"ਜਨਮ ਭੂਮੀ ਦਾ ਮੋਹ ਬੜਾ ਹੀ ਜ਼ਾਲਮ ਹੁੰਦਾ ਹੈ । ਇਸ
ਗੱਲ ਦਾ ਅਹਿਸਾਸ ਮੈਨੂੰ ਅਮਰੀਕਨ ਸ਼ਹਿਰੀ ਹੋ
ਜਾਣ ਤੋਂ ਬਾਦ ਬੜੀ ਸ਼ਿਦਤ ਨਾਲ ਹੋ ਰਿਹਾ ਹੈ ।
ਗੁਰੂ ਰਾਮ ਦਾਸ ਦੀਆਂ ਮਿਹਰਾਂ ਦਾ ਅਨੰਦ
ਮਾਣਦਿਆਂ ਵੀ, ਗੁਰੂਆਂ ਦੀ ਧਰਤੀ ਦੇ ਉਦਰੇਂਵੇਂ
ਦਾ ਭਾਰ ਹੌਲਾ ਕਰਨ ਲਈ ਮੌਕਾ ਮਿਲਦਿਆਂ ਹੀ
ਪੰਜਾਬ ਨੂੰ ਭੱਜੀਦਾ ਹੈ"
ਇਹ ਇਕ ਨਿਰ ਵਿਵਾਦ ਸੱਚ ਹੈ ਕਿ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਿਭਜਨ ਸਿੰਘ ਯੋਗੀ ਜੀ ਦੀ ਕਰਮ ਭੂਮੀ ਹੋਣ ਦਾ ਸੁਭਾਗ ਪੱਛਮ ਨੂੰ ਹਾਸਲ ਹੋਇਆ ਹੈ । ਪਿਛਲੇ ਲਗੱਭਗ ਚਾਰ ਦਹਾਕਿਆਂ ਤੋਂ ਉਹੀ ਧਰਤੀ ਉਨ੍ਹਾਂ ਦੀਆਂ ਬਹੁਆਯਾਮੀ ਗਤੀਵਿਧੀਆਂ ਦਾ ਕੇਂਦਰ ਰਹੀ ਹੈ । ਉਨ੍ਹਾਂ ਦੀ ਹੀ ਪ੍ਰੇਰਣਾ ਸਦਕਾ ਪਛੱਮੀ ਲੋਕਾਂ ਵਿਚ ਸਿੱਖ ਧਰਮ ਦੀ ਫੁਲਵਾੜੀ ਮਹਿਕਣੀ ਸ਼ੁਰੂ ਹੋਈ । ਪੱਛਮੀ ਦਾਇਰੇ ਵਿਚ ਸਿੱਖ ਧਰਮ ਦੀ ਸਥਾਪਨਾ ਲਈ ਸਿੱਖ ਕੌਂਸਲ ਦੀ ਉਸਾਰੀ ਦਾ ਸਹਿਰਾ ਵੀ ਉਨ੍ਹਾਂ ਦੇ ਸਿਰ ਹੈ । ਅੱਜ ਵੀ ਇਹ ਸੰਸਥਾ ਉਥੋਂ ਸਿੱਖ ਧਰਮ ਦੀ ਮੁੱਖ ਪ੍ਰਬੰਧਗੀ ਕਮੇਟੀ ਹੈ । ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ 'ਲੰਗਰ' ਤੇ 'ਦਸਵੰਧ' ਵਰਗੇ ਸੰਕਲਪਾਂ ਦਾ ਪਛੱਮ ਦੀ 'ਮੰਡੀ- ਮਾਨਸਿਕਤਾ' ਵਿਚ ਪ੍ਰਵੇਸ਼ ਸੰਭਵ ਹੋਇਆ । ਕੁੰਡਲਨੀ ਯੋਗ ਤੇ ਵਾਈਟ ਤੰਤਰ ਯੋਗ ਨੂੰ ਪੱਛਮੀ ਜੀਵਨ ਦਾ ਹਿੱਸਾ ਬਣਾਉਣ ਵਿਚ ਵੀ ਉਨ੍ਹਾਂ ਦਾ ਯੋਗਦਾਨ ਇਤਿਹਾਸਕ ਹੈ । 3 ਐਚ ਓ ਵਰਗੀ ਸੰਸਥਾ, ਜਿਸ ਦਾ ਤਾਣਾ ਬਾਣਾ ਅੱਜ ਪੂਰੇ ਪੱਛਮੀ ਜਗਤ ਵਿਚ ਫੈਲਿਆ ਹੋਇਆ ਹੈ, ਉਨ੍ਹਾਂ ਦੀ ਹੀ ਸਿਰਜਣਾ ਹੈ । ਇੰਨੇ ਸਾਰੇ ਰੁਝੇਵਿਆਂ ਦੇ ਬਾਵਜੂਦ ਵੀ ਉਨ੍ਹਾਂ ਕਦੇ ਵੀ ਆਪਣੀ ਜਨਮ ਭੂਮੀ ਨੂੰ ਵਿਸਾਰਿਆ ਨਹੀਂ । ਆਪਣੇ ਵਿਦਿਆਰਥੀਆਂ ਨਾਲ ਹਰ ਇਤਿਹਾਸਕ ਮੌਕੇ ਉਤੇ ਇਸ ਧਰਤੀ ਦੀ ਯਾਤਰਾ 'ਤੇ ਆਉਣਾ, ਉਨ੍ਹਾਂ ਲਈ ਹਮੇਸ਼ਾ ਤੀਰਥ ਯਾਤਰਾ ਦਾ ਹੀ ਦਰਜਾ ਰੱਖਦਾ ਸੀ । ਖਾਲਸੇ ਦੀ ਦੂਜੀ ਪੀੜ੍ਹੀ ਨੂੰ ਸਿੱਖਿਆ ਹਾਸਲ ਕਰਨ ਵਾਸਤੇ ਭਾਰਤ ਭੇਜਣਾ ਤੇ ਸਿੱਖ ਧਾਰਮਿਕ ਤੇ ਇਤਿਹਾਸਕ ਸਥਾਨਾਂ ਲਈ ਉਨ੍ਹਾਂ ਦੇ ਮਨਾਂ ਵਿਚ ਸਾਂਝ ਦੀ ਭਾਵਨਾ ਪੈਦਾ ਕਰਨੀ, ਇਹ ਸਭ ਇਸੇ ਹੀ ਗੱਲ ਦੇ ਪ੍ਰਤੱਖ ਪ੍ਰਮਾਣ ਹਨ ।
ਦੋ ਸਾਲ ਤਾਈਂ ਆਪਣੇ ਪਰਿਵਾਰ ਤੇ ਮਿਤਰਾਂ ਤੋਂ ਦੂਰ ਰਹਿਣ ਉਪਰੰਤ ਦਸੰਬਰ 1970 ਹਰਿਭਜਨ ਸਿੰਘ ਯੋਗੀ ਨੇ ਘਰ ਵਾਪਸੀ ਦਾ ਮਨ ਬਣਾਇਆ । ਉਹ ਇਕੱਲੇ ਨਹੀਂ ਸਨ । ਉਨ੍ਹਾਂ ਦੇ ਨਾਲ ਦੇ 84 ਵਿਦਿਆਰਥੀ ਵੀ ਇਸ ਤੀਰਥ ਯਾਤਰਾ 'ਤੇ ਉਨ੍ਹਾਂ ਦੇ ਸੰਗੀ ਸਨ । ਉਨ੍ਹਾਂ ਵਿਚੋਂ ਬਹੁਤੇ ਤਾਂ ਉਹ ਸਨ ਜਿਨ੍ਹਾਂ ਹਾਲ ਹੀ ਵਿਚ ਸਿੱਖ ਧਰਮ ਅੰਦਰ ਪ੍ਰਵੇਸ਼ ਕੀਤਾ ਸੀ । ਯੋਗੀ ਭਜਨ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਤੇ ਲੈ ਕੇ ਜਾਣਾ ਚਾਹੁੰਦੇ ਸਨ । ਗੋਲਡਨ ਟੈਂਪਲ ਦੇ ਦਰਸ਼ਨਾਂ ਦੀ ਤਾਂਘ ਉਨ੍ਹਾਂ ਦੇ ਨਾਲ ਹੀ ਸਾਰੇ ਜਥੇ ਵਿਚ ਹੀ ਪੂਰੇ ਸਿਖਰ 'ਤੇ ਸੀ । ਹਰ ਕੋਈ ਉਸ ਥਾਂ ਨੂੰ ਆਪਣੀਆਂ ਅੱਖਾਂ ਨਾਲ ਨਿਹਾਰਨਾ ਚਾਹੁੰਦਾ ਸੀ । ਜਿਸ ਦੀ ਸਫਾਈ ਕਰ ਕੇ ਉਨ੍ਹਾਂ ਦੇ ਜੀਵਨ ਦੇ ਟੀਚਰ ਨੇ ਉਹ ਦੁਰਲਭ ਗਿਆਨ ਹਾਸਲ ਕੀਤਾ ਸੀ ।
ਉਥੇ ਪਹੁੰਚਣ 'ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਗਿਆਨੀ ਮਹਿੰਦਰ ਸਿੰਘ ਨੇ ਉਨ੍ਹਾਂ ਦਾ ਪੁਰਜ਼ੋਰ ਸਵਾਗਤ ਕੀਤਾ। ਯੋਗੀ ਭਜਨ ਦੇ ਉਨ੍ਹਾਂ ਗੋਰੀ ਨਸਲ ਦੇ ਵਿਦਿਆਰਥੀਆਂ ਨੂੰ ਦੇਖ ਕੇ ਉਹ ਹੈਰਤ ਵਿਚ ਸੀ । ਗੋਰੀ ਚਮੜੀ ਵਾਲੇ ਲੋਕਾਂ ਦਾ ਆਮ ਪ੍ਰਭਾਵ ਤਾਂ ਇਹੋ ਸੀ ਕਿ ਉਹ ਭਾਰਤੀਆਂ ਨੂੰ ਬੰਦੇ ਮੰਨਣ ਲਈ ਵੀ ਤਿਆਰ ਨਹੀਂ । ਬਸਤੀਵਾਦੀ ਦੌਰ ਦੀਆਂ ਕੌੜੀਆਂ ਯਾਦਾਂ ਹਾਲੇ ਵੀ ਮਨਾਂ ਵਿਚ ਤਾਜ਼ਾਂ ਸਨ । ਪਰ ਯੋਗੀ ਭਜਨ ਨੇ ਤਾਂ ਦੋ ਸਾਲਾਂ ਦੇ ਨਿਗੂਣੇ ਜਿਹੇ ਸਮੇਂ ਵਿਚ ਇਤਿਹਾਸ ਨੂੰ ਨਵੀਂ ਦਿਸ਼ਾ ਹੀ ਦੇ ਦਿੱਤੀ ਸੀ । ਹੁਣ ਉਨ੍ਹਾਂ ਲੋਕਾਂ ਲਈ ਹਰੀ ਮੰਦਰ ਦਾ ਰੁਤਬਾ ਉਹੀ ਸੀ ਜੋ ਕਦੀ ਬੋਧੀ ਭਿਕਸ਼ੂਆਂ ਲਈ ਗਯਾ ਜਾਂ ਤਕਸ਼ਿਲਾ ਦਾ ਹੁੰਦਾ ਸੀ । ਇਹ ਕਰਾਮਾਤ ਇਕ ਇਕੱਲੇ ਗੁਰੂ ਦੇ ਸਿੱਖ ਦੀ ਸੀ ।
ਇਸੇ ਦੋਰਾਨ ਯੋਗੀ ਜੀ ਦੀਆਂ ਮੁਲਾਕਾਤਾਂ ਸਿੱਖ ਭਾਈਚਾਰੇ ਦੇ ਦੂਜੇ ਅਹਿਮ ਲੀਡਰਾਂ ਨਾਲ ਵੀ ਹੋਈਆਂ । ਇਨ੍ਹਾਂ ਵਿਚ ਐਸ ਜੀ ਪੀ ਸੀ ਦੇ ਪ੍ਰਧਾਨ ਸੰਤ ਚਾਨਣ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਵੀ ਸਨ । ਯੋਗੀ ਭਜਨ ਦੀਆਂ ਅਹਿਮ ਮਿਸ਼ਨਰੀ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਅਕਾਲ ਤਖਤ ਉਤੇ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ । ਪੱਛਮੀ ਸੰਸਾਰ ਵਿਚ ਸਿੱਖ ਧਰਮ ਦੀ ਸਥਾਪਨਾ ਲਈ ਐਸ ਜੀ ਪੀ ਸੀ ਵਲੋਂ ਇਕ ਅਧਿਕਾਰ ਪੱਤਰ ਵੀ ਸੌਂਪਣ ਦਾ ਨਿਰਣਾ ਲਿਆ ਗਿਆ ਸੀ । ਸੰਤ ਫਤਿਹ ਸਿੰਘ ਨੇ ਇਸ ਮੌਕੇ 'ਤੇ ਇਹ ਸੰਕੇਤ ਵੀ ਦਿੱਤਾ ਕਿ ਉਸ ਮੌਕੇ 'ਤੇ 'ਸਿਰੀ ਸਾਹਿਬ' ਭੇਂਟ ਕਰਨ ਦੇ ਨਾਲ ਹੀ ਹਰਿਭਜਨ ਸਿੰਘ ਨੂੰ ਸਿੰਘ ਸਾਹਿਬ ਦਾ ਖਿਤਾਬ ਵੀ ਦਿੱਤਾ ਜਾਵੇਗਾ । ਸੰਤ ਚਾਨਣ ਸਿੰਘ ਦੀ ਰਾਇ ਇਹ ਸੀ ਕਿ ਜਿਹੜਾ ਸ਼ਖਸ ਪੱਛਮ ਅੰਦਰ ਅਨੇਕਾਂ ਸਿੰਘ ਸਾਹਿਬ ਖੜ੍ਹੇ ਕਰਨ ਜਾ ਰਿਹਾ ਹੈ, ਉਸ ਲਈ ਇਹ ਕਾਫੀ ਨਹੀਂ । ਇਸ ਲਈ ਯੋਗੀ ਭਜਨ ਨੂੰ ਸ੍ਰੀ ਸਿੰਘ ਸਾਹਿਬ ਦਾ ਦਰਜਾ ਦੇਣ ਦਾ ਫੈਸਲਾ ਹੋਇਆ ।
3 ਮਾਰਚ 1971 ਨੂੰ ਅਕਾਲ ਤਖਤ ਦੇ ਸਾਹਮਣੇ ਸਮੂਹ ਸੰਗਤ ਦੀ ਹਾਜ਼ਰੀ ਵਿਚ ਅਕਾਲ ਤਖਤ ਦੇ ਤਤਕਾਲੀ ਜਥੇਦਾਰ (ਹੈਡ ਗ੍ਰੰਥੀ) ਨੇ ਹਰਿਭਜਨ ਸਿੰਘ ਯੋਗੀ ਨੂੰ ਇਸ ਸਨਮਾਨ ਨਾਲ ਨਿਵਾਜਿਆ । ਹਰਿਭਜਨ ਸਿੰਘ ਯੋਗੀ ਸਿੱਖ ਇਤਿਹਾਸ ਵਿਚ ਪਹਿਲਾ ਸਖਸ਼ ਸੀ ਜਿਸ ਨੂੰ ਸ੍ਰੀ ਸਿੰਘ ਸਾਹਿਬ ਦਾ ਰੁਤਬਾ ਹਾਸਲ ਹੋਇਆ ਸੀ । ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਸੀ । ਪਰ ਅਮਰੀਕਾ ਵਾਪਸੀ ਤੇ ਆਪਣੇ ਵਿਦਿਆਰਥੀਆਂ ਲਈ ਸਿਰਫ ਯੋਗੀ ਭਜਨ ਹੀ ਬਣਿਆ ਰਿਹਾ ਸੀ । ਉਨ੍ਹਾਂ ਦਰਮਿਆਨ ਉਸ ਦੀ ਪਛਾਣ ਕਿਸੇ ਪੁਰਾਤਨ ਪੰਥੀ ਧਾਰਮਿਕ ਆਗੂ ਵਰਗੀ ਨਹੀਂ ਸੀ ।
ਸਿੱਖ ਧਰਮ ਦੀਆਂ ਸਿਖਿਆਵਾਂ ਦਾ ਉਨ੍ਹਾਂ ਦਾ ਪ੍ਰਚਾਰ ਸੰਕੇਤਕ ਹੀ ਸੀ । ਜਿਉਂ ਜਿਉਂ ਉਸ ਦੇ ਵਿਦਿਆਰਥੀਆਂ ਦਾ ਵਿਕਾਸ ਹੁੰਦਾ ਗਿਆ, ਯੋਗੀ ਭਜਨ ਵਿਚ ਉਨ੍ਹਾਂ ਦਾ ਵਿਸ਼ਵਾਸ ਵੀ ਡੂੰਘਾ ਹੁੰਦਾ ਚਲਾ ਗਿਆ । ਉਨ੍ਹਾਂ ਇਹ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਚੇਤਨਾ ਦੇ ਵਿਕਾਸ ਦੀ ਜੋ ਵਿਧੀ ਉਨ੍ਹਾਂ ਨੂੰ ਸਿਖਾਈ ਜਾ ਰਹੀ ਸੀ, ਉਸ ਦਾ ਮੁਲ ਸੈਂਕੜੇ ਸਾਲ ਪਹਿਲਾਂ ਹੋਏ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵਿਚ ਹੀ ਮੌਜੂਦ ਹੈ । ਹੌਲੀ ਹੌਲੀ ਇਸ ਧਰਮ ਦੇ ਵੱਖ ਵੱਖ ਪਹਿਲੂਆਂ ਵਿਚ ਉਨ੍ਹਾਂ ਦੀ ਰੂਚੀ ਵਧਦੀ ਜਾ ਰਹੀ ਸੀ । ਪਰ ਪਛੱਮ ਦਾ ਸੰਸ਼ੈਵਾਦੀ ਸੁਭਾਹ ਛੇਤੀ ਕਿਤੇ ਕਿਸੇ ਵੀ ਗੱਲ ਨੂੰ ਮੰਨਣ ਲਈ ਰਾਜ਼ੀ ਨਹੀਂ ਹੁੰਦਾ । ਕਈ ਤਰ੍ਹਾਂ ਦੇ ਅਨੁਭਵਾਂ ਤੇ ਤਜਰਬਿਆਂ ਤੋਂ ਬਾਅਦ ਆਪ ਮੁਹਾਰੇ ਹੀ ਉਨ੍ਹਾਂ ਦੀ ਸ਼ਰਧਾ ਸਿੱਖ ਧਰਮ ਵਿਚ ਬੱਝਣ ਲੱਗੀ ਸੀ ।
ਤੇਜ਼ ਰਫਤਾਰ ਸੂਚਨਾ ਸੰਸਾਰ ਵਿਚ ਸਹੀ ਤਾਲਮੇਲ ਲਈ ਜਥੇਬੰਦਕ ਢਾਂਚਾ ਉਸਾਰਨਾ ਜ਼ਰੂਰੀ ਸੀ । ਇਸੇ ਲੋੜ ਵਿਚੋਂ ਹੀ ਖਾਲਸਾ ਕੌਂਸਲ ਦਾ ਜਨਮ ਹੋਇਆ । ਯੋਗੀ ਭਜਨ ਨੇ ਪੱਛਮੀ ਸਟਾਈਲ ਮੁਤਾਬਕ ਹੀ 'ਧਰਮ ਦੇ ਨੇਮ', ਤੇ 'ਸਿੱਖ ਮਿਨਿਸਟਰਾਂ ਲਈ ਚਾਲ ਚਲਣ ਦਾ ਆਦਰਸ਼ ਚਾਰਟਰ' ਵੀ ਤਿਆਰ ਕੀਤਾ । ਸਿੱਖ ਗੁਰੂਆਂ ਦੇ ਆਦਰਸ਼ਾਂ ਅਨੁਸਾਰ ਇਕ ਝੰਡਾ ਵੀ ਤਿਆਰ ਕੀਤਾ ਗਿਆ । ਸਿੱਖਾਂ ਦੀ ਦੂਜੀ ਪੀੜੀ ਦੀ ਸਿਖਲਾਈ ਵਾਸਤੇ ਉਸ ਨੇ ਖਾਲਸਾ ਸਕੂਲਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ।
ਹੌਲੀ ਹੌਲੀ ਪਛੱਮੀ ਜਗਤ ਅੰਦਰ ਯੋਗੀ ਭਜਨ ਸਿੱਖ-ਹੱਕਾਂ ਦੀ ਰਾਖੀ ਦਾ ਮਸੀਹਾ ਬਣ ਗਿਆ ਸੀ । ਕਨੇਡਾ ਦੀ ਸਿੱਖ ਯੂਥ ਫੈਡਰੇਸ਼ਨ ਦੀ ਉਸਾਰੀ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਸੀ । ਅਮਰੀਕਨ ਆਰਮੀ ਨੇ ਜਾਰਜ ਬਰੈਡਵਿਲ ਰਿਚਰਡ ਫਰੈਸਕੋ ਦਾ ਸਿੱਖ ਰਹਿਤ ਮਰਿਯਾਦਾ ਦੀ ਪਾਲਣਾ ਕਰਕੇ ਕੋਰਟ ਮਾਰਸ਼ਲ ਕੀਤਾ ਤਾਂ ਦੁਨੀਆਂ ਭਰ ਵਿਚ ਇਸ ਦੇ ਵਿਰੁੱਧ ਰੋਸ ਲਹਿਰ ਉਭਰ ਆਈ ਸੀ । ਭਾਰਤ ਵੀ ਇਸ ਲਹਿਰ ਦਾ ਹਿੱਸਾ ਸੀ । ਸਾਰੀ ਕਾਨੂਨੀ ਲੜਾਈ ਸ੍ਰੀ ਸਿੰਘ ਸਾਹਿਬ ਦੀ ਹੀ ਰਹਿਨੁਮਾਈ ਹੇਠ ਲੜੀ ਗਈ ਸੀ । ਵਾਲਟਰ ਸਕਾਟ ਤੇ ਰੋਨਾਲਡ ਸ਼ੇਰਵੁਡ 'ਤੇ ਵੀ ਇਹੋ ਕੇਸ ਸੀ । 7 ਜਨਵਰੀ 1974 ਨੂੰ ਸਰਕਾਰ ਨੂੰ ਝੁਕਣਾ ਪਿਆ ਤੇ ਫੈਸਲਾ ਸਿੱਖਾਂ ਦੇ ਹੱਕ ਵਿਚ ਹੋਇਆ । ਕਨੇਡਾ ਦੇ ਸਿੱਖਾਂ ਉਤੇ ਜਦੋਂ ਕ੍ਰਿਪਾਨ ਦੇ ਨਿਸ਼ਾਨ ਦੀ ਮਨਾਹੀ ਥੋਪੀ ਗਈ ਉਸ ਸਮੇਂ ਵੀ ਹਰ ਕਾਨੂਨੀ ਹਥਕੰਡੇ ਰਾਹੀਂ ਉਨ੍ਹਾਂ ਦੇ ਹੱਕ ਦੀ ਬਹਾਲੀ ਲਈ ਸੰਘਰਸ਼ ਕੀਤਾ ।
ਨਵੰਬਰ 1974 ਵਿਚ ਸ੍ਰੀ ਸਿੰਘ ਸਾਹਿਬ ਹਰਿਭਜਨ ਸਿੰਘ ਯੋਗੀ ਨੇ ਦੂਜੀ ਵਾਰ ਭਾਰਤ ਦੀ ਯਾਤਰਾ ਕੀਤੀ । ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿਚ ਕੁਝ ਪਛੱਮੀ ਸਿੱਖ ਭਾਰਤ ਦੀ ਯਾਤਰਾ 'ਤੇ ਗਏ ਸਨ । ਉਨ੍ਹਾਂ ਵਿਚੋਂ ਕਈਆਂ ਨੇ ਹਰਿਮੰਦਰ ਸਾਹਿਬ ਵਿਚ ਅੰਮ੍ਰਿਤ ਵੀ ਛਕਿਆ ਸੀ । ਉਨ੍ਹੀਂ ਦਿਨੀਂ ਇਥੇ ਸਿੰਘ ਸਭਾ ਲਹਿਰ ਦੇ ਸ਼ਤਾਬਦੀ ਸਮਾਰੋਹ ਜਸ਼ਨ ਚੱਲ ਰਹੇ ਸਨ । ਉਦੋਂ ਤੱਕ ਅਮਰੀਕਾ ਵਿਚ ਵੀ ਸਿੱਖ ਧਰਮ ਨੂੰ ਫੈਡਰਲ ਸਰਕਾਰ ਵਚੋਂ ਮਾਨਤਾ ਹਾਸਲ ਹੋ ਗਈ ਸੀ । ਨਵੰਬਰ 13, 1974 ਨੂੰ ਇਕ ਵਾਰ ਫੇਰ ਹਰਿਭਜਨ ਸਿੰਘ ਯੋਗੀ ਨੂੰ ਅਕਾਲ ਤੱਖਤ ਉਤੇ ਸਨਮਾਨਤ ਕੀਤਾ ਗਿਆ ਸੀ ।
ਇਸ ਮੌਕੇ 'ਤੇ ਉਨ੍ਹਾਂ ਨੂੰ ਚਾਂਦੀ ਦੀ ਇਕ ਤਸ਼ਤਰੀ ਵੀ ਭੇਟ ਕੀਤੀ ਗਈ ਸੀ । ਉਸ ਉਤੇ ਸਿੱਖ ਧਰਮ ਦੀ ਉਸ ਵਲੋਂ ਕੀਤੀ ਗਈ ਨਿਸ਼ਕਾਮ ਸੇਵਾ ਲਈ ਪ੍ਰਸ਼ੰਸਾ ਦੇ ਸ਼ਬਦ ਉਕਰੇ ਹੋਏ ਸਨ । ਪਛਮ ਦੇ ਸਿੱਖ ਧਰਮ ਦੀ ਆਰਕਾਈਵ ਵਿਚ ਅੱਜ ਵੀ ਉਸ ਨੂੰ ਪੂਰੇ ਸਨਮਾਨ ਨਾਲ ਰੱਖਿਆ ਗਿਆ ਹੈ । ਹੁਣ ਯੋਗੀ ਜੀ ਨੂੰ ਪਛੱਮ ਵਿਚ ਸਿੱਖ ਧਰਮ ਦੇ ਰਹਿਨੁਮਾ ਵਜੋਂ ਸਾਰੇ ਹਲਕਿਆਂ ਵਲੋਂ ਮਾਨਤਾ ਹਾਸਲ ਹੋ ਚੁੱਕੀ ਸੀ । ਅਕਾਲ ਤਖਤ ਵਲੋਂ ਇਕ ਹੁਕਮ ਨਾਮਾ ਵੀ ਇਸ ਮੌਕੇ ਦਿੱਤਾ ਗਿਆ ।
ਭਾਰਤ ਦੇ ਇਸੇ ਦੌਰੇ ਦੌਰਾਨ ਹੀ ਯੋਗੀ ਭਜਨ ਨੇ ਦਿੱਲੀ ਵਿਚ ਹੋ ਰਹੀ 'ਮਨੁੱਖੀ ਏਕਤਾ ਵਿਸ਼ਵ ਕਾਨਫੰਰਸ' ਵਿਚ ਵੀ ਹਿੱਸਾ ਲਿਆ ਸੀ । ਇਹ ਕਾਨਫੰਰਸ ਰੂਹਾਨੀ ਸਤਸੰਗ ਦੇ ਸੰਤ ਕਿਰਪਾਲ ਸਿੰਘ ਵਲੋਂ ਕਰਵਾਈ ਗਈ ਸੀ । ਦੁਨੀਆ ਭਰ ਦੇ ਸਮਾਜੀ-ਰਾਜਸੀ ਤੇ ਧਾਰਮਿਕ ਆਗੂ ਇਸ ਵਿਚ ਸ਼ਿਰਕਤ ਕਰ ਰਹੇ ਸਨ । ਯੋਗੀ ਭਜਨ ਦੀ ਇਹ ਭਾਰਤ ਫੇਰੀ ਸਿਰਫ ਸੱਤ ਦਿਨ ਦੀ ਸੀ । ਉਸ ਤੋਂ ਬਾਅਦ ਲੰਦਨ ਤੇ ਫੇਰ ਐਮਸਟਰਡਮ ਵਿਚ ਵਾਈਟ ਤੰਤਰ ਯੋਗ ਦੇ ਉਨ੍ਹਾਂ ਦੇ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਹ ਹੋ ਚੁੱਕੇ ਸਨ ।
ਦੌਰੇ ਦੇ ਅਖੀਰ ਵਿਚ ਜਦੋਂ ਬੰਗਲਾ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਵਿਚ ਸੰਗਤ ਨੂੰ ਮੁਖਾਤਬ ਹੋ ਕੇ ਸ੍ਰੀ ਸਿੰਘ ਸਾਹਿਬ ਹਰਿਭਜਨ ਸਿੰਘ ਯੋਗੀ ਬਾਹਰ ਵੱਲ ਨੂੰ ਆ ਰਹੇ ਸਨ, ਲੋਕਾਂ ਦੀ ਭੀੜ ਵਿਚੋਂ ਰਸਤਾ ਬਣਾਉਂਦੇ ਹੋਏ ਉਹ ਹੌਲੀ ਹੌਲੀ ਅੱਗੇ ਵੱਧ ਰਹੇ ਸਨ । ਅਚਾਨਕ ਇਕ ਆਦਮੀ ਨੇ ਉਨ੍ਹਾਂ 'ਤੇ ਹਮਲਾ ਕੀਤਾ । ਸਿਰ ਤੋਂ ਉਪਰ ਦੀ ਤਲਵਾਰ ਚੁੱਕੀ ਉਹ ਉਨ੍ਹਾਂ ਵੱਲ ਨੂੰ ਝਪਟ ਰਿਹਾ ਸੀ । ਸਰਦਾਰਨੀ ਅੰਮ੍ਰਿਤ ਕੌਰ ਨੇ ਤੁਰੰਤ ਮੌਕਾ ਸੰਭਾਲਿਆ । ਉਹ ਤੁਰੰਤ ਸ੍ਰੀ ਸਿੰਘ ਸਾਹਿਬ ਦੇ ਮੂਹਰੇ ਹੋ ਗਈ ਤੇ ਹਮਲਾਵਰ ਦੇ ਵਾਰ ਨੂੰ ਆਪਣੀ ਬਾਂਹ 'ਤੇ ਰੋਕ ਲਿਆ । ਅੰਮ੍ਰਿਤ ਕੌਰ ਕਾਲਜ ਦੇ ਹੀ ਸਮੇਂ ਤੋਂ ਗਤਕੇ ਦੀ ਖਿਡਾਰੀ ਰਹੀ ਸੀ । ਆਪਣੇ ਬਚਾਓ ਦੀ ਪਰਵਾਹ ਨਾ ਕਰਦੇ ਹੋਏ ਉਸ ਆਦਮੀ ਨਾਲ ਭਿੜ ਗਈ ਸੀ । ਭਾਵੇਂ ਉਸ ਦੀ ਬਾਂਹ ਉਤੇ ਡੂੰਘਾ ਫੱਟ ਸੀ, ਸ੍ਰੀ ਸਿੰਘ ਸਾਹਿਬ ਦੇ ਸਿਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੋਇਆ ਵਾਰ ਉਸ ਨੇ ਆਪਣੇ ਉਤੇ ਲੈ ਲਿਆ ਸੀ । ਉਸ ਆਦਮੀ ਨੂੰ ਪਰਾਂ ਧੱਕਣ ਤੋਂ ਬਾਅਦ ਸੱਤ ਪੀਟਰ ਸਿੰਘ ਤੇ ਉਹ ਸ੍ਰੀ ਸਿੰਘ ਸਾਹਿਬ ਨੂੰ ਮਹਿਫੂਜ਼ ਥਾਂ 'ਤੇ ਲੈ ਗਏ । ਭੀੜ ਬੁਰੀ ਤਰ੍ਹਾਂ ਉਤੇਜਿਤ ਹੋ ਚੁੱਕੀ ਸੀ । ਉਸ ਦਾ ਗੁੱਸਾ ਭੜਕਿਆ ਹੋਇਆ ਸੀ । ਕੁਝ ਹੀ ਦੇਰ ਵਿਚ ਦਿੱਲੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ । ਹਮਲਾਵਰ ਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਸੀ ।
ਇਹੋ ਜਿਹਾ ਹੀ ਇਕ ਹਮਲਾ ਸ੍ਰੀ ਸਿੰਘ ਸਾਹਿਬ 'ਤੇ ਉਨ੍ਹਾਂ ਦੀ ਪਟਿਆਲਾ ਫੇਰੀ ਦੇ ਸਮੇਂ 'ਤੇ ਵੀ ਹੋਇਆ ਸੀ । ਇਸ ਮੌਕੇ ਉਤੇ ਵੀ ਪੱਛਮ ਵਿਚਲੇ ਉਨ੍ਹਾਂ ਦੇ ਸਿੱਖ ਸਜੇ ਵਿਦਿਆਰਥੀ ਉਨ੍ਹਾਂ ਦੇ ਨਾਲ ਹੀ ਸੀ । ਭੀੜ ਵਿਚੋਂ ਕਿਸੇ ਨੇ ਗੋਲੀ ਚਲਾਈ ਸੀ । ਦੇਖਦੇ ਹੀ ਦੇਖਦੇ ਉਨ੍ਹਾਂ ਨੇ ਸ੍ਰੀ ਸਿੰਘ ਸਾਹਿਬ ਦੇ ਦੁਆਲੇ ਝੁਰਮਟ ਜਿਹਾ ਬਣਾ ਲਿਆ ਸੀ । ਆਪਣੇ ਟੀਚਰ ਨੂੰ ਅੱਖ ਦੀ ਪੁਤਲੀ ਵਾਂਗ ਲੁਕਾ ਕੇ ਉਹ ਲੋਹੇ ਦੀ ਦੀਵਾਰ ਬਣ ਚੌਹੀਂ ਪਾਸੇ ਡਟ ਗਏ ਸਨ ।
ਇਹ ਬੜਾ ਹੀ ਭਾਵੁਕ ਮੰਜ਼ਰ ਸੀ । ਜਦੋਂ ਤਾਂਈ ਪੁਲਿਸ ਉਥੇ ਪਹੁੰਚੀ ਸੀ, ਦ੍ਰਿਸ਼ ਹੋਰ ਦਾ ਹੋਰ ਹੋ ਗਿਆ ਸੀ । ਯੋਗੀ ਭਜਨ ਬਾਲਾਂ ਵਾਂਗ ਬਿਲਖ ਕੇ ਰੋ ਰਿਹਾ ਸੀ । ਜਦੋਂ ਇਕ ਪੁਲਿਸ ਇੰਸਪੈਕਟਰ ਨੇ ਉਸ ਨੂੰ ਕਿਹਾ ਕਿ ਯੋਗੀ ਹੋ ਕੇ ਰੋਣਾ ਉਸ ਨੂੰ ਸ਼ੋਭਾ ਨਹੀਂ ਦਿੰਦਾ ਤਾਂ ਉਸ ਦਾ ਜਵਾਬ ਸੀ ਕਿ ਉਹ ਕਿਸੇ ਡਰ ਕਰਕੇ ਨਹੀਂ ਰੋ ਰਿਹਾ, ਉਸ ਨੂੰ ਦੁਖ ਤਾਂ ਇਸ ਗੱਲ ਦਾ ਸੀ ਜੋ ਉਸ ਦੇ ਆਪਣੇ ਹਨ, ਜਿਸ ਦੇਸ਼ ਅੰਦਰ ਉਸ ਦਾ ਜਨਮ ਹੋਇਆ, ਜਿਥੇ ਉਹ ਵੱਡਾ ਹੋਇਆ, ਸਰਕਾਰੀ ਅਫਸਰ ਬਣਿਆ, ਉਥੇ ਹੀ ਲੋਕ ਉਸ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ । ਜਦਕਿ ਬੇਗਾਨੀਆਂ ਧਰਤੀਆਂ 'ਤੇ ਜੰਮੇ ਪਲੇ ਉਹ ਲੋਕ ਆਪਣੀਆਂ ਜਾਨਾਂ 'ਤੇ ਖੇਡ ਕੇ ਉਸ ਦੇ ਨਾਲ ਖੜ੍ਹੇ ਹਨ । ਇਹ ਕਿਹੋ ਜਿਹਾ ਰਿਸ਼ਤਾ ਸੀ ।
ਸੱਚਮੁੱਚ ਭਾਰਤ ਨਾਲ ਹਰਿਭਜਨ ਸਿੰਘ ਯੋਗੀ ਦਾ ਰਿਸ਼ਤਾ ਕੁਝ ਅਜੀਬ ਹੀ ਸੀ । ਇਕ ਪਾਸੇ ਸਿੱਖ ਧਰਮ ਦੀਆਂ ਸਰਵ ਪ੍ਰਵਾਨਿਤ ਤੇ ਸਰਵ ਉਚ ਸੰਸਥਾਵਾਂ ਉਸ ਨੂੰ ਸਨਮਾਨਤ ਕਰ ਰਹੀਆਂ ਸਨ, ਉਥੇ ਇਹੋ ਜਿਹੇ ਲੋਕਾਂ ਦੀ ਵੀ ਘਾਟ ਨਹੀਂ ਸੀ, ਜਿਹੜੇ ਉਸ ਨੂੰ ਸਿੱਖ ਮੰਨਣ ਨੂੰ ਵੀ ਤਿਆਰ ਨਹੀਂ ਸਨ । ਯੋਗੀ ਭਜਨ ਵਲੋਂ ਕੁੰਡਲਨੀ ਯੋਗ ਦੀ ਸਾਧਨਾ ਨੂੰ ਸਿੱਖ ਧਰਮ ਦਾ ਹਿੱਸਾ ਬਣਾਉਣ ਤੇ ਭਾਰਤੀ ਮੂਲ ਦੇ ਕਈ ਸਿੱਖਾਂ ਨੂੰ ਸਖਤ ਇਤਰਾਜ ਸੀ, ਪਰ ਪੱਛਮੀ ਖਾਲਸਾ ਇਸ ਵਿਧੀ ਨੂੰ ਸਿੱਖ ਧਰਮ ਦਾ ਇਕ ਕੁਦਰਤੀ ਤੇ ਮੰਤਕੀ ਹਿੱਸਾ ਮੰਨਦਾ ਸੀ । ਆਪਣੇ ਹੱਕ ਵਿਚ ਉਹ ਕਈ ਦਲੀਲਾਂ ਸਿੱਖ ਗੁਰੂਆਂ ਦੀਆਂ ਜੀਵਨੀਆਂ ਅਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਵੀ ਪੇਸ਼ ਕਰਦੇ ਸਨ । ਉਨ੍ਹਾਂ ਦੇ ਮੱਤ ਵਿਚ ਕੁੰਡਲਨੀ ਸ਼ਕਤੀ ਨੂੰ ਜਗਾਉਣ ਦੀ ਪ੍ਰਕਿਰਿਆ ਵਿਅਕਤੀ ਦੇ ਰੂਹਾਨੀ ਵਿਕਾਸ ਦਾ ਇਕ ਅਹਿਮ ਹਿੱਸਾ ਹੈ, ਜਿਸ ਨੂੰ ਕਿਸੇ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ।
ਕਿਸੇ ਵੀ ਸਭਿਆ ਸਮਾਜ ਵਿਚ ਮਤਭੇਦਾਂ ਲਈ ਥਾਂ ਬਣੀ ਰਹਿਣੀ ਚਾਹੀਦੀ ਹੈ । ਜਥੇਬੰਦੀ ਦੇ ਰੂਪ ਵਿਚ ਧਰਮ ਵੀ ਸਮਾਜ ਦਾ ਹੀ ਹਿੱਸਾ ਹੁੰਦੇ ਹਨ, ਪਰ ਬਦਕਿਸਮਤੀ ਨਾਲ ਕਈ ਵਾਰ ਉਨ੍ਹਾਂ ਅੰਦਰ ਵਖਰੇਵਿਆਂ ਨੂੰ ਹਜ਼ਮ ਕਰਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ । ਇਹੋ ਕਾਰਨ ਹੈ ਕਿ ਮੂਲ ਪੈਗੰਬਰਾਂ ਤੋਂ ਉਪਰੰਤ ਛੇਤੀ ਹੀ ਉਹ ਕਈ ਸ਼ਾਖਾਵਾਂ ਵਿਚ ਵੰਡੇ ਜਾਂਦੇ ਹਨ । ਬੁੱਧ ਦੀ ਮੌਤ ਦੇ ਕੁਝ ਸਾਲਾਂ ਅੰਦਰ ਹੀ 'ਬੁੱਧ ਸੰਘ ਤੇ ਧੰਮ' ਦੇ ਅਸੰਖ ਟੋਟੇ ਹੋ ਗਏ ਸਨ । ਇਹੋ ਹਸ਼ਰ ਮਹਾਂਵੀਰ ਦੇ 'ਜਿੰਨ ਮਾਰਗ' ਦਾ ਹੋਇਆ ਸੀ । ਇਸਲਾਮ ਤੇ ਈਸਾਈਅਤ ਸਮੇਤ ਕੋਈ ਵੀ ਧਰਮ ਇਸ ਕਲੇਸ਼ ਤੋਂ ਬਚ ਨਹੀਂ ਸਕਿਆ । ਕੈਥੋਲਿਕਾਂ-ਪ੍ਰੋਟੈਸਟੰਟਾਂ, ਸ਼ੀਆ ਸੁੰਨੀ ਤੇ ਹਿੰਦੂਆਂ ਦੇ ਇਤਿਹਾਸ ਵਿਚ ਸ਼ੈਵ-ਵੈਸ਼ਨਣਵਾਂ ਦੇ ਝਗੜੇ ਇਸ ਦੀ ਮੂੰਹ ਬੋਲਦੀ ਕਹਾਣੀ ਹਨ । ਇਹ ਵੀ ਸੱਚ ਹੈ ਕਿ ਬਹੁਤੀ ਵਾਰੀ ਇਨ੍ਹਾਂ ਝਗੜਿਆਂ ਪਿੱਛੇ ਭਾਰੂ ਕਾਰਨ 'ਰੂਹਾਨੀ ਰਾਹਾਂ ਦੇ ਵਖਰੇਵੇਂ' ਨਹੀਂ ਸਗੋਂ ਸਿਆਸੀ ਤੇ ਆਰਥਿਕ ਹੀ ਹੁੰਦੇ ਸਨ । ਸਿੱਖ ਧਰਮ ਵੀ ਇਸ ਸਿਲਸਿਲੇ 'ਚ ਕੋਈ ਅਪਵਾਦ ਨਹੀਂ ਸੀ ।
ਪਰ ਯੋਗੀ ਭਜਨ ਹਮਲਿਆਂ ਦੇ ਡਰ ਤੋਂ ਲੁਕ ਕੇ ਬੈਠ ਜਾਣ ਵਾਲੇ ਸਖਸ਼ ਨਹੀਂ ਸਨ । ਉਸੇ ਰਾਤ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਕੋਈ ਖ਼ਤਰਾ ਉਨ੍ਹਾਂ ਨੂੰ ਉਹਦੇ ਜੀਵਨ-ਮਿਸ਼ਨ ਨੂੰ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ । ਇਹੋ ਜਹੀਆਂ ਚੁਣੌਤੀਆਂ ਉਨ੍ਹਾਂ ਨੂੰ ਹੋਰ ਵੀ ਸਿਰੜ ਨਾਲ ਆਪਣੇ ਕੰਮ ਵਿਚ ਜੁਟ ਜਾਵਣ ਦੀ ਪ੍ਰੇਰਣਾ ਦੇ ਰਹੀਆਂ ਸਨ । ਉਹ ਇਸ ਲਈ ਉਨ੍ਹਾਂ ਵਿਰੋਧੀਆਂ ਦਾ ਸ਼ੁਕਰਗੁਜ਼ਾਰ ਹੀ ਮਹਿਸੂਸ ਕਰ ਰਹੇ ਸਨ । ਯੋਗੀ ਭਜਨ ਦਾ ਯਕੀਨ ਸੀ ਕਿ ਭਾਂਵੇ ਇਤਿਹਾਸ ਵਿਚ ਪੂਰਬ ਹੀ ਰੂਹਾਨੀਅਤ ਦਾ ਸ਼ਾਹੀ ਦੁਆਰ ਰਿਹਾ ਹੈ । ਪਰ ਉਸ ਦਾ ਭਵਿਖ ਹੁਣ ਪਛੱਮ ਵਿਚ ਹੈ । ਉਨ੍ਹਾਂ ਦਾ ਇਹ ਕਹਿਣਾ ਹੈ ਕਿ ਨੌਵੀਂ ਪਾਤਸ਼ਾਹੀ ਗੁਰੁ ਤੇਗ ਬਹਾਦਰ ਜੀ ਦਾ ਪੱਛਮ ਵੱਲ ਮੂੰਹ ਕਰਕੇ ਧਿਆਨ ਕਰਨਾ ਅਤੇ ਗੁਰੁ ਗੋਬਿੰਦ ਸਿੰਘ ਜੀ ਦੀਆਂ ਅਨੇਕਾਂ ਰਮਜ਼ਾਂ ਇਸੇ ਗੱਲ ਵੱਲ ਨੂੰ ਸੰਕੇਤ ਕਰਦੀਆਂ ਹਨ।
ਅਪ੍ਰੈਲ 13, 1975 ਵਿਸਾਖੀ ਵਾਲਾ ਦਿਨ ਸੀ । ਦੁਨੀਆ ਭਰ ਵਿਚ ਵਿਸਾਖੀ ਸਿੱਖਾਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ । ਪਰ ਪੱਛਮ ਅੰਦਰ ਸਿੱਖ ਧਰਮ ਲਈ ਇਸ ਦੀ ਇਕ ਖਾਸ ਅਹਿਮੀਅਤ ਸੀ । ਲਾਂਸ ਏਂਜਲਸ ਗੁਰੂ ਰਾਮ ਦਾਸ ਆਸ਼ਰਮ ਵਿਚ ਸਿੱਖ ਇਤਿਹਾਸ ਇਕ ਹੋਰ ਮੋੜ ਕੱਟ ਰਿਹਾ ਸੀ । ਅੰਮ੍ਰਿਤ ਪ੍ਰਚਾਰ ਦੀ ਤਿਆਰੀ ਹੋ ਰਹੀ ਸੀ । ਇਹ ਪਹਿਲਾ ਮੌਕਾ ਸੀ ਜਦੋਂ ਅੰਮ੍ਰਿਤ ਛਕਾਉਣ ਵਾਲੇ ਸਾਰੇ ਹੀ ਪੰਜ ਪਿਆਰੇ ਪੱਛਮੀ ਮੂਲ ਦੇ ਸਨ । ਉਨ੍ਹਾਂ ਬੜੀ ਹੀ ਸ਼ਰਧਾ ਨਾਲ ਆਪਣੇ ਆਪ ਨੂੰ ਇਸ ਜ਼ਿੰਮੇਵਾਰੀ ਲਈ ਤਿਆਰ ਕੀਤਾ ਸੀ ।
ਇਸ ਤੋਂ ਪਹਿਲਾਂ ਅੰਮ੍ਰਿਤ ਛਕਣ ਲਈ ਲੋਕਾਂ ਨੂੰ ਅਕਾਲ ਤਖਤ ਉਤੇ ਆਉਣਾ ਪੈਂਦਾ ਸੀ । ਕਈ ਕਈ ਸਾਲ ਤੱਕ ਉਨ੍ਹਾਂ ਨੂੰ ਉਡੀਕ ਕਰਨੀ ਪੈਂਦੀ ਸੀ । ਪਰ ਹੁਣ ਨਵਾਂ ਰਾਹ ਖੁੱਲ੍ਹ ਗਿਆ ਸੀ । ਉਸ ਦਿਨ ਤੋਂ ਬਾਅਦ ਹਰ ਵਿਸਾਖੀ ਦੇ ਮੌਕੇ 'ਤੇ ਲਾਂਸ ਏਂਜਲਸ ਗਰੂ ਰਾਮ ਦਾਸ ਆਸ਼ਰਮ ਵਿਚ ਅੰਮ੍ਰਿਤ ਛਕਾਉਣ ਦੀ ਪਿਰਤ ਸ਼ੁਰੂ ਹੋ ਗਈ ਸੀ । ਇਸੇ ਤਰ੍ਹਾਂ ਗਰਮੀਆਂ ਵਿਚ ਲਗਣ ਵਾਲੇ ਕੈਂਪ ਦੇ ਮੌਕੇ 'ਤੇ ਨਿਊ ਮੈਕਸੀਕੋ ਵਿਚ ਤੇ ਸਰਦੀਆਂ ਦੇ ਸਾਧਨਾ ਕੈਂਪ ਦੇ ਮੌਕੇ 'ਤੇ ਫਲੋਰੀਡਾ ਵਿਚ ਵੀ ਇਹ ਪਰੰਪਰਾ ਸ਼ੁਰੂ ਹੋ ਗਈ ਸੀ ।
70ਵਿਆਂ ਦੇ ਅਖੀਰ ਵਿਚ ਪੱਛਮ ਅੰਦਰ ਸਿੱਖ ਧਰਮ ਦਾ ਤੇਜ਼ੀ ਨਾਲ ਵਿਕਾਸ ਹੋਇਆ ਸੀ । ਸੈਂਕੜੇ ਹੀ ਆਸ਼ਰਮ ਤੇ ਦਰਜ਼ਨਾਂ ਹੀ ਵਪਾਰਕ ਅਦਾਰੇ ਇਸੇ ਸਮੇਂ ਅੰਦਰ ਹੀ ਪਰਵਾਨ ਚੜ੍ਹੇ ਸਨ । ਇਸ ਸਾਰੀ ਜਾਇਦਾਦ ਨੂੰ ਕਿਸੇ ਇਕ ਸਖਸ਼ ਦੀ ਮਲਕੀਅਤ ਬਣਨ ਤੋਂ ਬਚਾਉਣ ਲਈ 22 ਮਾਰਚ 1976 ਨੂੰ ਸਿੱਖ ਧਰਮ ਕਾਰਪੋਰੇਸ਼ਨ ਦਾ ਸੰਗਠਨ ਬਣਾਇਆ ਗਿਆ । ਇਹ ਸੰਸਥਾ ਦਾ ਕੰਮ ਧਰਮ ਦੀ ਸਾਰੀ ਸੰਪਦਾ ਨੂੰ ਆਉਣ ਵਾਲੀਆਂ ਪੀੜੀਆਂ ਦੇ ਹੱਥਾਂ ਵਿਚ ਸੌਂਪਣ ਦਾ ਹੀ ਸੀ । ਇਸ ਸੰਪਦਾ ਵਿਚ ਸਾਰੇ ਆਸ਼ਰਮ, ਮੋਟਰ-ਵਾਹਨ ਤੇ ਬਾਹਰੋਂ ਮਿਲੇ ਹੋਏ ਗਿਫਟ ਵੀ ਸ਼ਾਮਲ ਸਨ । ਇਸ ਕਾਰਪੋਰੇਸ਼ਨ ਪਿੱਛੇ ਬੁਨਿਆਦੀ ਵਿਚਾਰ ਇਹੋ ਸੀ ਕਿ ਜਾਇਦਾਦ ਕਿਸੇ ਸ਼ਖ਼ਸ਼ ਦੀ ਨਿੱਜੀ ਨਹੀਂ ਸਗੋਂ ਸਮੂਹ ਸੰਗਤ ਦੀ ਹੈ । ਐਸ ਜੀ ਪੀ ਸੀ ਦੀਆਂ ਮੀਟਿੰਗਾਂ ਵਿਚ ਪੱਛਮ ਵਿਚ ਸਿੱਖ ਧਰਮ ਦੇ ਹੋ ਰਹੇ ਤੇਜ਼ ਵਿਕਾਸ ਬਾਰੇ ਅਕਸਰ ਚਰਚਾ ਹੁੰਦੀ ਸੀ । 11 ਅਗਸਤ 1976 ਨੂੰ 697 ਨੰ: ਮਤਾ ਪਾਸ ਕਰਕੇ ਖਾਸ ਤੌਰ ਉਤੇ ਉਸ ਸਬੰਧੀ ਤਸੱਲੀ ਜਤਾਈ ਗਈ ਸੀ।
24 ਅਕਤੂਬਰ 1974 ਵਾਲੇ ਦਿਨ ਜਦੋਂ ਸਾਰੇ ਰੀਜਨਲ ਮਨਿਸਟਰ ਇਕੱਠੇ ਹੋਏ ਤਾਂ ਸਿੰਘ ਸਾਹਿਬ ਨੇ ਉਸੇ ਮੀਟਿੰਗ ਨੂੰ ਖਾਲਸਾ ਕੌਂਸਲ ਵਿਚ ਬਦਲ ਦਿੱਤਾ । ਉਨ੍ਹਾਂ ਦੀ ਇਹ ਮਨਸ਼ਾ ਸੀ ਕਿ ਸੰਗਤ ਦੀ ਰਹਿਨੁਮਾਈ ਦਾ ਜੋ ਭਾਰ ਉਨ੍ਹਾਂ ਉਤੇ ਸੀ ਖਾਲਸਾ ਕੌਂਸਲ ਹੁਣ ਉਹ ਜ਼ਿੰਮੇਵਾਰੀ ਸੰਭਾਲੇ । ਰੀਜਨਲ ਡਾਇਰੈਕਟਰਾਂ ਤੇ ਸਿੱਖ ਧਰਮ ਦੇ ਕੌਂਮਾਂਤਰੀ ਹੈਡਕੁਅਰਟਰਾਂ ਦੀ ਸਕੱਤਰੇਤ ਵਿਚੋਂ ਚੋਣਵੇ ਬੰਦੇ ਲੈ ਕੇ ਇਹ 'ਬਾਡੀ' ਬਣਾਈ ਗਈ ਸੀ । ਇਹ ਇਕ ਤਰ੍ਹਾਂ ਦੀ ਕਾਰਜਗਾਰੀ ਸੰਸਥਾ ਸੀ । ਇਸ ਤੋਂ ਇਲਾਵਾ ਸ੍ਰੀ ਸਿੰਘ ਸਾਹਿਬ ਵਲੋਂ ਸੰਗਤ ਵਿਚੋਂ 11 ਬੰਦੇ ਚੁਣੇ ਜਾਣੇ ਸਨ, ਜੋ ਉਨ੍ਹਾਂ ਨੂੰ ਪ੍ਰੇਰਣਾ ਵੀ ਦਿੰਦੇ ਤੇ ਨਿਗਰਾਨੀ ਵੀ ਰੱਖਦੇ ਸਨ । ਇਸ ਨੂੰ 'ਕੌਂਸਲ ਆਫ ਨੌਮੀਨੀਜ਼' ਕਿਹਾ ਜਾਂਦਾ ਸੀ । ਉਹ ਲੋਕ ਨਾ ਤਾਂ ਬਹਿਸ ਵਿਚ ਹਿੱਸਾ ਲੈ ਸਕਦੇ ਸਨ ਨਾ ਹੀ ਉਨ੍ਹਾਂ ਨੂੰ ਵੋਟ ਪਾਉਣ ਦਾ ਹੀ ਹੱਕ ਸੀ । ਪਰ ਫੇਰ ਵੀ ਉਨ੍ਹਾਂ ਕੋਲ ਇਕ ਤਰ੍ਹਾਂ ਦੀ ਨੈਤਿਕ ਵੋਟ ਪਾਵਰ ਸੀ । ਉਹ ਕਿਸੇ ਵੀ ਮਾਮਲੇ ਬਾਰੇ ਆਪਣੀ ਰਾਇ ਸਿੱਧੇ ਸਿੰਘ ਸਾਹਿਬ ਤਾਂਈ ਪਹੁੰਚਾ ਸਕਦੇ ਸੀ । ਇਸ ਸਾਰੀ ਬਣਤਰ ਵਿਚ ਗਣਤੰਤਰ ਤੇ ਗੁਣਤੰਤਰ ਦਾ ਚੰਗਾ ਸੁਮੇਲ ਕੀਤਾ ਗਿਆ ਸੀ ।
ਇਸ ਸਮੇਂ ਦੌਰਾਨ ਨਿਊ ਮੈਕਸੀਕੋ ਵਿਚ ਰਾਮ ਦਾਸ ਪੁਰੀ ਦੀ ਸਥਾਪਨਾ ਹੋ ਚੁੱਕੀ ਸੀ । ਯੋਗੀ ਭਜਨ ਦੀਆਂ 20 ਤੋਂ ਵੱਧ ਕਿਤਾਬਾਂ ਵੀ ਆ ਚੁੱਕੀਆਂ ਸਨ । ਯੂਰਪ ਵਿਚ ਕੌਮਾਂਤਰੀ ਯੋਗ ਮੇਲਾ ਵੀ ਪੂਰਨ ਹੋ ਗਿਆ ਸੀ । ਦੱਖਣੀ ਫਰਾਂਸ ਅੰਦਰ ਹੋਇਆ ਇਹ ਮੇਲਾ ਯੋਗੀ ਜੀ ਦੀ ਹੀ ਪ੍ਰਧਾਨਗੀ ਵਿਚ ਹੀ ਸੰਪਨ ਹੋਇਆ ਸੀ । ਯੂਰਪ ਦੇ ਕੋਨੇ ਕੋਨੇ ਤੋਂ ਕੋਈ 200 ਲੋਕ ਉਸ ਵਿਚ ਸ਼ਾਮਲ ਹੋਏ ਸਨ । ਵੱਖ ਵੱਖ ਭਾਸ਼ਾਵਾਂ, ਸੰਸਕ੍ਰਿਤੀਆਂ ਤੇ ਧਰਮਾਂ ਦੇ ਲੋਕਾਂ ਵਿਚ ਸੰਚਾਰ ਸੰਭਵ ਬਣਾਉਣ ਲਈ ਹਰ ਕਾਰਵਾਈ ਦਾ ਚਾਰ ਭਾਸ਼ਾਵਾਂ ਵਿਚ ਤਰਜਮਾ ਕੀਤਾ ਜਾਂਦਾ ਸੀ । ਇਹ ਉਨ੍ਹਾਂ ਵਰ੍ਹਿਆਂ ਦੀ ਇਕ ਵੱਡੀ ਪ੍ਰਾਪਤੀ ਸੀ ।
ਇਸੇ ਸਮੇਂ ਵਿਚ ਫੇਰ ਭਾਰਤ ਯਾਤਰਾ ਦਾ ਯੋਗ ਬਣਿਆ ਸੀ । 1977 ਦੇ ਅਖੀਰ ਵਿਚ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ । ਇਸ ਮੌਕੇ 'ਤੇ 100 ਤੋਂ ਵੱਧ ਪਛੱਮੀ ਸਿੱਖ ਉਤਸਵ ਵਿਚ ਹਿੱਸਾ ਲੈਣ ਲਈ ਭਾਰਤ ਆਏ ਸਨ। ਉਨ੍ਹਾਂ ਨੂੰ ਗੋਲਡਨ ਟੈਂਪਲ ਗੈਸਟ ਹਾਊਸ, ਗੁਰੂ ਨਾਨਕ ਨਿਵਾਸ ਵਿਚ ਠਹਿਰਾਇਆ ਗਿਆ ਸੀ । ਹਰੀ ਮੰਦਿਰ ਦੀ ਪਰਿਕਰਮਾ ਵਿਚ ਹੁਣ ਅੰਮ੍ਰਿਤ ਵੇਲੇ ਸਫੈਦ ਬਾਣੇ ਵਾਲੇ ਵਿਦੇਸ਼ੀ ਸਿੱਖਾਂ ਦੀ ਮੌਜੂਦਗੀ ਇਕ ਆਮ ਗੱਲ ਹੋ ਗਈ ਸੀ । ਇਹ ਜਥਾ ਪੰਜਾਬ ਦੇ ਵੱਖ ਵੱਖ ਇਤਿਹਾਸਕ ਗਰੁਦੁਆਰਿਆਂ ਦੀ ਯਾਤਰਾ ਕਰਦਾ ਤੇ ਉਨ੍ਹਾਂ ਵਿਚ ਕੀਰਤਨ ਕਰਦਾ ਹੋਇਆ ਘੁੰਮ ਰਿਹਾ ਸੀ । ਉਹ ਲੋਕ ਹਿਮਾਲਿਆ ਦੀਆਂ ਬਰਫ ਲੱਦੀਆਂ ਚੋਟੀਆਂ ਉਤੇ ਸ੍ਰੀ ਹੇਮਕੁੰਠ ਸਾਹਿਬ ਦੇ ਦਰਸ਼ਨਾਂ ਲਈ ਵੀ ਜਾ ਪਹੁੰਚੇ ਸੀ । ਇਹ ਥਾਂ ਸਪਤ ਸ੍ਰਿੰਗ ਦੇ ਨਾਮ ਨਾਲ ਮਸ਼ਹੂਰ ਸੀ। ਲੋਕਾਂ ਵਿਚ ਇਹ ਵਿਸ਼ਵਾਸ ਪ੍ਰਚਲਤ ਸੀ ਕਿ ਇਸ ਥਾਂ ਉਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਜਨਮ ਧਾਰਨ ਕਰਨ ਤੋਂ ਪਹਿਲਾਂ ਤਪੱਸਿਆ ਕੀਤੀ ਸੀ ।
ਇਸ ਦੌਰਾਨ ਸ੍ਰੀ ਸਿੰਘ ਸਾਹਿਬ ਧੁਰ ਪੂਰਬੀ ਦੇਸ਼ਾਂ ਦੇ ਦੌਰੇ ਉਤੇ ਸਨ । ਥਾਈਲੈਂਡ, ਮਲੇਸ਼ੀਆ, ਹਾਂਗਕਾਂਗ ਤੇ ਜਪਾਨ ਦੀਆਂ ਸਿੱਖ ਸੰਗਤਾਂ ਨਾਲ ਸੰਵਾਦ ਸਥਾਪਤ ਕਰਨ ਤੋਂ ਬਾਅਦ ਉਹ ਈਰਾਨ ਤੇ ਅਫਗਾਨਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਲਈ ਗਏ ਸਨ । 27 ਅਕਤੂਬਰ 1977 ਵਾਲੇ ਦਿਨ ਉਹ ਕਾਬੂਲ ਤੋਂ ਇਕ ਹਵਾਈ ਉਡਾਨ ਰਾਂਹੀਂ ਅੰਮ੍ਰਿਤਸਰ ਵਾਲੇ ਜਥੇ ਨਾਲ ਰਲਣ ਲਈ ਤੁਰ ਪਏ ਸੀ । ਕੋਈ ਦਸ ਲੱਖ ਤੋਂ ਵੀ ਵੱਧ ਲੋਕ ਅੰਮ੍ਰਿਤਸਰ ਦੇ 400 ਸੌ ਸਾਲਾ ਉਰਸ ਦੇ ਮੌਕੇ 'ਤੇ ਪਹੁੰਚੇ ਹੋਏ ਸਨ । ਸਿੱਖ ਲੀਡਰਸ਼ਿਪ ਨੇ ਹਵਾਈ ਅੱਡੇ ਉਤੇ ਸ੍ਰੀ ਸਿੰਘ ਸਾਹਿਬ ਦਾ ਨਿੱਘਾ ਸਵਾਗਤ ਕੀਤਾ । ਅੰਤਾਂ ਦੀ ਉਸ ਭੀੜ ਵਿਚੋਂ ਆਪਣਾ ਰਾਹ ਬਣਾਉਂਦੇ ਹੋਏ ਸ੍ਰੀ ਸਿੰਘ ਸਾਹਿਬ ਨੇ ਹਰੀ ਮੰਦਿਰ ਵਿਚ ਜਾ ਕੇ ਮੱਥਾ ਟੇਕਿਆ । ਪਰ ਉਨ੍ਹਾਂ ਦੀ ਇਹ ਫੇਰੀ ਵੀ ਕੁਝ ਘੰਟਿਆਂ ਦੀ ਹੀ ਸੀ ।
ਅੰਮ੍ਰਿਤਸਰ ਤੋਂ ਉਨ੍ਹਾਂ ਦਾ ਕਾਫਲਾ ਹੁਣ ਪਾਕਿਸਤਾਨ ਦੇ ਬਾਰਡਰ ਵੱਲ ਨੂੰ ਜਾ ਰਿਹਾ ਸੀ । ਇਤਫਾਕ ਦੀ ਗੱਲ ਸੀ, ਉਸ ਦਿਨ ਵੀ ਪਹਿਲੀ ਨਵੰਬਰ ਸੀ । ਇਹ ਮੌਜੂਦਾ ਪੰਜਾਬੀ ਸੂਬੇ ਦਾ ਵੀ ਜਨਮ ਦਿਹਾੜਾ ਸੀ । ਠੀਕ ਇਸੇ ਹੀ ਦਿਨ ਅੱਜ ਤੋਂ 30 ਸਾਲ ਪਹਿਲਾਂ ਪੂਰੇ ਪਿੰਡ ਦੀ ਅਗਵਾਈ ਕਰਦੇ ਹੋਏ ਉਹ ਪਾਕਿਸਤਾਨ ਤੋਂ ਭਾਰਤ ਦੀ ਹੱਦ ਅੰਦਰ ਦਾਖਲ ਹੋਏ ਸੀ । ਅੱਜ ਇਕ ਵਾਰ ਫੇਰ ਉਹ ਵਾਪਸ ਮੁੜ ਰਹੇ ਸਨ । ਇਸ ਮੌਕੇ 'ਤੇ ਪੱਛਮੀ ਸਿੰਘਾਂ ਦਾ ਇਕ ਛੋਟਾ ਜਿਹਾ ਜਥਾ ਵੀ ਉਨ੍ਹਾਂ ਦੇ ਨਾਲ ਸੀ । ਉਨ੍ਹਾਂ ਸਾਰਿਆਂ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਤੇ ਅਰਦਾਸ ਕੀਤੀ ।
ਬਚਪਨ ਤੋਂ ਹੀ ਗੁਰੂ ਰਾਮ ਦਾਸ ਜੀ ਨਾਲ ਸ੍ਰੀ ਸਿੰਘ ਸਾਹਿਬ ਦਾ ਇਕ ਖਾਸ ਰਿਸ਼ਤਾ ਜੁੜਿਆ ਸੀ । ਇਸ਼ਕ ਦੀਆਂ ਰਮਜ਼ਾਂ ਇਸ਼ਕ ਹੀ ਸਮਝਦਾ ਹੈ, ਉਨ੍ਹਾਂ ਦੀ ਕੋਈ ਹੋਰ ਵਿਆਖਿਆ ਨਹੀਂ ਹੁੰਦੀ । ਸ੍ਰੀ ਗੁਰੂ ਰਾਮ ਦਾਸ ਜੀ ਦੇ ਜਨਮ ਦਿਹਾੜੇ ਦੇ ਹੀ ਮੌਕੇ 'ਤੇ ਉਨ੍ਹਾਂ ਦਾ ਜਥਾ ਲਾਹੌਰ ਪੁੱਜਾ ਸੀ । ਲਾਹੌਰ ਦੀਆਂ ਪੁਰਾਣੀਆਂ ਗਲੀਆਂ ਵਿਚੋਂ ਲੰਘਦਾ ਉਨ੍ਹਾਂ ਦਾ ਕਾਫਲਾ ਇਕ ਛੋਟੇ ਜਿਹੇ ਮਕਾਨ ਸਾਹਮਣੇ ਜਾ ਕੇ ਰੁਕ ਗਿਆ । ਇਹ ਉਹੀ ਭਵਨ ਸੀ, ਜਿਥੇ ਗੁਰੂ ਰਾਮ ਦਾਸ ਜੀ ਦਾ ਜਨਮ ਹੋਇਆ ਸੀ । ਸਾਹਮਣੇ ਲੱਕੜ ਦਾ ਇਕ ਦਰਵਾਜਾ ਸੀ ਤੇ ਫੇਰ ਸੀਮੇਂਟ ਦੀਆਂ ਪੌੜੀਆਂ । ਇਸ ਤੋਂ ਅੱਗੇ ਉਹ ਕਮਰਾ ਸੀ, ਜਿਥੇ ਗੁਰੁ ਰਾਮ ਦਾਸ ਜੀ ਦੀ ਮਾਤਾ ਨੇ ਉਸ ਬਾਲਕ ਨੂੰ ਜਨਮ ਦਿੱਤਾ ਸੀ ਤੇ ਉਸ ਦਾ ਨਾਂ ਜੇਠਾ ਰੱਖਿਆ ਸੀ । ਜਦੋਂ ਸ੍ਰੀ ਸਿੰਘ ਸਾਹਿਬ ਉਸ ਮੁਕਾਮ ਤੇ ਪਹੁੰਚੇ ਸਨ, ਉਸ ਘੜੀ ਨੂੰ ਗੁਜ਼ਰਿਆਂ 440 ਵਰ੍ਹੇ ਹੋ ਚੁੱਕੇ ਸਨ । ਪਰ ਅਹਿਸਾਸ ਦੀ ਸ਼ਿਦੱਤ ਦੇ ਸਾਹਮਣੇ ਕਾਲ ਨੂੰ ਵੀ ਹਥਿਆਰ ਸੁੱਟਣੇ ਪੈਂਦੇ ਹਨ । ਉਨ੍ਹਾਂ ਲਈ ਸਭ ਕੁਝ ਓਨਾ ਹੀ ਸੱਜਰਾ ਸੀ । ਰਾਤ ਢੱਲ ਚੁੱਕੀ ਸੀ, ਚੰਨ ਨਿਕਲ ਆਇਆ ਸੀ । ਸ੍ਰੀ ਸਿੰਘ ਸਾਹਿਬ ਦੇ ਮਨ ਦੀ ਵਰ੍ਹਿਆਂ ਦੀ ਮੁਰਾਦ ਅੱਜ ਪੂਰੀ ਹੋਈ ਸੀ । ਛਣਦੀ ਚਾਂਦਨੀ ਵਿਚ ਬੈਠ ਕੇ ਉਨ੍ਹਾਂ ਸ਼ੁਕਰਾਨੇ ਦੀ ਅਰਦਾਸ ਕੀਤੀ । ਉਨ੍ਹਾਂ ਨੂੰ ਇਸ ਗੱਲ ਦੀ ਪੱਕੀ ਉਮੀਦ ਸੀ ਕਿ ਇਕ ਨਾ ਇਕ ਦਿਨ ਜ਼ਰੂਰ ਉਨ੍ਹਾਂ ਨੂੰ ਇਸ ਸਥਾਨ ਦੇ ਦਰਸ਼ਨਾਂ ਦਾ ਮੌਕਾ ਮਿਲੇਗਾ । ਅੱਜ ਉਹ ਸੁਫਨਾ ਪੂਰਾ ਹੋਇਆ ਸੀ ਤੇ ਉਹ ਵੀ ਖੁਦ ਰਾਮ ਦਾਸ ਜੀ ਦੇ ਹੀ ਗੁਰਪੁਰਬ ਦੇ ਮੌਕੇ 'ਤੇ ।
3 ਐਚ ਓ ਦੇ ਨਾਲ ਜੁੜੇ ਸਿੱਖਾਂ ਲਈ ਭਾਰਤ ਦੀ ਯਾਤਰਾ ਇਕ ਤਰ੍ਹਾਂ ਨਾਲ ਤੀਰਥ ਯਾਤਰਾ ਦਾ ਹੀ ਦਰਜਾ ਰੱਖਦੀ ਸੀ । ਹਰ ਸਾਲ ਕੋਈ ਨਾ ਕੋਈ ਜਥਾ ਭਾਰਤ ਆਉਂਦਾ ਹੀ ਸੀ । 70ਵਿਆਂ ਦੇ ਅਖੀਰ ਵਿਚ ਪੰਜਾਬ ਦੇ ਸਿਆਸੀ ਮਾਹੌਲ ਦਾ ਪਾਰਾ ਵੀ ਕੁਝ ਚੜ੍ਹਨਾ ਸ਼ੁਰੂ ਹੋ ਗਿਆ ਸੀ । ਪਰ ਪੱਛਮ ਤੋਂ ਆਏ ਉਨ੍ਹਾਂ ਸਾਧਕ ਖੋਜੀਆਂ ਲਈ ਇਸ ਸਭ ਕੁਝ ਦੇ ਕੋਈ ਮਾਇਨੇ ਹੀ ਨਹੀਂ ਸਨ । ਨਿਰੰਕਾਰੀਆਂ ਤੇ ਸਿੱਖਾਂ ਦੇ ਕੁਝ ਹਲਕਿਆਂ ਵਿਚ ਦੂਰੀ ਹੁਣ ਟਕਰਾਓ ਵਾਲੇ ਪਾਸੇ ਨੂੰ ਵੱਧ ਰਹੀ ਸੀ । ਇਸੇ ਦੌਰਾਨ ਹੇਮਕੁੰਠ ਦੀ ਯਾਤਰਾ ਸਮੇਂ ਪੱਛਮੀ ਜੱਥੇ ਤੇ ਭਾਈ ਰਣਜੀਤ ਸਿੰਘ ਦੇ ਜਥੇ ਵਿਚਾਲੇ ਨੇੜਲੀ ਸਾਂਝ ਪੈਦਾ ਹੋ ਗਈ ਸੀ । ਪੱਛਮੀ ਜਥੇ ਦੀਆਂ ਸਿੱਖ ਔਰਤਾਂ ਪਹਿਲੀ ਵਾਰ ਭਾਰਤ ਦੀਆਂ ਸਿੱਖ ਔਰਤਾਂ ਨੂੰ ਮਿਲ ਰਹੀਆਂ ਸਨ, ਜੋ ਉਨ੍ਹਾਂ ਵਾਂਗ ਹੀ ਪਟਕੇ ਬੰਨਦੀਆਂ ਸਨ । ਬਾਣੇ ਦੀ ਇਹ ਸਾਂਝ ਦੋਸਤੀ ਦਾ ਅਧਾਰ ਸੀ । ਪੱਛਮੀ ਜਥੇ ਦਾ ਮਨ ਸਿਆਸਤ ਤੋਂ ਉਕੱਾ ਹੀ ਅਣਭਿੱਜ ਸੀ।
ਸਤੰਬਰ 1979 ਵਿਚ ਪਹਿਲੀ ਵਾਰ ਕੁਝ ਅਮਰੀਕੀ ਸਿੱਖਾਂ ਨੂੰ ਗੋਲਡਨ ਟੈਂਪਲ ਅੰਦਰ ਕੀਰਤਨ ਕਰਨ ਦਾ ਮੌਕਾ ਮਿਲਿਆ ਸੀ । ਵਿਕਰਮ ਸਿੰਘ ਖਾਲਸਾ, ਅਜੀਤ ਸਿੰਘ ਖਾਲਸਾ ਅਤੇ ਗੁਰਸੰਗਤ ਸਿੰਘ ਖਾਲਸਾ ਨੂੰ ਇਹ ਮਾਣ ਹਾਸਲ ਹੋਇਆ ਸੀ । ਪੂਰਾ ਪੱਛਮੀ ਜਥਾ ਉਨ੍ਹਾਂ ਦਾ ਸਾਥ ਦੇਣ ਲਈ ਉਸ ਇਤਿਹਾਸਕ ਮੌਕੇ 'ਤੇ ਮੌਜੂਦ ਸੀ । ਉਸ ਦਿਨ ਵੀ ਗੁਰੂ ਰਾਮ ਦਾਸ ਜੀ ਦਾ ਗੁਰਪੁਰਬ ਸੀ । ਇਸ ਦਿਨ ਦੀ ਪਛੱਮ ਦੇ ਸਿੱਖਾਂ ਲਈ ਇਕ ਵਿਸ਼ੇਸ਼ ਹੀ ਅਹਿਮੀਅਤ ਸੀ ।
ਪੱਛਮ ਤੋਂ ਆਏ ਸਿੱਖਾਂ ਦਾ ਜਥਾ ਪੰਜਾਬ ਦੇ ਦੂਰ ਦੁਰਾਡੇ ਪਿੰਡਾਂ ਵਿਚ ਹੀ ਘੁਮਦਾ ਸੀ । ਕੌਮਾਂ ਤੇ ਭਾਸ਼ਾ ਦੇ ਹੱਦ ਬੰਨਿਆਂ ਨੂੰ ਤੋੜ ਕੇ ਸੰਵਾਦ ਸਥਾਪਤ ਹੋ ਜਾਂਦਾ ਸੀ । ਕੁਝ ਅਮਰੀਕਨਾਂ ਨੇ ਤਾਂ ਇਸ ਦੌਰਾਨ ਪੰਜਾਬੀ ਵੀ ਸਿੱਖ ਲਈ ਸੀ । ਹਰਨੀਆਵਲਾ ਪਿੰਡ ਦੇ ਬਾਬਾ ਨਿਹਾਲ ਸਿੰਘ ਨੇ ਇਸ ਜਥੇ ਦੀ ਇਕ ਮੈਂਬਰ ਡਾ. ਸੱਤ ਕ੍ਰਿਪਾਲ ਕੌਰ ਖਾਲਸਾ ਨੂੰ ਦਸਮ ਗ੍ਰੰਥ ਭੇਂਟ ਕੀਤਾ । ਇਹ ਪੱਛਮ ਦੇ ਕਿਸੇ ਵੀ ਸਿੱਖ ਨੂੰ ਦਸਮ ਗ੍ਰੰਥ ਦੀ ਪਹਿਲੀ ਭੇਂਟਾ ਸੀ । ਇਸ ਨੂੰ ਪੱਛਮ ਦੀ ਸਮੂਹ ਖਾਲਸਾ ਸੰਗਤ ਵਲੋਂ ਕਬੂਲ ਕੀਤਾ ਗਿਆ ਸੀ । ਬਾਬਾ ਨਿਹਾਲ ਸਿੰਘ ਤਰਨਾ ਦਲ ਦਾ ਜਥੇਦਾਰ ਸੀ । ਉਹ ਪੱਛਮੀ ਸਿੰਘਾਂ ਨੂੰ ਮਿਲਣ ਖਾਤਰ ਖਾਸ ਤੌਰ 'ਤੇ ਆਨੰਦਪੁਰ ਸਾਹਿਬ ਆਇਆ ਸੀ । ਉਸ ਨੂੰ ਕਈ ਦਿਨਾਂ ਤੱਕ ਉਸ ਜਥੇ ਦੀ ਉਡੀਕ ਵੀ ਕਰਨੀ ਪਈ ਸੀ । ਸਾਰੇ ਜਥੇ ਨੂੰ ਉਹ ਖਾਸ ਤੌਰ 'ਤੇ ਆਪਣੇ ਪਿੰਡ ਵੀ ਲੈ ਕੇ ਗਿਆ ਸੀ । ਇਸ ਸਭ ਕੁਝ ਤੋਂ ਇਹੋ ਸਪੱਸ਼ਟ ਹੁੰਦਾ ਸੀ ਕਿ ਆਮ ਸਿੱਖਾਂ, ਉਨ੍ਹਾਂ ਦੇ ਸਥਾਨਕ ਆਗੂਆਂ 'ਤੇ ਪਛੱਮ ਦੇ ਖਾਲਸੇ ਦੇ ਦਰਮਿਆਨ ਇਕ ਸਾਂਝ ਸਹਿਜ ਤੌਰ 'ਤੇ ਹੀ ਉਭਰ ਰਹੀ ਸੀ ।
ਇਸ ਦੌਰਾਨ ਕੁਝ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਗਈਆਂ ਸਨ । ਸੰਨ 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਗੋਲ ਬਾਗ ਵਿਚ ਨਿਰੰਕਾਰੀਆਂ ਨਾਲ ਸਿੱਖਾਂ ਦਾ ਟਕਰਾਓ ਨਵਾਂ ਹੀ ਮੋੜ ਲੈ ਗਿਆ ਸੀ । ਉਸ ਤੋਂ ਬਾਅਦ ਦਿੱਲੀ ਤੇ ਕਾਨਪੁਰ ਵਿਚ ਵੀ ਕੁਝ ਘਟਨਾਵਾਂ ਹੋਈਆਂ ਸਨ । ਆਪੋ ਵਿਚਲੀ ਕੁੜੱਤਨ ਵਧਦੀ ਹੀ ਜਾ ਰਹੀ ਸੀ । 1979 ਵਿਚ ਸਿਆਸੀ ਹਾਲਤ ਹੋਰ ਵੀ ਵਿਗੜਨੇ ਸ਼ੁਰੂ ਹੋ ਗਏ ਸਨ । ਅੰਮ੍ਰਿਤਸਰ ਸ਼ਹਿਰ ਦਾ ਮਾਹੌਲ ਵੀ ਤੇਜ਼ੀ ਨਾਲ ਬਦਲ ਰਿਹਾ ਸੀ । ਡਰ ਅਤੇ ਬੇਯਕੀਨੀ ਦਾ ਮਾਹੌਲ ਚੁਫੇਰੇ ਫੈਲਦਾ ਹੀ ਜਾ ਰਿਹਾ ਸੀ ।
ਇਸ ਹਾਲਾਤ ਵਿਚ ਭਾਰਤ ਅੰਦਰਲੀ ਸਿੱਖ ਲੀਡਰਸ਼ਿਪ ਨਾਲੋਂ ਆਪਣਾ ਵਖੇਰਵਾਂ ਕਾਇਮ ਕਰਨਾ ਜ਼ਰੂਰੀ ਹੋ ਗਿਆ ਸੀ । ਇਸ ਮੌਕੇ 'ਤੇ ਪੱਛਮ ਦੀ ਸਿੱਖ ਧਰਮ ਕੌਂਸਲ ਨੇ ਇਕ ਅਹਿਮ ਇਤਿਹਾਸ ਫੈਸਲਾ ਲਿਆ ਸੀ । ਉਨ੍ਹਾਂ ਨੇ ਆਪਣੇ ਆਪ ਨੂੰ ਖੁਦ ਮੁਖਤਾਰ ਕਰਾਰ ਦਿੰਦੇ ਹੋਏ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਦੂਜੀ ਕਿਸੇ ਵੀ ਧਿਰ ਦੇ ਸਿਆਸੀ ਏਜੰਡੇ ਤੋਂ ਪੂਰੀ ਤਰ੍ਹਾਂ ਆਜ਼ਾਦ ਹਨ । ਕੋਈ ਵੀ ਉਨ੍ਹਾਂ ਉਤੇ ਆਪਣੇ ਟੀਚੇ ਨਹੀਂ ਥੋਪ ਸਕਦਾ । ਉਨ੍ਹਾਂ ਦੀ ਆਪਣੀ ਆਜ਼ਾਦ ਸੰਸਥਾ ਹੈ, ਜਿਸ ਦੀ ਰਹਿਨੁਮਾ ਖਾਲਸਾ ਕੌਂਸਲ ਹੈ । ਉਨ੍ਹਾਂ ਮਨੁੱਖਾਂ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਵੰਡ ਤੋਂ ਆਪਣੇ ਆਪ ਨੂੰ ਮੁਕਤ ਘੋਸ਼ਿਤ ਕੀਤਾ ਸੀ । ਇਸ ਘੋਸ਼ਣਾ ਵਿਚ ਉਨ੍ਹਾਂ ਖੁਦ ਨੂੰ ਇਕ ਖੁਦਮੁਖਤਾਰ ਰੂਹਾਨੀ ਕੌਮ ਐਲਾਨਿਆ ਸੀ ।
ਹਾਲਾਤ ਦੇ ਮੱਦੇਨਜ਼ਰ ਇਹ ਬਹੁਤ ਹੀ ਹਿੰਮਤ ਭਰਿਆ ਕਦਮ ਸੀ । ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਸੰਕਟ ਦੇ ਬੱਦਲ ਸੰਘਣੇ ਹੋ ਰਹੇ ਸਨ । ਇਸ ਘੜੀ ਵਿਚ ਉਨ੍ਹਾਂ ਸਾਰੀਆਂ ਤਾਕਤਾਂ ਨਾਲੋਂ ਨਿਖੜ ਕੇ ਖੜਣ ਦੀ ਹਿੰਮਤ ਦਿਖਾਉਣੀ ਜੁਅਰਤ ਵਾਲੀ ਸੀ । ਖਾਲਸਾ ਕੌਂਸਲ ਦੀ ਅਪ੍ਰੈਲ 1979 ਵਿਚ ਹੋਈ ਮੀਟਿੰਗ ਲਈ ਐਸ ਜੀ ਪੀ ਸੀ ਨੇ ਆਪਣਾ ਨੁਮਇੰਦਾ ਖਾਸ ਤੌਰ ਤੇ ਭੇਜਿਆ ਸੀ । ਭਾਈ ਸਾਹਿਬ ਕਪੂਰ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੇ ਅੰਮ੍ਰਿਤਸਰ ਵਾਪਸ ਪਹੁੰਚ ਕੇ ਆਪਣੀ ਰਿਪੋਰਟ ਵੀ ਪੇਸ਼ ਕੀਤੀ ਸੀ । ਭਾਰਤ ਦੀ ਸਿੱਖ ਸਿਆਸਤ ਅੰਦਰ ਵਧ ਰਹੇ ਗੰਧਲੇਪਨ ਤੇ ਧੁੰਦਲੇ ਨਿਸ਼ਾਨਿਆਂ ਨੂੰ ਦੇਖਦੇ ਹੋਏ ਉਸ ਨੇ ਪਛੱਮੀ ਖਾਲਸਾ ਦੀ ਖੁਦ ਮੁਖਤਾਰੀ ਦਾ ਪੁਰਜ਼ੋਰ ਸਮਰਥਨ ਕੀਤਾ ਸੀ ।
ਇਸ ਮੌਕੇ 'ਤੇ ਸ੍ਰੀ ਸਿੰਘ ਸਾਹਿਬ ਹਰਿਭਜਨ ਸਿੰਘ ਯੋਗੀ ਨੇ ਬੜੇ ਸਪੱਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਸੀ ਕਿ ਖਾਲਸੇ ਦਾ ਸੰਕਲਪ ਕੌਮੀ ਹੱਦਾਂ ਅੰਦਰ ਬੰਨ੍ਹਿਆ ਨਹੀਂ ਜਾ ਸਕਦਾ । ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਕੋਈ ਸਿਆਸੀ ਮਜਬੂਰੀ ਨਹੀਂ ਕਿਉਂਕਿ ਉਹ ਉਥੇ ਸੀਟਾਂ ਜਿੱਤਣ ਦੇ ਇਰਾਦੇ ਨਾਲ ਨਹੀਂ ਸੀ ਆਏ । ਉਨ੍ਹਾਂ ਦਾ ਮਕਸਦ ਇਨਸਾਨੀ ਦਿਲਾਂ 'ਤੇ ਹਕੂਮਤ ਕਰਨਾ ਹੈ ਤੇ ਇਕ ਪ੍ਰਾਚੀਨ, ਸਿਹਤਮੰਦ ਦੇ ਪਵਿੱਤਰ ਸੰਸਾਰ ਉਸਾਰਨਾ ਹੈ । ਸਾਡਾ ਇਹ ਵਿਸ਼ਾਲ ਮੰਤਵ ਕਿਸੇ ਵੀ ਹੱਦ ਬੰਨ੍ਹੇ ਤੇ ਵਖਰੇਵਿਆਂ ਅੰਦਰ ਰਹਿ ਕੇ ਪੂਰਾ ਨਹੀਂ ਹੋ ਸਕਦਾ । ਇਸ ਲਈ ਅਸੀਂ ਕਿਸੇ ਵੀ ਵੰਡ ਦੇ ਸੰਕਲਪ ਤੋਂ ਆਜ਼ਾਦ ਹਾਂ । ਸ੍ਰੀ ਸਿੰਘ ਸਾਹਿਬ ਦੇ ਇਹ ਸ਼ਬਦ ਪੰਜਾਬ ਅੰਦਰ ਜ਼ੋਰ ਫੜ ਰਹੀ ਵਖਰੇਵੇਂ ਦੀ ਸਿਆਸਤ ਤੋਂ ਠੀਕ ਉਲਟੇ ਸਨ। ਉਨ੍ਹਾਂ ਪੱਛਮ ਵਿਚ ਨਵਜੰਮੇ ਸਿੱਖ ਧਰਮ ਨੂੰ ਸਿਆਸਤ ਦੀ ਦਲਦਲ ਵਿਚ ਗਰਕ ਹੋਣ ਤੋਂ ਬਚਾ ਲਿਆ ਸੀ । ਇਸ ਤੋਂ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਦੇ ਨਾਲ ਹੀ ਦ੍ਰਿੜ ਇਰਾਦੇ ਦੀ ਵੀ ਸਾਫ ਝਲਕ ਮਿਲਦੀ ਹੈ ।
ਵਿਸ਼ਵਾਸ ਹੈ ਕਿ ਸ੍ਰੀ ਸਿੰਘ ਸਾਹਿਬ ਨੇ ਆਣ ਵਾਲੇ ਸਮੇ ਵਿਚ ਹੋਣ ਵਾਲੀ ਤਬਾਹੀ ਨੂੰ ਬਹੁਤ ਪਹਿਲੋਂ ਹੀ ਦੇਖ ਲਿਆ ਸੀ । 1980 ਬਸੰਤ ਰੁਤ ਦੀ ਇਕ ਸਵੇਰ ਜਦ ਉਹ ਆਪਣੇ ਧਿਆਨ ਵਿਚ ਲੀਨ ਸਨ ਤਾਂ ਉਨ੍ਹਾਂ ਬਰਬਾਦੀ ਦੇ ਭਿਆਨਕ ਮੰਜ਼ਰ ਦੇਖੇ ਸਨ । ਉਨ੍ਹਾਂ ਸਿੱਖ ਨੌਜਵਾਨਾਂ ਦੀ ਇਕ ਪੂਰੀ ਪੀੜੀ ਨੂੰ ਖੂਨ ਦੀ ਦਲਦਲ ਵਿਚ ਲਥਦੇ ਦੇਖਿਆ ਸੀ । ਗੋਲਡਨ ਟੈਂਪਲ ਦੇ ਅਕਾਸ਼ ਤੇ ਉਨ੍ਹਾਂ ਨੇ ਕਾਲੇ ਘਣੇ ਬੱਦਲ ਬਿਜਲੀਆਂ ਲਿਸ਼ਕਾਉਂਦੇ ਦੇਖੇ ਸਨ ।
ਇਹ ਸਾਰੇ ਦਾਅਵੇ ਤੇ ਵਿਸ਼ਵਾਸ ਪੁਰਾਣੇ ਸਮਿਆਂ ਦੇ ਤ੍ਰਿਕਾਲ ਦਰਸ਼ੀ ਸੰਤਾਂ ਦੀ ਯਾਦ ਕਰਾਉਂਦੇ ਹਨ । ਸਾਡੇ ਲਈ ਇਹ ਸਭ ਇੰਨਾ ਰਹੱਸਮਈ ਹੈ ਕਿ ਇਸ ਬਾਰੇ ਕੁਝ ਵੀ ਕਹਿਣਾ ਔਖਾ ਹੈ । ਪਰ ਇਹ ਇਤਿਹਾਸਕ ਸੱਚ ਹੈ ਕਿ ਯੋਗੀ ਭਜਨ ਨੇ ਆਪਣੇ ਲੋਕਾਂ ਨੂੰ ਨੇੜਲੇ ਭਵਿਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਬਹੁਤ ਪਹਿਲਾਂ ਦੱਸ ਦਿੱਤਾ ਸੀ । ਉਨ੍ਹਾਂ ਸਾਰੀ ਸੰਗਤ ਨੂੰ ਸਾਵਧਾਨ ਕਰਦੇ ਹੋਏ ਹਰ ਕੁਰਬਾਨੀ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਸੀ । 7 ਜਨਵਰੀ 1980 ਨੂੰ ਸਿੱਖ ਧਰਮ ਦੀ ਸਕੱਤਰੇਤ ਵਲੋਂ ਸ਼ਕਤੀ ਪਰਵਾ ਕੌਰ ਨੇ ਸਿੱਖ ਆਗੂਆਂ ਦੇ ਨਾਂ ਇਕ ਖ਼ਤ ਵੀ ਲਿਖਿਆ ਸੀ । ਇਸ ਖ਼ਤ ਵਿਚ ਆਉਂਦੇ ਸਮੇਂ ਦੀਆਂ ਚੁਣੌਤੀਆਂ ਬਾਰੇ ਸ੍ਰੀ ਸਿੰਘ ਸਾਹਿਬ ਦੀਆਂ ਭਵਿੱਖਬਾਣੀਆਂ ਦਾ ਖੁਲਾਸਾ ਕੀਤਾ ਗਿਆ ਹੈ । ਇਸੇ ਵਿਚ ਸਿੱਖ ਲੀਡਰਸ਼ਿਪ ਨੂੰ ਚੇਤਾਵਨੀ ਦਿੰਦੇ ਹੋਏ ਇਕੱਠੇ ਹੋਣ ਦਾ ਵੀ ਹੋਕਾ ਦਿੱਤਾ ਹੈ । ਪਰ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਨੇ ਉਸ ਖ਼ਤ ਨੂੰ ਉਕਾ ਹੀ ਅਣਗੌਲਿਆ ਕਰ ਦਿੱਤਾ ।
80ਵਿਆਂ ਦੇ ਉਸ ਦੌਰ ਵਿਚ ਜਿਊਣ ਲਈ ਸ੍ਰੀ ਸਿੰਘ ਸਾਹਿਬ ਨੇ ਇਕ ਵਿਸ਼ੇਸ਼ ਧਿਆਨ ਵਿਧੀ ਤਿਆਰ ਕੀਤੀ ਸੀ । ਉਸ ਨੂੰ 'ਸਰਵਾਇਵਲ ਯੋਗਾ' ਦਾ ਨਾਂ ਦਿੱਤਾ ਗਿਆ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਘਟਨਾਵਾਂ ਦੇ ਇਸ ਅੰਨੇ ਵਹਿਣ ਵਿਚ ਸਿਰਫ ਧਿਆਨੀ ਮਨ ਹੀ ਤੁਹਾਡਾ ਸਭ ਤੋਂ ਨੇੜਲਾ ਤੇ ਭਰੋਸੇਮੰਦ ਸਾਥੀ ਹੋ ਸਕਦਾ ਹੈ । ਭਾਵਨਾਵਾਂ ਦੇ ਤੂਫਾਨ ਵਿਚ ਖੁਦ ਨੂੰ ਰੁੜਣ ਤੋਂ ਬਚਾਉਣ ਵਿਚ ਧਿਆਨ ਦੀ ਸਾਧਨਾ ਹੀ ਸਹਾਈ ਹੋ ਸਕਦੀ ਸੀ ।
ਰੂਹਾਨੀ ਸੱਤਸੰਗ ਵਲੋਂ ਮਨੁੱਖੀ ਏਕਤਾ ਕਾਨਫਰੰਸ ਦੀ ਪਰੰਪਰਾ ਨੂੰ ਜਾਰੀ ਰਖਿਆ ਗਿਆ ਸੀ । ਫਰਵਰੀ 1980 ਵਿਚ ਇਸ ਵਿਚ ਹਿੱਸਾ ਲੈਣ ਲਈ ਸ੍ਰੀ ਸਿੰਘ ਸਾਹਿਬ ਨਵੀਂ ਦਿੱਲੀ ਪਹੁੰਚੇ ਸਨ । ਸਾਰੇ ਧਰਮਾਂ ਵਿਚ ਵਿਸ਼ਵਾਸ ਕਾਇਮ ਕਰਨ ਦਾ ਉਨ੍ਹਾਂ ਦਾ ਮਿਸ਼ਨ ਉਸ ਸਮੇਂ ਵੀ ਉਂਜ ਹੀ ਚੱਲ ਰਿਹਾ ਸੀ । ਇਕ ਵਾਰ ਉਹ 1981 ਵਿਚ ਵੀ ਸਿੱਖ ਆਗੂਆਂ ਨੂੰ ਮਿਲਣ ਲਈ ਭਾਰਤ ਆਏ ਸਨ । ਇਹ ਮੀਟਿੰਗ ਬਾਬਾ ਨਿਹਾਲ ਸਿੰਘ ਨੇ ਆਪਣੇ ਪਿੰਡ ਹਾਕਿਮਪੁਰ ਵਿਚ ਰੱਖੀ ਸੀ । ਇਹ ਜੰਗਲਾਂ ਵਿਚ ਲੁਕਿਆ ਇਕ ਛੋਟਾ ਜਿਹਾ ਪਿੰਡ ਸੀ । ਇਸ ਪਿੰਡ ਸੱਤਵੇਂ ਗੁਰੁ ਹਰ ਰਾਇ ਤੇ ਉਨ੍ਹਾਂ ਦੇ ਮੁਰੀਦਾਂ ਨੇ ਗਿਆਰਾਂ ਮਹੀਨਿਆਂ ਤਾਈਂ ਕਿਆਮ ਕੀਤਾ ਸੀ । ਪਰ ਹੁਣ ਸਭ ਇਸ ਨੂੰ ਭੁਲ ਭੂਲਾ ਗਏ ਸਨ । ਪੂਰੇ ਭਾਰਤ ਵਿਚੋਂ ਸਿੱਖ ਆਗੂ ਉਥੇ ਇਕੱਠੇ ਹੋਏ ਸਨ । । ਸਿੱਖ ਯੂਥ ਫੈਡਰੇਸ਼ਨ, ਦਮਦਮੀ ਟਕਸਾਲ, ਸ੍ਰੋਮਣੀ ਅਕਾਲੀ ਦਲ, ਐਸ ਜੀ ਪੀ ਸੀ ਦੇ ਪ੍ਰਧਾਨ ਤੇ ਹੋਰ ਵੀ ਕਈ ਪਤਵੰਤੇ ਸੱਜਣ । ਲੰਮੀਆਂ ਚੌੜੀਆਂ ਬਹਿਸਾਂ ਤੋਂ ਬਾਅਦ ਵੀ ਮਤਭੇਦ ਉਵੇਂ ਹੀ ਰਹੇ ਸਨ ਜਿਵੇਂ ਪਹਿਲੇ ਸਨ ।
ਮਾਹੌਲ ਵਿਚਲੇ ਸਾਰੇ ਤਣਾਓ ਦੇ ਬਾਵਜੂਦ ਜੂਨ 1981 ਵਿਚ ਪੱਛਮ ਵਿਚੋਂ 25 ਸਿੱਖ ਬੱਚੇ ਭਾਰਤ ਵਿਚ ਪੜ੍ਹਨ ਲਈ ਭੇਜੇ ਗਏ ਸਨ । ਉਨ੍ਹਾਂ ਦੀ ਪੜ੍ਹਾਈ ਮਸੂਰੀ ਦੇ ਗੁਰੂ ਨਾਨਕ ਸਕੂਲ ਵਿਚ ਹੋਣੀ ਸੀ, ਜਿਥੇ ਸ੍ਰੀ ਸਿੰਘ ਸਾਹਿਬ ਦੇ ਛੋਟੇ ਬੱਚੇ ਪੜ੍ਹੇ ਸਨ । ਡਾ . ਸਤ ਕ੍ਰਿਪਾਲ ਕੌਰ ਤੇ ਦਿਆ ਸਿੰਘ ਖਾਲਸਾ ਉਨ੍ਹਾਂ ਦੇ ਨਾਲ ਆਏ ਸਨ । ਮਸੂਰੀ ਜਾਣ ਤੋਂ ਪਹਿਲਾਂ ਕਈ ਹਫਤੇ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਹੀ ਰਹੇ ਸਨ । ਉਹ ਸਿੱਖਿਆ ਲਈ ਭਾਰਤ ਆਉਣ ਵਾਲੇ ਪੱਛਮੀ ਸਿੱਖ ਬੱਚਿਆਂ ਦਾ ਪਹਿਲਾ ਹੀ ਗੱਰੁਪ ਸੀ । ਸਭਿਆਚਾਰਕ ਉਦਰੇਂਵਾ ਉਨ੍ਹਾਂ ਲਈ ਵੱਡੀ ਚੁਣੌਤੀ ਸੀ । ਪਰ ਉਹ ਮਾਹੌਲ ਨਸ਼ਿਆਂ ਤੇ ਅੰਨ੍ਹੀ ਕਾਮ ਉਤੇਜਨਾ ਤੋਂ ਪੂਰੀ ਤਰ੍ਹਾਂ ਮੁਕਤ ਲੱਗਦਾ ਸੀ । ਇਸੇ ਦਾ ਅਨੁਭਵ ਕਰਨ ਲਈ ਉਨ੍ਹਾਂ ਨੂੰ ਘਰ ਤੋਂ 12000 ਮੀਲ ਦੂਰ ਭੇਜਿਆ ਗਿਆ ਸੀ । ਇਹ ਉਨ੍ਹਾਂ ਦਿਨਾਂ ਦੀ ਯਾਦ ਕਰਾਉਣ ਵਾਲੀ ਗੱਲ ਸੀ, ਜਦੋਂ ਨਾਲੰਦਾ ਤੇ ਤਕਸਸ਼ਿਲਾਂ ਦੀਆਂ ਯੂਨੀਵਰਸਿਟੀਆਂ ਵਿਚ ਹਜ਼ਾਰਾਂ ਵਿਦਿਆਰਥੀ ਵਿਦੇਸ਼ਾਂ ਤੋਂ ਆਉਂਦੇ ਸਨ । ਸੰਨ 1983 ਤੱਕ ਇਨ੍ਹਾਂ ਬੱਚਿਆਾਂ ਦੀ ਗਿਣਤੀ 100 ਤੋਂ ਵੱਧ ਗਈ ਸੀ ।
ਮਸੂਰੀ ਵਿਚ ਇਨ੍ਹਾਂ ਬੱਚਿਆਂ ਦਾ ਸਕੂਲ ਬੰਦ ਰਹਿੰਦਾ ਸੀ । ਉਹ ਲੌਕ ਇਸ ਦੌਰਾਨ ਅਕਾਲ ਤਖਤ ਵਿਚ ਆ ਕੇ ਰਹਿੰਦੇ ਸੀ । ਪਰ ਹਾਲਾਤ ਇੰਨੀ ਤੇਜ਼ੀ ਨਾਲ ਬਦਲ ਰਹੇ ਸਨ ਕਿ ਹਿਸਾਬ ਰਖਣਾ ਵੀ ਔਖਾ ਸੀ । ਜਦੋਂ ਇਹ ਬੱਚੇ ਇਸ ਸਾਲ ਛੁੱਟੀਆਂ ਦੇ ਦਿਨਾਂ ਵਿਚ ਹਰਿਮੰਦਰ ਪਹੁੰਚੇ ਤਾਂ ਅਕਾਲ ਤਖਤ ਹੁਣ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਾ ਸੀ । ਦਮਦਮੀ ਟਕਸਾਲ ਨੇ ਉਥੇ ਹਥਿਆਰਬੰਦ ਕੈਂਪ ਬਣਾ ਲਏ ਸਨ । ਗੁਰੂ ਨਾਨਕ ਨਿਵਾਸ ਦੀ ਉਪਰਲੀ ਮੰਜ਼ਿਲ ਹੁਣ ਬੱਬਰ ਖਾਲਸਾ ਦੇ ਕਬਜ਼ੇ ਹੇਠ ਸੀ । ਬੱਚੇ ਹੁਣ ਉਸ ਮਾਹੌਲ ਵਿਚ ਸੁਰੱਖਿਅਤ ਮਹਿਸੂਸ ਨਹੀਂ ਸੀ ਕਰਦੇ । ਇਹ ਸਰਦੀਆਂ ਉਨ੍ਹਾਂ ਨਂੂੰ ਹਰੀਮੰਦਰ ਤੋਂ ਦੂਰ ਪੰਜਾਬ ਦੇ ਦੂਜੇ ਗੁਰਦੁਆਰਿਆਂ ਵਿਚ ਕੱਟਣੀਆਂ ਪਈਆਂ । ਅੰਮ੍ਰਿਤਸਰ ਤਾਂ ਉਨ੍ਹੀਂ ਦਿਨੀ ਫੌਜੀ ਛਾਉਣੀ ਬਣਦਾ ਜਾ ਰਿਹਾ ਸੀ । ਚਾਰ ਚੁਫੇਰੇ ਹਥਿਆਰ ਨਜ਼ਰ ਆਉਂਦੇ ਸਨ । ਜਨਵਰੀ 1984 ਵਿਚ ਇਕ ਵਾਰ ਫੇਰ ਸ੍ਰੀ ਸਿੰਘ ਸਾਹਿਬ ਨੇ ਭਾਰਤ ਦਾ ਦੌਰਾ ਕੀਤਾ ਸੀ । ਉਹਨਾਂ ਇਹ ਚੇਤਾਵਨੀ ਦਿੱਤੀ ਸੀ ਕਿ ਉਹ ਸਮਾਂ ਵੀ ਆ ਸਕਦਾ ਹੈ ਜਦੋਂ ਹਰਿਮੰਦਰ ਸਾਹਿਬ ਦੇ ਰਾਹ ਉਨ੍ਹਾਂ ਲਈ ਬੰਦ ਹੋ ਜਾਣ । ਉਸ ਸਾਲ ਬਸੰਤ ਦੀ ਰੁੱਤੇ ਹਰਿਮੰਦਰ ਦੇ ਦਰਸ਼ਨਾਂ ਤੋਂ ਵਾਪਸ ਪਰਤਦੇ ਪਛੱਮ ਦੇ ਖਾਲਸੇ ਨੂੰ ਫੇਰ ਵੀ ਯਕੀਨ ਨਹੀਂ ਸੀ ਹੋਇਆ ਕਿ ਹੁਣ ਛੇ ਸਾਲ ਲੰਮੇ ਸਮੇਂ ਲਈ ਇਹ ਰਾਹ ਉਸ ਲਈ ਬੰਦ ਹੋਣ ਵਾਲਾ ਹੈ ।
ਉਸ ਤੋਂ ਬਾਅਦ ਦੀਆਂ ਘਟਨਾਵਾਂ ਤੇ ਜੱਗ ਜ਼ਾਹਿਰ ਨੇ । ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ, ਇੰਦਰਾ ਦਾ ਕਤਲ ਤੇ ਫੇਰ 84 ਦੇ ਦੰਗੇ । ਦਿਲ ਦਹਿਲਾ ਦੇਣ ਵਾਲਾ ਸਮਾਂ ਸੀ । ਪੱਛਮ ਦੇ ਭਾਰਤ ਨਾਲ ਸਭ ਸੰਚਾਰ ਸਬੰਧ ਲਗਭਗ ਠੱਪ ਸਨ । ਲਗਭਗ 150 ਪੱਛਮੀ ਬੱਚੇ ਭਾਰਤ ਵਿਚ ਪੜ੍ਹਦੇ ਸਨ । ਉਨ੍ਹਾਂ ਦੇ ਮਾਂ ਬਾਪ ਮਸੂਰੀ ਤੋਂ ਆਉਣ ਵਾਲੀ ਕਿਸੇ ਖ਼ਬਰ ਲਈ ਤਰਸ ਗਏ ਸਨ । ਪਰ ਖ਼ਬਰਾਂ ਵੀ ਉਨ੍ਹੀ ਦਿਨੀਂ ਡਰ ਤੇ ਸ਼ੱਕ ਵਿਚ ਹੀ ਫਿਲਟਰ ਹੋ ਕੇ ਹੀ ਪਹੁੰਚਦੀਆਂ ਸਨ । ਦਿੱਲੀ ਦੰਗਿਆਂ ਵਿਚ ਦਸ ਹਜ਼ਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਪਹੁੰਚੀ ਸੀ । ਮਾਪਿਆਂ ਨੂੰ ਚਿੰਤਾ ਹੋਣੀ ਕੁਦਰਤੀ ਹੀ ਸੀ।
ਡਾ. ਸੱਤ ਕ੍ਰਿਪਾਲ ਕੌਰ ਖਾਲਸਾ ਦੰਗਿਆਂ ਤੋਂ ਇਕ ਮਹੀਨੇ ਬਾਅਦ ਹੀ ਭਾਰਤ ਦੇ ਦੌਰੇ ਤੇ ਆਈ ਸੀ । ਦਿੱਲੀ ਵਿਚ ਹੋਈ ਬਰਬਾਦੀ ਤੇ ਬਰਬਰਤਾ ਦੇ ਨਿਸ਼ਾਨ ਹਾਲੇ ਬਿਲਕੁਲ ਸੱਜਰੇ ਸਨ । ਸਿੱਖਾਂ ਦੇ ਮਨਾਂ ਵਿਚਲੀ ਦਹਿਸ਼ਤ ਵੀ ਪ੍ਰਤੱਖ ਸੀ । ਉਹ ਕਈ ਸਾਲ ਲਗਾਤਾਰ ਭਾਰਤ ਦੇ ਦੌਰੇ 'ਤੇ ਆ ਰਹੀ ਸੀ ।ਪਰ ਇਸ ਵਾਰ ਜਦ ਉਸ ਨੂੰ ਵੀਜ਼ਾ ਮਿਲਿਆ ਤਾਂ ਉਸ ਉਤੇ ਇਕ ਨਵੀਂ ਮੋਹਰ ਲੱਗੀ ਹੋਈ ਸੀ । ਉਸ ਦਾ ਵੀਜ਼ਾ ਪਾਬੰਦੀਆਂ ਵਾਲੇ ਇਲਾਕਿਆਂ ਲਈ ਕਾਨੂਨੀ ਤੌਰ 'ਤੇ ਵਾਜਿਬ ਨਹੀਂ ਸੀ । ਪੰਜਾਬ ਵੀ ਉਸੇ ਕੈਟਾਗਰੀ ਵਿਚ ਆਉਂਦਾ ਸੀ । ਉਸ ਦੇ ਸਾਰੇ 'ਬਾਰਡਰ' ਸੀਲ ਹੋ ਚੁੱਕੇ ਸਨ । ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਹਰੀਮੰਦਰ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਸੀ ਮਿਲੀ । ਜਿਸ ਧਰਤੀ ਨੂੰ ਉਸ ਨੇ ਆਪਣਾ ਰੂਹਾਨੀ ਘਰ ਮੰਨਿਆ ਸੀ, ਸਿਆਸਤ ਉਥੇ ਉਸ ਨੂੰ ਇਕ ਵਿਦੇਸ਼ੀ ਹੀ ਮੰਨਦੀ ਸੀ ।
ਦੂਸਰੇ ਸਿੱਖ ਲੀਡਰਾਂ ਵਾਂਗ ਹੀ ਇਸ ਤ੍ਰਾਸਦੀ ਨੇ ਯੋਗੀ ਭਜਨ 'ਤੇ ਵੀ ਡੂੰਘਾ ਅਸਰ ਛੱਡਿਆ ਸੀ । ਉਹ ਸਖਤ ਬਿਮਾਰ ਪੈ ਗਏ ਸਨ । ਚਿਹਰਾ ਬੁਝ ਗਿਆ ਸੀ । ਬਲੱਡ ਪ੍ਰੈਸ਼ਰ ਵੀ ਵੱਧ ਗਿਆ ਸੀ । ਡਾਕਟਰ ਉਨ੍ਹਾਂ ਨੂੰ ਆਰਾਮ ਦੀ ਸਲਾਹ ਦੇ ਰਹੇ ਸਨ । ਯਾਤਰਾਵਾਂ ਘੱਟ ਕਰਨ ਤੇ ਮਾਹੌਲ ਵਿਚਲੇ ਤਣਾਓ ਨੂੰ ਘੱਟ ਕਰਂ ਲਈ ਕਹਿ ਰਹੇ ਸਨ । ਵਾਈਟ ਤੰਤਰ ਦਾ ਉਂਜ ਵੀ ਮਹਾਂਤਾਂਤਰਿਕ ਦੇ ਸ਼ਰੀਰ ਉਤੇ ਚੂਸ ਲੈਣ ਵਾਲਾ ਪ੍ਰਭਾਵ ਪੈਂਦਾ ਸੀ । ਇਸ ਲਈ ਕੈਂਪਾਂ ਦਾ ਸਮਾਂ ਵੀ ਘਟਾ ਕੇ ਇਕ ਦਿਨ ਦਾ ਕਰ ਦਿੱਤਾ ਸੀ । ਉਨ੍ਹਾਂ ਨੇ ਇਹ ਗੱਲ ਕਬੂਲ ਕੀਤੀ ਸੀ ਕਿ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੇ ਉਸ ਨੂੰ ਹਿਲਾ ਦਿੱਤਾ ਸੀ । ਉਹ ਯੋਗੀ ਵਾਲਾ ਸਹਿਜ ਸੰਤੁਲਨ ਗੁਵਾ ਬੈਠਾ ਸੀ । ਇਹ ਤਣਾਓ ਘਟਨ ਦੀ ਥਾਂ ਦਿਨੋ ਦਿਨ ਵਧਦਾ ਹੀ ਜਾ ਰਿਹਾ ਸੀ ।
ਡਾ . ਸੋਰਮ ਸਿੰਘ ਖਾਲਸਾ ਉਨ੍ਹੀਂ ਦਿਨੀਂ ਸ੍ਰੀ ਸਿੰਘ ਸਾਹਿਬ ਦੇ ਵਿਅਕਤੀਗਤ ਡਾਕਟਰ ਸਨ । ਡਾ . ਅਲਨ ਸਿੰਘ ਨੇ ਉਨ੍ਹਾਂ ਨੂੰ ਆਪਣੇ ਘਰ ਵਿਚ ਰੱਖਿਆ । ਉਸ ਦੀ ਹੋਣ ਵਾਲੀ ਪਤਨੀ ਸਿਰੀ ਸਿਮਰਨ ਕੌਰ ਖਾਲਸਾ ਨੇ ਮੈਡੀਕਲ ਅਟੈਂਡੈਂਟ ਵਜੋਂ ਉਹਨਾਂ ਦੀ ਸੇਵਾ ਕੀਤੀ । ਦਸੰਬਰ 1986 ਵਿਚ ਸਰਦੀਆਂ ਦੇ ਸਾਧਨਾ ਕੈਂਪ ਵਿਚ ਸ੍ਰੀ ਸਿੰਘ ਹਾਜ਼ਰ ਨਹੀਂ ਸਨ । ਇਹ ਉਨ੍ਹਾਂ ਦੀ ਮੌਜੂਦਗੀ ਤੋਂ ਬਿਨਾ ਲਗਣ ਵਾਲਾ ਪਹਿਲਾ ਕੈਂਪ ਸੀ । ਉਨ੍ਹਾਂ ਦੀ ਸਿਹਤ ਹੁਣ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਦਿੰਦੀ । ਇਸ ਲਈ ਆਉਣ ਵਾਲੇ ਕੈਂਪਾਂ ਵਿਚ ਇਸ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਜ਼ਰੂਰੀ ਤਬਦੀਲੀਆਂ ਕੀਤੀਆਂ ਗਈਆਂ ਸਨ ।
80ਵਿਆਂ ਦੇ ਭਿਆਨਕ ਸਮਿਆਂ ਵਿਚ ਵੀ ਪਛੱਮ ਦੇ ਖਾਲਸੇ ਨੇ ਪੂਰੀ ਦ੍ਰਿੜਤਾ ਦਾ ਸਬੂਤ ਦਿੱਤਾ ਸੀ । ਉਨ੍ਹਾਂ ਦੇ ਬੱਚੇ ਪਹਿਲਾਂ ਵਾਂਗ ਹੀ ਭਾਰਤ ਵਿਚ ਆਪਣੀ ਪੜ੍ਹਾਈ ਪੂਰੀ ਕਰਦੇ ਰਹੇ । ਇਹ ਸਖਤ ਇਮਤਿਹਾਨ ਦੀ ਘੜੀ ਸੀ । ਮਾਪੇ ਤੇ ਬੱਚੇ ਦੋਹੇਂ ਇਸ ਵਿਚ ਪਾਸ ਹੋ ਕੇ ਲੰਘੇ ਸਨ । ਸਰਦੀਆਂ ਦੀਆਂ ਛੁੱਟੀਆਂ ਵਿਚ ਹੁਣ ਉਹ ਘਰ ਪਰਤ ਜਾਂਦੇ ਸਨ । ਚੌਰਾਸੀ ਤੋਂ ਬਾਅਦ ਕੋਈ ਪੰਜ ਛੇ ਸਾਲ ਬਾਅਦ ਹੀ ਉਹ ਪੰਜਾਬ ਵਿਚ ਮੁੜ ਦਾਖਲ ਹੋ ਸਕੇ ਸਨ । ਉਸ ਸਮੇਂ ਵੀ ਹਾਲਤ ਕੋਈ ਬਹੁਤ ਸੁਖਾਵੇਂ ਨਹੀਂ ਸਨ । ਪਰ ਰਾਜ ਅੰਦਰ ਅਮਨ ਮੁੜ ਆਪਣੇ ਪੈਰੀਂ ਖੜਾ ਹੋਣ ਲਈ ਸੰਘਰਸ਼ ਕਰ ਰਿਹਾ ਸੀ ।
ਆਖਰ 9 ਸਾਲਾਂ ਦੇ ਲੰਬੇ ਅਰਸੇ ਬਾਅਦ ਸ੍ਰੀ ਸਿੰਘ ਸਾਹਿਬ ਹਰਿਭਜਨ ਸਿੰਘ ਯੋਗੀ ਵਾਪਸ ਅੰਮ੍ਰਿਤਸਰ ਪਹੁੰਚੇ ਸਨ । ਉਨ੍ਹਾਂ ਦੇ ਨਾਲ 160 ਪਛੱਮੀ ਸਿੱਖਾਂ ਦਾ ਜਥਾ ਸੀ । ਸਾਰੇ ਸਫਰ ਦੌਰਾਨ ਉਹ ਬਹੁਤ ਘੱਟ ਸੁੱਤੇ ਸਨ । ਬਿਨਾ ਰੁਕੇ ਲਗਾਤਾਰ ਸਫਰ ਕਰਕੇ ਉਹ ਛੇਤੀ ਤੋਂ ਛੇਤੀ ਗੋਲਡਨ ਟੈਂਪਲ ਦੀਆਂ ਦਹਿਲੀਜ਼ਾਂ 'ਤੇ ਪਹੁੰਚਣ ਲਈ ਉਤਾਵਲੇ ਸਨ । ਉਨ੍ਹਾਂ ਦੇ ਨਾਲ ਸਫਰ ਕਰਨ ਵਾਲਿਆਂ ਦੇ ਵਿਚੋਂ ਕਈ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਸਨ ।
ਇਹ ਜਥਾ ਪੰਜਾਬ ਵਿਚ ਜਿਸ ਜਗ੍ਹਾ ਵੀ ਗਿਆ, ਲੋਕਾਂ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਕ ਹਫਤੇ ਦੇ ਦੌਰੇ ਵਿਚ ਸ੍ਰੀ ਸਿੰਘ ਸਾਹਿਬ ਨੇ ਲੁਧਿਆਣਾ, ਅੰਬਾਲਾ ਤੇ ਜਲੰਧਰ ਵਿਚ ਲੋਕਾਂ ਨੂੰ ਸੰਬੋਧਨ ਕੀਤਾ । ਪੱਛਮ ਤੋਂ ਆਏ ਇਸ ਜਥੇ ਦੀ ਪੰਜਾਬ ਫੇਰੀ ਲੋਕਾਂ ਨੂੰ ਇਹ ਭਰੋਸਾ ਦਵਾ ਰਹੀ ਸੀ ਕਿ ਆਖਰਕਾਰ ਪੰਜਾਬ ਵਿਚ ਮੁੜ ਆਮ ਵਰਗੇ ਹਾਲਾਤ ਬਹਾਲ ਹੋਣ ਜਾ ਰਹੇ ਹਨ । ਇਸ ਦੌਰਾਨ ਸ੍ਰੀ ਸਿੰਘ ਸਾਹਿਬ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਹਮਾ ਰਾਓ ਨਾਲ ਵੀ ਮੁਲਾਕਾਤ ਕੀਤੀ ਸੀ । ਸ੍ਰੀ ਰਾਓ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਪੰਜਾਬ ਵਿਚ ਅਮਨ ਦੀ ਬਹਾਲੀ ਲਈ ਪੂਰੀ ਇਮਾਨਦਾਰੀ ਨਾਲ ਯਤਨ ਕਰਨਗੇ । ਉਨ੍ਹਾਂ ਨੇ ਪਛੱਮ ਤੋਂ ਆਏ ਖਾਲਸਾ ਜਥੇ ਦਾ ਸਵਾਗਤ ਕੀਤਾ 'ਤੇ ਇੰਨੇ ਲੰਮੇ ਸਮੇਂ ਤੱਕ ਹਰਿਮੰਦਰ ਦੇ ਦਰਸ਼ਨਾਂ ਤੋਂ ਵਾਂਝੇ ਰਹਿਣ ਦੀ ਜੋ ਤਕਲੀਫ ਉਨ੍ਹਾਂ ਨੂੰ ਭੁਗਤਣੀ ਪਈ ਸੀ, ਉਸ ਲਈ ਖੁਲ੍ਹੇ ਦਿਲ ਨਾਲ ਉਨ੍ਹਾਂ ਤੋਂ ਖਿਮਾ ਦੀ ਜਾਚਨਾ ਕੀਤੀ ।
ਪੰਜਾਬ ਮੁੜ ਤੋਂ ਅਮਨ ਤੇ ਖੁਸ਼ਹਾਲੀ ਦੇ ਦੌਰ ਵਿਚ ਦਾਖਲ ਹੋ ਰਿਹਾ ਸੀ । ਲੋਕਾਂ ਦੇ ਅੰਦਰ ਨਵੀਂ ਉਮੀਦ ਜਾਗ ਰਹੀ ਸੀ । ਇਸੇ ਨਵੀਂ ਉਮੀਦ ਦੇ ਨਾਲ ਉਹ ਜਥਾ ਵਾਪਸ ਪਛੱਮ ਪਰਤ ਆਇਆ ਸੀ । 1993 ਦਾ ਉਹ ਵਰ੍ਹਾ ਇਕ ਹੋਰ ਪਖੋਂ ਵੀ ਯਾਦਗਾਰੀ ਸੀ। ਉਸ ਨਾਲ ਸ਼ਿਕਾਗੋ ਧਰਮ ਸੰਮੇਲਨ ਦੀ ਸੌਵੀਂ ਵਰ੍ਹੇਗੰਢ ਵੀ ਮਨਾਈ ਜਾ ਰਹੀ ਸੀ । ਇਹ ਉਹ ਇਤਿਹਾਸਕ ਮੌਕਾ ਸੀ ਜਦੋਂ ਦੁਨੀਆਂ ਦੇ ਮੁੱਖ ਧਰਮਾਂ ਦੇ ਨੁਮਾਇੰਦੇ ਪਹਿਲੀ ਵਾਰ ਮਿਲ ਕੇ ਬੈਠੇ ਸਨ । ਇਨ੍ਹਾਂ ਸ਼ਤਾਬਦੀ ਸਮਾਰੋਹਾਂ ਵਿਚ ਵੀ ਸ੍ਰੀ ਸਿੰਘ ਸਾਹਿਬ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ । ਸਾਰੇ ਧਰਮਾਂ ਦਰਮਿਆਨ ਸੰਵਾਦ ਤੇ ਮਿਲਵਰਤਨ ਦੀ ਭਾਵਨਾ ਪੈਦਾ ਕਰਨਾ ਉਨ੍ਹਾਂ ਦੇ ਜੀਵਨ ਮਿਸ਼ਨ ਦਾ ਹਿੱਸਾ ਰਿਹਾ ਸੀ । ਉਨ੍ਹਾਂ ਦੇ ਯਤਨਾਂ ਸਦਕਾ ਪਛੱਮ ਅੰਦਰ ਸਿੱਖ ਧਰਮ ਵੀ ਆਪਣੇ 25ਵੇਂ ਸਾਲ ਵਿਚ ਦਾਖਲ ਹੋਣ ਜਾ ਰਹੇ ਸੀ । ਸ੍ਰੀ ਸਿੰਘ ਸਾਹਿਬ ਇਸ ਨੂੰ ਨਵੇਂ ਯੁਗ ਦੀ ਸ਼ੁਰੂਆਤ ਦਾ ਪ੍ਰਵੇਸ਼ ਦੁਆਰ ਕਹਿੰਦੇ ਸਨ ।
Thursday, November 26, 2009
Subscribe to:
Post Comments (Atom)
No comments:
Post a Comment