Thursday, November 26, 2009

ਤੂੰ ਗੁਰਪ੍ਰਸਾਦਿ ਕਰ ਰਾਜ ਜੋਗ

ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹਰਿਭਜਨ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਪਾਸੋਂ 'ਹੁਕਮ' ਹਾਸਲ ਕੀਤਾ। ਗੁਰੁ ਦੇ ਸ਼ਬਦਾਂ ਵਿਚ ਹੋਈ ਦੇਵ-ਵਾਣੀ ਨੇ ਉਨ੍ਹਾਂ ਦੇ ਭਾਗਾਂ ਵਿਚਲੇ ਰਾਜ ਜੋਗ ਦੀ ਘੋਸ਼ਣਾ ਕਰ ਦਿੱਤੀ ਸੀ ।
ਨਵੀਂ ਦਿੱਲੀ ਵਿਚ ਕਨੇਡਾ ਦੇ ਹਾਈ ਕਮਿਸ਼ਨਰ ਦੇ ਆਫਿਸ ਵਿਚੋਂ ਜੇਮਜ਼ ਜਾਰਜ ਵਲੋਂ ਇਸ ਯਾਤਰਾ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਗਈਆਂ ਸਨ । ਇਹ ਸ਼ਖਸ ਭਾਰਤ ਵਿਚ ਕਨੇਡਾ ਦਾ ਹਾਈ ਕਮਿਸ਼ਨਰ ਸੀ । ਉਹ ਖੁਦ ਹੀ ਹਰਿਭਜਨ ਸਿੰਘ ਨਾਲ ਤਿੰਨ ਮਹੀਨੇ ਕੰਮ ਕਰ ਚੁੱਕਾ ਸੀ ਉਸ ਨੂੰ ਨਾ ਸਿਰਫ਼ ਇਕ ਪੂਰਨ ਯੋਗੀ ਦੇ ਰੂਪ ਵਿਚ ਉਨ੍ਹਾਂ ਦੀ ਯੋਗਤਾ ਦਾ ਅਹਿਸਾਸ ਸੀ। ਸਗੋਂ ਉਸ ਨੂੰ ਇਹ ਵੀ ਭਰੋਸਾ ਸੀ ਕਿ ਪੱਛਮ ਦੀ ਭੌਤਿਕਵਾਦੀ ਦੁਨੀਆ ਦੀ ਚਕਾਚੌਂਧ ਹਰਿਭਜਨ ਸਿੰਘ ਦੀ ਚੇਤਨਾ ਦਾ ਬਜ਼ਾਰੀਕਰਣ ਨਹੀਂ ਕਰ ਸਕਦੀ। ਉਹ ਜਾਣਦਾ ਸੀ ਕਿ ਪੱਛਮ ਦੇ ਨੌਜਵਾਨਾਂ ਨੂੰ ਦੈਹਿਕ ਤੇ ਮਾਨਸਿਕ ਤੰਦਰੁਸਤੀ ਦੇ ਨਾਲ ਨਾਲ ਚੇਤਨਾ ਦੀ ਇਕਸੁਰਤਾ ਲਈ ਵੀ ਇਕ ਪੂਰਣਯੋਗੀ ਦੀਆਂ ਸੇਵਾਵਾਂ ਦੀ ਲੋੜ ਸੀ। ਉਸ ਨੇ ਖੁਦ ਇਕ ਚਿੱਠੀ ਲਿਖ ਕੇ ਆਪਣੀਆਂ ਇਹ ਭਾਵਨਾਵਾਂ ਹਰਿਭਜਨ ਸਿੰਘ ਨਾਲ ਸਾਂਝੀਆਂ ਕੀਤੀਆਂ ਸਨ।
ਹਾਲੇ ਤਾਂਈ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ । ਪਰ ਜ਼ਿੰਦਗੀ ਹਰ ਮੋੜ ਉਤੇ ਹਰਿਭਜਨ ਦਾ ਸਖਤ ਇਮਤਿਹਾਨ ਲੈ ਰਹੀ ਸੀ । ਲੰਦਨ ਪਹੁੰਚ ਕੇ ਉਨ੍ਹਾਂ ਨੂੰ ਪਤਾ ਲਗਾ ਕਿ ਏਅਰ ਲਾਈਨਜ਼ ਵਾਲਿਆਂ ਕੋਲੋਂ ਉਸ ਦਾ ਸਾਰਾ ਸਮਾਨ ਗੁੰਮ ਹੋ ਗਿਆ ਹੈ । ਵਿਦੇਸ਼ੀ ਧਰਤੀ ਉਤੇ ਪੈਰ ਪਾਉਂਦਆਂ ਹੀ ਘਟਨਾਵਾਂ ਵਲੋਂ ਕੀਤਾ ਇਹ ਉਨ੍ਹਾਂ ਦਾ ਪਹਿਲਾ ਸਵਾਗਤ ਸੀ । ਹੁਣ ਉਨ੍ਹਾਂ ਕੋਲ ਏਅਰ ਫਰਾਂਸ ਦੇ ਇਕ ਛੋਟੇ ਜਿਹੇ ਬੈਗ ਤੋਂ ਇਲਾਵਾ ਕੁਝ ਵੀ ਨਹੀਂ ਸੀ।
ਭਾਵੇਂ ਬਾਅਦ ਵਿਚ ਉਸ ਨੁਕਸਾਨ ਦਾ ਹਰਜ਼ਾਨਾ ਉਨ੍ਹਾਂ ਨੂੰ ਮਿਲ ਹੀ ਜਾਣਾ ਸੀ । ਪਰ ਇਕ ਵਾਰ ਤਾਂ ਉਹ ਪੂਰੀ ਤਰ੍ਹਾਂ ਖਾਲੀ ਹੋ ਗਏ। ਠੀਕ ਉਸੇ ਤਰ੍ਹਾਂ ਜਿਵੇਂ ਹਰ ਬੰਦਾ ਖਾਲੀ ਹੱਥ ਧਰਤੀ ਉਤੇ ਆਉਂਦਾ ਹੈ । ਤੇੜ ਪਾਏ ਕੱਪੜਿਆਂ ਤੋਂ ਛੁੱਟ ਉਨ੍ਹਾਂ ਕੋਲ ਇਕ ਧੇਲਾ ਵੀ ਨਹੀਂ ਸੀ । ਹਾਂ, ਬੈਗ ਵਿਚ ਇਕ ਟੇਪ ਰਿਕਾਰਡਰ ਸੀ ਤੇ ਗੁਰਬਾਣੀ ਕੀਰਤਨ ਦੀ ਇਕ ਕੈਸਟ, ਜਿਸ ਵਿਚ ਸੁਖਮਨੀ ਸਾਹਿਬ ਦੀ ਰਿਕਾਰਡਿੰਗ ਸੀ।
ਇਸ ਤਰਾਂ ਫਕੀਰਾਨਾ ਹਾਲ ਵਿਚ ਹਰਿਭਜਨ ਸਿੰਘ ਨੇ ਕਨੇਡਾ ਦੀ ਉਸ ਅਜਨਬੀ ਧਰਤੀ ਤੇ ਪੈਰ ਪਾਇਆ। ਇਹ ਧਰਤੀ ਹੁਣ ਉਨ੍ਹਾਂ ਦੀ ਕਰਮ ਭੂਮੀ ਵੀ ਸੀ ਤੇ ਜੱਦੋ ਜਹਿਦ ਦਾ ਅਖਾੜਾ ਵੀ। ਘਟਨਾਵਾਂ ਦਾ ਸਿਲਸਿਲਾ ਇੱਥੇ ਹੀ ਨਹੀਂ ਸੀ ਰੁਕਿਆ। ਕਨੇਡਾ ਪਹੁੰਚ ਕੇ ਜਦੋਂ ਹਰਿਭਜਨ ਸਿੰਘ ਨੇ ਉਸ ਸਖਸ਼ ਦੀ ਤਲਾਸ਼ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਤਾਂ ਹੁਣ ਇਸ ਦੁਨੀਆ ਵਿਚ ਹੀ ਨਹੀਂ ਸੀ । ਕੁਝ ਸਮਾਂ ਪਹਿਲਾ ਇਕ ਮੋਟਰ ਹਾਦਸੇ ਵਿਚ ਉਸ ਦੀ ਮੌਤ ਹੋ ਗਈ ਸੀ। ਮਤਲਬ ਬਿਲਕੁਲ ਸਾਫ ਸੀ । ਯੋਗ ਦੇ ਅਧਿਆਪਕ ਦੀ ਉਸ ਦੀ ਨੌਕਰੀ ਦਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੋਗ ਪੈ ਗਿਆ ਸੀ । ਹਰਿਭਜਨ ਸਿੰਘ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦਰਮਿਆਨ ਸਿਰਫ ਉਹੀ ਸਖਸ਼ ਇਕ ਸੰਪਰਕ ਸੂਤਰ ਸੀ।
ਇਨ੍ਹਾਂ ਸਭ ਘਟਨਾਵਾਂ ਨੂੰ ਵੀ ਹਰਿਭਜਨ ਸਿੰਘ ਨੇ ਗੁਰੂ ਅਤੇ ਰੱਬ ਦਾ ਭਾਣਾ ਤੇ ਪ੍ਰਸਾਦਿ ਸਮਝ ਕੇ ਸਵੀਕਾਰ ਕੀਤਾ ਸੀ । ਉਹ ਜਾਣਦੇ ਸਨ ਕਿ ਛੇਤੀ ਹੀ ਇਸ ਮਾਇਆ-ਨਗਰੀ ਵਿਚ ਉਨ੍ਹਾਂ ਨੂੰ ਆਪਣਾ ਰਾਹ ਤਲਾਸ਼ਨਾ ਪਵੇਗਾ, ਜੋ ਕਿ ਹੋਣੀ ਨੇ ਉਨ੍ਹਾਂ ਲਈ ਚੁਣਿਆ ਸੀ । ਛੇਤੀ ਹੀ ਉਨ੍ਹਾਂ ਨੇ ਕਿਤਾਬਾਂ ਦੇ ਇਕ ਪਬਲਿਸ਼ਿੰਗ ਹਾਊਸ ਵਿਚ ਕਲਰਕ ਦੀ ਨੌਕਰੀ ਕਰ ਲਈ । ਕੁਝ ਦੇਰ ਉਨ੍ਹਾਂ ਨੇ ਲੋਕਲ ਯੋਗ ਆਸ਼ਰਮ ਵਿਚ ਯੋਗ ਸਿਖਾਉਣ ਦਾ ਵੀ ਕੰਮ ਕੀਤਾ। ਕੁਝ ਹੀ ਸਮੇਂ ਉਪਰੰਤ ਉਹ ਰੋਸ਼ਡੇਲ ਵਿਚਲੇ ਆਪਣੇ ਵਿਦਿਾਅਰਥੀਆਂ ਵਿਚ ਖਾਸਾ ਮਕਬੂਲ ਹੋ ਗਏ ਸਨ । ਉਹ ਲੋਕ ਪਿਆਰ ਨਾਲ ਉਨਾਂ ਨੂੰ ਯੋਗੀ ਭਜਨ ਕਹਿ ਕੇ ਬੁਲਾਉਂਦੇ ਸਨ ।
ਦਸੰਬਰ 1968 ਵਿਚ ਯੋਗੀ ਭਜਨ ਦਾ ਸੰਪਰਕ ਆਪਣੇ ਇਕ ਪੁਰਾਣੇ ਮਿੱਤਰ ਨਾਲ ਹੋ ਗਿਆ । ਉਹ ਉਨੀਂ ਦਿਨੀਂ ਅਮਰੀਕਾ ਵਿਚ ਰਹਿ ਰਿਹਾ ਸੀ । ਉਸ ਨੇ ਇਕ ਦਿਨ ਹਰਿਭਜਨ ਸਿੰਘ ਨੂੰ ਹਫ਼ਤੇ ਦੇ ਅਖੀਰ ਉਤੇ, ਲਾਂਸ ਏਂਜਲਸ ਆਉਣ ਦਾ ਸੱਦਾ ਦਿੱਤਾ । ਦੋਂਹਾਂ ਵਿਚੋਂ ਕਿਸੇ ਨੂੰ ਇਸ ਗੱਲ ਦੀ ਭਿਣਕ ਨਹੀਂ ਸੀ ਕਿ ਇਤਿਹਾਸ ਨੇ ਉਸ ਦੌਰੇ ਲਈ ਕਿਹੜੀ ਥਾਂ ਮੁਕਰਰ ਕਰ ਰੱਖੀ ਸੀ । ਛੇਤੀ ਹੀ ਹਰਿਭਜਨ ਸਿੰਘ ਨੇ ਉਥੇ ਵਗਦੀਆਂ ਹਵਾਵਾਂ ਨੂੰ ਪਛਾਣਿਆ ਤੇ ਉਸ ਭੂਮੀ ਨੂੰ ਆਪਣਾ ਸਥਾਈ ਕਰਮ-ਖੇਤਰ ਬਣਾ ਲਿਆ ।

No comments:

Post a Comment