ਹਰਿਭਜਨ ਸਿੰਘ ਯੋਗੀ ਦੀ ਆਮਦ ਸਮੇਂ ਗਲੋਬ ਦਾ ਪੱਛਮੀ ਹਿੱਸਾ ਬਹੁਤ ਵੱਡੀ ਉਥਲ ਪੁਥਲ ਦੇ ਦੌਰ ਵਿਚੋਂ ਦੀ ਲੰਘ ਰਿਹਾ ਸੀ । ਯੂਰਪ ਦੇ ਸਾਰੇ ਦੇਸ਼ਾਂ ਵਿਚ ਭਾਂਵੇਂ ਉਹ ਪੂੰਜੀਵਾਦੀ ਸਨ ਜਾਂ ਸਮਾਜਵਾਦੀ, ਵਿਰੋਧ ਦੇ ਸੁਰ ਤਿੱਖੇ ਹੋ ਰਹੇ ਸਨ । ਅਮਰੀਕਾ ਸਮਾਜੀ-ਰਾਜਸੀ ਅਰਾਜਕਤਾ ਦੀਆਂ ਸਿਖਰਾਂ ਛੁਹ ਰਿਹਾ ਸੀ । ਹਰ ਪਾਸੇ ਰੋਹ ਦੀ ਲਹਿਰ ਸੀ । ਫਰਾਂਸ ਅੰਦਰ ਵਿਦਿਆਰਥੀਆਂ ਦਾ ਅੰਦੋਲਨ ਭਖ ਰਿਹਾ ਸੀ । ਕਾਲੇ ਲੋਕਾਂ ਦੇ ਸਿਵਲ ਹੱਕਾਂ ਲਈ ਮਾਰਟਿਨ ਲੂਥਰ ਨੇ ਸੰਘਰਸ਼ ਦਾ ਬਿਗਲ ਵਜਾ ਰੱਖਿਆ ਸੀ । ਦੁਨੀਆ ਭਰ ਵਿਚ ਬਸਤੀਵਾਦੀ ਨਿਜ਼ਾਮ ਦਾ ਭੋਗ ਪੈ ਗਿਆ ਸੀ । ਦੂਜੀ ਸੰਸਾਰ ਜੰਗ ਤੋਂ ਬਾਅਦ ਜਿਹੜੀ ਸਰਦਾਰੀ ਅਮਰੀਕਾ ਦੇ ਹੱਥ ਲੱਗੀ ਸੀ, ਉਹ ਹੁਣ ਖੁਸਦੀ ਜਾ ਰਹੀ ਸੀ ।
ਅਜਿਹਾ ਠੀਕ ਸਮੇਂ ਹੋ ਰਿਹਾ ਸੀ ਜਦੋਂ ਦੁਨੀਅਤਾ ਭਰ ਵਿਚ ਆਜ਼ਾਦੀ ਅਤੇ ਜਮਹੂਰੀਅਤ ਦਾ ਬਿਗਲ ਵਜਾਉਣ ਵਾਲਾ ਅਮਰੀਕਾ ਅਜ਼ਾਦੀ ਦੀ 200ਵੀਂ ਵਰ੍ਹੇਗੰਢ ਵੱਲ ਵਧ ਰਿਹਾ ਸੀ । ਇਕ ਪਾਸੇ ਤਾਕਤ ਦਾ ਖੁਮਾਰ ਉਤਰ ਰਿਹਾ ਸੀ ਤਾਂ ਦੂਜੇ ਪਾਸੇ ਬੁਨਿਆਦੀ ਕਦਰਾਂ ਤੇ ਮਾਨਵੀ ਮੁੱਲ, ਜੋ ਕਿਸੇ ਵੀ ਸਮਾਜ ਨੂੰ ਜੋੜ ਕੇ ਰੱਖਦੇ ਹਨ, ਸਭ ਅਰਥਹੀਣ ਹੋ ਗਏ ਜਾਪਦੇ ਸੀ । ਨਵੀਂ ਪੀੜੀ ਸ਼ਰ੍ਹੇਆਮ ਹੀ ਉਨ੍ਹਾਂ ਦਾ ਮਜ਼ਾਕ ਹੀ ਨਹੀਂ ਉਡਾਉਂਦੀ ਸੀ, ਸਗੋਂ ਉਨ੍ਹਾਂ ਨੂੰ ਤਾਰ ਤਾਰ ਕਰਦੀ ਜਾਂਦੀ ਸੀ । ਉਹ ਹਰ ਉਸ ਸ਼ੈਅ ਨੂੰ ਹਿੱਪ ਦਿਖਾ ਰਹੇ ਸਨ ਜੋ ਪਿਛਲੀ ਪੀੜ੍ਹੀ ਲਈ ਕੋਈ ਮੁੱਲ ਰੱਖਦੀ ਸੀ । ਹਿੱਪੀ ਨਾਂ ਨਾਲ ਜਾਣੀ ਜਾਂਦੀ ਇਸ ਖਿੰਡਰੀ ਪੁੰਡਰੀ ਜਿਹੀ ਲਹਿਰ ਨੇ ਪੱਛਮ ਦੇ ਖੋਖਲੇਪਨ ਨੂੰ ਚੌਰਾਹੇ ਵਿਚ ਭੰਨ ਦਿੱਤਾ ਸੀ । ਬਗਾਵਤ ਦੇ ਉਨ੍ਹਾਂ ਦੇ ਆਪਣੇ ਹੀ ਢੰਗ ਤਰੀਕੇ ਸਨ, ਪਰ ਇਕ ਗੱਲ ਉਨ੍ਹਾਂ ਸਪੱਸ਼ਟ ਕਰ ਦਿੱਤੀ ਸੀ ਕਿ ਉਹ ਤੱਤਕਾਲੀ ਸਮਾਜ ਤੇ ਰਾਜਸੀ ਢਾਂਚੇ ਦੇ ਨਾਲ ਹਰਗਿਜ਼ ਹੀ ਨਹੀਂ ਸਨ ।
ਇਹ ਸਭ ਕੁਝ ਅਚਾਨਕ ਤੇ ਅਕਾਰਣ ਨਹੀਂ ਸੀ ਵਾਪਰ ਰਿਹਾ । ਇਸ ਦਾ ਵੀ ਆਪਣਾ ਇਕ ਇਤਿਹਾਸ ਸੀ । ਪਿਛਲੀ ਪੀੜੀ ਜਿਸ ਰਾਜਸੀ ਚੌਧਰ ਦੇ ਆਸਰੇ ਜੀਅ ਰਹੀ ਸੀ, ਉਸ ਦਾ ਦਿਵਾਲਾ ਨਿਕਲ ਚੁੱਕਾ ਸੀ । ਕੱਲ੍ਹ ਦੇ ਅਜ਼ਾਦ ਹੋਏ ਨਬਾਲਿਗ ਮੁਲਕ ਹੁਣ ਅੱਖਾਂ ਦਿਖਾ ਰਹੇ ਸਨ । ਦੁਨੀਆ ਦੇ ਨਕਸ਼ੇ 'ਤੇ ਜਿਸ ਦਾ ਨਿਸ਼ਾਨ ਲੱਭਣਾ ਵੀ ਔਖਾ ਸੀ ਉਸ ਨੇ ਇਕ ਮਹਾਂਸ਼ਕਤੀ ਦੀ ਤਾਕਤ ਦੀ ਪੋਲ ਖੋਲ੍ਹ ਦਿੱਤੀ ਸੀ । ਖਪਤਵਾਦੀ ਮਾਨਸਿਕਤਾ ਚਰਮ ਸੀਮਾਵਾਂ ਨੂੰ ਹੱਥ ਲਾ ਕੇ ਮੁੜ ਰਹੀ ਸੀ । ਸੀਤ ਜੰਗ ਐਨ ਬਰੂਹਾਂ 'ਤੇ ਆਣ ਪਹੁੰਚੀ ਸੀ । ਐਟਮੀ ਜੰਗ ਕਿਸੇ ਵੀ ਘੜੀ ਮਿੰਟਾਂ ਸਕਿੰਟਾਂ ਵਿਚ ਉਨ੍ਹਾਂ ਦੀ ਹੋਂਦ ਨੂੰ ਪੂੰਝ ਕੇ ਰੱਖ ਸਕਦੀ ਸੀ ਤੇ ਇਹ ਸਭ ਕੁਝ ਇੰਨਾ ਨੇੜੇ ਸੀ, ਹੱਥ ਭਰ ਦੀ ਵਿੱਥ 'ਤੇ । ਹਰ ਸ਼ੈਅ ਬੌਣੀ ਹੋ ਗਈ ਸੀ। ਇਸ ਮਾਨਸਿਕ ਦਬਾਅ ਦਾ ਸਾਹਮਣਾ ਉਨ੍ਹਾਂ ਨੂੰ ਪਹਿਲੀ ਵਾਰੀ ਕਰਨਾ ਪਿਆ ਸੀ ।
ਸੰਕਟ ਇਨ੍ਹਾਂ ਚੌਮੁਖੀ ਸੀ ਕਿ ਕਿਸੇ ਪਾਸੇ ਵੀ ਟੇਕ ਰੱਖਣੀ ਔਖੀ ਸੀ । ਆਰਥਕ ਉਨਤੀ, ਵਿਗਿਆਨਕ ਤਕਨੀਕੀ ਵਿਕਾਸ ਰਾਹੀਂ ਮਨੁੱਖੀ ਮਸਲਿਆਂ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਅਰਥਹੀਣ ਲੱਗਣ ਲਗੀਆਂ ਸਨ । ਸਨਅਤੀ ਜੀਵਨ ਜਾਂਚ ਨੇ ਇਹੋ ਜਿਹੇ ਅਣਕਿਆਸੇ ਸੰਕਟ ਖੜ੍ਹੇ ਕਰ ਦਿੱਤੇ ਸਨ , ਜਿਨ੍ਹਾਂ ਦਾ ਕੋਈ ਹੱਲ ਵੀ ਉਸ ਕੋਲ ਨਹੀਂ ਸੀ । ਕੁਦਰਤ ਦਾ ਵਿਗੜਦਾ ਸੰਤੁਲਨ ਪੂਰੀ ਧਰਤੀ ਦੀ ਹੋਂਦ ਉਤੇ ਸਵਾਲੀਆਂ ਨਿਸ਼ਾਨ ਲਗਾ ਰਿਹਾ ਸੀ । ਮੁੱਕਦੀ ਗੱਲ ਇਹ ਸੀ ਕਿ ਅਤੀਤ ਤੋਂ ਮੋਹ ਭੰਗ ਹੋ ਚੁੱਕਾ ਸੀ । ਸੁਨਹਿਰੀ ਭਵਿੱਖ ਦਾ ਪਹਿਲਾ ਸੁਫਨਾ ਵੀ ਡਰਾਉਣਾ ਲੱਗਣ ਲਗਾ ਸੀ । ਅਨਿਸ਼ਚਤਤਾ ਪੂਰੇ ਜੋਬਨ 'ਤੇ ਸੀ । ਪੈਰਾਂ ਹੇਠ ਬਚੀ ਸੀ ਵਰਤਮਾਨ ਦੀ ਨਿਰੰਤਰ ਖਿਸਕ ਰਹੀ ਜ਼ਮੀਨ । ਭੱਜ ਕੇ ਜਾਣ ਦਾ ਰਸਤਾ ਕਿਸੇ ਪਾਸੇ ਨਹੀਂ ਸੀ ਦਿਖਦਾ । ਪਰ ਰਸਤਾ ਵੀ ਇਕੋ ਇਕ ਬਚਿਆ ਲਗੱਦਾ ਸੀ, ਉਹ ਸੀ ਭਾਂਜ । ਇਸੇ ਲਈ ਇਕ ਤਰ੍ਹਾਂ ਦੀ ਪੂਰੀ ਦੀ ਪੂਰੀ ਪੀੜ੍ਹੀ ਹੀ ਭੱਜ ਜਾਣਾ ਚਾਹੁੰਦੀ ਸੀ । ਪਰ ਇਸ ਲਈ ਵੀ ਦਿਸ਼ਾ ਦੀ ਲੋੜ ਸੀ । ਜੋ ਉਨ੍ਹਾਂ ਕੋਲ ਨਹੀਂ ਸੀ । ਉਨ੍ਹਾਂ ਦੀ ਹਰ ਕੋਸ਼ਿਸ਼ ਭਟਕਣ ਬਣ ਕੇ ਰਹਿ ਗਈ ਸੀ ।
ਇਹ ਸਾਰੇ ਮੰਜ਼ਰ ਵਿਚਲੀ ਇਕ ਦਿਲਚਸਪ ਗੱਲ ਇਹ ਹੈ ਕਿ ਇਹ ਬਹੁਦਿਸ਼ਾਵੀ ਤੇ ਡੂੰਘਾ ਅਸੰਤੋਸ਼ ਕਿਸੇ ਤਰ੍ਹਾਂ ਦੀ ਜਥੇਬੰਦ ਰਾਜਸੀ ਲਹਿਰ ਵਿਚ ਨਹੀਂ ਢਲਿਆ । ਇਹ ਵੀ ਨਹੀਂ ਕਿ ਉਨ੍ਹਾਂ ਲੋਕਾਂ ਦੇ ਕੋਈ ਰਾਜਸੀ ਵਿਚਾਰ ਹੀ ਨਹੀਂ ਸਨ । ਜੰਗ ਅਤੇ ਆਜ਼ਾਦੀ ਵਰਗੇ ਮਾਮਲਿਆਂ ਉਤੇ ਉਨ੍ਹਾਂ ਦੇ ਸਟੈਂਡ ਬੜੇ ਸਪਸ਼ੱਟ ਸਨ, ਪਰ ਵਿਰੋਧ ਦਾ ਉਨ੍ਹਾਂ ਦਾ ਤਰੀਕਾ ਰਵਾਇਤੀ ਨਹੀਂ ਸੀ । ਇਸਦਾ ਸਭ ਤੋਂ ਵੱਡਾ ਕਾਰਨ ਸੀ ਭਵਿੱਖ ਵਿਚੋਂ ਉਨ੍ਹਾਂ ਦਾ ਵਿਸ਼ਵਾਸ ਭੰਗ ਹੋਣਾ । ਉਨ੍ਹਾਂ ਦੀ ਇਹ ਧਾਰਨਾ ਸੀ ਕਿ ਭਵਿੱਖ ਸਿਰਫ ਇਕ ਛਲਾਵਾ ਹੈ । ਸਿਰਫ਼ ਅਤੀਤ ਹੀ ਕਪੜੇ ਬਦਲ ਬਦਲ ਕੇ ਮੁੜਦਾ ਹੈ। ਸਮੇਂ ਦੇ ਇਸ ਸੰਕਲਪ ਨੇ ਤਬਦੀਲੀ ਅਤੇ ਵਿਕਾਸ ਦੋਹਾਂ ਨੂੰ ਹੀ ਸੰਦੇਹ ਦੇ ਘੇਰੇ ਵਿਚ ਲੈ ਆਂਦਾ ਸੀ । ਇਸ ਲਈ ਵਿਕਾਸ ਦੀ ਆਸ ਤੋਂ ਬਿਨਾ ਕਿਸੇ ਤਰ੍ਹਾਂ ਦੇ ਸੰਘਰਸ਼ ਦੀ ਮਾਨਸਿਕਤਾ ਦਾ ਤਿਆਰ ਹੋਣਾ ਅਸੰਭਵ ਹੀ ਸੀ ।
ਹੁਣ ਉਨ੍ਹਾਂ ਦੇ ਸਾਹਮਣੇ ਜਿਹੜੇ ਰਸਤੇ ਬਚੇ ਸਨ, ਉਨ੍ਹਾਂ ਵਿਚੋਂ ਇਕ ਸੀ ਖੁਦਕੁਸ਼ੀ । ਕੁਝ ਨਾਮੀ ਗਰਾਮੀ ਸਾਹਿਤਕਾਰਾਂ ਨੇ ਤਾਂ ਖੁੱ਼ਲ੍ਹੇਆਮ ਇਸ ਦਾ ਬਿਆਨ ਵੀ ਕੀਤਾ ਸੀ । ਜ਼ਿੰਦਗੀ ਉਨ੍ਹਾਂ ਲਈ ਇਕ ਅਰਥਹੀਣ ਦੁਹਰਾ ਬਣ ਕੇ ਰਹਿ ਗਈ ਸੀ । ਜਿਸ ਤੋਂ ਖਿਹੜਾ ਛੁਡਾਉਣਾ ਉਨ੍ਹਾਂ ਲਈ ਕਿਸੇ ਤਰ੍ਹਾਂ ਵੀ ਅਨੈਤਿਕ ਨਹੀਂ ਸੀ । ਇਕ ਅਹਿਮ ਫਰਕ ਦੇ ਬਾਵਜੂਦ ਵੀ ਇਹ ਪੂਰਬ ਵਿਚਲੇ ਮੁਕਤੀ ਦੇ ਸੰਕਲਪ ਵੱਲ ਸੰਕੇਤ ਕਰਦਾ ਸੀ । ਉਂਜ ਵੀ ਪੂਰੀ ਪੀੜੀ ਦਾ ਇੱਕੋ ਸਾਹੇ ਖੁਦਕੁਸ਼ੀ ਕਰਨਾ ਸੰਭਵ ਨਹੀਂ ਸੀ । ਨਾ ਹੀ ਹਰ ਇਨਸਾਨ ਇਸ ਹੱਦ ਤੱਕ 'ਬੇਵਕੂਫ' ਜਾਂ 'ਸ਼ਕਤੀਸ਼ਾਲੀ' ਹੁੰਦਾ ਹੈ। ਇਸ ਲਈ ਬਹੁਤੇ ਲੋਕ ਹਕੀਕਤ ਤੋਂ ਪਲਾਇਨ/ਭਾਂਜ ਲਈ ਖੁਦਕੁਸ਼ੀ ਦਾ ਲਮਕਵਾਂ ਰਸਤਾ ਚੁਣਦੇ ਹਨ । ਕਈ ਵਾਰ ਉਨ੍ਹਾਂ ਨੂੰ ਖੁਦ ਇਸ ਦਾ ਅਹਿਸਾਸ ਵੀ ਨਹੀਂ ਸੀ ਹੁੰਦਾ ਕਿ ਉਹ ਜਿਸ ਪਤੇ 'ਤੇ ਪੈ ਗਏ ਨੇ ਉਹ ਕਬਰਾਂ ਵੱਲ ਨੂੰ ਜਾਂਦਾ ਸ਼ੌਟਕਟ ਹੈ ।
ਪਛੱਮੀ ਦੀ ਉਲਾਰ ਸੰਸਕ੍ਰਿਤੀ ਹੁਣ ਜਿਸ ਮੁਕਾਮ 'ਤੇ ਆਣ ਕੇ ਪਹੁੰਚੀ ਸੀ, ਉਹ ਉਸ ਦੇ ਭੌਤਿਕਵਾਦੀ ਚਿੰਤਨ ਦਾ ਹੀ ਲਾਜਮੀ ਸਿੱਟਾ ਸੀ। ਖੁਦ ਪੱਛਮ ਦੇ ਹੀ ਕਈ ਉਘੇ ਚਿੰਤਕਾਂ ਨੇ ਸੈਂਕੜੇ ਸਾਲ ਪਹਿਲਾਂ ਹੀ ਖਤਰੇ ਦੀ ਇਸ ਘੜੀ ਦੀ ਭਵਿੱਖਬਾਣੀ ਕਰ ਦਿੱਤੀ ਸੀ । ਪਰ ਉਸ ਸਮੇਂ ਬਦਕਿਸਮਤੀ ਨਾਲ ਉਨ੍ਹਾਂ ਲੋਕਾਂ ਨੂੰ 'ਵਿਕਾਸ ਵਿਰੋਧੀ' ਕਹਿ ਕੇ ਅਣਗੋਲਿਆਂ ਕਰ ਦਿੱਤਾ ਗਿਆ । ਇਨ੍ਹਾਂ ਅਹਿਮ ਦਾਰਸ਼ਨਿਕਾਂ ਵਿਚੋਂ ਇਕ ਦਾ ਨਾਂ ਫ੍ਰੈਡਰਿਕ ਨੀਤਸ਼ੇ ਵੀ ਸੀ । ਜੋ ਕਿ ਅੱਜ ਵੀ ਪੱਛਮ ਦੇ ਸਭ ਤੋਂ ਗਲਤ ਤਰੀਕੇ ਨਾਲ ਸਮਝੇ ਗਏ ਚਿੰਤਕਾਂ ਵਿਚੋਂ ਇਕ ਹੈ । ਉਸ ਸਖਸ਼ ਨੇ ਜਿਸ ਕਮਾਲ ਨਾਲ ਇਕ ਸਦੀ ਬਾਅਦ ਆਉਣ ਵਾਲੇ ਯੁਗ ਦਾ ਦ੍ਰਿਸ਼ ਖਿੱਚਿਆ ਸੀ, ਉਹ ਉਸ ਦੀ ਪ੍ਰਤਿਭਾ ਦਾ ਹੀ ਸਬੂਤ ਹੈ ।
ਨੀਤਸ਼ੇ ਨੇ ਇਕ ਤਰ੍ਹਾਂ ਨਾਲ ਐਲਾਨੀਆ ਸੁਰ ਵਿਚ ਕਿਹਾ ਸੀ ਕਿ ਉਹ ਸਮਾਂ ਆਣ ਵਾਲਾ ਹੈ, ਜਦੋਂ ਪੁਰਾਣੇ ਗਲੇ ਸੜੇ ਢਾਂਚਿਆਂ ਤੋਂ ਲੋਕ ਬੁਰੀ ਤਰ੍ਹਾਂ ਨਿਰਾਸ਼ ਹੋ ਜਾਣਗੇ । ਇਹ ਨਿਰਾਸ਼ਾ ਸ਼ੁਰੂ ਵਿਚ ਕਿਤੇ ਰੋਹ ਤੇ ਕਿਧਰੇ ਸਨਕੀਪੁਣੇ ਦੇ ਰੂਪ ਵਿਚ ਫੁੱਟਣਾ ਸ਼ੁਰੂ ਕਰੇਗੀ । ਥੋੜੇ ਸਮੇਂ ਵਿਚ ਹੀ ਉਹ ਸਮਾਜਿਕ ਤੇ ਮਾਨਸਿਕ ਅਫਰਾ ਤਫਰੀ ਦਾ ਰੂਪ ਧਾਰ ਜਾਵੇਗੀ । ਘੋਰ ਨਿਰਾਸ਼ਾ ਤੇ ਮਾਨਸਿਕ ਅਸੰਤੁਲਨ ਪੂਰੇ ਜੁਗ ਦਾ ਲੱਛਣ ਹੋ ਜਾਵੇਗਾ । ਹਾਲਤ ਤੋਂ ਖਹਿੜਾ ਛੁਡਾਉਣ ਲਈ ਲੋਕ ਨਸ਼ਿਆਂ ਦਾ ਸਹਾਰਾ ਲੈਣਗੇ । ਪੁਰਾਤਨਪੰਥੀ ਧਰਮ, ਜੋ ਇਕ ਤਰ੍ਹਾਂ ਦੇ ਨਸ਼ੇ ਦਾ ਹੀ ਕੰਮ ਕਰਦਾ ਸੀ, ਆਪਣੇ ਅਰਥ ਅਤੇ ਅਸਰ ਗਵਾ ਬੈਠੇਗਾ । ਉਸ ਘੜੀ ਲੋਕਾਂ ਕੋਲ ਰਸਾਇਣੀ ਨਸ਼ਿਆਂ ਦੀ ਸ਼ਰਨ ਲੈਣ ਤੋਂ ਛੁਟ ਕੋਈ ਰਾਹ ਨਹੀਂ ਬਚੇਗਾ। ਛਾਰ ਚੁਫੇਰੇ ਨਵੇਂ ਨਵੇਂ ਨਸ਼ਿਆਂ ਦੀ ਤਲਾਸ਼ ਵਿਚ ਭਜਦੇ ਨੌਜਵਾਨ ਨਜ਼ਰ ਆਉਣਗੇ । ਮਨ ਅੰਦਰਲਾ ਡਰ ਸਮਾਜਿਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰ ਦੇਵੇਗਾ । ਹਰ ਕੋਈ ਆਪਣੇ ਹੀ ਅੰਦਰ ਨੂੰ ਸੁੰਗੜਦਾ ਨਜ਼ਰ ਆਵੇਗਾ ।
ਜਦੋਂ ਅੱਜ ਅਸੀਂ ਆਪਣੇ ਆਲੇ ਦੁਆਲੇ ਵਿਚ ਨਜ਼ਰ ਮਾਰਦੇ ਹਾਂ ਤਾਂ ਉਸ ਮਸੀਹੇ ਵਲੋਂ ਕੀਤੀ ਗਈ ਭਵਿੱਖਬਾਣੀ ਦੇ ਸਬੂਤ ਹਰ ਕਦਮ 'ਤੇ ਮਿਲਦੇ ਹਨ । ਇਹ ਦੌਰ ਯੂਰਪ ਤੇ ਅਮਰੀਕਾ ਦੇ ਵਿਚ ਕੋਈ ਅੱਧੀ ਸਦੀ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ । ਭਾਂਵੇ ਕਿ ਨੀਤਸ਼ੇ ਦੀ ਭਵਿੱਖਬਾਣੀ ਨੇ ਦਰਪੇਸ਼ ਖਤਰੇ ਨੂੰ ਵਿਸਫੋਟਕ ਰੂਪ ਵਿਚ ਪੇਸ਼ ਕੀਤਾ ਸੀ ਪਰ ਹਕੀਕਤ ਉਸ ਦੇ ਅਨੁਮਾਨਾਂ ਨੂੰ ਕਿਤੇ ਪਿੱਛੇ ਛੱਡ ਗਈ ਸੀ । ਸਮਾਜ ਦਾ ਸਭ ਤੋਂ ਵੱਧ ਸੰਵੇਦਨਸ਼ੀਲ ਤਬਕਾ ਸਭ ਤੋਂ ਵੱਧ ਇਸ ਦੀ ਮਾਰ ਹੇਠ ਆਇਆ ਸੀ ।
ਹਰ ਸ਼ੈਅ ਜੋ 'ਪੁਰਾਣੇ' ਵਿਚ ਇਕ ਪਵਿੱਤਰ ਦਰਜਾ ਰੱਖਦੀ ਸੀ, ਨੌਜਵਾਨਾਂ ਲਈ ਉਹ ਨਫਰਤ ਤੇ ਰੋਹ ਦਾ ਪਾਤਰ ਬਣ ਗਈ ਸੀ । ਵਿਆਹ ਦੀ ਸੰਸਥਾ ਅਤੇ ਪਰਿਵਾਰ ਮਜ਼ਾਕ ਦਾ ਵਿਸ਼ਾ ਬਣ ਗਏ ਸਨ । ਪਵਿੱਤਰਤਾ ਹੁਣ ਅਪਵਿੱਤਰਤਾ ਵਿਚ ਬਦਲ ਗਈ ਸੀ । ਸਮਾਜ, ਰਾਜ, ਧਰਮ, ਪਰਿਵਾਰ ਉਹ ਸਭ ਕੁਝ ਤੋਂ ਬੇਮੁਖ ਹੋ ਰਹੇ ਸਨ । ਖੁੱਲ੍ਹਾ ਸੈਕਸ ਤੇ ਨਵੇਂ ਤੋਂ ਨਵੇਂ ਡਰਗਸ ਉਨ੍ਹਾਂ ਦੀ ਸ਼ਰਣਗਾਹ ਬਣ ਗਏ ਸਨ । ਇਨ੍ਹਾਂ ਰਾਹੀਂ ਉਹ ਆਪਣੇ ਲਈ ਇਕ ਅਜਿਹਾ ਕਲਪਨਾ ਲੋਕ ਸਿਰਜਦੇ ਸਨ, ਜੋ ਹਕੀਕਤ ਦੀ ਦੁਨੀਆ ਵਿਚ ਉਨ੍ਹਾਂ ਲਈ ਸਿਰਫ ਸੁਫਨਾ ਹੀ ਸੀ । ਆਪਣੇ ਇਸ ਸੁਫਨੇ ਦੀ ਖਾਤਰ ਉਹ ਸਮੁੱਚੇ ਹਕੀਕੀ ਸੰਸਾਰ ਨੂੰ ਕੁਰਬਾਨ ਕਰਨ ਲਈ ਤਿਆਰ ਸਨ ।
ਨਸ਼ਿਆਂ ਤੇ ਅੰਧਾ ਧੁੰਧ ਸੈਕਸ ਵਿਚ ਗਲਤਾਨ ਹੋਇਆਂ ਨੌਜਵਾਨਾਂ ਦਾ ਇਹ ਵਿਸ਼ਾਲ ਸਮੂਹ ਕੋਈ ਲੁੰਪਨ ਵਰਗ ਦਾ ਪ੍ਰਤੀਨਿਧੀ ਨਹੀਂ ਸਨ। ਉਹ ਇਕ ਨਵੀਂ ਚੇਤਨਾ ਦੀ ਤਲਾਸ਼ ਲਈ ਭਟਕ ਰਹੇ ਸਨ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਤੇ ਆਲਾ ਦੁਆਲਾ ਉਨ੍ਹਾਂ ਲਈ ਅਰਥਵਾਨ ਹੋ ਸਕੇ । ਉਨ੍ਹਾਂ ਨੇ ਇਹ ਪ੍ਰਤੱਖ ਤੌਰ ਤੇ ਜਾਣ ਲਿਆ ਸੀ ਕਿ ਮੌਜੂਦਾ ਸਮਾਜ ਵਿਚ ਪ੍ਰਚਲਿਤ ਸਿਆਣਪ ਸਿਰਫ ਇਕ ਪਰਦਾ ਹੈ । ਹਰ ਰਿਸ਼ਤਾ ਇਕ ਢੌਂਗ ਹੈ । ਉਹ ਇਸ ਤੱਥ ਬਾਰੇ ਵੀ ਸੁਚੇਤ ਸਨ ਕਿ 'ਪਾਗਲਪਨ' ਦਾ ਜੋ ਲਬਾਦਾ ਉਨ੍ਹਾਂ ਨੇ ਵਿਰੋਧ ਦੇ ਪਰਚਮ ਵਾਂਗ ਉਚੱਾ ਚੁੱਕਿਆ ਹੋਇਆ ਹੈ, ਉਹ ਵੀ ਇਕ ਫਰੇਬ ਹੈ । ਇਹ ਅਹਿਸਾਸ ਉਨ੍ਹਾਂ ਨੂੰ ਅੰਦਰੋਂ ਅੰਦਰ ਹੋਰ ਵੀ ਤੋੜ ਰਿਹਾ ਸੀ । ਉਨ੍ਹਾਂ ਨੂੰ ਹਲਕਾ ਜਿਹਾ ਇਸ ਗੱਲ ਦਾ ਅਹਿਸਾਸ ਸੀ ਕਿ 'ਸੱਚੀ ਸਿਆਣਪ' ਕਿਤੇ ਉਨ੍ਹਾਂ ਹੱਦਾਂ ਤੋਂ ਪਰੇ ਸ਼ੁਰੂ ਹੁੰਦੀ ਹੈ, ਜਿਨ੍ਹਾਂ ਨੂੰ ਉਹ ਸਮਾਜ 'ਪਾਗਲਪਨ' ਦਾ ਨਾਂ ਦਿੰਦਾ ਸੀ ।
ਉਸ ਅੰਦੋਲਨ ਵਿਚ ਲੁਕੀ ਹੋਈ ਬੌਧਿਕ ਸਮਰਥਾ ਦਾ ਅੰਦਾਜ਼ਾ ਕੁਝ ਨਾਵਾਂ ਦਾ ਜ਼ਿਕਰ ਕਰਨ ਨਾਲ ਹੋਰ ਵੀ ਸਪਸ਼ਟ ਹੋ ਜਾਂਦਾ ਹੈ । ਹਕਸਲੇ, ਰਿਟਜ਼, ਕਾਪਰਾ, ਆਰ ਡੀ ਲੈਂਗ, ਡਾ. ਈਵਾਨ ਇਲੀਚ ਵਰਗੇ ਪ੍ਰਤਿਭਾਵਨ ਲੋਕ ਉਸ ਅੰਦੋਲਨ ਦਾ ਹਿੱਸਾ ਸਨ । ਉਨ੍ਹਾਂ ਦਾ ਅਨੁਭਵ ਸੀ ਕਿ ਵਰਤਮਾਨ ਮਨੁੱਖੀ ਚੇਤਨਾ ਸਭ ਬੁਰਾਈਆਂ ਦੀ ਜੜ੍ਹ ਹੈ । ਇਹ ਚੇਤਨਾ ਉਨ੍ਹਾਂ ਲਈ ਬੰਧਨ ਬਣੀ ਹੋਈ ਸੀ । ਉਹ ਏਨ੍ਹਾਂ ਸੰਗਲਾਂ ਨੂੰ ਤੋੜ ਕੇ 'ਉਸ ਪਾਰ ਦੇ ਅਨੁਭਵਾਂ' ਨੂੰ ਜਿਉਣਾ ਲੋਚਦੇ ਸਨ । ਇਸ ਦੀ ਖਾਤਰ ਉਹ ਕਦੇ ਐਲ ਐਸ ਡੀ ਦਾ ਸਹਾਰਾ ਤੱਕਦੇ ਸਨ ਤੇ ਕਦੇ ਊਰਜਾ ਦਾ ।
ਹੋਂਦਵਾਦੀ ਫ਼ਲਸਫਾ 'ਤੇ ਬੁੱਧ ਦਾ ਸ਼ੂਨਯਵਾਦ ਵੀ ਉਨ੍ਹਾਂ ਲਈ ਕੋਈ ਸੌਖਾ ਸਮਾਂ ਲੈ ਕੇ ਨਹੀਂ ਸੀ ਆਇਆ । ਹਉਮੈ ਨੂੰ ਰੋਗ ਦੇ ਰੂਪ ਵਿਚ ਉਹ ਪਛਾਣ ਗਏ ਸਨ । ਉਹ ਇਹ ਵੀ ਜਾਣ ਗਏ ਸਨ ਕਿ ਜਿਸ ਨੂੰ ਸਚੱਾਈ ਸਮਝ ਕੇ ਉਹ ਜੀ ਰਹੇ ਹਨ, ਉਹ ਮਹਿਜ ਇਕ ਪਰਛਾਈਂ ਹੈ । ਹੀਰਾਕਲੀਟਸ ਤੇ ਹਾਊ ਸੇ ਵਰਗੇ ਲੋਕ ਜਦੋਂ ਉਸ ਨੂੰ ਸੁਫਨਾ ਜਾਂ ਵਹਿਮ ਕਹਿੰਦੇ ਸਨ ਤਾਂ ਗੱਲ ਉਨ੍ਹਾਂ ਦੇ ਅਨੁਭਵ ਨਾਲ ਮੇਲ ਖਾਂਦੀ ਸੀ । ਪਰ ਇਸ ਨਾਲ ਨਿਜ਼ਾਤ ਦਾ ਕੋਈ ਰਾਹ ਨਹੀਂ ਸੀ ਖੁੱਲ੍ਹਦਾ । ਧੁੰਦਲੇ ਜਿਹੇ ਰੂਪ ਵਿਚ ਉਨ੍ਹਾਂ ਨੂੰ ਅਹਿਸਾਸ ਸੀ ਕਿ ਉਹ ਸਭ ਗਰਭ ਅਵਸਥਾ ਵਿਚੋਂ ਲੰਘ ਰਹੇ ਸਨ । ਬਾਹਰ ਨਿਕਲਦੇ ਇਕ ਨਵਾਂ ਜੀਵਨ ਉਨ੍ਹਾਂ ਦੀ ਰਾਹ ਦੇਖ ਰਿਹਾ ਸੀ । ਪਰ ਜੇ ਉਹ ਬਾਹਰ ਆਉਣ ਵਿਚ ਨਾਕਾਮ ਰਹਿੰਦੇ ਸੀ ਤਾਂ ਅੰਤ ਯਕੀਨੀ ਸੀ । ਇਸ ਲਈ ਉਹ ਉਤਾਵਲੇਪਨ ਦੀਆਂ ਸਭ ਹੱਦਾਂ ਟੱਪਦੇ ਜਾ ਰਹੇ ਸੀ ।
ਉਨ੍ਹਾਂ ਵਿਚ ਕੁਝ ਲੋਕ ਇਹੋ ਜਿਹੇ ਵੀ ਸਨ ਜੋ ਨਸ਼ਿਆਂ ਤੇ ਸੈਕਸ ਤੋਂ ਅੱਗੇ ਜਾ ਕੇ ਪੂਰਬ ਦੇ ਵੱਖ ਵੱਖ ਰਹੱਸਵਾਦੀ ਮਾਰਗਾਂ ਉਤੇ ਵੀ ਮੁਕਦਰ ਅਜ਼ਮਾਈ ਕਰ ਰਹੇ ਸਨ ।਼ ਕਾਪਰਾ ਦਾ ਪੂਰਬ ਦੀਆਂ ਰੂਹਾਨੀ ਪਰੰਪਰਾਵਾਂ ਨਾਲ ਡੂੰਘਾ ਰਿਸ਼ਤਾ ਅੱਜ ਜੱਗ ਜ਼ਾਹਿਰ ਹੈ । ਹਕਸਲੇ ਵੀ ਕ੍ਰਿਸ਼ਨਾਮੂਰਤੀ ਨਾਲ ਸੰਵਾਦ ਵਿਚ ਪਿਆ ਸੀ । ਇਹ ਰਾਹ ਉਨ੍ਹਾਂ ਲਈ ਚਾਨਣ ਦੀਆਂ ਕਿਰਨਾਂ ਲੈ ਕੇ ਆ ਰਿਹਾ ਸੀ । ਨਸ਼ੇ ਦੇ ਲੋਰ ਵਿਚ ਵੀ ਕੁਝ ਲੋਕਾਂ ਨੂੰ ਪਰਾ ਚੇਤਨਾ ਦੀਆਂ ਕੁਝ ਝਲਕੀਆਂ ਦਿਖਾਈ ਪੈਂਦੀਆਂ ਸਨ । ਪਰ ਉਹ ਅਸਥਾਈ ਲਿਸ਼ਕੋਰਾਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਹਨੇਰੇ ਵਿਚ ਸੁੱਟ ਦਿੰਦੀਆਂ ਸਨ ।
ਪ੍ਰਸਿੱਧ ਮਨੋਵਿਗਿਆਨੀ ਆਰ ਡੀ ਲੈਂਗ ਨੇ ਬੜੇ ਹੀ ਖੂਬਸੂਰਤ ਸ਼ਬਦਾਂ ਵਿਚ ਉਨ੍ਹਾਂ ਦੀ ਅਵਸਥਾ ਨੂੰ ਬਿਆਨ ਕੀਤਾ ਸੀ । ਉਸ ਅਨੁਸਾਰ ਗੱਲ ਕੁਝ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਜਨਮ ਦੇ ਕਿਸੇ ਅੰਨੇ ਆਦਮੀ ਨੂੰ ਕੁਝ ਪਲਾਂ ਲਈ ਰੌਸ਼ਨੀ ਮਿਲ ਜਾਵੇ । ਸਾਡੇ ਲਈ ਸ਼ਾਇਦ ਉਸ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਲਗਭਗ ਅਸੰਭਵ ਹੀ ਹੈ । ਮਿੰਟਾਂ ਸਕਿੰਟਾਂ ਵਿਚ ਉਹ ਸਾਰੀ ਦੁਨੀਆ ਜਿਸ ਦਾ ਉਹ ਜਨਮ ਤੋਂ ਆਦੀ ਸੀ ਤਬਾਹ ਹੋ ਜਾਂਦੀ ਹੈ । ਇਸ ਤੋਂ ਪਹਿਲਾਂ ਕਿ ਨਵੇਂ ਦਾ ਅਨੁਭਵ ਕੁਝ ਸਪੱਸ਼ਟ ਤੇ ਠੋਸ ਹੋ ਸਕੇ, ਉਹ ਵੀ ਅਲੋਪ ਹੋ ਜਾਂਦਾ ਹੈ । ਹਨੇਰਾ ਪਹਿਲਾਂ ਨਾਲੋਂ ਵੀ ਗਾੜ੍ਹਾ ਹੋ ਜਾਂਦਾ ਹੈ । ਹੁਣ ਉਹ ਸਖਸ਼ ਜੋ ਸਾਰੀ ਜਿੰਗਗੀ ਬਿਨਾ ਕਿਸੇ ਵਿਦਰੋਹ ਦੇ ਉਸ ਹਨੇਰੇ ਨਾਲ ਕੱਟਦਾ ਰਿਹਾ ਸੀ । ਇਕ ਪਲ ਲਈ ਵੀ ਉਸ ਨੂੰ ਬਰਦਾਸ਼ਤ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ । ਉਹ ਹੁਣ ਚੀਖਦਾ, ਚਿਲਾਉਂਦਾ ਹੈ, ਸੌ ਖੂਹੀਂ ਜਾਲ ਪਾਉਂਦਾ ਹੈ । ਪਰ ਕਿਧਰੇ ਉਸ ਨੂੰ ਆਰਾਮ ਨਹੀਂ ਮਿਲਦਾ । ਉਨ੍ਹਾਂ ਦੋਹਾਂ ਸੰਸਾਰਾਂ ਵਿਚਾਲੇ ਲਟਕਦਾ ਰਹਿ ਜਾਂਦਾ ਹੈ । ਉਸ ਦੀ ਤੜਪ ਅਵੱਲੀ ਹੈ ।
ਨੀਤਸ਼ੇ ਨੇ ਵੀ ਕੁਝ ਇਹੋ ਜਿਹੀ ਸਥਿਤੀ ਦੀ ਹੀ ਪੂਰਵ ਕਲਪਨਾ ਕੀਤੀ ਸੀ । ਉਸ ਦਾ ਅਨੁਮਾਨ ਇਹ ਸੀ ਕਿ ਉਨੀਵੀਂ ਸਦੀ ਦੀਆਂ ਦਹਿਲੀਜ਼ਾਂ ਟੱਪਦੇ ਸਾਰ ਹੀ ਮਨੁੱਖ ਜਾਤੀ ਇਕ ਦੋਰਾਹੇ 'ਤੇ ਪਹੁੰਚ ਜਾਵੇਗੀ । ਉਥੇ ਪਹੁੰਚ ਕੇ ਜਾਂ ਤਾਂ ਮਨੁੱਖ 'ਹੋਣ ਦਾ ਨਵਾਂ ਢੰਗ' ਲੱਭ ਲੈਣਗੇ, ਜਾਂ ਫੇਰ ਉਨ੍ਹਾਂ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ । ਨੀਤਸ਼ੇ ਨਿਰਾਸ਼ਵਾਦੀ ਨਹੀਂ ਸੀ, ਨਾ ਹੀ ਉਹ ਸ਼ਕਤੀ-ਪੂਜਕ ਜਾਂ ਜੰਗ ਦਾ ਮਸੀਹਾ ਸੀ । ਜਿਵੇਂ ਕਿ ਉਸ ਨੂੰ ਪੇਸ਼ ਕਰਨ ਦਾ ਇਕ ਫੈਸ਼ਨ ਸੀ । ਉਹ ਇਕ ਅਜਨਬੀ ਮਾਹੌਲ ਵਿਚ ਪੈਦਾ ਹੋਇਆ ਰਹੱਸ ਦ੍ਰਿਸ਼ਟਾ ਸੀ । ਉਹ ਇਸ ਸਥਿਤੀ ਨੂੰ ਇਕ ਮੌਕੇ ਉਤੇ ਚੁਣੌਤੀ ਵਜੋਂ ਦੇਖਦਾ ਸੀ । ਉਸ ਅਨੁਸਾਰ ਹੋਰ ਕੋਈ ਰਾਹ ਨਹੀਂ ਸੀ ਤੇ ਸਾਡੇ ਵਿਚੋਂ ਹਰ ਇਕ ਨੂੰ ਇਸ ਚੋਣ ਦੇ ਰੂ-ਬ-ਰੂ ਹੋਣਾ ਹੀ ਪੈਣਾ ਸੀ। ਸਾਡੇ ਵੱਲੋਂ ਚੁਣੇ ਗਏ ਰਾਹ ਨੇ ਹੀ ਸਾਰੀ ਮਨੁੱਖੀ ਨਸਲ ਦੀ ਹੋਣੀ ਤਹਿ ਕਰਨੀ ਸੀ ।
ਇਸੇ ਰਾਹ ਤੋਂ ਇਕ ਮਹਾਮਾਨਵ ਪੈਦਾ ਹੋਣਾ ਸੀ । ਜਿਸ ਦੀ ਹੋਂਦ ਚੰਗੇ ਤੇ ਮਾੜੇ ਸਮੇਤ ਹਰ ਤਰ੍ਹਾਂ ਦੇ ਦਵੈਤ ਤੋਂ ਬੁਲੰਦ ਹੋਣੀ ਸੀ । ਮਹਾਮਾਨਵ ਜੋ ਮੋਢਿਆਂ ਦੇ ਹਲਕੇ ਜਿਹੇ ਝਟਕੇ ਨਾਲ ਅਤੀਤ ਤੇ ਭਵਿੱਖ ਦੋਹਾਂ ਦੇ ਹੀ ਭਾਰ ਤੋਂ ਮੁਕਤ ਹੋ ਸਕਦਾ ਸੀ । ਉਹ ਭੀੜ ਦੀਆਂ ਕਦਰਾਂ ਕੀਮਤਾਂ ਤੋਂ ਅਲੱਗ ਇਕੱਲਾ ਖੜ੍ਹਾ ਹੋਣ ਦੀ ਜੁਰਅਤ ਰੱਖਦਾ ਸੀ । ਜੋ ਦੋਸਤਾਂ ਦੁਸ਼ਮਣਾਂ ਲਈ ਬਰਾਬਰ ਦਾ ਪਿਆਰ ਰੱਖਦਾ ਸੀ । ਸ਼ਰੀਰ ਤੇ ਆਤਮਾਂ ਜਿਸ ਲਈ ਇਕੋ ਅਖੰਡ ਦੇ ਹਿੱਸੇ ਸਨ । ਨੀਤਸ਼ੇ ਦਾ ਮਹਾਮਾਨਵ ਅਸਲ ਵਿਚ ਅਤੀਤ ਦੇ ਰੂਹਾਨੀ ਮਾਸ਼ਟਰਾਂ ਨਾਲ ਹੀ ਮੇਲ ਖਾਂਦਾ ਸੀ । ਇਹ ਉਹ ਨਵ ਮਾਨਵ ਸੀ ਜਿਸ ਦੀਆਂ ਜੰਮਣ ਪੀੜਾਂ ਵਿਚੋਂ ਮਨੁੱਖ ਜਾਤੀ ਲੰਘ ਰਹੀ ਸੀ ।
ਸਾਰੇ ਰਹੱਸ-ਦਰਸ਼ੀਆਂ ਵਾਂਗ ਯੋਗੀ ਭਜਨ ਦਾ ਵੀ ਇਹ ਕਥਨ ਸੀ ਕਿ ਨਵ-ਚੇਤਨਾ ਦੀ ਉਸਾਰੀ ਦੀ ਪ੍ਰਕਿਰਿਆ ਵੀ ਇੰਨੀ ਸਰਲ ਨਹੀਂ ਸੀ । ਹਰ ਕੀਮਤੀ ਸ਼ੈ ਵਾਂਗ ਇਸ ਦਾ ਮੁੱਲ ਵੀ ਕਈ ਪੀੜੀਆਂ ਨੂੰ ਤਾਰਨਾ ਪੈਣਾ ਸੀ । ਸਾਰੀਆਂ ਭਟਕਣਾਂ ਤੇ ਤਜ਼ਰਬੇ ਉਸੇ ਹੀ ਕੀਮਤ ਦਾ ਹਿੱਸਾ ਸੀ । ਪੁਰਾਣੇ ਦੀ ਰਹਿੰਦ-ਖੂੰਹਦ ਅਸਾਨੀ ਨਾਲ ਪਿੱਛਾ ਨਹੀਂ ਛਡਦੀ । ਖਾਸ ਤੌਰ ਤੇ ਉਦੋਂ ਜਦੋਂ ਤੁਹਾਡਾ ਸੰਘਰਸ਼ ਖੁਦ ਆਪਣੇ ਨਾਲ ਹੀ ਹੋਏ । ਜਿਸ 'ਭਰਮ' ਨੂੰ ਬੰਦਾ ਆਪਣਾ ਆਪ ਹੀ ਸਮਝੀ ਬੈਠਾ ਹੋਵੇ, ਉਸ ਤੋਂ ਮੁਕਤ ਹੋਣਾ ਕਿਸੇ ਭੂਤ ਤੋਂ ਖਹਿੜਾ ਛੁਡਾਉਣ ਵਾਂਗ ਹੀ ਸੀ । ਇਸ ਲਈ ਇਕ ਤਰ੍ਹਾਂ ਨਾਲ ਮੌਤ ਦੇ ਅਨੁਭਵ ਵਿਚੋਂ ਦੀ ਲੰਘਣਾ ਪੈਂਦਾ ਸੀ । ਜਿਵੇਂ ਕਿ ਬਾਈਬਲ ਵਿਚ ਲਿਖਿਆ ਸੀ ਕਿ ਜੰਮਣ ਲਈ ਪਹਿਲਾਂ ਸ਼ਰਤ ਮੌਤ ਨੂੰ ਕਬੂਲ ਕਰਨ ਦੀ ਸੀ ਤੇ ਮੌਤ ਦੀ ਪਹਿਲੀ ਸ਼ਰਤ ਸੀ ਨੀਂਦ ਤੋਂ ਜਾਗ । ਪਰ ਇਨ੍ਹਾਂ ਰਹੱਸ ਭਰਪੂਰ ਸ਼ਬਦਾਂ ਨੂੰ ਸਮਝਣਾ ਸਧਾਰਨ ਚੇਤਨਾ ਦੇ ਵਸ ਦੀ ਗੱਲ ਨਹੀਂ ਸੀ ।
ਮਨੁੱਖ ਦੀ ਸਭ ਤੋਂ ਵੱਡੀ ਭੁੱਲ ਖੁਦ ਨੂੰ 'ਸਵੈ ਚੇਤਨ' ਮੰਨ ਲੈਣ ਦੀ ਸੀ । ਪਰ ਇਹੋ ਭਰਮ ਹੀ ਉਸ ਦਾ ਸਾਰਾ ਇਤਿਹਾਸ ਸੀ । ਉਸ ਦੀ ਸਵੈ ਪਛਾਣ ਸੀ । ਪਰ ਇਹ ਇਕ ਸਚਾਈ ਸੀ ਕਿ ਆਪਣੀ ਹੋਂਦ ਦੇ ਬਹੁਤ ਅਰਸੇ ਦੌਰਾਨ ਉਹ ਆਪਣੇ 'ਸਵੈ' ਦੇ ਬਾਰੇ ਚੇਤਨ ਨਹੀਂ ਹੁੰਦਾ । ਪਰ ਪਰੰਪਰਾਗਤ ਚਿੰਤਨ ਵਿਚ 'ਸੋਚ-ਪ੍ਰਕਿਰਿਆ' ਯਾਦਾਸ਼ਤ ਦੀਆਂ ਵੱਖ ਵੱਖ ਤਰੰਗਾਂ ਦਾ ਪਰਸਪਰ ਅਮਲ ਹੀ ਹੈ । ਖੁਦ ਸੋਚਣ ਵਾਲਾ ਵੀ ਉਸੇ ਮਕਾਨਕੀ ਪ੍ਰਕ੍ਰਿਅਿਾ ਦਾ ਹੀ ਹਿੱਸਾ ਹੁੰਦਾ ਹੈ । ਅਸਲ ਸਵੈ ਚੇਤਨਾ ਤਾਂ ਸਿਰਫ਼ ਇਕ ਸੰਭਾਵਨਾ ਦੇ ਰੂਪ ਵਿਚ ਹੀ ਮੌਜੂਦ ਰਹਿੰਦੀ ਹੈ । ਕਦੇ ਕਦਾਈਂ ਹੀ ਮਨੁੱਖ ਨੂੰ ਇਸ ਦੀਆਂ ਝਲਕਾਂ ਮਿਲਦੀਆਂ ਹਨ । ਇਹ ਝਲਕੀਆਂ ਹੀ ਅਸਲ ਵਿਚ ਸਫਰ ਦੀ ਸ਼ੁਰੂਆਤ ਦਾ ਮੁੱਢ ਬੰਨ੍ਹਦੀਆਂ ਹਨ ।
ਪਰ ਇਸ ਨਵ-ਚੇਤਨਾ ਦੇ ਧਾਰਨੀ ਮਹਾਂ-ਮਾਨਵ ਦੇ ਹੋਂਦ ਵਿਚ ਆਉਣ ਦੀਆਂ ਕਈ ਪੂਰਵ ਲੋੜਾਂ ਸਨ । ਵੱਖ ਵੱਖ ਪੱਧਤੀਆਂ ਨਾਲ ਜੁੜੇ ਰੂਹਾਨੀ ਟੀਚਰਾਂ ਦੇ ਇਸ ਬਾਰੇ ਅਲੱਗ ਅਲੱਗ ਵਿਚਾਰ ਹਨ । ਕ੍ਰਿਸ਼ਨਾਮੂਰਤੀ ਤੇ ਜ਼ੈਨੱ ਸਕੂਲ ਨਿਸ਼ਕ੍ਰਿਆ-ਧਿਆਨ ਦਾ ਮਾਰਗ ਦੱਸਦੇ ਹਨ। ਦਰਅਸਲ ਉਹ ਕਿਸੇ ਵੀ ਤਰ੍ਹਾਂ ਦੀ ਤਿਆਰੀ ਤੇ ਮਾਰਗ ਦੀ ਹੋਂਦ ਤੋਂ ਹੀ ਮੁਨਕਰ ਹਨ ।
ਗੁਰਜੀਏਫ ਸੈਲਫ ਰੀਮੈਂਬਰਿੰਗ ਨੂੰ ਹੀ ਸਵੈ ਚੇਤਨਾ ਦਾ ਰਾਹ ਮੰਨਦਾ ਹੈ । ਇਹ ਸੰਕਲਪ ਕਬੀਰ ਦੀ 'ਸੁਰਤਿ' ਨਾਲ ਮੇਲ ਖਾਂਦਾ ਹੈ । ਪਰ ਬਹੁਤ ਸਾਰੇ ਸਕੂਲ ਇਸ ਲਈ 'ਕ੍ਰਿਆ-ਯੋਗ' ਦੀ ਤਜ਼ਵੀਜ਼ ਰੱਖਦੇ ਹਨ । ਕ੍ਰਿਆ ਸ਼ਬਦ ਅਸਲ ਵਿਚ ਸੰਸਕ੍ਰਿਤ ਦੇ 'ਕ੍ਰੀ' ਸ਼ਬਦ ਤੋਂ ਬਣਿਆ ਹੈ । ਜਿਸ ਦਾ ਅਰਥ ਹੈ ਕਾਰਜਸ਼ੀਲ ਹੋਣ । ਇਹ ਚਿੰਤਨ ਸ਼ਾਖ ਅਸਲ ਵਿਚ ਕੁਝ ਖਾਸ ਕ੍ਰਿਆਵਾਂ ਰਾਹੀਂ ਚੇਤਨਾ ਨੂੰ ਅਤੀਤ ਦੇ ਕਰਮ-ਬੋਝ ਤੋਂ ਮੁਕਤ ਕਰਾਉਣ ਦਾ ਉਪਰਾਲਾ ਕਰਦੀ ਹੈ ।
ਇਸ ਚਿੰਤਨ ਦੀ ਪਰਿਪਾਟੀ ਦੀ ਇਹ ਮਨੌਤ ਹੈ ਕਿ 'ਹਊਮੈ ਚੇਤਨਾ' ਤੋਂ ਬ੍ਰਹਿਮੰਡੀ ਚੇਤਨਾ ਤੱਕ ਦਾ ਵਿਕਾਸ ਬਿਨਾ ਯਤਨ ਤੋਂ ਸੰਭਵ ਨਹੀਂ ਹੋ ਸਕਦਾ । ਇਸ ਲਈ ਇਕ ਖਾਸ ਤਰ੍ਹਾਂ ਦੀ ਤਿਆਰੀ ਦੀ ਲੋੜ ਹੁੰਦੀ ਹੈ । ਕੁਝ ਨਿਸ਼ਚਿਤ ਵਿਧੀਆਂ ਰਾਹੀਂ ਤੇ ਲੰਮੀ ਸਾਧਨਾ ਦੇ ਅਮਲ ਵਿਚੋਂ ਲੰਘ ਕੇ ਹੀ ਕੋਈ ਸਾਧਕ ਆਪਣੀ ਮੰਜ਼ਿਲ ਪਾ ਸਕਦਾ ਹੈ । ਇਸ ਸਾਰੀ ਪ੍ਰਕ੍ਰਿਆ ਲਈ ਬਹੁਤ ਸਖਤ ਅਨੁਸ਼ਾਸਨ ਤੇ ਹਿੰਮਤ ਦੀ ਲੋੜ ਹੁੰਦੀ ਹੈ । ਖੁੱਲ੍ਹੇ ਅਰਥਾਂ ਵਿਚ ਲਿਆ ਜਾਵੇ ਤਾਂ ਯੋਗੀ ਭਜਨ ਵੀ ਇਸੇ ਸਕੂਲ ਨਾਲ ਹੀ ਸਬੰਧ ਰਖੱਦੇ ਹਨ।
ਲਾਂਸ ਏਂਜਲਸ ਵਿਚ ਆਪਣੇ ਕੁਝ ਦਿਨਾਂ ਦੇ ਹੀ ਕਿਆਮ ਦੌਰਾਨ ਯੋਗੀ ਭਜਨ ਨੇ ਉਸ ਫਿਜ਼ਾ ਵਿਚ ਘੁਲੀਆਂ ਸੰਭਾਵਨਾਵਾਂ ਨੂੰ ਦੇਖ ਲਿਆਂ ਸੀ। ਉਨ੍ਹਾਂ ਲੰਬੇ ਲੰਬੇ ਵਾਲਾਂ ਵਾਲੇ, ਨਸ਼ਿਆਂ ਦੇ ਦਲਦਲ ਵਿਚ ਫਸੇ, ਗੰਦਗੀ ਵਿਚ ਗਲਤਾਨ ਹੋਏ ਨੌਜਵਾਨਾਂ ਦੀ ਪ੍ਰਤਿਭਾ ਨੂੰ ਪਛਾਣ ਲਿਆ ਸੀ । ਭਾਵੇਂ ਕਿ ਸਾਰਾ ਸਮਾਜ ਉਨ੍ਹਾਂ ਲੋਕਾਂ ਨੂੰ ਨਫਰਤ ਕਰਦਾ ਸੀ । ਪਰ ਉਸ ਯੋਗੀ ਦੀ ਨਜ਼ਰ ਜੋ ਦੇਖ ਰਹੀ ਸੀ ਉਹ ਵਰਤਮਾਨ ਨਹੀਂ ਭਵਿੱਖ ਸੀ । ਉਹ ਲੋਕ ਅਸਲ ਅਰਥਾਂ ਦੀ ਪਿਆਸ ਵਿਚ ਨਿਕਲੇ ਸਨ, ਨਵੀਆਂ ਕੀਮਤਾਂ ਦੀ ਉਸਾਰੀ ਲਈ । ਆਤਮ ਗਿਆਨ ਉਨ੍ਹਾਂ ਦੀ ਪਿਆਸ ਸੀ । ਆਪਣੇ ਅਸਲੀ ਆਪ ਨੂੰ ਲੱਭਣ ਤੁਰੇ ਉਹ ਮਹਾਂ ਸ਼ਕਤੀਸ਼ਾਲੀ ਤੇ ਹਿੰਮਤੀ ਲੋਕ ਸਨ । ਉਹ ਅਣਜਾਨੇ ਰਾਹਾਂ ਉਤੇ ਜਾਣ ਦਾ ਖ਼ਤਰਾ ਸਹੇੜ ਸਕਦੇ ਸਨ । ਅਗਿਆਤ ਦੇ ਰੂ-ਬ-ਰੂ ਹੋਣ ਦੀ ਤਾਕਤ ਉਨ੍ਹਾਂ ਵਿਚ ਸੀ । ਪਰ ਬਦਕਿਸਮਤੀ ਨਾਲ ਉਹ ਰਾਹ ਭਟਕ ਗਏ ਸਨ । ਜਾਂ ਇੰਜ ਕਹਿ ਲਓ ਕਿ ਰਾਹ ਦਿਖਾਉਣ ਵਾਲਾ ਹਾਲੇ ਉਨ੍ਹਾਂ ਨੂੰ ਕੋਈ ਮਿਲਿਆ ਹੀ ਨਹੀਂ ਸੀ । ਉਹ ਹਨੇਰੇ 'ਚ ਹੱਥ ਪੈਰ ਮਾਰ ਰਹੇ ਸਨ ।
ਯੋਗੀ ਭਜਨ ਦਾ ਹਿਰਦਾ ਇਕ ਸੰਤ ਦਾ ਹਿਰਦਾ ਸੀ । ਮਹਾਂ ਕਵੀ ਤੁਲਸੀ ਦਾਸ ਨੇ ਸੰਤ ਦੀ ਮਹਿਮਾ ਦਾ ਬਖਾਨ ਕਰਦੇ ਹੋਏ ਕਿਹਾ ਸੀ ਕਿ ਸੰਤ ਦਾ ਹਿਰਦਾ ਮੱਖਣ ਨਾਲੋਂ ਵੀ ਵਧ ਕੋਮਲ ਹੁੰਦਾ ਹੈ । ਕਿਉਂਕਿ ਮੱਖਣ ਤਾਂ ਉਦੋਂ ਪਿਘਲਦਾ ਹੈ ਜਦੋਂ ਉਸ ਦੇ ਆਪਣੇ ਤਨ ਨੂੰ ਸੇਕ ਪਹੁੰਚਦਾ ਹੈ । ਇਹੋ ਰੀਤ ਆਮ ਹੈ । ਪਰ ਸੰਤ ਦਾ ਦਿਲ ਤਾਂ ਦੂਜਿਆਂ ਨੂੰ ਸੇਕ ਲਗੱਦਾ ਦੇਖ ਕੇ ਹੀ ਪੰਘਰ ਜਾਂਦਾ ਹੈ । ਇਹੋ ਤਾਂ ਸੰਤ ਦੀ ਖੂਬੀ ਹੁੰਦੀ ਹੈ, ਜੋ ਉਸ ਨੂੰ ਆਮ ਤੋਂ ਵਿਸ਼ੇਸ਼ ਕਰ ਦਿੰਦੀ ਹੈ । ਉਨ੍ਹਾਂ ਨੌਜਾਵਨਾਂ ਦੀ ਤੜਪ ਦੇਖ ਕੇ ਉਹ ਪਸੀਜ ਗਿਆ ਸੀ । ਇਸ ਵਿਚ ਉਸ ਨੂੰ ਗੁਰੂ ਦੀ ਕੋਈ ਖੇਡ ਹੀ ਨਜ਼ਰ ਆਉਂਦੀ ਸੀ । ਉਸ ਨੂੰ ਲਗੱਦਾ ਸੀ ਕਿ ਉਸ ਨੂੰ ਇਨ੍ਹਾਂ ਭਟਕਦੀਆਂ ਤੇ ਖੋਜੀ ਰੂਹਾਂ ਦੇ ਪਾਰ ਉਤਾਰੇ ਲਈ ਹੀ ਇੱਥੇ ਭੇਜਿਆ ਗਿਆ ਸੀ । ਇਸ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਹੁਣ ਉਸ 'ਤੇ ਸੀ ।
ਉਸ ਕੋਲ ਉਹ ਸਾਰਾ ਗਿਆਨ 'ਤੇ ਅਨੁਭਵ ਸੀ, ਉਹ ਸਾਰੀਆਂ ਵਿਧੀਆਂ ਸਨ । ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਸੀ । ਉਸ ਨੇ ਉਨ੍ਹਾਂ ਨੂੰ ਕੁੰਡਲਨੀ ਯੋਗ ਸਿਖਾਉਣ ਦਾ ਫੈਸਲਾ ਕਰ ਲਿਆ ਸੀ । ਉਸ ਦੀ ਪਹਿਲੀ ਜ਼ਿੰਮੇਵਾਰੀ ਉਨ੍ਹਾਂ ਨੂੰ ਨਸ਼ਿਆਂ ਦੀ ਉਸ ਜਿਲ੍ਹਣ ਵਿਚ ਕੱਢਣ ਦੀ ਸੀ, ਜਿਸ ਨੂੰ ਉਨ੍ਹਾਂ ਨੇ ਆਪਣੀ ਸ਼ਰਣਗਾਹ ਬਣਾ ਲਿਆ ਸੀ । ਉਨ੍ਹਾਂ ਦੇ ਸ਼ਰੀਰਾਂ ਵਿਚ ਰਸ-ਵਸ ਗਏ ਜ਼ਹਿਰ ਤੋਂ ਉਨ੍ਹਾਂ ਦੀਆਂ ਨਾੜਾਂ ਨੂੰ ਸ਼ੁੱਧ ਕਰਨ ਦੀ ਲੋੜ ਸੀ । ਦੇਹ ਅੰਦਰ ਤਾਕਤ ਦੇ ਨਵੇਂ ਸੰਚਾਰ ਦੀ ਲੋੜ ਸੀ । ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਮਨ ਵਿਚ ਸ਼ਕਤੀ ਪ੍ਰਵਾਹ ਨੂੰ ਬਹਾਲ ਕਰਨ ਦੀ ਲੋੜ ਸੀ ।
ਯੋਗੀ ਭਜਨ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ ਕੁੰਡਲਨੀ ਯੋਗ ਤੋਂ ਘਟ ਹੋਰ ਕੋਈ ਵੀ ਵਿਧੀ ਉਨ੍ਹਾਂ ਲਈ ਕਾਰਗਰ ਨਹੀਂ ਸੀ ਹੋ ਸਕਦੀ । ਉਹੀ ਉਨ੍ਹਾਂ ਦੇ ਰੂਹ ਦੇ ਜ਼ਖ਼ਮਾਂ ਨੂੰ ਭਰ ਕੇ ਉਨ੍ਹਾਂ ਵਿਚ ਨਵੀਂ ਰੂਹ ਫੂਕ ਸਕਦੀ ਸੀ । ਉਸ ਨੇ ਬੜੇ ਹੀ ਉਤਸ਼ਾਹ ਨਾਲ ਉਨ੍ਹਾਂ ਨੂੰ ਕੁੰਡਲਨੀ ਯੋਗ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ । ਉਸ ਨੇ ਉਨ੍ਹਾਂ ਸਾਹਮਣੇ ਇਕ ਨਵੀਂ ਚੁਣੌਤੀ ਰੱਖੀ ਸੀ । ਉਨ੍ਹਾਂ ਨੇ ਨਸ਼ੇੜੀਆਂ ਤੋਂ ਸੰਤ ਹੋਣ ਤੱਕ ਦਾ ਪੈਂਡਾ ਤਹਿ ਕਰਨਾ ਸੀ । ਉਨ੍ਹਾਂ ਦੀ ਸਮਰੱਥਾ ਵਿਚ ਉਸ ਦਾ ਪੂਰਾ ਪੂਰਾ ਯਕੀਨ ਸੀ । ਹਾਲਾਂਕਿ ਇਸ ਤਰ੍ਹਾਂ ਖੁੱਲ੍ਹੇਆਮ ਕੁੰਡਲਨੀ ਯੋਗ ਦੀ ਸਿੱਖਿਆ ਦੇਣ ਦੇ ਉਸ ਦੇ ਪ੍ਰੋਗਰਾਮ ਦਾ ਬਹੁਤ ਵਿਰੋਧ ਹੋਇਆ ਸੀ । ਬਹੁਤ ਰੌਲਾ ਰੱਪਾ ਮਚਿਆ ਸੀ । ਆਲੋਚਕਾਂ ਦਾ ਕਹਿਣਾ ਸੀ ਕਿ ਇਸ ਗੁਪਤ ਵਿਧਿਆ ਨੂੰ ਇੰਜ ਜਣੇ ਖਣੇ ਦੇ ਹੱਥ ਸੌਂਪ ਦੇਣਾ ਖ਼ਤਰੇ ਵਾਲੀ ਗੱਲ ਸੀ । ਵਿਦੇਸ਼ੀਆਂ ਦੇ ਹੱਥ ਵਿਚ ਇਸ ਅਹਿਮ ਗਿਆਨ ਦੇ ਜਾਣ 'ਤੇ ਵੀ ਕਈ ਲੋਕ ਚਿੰਤਾ ਦਾ ਇਜ਼ਹਾਰ ਕਰ ਰਹੇ ਸਨ ।
ਪਰ ਯੋਗੀ ਭਜਨ ਦਾ ਉਨ੍ਹਾਂ ਲੋਕਾਂ ਦੀ ਪਾਤਰਤਾ ਵਿਚ ਅਟੁੱਟ ਵਿਸ਼ਵਾਸ ਸੀ । ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਉਥੇ 'ਸ਼ਿਸ਼'਼ ਬਣਾਉਣ ਨਹੀਂ ਸਗੋਂ ਟੀਚਰ ਪੈਦਾ ਕਰਨ ਆਇਆ ਸੀ । ਇਹ ਬਹੁਤ ਹੀ ਹਿੰਮਤ ਭਰਿਆ ਐਲਾਨ ਸੀ । ਉਸ ਦੇ ਵਿਸ਼ਵਾਸ , ਪਿਆਰ ਤੇ ਸਮੱਸਿਆਵਾਂ ਨੂੰ ਟੱਕਰਨ ਦੀ ਉਸ ਦੀ ਯੋਗਤਾ ਦੇ ਕਾਰਨ ਹੀ ਹਜ਼ਾਰਾਂ ਲੋਕ ਉਸ ਦੇ ਗਿਰਦ ਜੁੜਨੇ ਸ਼ੁਰੂ ਹੋ ਗਏ ਸਨ । ਕਾਫਿਲਾ ਬਣ ਰਿਹਾ ਸੀ ।
Thursday, November 26, 2009
Subscribe to:
Post Comments (Atom)
No comments:
Post a Comment