ਜਦੋਂ ਯੋਗੀ ਭਜਨ ਅਮਰੀਕਾ ਪੁੱਜੇ ਸਨ ਤਾਂ ਪੂਰਾ ਮੁਲਕ ਹੀ ਇਕ ਤਰ੍ਹਾਂ ਨਾਲ ਨਸ਼ਿਆਂ ਦੀ ਚਪੇਟ ਵਿਚ ਸੀ । ਇਹ ਨਸ਼ੇ ਲੋਕਾਂ ਲਈ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਭੱਜਣ ਦਾ ਇਕ ਤਰੀਕਾ ਸਨ । ਸਦੀਆਂ ਤੋਂ ਬੰਦਾ ਆਪਣੇ ਕਸ਼ਟਾਂ ਤੋਂ ਮੁਕਤੀ ਲਈ ਇਨ੍ਹਾਂ ਭਰਮ ਮੂਲਕ ਸਾਧਨਾਂ ਦੀ ਵਰਤੋ ਕਰਦਾ ਆਇਆ ਸੀ । ਸਰਕਾਰਾਂ ਨੇ ਪੂਰਾ ਜ਼ੋਰ ਲਾ ਲਿਆ ਸੀ । ਨੀਤੀਵਾਨਾਂ ਨੇ ਤੇ ਧਰਮ ਪ੍ਰਚਾਰਕਾਂ ਨੇ ਪੂਰੀ ਵਾਹ ਲਾ ਲਈ ਸੀ । ਪਰ ਚੁਣੌਤੀ ਹਾਲੇ ਵੀ ਉਥੇ ਦੀ ਉਥੇ ਸੀ ।
ਇਤਿਹਾਸ ਦੇ ਪੰਨਿਆਂ ਵਿਚੋਂ ਗੁਜ਼ਰਦਿਆਂ ਇਹ ਪਤਾ ਚੱਲਦਾ ਹੈ ਕਿ ਮਿਸਰ, ਰੋਮ, ਚੀਨ ਤੇ ਭਾਰਤ ਵਰਗੀਆਂ ਪੁਰਾਤਨ ਸਭਿਆਤਾਵਾਂ ਦੇ ਪਤਨ ਵਿਚ ਨਸ਼ਿਆਂ ਦੀ ਵੀ ਅਹਿਮ ਭੂਮਿਕਾ ਰਹੀ ਹੈ । ਚੀਨ ਨੂੰ ਅਫੀਮ ਤੇ ਰੋਮ ਨੂੰ ਸ਼ਰਾਬ ਲੈ ਬੈਠੀ ਸੀ । ਮੈਰੀਜੁਆਨਾ ਤੇ ਹਸ਼ੀਸ਼ ਨੇ ਭਾਰਤ ਨੂੰ ਨਿਘਾਰ ਦੀ ਹੱਦ ਤੀਕ ਪਹੁੰਚਾ ਦਿੱਤਾ ਸੀ । ਉਸ ਸਮੇਂ ਦੇ ਅਮਰੀਕਾ ਵਿਚ ਇਨ੍ਹਾਂ ਨਸ਼ਿਆਂ ਤੋਂ ਬਿਨਾ ਹੋਰ ਪਤਾ ਨਹੀਂ ਕਿੰਨੀਂ ਭਾਂਤ ਦੇ ਨਸ਼ੇ ਪ੍ਰਚਲਿਤ ਹੋ ਚੁੱਕੇ ਸਨ । ਚੇਤਨਾ ਦੇ ਨਵੇਂ ਪਸਾਰਾਂ ਦਾ ਅਨੁਭਵ ਕਰਨ ਦੇ ਨਾਂ ਹੇਠ ਕੋਕੀਨ ਤੇ ਐਲ ਐਸ ਡੀ ਸਮੇਤ ਕਿੰਨੇ ਹੀ ਰਸਾਇਣੀ ਤਜਰਬੇ ਜਿਉਂਦੇ ਮਨੁੱਖੀ ਸਰੀਰਾਂ 'ਤੇ ਕੀਤੇ ਜਾ ਰਹੇ ਸਨ ।
ਇਸ ਅਲਾਮਤ ਤੋਂ ਛੁਟਕਾਰਾ ਹਾਸਲ ਕਰਨ ਲਈ ਅਮਰੀਕਨ ਸਰਕਾਰ ਡਾਲਰ ਪਾਣੀ ਵਾਂਗ ਵਹਾ ਰਹੀ ਸੀ । ਪਰ ਮਰਜ਼ ਦੀ ਨਬਜ਼ ਉਸ ਦੀ ਸਮਝ ਤੋਂ ਬਾਹਰ ਸੀ । ਮੈਟਾਡੋਨ ਟਰੀਟਮੈਂਟ ਪ੍ਰੋਗਰਾਮਾਂ 'ਤੇ ਕਰੋੜਾਂ ਡਾਲਰ ਖਰਚ ਹੋ ਰਹੇ ਸੀ । ਪਰ ਅਸਰ ਕੁਝ ਵੀ ਨਹੀਂ ਸੀ। ਜਾਣੇ ਅਣਜਾਣੇ ਉਹ ਕਿਸੇ ਇਕ ਨਸ਼ੇ ਦੀ ਥਾਂ ਦੂਜਾ ਨਸ਼ਾ ਹੀ ਪਰੋਸ ਰਹੇ ਸਨ । ਇਹ ਚਕਰਦਾਰ ਕੜੀ ਕਿਸੇ ਪਾਸਿਓਂ ਟੁੱਟਦੀ ਨਜ਼ਰ ਨਹੀਂ ਸੀ ਆਉਂਦੀ । ਬਹੁਤੇ ਲੋਕਾਂ ਨੇ ਤਾਂ ਨਸ਼ਾ ਵਿਰੋਧੀ ਮੁਹਿੰਮ ਨੂੰ ਵੀ ਕਮਾਈ ਦਾ ਹੀ ਵਸੀਲਾ ਬਣਾ ਲਿਆ ਸੀ । ਕੁਝ ਲੋਕਾਂ ਲਈ ਇਹ ਸਿਰਫ ਰੋਜ਼ਗਾਰ ਸੀ ਤੇ ਬਾਕੀਆਂ ਲਈ ਸ਼ੁਗਲ । ਕਨੂਨ ਦੀ ਸਖਤੀ, ਜੇਲ੍ਹਾਂ ਦਾ ਡਰ, ਸਮਾਜ ਦੀਆਂ ਲਾਹਨਤਾਂ ਤੇ ਸਾਰੇ ਦਾ ਸਾਰਾ ਪ੍ਰਚਾਰ ਤੰਤਰ ਨਕਾਰਾ ਸਾਬਤ ਹੋ ਰਿਹਾ ਸੀ।
ਦਰਅਸਲ ਇਹ ਸਾਰਾ ਮਾਮਲਾ ਮਨੁੱਖੀ ਮਨ ਨਾਲ ਜੁੜਿਆ ਸੀ । ਲੋਕ ਅਰਥ ਭਰਪੂਰ ਜ਼ਿੰਦਗੀ ਦੀ ਮੰਗ ਕਰ ਰਹੇ ਸਨ । ਪਰ ਕੋਈ ਵੀ ਸਰਕਾਰ ਉਨ੍ਹਾਂ ਨੂੰ ਇਹ ਮੁਹੱਈਆ ਨਹੀਂ ਸੀ ਕਰ ਸਕਦੀ । ਇਸ ਲਈ ਵੱਡੇ ਤੇ ਉਚੇਚੇ ਕਦਮਾਂ ਦੀ ਲੋੜ ਸੀ ਜਿਨ੍ਹਾਂ ਦੀ ਅਗਵਾਈ ਕਿਸੇ ਉਚੇਰੀ ਚੇਤਨਾ ਦੇ ਹੱਥ ਵਿਚ ਹੋਵੇ । ਆਖਰ ਇਹ ਬੀੜਾ ਯੋਗੀ ਭਜਨ ਨੇ ਚੁੱਕਿਆ । ਉਨ੍ਹਾਂ ਨੂੰ ਮਨ ਦੇ ਸਾਰੇ ਤਾਣੇ ਬਾਣੇ ਦੀ ਸਮਝ ਸੀ । ਉਹ ਉਸ ਦੀਆਂ ਉਲਝਨਾਂ ਤੋਂ ਪਾਰ ਹੋਣ ਦਾ ਰਾਹ ਵੀ ਜਾਣਦੇ ਸਨ । ਉਨ੍ਹਾਂ ਨੂੰ ਪਤਾ ਸੀ ਕਿ ਪੱਛਮ ਦੇ ਥੱਕੇ ਹਾਰੇ ਮਨ ਨੂੰ ਵਿਸ਼ਰਾਮ ਦੀ ਲੋੜ ਸੀ ਤੇ ਇਹ ਸਾਰੀ ਭੱਜ ਦੌੜ ਉਸੇ ਲਈ ਸੀ । ਯੋਗੀ ਭਜਨ ਨੇ ਤੁਰੰਤ ਭਾਂਪ ਲਿਆ ਕਿ ਇਸ ਸਾਰੀ ਭਟਕਣ ਦਾ ਸਬੰਧ ਕਿਤੇ ਨਾ ਕਿਤੇ ਅਮਰੀਕਾ ਦੇ ਅਰਥ ਤੰਤਰ ਨਾਲ ਵੀ ਹੈ । ਅਮਰੀਕਾ ਕਿਸ਼ਤਾਂ ਦਾ ਦੇਸ਼ ਬਣ ਕੇ ਰਹਿ ਗਿਆ ਸੀ । ਹਰ ਵੇਲੇ ਦਾ ਤਣਾਓ ਆਮ ਗੱਲ ਹੋ ਗਈ ਸੀ । ਤਣੀਆਂ ਹੋਈਆਂ ਨਸਾਂ ਅਤੇ ਫਟਦੇ ਦਿਮਾਗਾਂ ਉਤੇ ਦਿਨ ਰਾਤ ਇਕ ਦੂਜੇ ਨਾਲੋਂ ਅੱਗੇ ਨਿਕਲ ਜਾਣ ਦੀ ਹੋੜ । ਮਨੁੱਖ ਆਰਾਮ ਕਰਨ ਦੀ ਗੱਲ ਹੀ ਭੁੱਲ ਗਿਆ ਸੀ ।
ਘਰ ਅਤੇ ਪਰਿਵਾਰ ਜੋ ਕਦੇ ਸੁਰੱਖਿਆ, ਪਿਆਰ ਤੇ ਨਿੱਘ ਦਾ ਕੇਂਦਰ ਹੁੰਦੇ ਸਨ, ਹੁਣ ਅਤੀਤ ਦੀ ਗੱਲ ਸਨ। ਨਿਊਕਲੀਅਰ ਪਰਿਵਾਰ ਦੀ ਵਧਦੀ ਗਿਣਤੀ ਦੇ ਨਾਲ ਨਾਲ, ਵਿਆਹ ਦੀ ਬੇਮਾਨੀ ਹੁੰਦੀ ਜਾ ਰਹੀ ਸੰਸਥਾ ਨੇ ਆਖਰੀ ਟਿਕਾਣਾ ਵੀ ਬੰਦੇ ਕੋਲੋਂ ਖੋਹ ਲਿਆ ਸੀ । ਘੜੀ ਭਰ ਵਿਸ਼ਰਾਮ ਲਈ ਉਹ ਠੁੰਮਣੇ ਭਾਲਦਾ ਫਿਰਦਾ ਸੀ । ਸੁਰੱਖਿਆ 'ਤੇ ਖੁਸ਼ੀ ਦੀ ਭਾਲ ਵਿਚ ਤੁਰਿਆ ਬੰਦਾ ਹੋਰ ਹੀ ਮੁਸੀਬਤ ਗੱਲ ਪਾ ਬੈਠਦਾ ਸੀ । ਜਦੋਂ ਯੋਗੀ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਇਸ ਸਫਰ ਦੀ ਸ਼ੁਰੂਆਤ ਕੀਤੀ ਤਾਂ ਉਦੋਂ ਤਾਈ ਗੱਲ ਕਾਫੀ ਅਗਾਂਹ ਲੰਘ ਚੁੱਕੀ ਸੀ । ਵਰ੍ਹਿਆਂ ਦੀ ਆਦਤ ਹੋਣ ਕਾਰਨ ਨਸ਼ਿਆਂ ਦਾ ਅਸਰ ਹੁਣ ਮਨ ਤੋਂ ਵੀ ਅੱਗੇ ਸ਼ਰੀਰ ਦੀਆਂ ਗ੍ਰੰਥੀਆਂ ਤਾਂਈਂ ਘਰ ਕਰ ਚੁੱਕਾ ਸੀ । ਜਿਹੜੇ ਲੋਕ ਉਸ ਨੂੰ ਛਡਣਾ ਵੀ ਚਾਹੁੰਦੇ ਸਨ, ਇਛੱਾ ਸ਼ਕਤੀ ਉਨ੍ਹਾ ਦਾ ਸਾਥ ਨਹੀਂ ਸੀ ਦਿੰਦੀ । ਵਾਰ ਵਾਰ ਦੀ ਨਾਕਾਮਯਾਬੀ ਇਕ ਤਰ੍ਹਾਂ ਦੀ ਗਿਲਾਨੀ ਤੇ ਹੀਣਤਾ ਦੀ ਭਾਵਨਾ ਪੈਦਾ ਕਰਦੀ ਸੀ । ਸਰੀਰ ਦੀ ਮੰਗ ਹਥੋਂ ਉਹ ਮਜ਼ਬੂਰ ਸਨ । ਪਰ ਇਹੋ ਮੰਗ ਉਨ੍ਹਾਂ ਨੇ ਸ਼ਰੀਰ ਨੂੰ ਖੋਖਲਾ ਕਰੀ ਜਾ ਰਹੀ ਸੀ। ਜਾਣਦਿਆਂ-ਦੇਖਦਿਆਂ ਹੋਏ ਵੀ ਉਹ ਬੇਬਸ ਸਨ । ਕੁਝ ਕਰ ਨਹੀਂ ਸੀ ਸਕਦੇ ।
1971 ਵਿਚ ਯੋਗੀ ਭਜਨ ਨੇ 3 ਐਚ ਓ ਨੂੰ ਪਹਿਲਾ ਡਰੱਗ ਵਿਰੋਧੀ ਕੈਂਪ ਲਾਉਣ ਦੀ ਹਦਾਇਤ ਕੀਤੀ । ਵਾਸ਼ਿੰਗਟਨ ਵਿਚ ਲੱਗਣ ਵਾਲਾ ਇਹ ਕੈਂਪ ਸਰਕਾਰ ਦੀ ਐਨ ਨੱਕ ਹੇਠ ਲੱਗ ਰਿਹਾ ਸੀ । ਸਾਰੀਆਂ ਆਧੁਨਿਕ ਸਹੂਲਤਾਂ ਤੇ ਬੇਸ਼ੁਮਾਰ ਫੰਡਾਂ ਦੇ ਬਾਵਜੂਦ ਸਰਕਾਰੀ ਪ੍ਰੋਗਰਾਮਾਂ ਵਿਚ ਕਾਮਯਾਬੀ ਦੋ ਚਾਰ ਪ੍ਰਤੀਸ਼ਤ ਤੋਂ ਵੱਧ ਨਹੀਂ ਸੀ । ਸਰਕਾਰ ਵਲੋਂ ਸਪੌਂਸਰਡ ਸਭ ਤੋਂ ਵੱਧ ਕਾਮਯਾਬ ਪ੍ਰੋਗਰਾਮਾਂ, ਜਿਨ੍ਹਾਂ ਨੂੰ ਉਹ ਮਾਡਲ ਮੰਨਦੇ ਸਨ, ਵਿਚ ਸਫਲਤਾ ਦੀ ਪ੍ਰਤੀਸ਼ਤ ਵੱਧ ਤੋਂ ਵੱਧ ਦਸ ਪ੍ਰਤੀਸ਼ਤ ਸੀ ।
3 ਐਚ ਓ ਦੇ ਕੈਂਪ ਵਿਚ ਜਿਨ੍ਹਾਂ ਧਿਆਨ ਵਿਧੀਆਂ ਤੇ ਹੋਰ ਤਕਨੀਕਾਂ ਦੀ ਵਰਤੋ ਕੀਤੀ ਜਾਣੀ ਸੀ । ਉਹ ਦਰਅਸਲ ਕਈ ਹਜ਼ਾਰ ਸਾਲਾਂ ਦੇ ਤਜ਼ਰਬੇ ਵਿਚੋਂ ਵਿਕਸਤ ਹੋਈਆਂ ਸਨ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮਰੀਜ਼ ਸਿਰਫ ਦੋ ਹੀ ਸਨ । ਉਨ੍ਹਾਂ ਨੂੰ ਸਖ਼ਤ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਸੀ । ਇਕ ਦੀ ਉਮਰ ਕੋਈ 48 ਸਾਲਾਂ ਦੀ ਸੀ । ਉਹਦਾ ਸਾਰਾ ਜੀਵਨ ਬਸ ਬਦਲਦੇ ਨਸ਼ਿਆਂ ਦਾ ਹੀ ਇਤਿਹਾਸ ਸੀ । ਦੂਜਾ ਹਾਲੇ ਮੁੰਡਾ ਖੁੰਡਾ ਹੀ ਸੀ । ਪਰ ਉਹ ਪਿਛਲੇ ਪੰਜ ਸਾਲਾਂ ਤੋਂ ਹੀਰੋਇਨ ਵਰਗੇ ਨਸ਼ਿਆਂ ਦਾ ਆਦਿ ਹੋ ਗਿਆ ਸੀ । ਦੋ ਸਾਲਾਂ ਤੋਂ ਉਹ ਹੁਣ ਉਹਨੂੰ ਮੈਟਾਡੋਨ ਦੇ ਰਹੇ ਸੀ ।
ਕਹਿੰਦੇ ਨੇ ਚਮਤਕਾਰ ਉਹੋ ਹੁੰਦਾ ਹੈ ਜਿਸ ਦੀ ਕਿਸੇ ਨੂੰ ਸਮਝ ਨਾ ਆਵੇ । ਤਿੰਨ ਹਫਤਿਆਂ ਦੇ ਮਾਮੂਲੀ ਸਮੇਂ ਨੇ ਹੀ ਵਰ੍ਹਿਆਂ ਤੋਂ ਉਨ੍ਹਾਂ ਅੰਦਰ ਜੰਮੀ ਪਈ ਗੰਦਗੀ ਧੋ ਕੇ ਰੱਖ ਦਿੱਤੀ ਸੀ । ਇਹ ਸੱਚ ਮੁੱਚ ਹੀ ਪਹਾੜ ਸਰ ਕਰਨ ਵਾਲੀ ਗੱਲ ਸੀ । ਕਈਆਂ ਲਈ ਤਾਂ ਵਾਕਿਆ ਹੀ ਚਮਤਕਾਰ ਸੀ । ਧਿਆਨ ਦੇ ਸਰੋਵਰ ਵਿਚ ਗੋਤਾ ਲਾ ਕੇ ਉਹ ਇਕਦਮ ਨਰੋਏ ਹੋ ਕੇ ਨਿਕਲੇ ਸਨ । ਪਰ ਜੋ ਲੋਕ ਉਨ੍ਹਾਂ ਵਿਧੀਆਂ ਤੋਂ ਵਾਕਫ ਸਨ, ਉਨ੍ਹਾਂ ਲਈ ਇਹ ਸਿਰਫ਼ ਦੋ ਤੇ ਦੋ ਚਾਰ ਵਰਗੀ ਕੁਦਰਤੀ ਗੱਲ ਸੀ । ਆਪਣੀ ਵਿਆਖਿਆ ਵਿਚ ਉਹ ਦਸਦੇ ਹਨ ਕਿ ਕੁੰਡਲਨੀ ਯੋਗ ਦੀਆਂ ਕ੍ਰਿਆਵਾਂ ਦੌਰਾਨ ਸਮੇਂ ਦੀ ਸਿਫਤ ਬਦਲ ਜਾਂਦੀ ਹੈ । ਉਹ ਵਧੇਰੇ ਸੰਘਣਾ ਹੋ ਜਾਂਦਾ ਹੈ । ਆਮ ਵਿਕਾਸ ਪ੍ਰਕਿਰਿਆ ਵਿਚ ਜੋ ਸਟੇਜਾਂ ਦਹਾਕਿਆਂ ਦਾ ਸਮਾਂ ਲੈ ਲੈਂਦੀਆਂ ਹਨ, ਉਹ ਪ੍ਰਕਿਰਿਆ ਉਥੇ ਅਤਿ ਨਿਗੂਣੇ ਸਮੇਂ ਵਿਚ ਹੀ ਮੁਕੰਮਲ ਹੋ ਜਾਂਦੀ ਹੈ । ਸਮੇਂ ਦੀ ਇਹ ਅਵਧੀ ਸਾਧਕ ਦੀ ਆਪਣੀ ਇਕਾਗਰਤਾ ਅਨੁਸਾਰ ਹੋਰ ਵੀ ਘੱਟ ਵੱਧ ਸਕਦੀ ਹੈ । ਇਸ ਲਈ ਧਿਆਨ ਦੇ ਤਹਿਤ ਸਮੇਂ ਨੂੰ ਭੌਤਿਕ ਸਮੇਂ ਨੂੰ ਮਾਪਣ ਵਾਲੀਆਂ ਘੜੀਆਂ ਕਦੇ ਫੜ ਹੀ ਨਹੀਂ ਸਕਦੀਆਂ ।
ਭਾਰਤ ਦੀਆਂ ਪੌਰਾਣਿਕ ਕਥਾਵਾਂ ਸਮੇਤ ਦੁਨੀਆ ਭਰ ਦੀਆਂ ਪੁਰਾਤਨ ਕਥਾਵਾਂ ਵਿਚ ਸਮੇਂ ਵਾਲੀ ਆਪਣੀ ਗਤੀ ਵਿਚ ਪਰਿਵਰਤਨ ਕਰਨ ਦੀਆਂ ਅਨੇਕਾਂ ਮਿਸਾਲਾਂ ਹਨ । ਪਰ ਇਹ ਮਾਮਲਾ ਨਿਰੌਲ ਤੌਰ 'ਤੇ ਵਾਸਤਵਿਕ ਸੀ । ਬਰਗਸਨ ਤੇ ਆਈਨਸਟਾਈਨ ਵਲੋਂ ਗਿਣਾਈਆਂ ਸਮੇਂ ਦੀਆਂ ਖੂਬੀਆਂ ਇਸ ਰਹੱਸ ਨੂੰ ਸਮਝਣ ਵਿਚ ਮੱਦਦ ਦੇ ਸਕਦੀਆਂ ਹਨ । ਪਰ ਆਮ ਲੋਕਾਂ ਨੂੰ ਦਿਲਚਸਪੀ ਤਾਂ ਸਿਰਫ਼ ਫਲ ਹੀ ਖਾਣ ਵਿਚ ਹੁੰਦੀ ਹੈ । ਗਿਣਤੀਆਂ ਮਿਣਤੀਆਂ ਦਾ ਕੰਮ ਤਾਂ ਬਸ 'ਪੰਡਿਤਾਂ' ਦਾ ਹੀ ਹੁੰਦਾ ਹੈ । ਉਹ ਲੋਕ ਆਪਣੇ ਕੰਮ ਵਿਚ ਰੁਝੇ ਹੋਏ ਸਨ ਤੇ 3 ਐਚ ਓ ਆਪਣੇ ਮਿਸ਼ਨ ਵਿਚ ਜੁਟੀ ਹੋਈ ਸੀ ।
1973 ਵਿਚ ਠੀਕ ਉਸੇ ਤਰ੍ਹਾਂ ਦਾ ਇਕ ਕੈਂਪ ਫੇਰ ਟੋਰਾਂਟੋ ਵਿਚ ਵੀ ਲਾਇਆ ਗਿਆ । ਇਸ ਵਾਰ ਕਨੇਡੀਅਨ ਸਰਕਾਰ ਵੀ ਉਨ੍ਹਾਂ ਦੀ ਮੱਦਦ ਲਈ ਥੋੜ੍ਹੀ ਬਹੁੜੀ ਸੀ । ਇਕ ਲੱਖ ਅਮਰੀਕਨ ਡਾਲਰ ਦੀ ਗਰਾਂਟ ਮਨਜੂਰ ਹੋਈ ਸੀ । ਸ਼ੁਰੂਆਤ ਲਈ ਖੁਦ ਯੋਗੀ ਭਜਨ ਹਵਾਈ ਜਹਾਜ਼ ਰਾਹੀਂ ਟੋਰਾਂਟੋ ਪਹੁੰਚੇ । ਇਹ ਪ੍ਰੋਗਰਾਮ ਆਪ ਤਾਂ ਇਕ ਵੱਡੀ ਕਾਮਯਾਬੀ ਨਾਲ ਪੂਰਾ ਹੋਇਆ ਹੀ ਸੀ, ਸਗੋਂ ਇਸ ਨੇ ਭਵਿੱਖ ਲਈ ਵੀ ਪੱਕੀ ਰਾਹ ਖੋਲ੍ਹ ਦਿੱਤੀ ਸੀ । ਇਸ ਤੋਂ ਹੀ ਕੁੰਡਲਨੀ ਯੋਗ ਤੇ ਹੀਲਿੰਗ ਆਰਟ ਸੈਂਟਰ ਦਾ ਜਨਮ ਹੋਇਆ ਸੀ । ਹਜ਼ਾਰਾਂ ਹੀ ਲੋਕ ਹੁਣ ਇਸ ਸੈਂਟਰ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਹਨ ।
1975 ਤੱਕ ਹੁਣ ਇਹ ਪੂਰੀ ਮੂਵਮੈਂਟ ਸੀ । ਕਈ ਪ੍ਰਾਤਾਂ ਦੀਆਂ ਸਰਕਾਰਾਂ ਤੇ ਫੈਡਰਲ ਏਜੰਸੀਆਂ ਖੁੱਲ੍ਹ ਕੇ ਮੱਦਦ 'ਤੇ ਆ ਰਹੀਆਂ ਸਨ । ਨਿਊ ਮੈਕਸੀਕੋ, ਟੈਕਸਨ ਤੇ ਐਰੀਜ਼ੋਨਾ ਵਿਚਲੇ ਸਫਲ ਪ੍ਰੋਗ੍ਰਾਮਾਂ ਨੂੰ ਹੁਣ ਕੌਮੀ ਪੱਧਰ ਉਤੇ ਮਾਨਤਾ ਮਿਲ ਰਹੀ ਸੀ । ਯੋਗੀ ਭਜਨ ਦੀ ਪ੍ਰੇਰਣਾ ਅਤੇ ਮਿਹਨਤ ਸਦਕਾ ਬਨਣ ਵਾਲਾ ਇਹ ਪਹਿਲਾ ਸਥਾਈ ਹਸਪਤਾਲ ਸੀ । ਇਥੇ ਕੁਦਰਤੀ ਤਰੀਕਿਆਂ ਤੇ ਧਿਆਨ ਵਿਧੀਆਂ ਰਾਂਹੀ ਡੀ ਐਡਿਕਸ਼ਨ ਦਾ ਕੰਮ ਸ਼ੁਰੂ ਹੋਇਆ ਸੀ । ਹਜ਼ਾਰਾਂ ਵਰ੍ਹੇ ਪੁਰਾਣੀਆਂ ਇਨ੍ਹਾਂ ਵਿਧੀਆਂ ਨੂੰ ਹੁਣ 'ਨਿਊ ਏਜ ਤਕਨੀਕਜ਼' ਦਾ ਨਾਮ ਦਿੱਤਾ ਗਿਆ ਸੀ । ਇਹ ਆਪਣੇ ਆਪ ਵਿਚ ਹੀ ਖਾਸੀ ਦਿਲਚਸਪ ਗੱਲ ਸੀ । ਕੁਦਰਤ ਨਾਲ ਇਕਮਿਕ ਹੋ ਕੇ ਜਿਊਣ ਦੀ ਕਲਾ ਮੁੜ ਲੱਭ ਗਈ ਸੀ । ਉਨ੍ਹਾਂ ਲਈ ਇਹ ਨਵੀਂ ਹੀ ਸੀ। ਜਿਸ ਧਰਤੀ ਤੋਂ ਇਹ ਸੰਪਦਾ ਆਈ ਸੀ ਉਹ ਤਾਂ ਹਾਲੇ ਵੀ ਇਸ ਦੀ ਕੀਮਤ ਤੋਂ ਉਕੱਾ ਹੀ ਅਣਜਾਣ ਸੀ ।
ਕਰਿਸ਼ਮੇ ਵਾਲੀ ਗੱਲ ਇਹ ਸੀ ਕਿ ਇਹ ਵਿਧੀਆਂ ਸਭ ਤੋਂ ਪਹਿਲੀ ਵਾਰ ਜਿਨ੍ਹਾਂ ਹਾਲਾਤਾਂ ਵਿਚ ਪੈਦਾ ਹੋਈਆਂ ਤੇ ਫੇਰ ਵਿਕਸਤ ਹੋਈਆਂ । ਅੱਜ ਉਨ੍ਹਾਂ ਦਾ ਇਸਤੇਮਾਲ ਬਿਲਕੁਲ ਹੀ ਉਲਟ ਹਾਲਾਤਾਂ ਵਿਚ ਕੀਤਾ ਜਾ ਰਿਹਾ ਸੀ । ਤੁਸੀਂ ਖੁਦ ਤਸੱਵਰ ਕਰ ਸਕਦੇ ਹੋ, ਹਜ਼ਾਰਾਂ ਵਰ੍ਹੇ ਪਹਿਲਾਂ ਦਾ ਪੂਰਬੀ ਸਮਾਜ ਜੋ ਪੂਰੀ ਤਰ੍ਹਾਂ ਕੁਦਰਤ ਦੀ ਗੋਦ ਵਿਚ ਰਹਿ ਰਿਹਾ ਸੀ । ਕੁਦਰਤ ਵੀ ਪਛੱਮ ਵਾਂਗ ਇਥੇ ਮਨੁੱਖ ਦੇ ਉਲਟ ਖੜ੍ਹੀ ਨਹੀਂ ਸੀ ਜਾਪਦੀ। ਰੋਮ ਤੇ ਯੁਨਾਨ ਦੇ ਮੁਕਾਬਲੇ ਇਨ੍ਹਾਂ ਦੇਸ਼ਾਂ ਵਿਚ ਕੁਦਰਤ ਤੇ ਮਨੁੱਖ ਦੇ ਸਬੰਧ ਤਕਨੀਕੀ ਘੱਟ ਤੇ ਕਾਵਿਕ ਵਧੇਰੇ ਸਨ । ਪਰ ਪਛੱਮ ਦੇ ਜਿਸ ਸਮਾਜ ਵਿਚ ਉਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਸੀ, ਉਹ ਨਾ ਸਿਰਫ ਕੁਦਰਤ ਨਾਲੋਂ ਹੀ ਟੁੱਟਿਆ ਹੋਇਆ ਸੀ, ਸਗੋਂ ਮਾਨਵੀ ਸੁਭਾਅ ਨਾਲੋਂ ਵੀ ਵਿਯੋਗਿਆ ਹੋਇਆ ਸੀ । ਇਸ ਦੇ ਬਾਵਜੂਦ ਸ਼ੁਰੂਆਤੀ ਨਤੀਜੇ ਹੀ 49 ਫੀਸਦੀ ਤੋਂ ਵੱਧ ਸਨ । ਇਹ ਅਨੁਪਾਤ ਇਥੋਂ ਦੇ ਪ੍ਰਚਲਤ ਪ੍ਰੋਗਰਾਮਾਂ ਨਾਲੋਂ 10 ਗੁਣਾ ਵੱਧ ਸੀ । ਕਾਮਯਾਬੀ ਦੀ ਇਹ ਦਰ ਉਨ੍ਹਾਂ ਵਿਧੀਆਂ ਦੀ ਸਰਵ-ਕਾਲੀ ਦੇ ਸਰਵ-ਭੌਮਿਕ ਸਮਰੱਥਾ ਨੂੰ ਉਜਾਗਰ ਕਰਦੀ ਸੀ । ਵਿਕਾਸ ਦੀ ਮਿੱਥ ਨੂੰ ਚੁਣੌਤੀ ਦੇਣ ਦੇ ਨਾਲ ਹੀ ਇਹ ਸਮੇਂ ਦੀ ਨਿਊਟਨੀ ਅਵਧਾਰਨਾ ਦੀਆਂ ਸੀਮਾਵਾਂ ਵੀ ਦਰਸਾਉਂਦੀ ਸੀ ।
ਸਭ ਤੋਂ ਵੱਧ ਦਿਲ ਟੁੰਬਵੀ ਗੱਲ ਇਹ ਸੀ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨ ਵਾਲੇ ਲੋਕ ਨਾ ਸਿਰਫ਼ ਨਸ਼ਿਆਂ ਤੋਂ ਹੀ ਮੁਕਤ ਹੋ ਰਹੇ ਸਨ ਸਗੋਂ ਗਲੀ ਸੜੀ ਮਨੁੱਖੀ ਹਊਮੈ ਤੋਂ ਵੀ ਛੁਟਕਾਰਾ ਕਰ ਰਹੇ ਸਨ । ਉਨ੍ਹਾਂ ਨੂੰ ਨਵੀਂ ਬ੍ਰਹਿਮੰਡੀ ਚੇਤਨਾ ਦੀਆਂ ਝਲਕੀਆਂ ਮਿਲ ਰਹੀਆਂ ਸਨ । ਪੁਰਾਣੀ ਹਊਮੈ ਚੇਤਨਾ ਵਿਚ ਜੀਊਂਦਿਆਂ ਇਹ ਖਤਰਾ ਹਮੇਸ਼ਾ ਬਣਿਆ ਹੀ ਰਹਿੰਦਾ ਸੀ ਕਿ ਬੰਦਾ ਤਿਲਕ ਕੇ ਪੁਰਾਣੀ ਦਲਦਲ ਵਿਚ ਫੇਰ ਫਸ ਸਕਦਾ ਸੀ । ਹੁਣ ਉਨ੍ਹਾਂ ਦੇ ਹੱਥ ਵਿਚ ਇਹ ਸ਼ਮਾਦਾਨ ਸੀ ਤੇ ਮਨ ਵਿਚ ਅੱਖ ਖੋਲ੍ਹ ਕੇ ਜੀਊਣ ਦੀ ਹਿੰਮਤ ਤੇ ਚਾਅ ਸੀ । ਉਨ੍ਹਾਂ ਦੇ ਚੇਹਰਿਆਂ ਤੇ ਹੁਣ ਨਵੀਂ ਆਭਾ ਸੀ । ਚਮੜੀ ਦੀ ਚਮਕ ਮੁੜ ਆਈ ਸੀ । ਉਠੱਣਾ ਬੈਠਣਾ, ਚਾਲ ਢਾਲ, ਭਾਸ਼ਾ ਦੀ ਵਰਤੋਂ ਸਭ ਬਦਲ ਗਿਆ ਸੀ । ਤਣਾਓ ਮੂਹਰੇ ਡਟਣ ਦੀ ਸਮਰੱਥਾ ਹੁਣ ਅੰਦਰੋਂ ਫੁੱਟ ਰਹੀ ਸੀ । ਦੂਜੀਆਂ ਨਾਲ ਜੁੜਨ ਦੀ ਚਾਹ ਪੈਦਾ ਹੋ ਰਹੀ ਸੀ । ਜੀਵਨ ਦੀ ਛੋਹ ਹੀ ਬਦਲ ਗਈ ਸੀ ।
ਇਹ ਸਭ ਸੰਭਵ ਹੋਇਆ ਸੀ ਅਦਵੈਤ ਚੇਤਨਾ ਦੇ ਉਸ ਸੰਵਾਦ ਨਾਲ, ਜਿਸ ਦਾ ਜ਼ਰੀਆਂ ਖੁਦ ਉਨ੍ਹਾਂ ਦਾ ਹੀ ਨਰਵਸ ਸਿਸਟਮ ਸੀ । ਬਾਹਰੋਂ ਕਿਸੇ ਵੀ ਠੁੰਮਣੇ ਦੀ ਲੋੜ ਨਹੀਂ ਸੀ । ਸ਼ਾਇਦ ਇਹੋ ਕਾਰਨ ਸੀ ਕਿ ਪੂਰਬ ਦੀ ਇਕ ਪਰੰਪਰਾ ਵਿਚ ਮਨੁੱਖੀ ਸ਼ਰੀਰ ਨੂੰ ਰਚਨਾ ਦਾ ਸਿਖ਼ਰ ਮੰਨਿਆ ਗਿਆ ਸੀ । ਯੋਗੀ ਭਜਨ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਸਾਹਮਣੇ ਇਕ ਚੁਣੌਤੀ ਖੜ੍ਹੀ ਕੀਤੀ ਸੀ । ਇਕ ਪ੍ਰੋਗਰਾਮ ਵਿਚ ਬੋਲਦੇ ਹੋਏ ਯੋਗੀ ਭਜਨ ਨੇ ਉਨ੍ਹਾਂ ਨੂੰ ਇਹ ਸਵਾਲ ਕੀਤਾ ਸੀ ਕਿ ਕੀ ਉਨ੍ਹਾਂ ਦੀ ਕੋਈ ਸ਼ੈਂਪੇਨ, ਮੈਰੀਜੁਆਨਾ ਜਾਂ ਬੇਲਗਾਮ ਕਾਮ ਵਾਸ਼ਨਾ ਦੇ ਤਜ਼ਰਬੇ ਉਨ੍ਹਾਂ ਲਈ ਉਹ ਆਕਾਸ਼ ਖੋਲ੍ਹ ਸਕਦੇ ਸਨ, ਜੋ ਹਿਰਦੈ-ਚੱਕਰ ਦੇ ਖੁੱਲ੍ਹਣ ਦੇ ਨਾਲ ਉਨ੍ਹਾਂ ਨੂੰ ਨਸੀਬ ਹੋਇਆ ਸੀ ।
ਉਸ ਆਕਾਸ਼ ਦੀ ਆਪਣੀ ਹੀ ਇਕ ਖ਼ੁਮਾਰੀ ਸੀ । ਅਨੰਤ ਰੰਗ ਸਨ । ਅਨਹਦ ਸੰਗੀਤ ਸੀ । ਉਹ ਸਭ ਕੁਝ ਸੀ ਜਿਸ ਦੀ ਭਾਲ ਵਿਚ ਉਹ ਨਸ਼ਿਆਂ ਪਿੱਛੇ ਮਾਰੇ ਮਾਰੇ ਫਿਰਦੇ ਸਨ । ਆਪਣੇ ਤਜਰਬੇ ਤੋਂ ਉਨ੍ਹਾਂ ਇਹ ਸਿੱਖਿਆ ਸੀ ਕਿ ਭੌਤਿਕ ਜਗਤ ਦੇ ਸਾਰੇ ਨਸ਼ੇ ਚੇਤਨ ਊਰਜਾ ਨੂੰ ਸੰਗਲਾਂ ਵਿਚ ਹੀ ਨੂੜਦੇ ਸਨ । ਹੁਣ ਉਨ੍ਹਾਂ ਲਈ ਉਸ ਬੋਝ ਨੂੰ ਮੁੜ ਸਹੇੜਨਾ ਖੁਦਕੁਸ਼ੀ ਨਾਲੋਂ ਵੀ ਕੁਝ ਵੱਧ ਸੀ । ਕਿਉਂ ਜੋ ਹੁਣ ਉਨ੍ਹਾਂ ਨੇ ਪਰਵਾਜ਼ ਦਾ ਸਵਾਦ ਚੱਖ ਲਿਆ ਸੀ । ਯੋਗੀ ਭਜਨ ਦੇ ਸ਼ਬਦ ਹੁਣ ਉਨ੍ਹਾਂ ਦਾ ਆਪਣਾ ਅਨੁਭਵ ਬਣ ਚੁੱਕੇ ਸਨ । ਉਹ ਖੁਦ ਆਪਣੀ ਹੋਣੀ ਦੇ ਮਾਲਕ ਸਨ । ਉਨ੍ਹਾਂ ਹੀ ਆਪਣੇ ਆਪ ਨੂੰ ਨਰਕ ਦਾ ਭਾਗੀ ਬਣਾਇਆ ਸੀ । ਕੋਈ ਵੀ ਬਾਹਰ ਬੈਠੀ ਤਾਕਤ ਉਨ੍ਹਾਂ ਦੀ ਹੋਣੀ ਲਈ ਜ਼ਿੰਮੇਵਾਰ ਨਹੀਂ ਸੀ । ਪਰ ਇਹ ਤੱਥ ਉਹ ਪਹਿਲਾਂ ਨਹੀਂ ਸੀ ਸਮਝ ਸਕਦੇ ।
ਸਾਰੇ ਪਰੰਪਰਾਗਤ ਪ੍ਰੋਗਰਾਮ ਤਕਨੀਕ ਪ੍ਰਧਾਨ ਸਨ । ਉਨ੍ਹਾਂ ਅੰਦਰ ਲਾਹਨਤਾਂ, ਮਲ੍ਹਾਮਤਾਂ ਤੇ ਨਸਹੀਤਾਂ ਦੀ ਭਰਮਾਰ ਸੀ । ਭਾਂਵੇ ਕਿ ਸਿਧਾਂਤਕ ਤੌਰ ਤੇ ਇਹ ਸਵੀਕਾਰ ਨਹੀਂ ਸੀ ਕੀਤਾ ਜਾਂਦਾ । ਉਹ ਸਾਰੇ ਉਨ੍ਹਾਂ ਨੂੰ ਉਹ ਪੁਰਾਣੇ ਚੌਖਟੇ ਵਿਚ ਹੀ ਮੁੜ ਫਿੱਟ ਕਰਨਾ ਚਾਹੁੰਦੇ ਸਨ, ਜਿਥੋਂ ਉਹ ਭੱਜ ਕੇ ਆਏ ਸਨ । ਫਰਾਇਡਵਾਦੀ ਮਨੋਵਿਗਿਆਨ ਤੇ ਪੂਰਬ ਦੀ ਰੱਹਸ ਚੇਤਨਾ ਵਿਚ ਸ਼ਾਇਦ ਇਹੋ ਇਕ ਸਿਫਤੀ ਫਰਕ ਸੀ । ਇਹ ਚੇਤਨਾ ਉਨ੍ਹਾਂ ਨੂੰ ਇਹ ਚੈਲੰਜ ਦਿੰਦੀ ਕਿ ਆਸਮਾਂ ਔਰ ਭੀ ਹੈ ਸਿਤਾਰੋਂ ਸੇ ਆਗੇ । ਉਹ ਉਨ੍ਹਾਂ ਦੇ ਆਪਣੇ ਪਰਾਂ ਵਿਚ ਉਨ੍ਹਾਂ ਦੇ ਵਿਸ਼ਵਾਸ ਨੂੰ ਬਹਾਲ ਕਰਦੀ ਸੀ । ਇਹੋ ਉਸ ਦਾ ਜਾਦੂ ਸੀ ।
ਯੋਗੀ ਭਜਨ ਨੇ ਉਨ੍ਹਾਂ ਨੂੰ ਹਲੂਣਦਿਆਂ ਇਹੋ ਕਿਹਾ ਸੀ ਕਿ ਭੁੱਲੇ ਹੋਏ ਖੰਭ ਅਸਲ ਵਿਚ ਪਿੰਜਰਿਆਂ ਨਾਲੋਂ ਵੀ ਵੱਧ ਬੋਝਲ ਹੁੰਦੇ ਹਨ । ਇਹੋ ਮਾਜਰਾ ਮਨੁੱਖੀ ਅਵਚੇਤਨ ਵਿਚ ਦੱਬੀ ਹੋਈ ਚੇਤਨਾ ਵੀ ਸੀ । ਉਸ ਦਾ ਬੋਝ ਉਨ੍ਹਾਂ ਨੂੰ ਰਸਾਤਲ ਵੱਲ ਲੈ ਕੇ ਜਾ ਰਿਹਾ ਸੀ । ਉਸ ਨਵੇ ਮਾਹੋਲ ਵਿਚ ਉਨ੍ਹਾਂ ਨੂੰ ਨਵੀਂ ਪਛਾਣ ਹੀ ਨਹੀਂ ਨਵੀਂ ਆਤਮਾ ਮਿਲ ਰਹੀ ਸੀ ।
ਇਹ ਮਾਹੌਲ ਉਨ੍ਹਾਂ ਦੇ ਜਾਣੇ ਪਛਾਣੇ ਮਾਹੌਲ ਨਾਲੋ ਇੰਨਾ ਵਖਰਾ ਸੀ ਕਿ ਸਾਰਾ ਅਤੀਤ ਆਪ ਮੁਹਾਰੇ ਹੀ ਪਿੱਛੇ ਛੁੱਟ ਗਿਆ ਸੀ । ਪੁਰਾਣੀਆਂ ਆਦਤਾਂ ਲਈ ਇਥੇ ਕੋਈ ਥਾਂ ਨਹੀਂ ਸੀ । ਸਿਗਰਟ ਸਮੇਤ ਸਭ ਤਰ੍ਹਾਂ ਦੇ ਨਸ਼ੇ ਨਦਾਰਦ ਸਨ । ਨਾ ਹੀ ਸ਼ੋਰ ਸ਼ਰਾਬੇ ਵਾਲਾ ਸੰਗੀਤ ਸੀ, ਨਾ ਹੀ ਤਾਸ਼ ਦੀਆਂ ਬਾਜ਼ੀਆਂ । ਇਥੋਂ ਤੱਕ ਕਿ ਟੀ ਵੀ ਸੈਟੱ ਵੀ ਨਹੀਂ ਸਨ । ਉਹ ਸਾਰੀ ਜ਼ਿੰਦਗੀ ਜਿਸ ਦੇ ਉਹ ਹੁਣ ਤੱਕ ਆਦੀ ਰਹੇ ਸਨ, ਉਹ ਅਚਾਨਕ ਹੀ ਗਾਇਬ ਹੋ ਗਈ ਸੀ । ਇਹ ਇਕ ਵੱਡਾ ਝਟਕਾ ਸੀ, ਜਿਸ ਦੀ ਉਨ੍ਹਾਂ ਦੀ ਚੇਤਨਾ ਨੂੰ ਲੋੜ ਸੀ । ਪੁਰਾਣੇ ਦੀ ਯਾਦ ਕਰਾਉਂਦੀ ਹਰ ਸ਼ੈਅ ਨਾਲ ਉਨ੍ਹਾਂ ਦੇ ਜੀਵਨ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਜੁੜੀਆਂ ਸਨ । ਇਸ ਲਈ ਬਾਹਰੀ ਸੰਸਾਰ ਦੀ ਖਬਰ ਲਿਆਉਂਣ ਵਾਲੇ ਅਖਬਾਰ, ਮੈਗਜ਼ੀਨ ਸਭ ਬੰਦ ਕਰ ਦਿੱਤੇ ਗਏ ਸਨ । ਆਲੇ ਦੁਆਲੇ ਵਿਚ ਪੈਦਾ ਹੋਏ ਅਵਕਾਸ਼ ਨੇ ਅੰਦਰ ਵੀ ਇਕ ਨਵੀਂ ਸਪੇਸ ਪੈਦਾ ਕਰ ਦਿੱਤੀ ਸੀ । ਇਕ ਤਰ੍ਹਾਂ ਦਾ ਨਰੋਇਆ ਵਾਤਾਵਰਣ ਅੰਦਰੋਂ ਬਾਹਰੋਂ ਉਨ੍ਹਾਂ ਨੂੰ ਧੋ ਰਿਹਾ ਸੀ ।
ਇਸ ਪ੍ਰੋਗਰਾਮ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ । ਹਰ ਫੇਜ਼ 45 ਦਿਨਾਂ ਤਾਂਈ ਚੱਲਦਾ ਸੀ । ਪਹਿਲਾ ਹਿੱਸਾ ਸ਼ਰੀਰ ਅੰਦਰੋਂ ਨਸ਼ਿਆਂ ਦੇ ਪੁਰਾਣੇ ਪ੍ਰਭਾਵ ਖਤਮ ਕਰਨ ਦੇ ਲੇਖੇ ਲਗਦਾ ਸੀ । ਕੁੰਡਲਨੀ ਯੋਗ ਦੇ ਨਾਲ ਖੁਰਾਕ ਵਿਚ ਵੀ ਤਬਦੀਲੀ ਕੀਤੀ ਜਾਂਦੀ ਸੀ । ਹਲਕੀ ਸ਼ਾਕਾਹਾਰੀ ਖ਼ੁਰਾਕ ਇਸ ਦਾ ਹਿੱਸਾ ਸੀ, ਜਿਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਂਦਾ ਸੀ । ਪ੍ਰਬੰਧਕਾਂ ਦੀ ਇਹ ਧਾਰਨਾ ਸੀ ਕਿ ਇਹ ਖ਼ੁਰਾਕ ਸ਼ਰੀਰ ਚੋਂ ਪੁਰਾਣੇ ਜ਼ਹਿਰ ਤੇ ਟੌਕਸਿਨ ਕੱਢਣ ਵਿਚ ਸਹਾਈ ਹੁੰਦੀ ਹੈ । ਇਸ ਤੋਂ ਇਲਾਵਾ ਇਸ ਨੂੰ ਹਜ਼ਮ ਕਰਨ ਵਿਚ ਵੀ ਘੱਟ ਊਰਜਾ ਖ਼ਰਚ ਹੁੰਦੀ ਹੈ । ਜਿਸ ਕਾਰਨ ਸ਼ਰੀਰ ਨੂੰ ਵੱਧ ਤਾਕਤ ਹਾਸਲ ਹੁੰਦੀ ਹੈ । ਇਸ ਖੁਰਾਕ ਕਾਰਨ ਖੂਨ ਪਤਲਾ ਹੋ ਜਾਂਦਾ ਹੈ । ਉਸ ਲਈ ਸ਼ਰੀਰ ਦੇ ਹਰ ਸੈਲ ਤਾਈਂ ਆਕਸੀਜਨ ਪਹੁੰਚਾਉਣਾ ਅਸਾਨ ਹੋ ਜਾਂਦਾ ਹੈ ।
ਦੂਜੇ ਦੌਰ ਵਿਚ ਮਰੀਜ਼ ਨੂੰ ਖੁੱਲ੍ਹਾਂ ਦਿੱਤੀਆਂ ਜਾਂਦੀਆਂ ਹਨ । ਹੁਣ ਉਹ ਬਾਹਰੋਂ ਮਿਲਣ ਆਏ ਲੋਕਾਂ ਨੂੰ ਮਿਲ ਸਕਦਾ ਹੈ। ਫੋਨ 'ਤੇ ਗੱਲ ਕਰ ਸਕਦਾ ਹੈ । ਅਖਬਾਰ ਪੜ੍ਹਨ ਤੇ ਚਿੱਠੀਆਂ ਲਿਖਣ ਦੀ ਵੀ ਇਜਾਜ਼ਤ ਮਿਲ ਜਾਂਦੀ ਹੈ । ਉਹ ਹੁਣ ਆਸ਼ਰਮ ਵਾਸੀਆਂ ਦੇ ਨਾਲ ਬਾਹਰ ਘੁੰਮਣ ਫਿਰਨ ਵੀ ਜਾ ਸਕਦਾ ਹੈ । ਪਰ ਇਸ ਲਈ ਇਲਾਜ ਕਰਨ ਵਾਲੇ ਸਟਾਫ ਦੀ ਮਨਜ਼ੂਰੀ ਜ਼ਰੂਰੀ ਹੈ । ਕੁੰਡਲਨੀ ਯੋਗ ਤੇ ਖਾਣ ਪੀਣ ਸਬੰਧੀ ਸਭ ਨੇਮ ਪਹਿਲਾਂ ਵਾਂਗ ਹੀ ਜਾਰੀ ਰਹਿੰਦੇ ਹਨ ।
ਜੇਕਰ ਮਰੀਜ ਅਸਾਨੀ ਨਾਲ ਇਨ੍ਹਾਂ ਤਬਦੀਲੀਆਂ ਨਾਲ ਢਲ ਜਾਂਦਾ ਹੈ ਤਾਂ ਉਸ ਨੂੰ ਆਖਰੀ ਦੌਰ ਲਈ ਭੇਜ ਦਿੱਤਾ ਜਾਂਦਾ ਹੈ । ਇਸ ਨੂੰ ਉਹ 'ਰੀ ਐਂਟਰੀ' ਅਰਥਾਤ ਮੁੜ ਪ੍ਰਵੇਸ਼ ਦਾ ਦੌਰ ਵੀ ਕਹਿੰਦੇ ਹਨ । ਇਹ ਦਰਅਸਲ ਸਭ ਤੋਂ ਵੱਧ ਤਿਲਕਣ ਵਾਲਾ ਸਮਾਂ ਹੁੰਦਾ ਹੈ । ਇਸ ਵਿਚ ਮਰੀਜ ਨੂੰ ਭਵਿੱਖ ਵਾਸਤੇ ਤਿਆਰ ਕੀਤਾ ਜਾਂਦਾ ਹੈ । ਇਹ ਦੌਰ 45 ਦਿਨਾਂ ਤੋਂ ਲੈ ਕੇ 90 ਦਿਨ ਤੱਕ ਦਾ ਹੁੰਦਾ ਹੈ । ਆਖਰੀ ਦਿਨਾਂ ਵਿਚ ਬਾਹਰੀ ਸੰਸਾਰ ਨਾਲ ਉਸ ਦੇ ਮੇਲ ਜੋਲ ਨੂੰ ਸਾਵਧਾਨੀ ਪੂਰਵਕ ਘੋਖਿਆ ਜਾਂਦਾ ਹੈ । ਕਿਉਂਕਿ ਇਹ ਘੜੀ ਖ਼ਤਰਿਆਂ ਨਾਲ ਭਰਪੂਰ ਹੁੰਦੀ ਹੈ ।
ਆਸ਼ਰਮ ਜਾਂ ਕੈਂਪ ਤੋਂ ਬਾਹਰ ਆ ਕੇ ਮਰੀਜ਼ ਨੇ ਪਹਿਲਾਂ ਵਾਲੇ ਮਾਹੌਲ ਵਿਚ ਪਰਤਣਾ ਹੁੰਦਾ ਹੈ । ਬਹੁਤੇ ਸੰਵੇਦਨਸ਼ੀਲ ਲੋਕਾਂ ਲਈ ਜਿਊਣ ਦੀ ਪ੍ਰੇਰਣਾ ਤੇ ਉਸ ਦੇ ਮਕਸਦ ਦਾ ਸਵਾਲ ਬਹੁਤ ਵੱਡਾ ਮਸਲਾ ਹੁੰਦਾ ਹੈ । ਇਹੋ ਗੱਲ ਨਸ਼ਿਆਂ ਲਈ ਵੀ ਪ੍ਰੇਰਦੀ ਹੈ । ਮੁਫਤ ਮਿਲੀ ਜਾਂ ਉਤੋਂ ਡਿੱਗੀ ਜ਼ਿੰਦਗੀ ਦਾ ਉਨ੍ਹਾਂ ਨੂੰ ਸਮਝ ਹੀ ਨਹੀਂ ਸੀ ਆਉਂਦਾ ਕਿ ਕੀ ਕਰੀਏ । ਬਹੁਤ ਵਾਰ ਇਹ ਬੇਚੈਨੀ ਸਮਾਜੀ-ਰਾਜਸੀ ਲਹਿਰਾਂ ਜਾਂ ਕਿਸੇ ਸਿਰਜਨਾਤਮਕ ਹੰਭਲੇ ਲਈ ਵੀ ਪ੍ਰੇਰਣਾ ਬਣਦੀ ਹੈ । ਪਰ ਖ਼ਤਰਾ ਇਸ ਵਿਚ ਛੁਪਿਆ ਹੁੰਦਾ ਹੈ । ਆਸ਼ਰਮ ਦੇ ਸੁਰੱਖਿਅਤ ਮਾਹੌਲ ਤੋਂ ਬਾਹਰ ਆ ਕੇ ਇਹ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ ।
ਇਸ ਲਈ ਕੋਰਸ ਪੂਰਾ ਹੋਣ ਤੋਂ ਬਾਅਦ ਵੀ ਉਨ੍ਹਾਂ ਲਈ ਪੂਰੇ ਇਕ ਸਾਲ ਦਾ ਫੌਲੋ-ਅਪ ਪ੍ਰੋਗਰਾਮ ਬਣਾਇਆ ਜਾਂਦਾ ਹੈ। ਮਰੀਜ਼ ਨੂੰ ਹਫਤੇ ਵਿਚ ਦੋ ਵਾਰ ਕੁੰਡਲਨੀ ਯੋਗ ਦੀਆਂ ਕਲਾਸਾਂ ਲਾਉਣੀਆਂ ਜ਼ਰੂਰੀ ਹੁੰਦੀਆਂ ਹਨ । ਹਰ ਤਿੰਨ ਮਹੀਨੇ ਬਾਅਦ ਉਸ ਨੂੰ ਆਪਣੀ ਹਾਲਤ ਦਾ ਮੁਆਇਨਾ ਕਰਦੀ ਹੋਈ ਇਕ ਰਿਪੋਰਟ ਵੀ ਭੇਜਣੀ ਪੈਂਦੀ ਹੈ ।
ਪਰ ਇਨ੍ਹਾਂ ਸਭ ਤਕਨੀਕੀ ਗੱਲਾਂ ਨਾਲੋਂ ਵੱਧ ਜੀਵਨ ਪ੍ਰਤੀ ਪੈਦਾ ਹੋਇਆ ਨਵਾਂ ਨਜ਼ਰੀਆ ਹੀ ਉਸ ਦੇ ਕੰਮ ਆਉਂਦਾ ਹੈ। ਜਿੰਨੀ ਵੱਧ ਜੀਵਨ ਊਰਜਾ ਉਹ ਆਪਣੇ ਅੰਦਰੋਂ ਹਾਸਲ ਕਰਨ ਲੱਗਦਾ ਹੈ, ਓੁਨਾਂ ਹੀ ਵੱਧ ਉਹ ਬਾਹਰੀ ਸਹਾਰਿਆਂ ਦੀ ਲੋੜ ਤੋਂ ਮੁਕਤ ਹੁੰਦਾ ਜਾਂਦਾ ਹੈ । 3 ਐਚ ਓ ਦੇ ਸਾਰੇ ਫਲਸਫੇ ਦਾ ਅਧਾਰ ਦਰਅਸਲ ਇਸੇ ਨੁਕਤੇ ਵਿਚ ਹੈ । ਯੋਗੀ ਭਜਨ ਦਾ ਇਹ ਹੋਕਾ ਸੀ ਕਿ ਜੀਵਨ ਊਰਜਾ ਦਾ ਸਮੁੰਦਰ ਤੁਹਾਡੇ ਸਭ ਪਾਸੇ ਠਾਠਾਂ ਮਾਰ ਰਿਹਾ ਹੈ, ਇਹ ਊਰਜਾ ਮੁਫਤ ਹੈ ਤੇ ਤੁਹਾਨੂੰ ਉਡੀਕ ਰਹੀ ਹੈ । ਤੁਸੀਂ ਜਦੋਂ ਚਾਹੋ ਇਸ ਨੂੰ ਹਾਸਲ ਕਰ ਸਕਦੇ ਹੋ ।
Thursday, November 26, 2009
Subscribe to:
Post Comments (Atom)
No comments:
Post a Comment