ਉਸ ਵਿਚ ਉਨ੍ਹਾਂ ਦੇ ਵਿਸ਼ਵਾਸ , ਆਸਾਂ, ਉਮੰਗਾਂ ਇਥੋਂ ਤੱਕ ਕਿ ਉਨ੍ਹਾਂ ਦੀਆਂ ਕਲਪਨਾਵਾਂ ਵੀ ਸ਼ਾਮਲ ਸਨ । ਇਹ ਸਭ ਕੁਝ ਜ਼ਿੰਦਗੀ ਨੂੰ ਇਕ ਰੰਗੀਨੀ ਬਖਸ਼ਦਾ ਸੀ । ਜੋ ਸਤਹੀ ਤੱਥਾਂ ਦੀ ਜਿੱਲ੍ਹਣ 'ਚ ਫਸੇ ਇਤਿਹਾਸ ਅੰਦਰ ਨਹੀਂ ਸੀ ਆ ਸਕਦੀ । ਇਸੇ ਲਈ ਉਨ੍ਹਾਂ ਨੇ ਆਪਣੇ ਮਹਾਂਪੁਰਖਾਂ ਦੇ ਜੀਵਨ ਬ੍ਰਿਤਾਂਤ ਸਿਰਜਣ ਲਈ ਇਤਿਹਾਸ ਦੀ ਬਜਾਏ ਪੁਰਾਣਿਕ ਦ੍ਰਿਸ਼ ਨੂੰ ਆਪਣਾ ਅਧਾਰ ਬਣਾਇਆ । ਇਹ ਪੁਰਾਣਿਕ ਦ੍ਰਿਸ਼ਟੀ ਕਾਲ ਤੇ ਤਰਕ ਦੀਆਂ ਸੀਮਾਵਾਂ ਤੋਂ ਪਾਰਲੀਆਂ ਕਾਵਿਮਈ ਤਰਲ ਸੱਚਾਈਆਂ ਨੂੰ ਕਲਾਵੇ 'ਚ ਲੈਣ ਦੇ ਯੋਗ ਸੀ। ਸਤਹੀ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਇਨ੍ਹਾਂ ਸੱਚਾਈਆਂ ਦਾ ਸਹੀ ਮੁਲੰਕਣ ਨਹੀਂ ਹੋ ਸਕਦਾ ।
ਕੁਝ ਇਸੇ ਹੀ ਕਿਸਮ ਦੀਆਂ ਕੁਝ ਘਟਨਾਵਾਂ ਹਰਿਭਜਨ ਸਿੰਘ ਦੇ ਬਾਲਪਨ ਨਾਲ ਵੀ ਜੁੜੀਆਂ ਨੇ । ਤਰਕ ਵਿਚ ਧਰਮ ਵਰਗਾ ਅਕੀਦਾ ਰੱਖਣ ਵਾਲਿਆਂ ਲਈ ਉਨ੍ਹਾਂ ਨੂੰ ਹਜ਼ਮ ਕਰਨਾ ਕਾਫੀ ਔਖਾ ਹੋਵੇਗਾ । ਇਨ੍ਹਾਂ ਘਟਨਾਵਾਂ ਵਿਚਲਾ ਸੱਚ ਇਤਿਹਾਸ ਦੇ ਨਹੀਂ ਸਗੋਂ ਪੁਰਾਣਕ ਸੱਚ ਦੇ ਵਧੇਰੇ ਨੇੜੇ ਹੈ । ਇਹ ਘਟਨਾਵਾਂ ਵਿਅਕਤੀਆਂ ਨਾਲੋਂ ਟੁੱਟੇ ਬਾਹਰੀ ਤੱਥਾਂ ਦਾ ਬਿਆਨ ਨਹੀਂ ਸਗੋਂ ਉਨ੍ਹਾਂ ਦੀ ਚੇਤਨਾ ਅੰਦਰ ਛੁਪੇ ਕੁਝ ਮਹੀਨ ਗੁਣਾਂ ਨੂੰ ਉਘਾੜਨ ਦਾ ਯਤਨ ਨੇ । ਇੰਜ ਕਹਿ ਲਓ ਕਿ ਇਹ ਉਨ੍ਹਾਂ ਦੇ ਚੇਤਨ ਜਗਤ ਦਾ ਪਰਤੌ ਹਨ ।
ਇਕ ਬਹੁਤ ਹੀ ਪਿਆਰੀ ਅਤੇ ਮਾਸੂਮ ਜਿਹੀ ਘਟਨਾ ਬਾਲ ਹਰਿਭਜਨ ਦੇ ਸਕੂਲ ਦੇ ਦਿਨਾਂ ਨਾਲ ਜੁੜੀ ਹੈ । ਉਨ੍ਹਾਂ ਦੀ ਮੁੱਢਲੀ ਸਿੱਖਿਆ ਵੀ ਇਕ ਰੌਚਕ ਬਿਰਤਾਂਤ ਹੈ । ਬਾਲਕ ਹਰਿਭਜਨ ਨੂੰ ਇਕ ਕਾਨਵੈਂਟ ਸਕੂਲ ਵਿਚ ਭਰਤੀ ਕਰਾੲਆ ਗਿਆ ਸੀ । ਇਹ ਉਸ ਇਲਾਕੇ ਦਾ ਸਰਵੋਤਮ ਸਕੂਲ ਸੀ । ਪਰ ਉਹ ਸਿਰਫ ਕੁੜੀਆਂ ਵਾਸਤੇ ਸੀ । ਬਾਲਕ ਹਰਿਭਜਨ ਇਸ ਸਕੂਲ ਵਿਚ ਪੜ੍ਹਨ ਵਾਲਾ ਇਕੋ ਇਕ ਮੁੰਡਾ ਸੀ ।
ਕਿਹਾ ਜਾਂਦਾ ਹੈ ਕਿ ਉਹ ਆਪਣੇ ਗੰਭੀਰ ਤੇ ਲਾਜਵਾਬ ਸਵਾਲਾਂ ਨਾਲ ਅਧਿਆਪਕਾਂ ਨੂੰ ਹੈਰਤ ਵਿਚ ਪਾ ਦਿੰਦਾ ਸੀ । ਇਕ ਦਿਨ ਉਨ੍ਹਾਂ ਦੀ ਇਕ ਟੀਚਰ ਨੇ ਲੇਟ ਹੋਣ ਕਾਰਣ ਉਨ੍ਹਾਂ ਨੂੰ ਡਾਂਟਿਆ ਤਾਂ ਹਰਿਭਜਨ ਨੇ ਇਸ ਭੋਲੇਪਨ ਨਾਲ ਉਸ ਨੂੰ ਦੇਰੀ ਦਾ ਕਾਰਨ ਦੱਸਿਆ ਕਿ ਉਹ ਵੀ ਅਵਾਕ ਹੋ ਕੇ ਰਹਿ ਗਈ । ਹਰਿਭਜਨ ਨੇ ਉਸ ਨੂੰ ਦੱਸਿਆ ਕਿ ਉਹ ਚਰਚ ਵੱਲ ਆ ਰਿਹਾ ਸੀ ਕਿ ਅਚਾਨਕ ਚਰਚ ਦੀਆਂ ਘੰਟੀਆਂ ਦੀ ਅਵਾਜ਼ ਫਿਜ਼ਾ ਅੰਦਰ ਫੈਲ ਗਈ। ਸੁਣਦੇ ਸਾਰ ਹੀ ਉਸ ਦੇ ਪੈਰ ਜਿਵੇਂ ਜ਼ਮੀਨ ਅੰਦਰ ਧਸ ਗਏ । ਧਿਆਨ ਦੀ ਖੁਮਾਰੀ ਉਸ ਦੀ ਚੇਤਨਾ ਤੇ ਤਾਰੀ ਹੋ ਗਈ ਸੀ । ਘੰਟੀਆਂ ਦੀ ਅਵਾਜ਼ ਇੰਨੀਂ ਮਧੁਰ ਸੀ ਕਿ ਉਸ ਨੂੰ ਚਾਰ ਚੁਫੇਰੇ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆ ਰਿਹਾ ਸੀ । ਚਾਹ ਕੇ ਵੀ ਉਸ ਕੋਲੋਂ ਹਿੱਲਿਆ ਨਾ ਗਿਆ । ਉਹ ਤਾਂ ਜਿਵੇਂ ਕੀਲਿਆਂ ਗਿਆ ਸੀ ਉਸੇ ਥਾਂ 'ਤੇ । ਉਸ ਨੂੰ ਪਤਾ ਹੀ ਨਹੀਂ ਲੱਗਾ , ਕਦੋਂ ਉਹ ਅਰਦਾਸ ਲਈ ਝੁਕ ਗਿਆ ਸੀ । ਘੰਟੀਆਂ ਦੀ ਅਵਾਜ਼ ਬੰਦ ਹੋਣ 'ਤੇ ਹੀ ਉਸ ਨੂੰ ਜਿਵੇਂ ਹੋਸ਼ ਆਇਆ ਸੀ । ਬਾਲ ਹਿਰਦੇ ਦੀ ਪਾਕੀਜ਼ਗੀ ਦਾ ਜਵਾਬ ਕਿਸੇ ਕੋਲ ਵੀ ਨਹੀਂ ਸੀ । ਉਸ ਦਾ ਇੱਕੋ ਇਕ ਜਵਾਬ ਹੋ ਸਕਦਾ ਸੀ ਤੇ ਉਹ ਸੀ ਮੌਨ ।
ਚਿਕਿਤਸਾ ਦੀਆਂ ਭਿੰਨ ਭਿੰਨ ਪ੍ਰਾਚੀਨ ਪ੍ਰਣਾਲੀਆਂ ਤੇ ਰੋਗਾਂ ਤੋਂ ਬਚਣ ਦੀਆਂ ਅਨੇਕਾਂ ਤਕਨੀਕਾਂ ਵਿਚ ਹਰਿਭਜਨ ਦੀ ਬਚਪਨ ਤੋਂ ਹੀ ਰੁਚੀ ਸੀ । ਇਹ ਪ੍ਰੇਰਣਾ ਉਸ ਨੂੰ ਆਪਣੇ ਪਿਤਾ ਤੋਂ ਹੀ ਹਾਸਲ ਹੋਈ ਸੀ। ਉਹ ਅਕਸਰ ਉਨ੍ਹਾਂ ਤੋਂ ਵੱਖ ਵੱਖ ਭਾਂਤ ਦੀਆਂ ਚਿਕਿਤਸਾ ਪਧਤੀਆਂ ਬਾਰੇ ਪੁੱਛਦਾ ਰਹਿੰਦਾ । ਐਲੋਪੈਥੀ ਹੋਵੇ ਜਾਂ ਹੋਮਿੳਪੈਥੀ ਜਾਂ ਫੇਰ ਯੋਗ ਸਾਧਨਾ, ਹਰ ਦਿਸ਼ਾ ਵਿਚ ਉਸ ਦੀ ਗਿਆਨ ਦੀ ਪਿਆਸ ਅਤਿਅੰਤ ਤੀਬਰ ਸੀ । ਗਿਆਨ ਹਾਸਲ ਕਰਨ ਦੀ ਉਸ ਦੀ ਯੋਗਤਾ ਤੇ ਸੰਵੇਦਨਾਵਾਂ ਦੀ ਸੂਖਮਤਾ ਵੀ ਬੇਮਿਸਾਲ ਸੀ ।
ਪਿਤਾ ਡਾ ਕਰਤਾਰ ਸਿੰਘ ਪੁਰੀ ਉਨ੍ਹਾਂ ਦੇ ਬਚਪਨ ਦੇ ਇਕ ਅਤਿਅੰਤ ਰੌਚਕ ਪਰ ਰਹੱਸ ਭਰਪੂਰ ਪ੍ਰਸੰਗ ਦਾ ਬਿਆਨ ਕਰਦੇ ਹਨ । ਉਨ੍ਹਾਂ ਦਾ ਅਕੀਦਾ ਹੈ ਕਿ ਬਚਪਨ ਤੋਂ ਹੀ ਹਰਿਭਜਨ ਦਾ ਸ੍ਰੀ ਗੁਰੂ ਰਾਮ ਦਾਸ ਜੀ ਨਾਲ ਇਕ ਖਾਸ ਗੁੜ੍ਹਾ ਰਿਸ਼ਤਾ ਸੀ । ਬਾਲਪਨ ਤੋਂ ਹੀ ਉਸ ਅੰਦਰ ਰੋਗਾਂ ਦਾ ਚਮਤਕਾਰੀ ਢੰਗ ਨਾਲ ਇਲਾਜ ਕਰਨ ਦੀ ਅਦਭੁਤ ਸ਼ਕਤੀ ਸੀ ।
ਉਨ੍ਹਾਂ ਅਨੁਸਾਰ , '' ਗੱਲ ਉਸ ਸਮੇਂ ਦੀ ਹੈ ਜਦੋਂ ਹਰਿਭਜਨ ਦੀ ਉਮਰ ਮਸਾਂ ਸੱਤ ਸਾਢੇ ਸੱਤ ਸਾਲ ਦੀ ਹੀ ਸੀ । ਇਕ ਦਿਨ ਅਚਾਨਕ ਉਸ ਨੂੰ ਤੇਜ਼ ਬੁਖਾਰ ਹੋ ਗਿਆ । ਸਾਰੇ ਸ਼ਰੀਰ 'ਤੇ ਲਾਲ ਲਾਲ ਧੱਫੜ ਹੋ ਗਏ । ਦੋ ਡਾਕਟਰ ਉਸ ਦੇ ਇਲਾਜ ਲਈ ਉਂਥੇ ਮੌਜੂਦ ਸਨ । ਪਰ ਬੁਖਾਰ ਤਾਂ ਘੱਟਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ । ਹਰਿਭਜਨ ਦੀ ਹਾਲਤ ਵਿਗੜਦੀ ਜਾ ਰਹੀ ਸੀ । ਜੁਲਾਬ ਲੱਗਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਸੀ ।"
'' ਅਗਲੇ ਦਿਨ ਮੈਂ ਤੜਕੇ ਹੀ ਉਸ ਨੂੰ ਅੰਮ੍ਰਿਤਸਰ ਆਪਣੀ ਭੈਣ ਦੇ ਘਰ ਲੈ ਗਿਆ । ਉਥੇ ਮੈਂ ਆਪਣੇ ਪੁਰਾਣੇ ਸਹਿਪਾਠੀ ਡਾਕਟਰ ਨਾਲ ਸੰਪਰਕ ਕੀਤਾ। ਜਾਂਚ ਪੜਤਾਲ ਤੋਂ ਬਾਅਦ ਉਸ ਨੇ ਹਰਿਭਜਨ ਨੂੰ ਇਕ ਇੰਜੈਕਸ਼ਨ ਲਾਇਆ । ਪਰ ਸ਼ਾਮ ਹੁੰਦੇ ਹੁੰਦੇ ਹਾਲਤ ਹੋਰ ਨਾਜ਼ੁਕ ਹੋ ਗਈ ਸੀ । ਅਚਾਨਕ ਹਰਿਭਜਨ ਦੇ ਕੰਨ ਵਿਚ ਅੰਤਾਂ ਦਾ ਦਰਦ ਹੋਣ ਲੱਗਾ ਸੀ । ਦਰਦ ਦੇ ਮਾਰੇ ਉਹ ਬੁਰੀ ਤਰ੍ਹਾਂ ਕਰਾਹ ਰਿਹਾ ਸੀ । ਉਮੀਦ ਦੀਆਂ ਸਾਰੀਆਂ ਰੌਸ਼ਨੀਆਂ ਹੁਣ ਮੱਧਮ ਪੈਂਦੀਆਂ ਜਾ ਰਹੀਆਂ ਸਨ ।"
'' ਉਸ ਨੇ ਮੈਨੂੰ ਕਿਹਾ , ਪਾਪਾ ਜੀ ਮੇਰੀ ਅਖੀਰੀ ਘੜੀ ਆ ਗਈ । ਮੈਂ ਸਹਾਰ ਨਹੀਂ ਸਕਦਾ । ਇਸ ਸਭ ਨੂੰ ਦੇਖਣ ਦੀ ਮੇਰੇ ਅੰਦਰ ਤਾਕਤ ਨਹੀਂ ਸੀ । ਉਸ ਘੜੀ ਦੇ ਟਾਕਰੇ ਤੋਂ ਬਚਣ ਲਈ ਮੈਂ ਛੱਤ ਉਤੇ ਚਲਾ ਗਿਆ । ਮੈਂ ਗੋਡਿਆਂ ਭਾਰ ਹੋਕੇ ਰਾਮ ਦਾਸ ਅੱਗੇ ਆਪਣੇ ਬੱਚੇ ਦੀ ਸਲਾਮਤੀ ਦੀ ਦੁਆ ਮੰਗੀ ।"
'' ਮੈਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਸੀ । ਮੈਂ ਆਪਣੇ ਪਿਤਾ ਜੀ ਦੀ ਸੁਖਮਨੀ ਸਾਹਬ ਦਾ ਪਾਠ ਕਰਨ ਦੀ ਗੱਲ ਨਹੀਂ ਸੀ ਮੰਨੀ । ਮੈਂ ਅਰਦਾਸ ਕੀਤੀ ਕਿ ਜੇ ਇਸ ਵਾਰ ਮੇਰੇ ਬੱਚੇ ਨੂੰ ਬਖਸ਼ ਜਾਂਵੇ ਤਾਂ ਮੈਂ ਨਿਤ ਉਠ ਕੇ ਸੁਖਮਨੀ ਦਾ ਪਾਠ ਪੂਰੀ ਸ਼ਰਧਾ ਨਾਲ ਕਰਾਂਗਾ ।"
'' ਇਸ ਤੋਂ ਬਾਅਦ ਥੱਲੇ ਆ ਕੇ ਉਸ ਦੇ ਬਿਸਤਰ ਕੋਲ ਬੈਠ ਗਿਆ । ਉਸ ਨੇ ਮੈਨੂੰ ਦਸਿਆ ਕਿ ਗੁਰੂ ਰਾਮ ਦਾਸ ਨੇ ਉਸ ਨੂੰ ਦਰਸ਼ਨ ਦਿੱਤੇ ਸਨ । ਉਹ ਕਹਿ ਰਿਹਾ ਸੀ, ਜੇ ਅਸੀਂ ਆਪਣੀਆ ਸਭ ਦਵਾਈਆਂ ਅਜ਼ਮਾ ਲਈਆਂ ਹੋਣ ਤਾਂ ਹੁਣ ਉਸ ਦੀ ਸੁਝਾਈ ਹੋਈ ਦਵਾਈ ਉਸ ਨੂੰ ਦੇਣ ।"
ਇਹ ਸੱਚਮੁੱਚ ਹੀ ਇਕ ਅਲੌਕਿਕ ਘਟਨਾ ਸੀ । ਕੋਈ ਵੀ ਆਮ ਹੋਸ਼ੋ ਹਵਾਸ ਵਾਲਾ ਬੰਦਾ ਛੇਤੀ ਕਿਤੇ ਇਸ 'ਤੇ ਯਕੀਨ ਨਹੀਂ ਸੀ ਕਰ ਸਕਦਾ । ਪਿਤਾ ਦੀ ਜ਼ੁਬਾਨ ਵੀ ਬੰਦ ਸੀ । ਡਾਕਟਰ ਪਿਤਾ ਨੇ ਆਖਰ ਆਪਣੇ ਨਾਬਾਲਗ ਪੁੱਤਰ ਦੀ ਗੱਲ ਮੰਨਦੇ ਹੋਏ ਉਹੋ ਕੀਤਾ ਜੋ ਉਨ੍ਹਾਂ ਨੂੰ ਕਿਹਾ ਗਿਆ ਸੀ ।
ਹਰਿਭਜਨ ਨੇ ਉਨਾਂ ਨੂੰ ਦੋ ਪਿਆਜਾਂ ਦਾ ਰਸ ਕੱਢ ਕੇ ਦੇਣ ਨੂੰ ਕਿਹਾ । ਫੇਰ ਉਸ ਦੇ ਹੀ ਕਹੇ ਮੁਤਾਬਕ ਇਕ ਪਿਆਜ ਨੂੰ ਤੇਲ ਵਿਚ ਭੁੰਨ ਕੇ , ਉਹੋ ਕੋਸਾ ਕੋਸਾ ਤੇਲ ਉਸ ਦੇ ਕੰਨ ਵਿਚ ਪਾਇਆ ਗਿਆ । ਸਵੇਰ ਹੋਣ ਤਕ ਬਾਲਕ ਬਿਲਕੁਲ ਨੌ-ਬਰ-ਨੌ ਹੋ ਗਿਆ। ਕੋਈ ਇਸ ਨੂੰ ਨਿਰੀ ਕਪੋਲ ਕਲਪਨਾ ਕਹਿ ਕੇ ਇਸ ਦੀ ਖਿੱਲੀ ਉਡਾ ਸਕਦਾ ਹੈ । ਜਾਂ ਕੋਈ ਇਸ ਨੂੰ ਸ਼ਰਧਾਵਨ ਮਨ ਦਾ ਸਵੈ-ਸੰਮੋਹਨ ਕਹਿ ਕੇ ਵੀ ਖੁਦ ਨੂੰ ਬਹਿਲਾ ਸਕਦਾ ਹੈ । ਤਰਕ ਦੀਆਂ ਸੀਮਾਵਾਂ ਵਿਚ ਬੱਝਾ ਆਧੁਨਿਕ ਮਨ ਇਸ ਸਭ ਕੁਝ ਨੂੰ ਸਹਿਜ ਸਵੀਕਾਰ ਨਹੀਂ ਕਰ ਸਕਦਾ । ਪਰ ਇਹ ਸੀਮਾਵਾਂ ਸਾਡੀਆਂ ਹੀ ਹਨ । ਅਜਿਹਾ ਬਹੁਤ ਕੁਝ ਹੈ ਜੋ ਸਾਡੀ ਸਮਝ ਤੋਂ ਬਾਹਰ ਹੈ, ਪਰ ਹੈ । ਅਸੀਂ ਉਸ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ । ਜੀਵਨ ਵਿਚ ਸਿਰਫ ਉਹੀ ਕੁਝ ਸਚ ਨਹੀਂ ਹੈ, ਜਿਸ ਨੂੰ ਅਸੀਂ ਜਾਣਦੇ ਹਾਂ ।

ਕਰਿਸ਼ਮਿਆਂ ਦਾ ਇਤਿਹਾਸ

ਅੰਤਮ ਘੜੀਆਂ ਨੂੰ ਪਹੁੰਚੇ ਹਰਿਭਜਨ ਦਾ ਅਚਾਨਕ ਠੀਕ ਹੋ ਜਾਣਾ ਇਕ ਇਤਫਾਕ ਹੋ ਸਕਦਾ ਹੈ । ਗੁਰੂ ਰਾਮ ਦਾਸ ਦਾ ਦੇਹ ਸਮੇਤ ਪ੍ਰਗਟ ਹੋ ਕੇ ਦਰਸ਼ਨ ਦੇਣੇ ਤੇ ਢੁਕਵੀਂ ਦਵਾਈ ਬਾਰੇ ਦੱਸਣਾ ਵੀ ਕਿਸੇ ਤਿਲਸਮੀ ਕਹਾਣੀ ਦਾ ਹਿੱਸਾ ਲੱਗ ਸਕਦਾ ਹੈ । ਪਰ ਇਹ ਆਪਣੇ ਆਪ ਵਿਚ ਕੋਈ ਵਿਕਲੋਤਰੀ ਘਟਨਾ ਨਹੀਂ । ਸੈਂਕੜੇ ਵਰ੍ਹੇ ਪਹਿਲਾਂ ਦੇਹ ਤਿਆਗ ਚੁੱਕੇ ਗੁਰੂਜਨਾ ਦੇ ਆਪਣੇ ਸ਼ਿਸ਼ ਸਾਹਮਣੇ ਪ੍ਰਗਟ ਹੋਣ ਦੇ ਅਨੇਕਾਂ ਕਿੱਸੇ ਇਤਿਹਾਸ ਵਿਚ ਦਰਜ ਹਨ । ਇਨ੍ਹਾਂ ਵਿਚੋਂ ਬਹੁਤਾ ਕੁਝ ਸ਼ਰਧਾਲੂਆਂ ਵਲੋਂ ਨਹੀਂ ਸਗੋਂ ਪੇਸ਼ੇਵਰ ਖੋਜੀ ਇਤਿਹਾਸਕਾਰਾਂ ਵਲੋਂ ਲਿਖਿਆ ਗਿਆ ਹੈ ।
ਪਿਛਲੇ ਕੁਝ ਦਹਾਕਿਆਂ ਤੋਂ ਲੇਖਕਾਂ ਦੀ ਇਕ ਪੂਰੀ ਫੌਜ ਇਸ ਮਾਮਲੇ ਵਿਚ ਸਿਰ ਖਪਾ ਰਹੀ ਹੈ । ਇਹ ਲੋਕ ਇਸ ਰੱਹਸ ਦੀ ਤਹਿ ਤਕ ਪਹੁੰਚਣ ਲਈ ਜੂਝ ਰਹੇ ਹਨ ਕਿ ਆਖਿਰ ਕਿਵੇਂ ਅਤੀਤ ਦੀ ਗੋਦ ਵਿਚ ਸਮਾ ਚੁੱਕੇ ਲੋਕ ਅਚਾਨਕ ਵਰਤਮਾਨ ਵਿਚ ਆ ਪ੍ਰਗਟ ਹੁੰਦੇ ਹਨ । ਇਹ ਸਮੇਂ ਦੇ ਇਕ ਰੇਖਾਈ ਵਹਿਣ ਅਤੇ ਇਤਿਹਾਸਕ ਵਿਕਾਸ ਦੇ ਨੇਮ ਦੀ ਸਿਧੀ ਸਾਦੀ ਉਲੰਘਣਾ ਹੈ । ਜੇ ਇਨ੍ਹਾਂ ਦਾਅਵਿਆਂ ਨੂੰ ਸੱਚ ਦੇ ਰੂਪ ਵਿਚ ਸਥਾਪਤ ਕਰ ਦਿੱਤਾ ਜਾਂਦਾ ਹੈ ਤਾਂ ਆਇਨਸਟਾਈਨ ਦੀ ਉਹ ਧਾਰਨਾ ਜਿਸ ਵਿਚ ਸਮਾਂ ਵੀ ਇਕ ਸਥਾਨ ਦਾ ਹੀ ਇਕ ਪਸਾਰ ਹੋ ਜਾਂਦਾ ਹੈ, ਬਿਲਕੁਲ ਨਵੇਂ ਅਰਥ ਗ੍ਰਹਿਣ ਕਰ ਜਾਵੇਗੀ । ਇਤਿਹਾਸ ਸਮੇਤ ਜੀਵਨ ਦੀ ਹਰ ਸ਼ੈਅ ਦੇ ਅਰਥ ਹੀ ਬਦਲ ਜਾਣਗੇ । ਸਮੇਂ ਦੀ ਗਤੀਸ਼ੀਲਤਾ 'ਤੇ ਸਵਾਲੀਆ ਚਿੰਨ੍ਹ ਲੱਗ ਜਾਵੇਗਾ । ਕਾਲ ਤੇ ਵਿਅਕਤੀ ਦੇ ਸਬੰਧਾਂ ਦਾ ਖਾਸਾ ਹੀ ਬਦਲ ਜਾਵੇਗਾ ।
ਇਸ ਸਿਲਸਿਲੇ ਵਿਚ ਆਧੁਨਿਕ ਢੰਗ ਤਰੀਕਿਆਂ ਨਾਲ ਖੋਜ ਕਰਨ ਵਾਲਿਆਂ ਵਿਚੋਂ ਬਹੁਤਿਆਂ ਦਾ ਸਬੰਧ ਥਿਉਸੌਫੀਕਲ ਸੋਸਾਇਟੀ ਦੇ ਇਤਿਹਾਸਕਾਰਾਂ ਨਾਲ ਹੈ । ਦੇਹ ਤਿਆਗ ਚੁੱਕੇ ਗੁਰੂਆਂ ਨਾਲ ਆਪਣੀਆਂ ਮੁਲਾਕਾਤਾਂ ਦਾ ਦਾਅਵਾ ਸਭ ਤੋਂ ਪਹਿਲਾਂ ਦਾਅਵਾ ਮੈਡਮ ਬਲਾਵਤਸਕੀ ਨੇ ਕੀਤਾ ਸੀ । ਇਸ ਸਬੰਧੀ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ਦਾ ਢੇਰ ਹੈ । ਇਸ ਦੇ ਨਾਲ ਹੀ ਅਨੇਕਾਂ ਸਨਮਾਨਤ ਵਿਅਕਤੀ ਵੀ ਇਸ ਦੇ ਹੱਕ ਵਿਚ ਆਪਣੀ ਗਵਾਹੀ ਭਰਦੇ ਹਨ ।
ਪਰ ਪੱਛਮੀ ਤੇ ਵਿਗਿਆਨਕ ਚਿੰਤਨ ਪਰੰਪਰਾ ਨਾਲ ਜੁੜੇ ਬਹੁਤ ਖੋਜੀ ਇਸ ਸਭ ਕੁਝ ਨੂੰ ਬਲਾਵਤਸਕੀ ਦੀ ਕਲਪਨਾ ਦੀ ਹੀ ਉਪਜ ਮੰਨਦੇ ਹਨ । ਉਨ੍ਹਾਂ ਦੀ ਖੋਜ ਦਾ ਆਰੰਭ ਹੀ ਇਸ ਮਨੌਤ ਦੇ ਬਿੰਦੂ ਤੋਂ ਹੁੰਦਾ ਹੈ । ਖੋਜ ਦੀ ਇਸ ਧਾਰਾ ਦੇ ਨਾਲ ਹੀ ਇਸ ਦੇ ਵਿਪਰੀਤ ਚਿੰਤਨ ਦੀ ਦਿਸ਼ਾ ਵਿਚ ਹੁਣ ਤਾਈਂ ਬਹੁਤ ਕੰਮ ਹੋ ਚੁੱਕਾ ਹੈ । ਹੁਣ ਤੱਕ ਹਾਸਲ ਰਿਪੋਰਟਾਂ ਅਨੁਸਾਰ ਦੇਹ ਤਿਆਗ ਚੁੱਕੇ ਗੁਰੂਆਂ ਦੀ ਵਾਰਤਾ ਸਿਰਫ਼ ਬਲਾਵਤਸਕੀ ਤੱਕ ਹੀ ਸੀਮਤ ਨਹੀਂ ਸੀ । ਸਗੋਂ ਘੱਟੋ ਘੱਟ ਦੋ ਦਰਜਨ ਲੋਕਾਂ ਨਾਲ ਉਨ੍ਹਾਂ ਦਾ ਸਿੱਧਾ ਸੰਵਾਦ ਚੱਲ ਰਿਹਾ ਸੀ । ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹੋਮਰੂਲ ਅੰਦੋਲਨ ਦੀ ਨਾਇਕਾ ਐਨੀ ਬੇਸੰਟ ਤੇ ਕ੍ਰਿਸ਼ਨਾਮੂਰਤੀ ਦਾ ਟੀਚਰ ਚਾਰਲਸ ਵੇਬਸਟਰ ਲੈਡਬੀਟਰ ਸੀ । ਇਸੇ ਲੜੀ ਦੀ ਇਕ ਹੋਰ ਬੜੀ ਅਹਿਮ ਕੜੀ ਕਰਨਲ ਹੈਨਰੀ ਸਟੀਲ ਓਲਕੋਟ ਹੈ ।
ਕਰਨਲ ਹੈਨਰੀ ਥਿੳਸਫੀਕਲ ਸੋਸਾਇਟੀ ਦਾ ਪਹਿਲਾ ਪ੍ਰਧਾਨ ਵੀ ਸੀ । ਅਮਰੀਕਨ ਘਰੇਲੂ ਜੰਗ ਦੇ ਦੌਰਾਨ ਫੋਜੀ ਘੁਟਾਲਿਆਂ ਦੀ ਜਾਂਚ ਪੜਤਾਲ ਕਰਨ ਲਈ ਉਸ ਨੂੰ ਇਹ ਉਚਾ ਅਹੁਦਾ ਦਿੱਤਾ ਗਿਆ ਸੀ । ਉਸ ਦੀ ਭਰੋਸੇਯੋਗਤਾ ਅਤੇ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਧਾਨ ਲਿੰਕਨ ਦੀ ਹੱਤਿਆ ਸਬੰਧੀ ਸਾਰੀ ਜਾਂਚ ਪ੍ਰਕਿਰਿਆ ਦਾ ਨਿਗਰਾਨ ਉਸ ਨੂੰ ਵੀ ਥਾਪਿਆ ਗਿਆ ਸੀ ।
ਕਰਨਲ ਹੈਨਰੀ ਨੇ ਛੇ ਸੈਂਚੀਆਂ ਵਿਚ ਉਸ ਲਹਿਰ ਦਾ ਮੁਢਲਾ ਇਤਿਹਾਸ ਲਿਖਿਆ ਹੈ । ਇਸੇ ਵਿਚ ਉਸ ਨੇ ਕੌਈ 33 ਸਾਲਾਂ ਦੇ ਲੰਬੇ ਅਰਸੇ ਤਕ ਦਿਵੰਗਤ ਗੁਰੂਆਂ ਨਾਲ ਆਪਣੀਆਂ ਮਿਲਣੀਆਂ ਦਾ ਸਿਲਸਿਲੇਵਾਰ ਬਿਉਰਾ ਦਿੱਤਾ ਹੈ । ਉਸ ਦੀਆਂ ਲਿਖਤਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਪੁਰਾਣੇ ਗੁਰੂ ਜਾਂਦੇ ਵਕਤ ਆਪਣੀ ਨਿਸ਼ਾਨੀ ਵਿਚੋਂ ਕੋਈ ਨਾ ਕੋਈ ਅਜਿਹੀ ਚੀਜ਼ ਛੱਡ ਜਾਂਦੇ ਸਨ, ਜਿਸ ਨਾਲ ਉਨ੍ਹਾਂ ਦਾ ਸਬੰਧ ਜੱਗ ਜ਼ਾਹਰ ਹੁੰਦਾ ਹੈ ।
ਇਸ ਕਿਸਮ ਦੀਆਂ ਹੋਰ ਅਨੇਕਾਂ ਮਿਸਾਲਾਂ ਵੱਖ ਵੱਖ ਧਰਮਾਂ ਦੇ ਇਤਿਹਾਸਕ ਪ੍ਰਸੰਗਾਂ ਵਿਚੋਂ ਲਾਈਆਂ ਜਾ ਸਕਦੀਆਂ ਹਨ । ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਮਿਸਾਲਾਂ ਉਨ੍ਹਾਂ ਧਰਮਾਂ ਤੇ ਵਿਅਕਤੀਆਂ ਦੀਆਂ ਹਨ ਜਿਨ੍ਹਾਂ ਦਾ ਕਿਸੇ ਦੈਵੀ ਸੱਤਾ ਦੀ ਹੋਂਦ ਵਿਚ ਵੀ ਕਦੇ ਕੋਈ ਯਕੀਨ ਨਹੀਂ ਰਿਹਾ । ਆਧੁਨਿਕ ਯੁਗ ਦੇ ਇਕ ਹੋਰ ਮਹਾਨ ਮਾਸਟਰ ਓਸ਼ੋ ਦਾ ਵੀ ਇਹ ਦਾਵਾ ਸੀ ਕਿ ਉਸ ਦੀ ਮੌਤ ਉਪਰੰਤ ਵੀ ਉਸ ਦੀ ਉਰਜਾ ਉਸ ਦੇ ਸੰਨਿਆਸੀਆਂ ਨੂੰ ਉਂਜ ਹੀ ਹਾਸਲ ਰਹੇਗੀ, ਜਿਵੇਂ ਉਸ ਦੇ ਜੀਵਨ ਕਾਲ ਵਿਚ ਸੀ । ਇਸ ਲਈ ਉਸ ਨੇ ਸ਼ਾਮ ਦਾ ਇਕ ਸਮਾਂ ਵੀ ਮੁਕਰਰ ਕੀਤਾ ਸੀ । ਅੱਜ ਵੀ ਓਸ਼ੋ ਦੇ ਦੇਹ ਤਿਆਗਣ ਤੋਂ ਬਾਅਦ ਹਰ ਸ਼ਾਮ ਉਸ ਮਿੱਥੇ ਸਮੇਂ 'ਤੇ ਕਮਿਊਨ ਵਿਚ ਇਕ ਖਾਸ ਧਿਆਨ ਸਾਧਨਾ ਹੁੰਦੀ ਹੈ । ਜਿਸ ਨੂੰ ਈਵਨਿੰਗ ਸਤਿਸੰਗ ਕਿਹਾ ਜਾਂਦਾ ਹੈ ਜਾਂ ਵਾਈਟਹੁਡ ਬ੍ਰਦਰਹੁੱਡ। ਇਹ ਕਮਿਊਨ ਦੀਆਂ ਸਾਰੇ ਦਿਨ ਦੀਆਂ ਗਤੀਵਿਧੀਆਂ ਦਾ ਇਕ ਤਰ੍ਹਾਂ ਨਾਲ ਸਿਖਰ ਹੀ ਹੁੰਦਾ ਹੈ । ਉਸ ਸਮੇਂ ਦੀ ਵੱਖਰੀ ਉਰਜਾ ਦਾ ਅਹਿਸਾਸ ਉਥੇ ਮੌਜੂਦ ਹਰ ਸਾਧਕ ਖੁਦ ਹੀ ਕਰ ਸਕਦਾ ਹੈ ।
ਇਸ ਸਾਰੇ ਵਿਸਥਾਰ ਦਾ ਮਕਸਦ ਸਿਰਫ ਇੰਨਾਂ ਹੈ ਕਿ ਕੁਝ ਪਾਠਕਾਂ ਦੇ ਮਨ ਅੰਦਰ ਜੜ੍ਹ ਹੋਏ ਸੰਸਕਾਰਾਂ ਨੂੰ ਥੋੜਾ ਹਿਲੂਣਾ ਦਿੱਤਾ ਜਾ ਸਕੇ । ਬਾਲਕ ਹਰਿਭਜਨ ਤੇ ਚਾਰ ਸਦੀਆਂ ਪਹਿਲਾਂ ਦੇਹ ਤਿਆਗ ਚੁੱਕੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਮਿਲਣੀ ਬਾਰੇ ਕਿਸੇ ਤਰ੍ਹਾਂ ਦੀ ਟਿੱਪਣੀ ਜਾਂ ਨਿਰਣਾ ਦੇਣਾ ਸਾਡਾ ਮਕਸਦ ਨਹੀਂ । ਅਸੀਂ ਇਸ ਨੂੰ ਰੂਹਾਨੀ ਜਾਂ ਨਿਊ ਏਜ ਇਤਿਹਾਸ ਵਿਚ ਮੌਜੂਦ ਦੂਜੀਆਂ ਉਦਹਰਣਾਂ ਦੇ ਪ੍ਰਸੰਗ ਵਿਚ ਪ੍ਰੰਸਤੁਤ ਕਰਨਾ ਚਾਹੁੰਦੇ ਹਾਂ ਤਾਂ ਜੋ ਇਸ ਨੂੰ ਸੌੜੇ ਇਤਿਹਾਸਕ ਅਰਥਾਂ ਵਿਚ ਲੈਣ ਦੇ ਬਜਾਏ ਇਸ ਦੇ ਵਸੀਹ ਅਰਥਾਂ ਵਿਚ ਗ੍ਰਹਿਣ ਕੀਤਾ ਜਾ ਸਕੇ ।

ਪਹਿਲਾ ਅਧਿਆਪਕ

ਅੱਜ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਿਸ ਯੋਗੀ ਭਜਨ ਨੂੰ ਆਪਣਾ ਟੀਚਰ ਮੰਨਦੇ ਹਨ, ਉਨ੍ਹਾਂ ਦੇ ਪਹਿਲੇ ਅਧਿਆਪਕ ਉਨਾਂ ਦੇ ਦਾਦਾ ਭਾਈ ਫਤਹਿ ਸਿੰਘ ਜੀ ਸਨ । ਬਚਪਨ ਵਿਚ ਹੀ ਧਰਮ ਦਾ ਪਹਿਲਾ ਗੁਰ ਉਨ੍ਹਾਂ ਆਪਣੇ ਦਾਦਾ ਤੋਂ ਹੀ ਹਾਸਲ ਕੀਤਾ ਸੀ । ਉਹ ਦੋਵੇਂ ਤੜਕਸਾਰ ਉਠੱ ਕੇ ਰੋਜ਼ਾਨਾ ਧਰਮਸ਼ਾਲ ਜਾਇਆ ਕਰਦੇ ਸਨ । ਉਨ੍ਹੀਂ ਦਿਨੀਂ ਗੁਰਦੁਆਰੇ ਨੂੰ ਧਰਮਸ਼ਾਲ ਹੀ ਕਿਹਾ ਜਾਂਦਾ ਸੀ । ਉਹ ਥਾਂ ਜਿਥੇ ਧਰਮ ਦੀ ਸਿਖਿਆ ਦਿੱਤੀ ਜਾਂਦੀ ਹੈ । ਦੋਹਾਂ ਦਰਮਿਆਨ ਭਾਵੋਂ ਉਮਰ ਦਾ ਫਾਸਲਾ ਬਹੁਤ ਵੱਡਾ ਸੀ । ਪਰ ਗੁਰੂ ਦੇ ਸਿੱਖ ਦੇ ਰੂਪ ਵਿਚ ਦੋਹਾਂ ਦਾ ਰਿਸ਼ਤਾ ਬਿਲਕੁਲ ਬਰਾਬਰੀ ਵਾਲਾ ਸੀ ।
ਬਾਲਕ ਹਰਿਭਜਨ ਤਰ੍ਹਾਂ ਤਰ੍ਹਾਂ ਦੇ ਸਵਾਲ ਉਨ੍ਹਾਂ ਕੋਲੋਂ ਪੁੱਛਦਾ ਰਹਿੰਦਾ ਸੀ । ਭਾਈ ਫਤਹਿ ਸਿੰਘ ਸਹਿਜ ਸੁਭਾਅ ਉਨ੍ਹਾਂ ਦਾ ਜਵਾਬ ਦਿੰਦੇ ਰਹਿੰਦੇ । ਇਕ ਦਿਨ ਆਪਣੇ ਹੀ ਰੌਂ ਵਿਚ ਉਨ੍ਹਾਂ ਹਰਿਭਜਨ ਨੂੰ ਦੱਸਿਆ ਕਿ ਗੁਰਦੁਆਰੇ ਗੁਰੂ ਦਾ ਸਿੱਖ ਪ੍ਰਾਰਥਨਾ ਕਰਨ ਨਹੀਂ ਜਾਂਦਾ । ਇਹ ਸੁਣ ਕੇ ਹਰਿਭਜਨ ਦਾ ਬਾਲਮਨ ਵੀ ਇਕ ਦਮ ਸਕਤੇ ਵਿਚ ਆ ਗਿਆ । ਉਸ ਨੇ ਦਾਦਾ ਜੀ ਨੂੰ ਵਰਜਦੇ ਹੋਏ ਕਿਹਾ ਕਿ ਜੇ ਸੰਤ ਜੀ ਨੇ ਉਨ੍ਹਾਂ ਦੀ ਗੱਲ ਸੁਣ ਲਈ ਤਾਂ ਉਹ ਜ਼ਰੂਰ ਉਨ੍ਹਾਂ ਨੂੰ ਸਜ਼ਾ ਦੇਣਗੇ । ਪਰ ਜਦੋਂ ਸਾਰੀ ਵਿਆਖਿਆ ਉਸ ਸਾਹਮਣੇ ਕੀਤੀ ਗਈ ਤਾਂ ਇਹ ਹਰਿਭਜਨ ਲਈ ਬਿਲਕੁਲ ਵੱਖਰੀ ਹੀ ਭਾਂਤ ਦਾ ਅਨੁਭਵ ਸੀ ; ਜਿਸ ਨੇ ਉਮਰ ਭਰ ਲਈ ਉਸ ਦੀ ਚੇਤਨਾ ਉਤੇ ਇਕ ਡੂੰਘੀ ਛਾਪ ਛੱਡੀ ਸੀ । ਉਸ ਨੂੰ ਦੱਸਿਆ ਗਿਆ ਸੀ ਗੁਰਦੁਆਰੇ ਜਾਣਾ ਗੁਰੂ ਦੇ ਸਿੱਖ ਲਈ ਆਪਣਾ ਨਿੱਜੀ ਸੁਆਰਥ ਹੁੰਦਾ ਹੈ । ਸੱਚਾ ਸਿੱਖ ਕੁਝ ਮੰਗਣ ਨਹੀਂ ਸਗੋਂ ਸ਼ੁਕਰਾਨੇ ਲਈ ਗੁਰੂ ਦੇ ਦੁਆਰ 'ਤੇ ਜਾਂਦਾ ਹੈ। ਆਪਣੀ ਹਉਮੈ ਤੇ ਆਪ ਨੂੰ ਉਸ ਦਰ ਤੋਂ ਨਿਛਾਵਰ ਕਰਨ ਲਈ । ਸ਼ੁਕਰਾਨੇ ਦੀ ਇਸ ਅਦਾ ਵਿਚ ਹੀ ਸਵੈ ਦੇ ਅਰਥ ਛੁਪੇ ਹੁੰਦੇ ਹਨ ।
ਦਾਦਾ ਫਤਹਿ ਸਿੰਘ ਦੀ ਇਸ ਸਿੱਖਿਆ ਨੇ ਹਰਿਭਜਨ ਦੀ ਚੇਤਨਾ ਨੂੰ ਇਕ ਨਵਾਂ ਹੀ ਮੋੜ ਦਿੱਤਾ ਸੀ । ਹਰ ਪੁਰਾਤਨ ਸ਼ੈ ਤੇ ਰਵਾਇਤ ਹੁਣ ਉਸ ਲਈ ਕੁਝ ਵੱਖਰੇ ਹੀ ਅਰਥ ਧਾਰਨ ਕਰ ਗਈ ਸੀ । ਖੁਦ ਉਸ ਨੂੰ ਵੀ ਉਸ ਸਮੇਂ ਇਸ ਘਟਨਾ ਦੀ ਸਹੀ ਅਹਿਮੀਅਤ ਦਾ ਅਨੁਮਾਨ ਨਹੀਂ ਸੀ । ਪਰ ਬੀਜ ਬੋਇਆ ਜਾ ਚੁੱਕਾ ਸੀ । ਇਸ ਦਾ ਅਹਿਸਾਸ ਉਸ ਨੂੰ ਅਵੱਸ਼ ਸੀ । ਸੱਚ ਲਈ ਉਸ ਦੀ ਉਹ ਪਿਆਸ ਹੁਣ ਹੋਰ ਵੀ ਭੜਕ ਗਈ ਸੀ ।
ਬਾਲਕ ਹਰਿਭਜਨ ਦੇ ਬੌਧਿਕ ਵਿਕਾਸ ਵਿਚ ਉਨ੍ਹਾਂ ਦੇ ਦਾਦਾ ਦਾਦੀ ਦੀ ਭੁਮਿਕਾ ਇੰਨੀ ਅਹਿਮ ਸੀ ਕਿ ਕਈ ਦਹਾਕੇ ਬਾਅਦ ਵੀ ਉਹ ਅਕਸਰ ਇਸ ਦਾ ਜ਼ਿਕਰ ਕਰਿਆ ਕਰਦੇ ਸਨ । ਗ੍ਰਹਿਸਥ ਜੀਵਨ ਦੀ ਰੂਹਾਨੀ ਅਹਿਮੀਅਤ ਦਾ ਇਲਮ ਉਨ੍ਹਾਂ ਨੂੰ ਆਪਣੇ ਦਾਦਾ ਭਾਈ ਫਤਹਿ ਸਿੰਘ ਪਾਸੋਂ ਹੀ ਹੋਇਆ ਸੀ । ਛੋਟੀ ਉਮਰੇ ਹੀ ਉਨ੍ਹਾਂ ਇਹ ਜਾਣ ਲਿਆ ਸੀ ਕਿ ਜੀਵਨ ਦੇ ਡੂੰਘੇ ਰਹੱਸਾਂ ਨੂੰ ਜਾਨਣ ਲਈ ਨਾ ਭਗਵੇਂ ਪਾਣ ਦੀ ਲੋੜ ਹੈ, ਨਾ ਹੀ ਸੰਸਾਰ ਛੱਡ ਕੇ ਮੜ੍ਹੀਆਂ ਜਾ ਮੱਲਣ 'ਚ ਕੋਈ ਤੁਕ ਹੈ ਹਸੰਦਿਆਂ ਖੇਡੰਦਿਆਂ ਵਿਚੇ ਹੋਈਐ ਮੁਕਤਿ । ਗੁਰਬਾਣੀ ਦੇ ਇਸ ਬੁਨਿਆਦੀ ਨੁਕਤੇ ਨੂੰ ਉਨ੍ਹਾਂ ਆਪਣੇ ਦਾਦਾ ਜੀ ਤੋਂ ਹਾਸਲ ਕਰ ਲਿਆ ਸੀ । ਬਾਲਪਨ ਅੰਦਰ ਹੀ ਦ੍ਰਿੜ ਹੋਏ ਇਸ ਗਿਆਨ ਨੇ ਗ੍ਰਹਿਸਥ ਅਤੇ ਸ਼ਾਦੀਸ਼ੁਦਾ ਜ਼ਿੰਦਗੀ ਬਾਰੇ ਉਨ੍ਹਾਂ ਨੇ ਪ੍ਰੌੜ ਵਿਚਾਰਾਂ ਦਾ ਅਧਾਰ ਤਿਆਰ ਕੀਤਾ ਸੀ । ਇਸੇ ਪ੍ਰਤੀਬੱਧਤਾ ਦੇ ਅਧਾਰ ਉਤੇ ਉਨ੍ਹਾਂ ਪੱਛਮੀ ਸਮਾਜ ਅੰਦਰ ਤਿੜਕ ਰਹੇ ਰਿਸ਼ਤਿਆਂ ਤੇ ਪਰਿਵਾਰ ਦੀ ਖੇਰੂੰ ਖੇਰੂੰ ਹੋ ਰਹੀ ਸੰਸਥਾ ਮੁੜ ਪੈਰਾਂ ਸਿਰ ਕਰਨ ਵਿਚ ਵਿਸ਼ੇਸ਼ ਭੁਮਿਕਾ ਨਿਭਾਈ ।
ਯੋਗ ਸਾਧਨਾ ਤੇ ਧਿਆਨ ਦੇ ਖੇਤਰ ਵਿਚ ਹਰਿਭਜਨ ਸਿੰਘ ਯੋਗੀ ਦਾ ਨਾਂ ਅੱਜ ਸੰਸਾਰ ਪ੍ਰਸਿੱਧ ਹੈ । ਉਨ੍ਹਾਂ ਦੇ ਮੁਰੀਦਾਂ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਮੌਜੂਦਾ ਸਮੇਂ ਸੰਸਾਰ ਵਿਚ ਸ਼ਵੇਤ ਕੁੰਡਲਨੀ ਯੋਗ ਦੀ ਸਿੱਖਿਆ ਦੇਣ ਵਾਲਾ ਇਕੋ ਇਕ ਟੀਚਰ ਯੋਗੀ ਭਜਨ ਹੀ ਸੀ । ਪ੍ਰਾਚੀਨ ਸਮਿਆਂ ਤੋਂ ਇਹ ਵੀ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਕਿਸੇ ਵੀ ਇਕ ਯੋਗ ਵਿਚ ਸਿਰਫ ਇਕੋ ਹੀ ਦੇਹਧਾਰੀ ਮਹਾਂਤਾਂਤਰਿਕ ਹੋ ਸਕਦਾ ਹੈ । ਇਸ ਨੂੰ ਇਕ ਤੱਥ ਵਾਂਗ ਸਵੀਕਾਰ ਕੀਤਾ ਜਾ ਸਕਦਾ ਹੈ ।
ਇਸ ਯੁਗ ਦਾ ਮਹਾਂ ਤਾਂਤਰਿਕ ਹੋਰ ਕੋਈ ਨਹੀਂ, ਭਜਨ ਯੋਗੀ ਜੀ ਸਨ । ਤਰਾਸ਼ੇ ਹੋਏ ਹੀਰੇ ਨੂੰ ਦੇਖ ਕੇ ਕੋਈ ਵੀ ਉਸ ਦੇ ਮੁਕੱਦਰ 'ਤੇ ਰਸ਼ਕ ਕਰ ਸਕਦਾ ਹੈ । ਪਰ ਉਸ ਬੁਲੰਦੀ 'ਤੇ ਪਹੁੰਚਣ ਲਈ ਜੋ ਘਾਲਨਾਵਾਂ ਘਾਲਣੀਆਂ ਪੈਂਦੀਆਂ ਨੇ, ਉਨ੍ਹਾਂ ਦਾ ਤਸੱਵਰ ਕਰ ਕੇ ਵੀ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਹਨ । ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਹੈ । ਯੋਗ ਭਾਰਤ ਦੀ ਭੂਮੀ 'ਤੇ ਵਿਕਸਤ ਹੋਈ ਗਿਆਨ ਦੀ ਇਕ ਅਤਿਅੰਤ ਪ੍ਰਾਚੀਨ ਸ਼ਾਖਾ ਹੈ । ਅਸਲ ਵਿਚ ਇਹ ਇਕ ਅਜਿਹਾ ਤੰਤਰ ਹੈ ਜੋ ਸ਼ਖ਼ਸੀ ਚੇਤਨਾ ਨੂੰ ਬਿਰਹੋਂ/ ਵਿਯੋਗ ਦੀ ਅਵਸਥਾ ਵਿਚੋਂ ਬੁਲੰਦ ਕਰ ਕੇ ਉਸ ਨੂੰ ਬ੍ਰਹਿਮੰਡੀ ਚੇਤਨਾ ਨਾਲ ਇਕਮਿਕ ਕਰਦਾ ਹੈ । ਇਹ ਅਵਸਥਾ ਹੀ ਯੋਗ ਹੈ । ਵਸਲ ਦੀ ਵੇਲਾ, ਮਹਾਂ ਮਿਲਨ ਦਾ ਆਨੰਦ । ਕੋਈ ਇਸ ਨੂੰ ਬ੍ਰਹਮ ਚੇਤਨਾ ਕਹਿੰਦਾ ਹੈ । ਕੋਈ ਕ੍ਰਿਸ਼ਨ ਜਾਂ ਫੇਰ ਕ੍ਰਾਈਸਟ ਕਾਂਸ਼ਸਨੇਸ ਦਾ ਨਾਂ ਦੇ ਲੈਂਦਾ ਹੈ । ਪਰ ਇਸ ਚੇਤਨਾ ਤੱਕ ਪਹੁੰਚਣ ਦੀ ਕੋਈ ਸਿੱਧੀ ਡੰਡੀ ਜਾਂ ਸ਼ਾਹਰਾਹ ਨਹੀਂ । ਇਹ ਅੰਤਰੀਵੀ ਸਪੇਸ 'ਚ ਫੈਲਿਆ ਇਕ ਮਹੀਨ ਤੇ ਗੁੰਝਲਦਾਰ ਤੰਤਰ ਹੈ । ਬਿਨਾ ਕਿਸੇ ਮਾਹਿਰ ਗੁਰੂ ਦੀ ਬਾਂਹ ਫੜੇ ਇਸ ਪੰਧ ਉਤੇ ਇਕ ਕਦਮ ਪੁੱਟਣਾ ਵੀ ਔਖਾ ਹੈ ।
ਗੱਲ ਲਗਭਗ ਇਹੋ ਜਹੀ ਹੀ ਹੈ ਜਿਵੇਂ ਕਿਸੇ ਅਨਜਾਣ ਘਣੇ ਜੰਗਲ ਵਿਚ, ਜਿੱਥੇ ਪੈਰ ਪੈਰ 'ਤੇ ਹਿੰਸਕ ਜਾਨਵਰਾਂ ਦਾ ਖ਼ਤਰਾ ਹੈ, ਘੋਰ ਹਨੇਰਾ ਤੇ ਜ਼ਮੀਨ ਦਲਦਲੀ ਹੈ । ਇਕੱਲੇ ਸਫਰ ਕਰਨਾ ਜਾਣ ਬੁੱਝ ਕੇ ਮੁਸੀਬਤ ਲੈਣ ਵਾਲੀ ਗੱਲ ਹੁੰਦੀ ਹੈ । ਜੋ ਵੀ ਸ਼ਖ਼ਸ ਵਿਯੋਗ ਦੀ ਕੈਦ ਤੋਂ ਯੋਗ ਦੇ ਮਹਾਂਮਿਲਨ ਤੱਕ ਦੇ ਸਨਾਤਨ ਪੰਧ ਉਤੇ ਨਾ ਸਿਰਫ ਖੁਦ ਹੀ ਪੂਰੀ ਤਰ੍ਹਾਂ ਮੁਹਾਰਤ ਹਾਸਲ ਕਰਦਾ ਹੈ, ਸਗੋਂ ਹੋਰਾਂ ਨੂੰ ਵੀ ਮਹਿਫੂਜ਼ ਮੰਜ਼ਿਲ ਤਕ ਲੈ ਜਾਣ ਦੇ ਯੋਗ ਹੋ ਜਾਂਦਾ ਹੈ, ਸਿਰਫ ਉਹ ਸ਼ਖਸ ਹੀ ਮਹਾਂ ਤਾਂਤਰਿਕ ਦੀ ਉਪਾਧੀ ਦਾ ਹੱਕਦਾਰ ਹੋ ਸਕਦਾ ਹੈ ।
ਇਸ ਮੁਕਾਮ ਤੱਕ ਪਹੁੰਚਣ ਲਈ ਦਹਾਕਿਆਂ ਬੁੱਧੀ ਤਪੱਸਿਆ ਦੀ ਲੋੜ ਹੁੰਦੀ ਹੈ । ਸਾਧਕ ਨੂੰ ਆਪਣੀ ਦੇਹ ਦੇ ਨਾਲ ਨਾਲ ਮਨ ਤੇ ਬੁੱਧੀ ਨੂੰ ਵੀ ਸਾਧਨਾ ਦੇ ਅਗਨ ਕੁੰਡ ਵਿਚ ਤਪਾ ਕੇ ਕੁੰਦਨ ਕਰਨਾ ਹੁੰਦਾ ਹੈ । ਆਪਣੀ ਚੇਤਨਾ ਦੇ ਅੰਦਰ ਸੇਵਾ ਤੇ ਤਰਕ ਦੁਆਲੇ ਬੱਧੇ ਆਧੁਨਿਕ ਮਨ ਲਈ ਇਹ ਚੁਣੌਤੀ ਸਭ ਤੋਂ ਵਧੇਰੇ ਕਠਿਨ ਹੁੰਦੀ ਹੈ । ਪਰ ਇਹੋ ਇਸ ਪੰਧ ਉਤੇ ਪੈਰ ਧਰਨ ਦੀ ਪਹਿਲੀ ਸ਼ਰਤ ਹੈ ।
ਸਦੀਆਂ ਤੋਂ ਹੀ ਤੰਤਰ ਵਿੱਦਿਆ ਨੂੰ ਇਕ ਅਤਿਅੰਤ ਗੁਪਤ ਵਿੱਦਿਆ ਦੇ ਰੂਪ ਵਿਚ ਹੀ ਪ੍ਰਵਾਣ ਕੀਤਾ ਗਿਆ ਹੈ । ਗੁਰੂ ਸ਼ਿਸ਼ ਪਰੰਪਰਾ ਦੇ ਰਾਹੀਂ ਹੀ ਇਸ ਨੂੰ ਆਉਂਦੀਆਂ ਪੀੜੀਆਂ ਦੇ ਸਪੁਰਦ ਕੀਤਾ ਜਾਂਦਾ ਸੀ । ਹਰ ਸ਼ਿਸ਼ ਨੂੰ ਅਨੇਕਾਂ ਸਖਤ ਇਮਤਿਹਾਨਾਂ ਤੇ ਚੁਣੌਤੀਆਂ ਵਿਚੋਂ ਲੰਘਣਾ ਪੈਂਦਾ ਸੀ । ਗੁਰੂ ਦੇ ਸਾਹਮਣੇ ਇਹ ਗੱਲ ਸਾਬਤ ਕਰਨੀ ਪੈਂਦੀ ਸੀ ਕਿ ਉਹ ਸਖ਼ਸ਼ ਸ਼ਿਸ਼ ਹੋਣ ਦਾ ਸਹੀ ਹੱਕਦਾਰ ਹੈ । ਜਦ ਗੁਰੂ ਨੂੰ ਇਸ ਗੱਲ ਦਾ ਹਰ ਤਰ੍ਹਾਂ ਨਾਲ ਯਕੀਨ ਹੋ ਜਾਂਦਾ ਕਿ ਤੰਤਰ ਵਿੱਦਿਆ ਦਾ ਮਹਾਂ ਗਿਆਨ ਉਸ ਸਖ਼ਸ਼ ਦੇ ਹੱਥਾਂ ਵਿਚ ਸੁਰੱਖਿਅਤ ਰਹੇਗਾ, ਉਦੋਂ ਹੀ ਉਹ ਕਿਸੇ ਨੂੰ ਆਪਣਾ ਸ਼ਿਸ਼ ਸਵੀਕਾਰ ਸਕਦਾ ਸੀ ।
ਇਸ ਗਿਆਨ ਨੂੰ ਗਲਤ ਹੱਥਾਂ ਵਿਚ ਪੈਣ ਤੋਂ ਰੋਕਣ ਲਈ ਬਹੁਤ ਸਖਤ ਪ੍ਰਬੰਧ ਕੀਤੇ ਗਏ ਸਨ । ਪੁਰਾਣੇ ਸਮਿਆਂ ਅੰਦਰ ਗੁਰੂ ਦੀ ਭਾਲ ਹੀ ਇਕ ਵੱਡੀ ਚੁਣੌਤੀ ਹੁੰਦੀ ਸੀ । ਸਾਧਕ ਨੂੰ ਉਨ੍ਹਾਂ ਦੀ ਤਲਾਸ਼ ਵਿਚ ਕਈ ਜ਼ਫਰ ਜਾਲਣੇ ਪੈਂਦੇ । ਖੁਹੀਂ ਜਾਲ ਸੁੱਟਣੇ ਪੈਂਦੇ । ਬਰਫਾਨੀ ਪਹਾੜੀਆਂ ਦੀ ਤੇ ਰੇਗਿਸਤਾਨਾਂ ਦੀ ਧੂੜ ਫੱਕਣੀ ਪੈਂਦੀ । ਫੇਰ ਕਿਤੇ ਜਾ ਕੇ ਗੁਰੂ ਦਾ ਦਰ ਲਭੱਦਾ ਸੀ ਤੇ ਫੇਰ ਅਸਲ ਪ੍ਰੀਖਿਆ ਤਾਂ ਇਸ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ ।
ਇਸ ਗਿਆਨ ਨੂੰ ਇੰਨਾਂ ਗੁਪਤ ਰਖਣ ਤੇ ਇਸ ਦੇ ਗਿਰਦ ਇੰਨੀਆਂ ਬਾੜਾਂ ਖੜ੍ਹੇ ਕਰਨ ਦੇ ਵੀ ਵਾਜਬ ਕਾਰਨ ਸੀ । ਅੱਜ ਦੀਆਂ ਸਰਕਾਰਾਂ ਤੇ ਕੌਮੀ ਰਾਜ ਪ੍ਰਮਾਣੂ ਤਕਨੀਕ ਅਤੇ ਪ੍ਰਮਾਣੂ ਅੱਡਿਆਂ ਦੀ ਹਿਫ਼ਾਜ਼ਤ ਕਰਦੇ ਹਨ । ਜੇ ਇਹ ਤਕਨੀਕ ਜਾਂ ਹਥਿਆਰ ਦਹਿਸ਼ਤਗਰਦਾਂ ਦੇ ਹੱਥ ਲੱਗ ਜਾਣ ਤਾਂ ਹੋਣ ਵਾਲੀ ਤਬਾਹੀ ਦਾ ਸ਼ਾਇਦ ਕਿਆਸ ਕਰਨਾ ਵੀ ਔਖਾ ਹੋ ਜਾਵੇਗਾ । ਇਸੇ ਤਰੀਕੇ ਨਾਲ ਪ੍ਰਾਚੀਨ ਯੋਗੀ ਇਸ ਰੂਹਾਨੀ ਵਿੱਦਿਆ ਦੇ ਰਹੱਸਾਂ ਨੂੰ ਸੀਮਤ ਹਲਕਿਆਂ ਵਿਚ ਹੀ ਮਹਿਫੂਜ਼ ਰੱਖਦੇ ਸਨ ।
ਇਸ ਸਿਲਸਿਲੇ ਵਿਚ ਅਨੇਕਾਂ ਕਹਾਣੀਆਂ ਪ੍ਰਚਲਿਤ ਨੇ ਜਿਹਨਾਂ ਤੋਂ ਪਤਾ ਲਗੱਦਾ ਹੈ ਕਿ ਯੋਗਾ ਦੇ ਪੁਰਾਣੇ ਮਾਸਟਰ ਇਸ ਗਿਆਨ ਨੂੰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲੋਂ ਵੀ ਵਧੇਰੇ ਸੰਭਾਲ ਕੇ ਰੱਖਦੇ ਸਨ । ਇਸ ਦਾ ਇਕ ਕਾਰਨ ਇਸ ਰਹੱਸਮਈ ਵਿੱਧਿਆ ਦੇ ਗਲਤ ਹੱਥਾਂ ਵਿਚ ਪੈ ਜਾਣ ਦਾ ਖੌਫ ਸੀ । ਦੂਜਾ ਕਾਰਨ ਸੀ ਇਸ ਵਿੱਦਿਆ ਦਾ ਅਤਿਅੰਤ ਉਤੱਮ ਤੇ ਸਰਵੋਤਮ ਸਥਾਨ । ਇਸ ਦਾ ਹੱਕਦਾਰ ਬਨਣ ਤੋਂ ਪਹਿਲਾਂ ਬੰਦੇ ਨੂੰ ਆਪਣੇ ਹਉਮੈ ਦੇ ਸਾਰੇ ਮਹੀਨ ਤੰਦਾਂ ਤੋਂ ਮੁਕਤ ਹੋਣਾ ਪੈਂਦਾ ਸੀ । ਉਨ੍ਹਾਂ ਦੀ ਧਾਰਨਾ ਇਹ ਸੀ ਕਿ ਤੰਤਰ ਆਦਮੀ ਦੇ ਅੰਦਰ ਉਰਜਾ ਦੇ ਨਵੇਂ ਭੰਡਾਰ ਖੋਲ੍ਹਦਾ ਹੈ । ਜਿਨ੍ਹਾਂ ਦਾ ਮਾਲਕ ਹੋ ਕੇ ਉਹ ਕਈ ਸ਼ਕਤੀਆਂ ਦਾ ਸੁਆਮੀ ਹੋ ਬੈਠਦਾ ਹੈ । ਜੇ ਅਜਿਹਾ ਸ਼ਖ਼ਸ ''ਹਉਮੈ" ਦੇ ਕੇਂਦਰ ਤੋਂ ਮੁਕਤ ਨਾ ਹੋਵੇ ਤਾਂ ਇਹ ਸ਼ਕਤੀਆਂ ਉਸ ਅੰਦਰਲੀਆਂ ਦਾਨਵੀ ਰੁਚੀਆਂ ਨੂੰ ਹੋਰ ਵੀ ਪ੍ਰਬਲ ਤੇ ਪ੍ਰਚੰਡ ਕਰ ਦਿੰਦੀਆਂ ਹਨ । ਅਜਿਹਾ ਸ਼ਖਸ ਸਿਰਫ ਮਾਨਵਤਾ ਹੀ ਨਹੀਂ ਸਗੋਂ ਸਮੂਹ ਜੀਵਨ ਤੇ ਕੁਦਰਤੀ ਸਮਤੋਲ ਲਈ ਵੀ ਖ਼ਤਰਾ ਬਣ ਜਾਂਦਾ ਹੈ ।
ਪਦਾਰਥ ਦੀ ਊਰਜਾ ਹੋਵੋ ਜਾਂ ਮਨੋ ਉਰਜਾ, ਗਲਤ ਹਥਾਂ ਵਿਚ ਪੈ ਕੇ ਉਸ ਦੀ ਭੂਮਿਕਾ ਵਿਨਾਸ਼ਕਾਰੀ ਹੋ ਜਾਂਦੀ ਹੈ । ਅੱਜ ਤੋਂ ਕੋਈ ਛੇ ਦਹਾਕੇ ਪਹਿਲਾਂ ਜਦੋਂ ਮਨੁਖ ਨੇ ਪ੍ਰਮਾਣੂ ਉਰਜਾ ਦੇ ਰਹੱਸਮਈ ਤੇ ਵਰਜਿਤ ਸੰਸਾਰ ਵਿਚ ਪ੍ਰਵੇਸ਼ ਕੀਤਾ ਸੀ । ਉਸ ਸਮੇਂ ਵੀ ਯੁਗ ਦੇ ਮਨੀਸ਼ੀਆਂ ਨੇ ਇਹ ਚੇਤਾਵਨੀ ਦਿੱਤੀ ਸੀ । ਉਨ੍ਹਾਂ ਦਾ ਇਹ ਕਹਿਣਾ ਸੀ ਕਿ ਊਰਜਾ ਦੇ ਜਿਨ੍ਹਾਂ ਸਰੋਤਾਂ ਦਾ ਅੱਜ ਮਨੁਖ ਮਾਲਕ ਬਣ ਗਿਆ ਹੈ, ਉਸ ਦੀ ਚੇਤਨਾ ਇੰਨੀ ਵਿਕਸਤ ਨਹੀਂ ਕਿ ਉਨ੍ਹਾਂ ਦੀ ਸਹੀ ਵਰਤੋ ਕਰ ਸਕੇ । ਕੁਝ ਇਸ ਕਿਸਮ ਦਾ ਤੌਖਲਾ ਪ੍ਰਾਚੀਨ ਯੋਗੀਆਂ ਦੇ ਅੰਦਰ ਵੀ ਸੀ । ਪਰ ਮਨੁਖ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ੈਤਾਨ ਆਪਣਾ ਰਾਹ ਕਿਵੇਂ ਨਾ ਕਿਵੇਂ ਕੱਢ ਹੀ ਲ਼ੈਦਾ ਹੈ । ਪੁਰਾਣਾਂ ਅਤੇ ਮਹਾਂਕਾਵਾਂ ਦੇ ਅਨੇਕਾਂ ਕਿੱਸੇ ਇਸ ਗੱਲ ਦਾ ਪ੍ਰਮਾਣ ਨੇ ਕਿ ਕਿਸ ਤਰ੍ਹਾਂ ਅਨੇਕਾਂ ਲੋਕਾਂ ਨੇ ਤਾਂਤਰਿਕ ਸ਼ਕਤੀਆਂ ਹਾਸਲ ਕਰ ਸਾਰੀ ਕਾਇਨਾਤ ਲਈ ਚੁਨੌਤੀ ਖੜ੍ਹੀ ਕਰ ਦਿੱਤੀ ਸੀ । ਕਿੰਨੀ ਵੀ ਕੋਸ਼ਿਸ਼ ਕਰੋ ਪ੍ਰਕਾਸ਼ ਨੂੰ ਲੁਕੋ ਕੇ ਰੱਖਣਾ ਹਮੇਸ਼ਾ ਹੀ ਇਕ ਚੁਣੌਤੀ ਹੁੰਦੀ ਹੈ । ਪਰ ਫੇਰ ਵੀ ਇਹਤਿਆਤ ਵਜੋਂ ਇਸ ਵਿੱਦਿਆ ਨੂੰ ਅਤਿਅੰਤ ਸੁਰੱਖਿਅਤ ਹੱਥਾਂ ਵਿਚ ਹੀ ਦਿੱਤਾ ਜਾਂਦਾ ਸੀ ।
ਰਾਹਾਂ ਦੀ ਤਮਾਮ ਉਚ ਨੀਚ ਤੇ ਜਾਨ ਹਿਲੂਣ ਦੇਣ ਵਾਲੀਆਂ ਚੁਣੌਤੀਆਂ ਵੀ ਹਰਿਭਜਨ ਦਾ ਰਾਹ ਨਹੀਂ ਰੋਕ ਸਕੀਆਂ । ਗਿਆਨ ਦੀ ਉਸ ਦੀ ਪਿਆਸ ਇਨੀਂ ਮੂੰਹ ਜ਼ੋਰ ਸੀ ਕਿ ਸਭ ਦੁਸ਼ਵਾਰੀਆਂ ਆਪਮੁਹਾਰੇ ਹੀ ਅਸਾਨ ਹੁੰਦੀਆਂ ਚਲੀਆਂ ਗਈਆਂ । ਯੋਗੀ ਭਜਨ ਹਾਲੀ ਮਸਾਂ ਸਤਾਰਾਂ ਕੁ ਸਾਲਾਂ ਦਾ ਮੁੱਛ ਫੁੱਟ ਗੱਭਰੂ ਹੀ ਸੀ , ਜਦੋਂ ਉਸ ਨੇ ਕੁੰਡਲਨੀ ਯੋਗ ਵਿੱਦਿਆ ਉਤੇ ਮੁਹਾਰਤ ਹਾਸਲ ਕਰ ਲਈ ਸੀ । ਇੰਨੀ ਛੋਟੀ ਉਮਰ ਵਿਚ ਇਹ ਪ੍ਰਾਪਤੀ ਆਪਣੇ ਆਪ ਵਿਚ ਹੀ ਇਕ ਕਰਿਸ਼ਮਾਂ ਸੀ ਜੋ ਉਸ ਨੌਜਵਾਨ ਸਾਧਕ ਦੇ ਰੌਸ਼ਨ ਭਵਿੱਖ ਵੱਲ ਸੰਕੇਤ ਵੀ ਕਰਦਾ ਸੀ ।
ਕੁੰਡਲਨੀ ਯੋਗ ਦੀ ਵਿੱਦਿਆ ਹਰਿਭਜਨ ਸਿੰਘ ਨੇ ਸੰਤ ਹਜ਼ਾਰਾ ਸਿੰਘ ਜੀ ਦੀ ਹਜ਼ੂਰੀ ਵਿਚ ਹਾਸਲ ਕੀਤੀ ਸੀ । ਸੰਤ ਹਜ਼ਾਰਾ ਸਿੰਘ ਜੀ ਆਪਣੇ ਯੁਗ ਦੇ ਮਹਾਂਤਾਂਤਰਿਕ ਸਨ । ਸੰਤ ਹਜ਼ਾਰਾ ਸਿੰਘ ਜੀ ਕੁੰਡਲਨੀ ਯੋਗ ਦੇ ਨਾਲ ਨਾਲ ਮਾਰਸ਼ਲ ਆਰਟਸ ਤੇ ਘੁੜਸਵਾਰੀ ਦੇ ਵੀ ਮਾਹਿਰ ਸਨ । ਦੂਰੋਂ ਦੂਰੋਂ ਵਿਦਿਆਰਥੀ ਯੋਗ ਤੇ ਤੰਤਰ ਦੀਆਂ ਡੂੰਘਾਈਆਂ ਦੀ ਸਿੱਖਿਆ ਹਾਸਲ ਕਰਨ ਉਨ੍ਹਾਂ ਕੋਲ ਆਉਂਦੇ ਸਨ । ਉਹ ਬਹੁਤ ਹੀ ਅਨੁਸ਼ਾਸਨ ਪਸੰਦ ਵਿਅਕਤੀ ਸਨ । ਇਕ ਅਧਿਆਪਕ ਦੇ ਤੌਰ 'ਤੇ ਉਨ੍ਹਾਂ ਦੇ ਸਖ਼ਤ ਸੁਭਾ ਤੇ ਕਠੋਰ ਮਿਜ਼ਾਜ ਦੇ ਕਿੱਸੇ ਦੂਰ ਦੂਰ ਤਾਂਈ ਮਸ਼ਹੂਰ ਸਨ । ਜੇ ਕੋਈ ਸ਼ਿਸ਼ ਛੋਟੀ ਜਿਹੀ ਵੀ ਅਣਗਹਿਲੀ ਕਰਦਾ ਜਾਂ ਅਨੁਸ਼ਾਸਨਹੀਣਤਾ ਦੀ ਝਲਕ ਦਿੰਦਾ ਤਾਂ ਤੁਰੰਤ ਬਿਨਾ ਕਿਸੇ ਝਿਜਕ ਤੋਂ ਉਸ ਨੂੰ ਬਾਹਰ ਕਰ ਦਿੱਤਾ ਜਾਂਦਾ ਸੀ ।
ਇਕ ਵਾਰ ਫੈਸਲਾ ਕਰ ਲੈਣ ਤੋਂ ਬਾਅਦ ਕੋਈ ਵੀ ਤਾਕਤ ਸੰਤ ਹਜ਼ਾਰਾ ਸਿੰਘ ਜੀ ਨੂੰ ਉਨ੍ਹਾਂ ਦੇ ਨਿਸ਼ਚੇ ਤੋਂ ਹਿਲਾ ਨਹੀਂ ਸੀ ਸਕਦੀ । ਉਨ੍ਹਾਂ ਦੀ ਇਹ ਸਪੱਸ਼ਟ ਧਾਰਨਾ ਸੀ ਕਿ ਤੰਤਰ ਦਾ ਮਾਰਗ ਸ਼ਮਸ਼ੀਰ ਦੀ ਧਾਰ ਉਤੇ ਨੰਗੇ ਪੈਰ ਤੁਰਨ ਵਾਂਗ ਹੈ । ਇਸ ਕਠਿਨ ਮਾਰਗ ਉਤੇ ਕਿਸੇ ਨੂੰ ਵੀ ਇਕ ਵਾਰ ਵੀ ਭੁੱਲ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ । ਹਰ ਸ਼ਿਸ਼ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਧਨਾ ਵਿਚ ਗਲਤਾਨ ਕਰ ਦੇਵੇ । ਸਿਰਫ ਇਸੇ ਹੀ ਤਰੀਕੇ ਉਹ ਖੁਦ ਨੂੰ ਇਸ ਵਿੱਦਿਆ ਦਾ ਪਾਤਰ ਸਿੱਧ ਕਰ ਸਕਦਾ ਸੀ ।
ਇਕ ਵਾਰ ਕਿਸੇ ਸ਼ਿਸ਼ ਪਾਸੋਂ ਕੋਈ ਛੋਟੀ ਜੇਹੀ ਭੁਲ ਹੋ ਗਈ । ਹੁਣ ਇਹ ਗੱਲ ਉਸ ਨੂੰ ਵੱਢ ਵੱਢ ਖਾਈ ਜਾ ਰਹੀ ਸੀ । ਉਹ ਪੂਰੀ ਤਰ੍ਹਾਂ ਡਰਿਆ ਹੋਇਆ ਸੀ । ਉਹ ਜਾਣਦਾ ਸੀ ਕਿ ਇਹ ਮਾਮੂਲੀ ਜਿਹੀ ਗਲਤੀ ਉਸ ਨੂੰ ਹਮੇਸ਼ਾਂ ਲਈ ਆਪਣੇ ਗੁਰੂ ਤੋਂ ਦੂਰ ਕਰ ਸਕਦੀ ਹੈ । ਉਸ ਨੂੰ ਇਹ ਵੀ ਅਹਿਸਾਸ ਸੀ ਕਿ ਜੇ ਇੰਜ ਹੁੰਦਾ ਤਾਂ ਗਿਆਨ ਦੇ ਦੁਆਰ ਉਸ ਲਈ ਸਦਾ ਵਾਸਤੇ ਬੰਦ ਹੋ ਸਕਦੇ ਸਨ । ਉਸ ਨੂੰ ਆਪਣੀ ਭੁੱਲ ਤੇ ਗੁਰੂ ਦੇ ਸੁਭਾਅ ਦਾ ਵੀ ਇਲਮ ਸੀ । ਇਸੇ ਹੀ ਚਿੰਤਾ ਵਿਚ ਉਹ ਘੁਲਿਆ ਜਾ ਰਿਹਾ ਸੀ । ਇਸ ਸਥਿਤੀ ਵਿਚ ਕੋਈ ਵੀ ਉਸ ਦੀ ਮੱਦਦ ਨਹੀਂ ਸੀ ਕਰ ਸਕਦਾ । ਸੂਲੀ ਹੰਢਾਉਣ ਵਾਲੀ ਇਸ ਪੀੜ ਦਾ ਇਹ ਪੰਧ ਉਸ ਦਾ ਆਪਣਾ ਹੀ ਸੀ ।
ਜਦੋਂ ਸੰਤ ਹਜ਼ਾਰਾ ਸਿੰਘ ਉਸ ਦੇ ਸਾਹਮਣੇ ਆਏ ਤਾਂ ਉਹ ਉਨ੍ਹਾਂ ਦੇ ਪੈਰਾਂ ਵਿਚ ਢਹਿ ਪਿਆ । ਪੂਰੀ ਤਰ੍ਹਾਂ ਉਸ ਨੇ ਗੁਰੂ ਦੇ ਪੈਰਾਂ ਨੂੰ ਜੱਫਾ ਪਾਇਆ ਹੋਇਆ ਸੀ । ਉਹ ਜ਼ਾਰ ਜ਼ਾਰ ਹੋ ਰਿਹਾ ਸੀ । ਵਿਰਲਾਪ ਕਰਦੇ ਹੋਏ ਉਹ ਵਾਰ ਵਾਰ ਕਸਮਾਂ ਖਾ ਰਿਹਾ ਸੀ ਕਿ ਉਹ ਕਦੇ ਵੀ ਕਿਸੇ ਵੀ ਸੂਰਤ ਵਿਚ ਇਨ੍ਹਾਂ ਚਰਨਾਂ ਨੂੰ ਛਡ ਕੇ ਨਹੀਂ ਜਾਵੇਗਾ ।
ਸਮਾਂ ਗੁਜਰਦਾ ਜਾ ਰਿਹਾ ਸੀ , ਭਾਵੇਂ ਕਿ ਉਸ ਦੀ ਰਫਤਾਰ ਬਹੁਤ ਹੀ ਧੀਮੀ ਹੋ ਗਈ ਜਾਪਦੀ ਸੀ । ਸਭ ਕੁਝ ਰੁਕ ਗਿਆ ਸੀ । ਸੰਤ ਹਜ਼ਾਰਾ ਸਿੰਘ ਜੀ ਚੁੱਪ ਚਾਪ ਸ਼ਾਂਤ ਮੁਦਰਾ ਵਿਚ ਖੜੇ ਸਨ । ਉਹ ਸ਼ਿਸ਼ ਗਿੜਗਿੜਾ ਰਿਹਾ ਸੀ । ਵਿਲਕ ਰਿਹਾ ਸੀ । ਅੱਠ ਘੰਟੇ ਬੀਤ ਗਏ । ਉਹ ਉਸੀਂ ਤਰ੍ਹਾਂ ਸ਼ਿੱਦਤ ਨਾਲ ਗੁਰੂ ਦੇ ਚਰਨਾਂ ਨੂੰ ਜੱਫਾ ਪਾਈਂ ਲਿੱਟਿਆ ਰਿਹਾ । ਅੰਤ ਉਸ ਦੀ ਹਿੰਮਤ ਜਵਾਬ ਦੇ ਗਈ । ਆਪ ਮੁਹਾਰੇ ਹੀ ਉਸ ਦੀ ਪਕੜ ਢਿੱਲੀ ਪੈ ਗਈ ਸੀ । ਸਮਾਂ ਵੀ ਜਿਵੇਂ ਇਸ ਬਿੰਦੂ 'ਤੇ ਆ ਕੇ ਜ੍ਹੜ ਹੋ ਗਿਆ ਸੀ । ਸੰਤ ਜੀ ਚੁੱਪ ਚਾਪ ਮੁੜੇ ਤੇ ਦੂਜੀ ਦਿੱਸ਼ਾ ਵਲ ਨੂੰ ਤੁਰ ਗਏ । ਸਭ ਸਾਫ ਹੋ ਚੁੱਕਾ ਸੀ । ਉਹ ਸ਼ਿਸ਼ ਆਸ਼ਰਮ ਤੋਂ ਬਾਹਰ ਕਰ ਦਿੱਤਾ ਗਿਆ ।
ਇਹ ਸਭ ਕੁਝ ਹਰਿਭਜਨ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਸੀ । ਉਹ ਆਪ ਵੀ ਉਸ ਸਮੇਂ ਹਾਲੀ ਉਮਰ ਦਾ ਕੱਚਾ ਬਾਲਕ ਹੀ ਸੀ। ਪਰ ਗਿਆਨ ਦੀ ਤਾਂਘ ਕਦੇ ਵੀ ਉਮਰ ਦੀ ਮੁਥਾਜ ਨਹੀਂ ਹੁੰਦੀ । ਗੁਰੂ ਦੇ ਸੁਭਾਅ ਨੇ ਉਸ ਦੇ ਅੰਦਰ ਇਕ ਨਵੀਂ ਤਰ੍ਹਾਂ ਦੀ ਤਾਕਤ ਜਗਾ ਦਿੱਤੀ ਸੀ । ਇਸ ਰੂਹਾਨੀ ਗਿਆਨ ਦੇ ਵਿੱਗਿਆਨ ਦੇ ਉਤੇ , ਗੁਰੂ ਦੀ ਸਖ਼ਤ ਕਸੌਟੀ ਉਤੇ ਖਰਾ ਉਤਰਨ ਲਈ ਉਹ ਖੁਦ ਨੂੰ ਤਿਆਰ ਕਰ ਚੁੱਕਾ ਸੀ । ਪਰ ਤਾਲੀਮ ਦਾ ਇਹ ਸਿਲਸਿਲਾ ਤੇ ਪੂਰੇ ਹੋਣ ਦੀ ਇਹ ਪ੍ਰਕਿਰਿਆ ਹਾਲੇ ਕਈ ਵਰਿਆਂ ਤੱਕ ਨਿਰੰਤਰ ਇੰਜ ਹੀ ਚਲਣੀ ਸੀ । ਉਸ ਨੂੰ ਪਤਾ ਸੀ ਕਿ ਆਤਮ ਸ਼ੁਧੀ ਦਾ ਇਹੋ ਇਕੋ ਇਕ ਮਾਰਗ ਉਸ ਦੇ ਸਾਹਮਣੇ ਹੈ ਤੇ ਗੁਰੂ ਦੀ ਸੂਰਤ ਵਿਚ ਜੋ ਸ਼ਖ਼ਸ ਉਸ ਦੇ ਸਾਹਮਣੇ ਬਿਰਾਜਮਾਨ ਸੀ , ਉਹ ਇਕੋ ਇਕ ਦੁਆਰ ਸੀ ਜੋ ਉਸ ਨੂੰ ਮੰਜ਼ਲ ਤੱਕ ਲਿਜਾ ਸਕਦਾ ਸੀ ।
ਸੰਤ ਹਜ਼ਾਰਾ ਸਿੰਘ ਜੀ ਇਕ ਮਹਾਂਤਾਂਤਰਕ ਗੁਰੂ ਸਨ । ਸ਼ਿਸ਼ ਦੇ ਅੰਦਰਲੀਆਂ ਸੁੱਤੀਆਂ ਕਲਾਂ ਜਗਾਉਣ ਦੇ ਪਾਤਰ ਦੇ ਰੂਪ ਵਿਚ ਉਸ ਨੂੰ ਲਗਾਤਾਰ ਮਾਂਜਨ ਤੇ ਸੰਵਾਰਨ ਦੇ ਉਨ੍ਹਾਂ ਦੇ ਢੰਗ ਵੀ ਨਿਰਾਲੇ ਹੀ ਸਨ । ਸੂਫੀ ਪਰੰਪਰਾ ਹੋਵੇ ਜਾਂ ਜੈਨ ਬੁੱਧ ਧਰਮ, ਜਿੱਥੇ ਵੀ ਕਿਤੇ ਗੁਰੂ ਸ਼ਿਸ਼ ਦਾ ਵਰਨਣ ਆਊਂਦਾ ਹੈ , ਗਿਆਨ ਨੂੰ ਅਗਲੀਆਂ ਪੀੜੀਆਂ ਦੇ ਹੱਥ ਸੌਂਪਣ ਤੇ ਸ਼ਿਸ਼ ਦੀ ਪਰਖ ਕਰਨ ਦੇ ਉਹਨਾਂ ਦੇ ਤਰੀਕੇ ਇੰਨੇ ਅੱਲੋਕਾਰ ਨੇ ਕਿ ਉਹਨਾਂ ਦੀ ਤਰਕ ਸੰਗਤਤਾ ਆਧੁਨਿਕ ਮਨ ਨੂੰ ਬਹੁਤ ਵਾਰ ਸਮਝ ਹੀ ਨਹੀਂ ਪੈਂਦੀ । ਕੁਝ ਇਸੇ ਹੀ ਕਿਸਮ ਦੀਆਂ ਝਲਕੀਆਂ ਹਰਿਭਜਨ ਤੇ ਉਹਨਾਂ ਦੇ ਗੁਰੂ ਸੰਤ ਹਜ਼ਾਰਾ ਸਿੰਘ ਦੇ ਸਬੰਧਾਂ ਵਿਚ ਦੇਖਣ ਨੂੰ ਮਿਲਦੀਆਂ ਹਨ ।
ਗੁਰੂ ਦੀ ਜ਼ਿੰਮੇਵਾਰੀ ਸ਼ਿਸ਼ ਨਾਲੋਂ ਹਮੇਸ਼ਾ ਹੀ ਵਧ ਹੁੰਦੀ ਹੈ । ਇਸ ਗੱਲ ਦਾ ਅਹਿਸਾਸ ਸੰਤ ਜੀ ਨੂੰ ਵੀ ਸੀ । ਸੰਤ ਜੀ ਆਪਣੇ ਸਮੇਂ ਦੀ ਬਹੁਮੁਖੀ ਸ਼ਖ਼ਸੀਅਤ ਸਨ । ਇਕ ਸੰਤ ਮਹਾਂ ਤਾਂਤਰਿਕ , ਗੁਰਬਾਣੀ ਦੇ ਅਰਥ ਸੰਸਾਰ ਦੀਆਂ ਡੂੰਘਾਈਆਂ ਤੱਕ ਉਤਰਨ ਵਾਲੇ । ਪਰ ਇਹ ਸਿਰਫ਼ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਪਹਿਲੂ ਹੀ ਸੀ । ਇਕ ਸੰਪੂਰਨ ਗੁਰਸਿੱਖ ਵਾਂਗ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਹ ਸਮਾਜਿਕ ਜ਼ਿੰਮੇਵਾਰੀਆਂ ਤੋਂ ਵੀ ਬੇਮੁਖ ਨਹੀਂ ਸਨ । ਆਜ਼ਾਦੀ ਸੰਗਰਾਮ ਦੇ ਉਸ ਮਹਾਂਯੱਗ ਵਿਚ ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਵਰ੍ਹੇ ਅਰਪਿਤ ਕੀਤੇ ਸਨ । ਬ੍ਰਿਟਿਸ਼ ਅਫਸਰਾਂ ਤੋਂ ਲੈ ਕੇ ਆਜ਼ਾਦੀ ਸੰਗ੍ਰਾਮੀਆਂ ਦੀਆਂ ਸਫਾਂ ਤੱਕ ਸਭ ਪਾਸੇ ਉਨ੍ਹਾਂ ਦੀ ਧਾਂਕ ਸੀ । ਉਹ ਬਹੁਤ ਘੱਟ ਬੋਲਣ ਵਾਲੇ ਪਰ ਧੁਨ ਦੇ ਪੱਕੇ ਸਨ ।
ਮਨ ਦੇ ਕਿਸੇ ਕੋਨੇ ਵਿਚ ਸੰਤ ਜੀ ਨੂੰ ਸ਼ਿਸ਼ ਦੇ ਤੌਰ ਤੇ ਹਰਿਭਜਨ ਦੀ ਵਿਲੱਖਣਤਾ ਦਾ ਇਲਮ ਸੀ , ਪਰ ਜਿਸ ਮਾਰਗ 'ਤੇ ਉਹ ਜਾ ਰਹੇ ਸਨ , ਉਥੇ ਕਿਸੇ ਤਰ੍ਹਾਂ ਦੀ ਢਿੱਲ ਮੱਠ ਜਾਂ ਰਿਆਇਤ ਦੀ ਗੁੰਜਾਇਸ਼ ਹੀ ਨਹੀਂ ਸੀ । ਨੇੜਲੇ ਭਵਿੱਖ ਵਿਚ ਉਸ ਨੇ ਹਜ਼ਾਰਾਂ ਲੋਕਾਂ ਦੀ ਚੇਤਨਾ ਨੂੰ ਨਵੀਂਆਂ ਬੁਲੰਦੀਆਂ ਤੱਕ ਪਹੁੰਚਾਉਣਾ ਸੀ । ਇਕ ਇਕ ਕਦਮ ਫੂਕ ਫੂਕ ਕੇ ਚੁਕੱਣ ਦੀ ਲੋੜ ਸੀ । ਮਾੜੀ ਜੀ ਕੱਚ ਪਿੱਲ ਵੀ ਕਿਆਸ੍ਹੋਂ ਬਾਹਰਾ ਨੁਕਸਾਨ ਕਰ ਸਕਦੀ ਸੀ । ਬੜੇ ਹੀ ਤਹੱਮਲ ਤੇ ਸਹਿਜ ਲੈਅ ਵਿਚ ਗੁਰੂ ਆਪਣੇ ਸ਼ਿਸ਼ ਨੂੰ ਚੇਤਨਾ ਦੇ ਰਹੱਸਮਈ ਸੰਸਾਰ ਦੀਆਂ ਗਹਿਰਾਈਆਂ ਵਿਚ ਉਤਾਰ ਰਿਹਾ ਸੀ । ਧਿਆਨ ਦੀਆਂ ਨਿਤ ਨਵੀਂਆਂ ਬੁਲੰਦੀਆਂ ਨੂੰ ਛੁਹਣ ਦੇ ਜੋ ਗੁਰ ਉਸ ਦੇ ਗੁਰਜਨਾ ਨੇ ਅਤਿਅੰਤ ਗੁਪਤ ਤਰੀਕੇ ਨਾਲ ਉਸ ਨੂੰ ਸਿਖਾਏ ਸਨ । ਇਕ ਇਕ ਕਰਕੇ ਉਹ ਆਪਣਾ ਸਰਮਾਇਆ ਹਰਿਭਜਨ ਦੇ ਸਪੁਰਦ ਕਰ ਰਹੇ ਸਨ ।
ਭਵਿੱਖ ਦਾ ਮਹਾਂਤਾਂਤਰਿਕ ਤਿਆਰ ਹੋ ਰਿਹਾ ਸੀ । ਜਿਸ ਨੇ ਅਨਾਦਿਕਾਲ ਤੋਂ ਚਲੀ ਆ ਰਹੀ ਮਹਾਂਯੋਗੀਆਂ ਦੀ ਸੁਨਹਿਰੀ ਕੜੀ ਦਾ ਹਿੱਸਾ ਬਣਨਾ ਸੀ । ਗਿਆਨ ਦੀ ਨਿਰੰਤਰ ਜਗਦੀ ਜੋਤ ਦਾ ਵਾਰਿਸ ਉਸ ਨੇ ਬਣਨਾ ਸੀ । ਪਰੰਪਰਾ ਦੀ ਪਾਕੀਜ਼ਗੀ ਨੂੰ ਅਖੰਡ ਰੱਖਣ ਦੀ ਜ਼ਿੰਮੇਵਾਰੀ ਉਸ ਦੀ ਸੀ । ਪਰ ਇਹ ਸਭ ਕੁਝ ਤਾਂ ਹਾਲੇ ਭਵਿੱਖ ਦੇ ਗਰਭ ਵਿਚ ਸੀ । ਹਾਲੀ ਤਾਂ ਜੰਮਣ ਪ੍ਰਕਿਰਿਆ ਚਲ ਰਹੀ ਸੀ । ਜਨਮ ਲੈਣਾ ਕਿਸੇ ਵੀ ਬੰਦੇ ਦੀ ਜ਼ਿੰਦਗੀ ਦਾ ਸਭ ਤੋਂ ਕਠਿਨ ਮਰਹਲਾ ਹੁੰਦਾ ਹੈ । ਕੋਈ ਵੀ ਜਨਮ ਜੰਮਣ ਪੀੜਾਂ ਤੋਂ ਬਗੈਰ ਨਹੀਂ ਹੁੰਦਾ ਹੈ । ਹਰਿਭਜਨ ਨਂੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ । ਉਹ ਜਾਣਦਾ ਸੀ ਕਿ ਗਿਆਨ ਦੀ ਜੋ ਅਲਖ ਉਸ ਅੰਦਰ ਜਗਾਈ ਜਾ ਰਹੀ ਹੈ , ਕਿਸੇ ਵੀ ਤਰੀਕੇ ਉਹ ਉਸ ਦੀ ਕੀਮਤ ਨਹੀਂ ਚੁੱਕਾ ਸਕਦਾ । ਪੌੜੀ ਦੇ ਹਰ ਡੰਡੇ ਨੂੰ ਚੜ੍ਹਦਿਆਂ ਅਹਿਸਾਸ ਦੀ ਸ਼ਿੱਦਤ ਹੋਰ ਡੂੰਘੀ ਹੁੰਦੀ ਜਾਂਦੀ ਹੈ । ਗਿਆਨ ਦੇ ਨਾਲ ਨਾਲ ਉਹ ਸ਼ੁਕਰਾਨੇ ਦੀ ਕਲਾ ਵੀ ਸਿੱਖਦਾ ਜਾ ਰਿਹਾ ਸੀ ।
ਇਕ ਦਿਨ ਸੰਤ ਹਜ਼ਾਰਾ ਸਿੰਘ ਉਨ੍ਹਾਂ ਦੇ ਸ਼ਿਸ਼ ਨੂੰ ਜੰਗਲ ਵਿਚ ਲੈ ਗਏ ਤੇ ਦਰੱਖਤ ਉਤੇ ਚੜ੍ਹਨ ਦਾ ਹੁਕਮ ਦਿੱਤਾ । ਕਿਸੇ ਕਿਸਮ ਦੀ ਕੋਈ ਜਿਰਹ ਦਾ ਸਵਾਲ ਹੀ ਨਹੀਂ ਸੀ । ਟੀਚਰ ਦੇ ਮੂੰਹ ਚੋ ਨਿਕਲਿਆ ਸ਼ਬਦ ਰੱਬੀ ਬਾਣੀ ਦਾ ਦਰਜਾ ਰੱਖਦਾ ਸੀ । ਹਰਿਭਜਨ ਬਿਨਾ ਕਿਸੇ ਹੀਲ ਹੁੱਜਤ ਦੇ ਇਕ ਅਕੀਦਤਮੰਦ ਸ਼ਿਸ਼ ਵਾਂਗ ਦਰੱਖਤ 'ਤੇ ਚੜ੍ਹ ਗਿਆ । ਅੱਗੇ ਕੀ ਹੋਵੇਗਾ ਉਸ ਨੇ ਇਸ ਬਾਰੇ ਸੋਚਿਆ ਵੀ ਨਹੀਂ ਸੀ ।
ਹਰਿਭਜਨ ਨੂੰ ਦਰੱਖਤ ਉਤੇ ਟੰਗਿਆ ਛੱਡ ਕੇ ਸੰਤ ਹੋਰੀਂ ਤੁਰ ਗਏ । ਹਰਿਭਜਨ ਨੂੰ ਪੱਤਾ ਸੀ ਕਿ ਇਸ ਵਿਚ ਵੀ ਜ਼ਰੂਰ ਗੁਰੂ ਦੀ ਕੋਈ ਰਮਜ਼ ਛੁਪੀ ਹੈ । ਤਿੰਨ ਦਿਨ ਤੇ ਤਿੰਨ ਰਾਤਾਂ ਗੁਜ਼ਰ ਗਈਆਂ । ਉਪਰ ਖੁੱਲ੍ਹਾ ਅਕਾਸ਼ ਤੇ ਦੂਰ ਦੂਰ ਤਾਂਈ ਵੀਰਾਨੀ । ਟੀਚਰ ਦੀ ਵੀ ਕਿਤੇ ਕੋਈ ਉਘ ਸੁੱਘ ਨਹੀਂ ਸੀ । ਘਣਾ ਜੰਗਲ ਸੀ । ਵਿਚ ਵਿਚ ਬਾਰਿਸ਼ ਦੀਆਂ ਬੋਛਾਰਾਂ , ਪਰ ਸ਼ਿਸ਼ ਵਜੋਂ ਹਰਿਭਜਨ ਦਾ ਸਿਦਕ ਬਿਲਕੁਲ ਅਡੋਲ ਸੀ ।
ਤਿੰਨ ਦਿਨਾਂ ਬਾਅਦ ਆਖਰ ਸੰਤ ਮੁੜੇ । ਹਰਿਭਜਨ ਹਾਲੀ ਵੀ ਪੂਰੀ ਮੁਸਤੈਦੀ ਨਾਲ ਦਰੱਖਤ ਉਤੇ ਡਟਿਆ ਹੋਇਆ ਸੀ । ਅਧਿਆਪਕ ਨੇ ਪੁੱਛਿਆ, ਆਉਂਦੇ ਸਾਰ ਬਿਨਾ ਕਿਸੇ ਭੂਮਿਕਾ ਦੇ ਸਿੱਧਾ ਸਵਾਲ ! ਉਹ ਬੱਸ ਇਹੋ ਜਾਨਣਾ ਚਾਹੁੰਦਾ ਸੀ ਕਿ ਇਨ੍ਹਾਂ ਤਿੰਨ ਦਿਨਾਂ ਵਿਚ ਉਸ ਦੇ ਸ਼ਿਸ਼ ਨੇ ਕੀ ਸਿੱਖਿਆ ਹੈ । ਸ਼ਿਸ਼ ਨੇ ਜਵਾਬ ਦਿੱਤਾ ਕਿ ਉਸ ਬਾਰਿਸ਼ ਦੀਆਂ ਲੜੀਆਂ ਤੋਂ ਪਾਣੀ ਇਕੱਤਰ ਕਰਨ ਦੀ ਕਲਾ ਸਿੱਖੀ ਹੈ । ਇਸ ਦੌਰਾਨ ਉਸ ਨੇ ਇਹ ਵੀ ਸਿੱਖਿਆ ਕਿ ਦਰੱਖਤਾਂ ਉਤੇ ਬਸੇਰਾ ਕਰਨ ਵਾਲੇ ਬਾਂਦਰ ਆਖਰ ਕਿਹੜੀਆਂ ਟਾਹਣੀਆਂ ਤੇ ਸੌਣਾ ਪਸੰਦ ਕਰਦੇ ਹਨ । ਗੁਰੂ ਨੇ ਚੁਪਚਾਪ ਸਿਰ ਹਿਲਾਇਆ ਤੇ ਇਸ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ । ਇਕ ਮੌਨ ਦੋਹਾਂ ਦੇ ਦਰਮਿਆਨ ਪਸਰ ਗਿਆ ਸੀ । ਇਹ ਸੰਵਾਦ ਦੀ ਉਹ ਭਾਸ਼ਾ ਸੀ ਜਿਸ ਦੇ ਅਰਥ ਸਿਰਫ ਸ਼ਿਸ਼ ਤੇ ਮਾਸਟਰ ਦੇ ਦਰਮਿਆਨ ਹੀ ਪ੍ਰਗਟ ਹੁੰਦੇ ਸਨ ।
ਗੁਰੂ ਮਹਿਮਾ ਦੇ ਬਖਾਨ ਦੀ ਪਰੰਪਰਾ ਭਾਰਤ ਅੰਦਰ ਬਹੁਤ ਪ੍ਰਚੀਨ ਹੈ । ਉਪਨਿਸ਼ਦਾਂ ਦੇ ਰਿਸ਼ੀਆਂ ਤੋਂ ਲੈ ਕੇ ਭਗਤੀ ਯੁਗ ਦੇ ਸੰਤਾਂ ਤੱਕ ਸਭ ਨੇ ਗੁਰੂ ਮਹਿਮਾ ਦੇ ਗੀਤ ਗਾਏ । ਕਬੀਰ, ਮੀਰਾਂ, ਰੈਦਾਸ ਸਭ ਇਸ ਨੁਕਤੇ 'ਤੇ ਇਕ ਸੁਰ ਨੇ । ਪਰ ਇਸ ਦੇ ਹੀ ਸਮਾਨੰਤਰ ਇਕ ਦੂਸਰੀ ਪਰੰਪਰਾ ਹੈ । ਜਿਸ ਅੰਦਰ ਆਪਣਾ ਚਿਰਾਗ ਆਪ ਹੀ ਬਣਨ ਦੀ ਵਕਾਲਤ ਹੈ । ਦੂਰ ਅਤੀਤ ਵਿਚ ਬੁੱਧ ਦੀ ਇਹ ਘੋਸ਼ਣਾ ਸੀ ਕਿ ਸੱਚ ਤੇ ਸ਼ਿਸ਼ ਦੇ ਦਰਮਿਆਨ ਅਖੀਰੀ ਸਭ ਤੋਂ ਵੱਡੀ ਰੁਕਾਵਟ ਉਸ ਦਾ ਗੁਰੂ ਹੁੰਦਾ ਹੈ । ਬੋਧੀ ਹਲਕਿਆਂ ਵਿਚ ਇਹ ਗੱਲ ਬਹੁਤ ਪ੍ਰਚਲਤ ਸੀ ਕਿ ਜੇ ਕਿਸੇ ਸਾਧਕ ਨੂੰ ਰਾਹ ਦੇ ਵਿਚ ਬੁੱਧ ਦਿਖਾਈ ਪੈਂਦਾ ਹੈ ਤਾਂ ਉਸ ਨੂੰ ਤੁਰੰਤ ਉਸ ਦਾ ਸਿਰ ਲਾਹ ਦੇਣਾ ਚਾਹੀਦਾ ਹੈ । ਆਧੁਨਿਕ ਯੁਗ ਦੇ ਵਿਚ ਵੀ ਜੇ. ਕਰਿਸ਼ਨਾਮੂਰਤੀ ਵਰਗੇ ਕਈ ਰੂਹਾਨੀ ਟੀਚਰ , ਗੁਰੂ ਪਰੰਪਰਾ ਤੇ ਸੰਸਥਾਗਤ ਧਰਮ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ । ਉਨ੍ਹਾਂ ਦੀ ਧਾਰਨਾ ਹੈ ਕਿ ਜਦੋਂ ਤੱਕ ਇਸ਼ਟ ਜਾਂ ਟੀਚਰ ਮੌਜੂਦ ਹੈ, ਸਾਧਕ ਦਵੈਤ ਤੋਂ ਬਾਹਰ ਨਹੀਂ ਹੋ ਸਕਦਾ ।
ਯੋਗ-ਵਸ਼ਿਸ਼ਟ ਵਰਗੇ ਪੁਰਾਤਨ ਤੇ ਪ੍ਰਮਾਣਕ ਮੰਨੇ ਜਾਂਦੇ ਗ੍ਰੰਥਾਂ ਵਿਚ ਵੀ ਇਸ ਬਾਰੇ ਮਿਲੀ ਜੁਲੀ ਜਿਹੀ ਤਸਵੀਰ ਹੀ ਉਭਰਦੀ ਹੈ । ਇਸ ਗ੍ਰੰਥ ਵਿਚ ਕਈ ਥਾਈਂ ਦੀਕਸ਼ਾ ਦੇਣ ਤੇ ਸ਼ਿਸ਼ ਬਣਾਉਣ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਅਰਥਹੀਣ ਦੱਸਿਆ ਗਿਆ ਹੈ । ਵੈਦਿਕ ਪਰੰਪਰਾ ਦਾ ਗ੍ਰੰਥ ਹੋਣ ਦੇ ਬਾਵਜੂਦ ਵੀ ਉਸ ਦੀ ਇਹ ਧਾਰਨਾ ਬੋਧ-ਮੱਤ ਦੇ ਜ਼ਿਆਦਾ ਨੇੜੇ ਜਾ ਪਹੁੰਚਦੀ ਹੈ । ਪਰ ਇਸੇ ਹੀ ਗ੍ਰੰਥ ਵਿਚ ਹੋਰਨੀ ਥਾਈਂ ਗੁਰੂ ਦੀ ਲੋੜ 'ਤੇ ਪੂਰੀ ਸ਼ਿੱਦਤ ਨਾਲ ਜ਼ੋਰ ਦਿੱਤਾ ਗਿਆ ਹੈ । ਓਪਰੀ ਨਜ਼ਰੇ ਇਸ ਤਰ੍ਹਾਂ ਦੀਆਂ ਕਈ ਵਿਰੋਧਤਾਈਆਂ ਬੋਧ-ਮਤ ਤੇ ਜੈਨਮਤ ਦੇ ਗ੍ਰੰਥਾਂ ਵਿਚ ਵੀ ਮਿਲਦੀਆਂ ਹਨ। ਇਨ੍ਹਾਂ ਦੋਹਾਂ ਧਰਮਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ । ਹੋ ਸਕਦਾ ਹੈ ਕਿ ਇਹ ਵਿਸੰਗਤੀਆਂ ਗੁਜ਼ਰਦੇ ਸਮੇਂ ਦੇ ਨਾਲ ਨਾਲ ਇਨ੍ਹਾਂ ਪਰੰਪਰਾਵਾਂ ਦਾ ਹਿੱਸਾ ਬਣ ਗਈਆਂ ਹੋਣ । ਵੈਦਿਕ ਗ੍ਰੰਥਾਂ ਦੀ ਵੀ ਬਹੁਤੀ ਪਰੰਪਰਾ ਮੌਖਿਕ ਹੀ ਰਹੀ ਹੈ । ਸੰਭਵ ਹੈ ਕਿ ਉਨ੍ਹਾਂ ਵਿਚਲੀਆਂ ਵਿਰੋਧਤਾਈਆਂ ਅਸਲ ਵਿਚ ਸਿਰਫ ਭਿੰਨਤਾਵਾਂ ਹੀ ਹੋਣ । ਹੋ ਸਕਦਾ ਹੈ ਵੱਖ ਵੱਖ ਸ਼ਿਸਾਂ਼ ਦੀਆਂ ਬੌਧਿਕ ਸੀਮਾਵਾਂ ਦੇ ਅਨੁਸਾਰ ਜਾਂ ਇਕੋ ਹੀ ਸ਼ਿਸ਼ ਦੀਆਂ ਅੱਡ ਅੱਡ ਅਵਸਥਾਵਾਂ ਵਿਚ ਕੁਝ ਵਿਰੋਧੀ ਭਾਸਦੀਆਂ ਗੱਲਾਂ ਕਹੀਆਂ ਗਈਆਂ ਹੋਣ ।
ਪਰ ਜੇ. ਕ੍ਰਿਸ਼ਨਾਮੂਰਤੀ ਬਾਰੇ ਇਹ ਗੱਲ ਹਰਗਿਜ਼ ਨਹੀਂ ਕਹੀ ਜਾ ਸਕਦੀ । ਉਸ ਨੇ ਆਪਣੀ ਸਾਰੀ ਹੀ ਉਮਰ ਅਤਿਅੰਤ ਇਕਸੁਰਤਾ ਵਿਚ ਗੁਰੂਡਮ ਦੀ ਵਿਰੋਧਤਾ ਕੀਤੀ ਹੈ । ਉਸ ਦੀ ਨਜ਼ਰ ਵਿਚ ਵਿਦਿਆਰਥੀ ਤੇ ਅਧਿਆਪਕ ਦਾ ਰਿਸ਼ਤਾ ਹੀ ਅਸਲ ਹੈ । ਗੁਰੂ ਤੇ ਸ਼ਿਸ਼ ਸਬੰਧ ਸਿਰਫ ਮਿੱਥ ਹਨ । ਪਰ ਜੇ ਉਸ ਦੀ ਆਪਣੀ ਜੀਵਨੀ ਉਤੇ ਨਜ਼ਰ ਮਾਰੀ ਜਾਵੇ ਤਾਂ ਵਿਕਾਸ ਦੇ ਉਸ ਦੇ ਆਪਣੇ ਇਤਿਹਾਸ ਤੇ ਉਸ ਦੀਆਂ ਸਿੱਖਿਆਵਾਂ ਵਿਚ ਇਕ ਵੱਡਾ ਅੰਤਰ ਵਿਰੋਧ ਦਿਖਾਈ ਪੈਂਦਾ ਹੈ ।
ਉਸ ਦੇ ਸਭ ਤੋਂ ਨੇੜਲਿਆਂ ਸਾਥੀਆਂ ਵਿਚੋਂ ਇਕ ਪਪਲ ਜੈਕਰ ਨੇ ਉਸ ਦੇ ਜੀਵਨ ਦੀ ਇਕ ਅਤਿਅੰਤ ਅੰਤਰੰਗ ਘਟਨਾ ਦਾ ਵਰਨਣ ਕੀਤਾ ਹੈ। ਇਸ ਬਿਊਰੇ ਵਿਚ ਖਾਸ ਗੱਲ ਇਹ ਹੈ ਕਿ ਖੁਦ ਲੇਖਿਕਾ ਤੇ ਉਸ ਦੀ ਭੈਣ ਮੌਕੇ 'ਤੇ ਮੌਜੂਦ ਸਨ । ਇਕ ਬੰਦ ਕਮਰੇ ਵਿਚ ਕ੍ਰਿਸ਼ਨਾਮੂਰਤੀ ਦਾ ਜਿਸਮ ਦਰਦ ਨਾਲ ਪੂਰੀ ਤਰ੍ਹਾਂ ਟੁੱਟ ਰਿਹਾ ਸੀ । ਉਹ ਰਹਿ ਰਹਿ ਕੇ ਕਦੇ ਦੰਦ ਕਦੇ ਗਰਦਨ ਤੇ ਕਦੇ ਸਿਰ ਦੇ ਉਪਰਲੇ ਹਿੱਸੇ ਵਿਚ ਅਸਹਿ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ । ਉਨ੍ਹਾਂ ਨੇ ਕਿਸੀ ਵੀ ਸੂਰਤ ਵਿਚ ਡਾਕਟਰ ਨੂੰ ਨਾ ਬੁਲਾਉਣ ਦੀ ਸਖਤ ਹਦਾਇਤ ਦਿੱਤੀ ਸੀ । ਦਰਦ ਨਾਲ ਕਰਾਹੁੰਦਾ ਹੋਇਆ ਉਹ ਬਿਨਾ ਕੋਈ ਨਾਮ ਲਏ ਅਦਿਖ ਤਾਕਤਾਂ ਨਾਲ ਗੱਲਾਂ ਕਰਦਾ ਰਿਹਾ ਸੀ । ਇਸੇ ਦੌਰਾਨ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਅਦ੍ਰਿਸ਼ ਗੁਰੂ ਉਸ ਦੇ ਜ਼ਿਹਨ ਦੀ ਸਫਾਈ ਕਰ ਰਹੇ ਸਨ ਤਾਂ ਜੋ ਉਸ ਨੂੰ ਅੰਦਰੋਂ ਖਾਲੀ ਕੀਤਾ ਜਾ ਸਕੇ ।
ਕ੍ਰਿਸ਼ਨਾਮੂਰਤੀ ਦੇ ਇਹ ਕਥਨ ਇਕ ਬਹੁਤ ਵੱਡਾ ਇੰਕਸਾਫ ਹਨ । ਬਾਅਦ ਵਿਚ ਜਾਂ ਪਹਿਲੋਂ ਵੀ ਆਪਣੀ ਕਿਸੇ ਜਨਤਕ ਗੱਲਬਾਤ ਵਿਚ ਉਸ ਨੇ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ । ਪਰ ਉਸ ਨੇ ਪਪਲ ਦੀ ਕਿਤਾਬ ਵਿਚ ਦਿੱਤੇ ਇਸ ਵੇਰਵੇ ਦਾ ਖੰਡਨ ਵੀ ਕਦੇ ਨਹੀਂ ਕੀਤਾ। ਇੱਥੇ ਸਾਡਾ ਇਰਾਦਾ ਕਿਸ਼ਨਾਮੂਰਤੀ ਦੇ ਇਸ ਦੂਹਰੇ ਸਟੈਂਡ ਪਿਛਲੀਆਂ ਹਕੀਕਤਾਂ ਜਾਂ ਮਜਬੂਰੀਆਂ ਦੀ ਪੁਣਛਾਣ ਕਰਨ ਦਾ ਨਹੀਂ । ਅਸੀਂ ਸਿਰਫ ਇਸੇ ਨੁਕਤੇ ਉਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਭਾਰਤ ਦੀ ਹਰ ਪ੍ਰਾਚੀਨ ਰੂਹਾਨੀ ਪਰੰਪਰਾ ਤੋਂ ਲੈ ਕੇ ਨਵੇਂ ਜੁਗ ਦੇ ਰੂਹਾਨੀ ਟੀਚਰਾਂ ਤਕ ਹਰ ਕਿਸੇ ਨੇ ਸਿੱਧੇ ਅਸਿੱਧੇ ਰੂਪ ਵਿਚ ਗੁਰੂ ਸ਼ਿਸ਼ ਪਰੰਪਰਾ ਦੀ ਅਹਿਮੀਅਤ ਨੂੰ ਸਵੀਕਾਰ ਕੀਤਾ ਹੈ ।
ਦਵੈਤ ਅਗਿਆਨ ਦਾ ਮੂਲ ਹੈ । ਇਸ ਗੱਲ ਨੂੰ ਪਹਿਲੀ ਪਰੰਪਰਾ ਵੀ ਸਵੀਕਾਰਦੀ ਹੈ । ਪਰ ਉਸ ਦਾ ਜ਼ੋਰ ਇਸ਼ਟ ਨੂੰ ਨਹੀਂ ਖੁਦ ਨੂੰ ਮਿਟਾਣ 'ਤੇ ਹੈ । ਮੀਰਾਂ ਕੂਕ ਕੂਕ ਕੇ ਕਹਿੰਦੀ ਹੈ, ਜਬ ਲਗ ਹੈ ਹਰੀ ਨਹੀਂ , ਹਰੀ ਹੋ ਤੋਂ ਹਮ ਨਾਹੀਂ । ਸਿੱਖ ਗੁਰੂਆਂ ਦੀ ਪਰੰਪਰਾ ਵਿਚ ਵੀ ਸ਼ਿਸ਼ ਦੀ ਆਪਣੀ ਹਸਤੀ ਨੂੰ ਮਿੱਟਾ ਦੇਣ ਉਤੇ ਹੀ ਜ਼ੋਰ ਹੈ । ਸਿੱਖ ਧਰਮ ਨੇ ਦੋਂਹਾਂ ਪ੍ਰਾਚੀਨ ਧਾਰਾਵਾਂ ਵਿਚੋਂ ਪਹਿਲੀ ਧਾਰਾ ਨੂੰ ਹੀ ਅਪਣਾਇਆ ਹੈ ।
ਉਪਰੋਂ ਦੇਖਣ 'ਤੇ ਇਹ ਦੋਹੇਂ ਪਰੰਪਰਾਵਾਂ ਭਾਵੇਂ ਕਿੰਨੀਆਂ ਹੀ ਵਿਰੋਧੀ ਭਾਸਦੀਆਂ ਨੇ । ਪਰ ਇਨ੍ਹਾਂ ਦਾ ਮੂਲ ਇਕ ਹੈ । ਸ਼ਾਹ ਇਨਾਇਤ ਨੇ ਵੀ ਬੁੱਲ੍ਹੇ ਨੂੰ ਇਹ ਕਿਹਾ ਸੀ ਕਿ ਇਸ ਆਖਰੀ ਮਰਹਲੇ ਵਿਚੋਂ ਉਸ ਨੂੰ ਆਪ ਹੀ ਲੰਘਣਾ ਪਵੇਗਾ । ਬੁੱਧ ਨੇ ਵੀ ਇਹੋ ਬਚਨ ਕਹੇ ਸਨ । ਹਰ ਸਾਧਕ ਦੀ ਅੰਦਰੂਨੀ ਯਾਤਰਾ ਦੌਰਾਨ ਇਕ ਮੁਕਾਮ ਇਹੋ ਜਿਹਾ ਆਉਂਦਾ ਹੈ , ਜਦੋਂ ਉਸ ਨੂੰ ਉਸੇ ਸਖਸ਼ ਤੋਂ ਵਿਛੜਨਾ ਪੈਂਦਾ ਹੈ, ਜੋ ਉਸ ਨੂੰ ਇਸ ਮੂਕਾਮ ਤੱਕ ਲੈ ਕੇ ਆਇਆ ਸੀ ।
ਇਹੋ ਘੜੀ ਹੁਣ ਹਰਿਭਜਨ ਦੇ ਵੀ ਜੀਵਨ ਵਿਚ ਆ ਗਈ ਹੈ । ਜੋ ਜ਼ੰਜੀਰਾਂ ਖੁਦ ਉਸ ਨੇ ਆਪਣੀ ਚੇਤਨਾ ਦੇ ਗਿਰਦ ਵੱਲ ਲਈਆਂ ਸਨ । ਸੰਤ ਹਜ਼ਾਰਾ ਸਿੰਘ ਨੇ ਇਕ ਇਕ ਕਰਕੇ ਸਭ ਉਤਾਰ ਦਿੱਤੀਆਂ ਸਨ । ਹਰਿਭਜਨ ਹੁਣ ਅੰਦਰੂਨੀ ਉਰਜਾ ਨਾਲ ਲਬਰੇਜ਼ ਹੋ ਰਿਹਾ ਸੀ । ਉਸ ਜਾਣ ਲਿਆ ਸੀ ਕਿ ਸਭ ਹੱਦਾਂ ਬੰਨੇ ਉਸ ਦੇ ਆਪਣੇ ਸਿਰਜੇ ਹੋਏ ਸਨ । ਕੁੰਡਲਨੀ ਯੋਗ ਤੇ ਤੰਤਰ ਵਿੱਦਿਆ ਵਿਚ ਉਹ ਪੂਰੀ ਤਰ੍ਹਾਂ ਮਾਹਿਰ ਹੋ ਚੁੱਕਾ ਸੀ । ਪਰ ਇਹ ਗੱਲ ਹਾਲੇ ਵੀ ਉਸ ਤੋਂ ਛੁਪੀ ਹੋਈ ਸੀ ਕਿ ਇਸ ਵੱਦਿਆ ਨੇ ਉਸ ਦੇ ਜੀਵਨ ਵਿਚ ਕੀ-ਕੀ ਗੁੱਲ ਖਿੜਾਉਣੇ ਸਨ । ਉਹ ਕਿਹੜੀਆਂ ਚੁਣੌਤੀਆਂ ਤੇ ਜ਼ਿੰਮੇਵਾਰੀਆਂ ਸਨ ਜੋ ਉਸ ਦੀ ਰਾਹ ਦੇਖ ਰਹੀਆਂ ਸਨ । ਇਕ ਦਿਨ ਅਚਾਨਕ ਸੰਤ ਹਜ਼ਾਰਾ ਸਿੰਘ ਨੇ ਉਸ ਨੂੰ ਆਪਣੇ ਕੋਲ ਬੁਲਾਇਆ । ਅਪਣੀ ਹੋਣੀ ਤੋਂ ਅਨਜਾਣ ਸ਼ਰਧਾ ਤੇ ਸ਼ੁਕਰਾਨੇ ਨਾਲ ਭਰਿਆ ਹਰਿਭਜਨ ਸੰਤਾਂ ਦੀ ਹਜ਼ੂਰੀ ਵਿਚ ਜਾ ਪੇਸ਼ ਹੋਇਆ ।
ਇਹ ਸੰਤਾਲੀ ਦਾ ਦੌਰ ਸੀ । ਆਉਂਦੀ ਤਬਾਹੀ ਦੀਆਂ ਕੰਨਸੋਆਂ ਪਹਿਲਾਂ ਹੀ ਸੁਣਾਈ ਪੈਣ ਲੱਗੀਆਂ ਸਨ । ਸੰਤ ਹਜ਼ਾਰਾ ਸਿੰਘ ਪੁਰਾਣੇ ਆਜ਼ਾਦੀ ਘੁਲਾਟੀਏ ਸਨ । ਹਰਿਭਜਨ ਸਿੰਘ ਸਾਹ ਰੋਕੀਂ ਉਸ ਰੋਹਬਦਾਰ ਸਖਸ਼ ਮੂਹਰੇ ਹੱਥ ਬੱਧੀ ਖੜ੍ਹੇ ਸਨ । ਵੱਜਰ ਵਰਗੀ ਚੁੱਪੀ ਚੁਫੇਰੇ ਫੈਲੀ ਹੋਈ ਸੀ । ਆਖਰ ਸੰਤ ਜੀ ਨੇ ਮੌਨ ਤੋੜਿਆ । ਉਹ ਸਿੱਧੇ ਤੌਰ 'ਤੇ ਹਰਿਭਜਨ ਨੂੰ ਹੀ ਸੰਬੋਧਿਤ ਕਰ ਰਹੇ ਸੀ । ਉਨ੍ਹਾਂ ਦੱਸਿਆ ਕਿ ਆਉਣ ਵਾਲਾ ਸਮਾਂ ਉਸ ਲਈ 'ਇਕ ਜਿਉਂਦੇ ਜਾਗਦੇ ਨਰਕ' ਵਾਂਗ ਹੀ ਹੋਏਗਾ । ਹੋ ਸਕਦਾ ਹੈ ਕਿ ਇਹ ਇਸ਼ਾਰਾ ਸੰਤਾਲੀ ਦੀ ਵੰਡ ਵੱਲ ਹੀ ਹੋਵੇ । ਪਰ ਵਿਅਕਤੀਗਤ ਤੌਰ 'ਤੇ ਹਰਭਜਨ ਲਈ ਉਸ ਦੇ ਅਰਥ ਕੁਝ ਹੋਰ ਹੀ ਸਨ । ਇਸ ਦਾ ਉਸ ਨੂੰ ਉਦੋਂ ਤਕ ਵੀ ਅਹਿਸਾਸ ਨਹੀਂ ਸੀ । ਮਾਸਟਰ ਦਾ ਵਾਕ ਹਾਲੇ ਵੀ ਅਧੂਰਾ ਸੀ । ਸਾਹ ਵਿਚਾਲੇ ਰੋਕੀਂ ਹਰਿਭਜਨ ਜਿਵੇਂ ਹਵਾ ਵਿਚ ਲਟਕ ਰਿਹਾ ਸੀ ।
ਆਖਰ ਫਰਮਾਨ ਪੂਰਾ ਹੋਇਆ । ਹੁਕਮ ਬਹੁਤ ਹੀ ਸਖਤ ਸੀ । ਹੁਕਮ ਸੁਣਾਇਆ ਗਿਆ ਸੀ ਉਹ ਹੁਣ ਕਦੇ ਵੀ ਉਨ੍ਹਾਂ ਦੇ ਰੂ-ਬ-ਰੂ ਨਹੀਂ ਹੋਵੇਗਾ । ਸਭ ਕੁਝ ਬਹੁਤ ਅਚਾਨਕ ਵਾਪਰਿਆ ਸੀ । ਹਰਿਭਜਨ ਇਸ ਲਈ ਤਿਆਰ ਨਹੀਂ ਸੀ । ਇਹ ਸਬਕ ਉਸ ਲਈ ਅਤਿਅੰਤ ਤਕਲੀਫਦੇਹ ਸੀ । ਪਰ ਜ਼ਿੰਦਗੀ ਦੀ ਕਸੌਟੀ 'ਤੇ ਖ਼ਰਾ ਉਤਰਨ ਲਈ ਸ਼ਾਇਦ ਇਸ ਪਰਖ ਵਿਚੋਂ ਵੀ ਲੰਘਣਾ ਲਾਜ਼ਮੀ ਸੀ । ਇਮਤਿਹਾਨ ਦੀ ਇਹ ਆਖਰੀ ਘੜੀ ਸੀ । ਆਦਿ ਕਾਲ ਤੋਂ ਰਹੱਸਦਰਸ਼ੀਆਂ ਨੇ ਆਪੋ ਆਪਣੇ ਨੁਕਤੇ ਤੋਂ ਪਰੀਖਿਆ ਦੀ ਇਸ ਘੜੀ ਦਾ ਚਿੱਤਰ ਪੇਸ਼ ਕੀਤਾ ਹੈ । ਸ਼ਾਇਦ ਇਹ ਆਖਰੀ ਮੁਕਾਮ ਹੈ ਜਿੱਥੇ ਦਵੈਤ ਦੇ ਅੰਤਮ ਅਹਿਸਾਸ ਤੋਂ ਵੀ ਵਿਦਾ ਲਈ ਜਾਂਦੀ ਹੈ ।
ਹਰਿਭਜਨ ਦੀ ਉਸ ਸਮੇਂ ਦੀ ਹਾਲਤ ਰਾਮ ਕ੍ਰਿਸ਼ਨ ਪਰਮਹੰਸ ਦੀ ਦੁਬਿਧਾ ਨਾਲ ਮੇਲ ਖਾਂਦੀ ਸੀ । ਪਰਮਹੰਸ ਸਾਹਮਣੇ ਵੀ ਉਹ ਪ੍ਰੀਖਿਆ ਦੀ ਸਭ ਤੋਂ ਕਠਿਨ ਘੜੀ ਸੀ । ਗੁਰੂ ਦਾ ਆਦੇਸ਼ ਸੀ ਕਿ ਪਰਮਹੰਸ ਆਪਣੇ ਅੰਦਰਲੀ ਕਾਲੀ ਦੀ ਉਸ ਮੂਰਤ ਤੋਂ ਮੁਕਤ ਹੋਵੇ ਜੋ ਪਲਕਾਂ ਬੰਦ ਕਰਦੇ ਹੀ ਉਸ ਦਾ ਅੰਦਰ ਆ ਮੱਲਦੀ ਹੈ । ਪਰਮਹੰਸ ਨੂੰ ਉਸ ਛਬੀ ਨਾਲ ਪ੍ਰਾਣਾਂ ਨਾਲੋਂ ਵੀ ਵੱਧ ਪਿਆਰ ਸੀ । ਪਰ ਸੰਤ ਤੋਤਾ ਰਾਮ , ਜੋ ਪਰਮਹੰਸ ਹੋਰਾਂ ਦੇ ਗੁਰੂ ਸਨ, ਇਸ ਮੱਤ ਉਤੇ ਦ੍ਰਿੜ ਸਨ ਕਿ ਉਸ ਮਨਭਾਉਂਦੀ ਛਬੀ ਦੀ ਗਰਦਨ ਉਤਾਰੇ ਤੋਂ ਬਿਨਾ ਪਰਮਹੰਸ ਕਦੇ ਵੀ ਧਿਆਨ ਦੇ ਅਖੰਡ ਅਕਾਸ਼ ਨੂੰ ਹਾਸਲ ਨਹੀਂ ਹੋ ਸਕਦਾ ।
ਪਰਮਹੰਸ ਵਾਂਗ ਹੀ ਹਰਿਭਜਨ ਵੀ ਕਿਸੇ ਹਲਾਲ ਹੋ ਰਹੇ ਬਕਰੇ ਵਾਂਗ ਤੜਪ ਰਿਹਾ ਸੀ । ਜੁਦਾਈ ਦਾ ਦਰਦ ਉਸ ਲਈ ਅਸਹਿ ਸੀ । ਪਰ ਰੂਹਾਨੀ ਟੀਚਰ ਦੇ ਆਦੇਸ਼ ਮੂਹਰੇ ਹੋਰ ਕੋਈ ਚਾਰਾ ਵੀ ਨਹੀਂ ਸੀ । ਹਰਿਭਜਨ , ਜੋ ਉਸ ਸਮੇਂ ਹਾਲੇ ਇਕ ਬਾਲਕ ਹੀ ਸੀ , ਨੇ ਆਪਣੇ ਜੀਵਨ ਵਿਚ ਕਈ ਮੁਕਾਮ ਹਾਸਲ ਕੀਤੇ । ਯੋਹੀ ਭਜਨ- ਮਹਾਂਤਾਂਤਰਿਕ ਹਰਿਭਜਨ, ਸ੍ਰੀ ਸਿੰਘ ਸਾਹਿਬ ਤੇ ਭਾਈ ਸਾਹਿਬ ਵਰਗੀਆਂ ਉਪਾਧੀਆਂ ਹਾਸਲ ਕੀਤੀਆਂ । ਪਰ ਤਮਾਮ ਉਮਰ ਉਨ੍ਹਾਂ ਆਪਣੇ ਮਾਸਟਰ ਨਾਲ ਕੀਤੇ ਹੋਏ ਕੌਲ ਨੂੰ ਪੂਰੀ ਸਿਦਕ ਨਾਲ ਨਿਭਾਇਆ।
ਇਸ ਘਟਨਾ ਤੋਂ ਕੋਈ ਢਾਈ ਤਿੰਨ ਦਹਾਕੇ ਤੋਂ ਬਾਅਦ ਹੀ ਸੰਤ ਹਜ਼ਾਰਾ ਸਿੰਘ ਨੇ ਆਪਣੀ ਦੇਹ ਦਾ ਤਿਆਗ ਕੀਤਾ ਸੀ । ਵਿਛੋੜੇ ਦਾ ਇਹ ਦੌਰ ਬਹੁਤ ਹੀ ਲੰਬਾ ਸੀ । ਇਕ ਵਾਰ ਯੋਗੀ ਭਜਨ ਆਪਣੇ ਗੁਰੂ ਦੇ ਜੱਦੀ ਪਿੰਡ ਦੋਰਾਹੇ ਕੋਲੋਂ ਲੰਗ ਰਹੇ ਸਨ । ਉਨ੍ਹਾਂ ਦੇ ਸਬਰ ਦਾ ਪੈਮਾਨਾ ਛਲਕ ਗਿਆ ਸੀ । ਉਨ੍ਹਾਂ ਕਿਸੇ ਹੱਥ ਸੁਨੇਹਾ ਘੱਲਿਆ ਤੇ ਆਪਣੇ ਨੇੜੇ ਹੋਣ ਦੀ ਖ਼ਬਰ ਭੇਜੀ । ਪਰ ਮਾਸਟਰ ਦੀ ਹੋਰ ਸੰਗਤ ਸ਼ਾਇਦ ਹੁਣ ਉਨ੍ਹਾਂ ਦੇ ਮੁਕੱਦਰ ਵਿਚ ਨਹੀਂ ਸੀ । ਸੰਤ ਹੋਰਾਂ ਦਾ ਸੁਭਾਹ ਅੱਜ ਵੀ ਪਹਿਲਾਂ ਵਾਂਗ ਅਡੋਲ ਸੀ । ਉਨ੍ਹਾਂ ਦਾ ਜਵਾਬ ਆਇਆ ਸੀ । ਜਵਾਬ ਇਹੋ ਸੀ ਕਿ ਉਨ੍ਹਾਂ ਨੂੰ ਉਸ ਦੀ ਮੌਜੂਦਗੀ ਦੀ ਖ਼ਬਰ ਹੈ । ਪਰ ਇਕ ਵਾਰ ਫੇਰ 'ਚਲਦੇ ਰਹਿਣ' ਦਾ ਹੁਕਮ ਆਇਆ ਸੀ । ਚੁਣੀ ਹੋਈ ਰਾਹ 'ਤੇ ਨਿੱਤ ਨਵੀਆਂ ਮੰਜ਼ਿਲਾਂ ਵੱਲ , ਨਵੇਂ ਸਾਥੀਆਂ ਸੰਗ , ਨਵੇਂ ਕਾਫਲੇ ਉਸਾਰਦੇ ਹੋਏ ।
ਇਸ ਤੋਂ ਬਾਅਦ ਵੀ ਹਰਿਭਜਨ ਨੇ ਆਪਣੀ ਯੋਗ ਸਾਧਨਾ ਜਾਰੀ ਰਖੀ ਸੀ । ਯੋਗ ਸਮ੍ਰਿਤੀ ਦੇ ਅਚਾਰੀਆ ਨਰਿੰਦਰ ਦੇਵ ਤੋਂ ਉਨ੍ਹਾਂ ਹੱਠ ਯੋਗ ਦੀ ਵਿੱਦਿਆ ਹਾਸਲ ਕੀਤੀ । ਇਹ ਵਿਦਿਆ ਤੁਹਾਡੇ ਤੰਤੂ-ਪ੍ਰਬੰਧ ਵਿਚ ਆਏ ਵਿਗਾੜਾਂ ਅਤੇ ਅਸੰਤੁਲਨ ਨੂੰ ਦੂਰ ਕਰਨ ਲਈ ਰਾਮ-ਬਾਣ ਵਾਂਗ ਕੰਮ ਕਰਦੀ ਸੀ । ਸੰਸਾਰ ਪ੍ਰਸਿੱਧ ਸ਼ਿਵਾਨੰਦ ਆਸ਼ਰਮ ਤੋਂ ਸਨਾਤਨ ਧਰਮ ਦੀਆਂ ਸਦੀਵੀ ਸਚਾਈਆਂ ਦੀ ਸਿੱਖਿਆ ਹਾਸਲ ਕੀਤੀ । ਰਿਸ਼ੀਕੇਸ਼ ਵਰਗੀ ਰਮਣੀਕ ਜਗ੍ਹਾ ਉਤੇ ਸਥਿਤ ਇਹ ਆਸ਼ਰਮ ਰੂਹਾਨੀ ਚੇਤਨਾ ਦਾ ਇਕ ਪੁਰਾਤਨ ਸਰੋਤ ਸੀ । ਇਥੋਂ ਹੀ ਸੁਆਮੀ ਚਿਦਾਨੰਦ , ਸਵਾਮੀ ਵਿਸ਼ਨੂ ਦੇਵਾਨੰਦ ਅਤੇ ਸਵਾਮੀ ਸੱਚਿਦਾ ਨੰਦ ਵਰਗੀਆਂ ਸ਼ਖ਼ਸੀਅਤਾਂ ਨੇ ਧਰਮ ਦੀ ਦੀਕਸ਼ਾ ਹਾਸਲ ਕੀਤੀ ਸੀ । ਧਰਮ ਦੇ ਇਸ ਸਰੋਤ ਵਿਚੋਂ ਯੋਗੀ ਜੀ ਨੇ ਸਨਾਤਮ-ਧਰਮ ਧਾਰਾ ਦੇ ਰੰਗ ਵਿਚ ਆਪਣੇ ਹਿਰਦੇ ਅਤੇ ਚੇਤਨਾ ਨੂੰ ਪੂਰੀ ਤਰ੍ਹਾਂ ਰੰਗ ਲਿਆ ਸੀ ।
ਸੰਤ ਰਣਜੀਤ ਸਿੰਘ ਜੀ ਵੀ ਸ੍ਰੀ ਸਿੰਘ ਸਾਹਿਬ ਹਰਿਭਜਨ ਜੀ ਦੇ ਉਸ ਦੌਰ ਦੇ ਅਹਿਮ ਟੀਚਰਾਂ ਵਿਚੋਂ ਇਕ ਸਨ । ਉਨ੍ਹਾਂ ਯੋਗੀ ਜੀ ਨੂੰ ਸਰਵਕਾਲੀ ਤੇ ਸਰਵ-ਭੌਮਿਕ ਰੂਹਾਨੀਅਤ ਦਾ ਪਾਠ ਪੜ੍ਹਾਇਆ ਸੀ । ਇਸ ਦੇ ਹਮਰਾਹ ਹੀ ਉਨ੍ਹਾਂ ਨੇ ਵੱਖ ਵੱਖ ਧਰਮਾਂ ਦੇ ਵੱਖ ਵੱਖ ਵਿਚਾਰਾਂ ਅਤੇ ਸੰਕਲਪਾਂ ਦੀ ਰੂਹਾਨੀਅਤ ਦੇ ਸੰਦਰਭ ਵਿਚ ਵਿਆਖਿਆ ਵੀ ਕੀਤੀ ਸੀ । ਇੰਨੀ ਛੋਟੀ ਉਮਰ ਵਿਚ ਇਹ ਸਭ ਕੁਝ ਨੂੰ ਹਜ਼ਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ । ਪਰ ਗਿਆਨ ਲਈ ਹਰਿਭਜਨ ਦੀ ਪਿਆਸ ਦੀ ਕੋਈ ਥਾਹ ਨਹੀਂ ਸੀ । ਉਨ੍ਹਾਂ ਦਾ ਖੋਜੀ ਮਨ ਦੂਰ-ਦੁਰਡੇ ਜੋਗੀਆਂ, ਸਾਧਾਂ , ਸੁਆਮੀਆਂ , ਜਿਥੇਂ ਵੀ ਕਿਧਰੇ ਗਿਆਨ ਦੀ ਲੋਅ ਦਿਖਾਈ ਪੈਂਦੀ , ਦੇ ਡੇਰਿਆਂ ਵੱਲ ਲਈ ਫਿਰਦਾ ।
ਇਹ ਸਭ ਕੁਝ ਇਕ ਤਰ੍ਹਾਂ ਨਾਲ ਉਸ ਸਖ਼ਸ਼ ਦੇ ਹੋਂਦ ਵਿਚ ਆਉਣ ਦਾ ਲੰਮਾ ਅਮਲ ਹੀ ਸੀ , ਜਿਸ ਨੇ ਪਛੱਮ ਵਿਚ ਜਾ ਕੇ ਸਿੱਖ ਧਰਮ ਦੀ ਬੁਨੀਆਦ ਰੱਖਣੀ ਸੀ । ਸਿਰਫ ਇੰਨਾ ਹੀ ਨਹੀਂ , ਇਸ ਦੇ ਨਾਲ ਹੀ ਨਾਲ ਫਿਰਕੂ ਹਨੇਰੀਆਂ ਅਤੇ ਸਭਿਆਤਾਵਾਂ ਦੇ ਟਕਰਾੳ ਦੇ ਇਸ ਦੌਰ ਵਿਚ ਰੂਹਾਨੀ ਏਕਤਾ ਅਤੇ ਪੂਰਵ-ਪਛਮ ਦੇ ਮਿਲਨ ਦਾ ਮੁੱਢ ਬੰਨ੍ਹਣਾ ਸੀ । ਇਹ ਸਭ ਕੁਝ ਤੋਂ ਬੇਖਬਰ ਸੱਚ ਦਾ ਪਾਂਧੀ ਹਰਿਭਜਨ ਉਨ੍ਹੀਂ ਦਿਨੀਂ ਪੂਰੀ ਤਨਦੇਹੀ ਨਾਲ ਆਪਣੀ ਤਲਾਸ਼ ਨੂੰ ਜੀ ਰਿਹਾ ਸੀ । ਇਸ ਸਾਰੀ ਭਾਲ ਦੇ ਬਾਵਜੂਦ ਉਸ ਅੰਦਰ ਕਿਤੇ ਵੀ ਭਟਕਨ ਨਹੀਂ ਸੀ । ਅੰਦਰਲੇ ਧਰਾਤਲ ਉਤੇ ਉਸ ਦੇ ਪੈਰ ਪੂਰੀ ਤਰ੍ਹਾਂ ਟਿਕੇ ਹੋਏ ਸਨ । ਉਹ ਕਬੀਰ ਦੇ ਇਸ ਦੋਹੇ ਲਈ ਇਕ ਢੁਕਵੀਂ ਮਿਸਾਲ ਸੀ,

ਸਾਧੂ ਐਸਾ ਚਾਹੀਏ, ਜੈਸੇ ਸੂਪ ਸੁਭਾਏ
ਸਾਰ ਸਾਰ ਕੋ ਗਹਿ ਲਏ, ਥੋਥਾ ਦਏ ਉਡਾਏ ।