Tuesday, November 24, 2009

ਪ੍ਰਕਾਸ਼ਕ ਵੱਲੋਂ/ ਹਰੀਸ਼ ਜੈਨ

ਸ੍ਰੀ ਹਰਿਭਜਨ ਸਿੰਘ ਯੋਗੀ ਜੀ ਵਿਚ ਸਾਡੀ ਦਿਲਚਸਪੀ ਕਾਫੀ ਦੇਰ ਤੋਂ ਸੀ । ਉਨਾਂ ਦੀ ਸੰਸਥਾ ਅਤੇ ਲਹਿਰ ਸਿਖ ਪਿਛੋਕੜ ਵਾਲੀ ਇਕੋ ਇਕ ਅਜਿਹੀ ਲਹਿਰ ਹੈ, ਜਿਸ ਨੇ ਦੁਨੀਆ ਭਰ ਵਿਚ ਚਲ ਰਹੀਆਂ ਰੂਹਾਨੀ ਲਹਿਰਾਂ ਦੇ ਖੇਤਰ ਵਿਚ ਆਪਣੀ ਪਛਾਣ ਬਣਾਈ ਹੈ। ਅੱਜ ਜਿਸ ਤਰਾਂ ਦੀ ਰੂਹਾਨੀ ਚੇਤਨਾ ਸਾਰੀ ਦੁਨੀਆ ਵਿਚ ਹੀ ਬਹੁਤ ਫੈਲ ਗਈ ਹੈ, ਯੋਗੀ ਜੀ ਨੇ ਉਸ ਤਰਾਂ ਦੀ ਚੇਤਨਾ ਦੇ ਪਸਾਰ ਦਾ ਕਾਰਜ ਅਮਰੀਕਾ ਵਿਚ ਸੱਤਰਵਿਆਂ ਦੇ ਸ਼ੁਰੂ ਵਿਚ ਕਰ ਦਿਤਾ ਸੀ । ਉਦੋਂ ਪੰਜਾਬ ਜਾਂ ਭਾਰਤ ਵਿਚ ਅਜੇਹੀ ਚੇਤਨਾ ਕਿਤੇ ਵੀ ਨਜ਼ਰ ਨਹੀਂ ਸੀ ਆਉਂਦੀ । ਅਸੀਂ ਯੋਗੀ ਜੀ ਨੂੰ ਪੱਛਮੀ ਦੁਨੀਆਂ ਵਿਚ ਸਿੱਖ ਧਰਮ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੀ ਇਕ ਹਸਤੀ ਦੇ ਰੂਪ ਵਿਚ ਜਾਣਦੇ ਹਾਂ, ਪਰ ਵਾਸਤਵ ਵਿਚ ਯੋਗੀ ਜੀ ਦੀ ਭੁਮਿਕਾ ਸਿਰਫ ਐਨੀ ਹੀ ਨਹੀਂ ਸੀ । ਇਹ ਉਨਾਂ ਦੀ ਸਖਸ਼ੀਅਤ ਦਾ ਇਕ ਪਹਿਲੂ ਹੈ । ਅਸਲ ਵਿਚ ਉਨਾਂ ਦੀ ਸਖਸ਼ੀਅਤ ਇਸ ਤੋ ਕਿਤੇ ਵਸੀਹ ਅਤੇ ਵਿਸ਼ਾਲ ਸੀ। ਜੇ ਪੱਛਮੀ ਦੁਨੀਆ ਵਿਚ ਜਾਕੇ ਯੋਗੀ ਜੀ ਐਨੀ ਵੱਡੀ ਲਹਿਰ ਸ਼ੁਰੂ ਕਰਨ ਵਿਚ ਕਾਮਯਾਬ ਹੋਏ ਅਤੇ ਉਨਾਂ ਦੇ ਪ੍ਰਭਾਵ ਸਦਕਾ ਪੱਛਮੀ ਲੋਕ ਵੀ ਉਨ੍ਹਾਂ ਵਾਂਗਰ ਸਿਖ ਸਜ ਗਏ ਤਾਂ ਇਸ ਦਾ ਇਕ ਪ੍ਰਮੁਖ ਕਾਰਨ ਇਹ ਹੈ ਕਿ ਯੋਗੀ ਜੀ ਦੀ ਸਖਸ਼ੀਅਤ ਅੰਦਰ ਸਾਰਿਆਂ ਨੂੰ ਹੀ ਆਪਣੇ ਕਲਾਵੇ ਅੰਦਰ ਲੈਣ ਦੀ ਸਮਰੱਥਾ ਸੀ । ਉਨਾਂ ਬਾਰੇ ਇਕ ਸਿਖ ਵਿਦਵਾਨ ਨੇ ਇਹ ਟਿਪਣੀ ਕੀਤੀ ਕਿ ਸਾਨੂੰ ਇਥੇ ਸਿਖਾਂ ਦੇ ਬੱਚਿਆਂ ਨੂੰ ਹੀ ਸਿਖ ਬਣਾਈ ਰੱਖਣ ਵਿਚ ਮੁਸ਼ਕਲ ਆ ਰਹੀ ਹੈ। ਪਰ ਯੋਗੀ ਜੀ ਨੇ ਪੱਛਮੀ ਲੋਕਾਂ ਨੂੰ ਪੱਗਾਂ ਬੰਨਵਾ ਦਿੱਤੀਆਂ । ਇਹ ਕੋਈ ਸਧਾਰਣ ਗਲ ਨਹੀਂ ਹੈ। ਇਸ ਤਰੀਕੇ ਨਾਲ ਅਸੀਂ ਜਦੋਂ ਦੇਖਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਯੋਗੀ ਜੀ ਨੇ ਜੋ ਕੁਛ ਵੀ ਕੀਤਾ, ਉਸ ਦਾ ਮੁਖ ਕਾਰਨ ਇਹ ਹੈ ਕਿ ਯੋਗੀ ਜੀ ਦੀ ਸਖਸ਼ੀਅਤ ਦਾ ਆਕਰਸ਼ਨ ਅਤੇ ਉਨਾਂ ਦਾ ਨਜ਼ਰੀਆ ਬਹੁਤ ਵਿਸ਼ਾਲ ਸੀ । ਉਹ ਇਸ ਤਰਾਂ ਦੇ ਰੂਹਾਨੀ ਤੇਜ ਵਾਲੀ ਹਸਤੀ ਸਨ, ਜਿਨ੍ਹਾਂ ਦੁਆਲੇ ਸਾਰੇ ਹੀ ਧਾਰਮਿਕ ਅਤੇ ਸਭਿਆਚਾਰਕ ਪਿਛੋਕੜਾਂ ਵਾਲੇ ਲੋਕ ਇਕੱਤਰ ਹੁੰਦੇ ਗਏ । ਉਨ੍ਹਾਂ ਬਾਰੇ ਇਹ ਬੁਨਿਆਦੀ ਗੱਲ ਹੈ ਕਿ ਜੇ ਉਹ ਵੱਖ ਵੱਖ ਤਰਾਂ ਦੇ ਧਾਰਮਿਕ ਅਤੇ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਨੂੰ ਆਪਣੇ ਵਲ ਖਿਚ ਸਕੇ ਜਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਤੇ ਅਸਰ ਪਾ ਸਕੇ, ਤਦ ਹੀ ਉਹ ਉਨ੍ਹਾਂ ਨੂੰ ਸਿਖੀ ਦੇ ਪ੍ਰਭਾਵ ਵਿਚ ਲਿਆ ਸਕੇ । ਉਨ੍ਹਾਂ ਦੀ ਧਾਰਮਿਕਤਾ ਵੀ ਅਜਿਹੀ ਸੀ ਜਿਹੜੀ ਕਿਸੇ ਇਕ ਧਰਮ ਦੀਆਂ ਸੀਮਾਵਾਂ ਵਿਚ ਕੈਦ ਨਹੀ ਸੀ । ਇਹੀ ਵਜ੍ਹਾ ਹੈ ਕਿ ਹਰ ਨਸਲ ਦੇ ਲੋਕ ਉਨ੍ਹਾਂ ਦੇ ਵਿਦਿਆਰਥੀ ਬਣੇ, ਜਿਨ੍ਹਾਂ ਵਿਚ ਯੂਰਪੀ, ਅਮਰੀਕੀ, ਲਾਤੀਨੀ ਅਮਰੀਕੀ, ਅਫਰੀਕੀ, ਜਪਾਨੀ ਅਤੇ ਅਰਬ ਮੂਲ ਦੇ ਲੋਕ ਸ਼ਾਮਲ ਹਨ । ਇਸ ਤਰਾਂ ਦੀ ਵਿਸ਼ਾਲ ਅਪੀਲ ਵਾਲੀ ਉਹ ਇਤਿਹਾਸ ਦੀ ਇਕੋ ਇਕ ਪੰਜਾਬੀ ਹਸਤੀ ਹਨ । ਇਹ ਕਿਤਾਬ ਯੋਗੀ ਜੀ ਦੀ ਪੰਜਾਬੀ ਵਿਚ ਪ੍ਰਕਾਸ਼ਤ ਹੋ ਰਹੀ ਪਹਿਲੀ ਵਿਸ਼ਲੇਸ਼ਣਾਤਕ ਜੀਵਨੀ ਹੈ । ਇਸ ਵਿਚ ਯੋਗੀ ਜੀ ਦੇ ਜੀਵਨ ਦੀ ਕਹਾਣੀ ਰਾਹੀਂ ਉਨ੍ਹਾਂ ਦੀ ਲਹਿਰ ਦੇ ਸਿਧਾਤਾਂ ਜਾਂ ਉਨ੍ਹਾਂ ਦੀ ਲਹਿਰ ਦੇ ਵਿਸ਼ਲੇਸ਼ਣ ਰਾਹੀਂ ਉਨ੍ਹਾਂ ਦੇ ਜੀਵਨ ਨੂੰ ਜਾਨਣ ਦਾ ਦੋ ਮਾਰਗੀ ਯਤਨ ਕੀਤਾ ਗਿਆ ਹੈ । ਇਹ ਕਿਤਾਬ ਭਾਂਵੇਂ ਯੋਗੀ ਜੀ ਦੇ ਅਕਾਲ ਚਾਲਣੇ ਤੋਂ ਬਾਅਦ ਪ੍ਰਕਾਸ਼ਤ ਹੋ ਰਹੀਂ ਹੈ, ਪਰ ਇਸ ਕਿਤਾਬ ਨੂੰ ਉਨ੍ਹਾਂ ਦੇ ਜਿਊਂਦੇ ਜੀਅ ਹੀ ਚਿਤਵਿਆ ਗਿਆ ਸੀ ਅਤੇ ਯੋਗੀ ਜੀ ਦੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਸੰਗਠਨ ਦੇ ਅਧਿਐਨ ਲਈ ਸ਼ਮੀਲ ਨੂੰ ਅਮਰੀਕਾ ਭੇਜਿਆ ਜਿਆ ਸੀ । ਸ਼ਮੀਲ ਨੇ ਇਸ ਮਕਸਦ ਲਈ ਕੁਛ ਦਿਨ ਅਮਰੀਕਾ ਦੇ ਨਿਊ ਮੈਕਸੀਕੋ ਪ੍ਰਾਂਤ ਵਿਚ ਐਸਪਨੋਲਾ ਸਥਿਤ ਯੋਗੀ ਦੇ ਮੁਖ ਹੈਡਕੁਆਰਟਰ ਵਿਚ ਵੀ ਬਿਤਾਏ ਅਤੇ ਅਮਰੀਕੀ ਸਿਖਾਂ ਦੀ ਸੰਸਥਾ ਦੇ ਪ੍ਰਮੁਖ ਵਿਅਕਤੀਆਂ ਅਤੇ ਅਧਿਕਾਰੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ । ਪਰ ਇਹ ਅਜੀਬ ਇਤਫਾਕ ਹੈ ਕਿ ਕਿਤਾਬ ਪੂਰੀ ਹੋਣ ਤੋ ਪਹਿਲਾਂ ਹੀ ਯੋਗੀ ਜੀ ਅਕਾਲ ਚਲਾਣਾ ਕਰ ਗਏ। ਇਸ ਕਰਕੇ ਯੋਗੀ ਜੀ ਦੇ ਜਿਊਂਦਿਆਂ ਵਿਊਂਤੀ ਅਤੇ ਤਿਆਰ ਕੀਤੀ ਇਹ ਕਿਤਾਬ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪ੍ਰਕਾਸ਼ਤ ਹੋ ਰਹੀ ਹੈ । ਜਿਸ ਵੇਲੇ ਅਸੀਂ ਇਸ ਕਿਤਾਬ ਨੂੰ ਵਿਊਂਤਿਆ ਸੀ, ਉਸ ਵੇਲੇ ਪੰਜਾਬ ਵਿਚ ਬਹੁਤ ਥੋੜ੍ਹੇ ਲੋਕਾਂ ਦੀ ਯੋਗੀ ਜੀ ਵਿਚ ਦਿਲਚਸਪੀ ਸੀ। ਬਹੁਤ ਸਾਰੇ ਲੋਕਾਂ ਦੇ ਉਨ੍ਹਾਂ ਬਾਰੇ ਵਿਚਾਰਾਂ ਵਿਚ ਇਕ ਤਰਾਂ ਦੀ ਸਨਕ ਦਾ ਪ੍ਰਭਾਵ ਵੀ ਅਸੀਂ ਦੇਖ ਸਕਦੇ ਸਾਂ। ਪਰ ਉਨ੍ਹਾਂ ਦੇ ਅਕਾਲ ਚਲਾਣੇ ਤੋ ਬਾਅਦ ਉਨ੍ਹਾਂ ਪ੍ਰਤੀ ਵੱਡੇ ਪੱਧਰ ਤੇ ਦਿਲਚਸਪੀ ਪੈਦਾ ਹੋ ਰਹੀ ਹੈ । ਪੰਜਾਬ ਦੇ ਬੌਧਿਕ ਹਲਕਿਆਂ ਵਿਚ ਵੀ ਯੋਗੀ ਜੀ ਦੀ ਲਹਿਰ ਪ੍ਰਤੀ ਜਾਣਨ ਦੀ ਉਤਸੁਕਤਾ ਜਾਗ ਰਹੀ ਹੈ ਅਤੇ ਪੰਥਕ ਹਲਕਿਆਂ ਵਿਚ ਵੀ ਇਸ ਤਰਾਂ ਦੀ ਸੋਚ ਅਤੇ ਭਾਵਨਾ ਪਨਪੀ ਅਸੀਂ ਦੇਖ ਰਹੇ ਹਾਂ ਕਿ ਯੋਗੀ ਜੀ ਦੀ ਲਹਿਰ ਦਾ ਹੁਣ ਮੁਲਾਂਕਣ ਕੀਤਾ ਜਾਵੇ। ਜਦੋ ਅਸੀ ਯੋਗੀ ਜੀ ਦੁਆਰਾ ਖੜ੍ਹੀਆਂ ਕੀਤੀਆਂ ਸਮਾਜਿਕ , ਸਭਿਆਚਾਰਕ ਅਤੇ ਆਰਥਿਕ ਸੰਸਥਾਵਾਂ ਨੂੰ ਦੇਖਦੇ ਹਾਂ ਅਤੇ ਦੁਨੀਆਂ ਭਰ ਦੇ ਰੂਹਾਨੀ ਜਗਿਆਸਾ ਵਾਲੇ ਲੋਕਾਂ ਵਿਚ ਉਨਾਂ ਦਾ ਪ੍ਰਭਾਵ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਗੱਲ ਉਭਰਦੀ ਹੈ ਕਿ ਯੋਗੀ ਜੀ ਨੇ ਕੌਮਾਂਤਰੀ ਪੱਧਰ ਤੇ ਜਿੰਨਾਂ ਪ੍ਰਭਾਵ ਪਾਇਆ, ਉਸ ਤਰਾਂ ਦੇ ਵਿਆਪਕ ਪਸਾਰ ਵਾਲੀ ਇਸ ਸਦੀ ਵਿਚ ਹੋਰ ਕੋਈ ਪੰਜਾਬੀ ਸ਼ਖਸੀਅਤ ਨਹੀ ਹੈ। ਵੀਹਵੀਂ ਜਾਂ ਇੱਕੀਵੀ ਸਦੀ ਦੀਅ ਸਿਖ ਜਾਗਰਤੀ ਲਹਿਰਾਂ ਦਾ ਜੇ ਕੋਈ ਇਤਿਹਾਸ ਲਿਖੇਗਾ ਤਾਂ ਉਸ ਵਿਚ ਯੋਗੀ ਜੀ ਦੀ ਲਹਿਰ ਨੂੰ ਮਨਫੀ ਨਹੀਂ ਕੀਤਾ ਜਾ ਸਕੇਗਾ। ਪਰ ਹੈਰਾਨੀ ਦੀ ਗੱਲ ਹੈ ਕਿ ਯੋਗੀ ਜੀ ਬਾਰੇ ਪੰਜਾਬੀ ਵਿਚ ਕਿਸੇ ਵੀ ਤਰਾਂ ਦੀ ਸਮੱਗਰੀ ਮੌਜੂਦ ਨਹੀਂ ਹੈ। ਸ਼ਮੀਲ ਅਤੇ ਬਲਰਾਮ ਵੱਲੌ ਮਿਲਕੇ ਲਿਖੀ ਗਈ ਇਹ ਕਿਤਾਬ ਇਸ ਖਲਾਅ ਨੂੰ ਭਰਨ ਲਈ ਹੀ ਇਕ ਪ੍ਰਯਤਨ ਹੈ। ਜੇ ਇਹ ਕਿਤਾਬ ਯੋਗੀ ਜੀ ਬਾਰੇ ਕੋਈ ਅਗੇਰੀ ਉਤਸੁਕਤਾ ਜਗਾ ਸਕੇ ਤਾਂ ਇਹ ਇਸ ਦੀ ਪ੍ਰਾਪਤੀ ਸਮਝੀ ਜਾਵੇਗੀ।

ਹਰੀਸ਼ ਜੈਨ/ਚੰਡੀਗੜ੍ਹ

No comments:

Post a Comment