ਇੱਕ ਯੋਗੀ ਦੇ ਤੌਰ 'ਤੇ ਹੁਣ ਹਰਿਭਜਨ ਦੀ ਚੰਗੀ ਪ੍ਰਸਿੱਧੀ ਹੋ ਚੁੱਕੀ ਸੀ । ਉਸ ਦੇ ਗਿਆਨ ਤੇ ਰਿੱਧੀਆਂ ਸਿੱਧੀਆਂ ਦੀ ਸ੍ਰੇਸ਼ਠਤਾ ਜਗਿਆਸੂਆਂ ਨੇ ਸਵੀਕਾਰ ਕਰ ਲਈ ਸੀ । ਪਰ ਉਸ ਦੇ ਅੰਦਰ ਜੋ ਭਾਂਬੜ ਮਚਦੇ ਸਨ , ਉਨ੍ਹਾਂ ਦਾ ਸੇਕ ਸਿਰਫ ਉਹੋ ਜਾਣਦਾ ਸੀ । ਉਹ ਕਿਸੇ ਹੋਰ ਹੀ ਸ਼ੈਅ ਦਾ ਤਿਹਾਇਆ ਸੀ । ਕੋਈ ਵੀ ਰਿੱਧੀ ਸਿੱਧੀ , ਕੋਈ ਸ਼ਕਤੀਪਾਤ ਉਸ ਖਾਈ ਨੂੰ ਪੂਰ ਨਹੀਂ ਸੀ ਸਕਦਾ । ਉਸ ਦੀ ਹਾਲਤ ਸਭ ਤੋਂ ਗੁੱਝੀ ਸੀ ।
ਫਰੀਦ ਜਿਸ ਬਿਰਹੋਂ ਦੀ ਗੱਲ ਕਰਦਾ ਹੈ, ਗੀਤ ਗਾਉਂਦਾ ਹੈ, ਉਹੀ ਬਿਰਹੋਂ ਹੁਣ ਉਸ ਦੇ ਅੰਦਰ ਮਘ ਉਠਿਆ ਸੀ । ਉਸ ਤੜਪ ਦੀ ਕੋਈ ਵਿਆਖਿਆ ਨਹੀਂ ਹੋ ਸਕਦੀ । ਕਿਉਂ ਜੋ ਇਹ ਕੋਈ ਬੌਧਿਕ ਪ੍ਰਕਿਰਿਆ ਨਹੀਂ ਹੈ । ਇਕ ਜੀਵੰਤ ਵਰਤਾਰਾ ਹੈ, ਜਿਉਂਦੀ ਜਾਗਦੀ ਤੜਪ ਹੈ। ਜਿਸ ਦੇ ਹਿੱਸੇ ਇਹ ਅੱਗ ਆਉਂਦੀ ਹੈ ਸਿਰਫ ਉਹੀ ਇਸ ਦੀ ਤਪਸ਼ ਸਮਝ ਸਕਦਾ ਹੈ । ਜੋ ਮਚਦਾ ਹੈ ਉਹੀ ਸਮਝਦਾ ਹੈ । ਸ਼ਾਇਦ ਇਨ੍ਹਾਂ ਹੀ ਘੜੀਆਂ ਵਿਚ ਮੀਰਾਂ ਦੇ ਬੁੱਲਾਂ 'ਤੇ ਇਹ ਬੋਲ ਆਏ ਹੋਣਗੇ ਕਿ :
ਘਾਇਲ ਕੇ ਗਤਿ ਘਾਇਲ ਜਾਣੇ
ਔਰ ਨਾ ਜਾਣੇ ਕੋਇ ।
ਫਰੀਦ ਦੀ ਮੰਨੀਏ ਤਾਂ ਇਹ ਬਿਰਹੋਂ ਭਾਗਾਂ ਵਾਲੇ ਇਨਸਾਨ ਨੂੰ ਹੀ ਨਸੀਬ ਹੁੰਦਾ ਹੈ । ਸੱਚ ਕਹੋ ਜਾਂ ਪਰਮਾਤਮਾ, ਜਿਸ ਤਨ ਅੰਦਰ ਉਸ ਦਾ ਬਿਰਹੋ ਨਹੀਂ ਜਾਗਦਾ । ਉਹ ਜਿਊਂਦੇ ਹੋਏ ਵੀ ਸ਼ਮਸ਼ਾਨ ਬਰਾਬਰ ਹੀ ਹੁੰਦਾ ਹੈ । ਬਿਰਹੋਂ ਦੀ ਇਹ ਪੀੜ ਉਧਾਰੀ ਨਹੀਂ ਮਿਲ ਸਕਦੀ, ਨਾ ਹੀ ਸੁੱਖਣਾ ਸੁੱਖਿਆਂ ਹੀ ਹਾਸਲ ਹੁੰਦੀ ਹੈ । ਸੱਚ ਦਾ ਦੀਦਾਰ , ਪ੍ਰਮਾਤਮਾ ਦਾ ਵਸਲ ਹੀ ਇਸ ਦੀ ਇਕੋ ਇਕ ਔਖਧ ਹੈ । ਇਸ ਤੋਂ ਉਰਾਂ ਕੋਈ ਵੀ ਚੀਜ਼ ਇਸ ਅਗਨ ਨੂੰ ਸ਼ਾਂਤ ਨਹੀਂ ਕਰ ਸਕਦੀ । ਅਜਿਹਾ ਹੀ ਵਰਨਣ ਇਸ ਅਵਸਥਾ ਦਾ ਸਾਡੇ ਸਾਰੇ ਰੂਹਾਨੀ ਸਾਹਿਤ ਵਿਚ ਮਿਲਦਾ ਹੈ । ਸੂਫੀਆਂ ਦਾ ਕਲਾਮ ਹੋਵੇ ਜਾਂ ਫੇਰ ਸੰਤਾਂ, ਭਗਤਾਂ ਦੀ ਬਾਣੀ, ਹਰ ਜਗ੍ਹਾ ਬਸ ਦੋ ਹੀ ਅਵਸਥਾਵਾਂ ਵਾਰ ਵਾਰ ਦੇਖਣ 'ਚ ਆਊਂਦੀਆਂ ਹਨ । ਜਾਂ ਤਾਂ ਬਿਰਹੋਂ ਦੀ ਉਹ ਜਲਨ ਹੈ, ਜੋ ਵਿਯੋਗੀ ਦਾ ਜਿਊਣਾ ਬੇਹਾਲ ਕਰ ਛੱਡਦੀ ਹੈ । ਜਾਂ ਫੇਰ ਵਸਲ ਤੇ ਮਹਾਂਮਿਲਨ ਦੀ ਉਹ ਘੜੀ, ਜਿਸ ਦੇ ਪਰਮ ਆਨੰਦ ਨੂੰ ਅਲੱਗ ਅਲੱਗ ਪਰੰਪਰਾਵਾਂ ਵਿਚ ਵੱਖੋ ਵੱਖ ਨਾਵਾਂ ਹੇਠ ਦਰਜ ਕੀਤਾ ਗਿਆ ਹੈ ।
ਹਰਿਭਜਨ ਦੀ ਰੂਹ ਅੰਦਰ ਉਹੀ ਬਿਰਹੋਂ ਧੜਕ ਰਿਹਾ ਸੀ, ਜੋ ਉਸ ਨੂੰ ਤਰਲੋ ਮੱਛੀ ਕਰ ਰਿਹਾ ਸੀ । ਉਹ ਗੁਰੂ ਦੀ ਮੇਹਰ ਦਾ ਤਿਹਾਇਆ ਸੀ । ਉਸ ਅੰਦਰਲੀ ਮੂਰਤ ਨੂੰ ਹੁਣ ਉਸ ਅਜ਼ੀਮ ਫਨਕਾਰ ਦੀਆਂ ਅੰਤਮ ਛੋਹਾਂ ਦੀ ਤਲਾਸ਼ ਸੀ । ਉਹ ਕਿਸੇ ਅਜਿਹੇ ਗੁਰੂ ਦੀ ਭਾਲ ਵਿਚ ਸੀ ਜੋ ਉਸ ਨੂੰ ਸਾਰੇ ਫਾਨੀ ਬੰਧਨਾਂ ਤੋਂ ਮੁਕਤ ਕਰ ਸਕੇ । ਉਹ ਬੁੱਲ੍ਹੇ ਵਾਂਗ ਉਸ ਅਵਸਥਾ ਨੂੰ ਲੋਚ ਰਿਹਾ ਸੀ, ਜਿਥੇ ਉਹ ਵਜ਼ਦ ਵਿਚ ਆ ਕੇ ਆਪਣੇ 'ਬੇ-ਕੈਦ' ਹੋਣ ਦਾ ਐਲਾਨ ਕਰ ਸਕੇ ।
ਠੀਕ ਇਸ ਸਮੇਂ ਉਸ ਦੀ ਜ਼ਿੰਦਗੀ ਵਿਚ ਇਕ ਅਜਿਹਾ ਮੋੜ ਆਇਆ ਜਿਸ ਨੇ ਉਸ ਦੇ ਭਵਿੱਖ ਦੀ ਧਾਰਾ ਦਾ ਮਾਰਗ ਨਿਸ਼ਚਤ ਕਰ ਦਿੱਤਾ । ਇਹ ਸੰਨ 1960 ਦੀ ਗੱਲ ਹੈ । ਸਰਕਾਰੀ ਆਫੀਸਰ ਵਜੋਂ ਉਸ ਦਾ ਤਬਾਦਲਾ ਅੰਮ੍ਰਿਤਸਰ ਕਰ ਦਿੱਤਾ ਗਿਆ ਸੀ । ਉਨ੍ਹਾਂ ਦੇ ਆਪਣੇ ਕਥਨ ਅਨੁਸਾਰ ਇਹੋ ਉਹ ਥਾਂ ਸੀ ਜਿੱਥੇ ਉਨ੍ਹਾਂ ਨੂੰ ਆਪਣਾ ਸਹੀ ਪੰਧ ਹਾਸਲ ਹੋਇਆ । ਇੱਥੇ ਹੀ ਉਨ੍ਹਾਂ ਨੂੰ ਵਿਅਕਤੀਗਤ ਗੁਰੂ ਦੇ ਰੂਪ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਦੀ ਸ਼ਰਣ ਮਿਲੀ ਸੀ । ਇਹ ਉਨ੍ਹਾਂ ਦੇ ਅਨੁਭਵ 'ਚ ਕਾਇਆ ਕਲਪ ਦਾ ਬਿੰਦੂ ਸੀ ।
ਹਰਿਭਜਨ ਸਿੰਘ ਹੁਰਾਂ ਨੇ ਹੁਣ ਆਪਣਾ ਰਾਹ ਪਛਾਣ ਹੀ ਲਿਆ ਸੀ । ਉਹ ਨਿੱਤ ਸਵੇਰ ਤੜਕਸਾਰ ਉਠ ਕੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ । ਪਰਿਕਰਮਾ ਦੇ ਸੰਗਮਰਮਰ ਦੇ ਫਰਸ਼ ਨੂੰ ਮਲ ਮਲ ਕੇ ਧੋਣਾ ਹੁਣ ਉਨ੍ਹਾਂ ਦਾ ਨੇਮ ਹੋ ਗਿਆ ਸੀ । ਇਹੋ ਹੁਣ ਉਨ੍ਹਾਂ ਦੀ ਸਾਧਨਾ ਸੀ । ਉਨ੍ਹਾਂ ਦੀ ਇਹ ਪੱਕੀ ਧਾਰਨਾ ਹੈ ਕਿ ਅੱਜ ਉਹ ਜਿਸ ਵੀ ਮੁਕਾਮ 'ਤੇ ਪੁੱਜੇ ਹਨ ਉਹ ਸਭ ਬਸ ਇਸੇ ਸਾਧਨਾ ਦੀ ਹੀ ਦੇਣ ਹੈ । ਉਨ੍ਹਾਂ ਦੇ ਆਪਣੇ ਦਾਅਵੇ ਅਨੁਸਾਰ ਉਨ੍ਹਾਂ ਦਾ ਸਾਰਾ ਗਿਆਨ ਉਨ੍ਹਾਂ ਇਸੇ ਹੀ ਦਹਿਲੀਜ਼ ਤੋਂ ਹਾਸਲ ਕੀਤਾ ਹੈ।
ਯੋਗੀ ਭਜਨ ਦੀ ਗਿਆਨ ਪ੍ਰਾਪਤੀ ਦਾ ਇਹ ਬ੍ਰਿਤਾਂਤ ਇਕ ਸੂਫੀ ਫਕੀਰ ਦੇ ਜੀਵਨ ਪ੍ਰਸੰਗ ਦੀ ਯਾਦ ਦਿਵਾਉਂਦਾ ਹੈ । ਕਹਿੰਦੇ ਨੇ ਕਿ ਗਿਆਨ ਦੀ ਤਲਾਸ਼ ਵਿਚ ਦਰ-ਦਰ ਧੱਕੇ ਖਾਂਦਾ ਉਹ ਫਕੀਰ ਇਕ ਗੁਰੂ ਦੇ ਡੇਰੇ 'ਤੇ ਜਾ ਪਹੁੰਚਿਆ । ਥਾਂ-ਥਾਂ ਦੀ ਠੋਕਰਾਂ ਨੇ ਉਸ ਨੂੰ ਬੇਹਾਲ ਕਰ ਦਿੱਤਾ ਸੀ । ਉਹ ਬੁਰੀ ਤਰ੍ਹਾਂ ਥੱਕਿਆ ਟੁੱਟਿਆ ਸੀ । ਪਰ ਸੱਚ ਦੀ ਭਾਲ ਦਾ ਜੋਸ਼ ਮੱਠਾ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ । ਹੁਣ ਨਿਰਾਸ਼ਾ ਉਸ ਦੀ ਪਿਆਸ ਨੂੰ ਹੋਰ ਵੀ ਵਧਾ ਜਾਂਦੀ ਸੀ । ਸਿਰ ਤੋਂ ਪੈਰਾਂ ਤੀਕ ਉਹ ਨਿਰੀ-ਪੂਰੀ ਪਿਆਸ ਸੀ ।
ਸਵਾਲਾਂ ਦੀ ਪੰਡ ਸਿਰ 'ਤੇ ਚੁੱਕੀ ਉਹ ਗੁਰੂ ਦੇ ਸਾਹਮਣੇ ਪੇਸ਼ ਹੋਇਆ । ਗੁਰੂ ਨੇ ਨਜ਼ਰ ਚੁੱਕ ਕੇ ਉਸ ਵੱਲ ਦੇਖਿਆ ਤੱਕ ਨਹੀਂ । ਸਵਾਲੀ ਵਾਂਗ ਹੱਥ ਬੰਨ੍ਹ ਕੇ ਉਸ ਅਰਜ਼ ਗੁਜ਼ਾਰੀ ਕਿ ਉਹ ਸੱਚ ਜਾਨਣਾ ਚਾਹੁੰਦਾ ਹੈ । ਗੁਰੂ ਠਹਾਕਾ ਮਾਰ ਕੇ ਹੱਸਿਆ ਸੀ । ਬਿਨਾ ਉਸ ਵੱਲ ਦੇਖਿਆਂ ਉਸ ਨੇ ਪੁੱਛਿਆ ਕਿ ਉਹ ਮੁੜ ਸੋਚ ਕੇ ਜਵਾਬ ਦੇਵੇ ਕਿ ਉਹ ਸੱਚ ਜਾਨਣਾ ਚਾਹੁੰਦਾ ਹੈ ਜਾਂ ਸਿਰਫ਼ ਸੱਚ ਦੇ ਬਾਰੇ ਜਾਨਣਾ ਚਾਹੁੰਦਾ ਹੈ ।
ਉਸ ਫਕੀਰ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ । ਇਹ ਆਦਮੀ ਸੱਚਮੁੱਚ ਹੀ ਅਜੀਬ ਸੀ । ਇਹੋ ਜਿਹਾ ਬੇਤੁਕਾ ਸਵਾਲ ਤਾਂ ਕਦੇ ਕਿਸੇ ਨੇ ਵੀ ਉਸ ਨੂੰ ਨਹੀਂ ਸੀ ਕੀਤਾ । ਉਸ ਨੂੰ ਚੁੱਪ ਦੇਖ ਕੇ ਗੁਰੂ ਨੇ ਉਸ ਨੂੰ ਸਪੱਸ਼ਟ ਕੀਤਾ ਕਿ ਜੇ ਉਹ ਸੱਚ ਬਾਰੇ ਜਾਨਣ ਦਾ ਚਾਹਵਾਨ ਹੈ ਤਾਂ ਮੱਠ ਦੀ ਲਾਇਬ੍ਰੇਰੀ ਨੂੰ ਜਾਂਦਾ ਰਾਹ ਸੱਜੇ ਪਾਸੇ ਹੈ । ਉਸ ਨੂੰ ਉਹਦੇ ਕੋਲ ਹੋਰ ਸਮਾਂ ਖ਼ਰਾਬ ਕਰਨ ਦੀ ਕੋਈ ਲੋੜ ਨਹੀਂ । ਸੱਚ ਦੇ ਬਾਰੇ ਅੱਜ ਤੱਕ ਜੋ ਵੀ ਇਸ ਧਰਤੀ ਉਤੇ ਕਿਹਾ- ਸੁਣਿਆ ਜਾਂ ਲਿਖਿਆ ਗਿਆ ਹੈ ਸਭ ਕੁਝ ਉਥੇ ਮੌਜੂਦ ਹੈ । ਹੁਣ ਪਹਿਲੀ ਵਾਰ ਉਸ ਅਨੂਠੇ ਆਦਮੀ ਨੇ ਅੱਖ ਚੁੱਕ ਕੇ ਉਸ ਵੱਲ ਦੇਖਿਆ ਸੀ ।
ਫਕੀਰ ਨੇ ਸਪਸ਼ੱਟ ਕੀਤਾ ਕਿ ਉਸ ਦੀ ਪਿਆਸ ਸੱਚ ਦੇ ਬਾਰੇ ਨਹੀਂ, ਸਗੋਂ ਸੱਚ ਦੀ ਹੈ ਤਾਂ ਗੁਰੂ ਨੇ ਫੇਰ ਕਿਹਾ ਕਿ ਉਸ ਨੂੰ ਉਹਦੇ ਕੋਲ ਖ੍ਹੜ ਕੇ ਸਮਾਂ ਖਰਾਬ ਕਰਨ ਦੀ ਕੋਈ ਲੋੜ ਨਹੀਂ । ਉਸ ਨੇ ਇਸ਼ਾਰਾ ਕੀਤਾ ਕਿ ਲੰਗਰ ਵਾਲੀ ਇਮਾਰਤ ਦਾ ਰਾਹ ਖੱਬੇ ਪਾਸੇ ਵੱਲ ਦੀ ਹੈ ਤੇ ਉਥੇ ਨਿੱਤ ਪੰਜ ਹਜ਼ਾਰ ਸਾਧਕਾਂ ਦਾ ਭੋਜਨ ਤਿਆਰ ਹੁੰਦਾ ਹੈ । ਉਥੇ ਜਾ ਕੇ ਸੱਚ ਦਾ ਦੀਦਾਰ ਕਰ ਲੈ । ਉਹ ਫਕੀਰ ਉਥੇ ਗਿਆ ਤੇ ਉਸ ਚੌਲ ਚੁਗਣ ਦਾ ਕੰਮ ਸ਼ੁਰੂ ਕਰ ਦਿੱਤਾ । ਕਿਹਾ ਜਾਂਦਾ ਹੈ ਕਿ ਉਹ ਚੌਲ ਚੁਗਦੇ ਚੁਗਦੇ ਹੀ ਇਸ ਕਾਇਨਾਤ ਦੇ ਸਾਰੇ ਰਹੱਸਾਂ ਤੋਂ ਜਾਣੂ ਹੋ ਗਿਆ । ਉਸ ਨੂੰ ਧਰਮ ਗਿਆਨ ਦੀ ਪ੍ਰਾਪਤੀ ਹੋਈ। ਉਸ ਨੇ ਉਸ ਅਨਜਾਣੇ ਦਾ ਰਾਜ਼ ਜਾਣ ਲਿਆ ਤੇ ਉਹ ਵੀ ਸਿਰਫ ਚੌਲ ਚੁਗਣ ਦੀ ਕਿਰਤ ਕਰਦਿਆਂ । ਇਹੋ ਕਿਰਤ ਉਸ ਦੀ ਸਾਧਨਾ ਸੀ, ਇਹੋ ਧਿਆਨ ਤੇ ਫੇਰ ਇਹੋ ਹੀ ਅੰਤ ਗਿਆਨ ਦਾ ਦੁਆਰ ਹੋ ਗਈ ।
ਯੋਗੀ ਭਜਨ ਦੇ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਵਾਪਰਿਆ ਸੀ । ਹਰਿਮੰਦਰ ਦਾ ਫ਼ਰਸ਼ ਧੋਂਦਿਆਂ ਹੀ ਉਨ੍ਹਾਂ ਅੰਦਰਲੇ ਸਾਰੇ ਮੈਲ ਧੁਲ ਗਏ ਸਨ । ਜਿਉਂ ਜਿਉਂ ਉਹ ਉਸ ਨੂੰ ਰਗੜਨ ਲਈ ਪੋਚਾ ਮਾਰਦੇ ਉਨ੍ਹਾਂ ਅੰਦਰ ਇਕ ਚਮਕ ਪੈਦਾ ਹੁੰਦੀ ਜਾਂਦੀ । ਉਨ੍ਹਾਂ ਦੇ ਮਨ ਦੀ ਰਗੜਾਈ ਦਾ ਇਹ ਕੰਮ ਸਾਢੇ ਚਾਰ ਸਾਲ ਤੱਕ ਚੱਲਿਆ ਸੀ । ਇਸ ਦੌਰਾਨ ਉਨ੍ਹਾਂ ਨੇ ਜਾਣਿਆ ਕਿ ਨਿਮਰਤਾ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੋ ਸਕਦਾ । ਨਿਸ਼ਕਾਮ ਸੇਵਾ ਹੀ ਇਕੋ ਇਕ ਰਾਹ ਹੈ ਜੋ ਤੁਹਾਨੂੰ ਤੁਹਾਡੇ ਤੱਕ ਪਹੁੰਚਾ ਸਕਦਾ ਹੈ । ਉਨ੍ਹਾਂ ਆਪਣੇ ਅੰਦਰਲੇ ਸ਼ੈਤਾਨ ਉਤੇ ਜਿੱਤ ਹਾਸਲ ਕਰ ਲਈ ਸੀ । ਉਨ੍ਹਾਂ ਨੇ ਉਹ ਸਭ ਹਾਸਲ ਕਰ ਲਿਆ ਸੀ, ਜਿਸ ਲਈ ਉਹ ਅੱਜ ਤੱਕ ਲੋਚਦੇ ਰਹੇ ਸਨ ।
ਆਪਣੇ ਇਹ ਅਨੁਭਵ ਯੋਗੀ ਜੀ ਨੇ ਖੁਦ ਕਈ ਵਾਰ ਆਪਣੇ ਮੁਰੀਦਾਂ ਨਾਲ ਸਾਂਝੇ ਕੀਤੇ ਸਨ । ਇਕ ਸਿੱਖ ਦੇ ਤੌਰ 'ਤੇ ਉਨ੍ਹਾਂ ਦੇ ਮਨ ਵਿਚ ਸ੍ਰੀ ਹਰਿਮੰਦਰ ਸਾਹਿਬ ਲਈ ਅਪਾਰ ਸ਼ਰਧਾ ਹੈ । ਪਰ ਉਨ੍ਹਾਂ ਦੇ ਇਨ੍ਹਾਂ ਬਿਆਨਾ ਨੂੰ ਸਿਰਫ ਇਸੇ ਰੋਸ਼ਨੀ ਵਿਚ ਹੀ ਨਹੀਂ ਦੇਖਿਆ ਜਾ ਸਕਦਾ । ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਨਿੱਜੀ ਅਨੁਭਵਾਂ ਦਾ ਹੀ ਪ੍ਰਗਟਾਵਾ ਹੈ ਤੇ ਉਨ੍ਹਾਂ ਨੂੰ ਇਸੇ ਹੀ ਪ੍ਰਸੰਗ ਵਿਚ ਲਿਆ ਜਾਣਾ ਚਾਹੀਦਾ ਹੈ ।
ਇਕ ਪਾਸੇ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਹਰਿਮੰਦਰ ਰੂਹਾਨੀਅਤ ਦਾ ਉਹ ਧੁਰਾ ਹੈ, ਜਿਥੇ ਆ ਕੇ ਧਰਤੀ ਤੇ ਅਸਮਾਨ ਮਿਲਦੇ ਹਨ । ਯਿੰਗ-ਯਾਂਗ ਉਰਜਾਵਾਂ ਦਾ ਸੰਤੁਲਨ ਬਣਦਾ ਹੈ । ਇਸ ਦੇ ਨਾਲ ਹੀ ਉਹ ਸਾਧਕ ਨੂੰ ਇਸ ਤੱਥ ਤੋਂ ਵੀ ਖ਼ਬਰਦਾਰ ਕਰਦੇ ਹਨ ਕਿ ਹਰਿਮੰਦਰ ਦਾ ਵਜੂਦ ਸਿਰਫ਼ ਧਰਤੀ ਉਤੇ ਹੀ ਨਹੀਂ ਹੈ , ਉਸ ਦਾ ਦੂਜਾ ਸਥਾਨ ਸਾਧਕ ਦੇ ਆਪਣੇ ਹਿਰਦੇ ਵਿਚ ਹੁੰਦਾ ਹੈ । ਜਿਸ ਦੀ ਤਲਾਸ਼ ਹਰ ਸਾਧਕ ਨੂੰ ਆਪਣੀ ਹੀ ਸਾਧਨਾ ਰਾਹੀਂ ਕਰਨੀ ਪੈਂਦੀ ਹੈ ।
Thursday, November 26, 2009
Subscribe to:
Post Comments (Atom)
No comments:
Post a Comment