Thursday, November 26, 2009

ਸਿੰਘ ਯੋਗੀ ਦੀਆਂ ਮਹੀਨ ਪੈੜਾਂ




" ਅਸੀਂ ਸਾਰੀ ਦੁਨੀਆ ਵਿਚ ਹੋਵਾਂਗੇ । ਹਰ ਜਗ੍ਹਾ ਹੋਵਾਂਗੇ,
ਸਚਾਈ ਦੇ ਮਾਰਗ ਤੇ ਤੁਰਨ ਵਾਲੇ ਸੰਤਾਂ ਅਤੇ ਰਿਸ਼ੀਆਂ ਦੇ ਰੂਪ
ਵਿਚ, ਜਿਹੜੇ ਹਰ ਪਲ ਗੁਰੂ ਦੇ ਆਦੇਸ਼ਾਂ ਤੇ ਤੁਰ ਰਹੇ ਹੋਣਗੇ ।
ਅਸੀਂ ਅਨੰਤਤਾ ਦੇ ਸਾਗਰ ਵਿਚ ਇਕ ਲਹਿਰ ਹਾਂ । ਘੁੱਪ ਹਨੇਰੇ
ਵਿਚ ਇਕ ਕਿਰਨ ਮਾਤਰ ਹਾਂ । ਅਸੀਂ ਇਸ ਯੁੱਗ ਦੀਆਂ
ਚਿੱਟੀਆਂ ਬੱਤਖਾਂ ਹਾਂ । ਅਸੀਂ ਆਪਣਾ ਗੋਰਵ ਕਾਇਮ ਰੱਖਾਂਗੇ
ਅਤੇ ਆਪਣੇ ਗੁਰੂ ਦਾ ਝੰਡਾ ਪਕੜੀ ਰੱਖਾਂਗੇ ਅਤੇ ਸਮੁਚੀ
ਮਾਨਵਤਾ ਦੇ ਹਿਰਦੇ ਤਕ ਇਸ ਨੂੰ ਲੈਕੇ ਜਾਵਾਂਗੇ ਤਾਂ ਜੋ
ਮਨੁਖਤਾ ਦੇ ਦੁਖਾਂ ਦਾ ਅੰਤ ਹੋਵੇ । ਅਸੀਂ ਸਮਾਜ ਦੇ ਦੁਖਾਂ ਅਤੇ
ਸਮੱਸਿਆਵਾਂ ਦਾ ਉਤਰ ਹਾਂ । ਸਾਡੇ ਕੋਲ ਮਨ ਦੀ ਤਕਨੀਕ ਹੈ
ਅਤੇ ਅਸੀਂ ਨਿੱਘ ਪੈਦਾ ਕਰ ਸਕਦੇ ਹਾਂ ।"



ਸ੍ਰੀ ਹਰਿਭਜਨ ਸਿੰਘ ਯੋਗੀ ਜੀ ਦੁਆਰਾ ਪੱਛਮੀ ਜਗਤ ਵਿਚ ਸ਼ੁਰੂ ਕੀਤੀ ਗਈ ਰੂਹਾਨੀ ਲਹਿਰ ਦਾ ਪੰਜਾਬ ਦੇ ਪੰਥਕ ਅਤੇ ਬੌਧਿਕ ਹਲਕਿਆਂ ਵਲੋਂ ਹਾਲੇ ਤਕ ਵੀ ਪੂਰਾ ਨੋਟਿਸ ਨਹੀਂ ਲਿਆ ਗਿਆ । ਕੁਝ ਪੰਥਕ ਸੰਸਥਾਵਾਂ ਅਤੇ ਹਲਕੇ ਜੇ ਯੋਗੀ ਜੀ ਨੂੰ ਸਨਮਾਨ ਦਿੰਦੇ ਰਹੇ ਤਾਂ ਸਿਰਫ ਇਸ ਕਰਕੇ ਕਿ ਉਨ੍ਹਾਂ ਵਲੋਂ ਪੱਛਮੀ ਲੋਕਾਂ ਨੂੰ ਸਿਖ ਸਜਾਇਆ ਗਿਆ ਹੈ। ਪੰਜਾਬ ਦੇ ਪੰਥਕ ਹਲਕਿਆਂ ਨੂੰ ਇਹ ਗਲ ਵੀ ਪ੍ਰਭਾਵਤ ਕਰਦੀ ਹੈ ਕਿ ਯੋਗੀ ਜੀ ਦੇ ਪ੍ਰਭਾਵ ਸਦਕਾ ਸਿੱਖ ਸਜੇ ਪੱਛਮੀ ਸਿਖਾਂ ਦੀ ਰਹਿਣੀ ਬਹਿਣੀ ਭਾਰਤੀ ਮੂਲ ਦੇ ਸਿਖਾਂ ਨਾਲੋਂ ਜ਼ਿਆਦਾ ਪਰਿਪੱਕ ਹੈ । ਪਰ ਪੰਥਕ ਬੌਧਿਕ ਹਲਕਿਆਂ ਵਲੋਂ ਯੋਗੀ ਜੀ ਦੀ ਲਹਿਰ ਦੇ ਇਤਿਹਾਸਕ ਮਹੱਤਵ ਦਾ ਮੁਆਇਨਾ ਕਰਨ ਦਾ ਕੋਈ ਉਪਰਾਲਾ ਹਾਲੇ ਤਕ ਸਾਹਮਣੇ ਨਹੀਂ ਆਇਆ । ਇਹ ਗਲ ਹੈਰਾਨ ਕਰਦੀ ਹੈ । ਇਸ ਦਾ ਇਕ ਕਾਰਨ ਤਾਂ ਇਹ ਸਮਝ ਆਉਂਦਾ ਹੈ ਕਿ ਯੋਗੀ ਜੀ ਦੀ ਲਹਿਰ ਜਿਸ ਸੰਵੇਦਨਾ ਅਤੇ ਜਿਨ੍ਹਾਂ ਸਰੋਕਾਰਾਂ ਤੇ ਖਲੋਤੀ ਹੈ, ਉਹ ਸੰਵੇਦਨਾ ਅਤੇ ਸਰੋਕਾਰ ਪੰਜਾਬ ਦੀ ਪੰਥਕ ਮੁਖਧਾਰਾ ਦਾ ਅੰਗ ਨਹੀਂ ਬਣੇ । ਜਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੀ ਪੰਥਕ ਧਾਰਾ ਵਿਚ ਪੱਛਮੀ ਸਿਖਾਂ ਵਾਲੀ ਅਤੇ ਉਨ੍ਹਾਂ ਦੀ ਲਹਿਰ ਵਾਲੀ ਤਾਜ਼ਗੀ ਨਹੀਂ ਹੈ । ਸਾਡੇ ਪੰਥਕ ਹਲਕਿਆਂ ਵਿਚ ਪੱਛਮੀ ਸਿਖਾਂ ਵਾਲੀ ਜਗਿਆਸਾ, ਸੰਵੇਦਨਸ਼ੀਲਤਾ ਅਤੇ ਗਹਿਰਾਈ ਨਹੀਂ ਹੈ । ਬਹੁਤੇ ਪੰਜਾਬੀ ਤਾਂ ਭਾਰਤੀ ਸਿਖਾਂ ਦੀ ਸਿਖੀ ਇਸ ਵਕਤ ਪੂਰੀ ਤਰਾਂ ਇਕ ਸੰਸਥਾਗਤ ਧਰਮ ਦਾ ਰੂਪ ਗ੍ਰਹਿਣ ਕਰ ਚੁੱਕੀ ਹੈ । ਇਸ ਵਿਚ ਰੂਹਾਨੀ ਲਹਿਰ ਵਾਲੀ ਮੌਲਿਕਤਾ, ਸ਼ਿਦਤ ਅਤੇ ਤਾਜ਼ਾਪਨ ਨਹੀਂ ਹੈ । ਭਾਰਤੀ ਸਿਖਾਂ ਦੀ ਸਿਖੀ, ਸਿਖ ਧਰਮ ਦੇ ਬਾਹਰੀ ਰੂਪ, ਰੀਤਾਂ ਅਤੇ ਸੰਸਥਾਵਾਂ ਤੇ ਜ਼ਿਆਦਾ ਕੇਂਦਰਤ ਹੋ ਗਈ ਹੈ । ਧਾਰਮਿਕ ਸੰਸਥਾਵਾਂ ਨੇ ਪੂਰੀ ਤਰਾਂ ਇਕ ਸਥਾਪਤੀ ਦਾ ਰੂਪ ਗ੍ਰਹਿਣ ਕਰ ਲਿਆ ਹੈ । ਇਸ ਦੀ ਇਕ ਮਿਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ । ਓਸ਼ੋ ਕਹਿੰਦੇ ਹਨ ਕਿ ਹਰ ਧਰਮ ਦੇ ਹੀ ਦੋ ਮੁਖ ਅੰਗ ਹੁੰਦੇ ਹਨ । ਇਕ ਅੰਗ ਉਸ ਧਰਮ ਦੇ ਮੁਲ ਅਤੇ ਉਸ ਦੇ ਰੂਹਾਨੀ ਗਿਆਨ ਦਾ ਹੁੰਦਾ ਹੈ ਅਤੇ ਦੂਜਾ ਅੰਗ ਉਸਦੀਆਂ ਬਾਹਰੀ ਰੀਤਾਂ ਅਤੇ ਚਿੰਨ੍ਹਾਂ ਦਾ । ਮੁੱਲ ਅਤੇ ਰੂਹਾਨੀ ਗਿਆਨ ਦੇ ਮਾਮਲੇ ਵਿਚ ਤਕਰੀਬਨ ਸਾਰੇ ਧਰਮ ਹੀ ਇਕ ਹਨ। ਸਾਰੇ ਹੀ ਧਰਮਾਂ ਦੀ ਰੂਹਾਨੀਅਤ ਵਿਚ ਕੋਈ ਬੁਨਿਆਦੀ ਫਰਕ ਨਹੀਂ ਹੈ । ਪਰ ਉਨ੍ਹਾਂ ਦੇ ਬਾਹਰੀ ਚਿੰਨ੍ਹਾਂ ਅਤੇ ਰਸਮਾਂ ਵਿਚ ਫਰਕ ਹੈ । ਸਾਰੇ ਸੰਸਥਾਈ ਧਰਮ ਉਹ ਹਨ, ਜਿਨ੍ਹਾਂ ਸਿਰਫ ਬਾਹਰੀ ਚਿੰਨ੍ਹਾਂ ਅਤੇ ਰੀਤਾਂ ਨੂੰ ਹੀ ਪਕੜ ਲਿਆ ਹੈ ਅਤੇ ਧਰਮ ਦਾ ਹੋ ਮੂਲ ਹੈ, ਉਸ ਨੂੰ ਛੱਡ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਇਕ ਦੂਜੇ ਨੂੰ ਨਫਰਤ ਕਰਦੇ ਹਨ । ਉਹ ਸਿਰਫ ਆਪਣੇ ਧਰਮਾਂ ਦੀ ਖੋਲ ਨੂੰ ਚਿੰਬੜੇ ਹੁੰਦੇ ਹਨ । ਬਹੁ ਗਿਣਤੀ ਭਾਰਤੀ ਸਿਖ ਸੰਸਥਾਵਾਂ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਨੇ ਵੀ ਸਿਖ ਧਰਮ ਦੇ ਸਿਰਫ ਬਾਹਰੀ ਰੂਪ ਨੂੰ ਹੀ ਪਕੜ ਲਿਆ ਹੈ । ਸਿਖ ਧਰਮ ਦੀ ਰੂਹ ਅਤੇ ਰੂਹਾਨੀਅਤ ਇਨ੍ਹਾਂ ਭੁਲਾ ਦਿੱਤੀ ਹੈ । ਸਿਖ ਸੰਸਥਾਵਾਂ ਵਿਚ ਆਏ ਸਮੁਚੇ ਨਿਘਾਰ ਦੀ ਜੜ੍ਹ ਇਸ ਗੱਲ ਵਿਚ ਹੈ । ਇਹੀ ਵਜ੍ਹਾ ਹੈ ਕਿ ਪੱਛਮੀ ਸਿਖਾਂ ਦੀਆਂ ਕਰਨੀਆਂ ਅਤੇ ਪ੍ਰਾਪਤੀਆਂ ਪੰਜਾਬ ਦੀ ਸਿਖ ਸਥਾਪਤੀ ਨੂੰ ਨਜ਼ਰ ਨਹੀਂ ਆਈਆਂ । ਪਰ ਯੋਗੀ ਜੀ ਆਪਣੇ ਪੱਛਮੀ ਸਿਖਾਂ ਨੂੰ ਸੰਬੋਧਨ ਕਰਦਿਆਂ ਇਹ ਕਿਹਾ ਕਰਦੇ ਸਨ ਕਿ ਸਾਨੂੰ ਪੰਜਾਬ ਦੇ ਸਿਖਾਂ ਦਾ ਰਿਣੀ ਰਹਿਣਾ ਚਾਹੀਦਾ ਹੈ । ਕਿਉਂਕਿ ਉਨ੍ਹਾਂ ਨੇ ਹੀ ਹਰ ਤਰਾਂ ਦੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਸਿਖੀ ਦੀ ਪਰੰਪਰਾ ਸੰਭਾਲ ਰੱਖੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਭਾਲ ਰੱਖਿਆ ਹੈ। ਚਾਹੇ ਉਹ ਇਸ ਦੇ ਅਸਲ ਸੰਦੇਸ਼ ਤੋਂ ਦੂਰ ਹੋ ਗਏ ਹਨ। ਪੱਛਮੀ ਸਿਖਾਂ ਲਈ ਪੰਜਾਬ ਦੇ ਸਿਖ ਗੁਰੂ ਦੇ ਡਾਕੀਏ ਜਾਂ ਗੁਰੂ ਦੇ ਸੰਦੇਸ਼ ਵਾਹਕ ਹਨ । ਕਈ ਵਾਰ ਸੰਦੇਸ਼ ਵਾਹਕ ਖੁਦ ਉਸ ਸੰਦੇਸ਼ ਦੇ ਮਹਾਤਮ ਤੋਂ ਭਾਵੇਂ ਟੁਟ ਚੁਕਿਆ ਹੁੰਦਾ ਹੈ। ਪਰ ਉਸ ਦੇ ਜ਼ਰੀਏ ਸੰਦੇਸ਼ ਦਾ ਕਿਸੇ ਕੋਲ ਪਹੁੰਚਣਾ ਆਪਣੇ ਆਪ ਵਿਚ ਕੋਈ ਛੋਟੀ ਚੀਜ਼ ਨਹੀਂ ਹੈ । ਪੰਜਾਬ ਦੇ ਸਿਖਾਂ ਨੂੰ ਇਹ ਜਾਣਕੇ ਹੈਰਾਨੀ ਹੋਏਗੀ ਕਿ ਪੱਛਮੀ ਸਿਖਾਂ ਅੰਦਰ ਸਿਖੀ ਦੀ ਐਨੀ ਪ੍ਰਬਲ ਭਾਵਨਾ ਹੈ ਕਿ ਉਨ੍ਹਾਂ ਨੂੰ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਦੁਨੀਆ ਦੇ ਵਿਚ ਗੁਰੂ ਦਾ ਸੰਦੇਸ਼ ਪਹੁੰਚਾਣ ਦਾ ਜਿੰਮਾ ਹੁਣ ਉਨ੍ਹਾਂ ਦੇ ਮੋਢਿਆਂ ਤੇ ਹੈ । ਪੱਛਮੀ ਸਿਖਾਂ ਨੂੰ ਪੰਜਾਬ ਦੇ ਸਿਖਾਂ ਬਾਰੇ ਇਸ ਤਰਾਂ ਕ੍ਰਿਤੱਗਤਾ ਦੀ ਭਾਵਨਾ ਨਾਲ ਗੱਲਬਾਤ ਕਰਦਿਆਂ ਅਸੀਂ ਸੁਣਿਆ ਹੈ।
ਪੰਜਾਬ ਦੇ ਲੋਕ ਯੋਗੀ ਜੀ ਬਾਰੇ ਚਾਹੇ ਸਿਰਫ ਇਹੀ ਜਾਣਦੇ ਹਨ ਕਿ ਉਨ੍ਹਾਂ ਪੱਛਮੀ ਲੋਕਾਂ ਨੂੰ ਧਰਮ ਪਰਿਵਰਤਨ ਕਰਵਾਕੇ ਸਿਖ ਸਜਾ ਲਿਆ, ਪਰ ਵਾਸਤਵ ਵਿਚ ਯੋਗੀ ਜੀ ਅਜਿਹੇ ਧਰਮ ਪਰਿਵਰਤਕ ਨਹੀਂ ਸਨ । ਉਨ੍ਹਾਂ ਨੂੰ ਦੂਸਰੇ ਧਰਮ ਪਰਿਵਰਤਕਾਂ ਦੇ ਵਰਗ ਵਿਚ ਨਹੀਂ ਰੱਖਿਆ ਜਾ ਸਕਦਾ । ਉਨ੍ਹਾਂ ਦਾ ਦੂਸਰੇ ਸਿਖ ਧਰਮ ਪ੍ਰਚਾਰਕਾਂ ਅਤੇ ਸੰਤਾਂ ਨਾਲੋਂ ਵੀ ਇਕ ਬੁਨਿਆਦੀ ਵਖਰੇਵਾਂ ਸੀ । ਸਿਖੀ ਜੀਵਨ ਬਚਪਨ ਤੋਂ ਹੀ ਯੋਗੀ ਜੀ ਦੇ ਜੀਵਨ ਦਾ ਹਿੱਸਾ ਸੀ । ਬਾਅਦ ਦੇ ਸਾਲਾਂ ਵਿਚ ਉਨ੍ਹਾਂ ਦੀ ਇਹ ਧਾਰਮਿਕ ਆਸਥਾ ਵਧਦੀ ਹੀ ਰਹੀ । ਉਨ੍ਹਾਂ ਦੀ ਧਰਮ ਪਤਨੀ ਬੀਬੀ ਇੰਦਰਜੀਤ ਕੌਰ ਮੁਢ ਤੋਂ ਹੀ ਬਹੁਤ ਧਾਰਮਿਕ ਆਸਥਾ ਵਾਲੇ ਤੇ ਸਿਖ ਰਹਿਤ ਵਿਚ ਢਲੀ ਹੋਈ ਸਖਸ਼ੀਅਤ ਸਨ । ਯੋਗੀ ਜੀ ਦੇ ਛੋਟੇ ਬੇਟੇ ਕੁਲਬੀਰ ਸਿੰਘ ਦਸਦੇ ਹਨ ਕਿ ਸਾਡੇ ਘਰ ਵਿਚ ਸ਼ੁਰੂ ਤੋਂ ਹੀ ਧਾਰਮਿਕ ਮਹੌਲ ਹੈ। ਯੋਗੀ ਜੀ ਤਾਂ ਸ਼ੁਰੂ ਤੋਂ ਹੀ ਆਪਣੇ ਕੰਮਾਂ ਵਿਚ ਮਸਤ ਸਨ ਪਰ ਸਾਡੇ ਘਰ ਵਿਚ ਸਾਡੇ ਮਾਤਾ ਜੀ ਕਰਕੇ ਪਹਿਲੇ ਦਿਨ ਤੋਂ ਬੇਹਦ ਧਾਰਮਿਕ ਸ਼ਰਧਾ ਵਾਲਾ ਮਹੌਲ ਹੈ। ਕੁਲਬੀਰ ਸਿੰਘ ਦਸਦੇ ਹਨ ਕਿ ਪਹਿਲੇ ਦਿਨ ਤੋਂ ਹੀ ਸਿਖ ਮਰਿਯਾਦਾ ਸਾਡੇ ਪਰਿਵਾਰਕ ਜੀਵਨ ਦਾ ਅੰਗ ਰਹੀ ਹੈ । ਇਸ ਤਰਾਂ ਯੋਗੀ ਜੀ ਦੇ ਘਰ ਵਿਚ ਭਾਵੇਂ ਸਿਖ ਜੀਵਨ ਦੀ ਆਸਥਾ ਸਭ ਤੋਂ ਬੁਨਿਆਦੀ ਲੱਛਣ ਹੈ ਪਰ ਇਸ ਦੇ ਬਾਵਜੂਦ ਯੋਗੀ ਜੀ ਜਦ ਵੀ ਅਮਰੀਕਾ ਵਿਚ ਗਏ ਤਾਂ ਉਨ੍ਹਾਂ ਕਦੇ ਵੀ ਆਪਣੇ ਆਪ ਨੂੰ ਇਕ ਧਰਮ ਪ੍ਰਚਾਰਕ ਦੇ ਰੂਪ ਵਿਚ ਪੇਸ਼ ਨਹੀਂ ਕੀਤਾ ।ਜਿਥੋਂ ਤਕ ਸਿਖ ਧਾਰਮਿਕ ਜੀਵਨ ਦੀ ਗੱਲ ਹੈ, ਯੋਗੀ ਜੀ ਨੇ ਆਪਣੇ ਆਪ ਨੂੰ ਇਕ ਸਿਖ ਪ੍ਰਚਾਰਕ ਨਾਲੋਂ ਜ਼ਿਆਦਾ ਸਿਖ ਸ਼ਰਧਾਲੂ ਦੇ ਰੂਪ ਵਿਚ ਪੇਸ਼ ਕਰਨ ਵਿਚ ਹੀ ਖੁਸ਼ੀ ਸਮਝੀ । ਅਮਰੀਕਾ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਬੁਨਿਆਦੀ ਤੌਰ ਤੇ ਯੋਗਾ ਪੜ੍ਹਾਉਂਦੇ ਸਨ । ਸਿੱਖ ਧਰਮ ਉਨ੍ਹਾਂ ਪੜ੍ਹਾਇਆ ਨਹੀਂ, ਬਲਕਿ ਉਨ੍ਹਾਂ ਦੇ ਜੀਵਨ ਵਿਚੋਂ ਆਪਣੇ ਆਪ ਹੀ ਝਰਦਾ ਰਿਹਾ । ਸਿਖੀ ਉਨ੍ਹਾਂ ਦੀ ਆਤਮਾ ਦਾ ਹਿੱਸਾ ਸੀ, ਇਸ ਕਰਕੇ ਇਸ ਦੀ ਮਹਿਕ ਆਪਣੇ ਆਪ ਹੀ ਖਿਲਰਦੀ ਰਹੀ । ਉਹ ਦੂਸਰੇ ਸਿਖ ਸੰਤਾਂ ਤੋਂ ਵਖਰੇ ਨਜ਼ਰ ਆਉਂਦੇ ਹਨ ਜਿਹੜੇ ਸਿਖੀ ਦੇ ਪ੍ਰਚਾਰ ਪ੍ਰਸਾਰ ਲਈ ਲਗੇ ਹੋਏ ਹਨ ।
ਯੋਗੀ ਜੀ ਤੋਂ ਪਹਿਲਾਂ ਤੇ ਬਾਅਦ ਵੀ ਕਈ ਰੂਹਾਨੀ ਪੁਰਸ਼ ਭਾਰਤ ਵਿਚੋਂ ਅਮਰੀਕਾ ਵਿਚ ਰੂਹਾਨੀਅਤ ਦਾ ਸੰਦੇਸ਼ ਲੈਕੇ ਗਏ । ਸਵਾਮੀ ਰਾਮ ਤੀਰਥ, ਸਵਾਮੀ ਵਿਵੇਕਾਨੰਦ, ਯੋਗਾਨੰਦ ਪਰਮਹੰਸ, ਓਸ਼ੋ ਅਜਿਹੇ ਭਾਰਤੀ ਮਹਾਤਮਾ ਹਨ ਜਿਨ੍ਹਾਂ ਪੁਰਾਤਨ ਭਾਰਤੀ ਰੂਹਾਨੀ ਗਿਆਨ ਅਤੇ ਅਧਿਆਤਮਕ ਵਿਕਾਸ ਦੀਆਂ ਵਿਧੀਆਂ ਤੋਂ ਪੱਛਮੀ ਦੁਨੀਆ ਨੂੰ ਜਾਣੂ ਕਰਵਾਇਆ । ਯੋਗੀ ਜੀ ਵੀ ਇਕ ਯੋਗਾ ਟੀਚਰ ਦੇ ਰੂਪ ਵਿਚ ਹੀ ਅਮਰੀਕਾ ਵਿਚ ਗਏ ਸਨ । ਉਨ੍ਹਾਂ ਆਪਣੇ ਪੱਛਮੀ ਸ਼ਿਸ਼ਾਂ ਨੂੰ ਸਭ ਤੋਂ ਪਹਿਲਾਂ ਯੋਗਾ ਹੀ ਸਿਖਾਉਣਾ ਸ਼ੁਰੂ ਕੀਤਾ ਸੀ । ਸਿਖੀ ਸੰਸਕਾਰ ਅਤੇ ਰਹਿਤ ਉਨ੍ਹਾਂ ਦੇ ਜੀਵਨ ਵਿਚ ਢਲੀ ਹੋਈ ਸੀ, ਇਸ ਕਰਕੇ ਉਨ੍ਹਾਂ ਨੂੰ ਕਦੇ ਸਿਖੀ ਦੇ ਪਰਚਾਰ ਦੀ ਲੋੜ ਨਾ ਪਈ। ਉਨ੍ਹਾਂ ਦੇ ਯੋਗਾ ਦੇ ਵਿਦਿਆਰਥੀ ਉਨ੍ਹਾਂ ਦੇ ਸਿਖੀ ਜੀਵਨ ਦੀ ਕਸ਼ਿਸ਼ ਸਦਕਾ ਹੀ ਸਿਖੀ ਜੀਵਨ ਵਲ ਖਿਚੇ ਤੁਰੇ ਆਏ । ਪੱਛਮੀ ਸਿਖਾਂ ਵਿਚੋਂ ਸਭ ਤੋਂ ਪਹਿਲਾਂ ਗੁਰੂ ਸਿੰਘ ਨੇ ਪੱਗ ਬੰਨਣੀ ਸ਼ੁਰੂ ਕੀਤੀ ; ਜਿਹੜਾ ਕਿ ਯੋਗੀ ਜੀ ਦੇ ਮੁਢਲੇ ਵਿਦਿਆਰਥੀਆਂ ਵਿਚੋਂ ਹੈ । ਉਸਨੇ ਦਸਿਆ ਕਿ ਯੋਗੀ ਜੀ ਨੇ ਉਸ ਨੂੰ ਕਦੇ ਵੀ ਪੱਗ ਬੰਨਣ ਲਈ ਨਹੀਂ ਕਿਹਾ । ਉਨ੍ਹਾਂ ਦੇ ਹੋਰ ਸ਼ਿਸ਼ਾਂ ਵਿਚੋਂ ਨਾ ਹੀ ਕੋਈ ਹੋਰ ਇਸ ਤਰਾਂ ਕਰਦਾ ਸੀ । ਪਰ ਸਾਰੇ ਹੀ ਯੋਗੀ ਜੀ ਨੂੰ ਪਿਆਰ ਕਰਦੇ ਸਨ । ਯੋਗੀ ਜੀ ਉਨਾਂ ਦੇ ਜੀਵਨ ਦੇ ਨਾਇਕ ਸਨ । ਯੋਗੀ ਜੀ ਨੂੰ ਮਿਲਣ ਤੋਂ ਬਾਅਦ ਹੀ ਉਨ੍ਹਾਂ ਦੇ ਜੀਵਨ ਮੂਲੋਂ ਬਦਲ ਗਏ ਹਨ । ਯੋਗੀ ਜੀ ਦੀ ਹਰ ਅਦਾ ਅਤੇ ਹਰ ਚੀਜ਼ ਉਨ੍ਹਾਂ ਨੂੰ ਚੰਗੀ ਲਗਦੀ ਸੀ । ਉਨ੍ਹਾਂ ਦੀ ਪੱਗ ਵੀ ਉਨ੍ਹਾਂ ਨੂੰ ਖਿਚ ਪਾਉਂਦੀ ਸੀ । ਇਸੇ ਖਿਚ ਵਿਚੋਂ ਗੁਰੂ ਸਿੰਘ ਨੇ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ ਅਤੇ ਅਚਾਨਕ ਇਕ ਦਿਨ ਪੱਗ ਬੰਨ ਲਈ । ਉਸ ਤੋਂ ਬਾਅਦ ਉਸ ਦਾ ਕਦੇ ਵੀ ਵਾਲ ਕਟਾਉਣ ਲਈ ਮਨ ਨਹੀਂ ਕੀਤਾ। ਇਸ ਤਰਾਂ ਇਕ ਸਿਲਸਿਲਾ ਸ਼ੁਰੂ ਹੋ ਗਿਆ । ਵੱਖ ਵੱਖ ਸ਼ਿਸ਼ਾਂ ਅੰਦਰੋਂ ਪੱਗ ਬੰਨਣ ਲਈ ਖਿਚ ਪੈਦਾ ਹੋਣ ਲੱਗੀ । ਇੰਟਰਨੈਸ਼ਨਲ ਕੁੰਡਲਨੀ ਯੋਗਾ ਟੀਚਰਜ਼ ਦੀ ਐਸੋਸੀਏਸ਼ਨ ਦੀ ਅਗਜ਼ੈਕਟਿਵ ਡਾਇਰੈਕਟਰ ਨਾਮ ਕੌਰ ਖਾਲਸਾ ਨੇ ਅਮਰੀਕੀਆਂ ਦੁਆਰਾ ਖਾਲਸਾ ਬਾਣਾ ਪਹਿਨਣ ਦੇ ਅਨੁਭਵ ਸਾਂਝੇ ਕਰਦਿਆਂ ਬੜੀ ਭਾਵਪੂਰਤ ਟਿਪਣੀ ਕੀਤੀ । ਆਪਣੇ ਪਤੀ ਡਾਕਟਰ ਸ੍ਰੀ ਆਤਮਾ ਸਿੰਘ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਦਸਿਆ ਕਿ ਇਹ ਪੇਸ਼ਵਾਰ ਡਾਕਟਰ ਹਨ । ਇਕ ਪੇਸ਼ਵਾਰ ਡਾਕਟਰ ਵਜੋਂ ਅਮਰੀਕੀ ਸਮਾਜ ਵਿਚ ਇਸ ਬਾਣੇ ਵਿਚ ਵਿਚਰਨਾ ਅਸਾਨ ਗਲ ਨਹੀਂ ਹੈ। ਪਰ ਜੇ ਫੇਰ ਵੀ ਅਸੀਂ ਇਹ ਬਾਣਾ ਪਹਿਨ ਰਹੇ ਹਾਂ ਤਾਂ ਇਸ ਪਿਛੋਂ ਜੋ ਪ੍ਰੇਰਨਾ ਕੰਮ ਕਰ ਰਹੀ ਹੈ, ਉਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਾ ਲਓ। ਯੋਗੀ ਜੀ ਦੇ ਨੇੜੇ ਆਉਣ ਤੋਂ ਬਾਅਦ ਸਾਡਾ ਜੀਵਨ ਬਦਲ ਗਿਆ ਹੈ । ਅਸੀਂ ਇਹ ਸਮਝਦੇ ਹਾਂ ਕਿ ਸਾਡਾ ਜੀਵਨ ਉਨ੍ਹਾਂ ਨੇ ਹੀ ਦਿੱਤਾ ਹੈ, ਉਨ੍ਹਾਂ ਦੀ ਹੀ ਅਮਾਨਤ ਹੈ ।ਅਸੀਂ ਉਨ੍ਹਾਂ ਪ੍ਰਤੀ ਕ੍ਰਿਤੱਗਤਾ ਅਤੇ ਸ਼ੁਕਰਾਨੇ ਵਜੋਂ ਹੀ ਜੀ ਰਹੇ ਹਾਂ । ਯੋਗੀ ਜੀ ਦੇ ਸਭ ਸ਼ਿਸ਼ਾਂ ਨੂੰ ਮਿਲਦਿਆਂ ਸਾਨੂੰ ਇਸ ਕ੍ਰਿਤੱਗਤਾ ਦਾ ਅਨੁਭਵ ਹੁੰਦਾ ਹੈ । ਉਨ੍ਹਾਂ ਦੇ ਇਕ ਵਿਦਿਆਰਥੀ ਧਰਮ ਸਿੰਘ ਖਾਲਸਾ ਅਮਰੀਕਾ ਦੇ ਪ੍ਰਮੁਖ ਡਾਕਟਰਾਂ ਵਿਚੋਂ ਹਨ । ਉਹ ਕਈ ਬੈਸਟ ਸੈਲਰ ਕਿਤਾਬਾਂ ਦੇ ਲੇਖਕ ਵੀ ਹਨ । ਉਨ੍ਹਾਂ ਦੀਆਂ ਕਿਤਾਬਾਂ ਮੈਡੀਸਨ ਐਜ਼ ਮੈਡੀਟੇਸ਼ਨ ਅਤੇ ਪੇਨ ਕਿਉਰ ਨੇ ਪੱਛਮੀ ਦੁਨੀਆ ਵਿਚ ਸਿਹਤ ਸਪੈਸ਼ਲਿਸਟਾਂ ਤੇ ਆਮ ਲੋਕਾਂ ਦਾ ਧਿਆਨ ਖਿਚਿਆ । ਉਹ ਵੀ ਯੋਗੀ ਜੀ ਦੇ ਕੁੰਡਲਨੀ ਯੋਗਾ ਕੈਂਪਾਂ ਵਿਚ ਸ਼ਾਮਲ ਹੁੰਦੇ ਹਨ । ਪਰ ਉਨ੍ਹਾਂ ਹਾਲੇ ਸਿਖ ਧਰਮ ਨੂੰ ਨਹੀਂ ਸੀ ਅਪਣਾਇਆ । ਸਿਖ ਜੀਵਨ ਨੂੰ ਅਪਣਾਉਣ ਲਈ ਉਨ੍ਹਾਂ ਅੰਦਰ ਪੈਦਾ ਹੋਈ ਪ੍ਰਬਲ ਖਾਹਸ਼ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਹੋਏ ਅਦਭੁਤ ਰੂਹਾਨੀ ਅਨੁਭਵਾਂ ਦਾ ਬਿਆਨ ਉਨ੍ਹਾਂ ਆਪਣੀ ਕਿਤਾਬ ਮੈਡੀਸਨ ਐਜ਼ ਮੈਡੀਟੇਸ਼ਨ ਦੇ ਮੁਖ ਬੰਦ ਵਿਚ ਕੀਤਾ ਹੈ ਕਿ ਕਿਵੇਂ ਐਸਪਨੋਲਾ ਵਿਚ ਇਕ ਦਿਨ ਯੋਗੀ ਜੀ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਪੱਗ ਬੰਨਣ ਦਾ ਫੈਸਲਾ ਕਰ ਲਿਆ । ਡਾ . ਧਰਮ ਸਿੰਘ ਖਾਲਸਾ ਉਦੋਂ ਸਿਖ ਨਹੀਂ ਸਨ ਬਣੇ । ਇਹ 1978 ਦੀ ਗੱਲ ਹੈ । ਉਹ ਯੂਨੀਵਰਸਿਟੀ ਔਫ ਕੈਲੀਫੋਰਨੀਆਂ ਚੋਂ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਪਹਿਲੀ ਵਾਰ ਨਿਊ ਮੈਕਸੀਕੋ ਦੇ ਸ਼ਹਿਰ ਅਲਬੂਕਰਕੀ ਵਿਚ ਇਕ ਹਸਪਤਾਲ ਵਿਚ ਤਾਇਨਾਤ ਹੋਏ । ਉਦੋਂ ਉਹ ਮਹੇਸ਼ ਯੋਗੀ ਵਾਲੀਂ ਟਰਾਂਸੇਡੈਂਟਲ ਮੈਡੀਟੇਸ਼ਨ ਤੋਂ ਪਰਿਚਿਤ ਸਨ । ਅਲਬੂਕਰਕੀ ਵਿਚ ਜਾਣ ਤੋਂ ਬਾਅਦ ਉਨ੍ਹਾਂ ਇਕ ਦਿਨ ਆਪਣੇ ਗੁਆਂਢੀ ਤੋਂ ਪੁਛਿਆ ਕਿ ਇਥੇ ਕਿਤੇ ਕੋਈ ਯੋਗਾ ਟੀਚਰ ਹੈ। ਉਸ ਵਲੋਂ ਯੋਗੀ ਜੀ ਬਾਰੇ ਦੱਸਿਆ ਗਿਆ । ਯੋਗੀ ਜੀ ਨੂੰ ਪਹਿਲੀ ਵਾਰ ਮਿਲਣ ਜਾਣ ਅਤੇ ਉਸ ਤੋਂ ਬਾਅਦ ਘਟਨਾਵਾਂ ਦਾ ਵਿਵਰਣ ਉਨ੍ਹਾਂ ਬੜੀ ਸ਼ਿਦਤ ਅਤੇ ਸੰਵੇਦਨਸ਼ੀਲਤਾ ਨਾਲ ਕੀਤਾ :
ਮੈਂ ਅਲਬੂਕਰਕੀ ਵਿਚ ਉਸ ਘਰ ਵਿਚ ਪਹੁੰਚ ਗਿਆ, ਜਿਥੇ ਯੋਗੀ ਜੀ ਠਹਿਰੇ ਹੋਏ ਸਨ । ਇਥੇ ਜੋ ਕੁਝ ਵੀ ਵਾਪਰਿਆ, ਉਹ ਬਹੁਤ ਅਦਭੁਤ ਅਤੇ ਇਕ ਲਿਹਾਜ ਨਾਲ ਕੌਤਕੀ ਅਨੁਭਵ ਸੀ। ਉਹ ਲੋਕਾਂ ਦੇ ਇਕ ਗਰੁਪ ਵਿਚ ਘਿਰੇ ਇਕ ਮੰਜੇ ਤੇ ਪਏ ਸਨ । ਮੈਂ ਜਿਉ ਹੀ ਕਮਰੇ ਵਿਚ ਦਾਖਲ ਹੋਇਆ, ਮੈਨੂੰ ਇਸ ਤਰਾਂ ਲੱਗਿਆ ਜਿਵੇਂ ਲੋਕਾਂ ਦਾ ਸਮੁੰਦਰ ਪਾਟ ਰਿਹਾ ਹੋਵੇ ਅਤੇ ਮੈਂ ਚੰਦ ਤੇ ਤੁਰਦੇ ਪੁਲਾੜ ਯਾਤਰੀਆਂ ਦੀ ਤਰਾਂ ਬਿਨਾਂ ਤੁਰੇ ਹੀ ਉਡਕੇ ਉਨ੍ਹਾਂ ਤਕ ਪਹੁੰਚ ਗਿਆ ਹੋਵਾਂ। ਉਨ੍ਹਾਂ ਦੀਆਂ ਚਮਕਦਾਰ ਅੱਖਾਂ ਮੇਰੇ ਵੱਲ ਦੇਖ ਰਹੀਆਂ ਸਨ । ਇਸ ਤੋਂ ਪਹਿਲਾਂ ਮੈਂ ਕੁਝ ਬੋਲਦਾ, ਉਹ ਬੋਲੇ : '' ਡਾਕਟਰ ਤੂੰ ਕਿੰਨੇ ਕੁ ਪੈਸੇ ਬਣਾ ਲੈਂਦਾ ਹੈਂ ?" ਮੈਨੂੰ ਅੱਜ ਤਕ ਇਹ ਗੱਲ ਸਮਝ ਨਾ ਆਈ ਕਿ ਉਨ੍ਹਾਂ ਮੈਨੂੰ ਇਹ ਸਵਾਲ ਕਿਉਂ ਪੁਛਿਆ । ਪਰ ਉਸ ਇਕ ਪਲ ਦੌਰਾਨ ਹੀ ਮੈਂ ਆਪਣੇ ਡਾਕਟਰ ਹੋਣ ਦੇ ਝੂਠੇ ਖੋਲ ਵਿਚੋਂ ਬਾਹਰ ਆ ਗਿਆ ਸਾਂ ।
ਉਸ ਤੋਂ ਬਾਅਦ ਉਨ੍ਹਾਂ ਅੱਖਾਂ ਬੰਦ ਕਰ ਲਈਆਂ ਅਤੇ ਆਪਣੀ ਸਮਾਧੀ ਵਿਚ ਚਲੇ ਗਏ । ਪਰ ਕਿਸੇ ਅਦਭੁਤ ਕਾਰਨ ਕਰਕੇ ਮੈਨੂੰ ਇਉਂ ਹੀ ਲੱਗਿਆ, ਜਿਵੇਂ ਉਨ੍ਹਾਂ ਮੈਨੂੰ ਅਣਡਿਠ ਕੀਤਾ ਹੋਵੇ । ਬਲਕਿ ਮੈਨੂੰ ਇਸ ਤਰਾਂ ਮਹਿਸੂਸ ਹੋਇਆ ਕਿ ਕਿਸੇ ਜ਼ਿਆਦਾ ਗਹਿਰੇ ਤਲ ਤੇ ਉਹ ਮੈਨੂੰ ਆਪਣੇ ਵਿਚ ਸ਼ਾਮਲ ਕਰ ਰਹੇ ਹਨ । ਜਦ ਉਨ੍ਹਾਂ ਅੱਖਾਂ ਖੋਲੀ੍ਹਆਂ ਤਾਂ ਮੈਨੂੰ ਇਹ ਉਮੀਦ ਸੀ ਕਿ ਉਹ ਕੁਝ ਵੱਡੀ ਗੱਲ ਕਰਨਗੇ । ਪਰ ਉਹ ਬੋਲੇ : ' ਚਲੋ ਫਿਲਮ ਦੇਖਣ ਚੱਲੀਏ।' ਅਸੀਂ ਕਈ ਜਣੇ ਉਨ੍ਹਾਂ ਦੇ ਨਾਲ ਫਿਲਮ ਦੇਖਣ ਚਲੇ ਗਏ । ਉਥੇ ਵੀ ਕੁਝ ਅਸਾਧਾਰਨ ਵਾਪਰਿਆ । ਸਿਨੇਮਾ ਹਾਲ ਵਿਚ ਮੈਂ ਟਾਇਲਟ ਗਿਆ । ਜਦੋਂ ਮੈਂ ਆਪਣੇ ਹੱਥ ਧੋ ਰਿਹਾ ਸਾਂ ਤਾਂ ਉਹ ਵੀ ਅੰਦਰੋਂ ਨਿਕਲ ਆਏ । ਉਨ੍ਹਾਂ ਕਿਹਾ, ''ਅਸੀਂ ਫੇਰ ਇੱਕਠੇ ਹੋ ਗਏ ਹਾਂ ।" ਫੇਰ ਮੈਨੂੰ ਉਹ ਇਹ ਕਹਿੰਦੇ ਵੀ ਸੁਣੇ: ''ਦੁਬਾਰਾ" ਮੈਂ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ । '' ਹਾਂ ਦੁਬਾਰਾ" । ਚੁਪ। ਅਚਾਨਕ ਮੈਨੂੰ ਇਹ ਅਹਿਸਾਸ ਹੋਇਆ ਕਿ ਯੋਗੀ ਜੀ ਨੇ ਤਾਂ 'ਦੁਬਾਰਾ' ਸ਼ਬਦ ਨਹੀਂ ਸੀ ਬੋਲਿਆ । ਚਾਹੇ ਮੈਨੂੰ ਬੜੇ ਸਾਫ ਤਰੀਕੇ ਨਾਲ ਇਹ ਸੁਣਿਆ ਸੀ । ਹੋ ਸਕਦਾ ਹੈ ਕਿ ਇਹ ਮੇਰੀ ਕਲਪਨਾ ਹੀ ਹੋਵੇ । ਪਰ ਇਸ ਤੋਂ ਪਹਿਲਾਂ ਮੈਂ ਕਦੇ ਅਜਿਹੀ ਕਲਪਨਾ ਵੀ ਨਹੀਂ ਸੀ ਕੀਤੀ । ਮੈਂ ਇਹ ਸੋਚ ਰਿਹਾਂ ਸਾਂ ਕਿ ਉਨ੍ਹਾਂ ਦੇ ਇਸ 'ਦੁਬਾਰਾ' ਦਾ ਮਤਲਬ ਕਿਸੇ ਪਿਛਲੇ ਜਨਮ ਤੋਂ ਹੈ ਜਾਂ ਅੱਜ ਹੀ ਦੂਜੀ ਵਾਰ ਮਿਲਣ ਤੋਂ ਹੈ । ਮੈਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਅੱਜ ਮੈਂ ਇਸ ਇਨਸਾਨ ਨੂੰ ਮਿਲ ਰਿਹਾ ਹਾਂ, ਇਹ ਜਾਂ ਤਾਂ ਦਿਲਾਂ ਦੀ ਬੁਝਣ ਵਾਲਾ ਠਹਿਰਿਆ ਹੋਇਆ ਆਦਮੀ ਹੈ ਜਾਂ ਮੈਂ ਹੀ ਸੁਪਨੇ ਦੀ ਅਵਸਥਾ ਵਿਚ ਤੁਰ ਰਿਹਾਂ ਹਾਂ । ਦੋ ਹਫਤਿਆਂ ਬਾਅਦ ਮੈਂ ਨਿਊ ਮੈਕਸੀਕੋ ਦੇ ਹੀ ਇਕ ਸੁੰਦਰ ਪਠਾਰੀ ਪਿੰਡ ਐਸਪਨੋਲਾ ਵਿਚ ਯੋਗੀ ਜੀ ਨੂੰ ਮਿਲਣ ਗਿਆ, ਜਿਥੇ ਉਹ ਰਹਿ ਰਹੇ ਸਨ । ਪਹਿਲੀ ਵਾਰ ਮੈਂ ਆਪਣੇ ਸਿਰ ਉਤੇ ਪੱਗ ਬੰਨੀ ਸੀ ਅਤੇ ਸਿਖਾਂ ਵਾਲਾ ਚਿੱਟਾ ਕੁੜਤਾ ਪਜਾਮਾ ਪਾਇਆ ਸੀ। ਮੈਂ ਯੋਗੀ ਭਜਨ ਨਾਲ ਗਲਬਾਤ ਕਰਨੀ ਚਾਹ ਰਿਹਾ ਸਾਂ । ਮੇਰੇ ਮਨ ਵਿਚ ਇਹ ਗਲ ਵੀ ਸੀ ਕਿ ਇਹ ਨਵੀਂ ਪੋਸ਼ਾਕ ਹਸਪਤਾਲ ਵਿਚ ਮੇਰੀ ਪਛਾਣ ਬਦਲ ਦੇਵੇਗੀ । ਇਸ ਤੋਂ ਇਲਾਵਾ ਜੇ ਮੈਂ ਆਪਣਾ ਧਰਮ ਬਦਲਦਾ ਹਾਂ ਤਾਂ ਮੈਨੂੰ ਆਪਣਾ ਨਾਂ ਵੀ ਬਦਲਨਾ ਪਵੇਗਾ । ਮੇਰੇ ਲਈ ਇਹ ਦੋਵੇਂ ਬਹੁਤ ਵੱਡੀਆਂ ਤਬਦੀਲੀਆਂ ਸਨ । ਪਰ ਇਸ ਦੇ ਬਾਵਜੂਦ ਮੈਨੂੰ ਇਹ ਵੀ ਲਗ ਰਿਹਾ ਸੀ ਕਿ ਇਹ ਤਬਦੀਲੀਆਂ ਮੈਨੂੰ ਰੂਹਾਨੀ ਖੁਸ਼ੀ ਪ੍ਰਾਪਤ ਕਰਨ ਵਿਚ ਮਦਦ ਕਰਨਗੀਆਂ । ਜਿਊਂ ਹੀ ਮੈਂ ਆਪਣੀ ਤਕਦੀਰ ਬਾਰੇ, ਆਪਣੇ ਧਰਮ ਬਾਰੇ ਸੋਚਣਾ ਸ਼ੁਰੂ ਕੀਤਾ, ਬਦੋਬਦੀ ਮੇਰੇ ਪਿਤਾ ਦਾ ਖਿਆਲ ਮੇਰੇ ਮਨ ਵਿਚ ਆ ਗਿਆ । ਉਹ ਕੈਂਸਰ ਦੀ ਬਿਮਾਰੀ ਕਾਰਨ 63 ਦੀ ਉਮਰ ਵਿਚ ਰੂਹਾਨੀ ਅਤੇ ਆਤਮਿਕ ਤੌਰ ਤੇ ਅਧੂਰੇ ਹੀ ਪੂਰੇ ਹੋ ਗਏ ਸਨ । ਇਹ ਗਲ ਮੇਰੇ ਦਿਮਾਗ ਵਿਚ ਆ ਰਹੀ ਸੀ । ਮੈਨੂੰ ਆਪਣੇ ਦੋ ਅੰਕਲਾਂ ਦਾ ਖਿਆਲ ਵੀ ਆਇਆ । ਜਿਨ੍ਹਾਂ ਦੀਆਂ ਵੱਡੀਆਂ ਦੁਨਿਆਵੀ ਪ੍ਰਾਪਤੀਆਂ ਸਨ ਪਰ ਰੂਹਾਨੀ ਤੋਰ ਤੇ ਸ਼ਾਇਦ ਉਹ ਵੀ ਅਧੂਰੇ ਹੀ ਸਨ । ਉਹ ਦੋਵੇਂ ਵੀ 63 ਸਾਲ ਦੀ ਉਮਰ ਵਿਚ ਹੀ ਚਲ ਵਸੇ ਸਨ । 63 ਸਾਲ ਦਾ ਇਹ ਅੰਕੜਾ ਮੈਨੂੰ ਮੇਰੇ ਬਹੁਤ ਨੇੜੇ ਲਗ ਰਿਹਾ ਸੀ । ਇਸ ਤਰਾਂ ਸੋਚਦਾ ਮੈਂ ਜਦ ਯੋਗੀ ਜੀ ਕੋਲ ਪਹੁੰਚਿਆ ਤਾਂ ਮੇਰੀ ਪੱਗ ਦੇਖ ਕੇ ਉਹ ਬੋਲੇ : '' ਤੇਰਾ ਕੀ ਖਿਆਲ ਹੈ ਕਿ ਇਸ ਤਰਾਂ ਦੇ ਪਹਿਰਾਵੇ ਵਿਚ ਤੂੰ ਲੋਕਾਂ ਸਾਹਮਣੇ ਜਾ ਸਕਦਾ ਹੈਂ ?"
''ਕੁਝ ਸਮਾਂ ਲਗ ਸਕਦਾ ਹੈ ।" ਮੈ ਜਵਾਬ ਦਿੱਤਾ ।
'' ਸਮਾਂ ?" ਉਹ ਬੋਲੇ : '' ਕੀ ਸਮਾਂ ? ਤੇਰਾ ਕੀ ਖਿਆਲ ਹੈ , 63 ਸਾਲ ਕਾਫੀ ਲੰਬਾ ਸਮਾਂ ਹੁੰਦਾ ਹੈ ?" ਮੈਂ ਨਾਂਹ ਕਹਿਣ ਹੀ ਲੱਗਿਆ ਸਾਂ ਕਿ ਅਚਾਨਕ ਮੈਂ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਇਹ 63 ਦਾ ਅੰਕੜਾ ਕਿਥੋਂ ਹਵਾ ਵਿਚੋਂ ਪਕੜ ਲਿਆ ਸੀ । ਮੈਂ ਹੈਰਾਨ ਸਾਂ । ਸਭ ਕੁਝ ਅਦਭੁਤ ਸੀ । ਅਚਾਨਕ ਇਹ ਹੈਰਾਨੀ ਦੀ ਭਾਵਨਾ ਮਿਟ ਗਈ ਅਤੇ ਮੈਂ ਯੋਗੀ ਭਜਨ ਅਤੇ ਆਪਣੇ ਵਿਚਕਾਰ ਇਕ ਸੰਪਰਕ ਮਹਿਸੂਸ ਕੀਤਾ । ਉਸੇ ਪਲ ਮੈਂ ਆਪਣੇ ਆਪ ਨੂੰ ਨਵੀਂ ਜ਼ਿੰਦਗੀ ਅਤੇ ਨਵੇਂ ਨਾਂ ਪ੍ਰਤੀ ਵਚਨਬੱਧਤਾ ਪ੍ਰਗਟਾਉਣ ਦੇ ਯੋਗ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ । ਉਸ ਤੋਂ ਬਾਅਦ ਮੇਰਾ ਜੀਵਨ ਹਮੇਸ਼ਾ ਲਈ ਬਦਲ ਗਿਆ ।
ਡਾ ਧਰਮ ਸਿੰਘ ਖਾਲਸਾ ਕੋਈ ਸਧਾਰਨ ਵਿਅਕਤੀ ਨਹੀਂ ਸਨ । ਉਹ ਇਸ ਵਕਤ ਅਮਰੀਕਾ ਦੇ ਮੰਨੇ ਪ੍ਰਮੰਨੇ ਡਾਕਟਰ ਹਨ । ਉਨ੍ਹਾਂ ਦਾ ਇਹ ਅਨੁਭਵ ਕਿਸੇ ਸ਼ਰਧਾਲੂ ਦੀ ਮਨੋ ਭ੍ਰਾਂਤੀ ਨਹੀਂ ਹੈ । ਬਲਕਿ ਰੂਹਾਨੀ ਜੀਵਨ ਵਿਚ ਇਸ ਤਰਾਂ ਦੇ ਅਨੁਭਵਾਂ ਦਾ ਵਿਵਰਣ ਅਸੀਂ ਅਨੇਕਾਂ ਜਗਿਆਸੂਆਂ ਦੇ ਜੀਵਨ ਵਿਚੋਂ ਦੇਖਦੇ ਹਾਂ । ਯਥਾਰਥਕ ਅਤੇ ਪੜ ਯਥਾਰਥਕ ਜੀਵਨ ਵਿਚਕਾਰਲਾ ਇਹ ਇਕ ਅਜਿਹਾ ਪਾਰਦਰਸ਼ੀ ਪਰਦਾ ਹੈ, ਜਿਸਦੇ ਦੋਵੇਂ ਪਾਸੇ ਦੇਖਿਆ ਜਾ ਸਕਦਾ ਹੈ । ਸੀਮਤ ਅਨੁਭਵ ਅਤੇ ਬੁਧੀ ਤੇ ਅਧਾਰਤ ਕਥਿਤ ਵਿਗਿਆਨਕ ਦ੍ਰਿਸ਼ਟੀ ਨਾਲ ਅਜਿਹੇ ਅਨੁਭਵਾਂ ਦੀ ਚੀਰਫਾੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ । ਸ੍ਰੀ ਸ੍ਰੀ ਰਵੀਸ਼ੰਕਰ ਕਹਿੰਦੇ ਹਨ ਕਿ ਜੀਵਨ ਦੇ ਸਾਰੇ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਜੀਵਨ ਦੇ ਸਾਰੇ ਰਹੱਸ ਕਦੇ ਵੀ ਸੁਲਝਾਏ ਨਹੀਂ ਜਾ ਸਕਣਗੇ। ਜਿੰਨਾਂ ਗਹਿਰੇ ਉਤਰਦੇ ਜਾਉ, ਜੀਵਨ ਹੋਰ ਰਹੱਸਮਈ ਹੁੰਦਾ ਜਾਵੇਗਾ ।
ਯੋਗੀ ਜੀ ਦੇ ਯੋਗਾ ਵਿਦਿਆਰਥੀਆਂ ਦੁਆਰਾ ਉਨ੍ਹਾਂ ਦੀ ਸਖਸ਼ੀਅਤ ਪ੍ਰਤੀ ਅਦਭੁਤ ਖਿਚ ਸਕਦਾ ਸਿਖ ਜੀਵਨ ਵਿਚ ਆਉਣ ਦੀਆਂ ਰਹੱਸਮਈ ਅਨੁਭਵ ਦੀਆਂ ਅਨੇਕਾਂ ਅਦਭੁਤ ਕਥਾਵਾਂ ਹਨ । ਉਹ ਸਿਖੀ ਵਿਚ ਕਿਸੇ ਦੇ ਕਹਿਣ ਜਾਂ ਪ੍ਰੇਰਨ ਸਦਕਾ ਨਹੀਂ ਆਏ । ਬਲਕਿ ਕਿਸੇ ਆਂਤਰਿਕ ਸ਼ਕਤੀ ਦੁਆਰਾ ਖਿਚ ਲਏ ਗਏ । ਬਾਅਦ ਵਿਚ ਜਦ ਸਿਖ ਜੀਵਨ ਅਪਣਾਉਣ ਵਾਲੇ ਯੋਗੀ ਜੀ ਦੇ ਸ਼ਿਸ਼ਾਂ ਦੀ ਸੰਖਿਆ ਕਾਫੀ ਹੋ ਗਈ ਤਾਂ ਉਨ੍ਹਾਂ ਅਮਰੀਕੀ ਸਿਖਾਂ ਨੂੰ ਸਿਖ ਜੀਵਨ ਜਾਚ , ਮਰਿਆਦਾ ਤੇ ਇਤਿਹਾਸ ਤੋਂ ਜਾਣੂ ਕਰਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ । ਅਮਰੀਕੀ ਸਿੱਖ ਜਿਸ ਕਿਸਮ ਦੇ ਅਨੁਸ਼ਾਸ਼ਨਬੱਧ ਜੀਵਨ ਦੀ ਪਾਲਣਾ ਕਰਦੇ ਹਨ, ਉਹ ਹੈਰਾਨੀਜਨਕਨ ਹੈ । ਇਸ ਵਿਚ ਪੁਰਾਤਨ ਸਿੱਖਾਂ ਵਾਲਾ ਜ਼ਾਬਤਾ ਅਤੇ ਸਿਰੜ ਹੈ । ਅਮਰੀਕੀ ਸਿਖ ਇਸ ਤਰਾਂ ਦੇ ਸਖਤ ਜ਼ਾਬਤੇ ਦੀ ਪਾਲਣਾ ਕਰਦੇ ਹਨ ਕਿਉਂਕਿ ਉਹ ਇਸਦਾ ਮੁਲ ਜਾਣਦੇ ਹਨ । ਉਨ੍ਹਾਂ ਨੂੰ ਇਸ ਤਕ ਪਹੁੰਚਣ ਲਈ ਲੰਬਾ ਮਾਨਸਿਕ ਸਫਰ ਕਰਨਾ ਪਿਆ । ਸਿੱਖੀ ਉਨ੍ਹਾਂ ਦੀ ਖਾਨਦਾਨੀ ਵਿਰਾਸਤ ਨਹੀਂ ਸੀ । ਬਲਕਿ ਉਨ੍ਹਾਂ ਦੇ ਆਪਣੇ ਜੀਵਨ ਦੀ ਕਮਾਈ ਸੀ । ਇਹ ਅਜੀਬ ਨਜ਼ਾਰਾ ਹੈ ਕਿ ਯੋਗੀ ਜੀ ਦੇ ਪ੍ਰਭਾਵ ਸਦਕਾ ਸਿਖ ਬਣੇ ਅਮਰੀਕੀ ਲੋਕ ਇਸ ਵਕਤ ਸਿਖੀ ਜੀਵਨ ਦਾ ਸਭ ਤੋਂ ਸ਼ੁਧ ਨਮੂਨਾ ਹਨ । ਐਸਪਾਨੋਲਾ ਵਿਚ ਜੀਆਰਡੀ ਇੰਸਟੀਚਿਊਟ ਔਫ ਪੰਜਾਬੀ ਟੀਚਿੰਗ ਦੇ ਡਾਇਰੈਕਟਰ ਡਾ ਬਲਕਾਰ ਸਿੰਘ ਦਾ ਇਹ ਕਹਿਣਾ ਹੈ ਕਿ ਮੈਂ ਸਾਰੀ ਉਮਰ ਪੰਥਕ ਸੰਸਥਾਨਾਂ ਵਿਚ ਵਿਚਰਿਆ ਹਾਂ । ਪਰ ਮੈਂ ਯੋਗੀ ਜੀ ਵਰਗਾ ਸਿਰੜੀ ਅਤੇ ਪੱਕਾ ਸਿਖ ਕਦੇ ਨਹੀਂ ਦੇਖਿਆ । ਬੇਸ਼ਕ ਉਨ੍ਹਾਂ ਅਮਰੀਕੀ ਸਿਖਾਂ ਦੀ ਗਿਣਤੀ ਵਧਾਉਣ ਲਈ ਕਦੇ ਵਿਸ਼ੇਸ਼ ਪ੍ਰਯਤਨ ਨਹੀਂ ਕੀਤਾ ਪਰ ਜਿਹੜਾ ਇਸ ਮਾਰਗ ਤੇ ਆ ਗਿਆ, ਉਸ ਨੂੰ ਕੋਈ ਮਰਿਆਦਾ ਦੇ ਮਾਮਲੇ ਵਿਚ ਰਿਆਇਤ ਵੀ ਕਦੇ ਨਹੀਂ ਦਿੱਤੀ । ਡਾ . ਬਲਕਾਰ ਸਿੰਘ ਦਸਦੇ ਹਨ ਕਿ ਅਮਰੀਕੀ ਸਮਾਜ ਵਿਚ ਸਿੱਖ ਜੀਵਣ ਜਿਊਣਾ ਕਿਉਂਕਿ ਪੰਜਾਬ ਨਾਲੋਂ ਕਿਤੇ ਵੱਧ ਔਖਾ ਹੈ, ਇਸ ਕਰਕੇ ਇਹ ਵਧ ਸਿਰੜ ਅਤੇ ਸਿਦਕ ਦੀ ਮੰਗ ਕਰਦਾ ਹੈ ।
ਪੰਜਾਬ ਵਿਚ ਇਸ ਗਲ ਦੀ ਜਾਣਕਾਰੀ ਜ਼ਿਆਦਾ ਲੋਕਾਂ ਨੂੰ ਨਹੀਂ ਕਿ ਬੇਸ਼ਕ ਯੋਗੀ ਜੀ ਦੇ ਅਮਰੀਕੀ ਸਿਖ ਸ਼ਿਸ਼ਾਂ ਦੀ ਸੰਖਿਆ ਕੁਝ ਹਜ਼ਾਰ ਤਕ ਹੀ ਸੀਮਤ ਹੈ ਪਰ ਉਨ੍ਹਾਂ ਦੇ ਕੁੰਡਲਨੀ ਯੋਗਾ ਸ਼ਿਸ਼ਾਂ ਦਾ ਘੇਰਾ ਬਹੁਤ ਵਿਸ਼ਾਲ ਹੈ । ਪੂਰੇ ਪੱਛਮੀ ਸੰਸਾਰ ਵਿਚ ਉਨ੍ਹਾਂ ਦੁਆਰਾ ਬਣਾਏ ਗਏ ਕੁੰਡਲਨੀ ਯੋਗਾ ਟੀਚਰਜ਼ ਕੰਮ ਕਰ ਰਹੇ ਹਨ । ਜਿਨ੍ਹਾਂ ਤੋਂ ਯੋਗਾ ਦੀ ਟਰੇਨਿੰਗ ਲੈਣ ਵਾਲੇ ਲੋਕਾਂ ਦੀ ਸੰਖਿਆ ਲੱਖਾਂ ਵਿਚ ਹੈ । ਦੁਨੀਆ ਭਰ ਵਿਚ ਇਨ੍ਹਾਂ ਕੁੰਡਲਨੀ ਯੋਗਾ ਟੀਚਰਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਕੁ ਹੋਵੇਗੀ, ਇਸ ਦਾ ਅੰਦਾਜਾ ਸਿਰਫ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਇਕਲੇ ਜਰਮਨੀ ਵਿਚ ਇਸ ਵਕਤ 500 ਦੇ ਕਰੀਬ ਕੁੰਡਲਨੀ ਯੋਗਾ ਟੀਚਰ ਕੰਮ ਕਰ ਰਹੇ ਹਨ । ਕੁੰਡਲਨੀ ਯੋਗਾ ਦੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿਚ ਹੈ। ਯੋਗੀ ਜੀ ਦੀ ਇਕ ਟਰੈਵਲ ਸੈਕਟਰੀ ਨੇ ਉਨ੍ਹਾਂ ਦੁਆਰਾ ਕੀਤੇ ਜਾਂਦੇ ਸਫਰ ਦੀ ਜਾਣਕਾਰੀ ਦਿੱਤੀ ਹੈ । ਉਸ ਦੇ ਮੁਤਾਬਕ ਸੱਤਰਵਿਆਂ ਦੇ ਅਖ਼ੀਰ ਵਿਚ ਉਨ੍ਹਾਂ ਦਾ ਸਫਰ ਇੰਨਾਂ ਵਧ ਗਿਆ ਸੀ ਕਿ ਉਹ ਸਾਲ ਵਿਚ 200 ਦਿਨ ਸਫਰ ਵਿਚ ਹੁੰਦੇ ਸਨ ਅਤੇ ਵੱਖ ਵੱਖ ਥਾਵਾਂ ਤੇ ਲਗਭਗ 45 ਕੋਰਸ ਲੈ ਰਹੇ ਹੁੰਦੇ ਸਨ । ਵਾਈਟ ਤਾਂਤਰਿਕ ਯੋਗਾ ਦੇ ਕੋਰਸ ਸ਼ੁਕਰਵਾਰ ਦੀ ਸ਼ਾਮ ਨੂੰ ਸ਼ੁਰੂ ਹੁੰਦੇ ਸਨ । ਪੂਰਾ ਸ਼ਨੀਵਰ ਚਲਦੇ ਤੇ ਐਤਵਾਰ ਦੁਪਹਿਰ ਬਾਅਦ ਫੇਰ ਸ਼ੁਰੂ ਹੋ ਜਾਂਦੇ । ਇਹ ਬੇਰੋਕ ਸਿਲਸਿਲਾ ਸੀ । ਜਿਥੋਂ ਦੀ ਲੰਘਦੇ, ਗੁਰਦੁਆਰਿਆਂ ਵਿਚ ਲੈਕਚਰ ਕਰਦੇ, ਭਾਰਤੀ ਸਿਖਾਂ ਨੂੰ ਵੀ ਮਿਲਦੇ । ਉਨ੍ਹਾਂ ਨੂੰ ਵੀ ਹਲੂਣਦੇ । ਉਨ੍ਹਾਂ ਦੇ ਦੌਰੇ ਇੰਟਰਨੈਸ਼ਨਲ ਹੁੰਦੇ ਸਨ । ਮਿਸਾਲ ਦੇ ਤੌਰ ਤੇ 1976 ਦੀਆਂ ਸਰਦੀਆਂ ਵਿਚ ਜਪਾਨ ਵਿਚ ਟੋਕੀਓ ਅਤੇ ਉਸਾਕਾ ਵਿਚ ਉਨ੍ਹਾਂ ਕੋਰਸ ਲਏ । ਇਥੋਂ ਹੌਂਗਕੌਂਗ, ਬੈਂਕੌਕ, ਸਿੰਗਾਪੁਰ ਵਿਚ ਕੋਰਸ ਲੈਂਦੇ ਅਤੇ ਲੈਕਚਰ ਕਰਦੇ ਹੋਏ ਅਮਰੀਕਾ ਵਾਪਿਸ ਮੁੜੇ । ਮਈ ਦੇ ਮਹੀਨੇ ਫੇਰ ਯੂਰਪੀ ਦੌਰੇ ਤੇ ਤੁਰ ਗਏ ਅਤੇ ਹੌਲੈਂਡ ਅਤੇ ਇੰਗਲੈਂਡ ਵਿਚ ਵਾਈਟ ਤਾਂਤਰਿਕ ਯੋਗਾ ਦੇ ਕੋਰਸ ਕਰਵਾਏ । ਇਸ ਤਰਾਂ ਯੋਗੀ ਜੀ ਤੋਂ ਕੋਰਸ ਕਰਨ ਵਾਲਿਆਂ ਅਤੇ ਅੱਗੇ ਉਨ੍ਹਾਂ ਦੁਆਰਾ ਤਿਆਰ ਕੀਤੇ ਗਏ ਕੁੰਡਲਨੀ ਯੋਗਾ ਟੀਚਰਾਂ ਦੇ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਵਿਚ ਸੀ । ਕੁੰਡਲਨੀ ਯੋਗਾ ਦੇ ਇਹ ਸਾਰੇ ਵਿਦਿਆਰਥੀ ਸਿਖ ਧਰਮ ਨਹੀਂ ਅਪਣਾਉਂਦੇ ।
ਭਾਰਤ ਦੇ ਸਿਖ ਸਮਾਜ ਵਿਚ ਯੋਗ ਦੀ ਉਸ ਪ੍ਰਕਾਰ ਦੀ ਪਰੰਪਰਾ ਨਹੀਂ ਹੈ, ਜਿਸ ਦਾ ਪਾਲਣ ਯੋਗੀ ਜੀ ਕਰਦੇ ਹਨ । ਪਿਛਲੇ ਲੰਬੇ ਸਮੇਂ ਤਕ ਆਧੁਨਿਕ ਭਾਰਤੀ ਸਮਾਜ ਨੇ ਵੀ ਯੋਗ ਦੇ ਮਹੱਤਵ ਅਤੇ ਇਸ ਦੀ ਸ਼ਕਤੀ ਨੂੰ ਨਹੀਂ ਪਛਾਣਿਆ । ਪੰਥਕ ਹਲਕਿਆਂ ਵਿਚ ਕਈ ਵਾਰ ਅਜਿਹੇ ਲੋਕ ਵੀ ਮਿਲ ਜਾਂਦੇ ਹਨ, ਜਿਹੜੇ ਇਹ ਸਮਝਦੇ ਹਨ ਕਿ ਯੋਗ ਜਿਵੇਂ ਹਿੰਦੂਆਂ ਦੀ ਕੋਈ ਧਾਰਮਿਕ ਰੀਤੀ ਹੋਵੇ । ਜਦਕ ਅਸਲੀਅਤ ਵਿਚ ਯੋਗ ਮਾਨਸਿਕ-ਸਰੀਰਕ ૶ਆਤਮਿਕ ਵਿਕਾਸ ਦੀ ਇਕ ਅਜਿਹੀ ਪੁਰਾਤਨ ਵਿਧੀ ਹੈ ਜਿਸ ਦੇ ਮਹੱਤਵ ਨੂੰ ਇਸ ਵੇਲੇ ਸਾਰੀ ਦੁਨੀਆ ਵਿਚ ਪਛਾਣਿਆ ਜਾਣ ਲੱਗ ਪਿਆ ਹੈ । ਅਜ ਯੋਗ ਮਨੁਖੀ ਵਿਕਾਸ ਦੀ ਇਕ ਅਜਿਹੀ ਤਕਨੀਕ ਦੇ ਤੌਰ ਤੇ ਪੂਰੇ ਵਿਸ਼ਵ ਵਿਚ ਪ੍ਰਵਾਨ ਹੋ ਗਿਆ ਹੈ ਜਿਸ ਤੇ ਕਿਸੇ ਇਕ ਮੁਲਕ, ਸਮਾਜ ਜਾਂ ਸਭਿਆਚਾਰ ਦਾ ਕਬਜ਼ਾ ਨਹੀਂ ਹੈ । ਜਿਵੇਂ ਆਧੁਨਿਕ ਸਾਇੰਸ ਤੇ ਤਕਨੀਕ ਕਿਸੇ ਇਕ ਮੁਲਕ ਦੀ ਮਲਕੀਅਤ ਨਹੀਂ ਹੈ, ਉਸੇ ਤਰਾਂ ਯੋਗ ਆਦਿ ਪੁਰਾਤਨ ਵਿਗਿਆਨਾਂ ਵੀ ਕਿਸੀ ਇਕ ਸਭਿਆਚਾਰ ਦੀ ਜਾਇਦਾਦ ਨਹੀਂ ਹਨ । ਅਜ ਦੁਨੀਆ ਦੇ ਵੱਖ ਵੱਖ ਹਿਸਿਆਂ ਵਿਚ ਲੋਕ ਆਪੋ ਆਪਣੇ ਮੁਹਾਵਰੇ ਚ ਇਨ੍ਹਾਂ ਤੇ ਖੋਜ ਕਰ ਰਹੇ ਹਨ ਅਤੇ ਇਸ ਦੀ ਪ੍ਰੈਕਟਿਸ ਕਰ ਰਹੇ ਹਨ । ਜਿਸ ਨਾਲ ਇਸ ਪੁਰਾਤਨ ਖਜ਼ਾਨੇ ਦੇ ਨਵੇਂ ਨਵੇਂ ਪਸਾਰ ਖੁਲ੍ਹ ਰਹੇ ਹਨ । ਯੋਗ ਦੇ ਸੰਸਾਰ ਵਿਚ ਯੋਗੀ ਜੀ ਦੀ ਇਹ ਦੇਣ ਹੈ ਕਿ ਉਨ੍ਹਾਂ ਇਸ ਨਾਲ ਨਵਾਂ ਪਸਾਰ ਜੋੜਿਆ । ਆਧੁਨਿਕ ਸਮਿਆਂ ਵਿਚ ਉਹ ਪਹਿਲੇ ਯੋਗੀ ਹਨ, ਜਿਨ੍ਹਾਂ ਕੁੰਡਲਨੀ ਯੋਗ ਦੇ ਰਹੱਸ ਨੂੰ ਖੋਲ੍ਹਿਆ ਅਤੇ ਆਮ ਸਮਾਜ ਲਈ ਇਸ ਦੇ ਦੁਆਰ ਖੋਲ੍ਹੇ । ਭਾਰਤੀ ਯੋਗ ਸਮਾਜ ਵਿਚ ਕੁੰਡਲਨੀ ਯੋਗ ਨੂੰ ਬੇਹਦ ਸ਼ਕਤੀਸ਼ਾਲੀ ਤਕਨੀਕ ਸਮਝਿਆ ਜਾਦਾਂ ਸੀ ਅਤੇ ਇਹ ਵਿਸ਼ਵਾਸ ਸੀ ਕਿ ਹਰ ਕੋਈ ਇਸ ਦੀ ਪ੍ਰੈਕਟਿਸ ਨਹੀਂ ਕਰ ਸਕਦਾ । ਇਸ ਲਈ ਕਈ ਤਰਾਂ ਦੇ ਖਤਰੇ ਹਨ । ਪਰ ਕਿਹਾ ਜਾਦਾਂ ਹੈ ਕਿ ਅਮਰੀਕੀ ਵਿਅਕਤੀ ਦੇ ਤਨ ਮਨ ਦੀ ਜੜ੍ਹਤਾ ਤੋੜਨ ਲਈ ਸ਼ਾਇਦ ਕੁੰਡਲਨੀ ਯੋਗ ਜਿਹੀ ਸ਼ਕਤੀਸ਼ਾਲੀ ਤਕਨੀਕ ਦੀ ਹੀ ਲੋੜ ਸੀ । ਇਸ ਖਤਰੇ ਵਿਚ ਉਨ੍ਹਾਂ ਦੀ ਹੋਰ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਯੋਗ ਨੂੰ ਪਹਿਲੀ ਵਾਰ ਸਿਖ ਮੁਹਾਵਰਾ ਦਿੱਤਾ ਅਤੇ ਉਸ ਨੂੰ ਸਿਖ ਸਮਾਜ ਦਾ ਅੰਗ ਬਣਾਇਆ । ਉਨ੍ਹਾਂ ਦੇ ਯੋਗਾ ਟੀਚਰ ਅਤੇ ਵਿਦਿਆਰਥੀ ਯੋਗ ਕਿਰਿਆਵਾਂ ਦੌਰਾਨ ਸਤਿਨਾਮ , ਵਾਹਿਗੁਰੂ ਜਹੇ ਸਿਖ ਮੰਤਰਾਂ ਦਾ ਉਚਾਰਨ ਕਰਦੇ ਹਨ । ਉਨ੍ਹਾਂ ਦੀਆਂ ਯੋਗ ਵਿਧੀਆਂ ਤੇ ਸਿਖ ਮੁਹਾਵਰੇ ਦੀ ਛਾਪ ਹੈ । ਇਥੋਂ ਹੀ ਇਨ੍ਹਾਂ ਵਿਦਿਆਰਥੀਆਂ ਅੰਦਰ ਸਿਖ ਧਰਮ ਪ੍ਰਤੀ ਜਗਿਆਸਾ ਪੈਦਾ ਹੋ ਜਾਂਦੀ ਹੈ । ਇਸ ਜਗਿਆਸਾ ਸਦਕਾ ਹੀ ਯੋਗਾ ਦੇ ਕਈ ਪੱਛਮੀ ਵਿਦਿਆਰਥੀ ਸਿਖ ਜੀਵਨ ਨੂੰ ਅਪਣਾਉਣ ਤਕ ਪਹੁੰਚ ਗਏ । ਯੋਗੀ ਜੀ ਦੇ ਸਾਰੇ ਸਿਖ ਸ਼ਿਸ਼ ਇਸੇ ਤਰੀਕੇ ਨਾਲ ਸਿਖ ਧਰਮ ਵਿਚ ਆਏ । ਕਈ ਲੋਕ ਇਹ ਵੀ ਸਮਝਦੇ ਹਨ ਕਿ ਯੋਗੀ ਜੀ ਵੱਲੋਂ ਸਿਖ ਅਤੇ ਖਾਲਸਾ ਦੇ ਸੰਕਲਪ ਨੂੰ ਪੱਛਮੀ ਸੰਦਰਭ ਮੁਤਾਬਕ ਨਵਾਂ ਰੂਪ ਦਿੱਤਾ ਗਿਆ ਹੈ । ਇਕ ਵਾਰ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਕਿ ਸਿਖ ਅਤੇ ਖਾਲਸਾ ਵਿਚਕਾਰ ਕੀ ਫਰਕ ਹੈ । ਉਸ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਸਿਖ ਅਮਰਤਾ ਦੀ ਚੇਤਨਾ ਦਾ ਜਗਿਆਸੂ ਹੁੰਦਾ ਹੈ । ਖਾਲਸਾ ਇਸ ਚੇਤਨਾ ਨੂੰ ਜਿਊਂਦਾ ਹੈ । ਸ਼ਾਇਦ ਉਨ੍ਹਾਂ ਦੇ ਯੋਗਾ ਵਿਦਿਆਰਥੀਆਂ ਅਤੇ ਖਾਲਸਈ ਬਾਣਾ ਪਹਿਨਣ ਵਾਲੇ ਸਿਖਾਂ ਵਿਚ ਇਹੀ ਫਰਕ ਹੋਵੇਗਾ ।
ਇਸ ਤੋਂ ਬਾਅਦ ਹੀ ਯੋਗੀ ਜੀ ਨੇ ਕੁਝ ਅਜਿਹੀਆਂ ਸੰਸਥਾਵਾਂ ਦਾ ਗਠਨ ਕੀਤਾ, ਜਿਹੜੀਆਂ ਅਮਰੀਕੀ ਸਿਖਾਂ ਨੂੰ ਸਿਖ ਜੀਵਨ ਜੁਗਤ ਜਿਊਣ ਵਿਚ ਸਹਾਈ ਹੋ ਸਕਣ । ਯੋਗੀ ਜੀ ਦੇ ਸਾਰੇ ਬਿਜ਼ਨਸ ਅਤੇ ਕਾਰਪੋਰੇਸ਼ਨਾਂ ਵੀ ਇਸੇ ਜ਼ਰੂਰਤ ਵਿਚੋਂ ਸਾਹਮਣੇ ਆਈਆਂ । ਸ਼ੁਰੂ ਸ਼ੁਰੂ ਵਿਚ ਜਿਨ੍ਹਾਂ ਅਮਰੀਕੀਆਂ ਨੇ ਸਿਖ ਬਾਣਾ ਪਾਉਣਾ ਸ਼ੁਰੂ ਕੀਤਾ, ਉਹ ਇਸ ਸੰਬਧ ਵਿਚ ਆਪਣਾ ਅਨੁਭਵ ਦਸਦੇ ਹਨ ।
ਯੋਗੀ ਜੀ ਦੀ ਸਰਪ੍ਰਸਤੀ ਹੇਠ ਬਣਾਈ ਗਈ ਪ੍ਰਾਈਵੇਟ ਸਕਿਉਰਿਟੀ ਸਰਵਿਸ ਅਕਾਲ ਸਕਿਉਰਿਟੀਜ਼ ਦੇ ਫਾਊਂਡਰ ਅਤੇ ਵਾਈਸ ਪ੍ਰੈਜ਼ੀਡੈਂਟ ਗੁਰਤੇਜ ਸਿੰਘ ਖਾਲਸਾ ਅਮਰੀਕੀ ਸਿਖਾਂ ਦਾ ਇਕ ਖੁਬਸੂਰਤ ਨਮੂਨਾ ਹਨ । ਉਹ ਕਵਿਤਾਵਾਂ ਲਿਖਦੇ ਹਨ । ਚਿਲਡਰਨ ਔਫ ਦਾ ਕਸਪ ਨਾਂ ਦੀ ਕਵਿਤਾਵਾਂ ਦੀ ਇਕ ਕਿਤਾਬ ਵੀ ਛਪਵਾ ਚੁਕੇ ਹਨ । ਉਹ ਦਸਦੇ ਹਨ ਕਿ ਜਦ ਅਮਰੀਕੀਆਂ ਨੇ ਸੁਰੂ ਸ਼ੁਰੂ ਵਿਚ ਸਿਖ ਬਾਣਾ ਪਹਿਨਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਲਈ ਅਮਰੀਖੀ ਸਮਾਜ ਵਿਚ ਵਿਚਰਨਾ ਮੁਸ਼ਕਲ ਹੋ ਗਿਆ । ਅਮਰੀਕੀ ਦਫਤਰਾਂ ਵਿਚ ਉਨ੍ਹਾਂ ਨੂੰ ਨੌਕਰੀ ਨਹੀਂ ਸੀ ਮਿਲਦੀ । ਉਨ੍ਹਾਂ ਦੇ ਨਿਵੇਕਲੇ ਬਾਣੇ ਕਰਕੇ ਹਰ ਕੋਈ ਉਨ੍ਹਾਂ ਵਲ ਵੱਖਰੀ ਦ੍ਰਿਸ਼ਟੀ ਨਾਲ ਦੇਖਦਾ ਸੀ । ਇਸ ਤਰਾਂ ਦੀ ਸਥਿਤੀ ਵਿਚ ਯੋਗੀ ਜੀ ਨੇ ਸਾਨੂੰ ਆਪਣੇ ਬਿਜ਼ਨਸ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ । ਕੁਝ ਹੀ ਸਮੇਂ ਵਿਚ ਇਹ ਕਾਰੋਬਾਰ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਵਿਚ ਪਲਟ ਗਏ। ਅਕਾਲ ਸਕਿਉਰਿਟੀਜ਼ ਵਿਚ ਇਸ ਵੇਲੇ 12 ਹਜ਼ਾਰ ਮੁਲਾਜ਼ਮ ਕੰਮ ਕਰਦਾ ਹੈ । ਅਮਰੀਕਾ ਵਿਚ ਅਨੇਕ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਨ ਇਸ ਦੀਆਂ ਸੇਵਾਵਾਂ ਲੈ ਰਹੇ ਹਨ । ਇਸੇ ਤਰੀਕੇ ਨਾਲ ਯੋਗੀ ਟੀ ਕੰਪਨੀ ਸ਼ੁਰੂ ਹੋਈ, ਜਿਹੜੀ ਵੱਖ ਵੱਖ ਪ੍ਰਕਾਰ ਦੀਆਂ ਹਰਬਲ ਚਾਹਾਂ ਬਣਾਉਂਦੀ ਹੈ । ਅਜ ਇਹ ਅਮਰੀਕਾ ਵਿਚ ਹਰਬਲ ਟੀ ਬਣਾਉਣ ਵਾਲੀਆਂ ਪ੍ਰਮੁਖ ਕੰਪਨੀਆਂ ਵਿਚ ਸ਼ੁਮਾਰ ਹੁੰਦੀ ਹੈ । ਸੰਨ ਐਂਡ ਸੰਨ ਸੌਫਟਵੇਅਰ ਡਿਵੈਲਪਮੈਂਟ ਕੰਪਨੀ ਹੈ । ਇਨ੍ਹਾਂ ਕਾਰਪੋਰੇਸ਼ਨਾਂ ਦੀ ਸਥਾਪਤੀ ਦਾ ਸਿੱਟਾ ਇਹ ਨਿਕਲਿਆ ਕਿ ਅਮਰੀਕਾ ਸਿਖਾਂ ਅਤੇ ਉਨ੍ਹਾਂ ਦੇ ਬਚਿਆਂ ਨੂੰ ਸਰਕਾਰੀ ਨੌਕਰੀਆਂ ਲਈ ਦੂਸਰੇ ਦਫਤਰਾਂ ਵਿਚ ਜਾਣ ਦੀ ਲੋੜ ਨਹੀਂ ਰਹੀ । ਅਜ ਯੋਗੀ ਜੀ ਦੀਆਂ ਆਪਣੀਆਂ ਕੰਪਨੀਆਂ ਦਾ ਕਈ ਮਿਲੀਅਨ ਡਾਲਰ ਦਾ ਕਾਰੋਬਾਰ ਹੈ । ਜਿਸ ਸਦਕਾ ਅਮਰੀਕੀ ਸਿਖਾਂ ਨੇ ਉਥੋਂ ਦੇ ਸਮਾਜ ਵਿਚ ਆਪਣੀ ਸਤਿਕਾਰ ਵਾਲੀ ਥਾਂ ਬਣਾ ਲਈ ਹੈ । ਉਨ੍ਹਾਂ ਆਪਣੀ ਨਿਵੇਕਲੀ ਜੀਵਨ ਸ਼ੈਲੀ ਨੂੰ ਅਮਰੀਕੀ ਸਮਾਜ ਵਿਚ ਇਕ ਸਮਾਨਾਂਤਰ ਧਾਰਾ ਵਜੋਂ ਚੰਗੀ ਤਰਾਂ ਸਥਾਪਤ ਕਰ ਲਿਆ ਹੈ ।
ਵਾਸਤਵ ਵਿਚ ਯੋਗੀ ਜੀ ਦੁਆਰਾ ਸ਼ੁਰੂ ਕੀਤੀ ਗਈ ਲਹਿਰ ਪੰਜਾਬ ਦੀਆਂ ਸਿਖ ਲਹਿਰਾਂ ਤੋਂ ਕਾਫੀ ਭਿੰਨ ਅਤੇ ਤਰੋ ਤਾਜ਼ਾ ਹੈ । ਇਸ ਦਾ ਅਨੁਭਵ ਯੋਗੀ ਜੀ ਦੇ ਲੈਕਚਰਾਂ, ਉਨ੍ਹਾਂ ਦੇ ਸ਼ਿਸ਼ਾਂ ਦੇ ਕੈਲੀਬਰ, ਉਨ੍ਹਾਂ ਦੀਆਂ ਖੜੀਆਂ ਕੀਤੀਆਂ ਸੰਸਥਾਵਾਂ, ਸ਼ੁਰੂ ਕੀਤੇ ਗਏ ਪ੍ਰਾਜੈਕਟਾਂ, ਉਨ੍ਹਾਂ ਦੀ ਲਹਿਰ ਦੁਆਰਾ ਸਾਹਮਣੇ ਲਿਆਂਦੇ ਗਏ ਸਾਹਿਤ, ਸੰਗੀਤ ਅਤੇ ਹੋਰ ਕਲਾਂ ਰੂਪਾਂ ਤੋ ਹੋ ਜਾਦਾਂ ਹੈ । ਜਿਹੋ ਜਹੀਆਂ ਸੰਸਥਾਵਾਂ, ਸਖਸ਼ੀਅਤਾਂ, ਕਲਾ , ਸਾਹਿਤ ਅਤੇ ਖੋਜ ਇਸ ਲਹਿਰ ਨੇ ਪੈਦਾ ਕੀਤਾ ਹੈ, ਉਹ ਸਿੰਘ ਸਭਾ ਲਹਿਰ ਨਾਲੋਂ ਵੀ ਕਿਤੇ ਵੱਡਾ ਲਗਦਾ ਹੈ । ਜੀਵਨ ਦਾ ਕੋਈ ਅਜਿਹਾ ਸ਼ੋਹਬਾ ਨਹੀਂ ਹੈ ਜਿਸ ਵਿਚ ਉਨ੍ਹਾਂ ਨੇ ਹਲਚਲ ਨਾ ਪੈਦਾ ਕੀਤੀ ਹੋਵੇ । ਇਸ ਪ੍ਰਭਾਵ ਦੀ ਮਹਿਜ ਇਕ ਝਲਕ ਵਜੋਂ ਯੋਗੀ ਜੀ ਦੁਆਰਾ ਬਦਲਵੀਆਂ ਇਲਾਜ ਪ੍ਰਣਾਲੀਆਂ ਦੇ ਖੇਤਰ ਵਿਚ ਕਿਤੇ ਕੰਮ ਨੂੰ ਦੇਖਿਆ ਜਾ ਸਕਦਾ ਹੈ । ਕੁੰਡਲਨੀ ਯੋਗਾ ਦਾ ਪ੍ਰਭਾਵ ਐਨਾ ਸ਼ਕਤੀਸ਼ਾਲੀ ਸੀ ਕਿ 3ਐਚ ਓ ਦੇ ਅਨੇਕਾਂ ਵਿਦਿਆਰਥੀ ਬਦਲਵੀਆਂ ਇਲਾਜ ਪੱਧਤੀਆਂ ਵਿਚ ਮਾਹਰ ਬਣ ਗਏ । ਦੁਨੀਆਂ ਭਰ ਵਿਚ ਅਨੇਕਾਂ ਯੋਗੀ ਸਿੱਖ ਡਾਕਟਰ, ਕਾਇਰੋਪ੍ਰੈਕਟਰ, ਐਕਯੂਪੰਕਚਰਿਸਟ ਅਤੇ ਮਨੋਚਕਿਤਸਕ ਵਜੋਂ ਕੰਮ ਕਰ ਰਹੇ ਸਨ । ਯੋਗੀ ਜੀ ਇਸ ਗਲ ਤੇ ਬਹੁਤ ਜ਼ੋਰ ਦਿੰਦੇ ਸਨ ਕਿ ਸਿਹਤ ਅਤੇ ਇਲਾਜ ਨੂੰ ਇਕ ਹੋਲਿਸਟਿਕ ਦ੍ਰਿਸ਼ਟੀ ਨਾਲ ਸਰੀਰ, ਮਨ ਅਤੇ ਆਤਮਾ ਦੇ ਜੋੜ ਵਿਚ ਦੇਖੋ :
ਇਲਾਜ ਦੀ ਕਲਾ ਦੇ, ਅਨੰਦ ਦੀ ਕਲਾ ਦੇ ਅਤੇ ਰੱਬੀ ਚੇਤਨਾ ਦੀ ਕਲਾ ਦੇ ਰਿਸ਼ੀਆਂ ਦੀ ਭਾਸ਼ਾ ਵਿਚ ਲੱਖਾਂ ਨਾਂ ਹਨ । ਇਸ ਦਾ ਸਬੰਧ ਤਾਲ ਅਤੇ ਸਚਾਈ ਨਾਲ ਹੈ । ਸਰੀਰ ਜਦ ਤਾਲ ਵਿਚ ਹੁੰਦਾ ਹੈ ਤਾਂ ਉਹ ਅਰੋਗ ਹੁੰਦਾ ਹੈ ਅਤੇ ਜਦ ਸਰੀਰ ਜਾਂ ਇਸ ਦਾ ਕੋਈ ਅੰਗ ਤਾਲੋਂ ਉਖੜ ਜਾਦਾਂ ਹੈ ਤਾਂ ਇਹ ਰੋਗ ਬਣ ਜਾਂਦਾ ਹੈ । ਬਿਮਾਰੀ ਜਾਂ ਰੋਗ ਹੋਰ ਕੁਝ ਨਹੀਂ ਸਿਰਫ ਤਾਲੋਂ ਉਖੜੀ ਦੇਹ ਹੈ । ਜਦ ਮਨ ਤਾਲੋਂ ਬੇਤਾਲ ਹੈ ਤਾਂ ਨਾ ਮਨ ਹੁੰਦਾ ਹੈ ਨਾ ਆਤਮਾ । ਕਿਉਂਕਿ ਮਨ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ । ਅਜਿਹੀ ਹਾਲਤ ਵਿਚ ਕੋਈ ਖੁਸ਼ੀ ਨਹੀ ਹੋ ਸਕਦੀ ।
ਦਸੰਬਰ 1979 ਵਿਚ ਅਲਾਸਕਾ ਦੇ ਆਪਣੇ ਦੌਰੇ ਦੌਰਾਨ ਯੋਗੀ ਜੀ ਨੇ ਪਹਿਲੀ ਵਾਰ ਅਯੁਰਵੈਦਾ ਤੇ ਅਧਾਰਤ ਹਰਬਲ ਫਾਰਮੂਲਿਆਂ ਦੀ ਆਪਣੀ ਲੜੀ ਸ਼ੁਰੂ ਕੀਤੀ । ਉਹ ਕਹਿੰਦੇ ਸਨ ਕਿ ਡਾਕਟਰ ਨੁਸਖੇ ਲਿਖਦੇ ਹਨ । ਦਵਾਈਆਂ ਬਿਮਾਰੀਆਂ ਨੂੰ ਮਾਰਦੀਆਂ ਹਨ । ਪਰ ਹਰਬਜ਼ ਅਤੇ ਜੜੀਆਂ ਬੂਟੀਆਂ ਅੰਦਰੋਂ ਤੰਦਰੁਸਤੀ ਜਗਾਉਂਦੀਆਂ ਹਨ । ਇਸ ਤਰਾਂ ਯੋਗੀ ਜੀ ਦੀਆਂ ਇਨ੍ਹਾਂ ਸਿਖਿਆਵਾਂ ਨਾਲ ਪੈਦਾ ਹੋਏ ਗਿਆਨ ਨੂੰ ਸੰਭਾਲਣ ਅਤੇ ਅੱਗੇ ਲਿਜਾਣ ਲਈ 1982 ਵਿਚ ਖਾਲਸਾ ਕਾਇਰੋਪ੍ਰੈਕਟਿਕ ਐਸੋਸੀੲੋਸ਼ਨ ਬਣਾਈ ਗਈ । ਸ਼ੁਰੂ ਵਿਚ ਇਸ ਵਿਚ 20-25 ਡਾਕਟਰ ਸ਼ਾਮਲ ਸਨ ਪਰ ਹੌਲੀ ਹੌਲੀ ਇਸ ਦਾ ਘੇਰਾ ਬਹੁਤ ਵਧ ਗਿਆ । ਇਹ ਲੋਕ ਹਰ ਸਾਲ ਆਪਸ ਵਿਚ ਮਿਲਦੇ ਹਨ ਅਤੇ ਇਸ ਖੇਤਰ ਵਿਚ ਆਪਣੇ ਨਵੇਂ ਤਜ਼ਰਬਿਆਂ ਅਤੇ ਖੋਜਾਂ ਨੂੰ ਆਪਸ ਵਿਚ ਸਾਂਝਾ ਕਰਦੇ ਹਨ । ਇਹ ਸਿਖ ਡਾਕਟਰ ਅਤੇ ਨਰਸਾਂ ਏਡਜ਼ ਦੇ ਖਿਲਾਫ ਮੁਹਿੰਮ ਅਤੇ ਏਡਜ਼ ਪੀੜਤਾਂ ਦੇ ਇਲਾਜ ਵਿਚ ਵੀ ਸਰਗਰਮ ਹਨ ।
ਇਨ੍ਹਾਂ ਯੋਗੀ ਸਿਖਾਂ ਵੱਲੋਂ ਨਵੀਂ ਤਰਾਂ ਦਾ ਸਿਖ ਰੂਹਾਨੀ ਸੰਗੀਤ ਪੈਦਾ ਕੀਤਾ ਗਿਆ ਹੈ । ਜਿਸ ਨੇ ਗੁਰਮਤਿ ਸੰਗੀਤ ਦਾ ਘੇਰਾ ਵਿਸ਼ਾਲ ਕੀਤਾ ਹੈ । ਇਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਪੰਜਾਬ ਜਾਂ ਭਾਰਤ ਦੀਆਂ ਸੀਮਤ ਹੱਦਾਂ ਵਿਚੋਂ ਕੱਢਕੇ ਕੌਮਾਂਤਰੀ ਪਧੱਰ ਤੇ ਲੈ ਆਂਦਾ ਹੈ । ਇਸ ਦੀ ਇਕ ਮਿਸਾਲ ਸਨਾਤਮ ਕੌਰ ਦਾ ਸੰਗੀਤ ਹੈ । ਉਸ ਦੀ ਇਕ ਐਲਬਮ ਕੁਝ ਅਰਸਾ ਪਹਿਲਾਂ ਗਰੈਮੀ ਸੰਗੀਤ ਅਵਾਰਡਾਂ ਦੀ ਇਕ ਸ਼੍ਰੇਣੀ ਵਿਚ ਨੌਮੀਨੇਟ ਹੋਈ । ਇਸ ਵਰਗ ਵਿਚ ਬੇਸ਼ਕ ਉਸ ਨੂੰ ਅਵਾਰਡ ਨਹੀਂ ਮਿਲਿਆ, ਪਰ ਸਿਖ ਸੰਗੀਤ ਲਈ ਆਪਣੇ ਆਪ ਵਿਚ ਹੀ ਇਹ ਇਕ ਚੋਖਾ ਸਨਮਾਨ ਸੀ । ਯੋਗੀ ਜੀ ਵਲੋਂ ਮੁਢ ਤੋਂ ਹੀ ਸੰਗੀਤ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ । ਜੂਨ 1976 ਵਿਚ ਪੀਕੋਸ ਵਿਖੇ ਸਮਰ ਸੌਲਿਸਟਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ :
ਜੇ ਲੋਕ ਸੰਤ ਸਿਪਾਹੀ ਇਨਸਾਨਾਂ ਦੀ ਕੌਮ ਉਸਾਰਨੀ ਚਾਹੁੰਦੇ ਹਨ, ਸੰਤਾਂ ਵਰਗੇ ਪਵਿਤਰ ਅਤੇ ਨੇਕ ਲੋਕਾਂ ਦੀ ਕੌਮ ਉਸਾਰਨਾਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਗੀਤ ਨਹੀਂ ਭੁਲਣੇ ਚਾਹੀਦੇ ਅਤੇ ਇਨ੍ਹਾਂ ਨੂੰ ਰੱਬ ਦੇ ਸਾਜ਼ਾਂ ਦੀ ਤਰਾਂ ਗਾਉਣਾ ਚਾਹੀਦਾ ਹੈ, ਜੀਵਨ ਦੀ ਅਨਮੋਲ ਸੰਪਤੀ ਦੀ ਤਰਾਂ ਇਨ੍ਹਾਂ ਨੂੰ ਆਪਣੇ ਹਿਰਦਿਆਂ ਵਿਚ ਸਾਂਭ ਕੇ ਰੱਖਣਾ ਚਾਹੀਦਾ ਹੈ ।
ਯੋਗੀ ਜੀ ਦੀ ਇਸ ਸੋਚ ਨੂੰ ਮੂਰਤੀਮਾਨ ਕਰਨ ਲਈ ਹੀ ਉਨ੍ਹਾਂ ਦੇ ਵਿਦਿਆਰਥੀਆਂ ਦੁਆਰਾ ਹੀ ਇਕ ਨਵੀਂ ਤਰਾਂ ਦਾ ਸੰਗੀਤ ਤਿਆਰ ਕੀਤਾ ਜਾਣ ਲੱਗਿਆ । ਇਸ ਸੰਗੀਤ ਵਿਚ ਗਹਿਰਾਈ ਹੈ ਤੇ ਇਕ ਰਹੱਸਮਈ ਤਾਕਤ ਹੈ । ਕਿਉਂਕਿ ਉਨ੍ਹਾਂ ਨੇ ਇਸ ਨੂੰ ਇੰਝ ਗਾਇਆ ਹੈ, ਜਿਵੋਂ ਉਹ ਖੁਦ ਹੀ ਰੱਬ ਦੇ ਸਾਜ਼ਾਂ ਦੀ ਤਰਾਂ ਵੱਜ ਰਹੇ ਹੋਣ । ਯੋਗੀ ਜੀ ਨੇ ਆਪਣੇ ਵਿਦਿਆਰਥੀ ਗੁਰੂ ਸਿੰਘ ਨੂੰ ਜਪੁਜੀ ਦਾ ਅੰਗਰੇਜੀ ਤਰਜਮਾ ਗਾਉਣ ਲਈ ਕਿਹਾ । ਅਮਰੀਕੀ ਸਿਖਾਂ ਦੀਆਂ ਕੁਝ ਹੋਰ ਅਰਦਾਸਾਂ ਅਤੇ ਭਾਗਤੀ ਭਾਵ ਵਾਲੀਆਂ ਰਚਨਾਵਾਂ ਵੀ ਗਵਾਈਆਂ ਗਈਆਂ । 1973 ਵਿਚ ਇਨ੍ਹਾਂ ਵਿਚੋਂ ਹੀ ਖਾਲਸਾ ਸਟਰਿੰਗ ਬੈਂਡ ਹੋਂਦ ਵਿਚ ਆਇਆ, ਜਿਸਨੇ ਇਕ ਮਿਊਜ਼ਿਕ ਐਲਬਮ ਸਪਿਰਿਚੁਅਲ ਨੇਸ਼ਨ ਰਿਕਾਰਡ ਕੀਤੀ । ਇਸ ਨਾਲ ਪੱਛਮ ਵਿਚ ਨਵੀਂ ਤਰਾਂ ਦੇ ਸਿਖ ਸੰਗੀਤ ਦੀ ਸ਼ੁਰੂਆਤ ਹੋਈ । ਸਨਾਤਮ ਕੌਰ ਅਤੇ ਉਸ ਵਰਗੇ ਹੋਰ ਅਨੇਕਾਂ ਕਲਾਕਾਰ ਇਸੇ ਪਰੰਪਰਾ ਦਾ ਸਿਖਰ ਹਨ । ਪੰਜਾਬ ਵਿਚ ਗੁਰਮਤਿ ਸੰਗੀਤ ਦਾ ਅਧਿਐਨ ਹਾਲੇ ਤਕ ਬਹੁਤ ਹੀ ਗੈਰ ਅਕਾਦਮਿਕ ਅਤੇ ਗੈਰ ਪੈਸ਼ਾਵਾਰਨਾ ਤਰੀਕੇ ਨਾਲ ਹੁੰਦਾ ਰਿਹਾ ਹੈ । ਇਸ ਕਰਕੇ ਕਿਸੇ ਨੇ ਪੱਛਮ ਦੇ ਯੋਗੀ ਸਿਖਾਂ ਦੁਆਰਾ ਸਿਖ ਸੰਗੀਤ ਵਿਚ ਜੋੜੀ ਇਸ ਨਵੀਂ ਧਾਰਾ ਵੱਲ ਧਿਆਨ ਨਹੀਂ ਦਿੱਤਾ । ਇਹ ਸਾਡੇ ਗੁਰਮਤਿ ਸੰਗੀਤ ਨਾਲੋਂ ਵੱਖਰੇ ਮੁਹਾਵਰੇ ਵਾਲਾ ਗੁਰਮਤਿ ਸੰਗੀਤ ਹੈ । ਯੋਗੀ ਜੀ ਇਸ ਨੂੰ ਨਵੀਂ ਕੌਮ ਦੇ ਗੀਤ ਕਹਿੰਦੇ ਸਨ । ਇਕ ਰੂਹਾਨੀ ਕੌਮ ਦੇ ਗੀਤ । ਸਿਖ ਸੰਗੀਤ ਦੀ ਇਸ ਧਾਰਾ ਵਿਚ ਪੰਜਾਬ ਨਾਲੋਂ ਕਿਤੇ ਜ਼ਿਆਦਾ ਨਫਾਸਤ ਹੈ । ਪੇਸ਼ਾਵਾਰਾਨਾ ਪਕਿਆਈ ਹੈ ਅਤੇ ਵਿਸ਼ਵਾਸ ਦੀ ਗਹਿਰਾਈ ਹੈ ।
ਯੋਗੀ ਜੀ ਦੁਆਰਾ ਸ਼ੁਰੂ ਕੀਤੀ ਲਹਿਰ ਦਾ ਪ੍ਰਭਾਵ ਐਨਾ ਵਿਆਪਕ ਹੈ ਕਿ ਇਸ ਦਾ ਅਸਰ ਅੰਕ ਵਿਗਿਆਨ ਜਿਹੇ ਖੇਤਰਾਂ ਵਿਚ ਵੀ ਦੇਖਿਆ ਜਾ ਸਕਦਾ ਹੈ । ਯੋਗੀ ਜੀ ਖੁਦ ਅੰਕ ਵਿਗਿਆਨ ਦੇ ਮਾਹਰ ਹਨ । ਇਹ ਗਿਆਨ ਦੀਆਂ ਅਜਿਹੀਆਂ ਵਿਧੀਆਂ ਜਾਂ ਖੇਤਰ ਹਨ, ਜਿਨ੍ਹਾਂ ਨੂੰ ਅੱਜ ਦੀ ਭਾਸ਼ਾ ਵਿਚ ਪਰਾ ਵਿਗਿਆਨਾਂ ਕਿਹਾ ਜਾ ਸਕਦਾ ਹੈ । ਉਨ੍ਹਾਂ ਤੋਂ ਪ੍ਰਭਾਵਤ ਕੁਝ ਲੋਕਾਂ ਨੇ ਇਨ੍ਹਾਂ ਪੁਰਾਤਨ ਵਿਧਿਆਂ ਨੂੰ ਆਧੁਨਿਕ ਅਤੇ ਸਿਖ ਮੁਹਾਵਰੇ ਵਿਚ ਪੇਸ਼ ਕੀਤਾ । ਗੁਰਚੰਦਰ ਸਿੰਘ ਖਾਲਸਾ ਨਾਂ ਦੇ ਉਨ੍ਹਾਂ ਦੇ ਇਕ ਅਮਰੀਕੀ ਸ਼ਿਸ਼ ਦੁਆਰਾ ਅੰਕ ਵਿਗਿਆਨ ਦੀ, ਆਤਮਾ ਦੀ ਵਿਗਿਆਨ ਦੇ ਰੂਪ ਵਿਚ ਨਵੀਂ ਵਿਆਖਿਆ ਕੀਤੀ ਗਈ ਹੈ । ਇਸ ਸਬੰਧ ਵਿਚ ਨਿਯੂਮਰੌਲੋਜੀ : ਐਜ਼ ਟੌਟ ਬਾਏ ਯੋਗੀ ਭਜਨ ਅਤੇ ਤਾਂਤਰਿਕ ਨਿਯੂਮਰੌਲੋਗੀ : ਸਾਇੰਸ ਔਫ ਸੋਲ ਮਾਸਟਰੀ ਉਨ੍ਹਾਂ ਦੀਆਂ ਪ੍ਰਮੁਖ ਪੁਸਤਕਾਂ ਹਨ ।
ਇਨ੍ਹਾਂ ਪੁਰਾਤਨ ਵਿਧੀਆਂ ਉਤੇ ਸਿਖ ਮੁਹਾਵਰੇ ਵਿਚ ਕੰਮ ਯੋਗੀ ਜੀ ਦੀ ਲਹਿਰ ਦੀਆਂ ਬਹੁਤ ਹੀ ਵਿਲੱਖਣ ਅਤੇ ਵਡਮੁਲੀਆਂ ਪ੍ਰਾਪਤੀਆਂ ਹਨ । ਪੰਜਾਬ ਜਾਂ ਭਾਰਤ ਦੀ ਸਿਖ ਅਕਾਦਮਿਕਤਾ ਜਾਂ ਰੂਹਾਨੀ ਖੋਜ ਹਾਲੇ ਉਸੇ ਮੁਹਾਵਰੇ ਵਿਚ ਫਸੀ ਹੋਈ ਹੈ, ਜਿਹੜਾ ਸਿੰਘ ਸਭਾ ਲਹਿਰ ਵੇਲੇ ਪ੍ਰਚਲਿਤ ਸੀ । ਸਿੰਘ ਸਭਾ ਲਹਿਰ ਨੇ ਸਿਖ ਸਮਾਜ ਵਿਚ ਅਤੇ ਪੰਜਾਬ ਵਿਚ ਇਕ ਅਜਿਹੀ ਜਾਗਰਤੀ ਲਹਿਰ ਪੈਦਾ ਕੀਤੀ , ਜਿਸ ਨੇ ਸਮੁਚੇ ਸਿਖ ਇਤਿਹਾਸ, ਦਰਸ਼ਨ ਅਤੇ ਮਰਿਆਦਾ ਨੂੰ ਉਸ ਦੌਰ ਦੇ ਵਿਗਿਆਨਕ ਮੁਹਾਵਰੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ । ਉਸ ਦੌਰ ਦੇ ਦਬਾਵਾਂ ਦੇ ਮੱਦੇਨਜ਼ਰ ਸਿੰਘ ਸਭਾ ਲਹਿਰ ਦੀਆਂ ਰੌਸ਼ਨ ਦਿਮਾਗ ਸਖਸ਼ੀਅਤਾਂ ਨੇ ਵੱਖ ਵੱਖ ਅਕਾਦਮਿਕ ਅਤੇ ਖੋਜ ਖੇਤਰਾਂ ਵਿਚ ਬੜੇ ਸੁਹਿਰਦ ਉਪਰਾਲੇ ਕੀਤੇ । ਪਰ ਉਨ੍ਹਾਂ ਵਲੋਂ ਅਜਿਹੀ ਬੌਧਿਕ ਹਿੰਸਾ ਤੋਂ ਬਚ ਸਕਣਾ ਸੰਭਵ ਨਹੀਂ ਸੀ ਜਿਹੜੀ ਉਸ ਦੌਰ ਦਾ ਖਾਸਾ ਸੀ । ਪੱਛਮੀ ਵਿਗਿਆਨਕ ਦ੍ਰਿਸ਼ਟੀ ਨੇ ਜਿਥੇ ਪਦਾਰਥਕ ਉਨਤੀ ਦੇ ਅਨੇਕਾਂ ਦੁਆਰੇ ਖੋਲ੍ਹੇ , ਉਥੇ ਗਿਆਨ ਦੇ ਖੇਤਰ ਵਿਚ ਅਜਿਹੀ ਹਿੰਸਾ ਵੀ ਕੀਤੀ, ਜਿਹੋ ਜਿਹੀ ਐਲੋਪੇਥੀ ਨੇ ਪੁਰਾਤਨ ਇਲਾਜ ਪ੍ਰਣਾਲੀਆਂ ਨਾਲ ਕੀਤੀ । ਸੰਕੁਚਿਤ ਅਤੇ ਸੀਮਤ ਕਥਿਤ ਵਿਗਿਆਨਿਕ ਤਰਕ ਵਿਚ ਫਿਟ ਕਰਨ ਲਈ ਗੁਰਬਾਣੀ, ਰੂਹਾਨੀ ਵਰਤਾਰਿਆਂ ਅਤੇ ਇਤਿਹਾਸਕ ਵਰਤਾਰਿਆਂ ਨੂੰ ਘੜ ਦਿੱਤਾ ਗਿਆ । ਛਾਂਗ ਦਿੱਤਾ ਗਿਆ। ਇਹ ਉਹ ਦੌਰ ਸੀ ਜਦੋਂ ਪਛੱਮੀ / ਮਾਰਕਸੀ ਦਾਰਸ਼ਨਿਕ, ਸਮਾਜਿਕ ਆਰਥਿਕ ਅਤੇ ਰਾਜਨੀਤਕ ਦ੍ਰਿਸ਼ਟੀ ਦੀ ਸਾਰੀ ਦੁਨੀਆ ਵਿਚ ਚੜ੍ਹਤ ਸੀ । ਉਸ ਦੌਰ ਦੀ ਜ਼ਿਆਦਾਤਰ ਸਿਖ ਅਕਾਦਮਿਕ , ਬੌਧਿਕ ਵਿਆਖਿਆ ਵਿਚ ਅਚੇਤ , ਸੁਚੇਤ ਇਸ ਚੜ੍ਹਤ ਪ੍ਰਤੀ ਇਕ ਹੁੰਗਾਰਾ ਮੌਜੂਦ ਸੀ । ਇਸ ਸਮੁਚੀ ਵਿਆਖਿਆ ਦੀ ਕੇਂਦਰੀ ਸੁਰ ਜਾਂ ਸਰੋਕਾਰ ਇਸ ਤਰਾਂ ਦਾ ਹੈ ਕਿ ਇਹ ਸਮੁਚੀ ਸਿਖ ਲਹਿਰ ਨੂੰ ਨਿਰੋਲ ਸਮਾਜਿਕ ਜਾਂ ਸਿਆਸੀ ਦ੍ਰਿਸ਼ਟੀ ਤੋਂ ਦੇਖਣ ਦੀ ਕੋਸ਼ਿਸ਼ ਕਰਦੀ ਹੈ। ਇਹ ਦ੍ਰਿਸ਼ਟੀ ਵੀ ਬੁਨਿਆਦੀ ਤੌਰ ਤੇ ਉਸ ਦੌਰ ਦੇ ਦਬਾਵਾਂ ਅਧੀਨ ਹੀ ਬਣੀ ਹੋਈ ਸੀ । ਇਸ ਵਿਚ ਮੌਲਿਕਤਾ ਨਹੀਂ ਸੀ । ਉਨ੍ਹਾਂ ਵਾਸਤੇ ਰੂਹਾਨੀਅਤ ਸਿਰਫ ਇਕ ਪਲੇਥਣ ਦੀ ਤਰਾਂ ਸੀ । ਪ੍ਰੋਫੈਸਰ ਕਿਸ਼ਨ ਸਿੰਘ ਵਰਗੇ ਉਸ ਦੌਰ ਦੇ ਸਿਦਕੀ ਬਜ਼ੁਰਗਾਂ ਨੇ ਗੁਰਬਾਣੀ ਨੂੰ ਵੀ ਇਸ ਆਰਥਿਕ , ਸਮਾਜਿਕ ਅਤੇ ਸਿਆਸੀ ਦ੍ਰਿਸ਼ਟੀ ਦੀ ਮੋਰੀ ਵਿਚੋਂ ਹੀ ਲੰਘਾਉਣ ਦੀ ਕੋਸ਼ਿਸ਼ ਕੀਤੀ । ਉਸ ਸਭ ਕਾਸੇ ਦੇ ਦਰਵਾਜੇ ਬੰਦ ਕਰ ਦਿੱਤੇ ਗਏ , ਜਿਹੜਾ ਪੱਛਮ ਦੀ ਵਿਗਿਆਨਿਕ ਦ੍ਰਿਸ਼ਟੀ ਮੁਤਾਬਕ ਰਹੱਸਮਈ ਸੀ । ਇਹ ਅਸਲ ਵਿਚ ਅਜਿਹੇ ਲੋਕਾਂ ਦੀ ਹੀਣ ਭਾਵਨਾ ਸੀ ਜਿਹੜੇ ਬੁਨਿਆਦੀ ਤੌਰ ਤੇ ਕਿਸੇ ਵੀ ਤਰਾਂ ਦੇ ਰੂਹਾਨੀ ਅਨੁਭਵ ਤੋਂ ਦੂਰ ਸਨ । ਸਿਖ ਰੂਹਾਨੀਅਤ ਉਨ੍ਹਾਂ ਲਈ ਸਿਰਫ ਇਕ ਬੌਧਿਕ ਕਸਰਤ ਸੀ । ਇਕ ਬੌਧਿਕ ਸਰਗਰਮੀ ਸੀ । ਇਸੇ ਕਰਕੇ ਉਹ ਰੂਹਾਨੀਅਤ ਦੇ ਰਹੱਸਾਂ ਤੋਂ ਸੰਗਦੇ ਸਨ । ਉਹ ਇਨ੍ਹਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ । ਉਨ੍ਹਾਂ ਸਿਖ ਰੂਹਾਨੀ ਦਰਸ਼ਨ, ਗੁਰਬਾਣੀ ਆਦਿ ਦੀ ਵਿਆਖਿਆ ਇਸ ਤਰੀਕੇ ਨਾਲ ਕੀਤੀ, ਜਿਵੇਂ ਇਸਾਈ ਮਿਸ਼ਨਰੀ ਈਸਾਈਅਤ ਦੀ ਕਰਦੇ ਹਨ । ਜਿਸ ਵਿਚ ਕੋਈ ਗਹਿਰਾਈ ਨਹੀਂ ਹੁੰਦੀ । ਅਚੇਤ ਤੌਰ ਤੇ ਉਨ੍ਹਾਂ ਦਾ ਸਾਰਾ ਜ਼ੋਰ ਉਸ ਤਰਾਂ ਦੇ 'ਤਾਰਕਿਕ' ਬਣਨ ਤੇ ਲੱਗਾ ਹੋਇਆ ਸੀ, ਜਿਹੜਾ ਪੱਛਮ ਚੋਂ ਆਈ ਵਿਗਿਆਨਕ ਦ੍ਰਿਸ਼ਟੀ ਅਤੇ ਮਾਰਕਸੀ ਪ੍ਰਭਾਵ ਵਾਲੇ ਲੋਕਾਂ ਨੂੰ ਜਚ ਸਕੇ । ਸਭ ਕੁਝ ਪੇਤਲਾ ਹੋ ਗਿਆ । ਉਸ ਦੌਰ ਵਿਚ ਅਜਿਹੇ ਦਬਾਵਾਂ ਹੇਠ ਆਉਣਾ ਕੁਦਰਤੀ ਸੀ ਅਤੇ ਸਮਝ ਵਿਚ ਆਉਂਦਾ ਹੈ । ਪਰ ਸਭ ਕੁਝ ਇਥੇ ਹੀ ਅਟਕ ਗਿਆ । ਸਿਖ ਧਾਰਮਿਕ ਵਿਆਖਿਆ ਦੇ ਸਾਰੇ ਸਕੂਲ ਅਜੇ ਤਕ ਵੀ ਇਸੇ ਹੀ ਮੁਹਾਵਰੇ ਵਿਚ ਫਸੇ ਹਨ । ਅੱਜ ਖੁਦ ਸਾਇੰਸ ਵੀ ਉਨੀਂ ਵਿਗਿਆਨਕ ਨਹੀਂ ਰਹੀ, ਜਿਸ ਵਿਗਿਆਨਿਕਤਾ ਵਿਚ ਅਸੀਂ ਫਸੇ ਹਾਂ । ਅਜਿਹੀ ਵਿਗਿਆਨਿਕ ਦ੍ਰਿਸ਼ਟੀ ਦੀ ਇਹ ਸੀਮਾ ਹੈ ਕਿ ਇਹ ਪਹਿਲਾਂ ਹੀ ਇਹ ਮੰਨਕੇ ਚਲਦੀ ਹੈ ਕਿ ਜੋ ਕੁਝ ਸਾਨੂ ਸਮਝ ਨਹੀਂ ਆ ਰਿਹਾ , ਉਹ ਨਿਸ਼ਚਿਤ ਤੌਰ ਤੇ ਗੈਰ ਵਿਗਿਆਨਿਕ ਹੀ ਹੋਵੇਗਾ । ਇਸ ਨੇ ਆਪਣੇ ਗਿਆਨ ਅਤੇ ਸਮਝ ਦੀ ਸੀਮਾ ਨੂੰ ਮਨੁੱਖੀ ਕਲਪਨਾ ਦੀ ਅੰਤਮ ਸੀਮਾ ਮੰਨ ਲਿਆ ਹੈ । ਇਕ ਲਿਹਾਜ਼ ਨਾਲ ਇਹ ਆਪਣੀ ਸੰਕੁਚਿਤ ਹਊਮੈ ਨੂੰ ਤਰਕ ਪਹਿਨਾਉਣ ਵਾਲੀ ਗਲ ਬਣ ਜਾਂਦੀ ਹੈ । ਅਜਿਹੀ ਦ੍ਰਿਸ਼ਟੀ ਦੁਆਰਾ ਕੀਤੀ ਗਈ ਬੌਧਿਕ ਹਿੰਸਾ ਦੇ ਵੇਰਵੇ ਦੇਣੇ ਇਸ ਪੁਸਤਕ ਦਾ ਵਿਸ਼ਾ ਨਹੀਂ ਹੈ। ਯੋਗੀ ਜੀ ਕਿਉਂਕਿ ਇਕ ਰੂਹਾਨੀ ਪੁਰਸ਼ ਸਨ, ਇਸ ਕਰਕੇ ਉਨ੍ਹਾਂ ਦੀ ਸਮੁਚੀ ਵਿਆਖਆ ਵਿਚੋਂ ਕਿਤੋਂ ਵੀ ਅਜਿਹੇ ਬਾਹਰੀ ਵਿਚਾਰਧਾਰਕ ਦਬਾਅ ਨਜਰ਼ ਨਹੀਂ ਆਉਂਦੇ । ਸਿਖ ਰੂਹਾਨੀਅਤ, ਇਤਿਹਾਸ ਅਤੇ ਮਰਿਆਦਾ ਦੀ ਉਨਾਂ ਦੀ ਵਿਆਖਿਆ ਬਿਲਕੁਲ ਮੌਲਿਕ ਹੈ । ਇਸ ਵਿਚ ਸੱਚੀ ਰੂਹਾਨੀਅਤ ਦੀ ਛੁਹ ਹੈ । ਇਹ ਕਿਹਾ ਜਾ ਸਕਦਾ ਹੈ ਕਿ ਸਿੰਘ ਸਭਾ ਲਹਿਰ ਤੋਂ ਬਾਅਦ ਯੋਗੀ ਜੀ ਦੀ ਲਹਿਰ ਹੀ ਇਕੋ ਇਕ ਧਾਰਮਿਕ ਲਹਿਰ ਹੈ, ਜਿਸ ਨੇ ਸਿਖ ਲਹਿਰ ਨੂੰ ਨਵੀਂ ਵਿਆਖਿਆ ਅਤੇ ਨਵਾਂ ਰੂਪ ਦਿੱਤਾ ਹੈ । ਇਸ ਦੀ ਕਲਪਨਾ ਵੱਡੀ ਹੈ ਅਤੇ ਇਸ ਦੀ ਰੂਹਾਨੀਅਤ ਵਿਚ ਗਹਿਰਾਈ ਹੈ । ਲੌਸ ਏਂਜਲਸ ਦੇ ਇਕ ਫਰਨੀਚਰ ਸਟੋਰ ਤੋਂ ਸ਼ੁਰੂ ਹੋਈ ਇਹ ਲਹਿਰ ਅੱਜ ਸਿਖ ਰੂਹਾਨੀਅਤ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਆਪਕ ਧਾਰਾ ਕਹੀ ਜਾ ਸਕਦੀ ਹੈ ।

No comments:

Post a Comment