" ਸ਼ਾਂਤੀ ਦਾ ਸਮਾਂ ਹੈ। ਧਰਤੀ ਹੁਣ ਸ਼ਾਂਤੀ ਦਾ ਅਨੁਭਵ ਕਰੇਗੀ।
ਸ਼ਾਂਤ ਤਕਦੀਰ ਅਤੇ ਸ਼ਾਂਤ ਜ਼ਿੰਦਗੀ ਵਾਲੇ ਸ਼ਾਂਤ ਲੋਕ ਦਾ
ਅਨੁਭਵ । ਸ਼ਾਂਤੀ ਦੀ ਸ਼ਕਤੀ ਅਤੇ ਰੱਬੀ ਸ਼ਬਦ ਦਾ ਪ੍ਰਤੀਕ ਅਰਧ
ਸੁਨਹਿਰੀ ਅਤੇ ਅਰਧ ਚਿੱਟਾ ਅਨੰਤਤਾ ਦਾ ਨਿਸ਼ਾਨ ਉਚੇ ਅਸਮਾਨ
ਵਿਚ ਝੂਲਕੇ ਇਹ ਸੰਦੇਸ਼ ਦੇ ਰਿਹਾ ਹੈ ਕਿ ਮਨੁੱਖ ਨੇ ਸ਼ਬਦ ਅੱਗੇ
ਸਿਰ ਨਿਵਾਉਣਾ ਸਿਖ ਲਿਆ ਹੈ ਕਿ ਧਰਤੀ ਤੇ ਔਰਤ ਰੱਬ ਦਾ
ਗੌਰਵ ਬਣ ਚੁੱਕੀ ਹੈ । ਹੁਣ ਧਰਤੀ ਸਾਡੇ ਲਈ ਘੁੰਮੇਗੀ ਅਤੇ
ਸਾਡੀਆਂ ਸਭ ਲੋੜਾਂ ਦਾ ਧਿਆਨ ਰੱਖੇਗੀ । "
ਸੂਰਜ ਪੱਛਮ ਚੋਂ ਚੜ੍ਹੇਗਾ
ਕੈਲੀਫੋਰਨੀਆ ਵਿਚ ਜੂਨ 1972 ਦੌਰਾਨ ਸਮਰ ਸੌਲਿਸਟਸ ਵਿਚ ਕੀਤੀ
ਗਈ ਯੋਗੀ ਜੀ ਦੀ ਤਕਰੀਰ ਦੇ ਕੁਝ ਅੰਸ਼
ਅਸੀਂ ਉਨ੍ਹਾਂ ਚੋਂ ਹਾਂ, ਜਿਹੜੇ ਇਸ ਕਹਾਵਤ ਨੂੰ ਸਹੀ ਸਾਬਤ ਕਰਨਗੇ ਕਿ ਸੂਰਜ ਪੱਛਮ ਵਿਚੋਂ ਚੜ੍ਹੇਗਾ । ਅਸੀਂ ਆਪਣੇ ਗੁਰੂ ਦਾ ਸੰਦੇਸ਼ ਹਰ ਦਿਲ ਤੱਕ ਲਿਜਾਵਾਂਗੇ ਅਤੇ ਹਰ ਉਸ ਮਨੁੱਖ ਤੱਕ ਲਿਜਾਵਾਂਗੇ ਜਿਸ ਅੰਦਰ ਆਤਮਾ ਹੈ । ਅਸੀਂ ਅਨੰਦ ਦੀ ਅਵਸਥਾ ਵਿਚ ਹਾਂ ਅਤੇ ਅਸੀਂ ਹਮੇਸ਼ਾਂ ਤਿੰਨ ਹੁੰਦੇ ਹਾਂ : ਰੱਬ, ਗੁਰੂ ਅਤੇ ਆਤਮਾ । ਗੁਰੂ ਕਦੇ ਮਰੇਗਾ ਨਹੀਂ ਅਤੇ ਅਸੀਂ ਹਮੇਸ਼ਾ ਜੀਵਾਂਗੇ ਅਤੇ ਛਿਆਨਵੇਂ ਕਰੋੜੀ ਸਿਖ ਬਣਾਂਗੇ ਅਤੇ ਸਾਡਾ ਸੂਰਜ ਕਦੇ ਛਿਪੇਗਾ ਨਹੀਂ । ਅਸੀਂ ਸਾਰੀ ਦੁਨੀਆਂ ਵਿਚ ਹੋਵਾਂਗੇ । ਹਰ ਜਗ੍ਹਾ ਹੋਵਾਂਗੇ, ਸਚਾਈ ਦੇ ਮਾਰਗ ਤੇ ਤੁਰਨ ਵਾਲੇ ਸੰਤਾਂ ਅਤੇ ਰਿਸ਼ੀਆਂ ਦੇ ਰੂਪ ਵਿਚ ਜਿਹੜੇ ਹਰ ਪਲ ਗੁਰੂ ਦੇ ਅਦੇਸ਼ਾਂ ਤੇ ਤੁਰ ਰਹੇ ਹੋਣਗੇ । ਅਸੀਂ ਅੰਤਤਾ ਦੇ ਸਾਗਰ ਵਿਚ ਇਕ ਲਹਿਰ ਹਾਂ । ਅਸੀਂ ਆਪਣਾ ਗੌਰਵ ਕਾਇਮ ਰੱਖਾਂਗੇ ਅਤੇ ਆਪਣੇ ਗੁਰੁ ਦਾ ਝੰਡਾ ਪਕੜੀ ਰੱਖਾਂਗੇ ਅਤੇ ਸਮੁਚੀ ਮਾਨਵਤਾ ਦੇ ਹਿਰਦੇ ਤੱਕ ਇਸ ਨੂੰ ਲੈਕੇ ਜਾਵਾਂਗੇ ਤਾਂ ਜੋ ਮਨੁੱਖਤਾ ਦੇ ਦੁਖਾਂ ਦਾ ਅੰਤ ਹੋਵੇ ।
ਅਸੀਂ ਸਮਾਜ ਦੇ ਦੁਖਾਂ ਅਤੇ ਸਮੱਸਿਆਂ ਦਾ ਉਤਰ ਹਾਂ । ਸਾਡੇ ਕੋਲ ਮਨ ਦੀ ਤਕਨੀਕ ਹੈ ਅਤੇ ਅਸੀਂ ਨਿੱਘ ਪੈਦਾ ਕਰ ਸਕਦੇ ਹਾਂ । ਸਾਡੇ ਕੋਲ ਭਾਰਤ ਮਾਤਾ ਦਾ ਸਮੁੱਚਾ ਗਿਆਨ ਹੈ, ਜਿਹੜਾ ਇਸ ਨੇ ਆਪਣੇ ਰਿਸ਼ੀਆਂ ਦੁਆਰਾ ਸਦੀਆਂ ਤੋਂ ਸੰਭਾਲਿਆ ਹੋਇਆ ਹੈ । ਮਹਾਨ ਭਾਰਤ ਮਾਤਾ ਜਿਹੜੀ ਕਿ ਗਿਆਨ ਅਤੇ ਪਵਿਤਰਤਾ ਦੀ ਅਦਭੁਤ ਧਰਤੀ ਹੈ । ਉਸ ਦੀ ਨਿੱਘੀ ਗੋਦ ਨੇ ਸਾਨੂੰ ਨਿੱਘ ਦਿੱਤਾ ਹੈ, ਗਿਆਨ ਦਿੱਤਾ ਹੈ ਜਿਸ ਨੂੰ ਅਸੀਂ ਬਹੁਲਤਾ ਅਤੇ ਬਹਾਦਰੀ ਦੀ ਧਰਤੀ ਮਹਾਨ ਅਮਰੀਕਾ ਦੇ ਲੋਕਾਂ ਨਾਲ ਸਾਂਝਾ ਕਰਨਾ ਹੈ । ਇਹ ਨਿੱਘ ਅਤੇ ਗਿਆਨ ਅਸੀਂ ਉਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਸਮੁਚੇ ਪੱਛਮੀ ਗੋਲਾਰਧ ਦੇ ਲੋਕਾਂ ਨਾਲ ਸਾਂਝਾ ਕਰ ਸਕਦੇ ਹਾਂ । ਮਸ਼ੀਨ ਦੀ ਸਾਰੀ ਤਕਨੀਕ ਅਤੇ ਮਨੁਖ ਦੇ ਮਨ ਦੀ ਸਾਰੀ ਤਕਨੀਕ ਦਾ ਅਸੀਂ ਸੰਗਮ ਕਰਾਂਗੇ ਜਿਸ ਤੋਂ ਨਵੀਂ ਮਨੁੱਖੀ ਨਸਲ ਨੇ ਪੈਦਾ ਹੋਣਾ ਹੈ । ਇਸ ਨਾਲ ਹੀ ਨਵੇਂ ਅਕਵੇਰੀਅਨ ਯੁੱਗ ਦਾ, ਸ਼ਾਂਤੀ ਦੇ ਯੁੱਗ ਦਾ ਉਤਾਰਾ ਹੋਵੇਗਾ । ਅਸੀਂ ਇਹ ਕਰ ਸਕਾਂਗੇ ਕਿਉਂਕਿ ਅਸੀਂ ਨੇਕੀ ਅਤੇ ਸਚਾਈ ਦੇ ਝੰਡੇ ਹੇਠ ਜੁੜਨ ਜੋਗਾ ਹੌਸਲਾ ਪ੍ਰਾਪਤ ਕਰ ਲਿਆ ਹੈ ।
ਮੇਰੇ ਭਰਾਵੋ ਅਤੇ ਮੇਰੀਓ ਭੈਣੋ, ਰੱਬਾਂ ਦੇ ਰੱਬ ਨੂੰ ਜਾਂਦਾ, ਸਚਾਈਆਂ ਦੇ ਸੱਚ ਨੂੰ ਜਾਂਦਾ, ਅੰਨਤਤਾ ਨੂੰ ਜਾਂਦਾ ਸਿਰਫ ਇਕ ਹੀ ਰਸਤਾ ਹੈ । ਉਹ ਰਸਤਾ ਨੇਕੀ ਦਾ ਰਸਤਾ ਹੈ ।
ਸਾਡੀਆਂ ਸਭਾਵਾਂ ਵਿਚ ਸਿਰਫ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹੀ ਪ੍ਰਧਾਨਗੀ ਹੁੰਦੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮਨੁਖਤਾ ਤੇ ਸ਼ਬਦ ਦੀ ਪ੍ਰਧਾਨਗੀ ਹੈ । ਪਹਿਲੀ ਵਾਰ ਰੱਬ ਦਾ ਸ਼ਬਦ ਰੱਬ ਦੇ ਲੋਕਾਂ ਤੇ ਪ੍ਰਧਾਨਗੀ ਕਰ ਰਿਹਾ ਹੈ । ਮਨੁਖਤਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਰੱਬ ਦੇ ਬੰਦੇ ਰੱਬ ਦੇ ਸ਼ਬਦ ਅਗੇ ਸਿਰ ਨਿਵਾਉਂਦੇ ਹਨ । ਅਸੀਂ ਕਦੀ ਮਰਾਂਗੇ ਨਹੀਂ, ਕਿਉਂਕਿ ਹਰ ਰਾਤ ਹੀ ਅਸੀਂ ਪੂਰਨ ਸ਼ਾਂਤੀ, ਟਿਕਾਅ ਅਤੇ ਗੌਰਵ ਨਾਲ ਸੌਂਦੇ ਹਾਂ । ਜਦ ਸਾਡਾ ਆਖਰੀ ਗੂੜ੍ਹੀ ਨੀਂਦ ਸੌਣ ਦਾ ਵਕਤ ਆਵੇਗਾ, ਉਦੋਂ ਤੱਕ ਅਸੀਂ ਆਪਣੇ ਕਰਮਾਂ ਦਾ ਹਿਸਾਬ ਨਬੇੜ ਲਿਆ ਹੋਵੇਗਾ । ਆਪਣੇ ਕਰਮ ਪੂਰੇ ਕਰ ਲਏ ਹੋਣਗੇ ਤੇ ਹੋਰ ਪ੍ਰਤੀਕਰਮ ਨਹੀਂ ਬਚੇ ਹੋਣਗੇ ਕਿਉਂਕਿ ਅਸੀਂ ਆਪਣੀ ਤਕਦੀਰ ਜਿਊਂ ਲਈ ਹੋਵੇਗੀ । ਅਸੀਂ ਲੋਕਾਂ ਨੂੰ ਆਪਣੇ ਦਿਲ ਦਿੱਤੇ ਹਨ ਅਤੇ ਆਪਣਾ ਪੁਰਾਤਨ ਗਿਆਨ ਦਿੱਤਾ ਹੈ ।
ਸਾਡੇ ਸਰੀਰ ਦਾ ਹਰ ਤੰਤੂ ਇਕ ਸਾਜ਼ ਦੀ ਤਰ੍ਹਾਂ ਹੈ ਜਿਹੜਾ ਅੰਨਤਤਾ ਦੀ ਧੁਨ ਵਿਚ ਰੱਬ ਦੇ ਸ਼ਬਦ ਸਤਿਨਾਮ ਦਾ ਜਾਪ ਕਰਦਾ ਹੈ ।
ਧਰਤੀ ਦੇ ਵਾਸੀਓ ਖੁਸ਼ੀ ਮਨਾਓ । ਧਰਤੀ ਤੇ ਅਮਨ ਉਤਰ ਰਹਾ ਹੈ । ਸ਼ਬਦ ਲੋਕਾਂ ਦੀ ਪ੍ਰਧਾਨਗੀ ਕਰਨ ਲੱਗਾ ਹੈ । ਲੰਬੀ ਗੂੜੀ ਨੀਂਦ ਜਿਸ ਨੂੰ ਲੋਕ ਮੌਤ ਕਹਿੰਦੇ ਹਨ, ਉਹ ਸੱਚ ਦੇ ਪਾਂਧੀਆਂ ਲਈ ਸਿਰਫ ਇਕ ਢੌਂਕਾ ਮਾਤਰ ਹੈ । ਜ਼ਿੰਦਗੀ ਖੁਸ਼ਹਾਲ, ਅੰਨਦਮਈ ਅਤੇ ਭਰਭੂਰ ਹੋ ਗਈ ਹੈ । ਸਾਡੇ ਦਿਲਾਂ ਵਿਚ ਸੰਤੋਖ ਹੈ । ਸਾਡੇ ਤੇ ਬਖਸ਼ਿਸ਼ ਹੈ । ਅਸੀਂ ਅਰੋਗ ਹਾਂ । ਅਸੀਂ ਪ੍ਰਸੰਨ ਹਾਂ ਤੇ ਅਸੀਂ ਰੱਬ ਦੇ ਰੰਗ ਵਿਚ ਰੰਗੇ ਹੋਏ ਹਾਂ । ਸਾਡੇ ਚਿਹਰਿਆਂ ਤੇ ਨੂਰ ਹੈ । ਅਸੀਂ ਮੇਕਅੱਪ ਨਹੀਂ ਕਰਦੇ, ਕਿਉਂਕਿ ਸਾਨੂੰ ਮੇਕਅੱਪ ਦੀ ਲੋੜ ਨਹੀਂ ਹੈ । ਰੱਬ ਨੇ ਸਾਨੂੰ ਚਮਕ ਦਿੱਤੀ ਹੈ ਅਤੇ ਰੱਬ ਦਾ ਨੂਰ ਸਾਡੇ ਦੁਆਲੇ ਚਮਕਦਾ ਹੈ ।
ਸ਼ਾਂਤੀ ਦਾ ਸਮਾਂ ਹੈ । ਧਰਤੀ ਹੁਣ ਸ਼ਾਂਤੀ ਦਾ ਅਨੁਭਵ ਕਰੇਗੀ । ਸ਼ਾਂਤ ਤਕਦੀਰ ਅਤੇ ਸ਼ਾਂਤ ਜ਼ਿੰਦਗੀ ਵਾਲੇ ਸ਼ਾਂਤ ਲੋਕ ਦਾ ਅਨੁਭਵ । ਸ਼ਾਂਤੀ ਦੀ ਸ਼ਕਤੀ ਅਤੇ ਰੱਬੀ ਸ਼ਬਦ ਦਾ ਪ੍ਰਤੀਕ ਅਰਧ ਸੁਨਹਿਰੀ ਅਰਧਚਿੱਟਾ ਅਨੰਤਤਾ ਦਾ ਨਿਸ਼ਾਨ ਉਚੇ ਅਸਮਾਨ ਵਿਚ ਝੂਲਕੇ ਇਹ ਸੰਦੇਸ਼ ਦੇ ਰਿਹਾ ਹੈ ਕਿ ਮਨੁੱਖ ਨੇ ਸ਼ਬਦ ਅੱਗੇ ਸਿਰ ਨਿਵਾਉਣਾ ਸਿਖ ਲਿਆ ਹੈ ਕਿ ਧਰਤੀ ਤੇ ਔਰਤ ਰੱਬ ਦਾ ਗੌਰਵ ਬਣ ਚੁੱਕੀ ਹੈ । ਹੁਣ ਧਰਤੀ ਸਾਡੇ ਲਈ ਘੁੰਮੇਗੀ ਅਤੇ ਸਾਡੀਆਂ ਸਭ ਲੋੜਾਂ ਦਾ ਧਿਆਨ ਰੱਖੇਗੀ ।
ਇਸ ਕਰਕੇ ਹੁਣ ਸਮਾਂ ਆ ਗਿਆ ਹੈ ਕਿ ਉਸ ਦੇ ਗੀਤ ਗਾਈਏ ਜਿਹੜਾ ਸਭ ਦਾ ਰੱਬ ਹੈ । ਜਿਹੜਾ ਜੀਜ਼ਸ ਦਾ ਰੱਬ ਹੈ, ਜਿਹੜਾ ਰਾਮ ਦਾ ਰੱਬ ਹੈ, ਜਿਹੜਾ ਕ੍ਰਿਸ਼ਨ ਦਾ ਰੱਬ ਹੈ, ਜਿਹੜਾ ਬੁੱਧ ਦਾ ਰੱਬ ਹੈ, ਜਿਹੜਾ ਸਾਰੀ ਮਾਨਵਤਾ ਦਾ ਰੱਬ ਹੈ । ਅਨੰਦ ਦੀ ਇਸੇ ਅਵਸਥਾ ਵਿਚ ਗੁਰੂ ਨਾਨਕ ਨੇ ਗਾਇਆ ਅਤੇ ਗੁਰੂ ਗੋਬਿੰਦ ਨੇ ਰੱਬ ਦੇ ਨਵੇਂ ਮਨੁੱਖ, ਰੱਬ ਦੇ ਸੰਤ ਅਤੇ ਰੱਬ ਦੇ ਸਿਪਾਹੀ ਨੂੰ ਅਕਾਰ ਦਿੱਤਾ । ਇਸ ਮਨੁੱਖ ਨੂੰ ਉਨ੍ਹਾਂ ਸਮੇਂ ਦੀ ਨਿਰਦੈਤਾ ਤੋਂ ਬਚਾਇਆ । ਰੱਬ ਦੇ ਸ਼ਬਦ ਅੱਗੇ ਝੁਕਣਾ ਸਿਖਾਇਆ । ਪਿਆਰ ਦੇ ਰਸਤੇ ਤੇ ਤੁਰਨਾ ਸਿਖਾਇਆ ।
ਇਨਸਾਨ ਰੱਬ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਦਾ ਹੈ, ਜਿਹੜਾ ਬਿਨਾ ਕਿਸੇ ਕੌਮੀ, ਨਸਲੀ ਜਾਂ ਜਾਤੀ ਫਰਕ ਦੇ ਹਰ ਕਿਸੇ ਨੂੰ ਸੰਬੋਧਨ ਹੁੰਦਾ ਹੈ । ਇਹ ਸਾਰੇ ਮਨੁੱਖਾਂ ਲਈ ਰੱਬੀ ਪਿਆਰ ਦੀ ਅੰਨਤਤਾ ਦਾ ਫੁਹਾਰਾ ਹੈ । ਧਰਤੀ ਤੇ ਅਸੀਂ ਕਦੀ ਨਹੀਂ ਮਰਾਂਗੇ, ਕਿਉਂਕਿ 'ਸ਼ੁਰੂ ਵਿਚ ਸ਼ਬਦ ਸੀ, ਰੱਬ ਨਾਲ ਵੀ ਸ਼ਬਦ ਸੀ ਅਤੇ ਸ਼ਬਦ ਹੀ ਰੱਬ ਸੀ ।' ਹੁਣ ਸ਼ਬਦ ਹੀ ਮਨੁੱਖਤਾ ਤੇ ਪ੍ਰਧਾਨਗੀ ਕਰਦਾ ਹੈ ਅਤੇ ਸ਼ਬਦ ਦੀ ਕੋਈ ਮੌਤ ਨਹੀਂ ਹੁੰਦੀ ।
ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਆਂ, ਸੰਤਾਂ ਅਤੇ ਫਕੀਰਾਂ ਦੀਆਂ ਸ਼ੁੱਧ ਆਤਮਾਵਾਂ ਅਤੇ ਉਨ੍ਹਾਂ ਦੀ ਕੁਰਬਾਨੀ ਦੁਆਰਾ ਮਨੁਖਤਾ ਨੂੰ ਦਿੱਤਾ ਗਿਆ ਰੱਬੀ ਸ਼ਬਦ ਹੈ ਤਾਂ ਜੋ ਭਵਿਖ ਬਚ ਸਕੇ । ਇਸ ਕਰਕੇ ਅਸੀਂ ਧਰਤੀ ਤੇ ਜੀਵਾਂਗੇ, ਸਚਾਈ ਵਾਸਤੇ, ਰੱਬ ਦੇ ਅਤੇ ਗੁਰੂ ਦੇ ਗੌਰਵ ਵਾਸਤੇ । ਇਸ ਕਰਕੇ ਆਓ ਅਸੀਂ ਸਾਰੇ ਅਨੰਦ ਅਤੇ ਖੁਸ਼ੀ ਵਿਚ ਆ ਜਾਈਏ ਅਤੇ ਆਤਮਾ ਦੀ ਰੌਸ਼ਨੀ ਵੱਲ ਦੇਖੀਏ । ਜੀਵਨ ਦੇ ਸਾਹ ਵੱਲ ਦੇਖੀਏ ਅਤੇ ਰੱਬੀ ਸ਼ਬਦ ਦਾ ਜਾਪ ਕਰੀਏ ।
"ਸਾਜਣ ਵਾਲਾ ਇਕ ਹੀ ਹੈ ਅਤੇ ਸਭ ਉਸ ਦੀ ਰਚਨਾ ਹੈ ।
ਇਸ ਕਰਕੇ ਰੱਬ ਦੇ ਹਰ ਜੀਅ ਨੂੰ ਇਹ ਅਧਿਕਾਰ ਹੈ ਕਿ ਉਹ
ਰੱਬ ਦੀ ਉਸਤਤ ਲਈ ਇਕੱਤਰ ਹੋਣ । ਅਸੀਂ ਰੱਬ ਦੀ
ਅਨੰਤਤਾ ਹਰ ਕਿਸੇ ਵਿਚ ਕਿਉਂ ਨਹੀਂ ਦੇਖਦੇ ? ਕਿਉਂ ਸੰਕੁਚਿਤ
ਦਾਇਰਿਆਂ ਵਿਚ ਸੀਮਤ ਹੋਕੇ ਦੁਖਾਂ ਦੇ ਭਾਗੀ ਬਣੀ ਜਾ ਰਹੇ
ਹਾਂ ? ਰੱਬੀ ਸ਼ਬਦ ਨੂੰ ਆਪਣੀ ਦਾਤ ਬਣਾਓ ਅਤੇ ਸਾਰਾ ਸੰਸਾਰ
ਤੁਹਾਡੇ ਤੇ ਦਾਤਾਂ ਦੀ ਵਰਖਾ ਕਰਨ ਲੱਗੇਗਾ ।"
ਸਰਬ ਧਰਮ ਸੰਵਾਦ ਦਾ ਦੂਤ
ਯੋਗੀ ਜੀ ਦਾ ਇਹ ਵਿਸ਼ਵਾਸ਼ ਸੀ ਕਿ ਜੇ ਧਰਮ ਗੁਰੂ ਅਤੇ ਰੂਹਾਨੀ ਆਗੂ ਸਮੁਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ, ਸਦਭਾਵ ਅਤੇ ਏਕਤਾ ਦਾ ਸੰਦੇਸ਼ ਦੇਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਖੁਦ ਇਕਮੁਠ ਹੋਣਾ ਚਾਹੀਦਾ ਹੈ । ਇਸ ਨਾਲ ਹੀ ਲੋਕਾਂ ਅੱਗੇ ਉਹ ਇਕ ਸਹੀ ਉਦਾਹਰਣ ਪੇਸ਼ ਕਰ ਸਕਦੇ ਹਨ । ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਜਦ ਧਾਰਮਿਕ ਆਗੂ ਖੁਦ ਇਕੱਠੇ ਨਹੀਂ ਹੋ ਸਕਦੇ ਪਰ ਲੋਕਾਂ ਨੂੰ ਏਕਤਾ ਦਾ ਸੰਦੇਸ਼ ਦਿੰਦੇ ਹਨ ਤਾਂ ਉਨ੍ਹਾਂ ਦਾ ਸੰਦੇਸ਼ ਖੋਖਲਾ ਲੱਗਦਾ ਹੈ । ਸੱਤਰਵਿਆਂ ਦੇ ਸ਼ੁਰੂ ਵਿਚ ਜਦ ਯੋਗੀ ਜੀ ਪਛੱਮੀ ਦੁਨੀਆਂ ਵਿਚ ਸਰਗਰਮ ਸਨ ਤਾਂ ਉਸ ਵੇਲੇ ਵੱਖ ਵੱਖ ਤਰ੍ਹਾਂ ਦੇ ਧਾਰਨਿਕ ਆਗੂਆਂ ਨੂੰ ਇਕੱਤਰ ਕਰਨਾ ਅਸਾਨ ਨਹੀਂ ਸੀ । ਇਹ ਮੰਨਿਆ ਜਾਂਦਾ ਸੀ ਕਿ ਸੱਚ ਦੇ ਖੋਜੀ ਆਮ ਜਗਿਆਸੂਆਂ ਨੂੰ ਕਿਸੇ ਇਕ ਪਲੇਟਫਾਰਮ ਤੇ ਇਕੱਤਰ ਕਰਨਾ ਸੌਖਾ ਸੀ ਪਰ ਸੱਚ ਦੇ ਪ੍ਰਚਾਰਕ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੂੰ ਕਿਸੇ ਇਕ ਪਲੇਟਫਾਰਮ ਤੇ ਇਕੱਠਾ ਕਰਨਾ ਮੁਸ਼ਕਲ ਸੀ । ਇਸ ਕਰਕੇ ਯੋਗੀ ਜੀ ਨੇ ਇਸ ਮਾਮਲੇ ਵਿਚ ਪਹਿਲਕਦਮੀ ਕਰਨ ਦਾ ਫੈਸਲਾ ਕੀਤਾ । ਉਨ੍ਹਾਂ ਦਿਨਾਂ ਵਿਚ ਲੌਸ ਏਜਲਸ ਵਿਚ ਜਦੋਂ ਵੀ ਕੋਈ ਧਾਰਮਿਕ ਪੁਰਸ਼ ਆਉਂਦਾ ਤਾਂ ਯੋਗੀ ਜੀ ਆਪਣੇ ਵਿਦਿਆਰਥੀਆਂ ਸਮੇਤ ਉਸ ਨੂੰ ਸੁਣਨ ਜਾਂਦੇ ਅਤੇ ਆਮ ਸਰੋਤਿਆਂ ਵਿਚ ਬੈਠਕੇ ਉਸ ਨੂੰ ਸੁਣਦੇ । ਖੁਦ ਇਕ ਰੂਹਾਨੀ ਅਨੁਭਵ ਵਾਲੀ ਸਖਸ਼ੀਅਤ ਨੂੰ ਇਸ ਤਰ੍ਹਾਂ ਕਿਸੇ ਧਾਰਮਿਕ ਟੀਚਰ ਨੂੰ ਸੁਣਦੇ ਦੇਖਣਾ ਬਿਲਕੁਲ ਨਵੀਂ ਤਰ੍ਹਾਂ ਦਾ ਅਨੁਭਵ ਸੀ । ਉਨ੍ਹਾਂ ਅੰਦਰ ਬੇਮਿਸਾਲ ਸੁਰੱਖਿਆ ਦੀ ਭਾਵਨਾ ਅਤੇ ਆਤਮਵਿਸ਼ਵਾਸ਼ ਸੀ । ਇਸੇ ਕਰਕੇ ਉਹ ਆਪਣੇ ਵਿਦਿਆਰਥੀਆਂ ਨੂੰ ਵੀ ਅਜਿਹੇ ਵਿਚਾਰਾਂ ਦਾ ਸਾਹਮਣਾ ਕਰਵਾਉਣ ਤੋਂ ਕਦੇ ਡਰਦੇ ਨਹੀਂ ਸਨ, ਜਿਹੜੇ ਉਨ੍ਹਾਂ ਦੇ ਆਪਣੇ ਵਿਚਾਰਾਂ ਤੋਂ ਬਿਲਕੁਲ ਅੱਲਗ ਹੋਣ ।
ਯੋਗੀ ਜੀ ਦੇ ਇਸ ਤਰ੍ਹਾਂ ਦੇ ਵਿਚਾਰ ਬਾਰੇ ਉਨ੍ਹਾਂ ਦੇ ਸ਼ਰਧਾਲੂ ਇਕ ਘਟਨਾ ਦਾ ਜ਼ਿਕਰ ਕਰਦੇ ਸਨ । 1970 ਦੀਆਂ ਗਰਮੀਆਂ ਵਿਚ ਉਨ੍ਹਾਂ ਨੂੰ ਅਟਲਾਂਟਾ ਪੌਪ ਫੈਸਟੀਵਲ ਵਿਚ ਬੋਲਣ ਵਾਸਤੇ ਬੁਲਾਇਆ ਗਿਆ । ਉਨ੍ਹਾਂ ਇਸ ਮੌਕੇ ਦਾ ਸਹੀ ਫਾਇਦਾ ਉਠਾਉਣਾ ਚਾਹਿਆ ਤਾਂ ਜੋ ਵੱਖ ਵੱਖ ਧਰਮਾਂ ਦੇ ਮਹਾਂਪੁਰਸ਼ ਇਕ ਪਲੈਟਫਾਰਮ ਤੇ ਇਕੱਤਰ ਹੋ ਸਕਣ । ਉਨ੍ਹਾਂ ਖੁਦ ਇਸ ਗੱਲ ਦਾ ਪ੍ਰਬੰਧ ਕੀਤਾ ਕਿ ਇਸ ਮੌਕੇ ਸਚਿਦਾਨੰਦ, ਕ੍ਰਿਸਟੋਫਰ ਹਿਲਜ਼ , ਅਮਰੀਕੀ ਇੰਡੀਅਨਜ਼ ਦੇ ਆਗੂ ਰੌਬਰਟ ਬੌਸੀਰੇ, ਸਵਾਮੀ ਵਿਸ਼ਨੂੰ ਦੇਵਾਨੰਦ ਅਤੇ ਅਨੰਦਮਾਰਗੀ ਆਗੂ ਦਾਦਾਜੀ ਨੂੰ ਵੀ ਉਥੇ ਬੁਲਾਇਆ ਜਾਵੇ । ਬਾਅਦ ਵਿਚ ਧਾਰਮਿਕ ਆਗੂਆਂ ਦਾ ਅਜਿਹਾ ਇਕੱਠ ਯੋਗੀ ਜੀ ਦਾ ਰੈਗੂਲਰ ਫੀਚਰ ਬਣ ਗਿਆ । ਉਨ੍ਹਾਂ ਸੈਨ ਫਰਾਂਸਿਸਕੋ ਵਿਚ ਮੀਟਿੰਗ ਔਫ ਦਾ ਵੇਜ਼ ਨਾਂ ਦਾ ਸਰਬ ਧਰਮ ਸੰਮੇਲਨ ਕਰਵਾਇਆ । ਉਹ ਲਗਾਤਾਰ ਦੂਸਰੇ ਧਰਮਾਂ ਦੇ ਆਗੂਆਂ ਨੂੰ ਬੁਲਾਂਦੇ ਰਹੇ ਕਿ ਉਹ ਆਕੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ । ਉਨ੍ਹਾਂ ਦੇ ਵਿਦਿਆਰਥੀਆਂ ਲਈ ਵੀ ਅਤੇ ਦੂਸਰੇ ਰੂਹਾਨੀ ਜਗਿਆਸੂਆਂ ਲਈ ਵੀ ਸੱਚ ਮੁਚ ਹੀ ਅਜਿਹੇ ਆਦਾਨ ਪ੍ਰਦਾਨ ਬਹੁਤ ਹੀ ਅਦਭੁਤ ਅਨੁਭਵ ਹੁੰਦੇ ਸਨ । 1974 ਵਿਚ ਉਹ ਰੂਹਾਨੀ ਸਤਿਸੰਗ ਵਾਲੇ ਸੰਤ ਕਿਰਪਾਲ ਸਿੰਘ ਦੁਆਰਾ ਕਰਵਾਈ ਗਈ ਯੂਨਿਟੀ ਔਫ ਮੈਨ ਕਾਨਫਰੰਸ ਅਮਰੀਕਾ ਵਿਚ ਕਰਵਾਉਣ ਦਾ ਐਲਾਨ ਕਰ ਦਿੱਤਾ । ਜੂਨ 1975 ਵਿਚ ਨਿਊ ਮੈਕਸੀਕੋ ਪ੍ਰਾਂਤ ਦੇ ਪੀਕੋਜ਼ ਸ਼ਹਿਰ ਵਿਚ ਸਾਰੀ ਦੁਨੀਆਂ ਵਿਚੋਂ ਧਾਰਮਿਕ ਆਗੂ 5 ਦਿਨਾਂ ਸਰਬ ਧਰਮ ਕਾਨਫਰੰਸ ਵਿਚ ਸ਼ਾਮਲ ਹੋਏ । ਯੋਗੀ ਜੀ ਦੀ ਪ੍ਰੇਰਣਾ ਨਾਲ ਹੀ ਕੈਨੇਡਾ ਵਿਚ 3ਐਚ ਓ ਫਾਊਂਡੇਸ਼ਨ ਦੇ ਮੈਂਬਰਾਂ ਨੇ 1977 ਵਿਚ ਵੈਨਕੂਵਰ ਵਿਚ ਪਹਿਲਾ ਵਰਲਡ ਸਿੰਪੋਜ਼ੀਅਮ ਔਨ ਹਿਊਮੈਨਿਟੀ ਕਰਵਾਇਆ । ਇਸ ਵਿਚ ਮਨੁੱਖਤਾ ਦੇ ਭਵਿਖ ਬਾਰੇ ਵਿਚਾਰ ਕਰਨ ਲਈ ਦੁਨੀਆਂ ਭਰ ਵਿਚੋਂ ਸਮਾਜ ਵਿਗਿਆਨੀ, ਕਲਾਕਾਰ, ਚਿੰਤਕ ਅਤੇ ਧਾਰਮਿਕ ਆਗੂ ਸੱਦੇ ਗਏ । ਇਸ ਤੋਂ ਪ੍ਰੇਰਿਤ ਹੋਕੇ 3 ਐਚ ਓ ਦੇ ਮੈਂਬਰਾਂ ਨੇ ਆਪੋ ਆਪਣੇ ਪਧਰ ਤੇ ਹਰ ਥਾਂ ਹੀ ਅਜਿਹੇ ਇੰਟਰ ਫੇਥ ਸਮਾਗਮ ਸ਼ੁਰੂ ਕਰ ਦਿੱਤੇ ।
1977 ਵਿਚ ਹੀ ਯੋਗੀ ਜੀ ਵਲੋਂ ਇਸੇ ਖੇਤਰ ਵਿਚ ਇਕ ਹੋਰ ਵੱਡਾ ਉਦਮ ਕੀਤਾ ਗਿਆ । ਅਲ ਇਸਲਾਮ ਦੇ ਆਗੂ ਇਮਾਮ ਵੈਲਸ ਡੀ ਮੁਹੰਮਦ ਅਤੇ ਯੋਗੀ ਜੀ ਦੁਆਰਾ ਸਾਂਝੇ ਤੋਰ ਤੇ ਦੋਵੇਂ ਧਰਮਾਂ ਦੇ ਆਗੂਆਂ ਦਾ ਇਕ ਇਕੱਠ ਕੀਤਾ ਗਿਆ ਅਤੇ ਇਕ ਦੂਸਰੇ ਦੇ ਵਿਚਾਰਾਂ ਅਤੇ ਵਿਸ਼ਵਾਸ਼ਾਂ ਨੂੰ ਸਮਝਣ ਦਾ ਮੌਕਾ ਸਿਰਜਿਆ ਗਿਆ । ਇਸ ਦਾ ਮਕਸਦ ਸਿੱਖ ਧਰਮ ਅਤੇ ਇਸਲਾਮ ਦੇ ਰਿਸ਼ਤਿਆਂ ਤੇ ਇਤਿਹਾਸ ਦੇ ਲੰਬੇ ਦੌਰ ਦੌਰਾਨ ਪਏ ਕੌੜੇ ਪ੍ਰਭਾਵਾਂ ਨੂੰ ਦੂਰ ਕਰਨਾ ਸੀ ।
ਵੱਖ ਵਿਸ਼ਵਾਸ਼ਾਂ ਅਤੇ ਧਾਰਮਿਕ ਅਕੀਦਿਆਂ ਦੇ ਆਗੂਆਂ ਨੂੰ ਇਕ ਪਲੈਟਫਾਰਮ ਤੇ ਇਕੱਠਾ ਕਰਨਾ ਜਾਂ ਉਨ੍ਹਾਂ ਵਿਚਕਾਰ ਇਕ ਸੰਵਾਦ ਦੀ ਲੜੀ ਸ਼ੁਰੂ ਕਰਨ ਪਿਛੇ ਯੋਗੀ ਜੀ ਦੀ ਇਕ ਗਹਿਰੀ ਸੋਚ ਕੰਮ ਕਰ ਰਹੀ ਸੀ । ਸਾਰੇ ਹੀ ਰੂਹਾਨੀ ਆਗੂਆਂ ਦੁਆਰਾ ਇਹ ਗੱਲ ਵਾਰ ਵਾਰ ਕਹੀ ਜਾਂਦੀ ਹੈ ਕਿ ਪਰਮਆਤਮਾ ਇਕ ਹੈ । ਕੁਝ ਆਧੁਨਿਕ ਗੁਰੂਆਂ ਦੁਆਰਾ ਇਹ ਗੱਲ ਉਭਾਰੀ ਗਈ ਹੈ ਕਿ ਰੂਹਾਨੀਅਤ ਇਕ ਹੈ । ਸਾਰੇ ਹੀ ਧਰਮਾਂ ਦਾ ਅਧਾਰ ਰੂਹਾਨੀਅਤ ਹੈ ਅਤੇ ਇਸ ਪਧੱਰ ਤੇ ਇਨ੍ਹਾ ਵਿਚ ਕੋਈ ਫਰਕ ਨਹੀਂ ਹੈ ਪਰ ਸਾਰੇ ਧਰਮਾਂ ਦੀਆਂ ਬਾਹਰੀ ਰਸਮਾਂ ਅਤੇ ਚਿੰਨ੍ਹਾਂ ਵਿਚ ਫਰਕ ਹੈ । ਜਿਨ੍ਹਾਂ ਨੇ ਧਰਮ ਦੇ ਮੂਲ ਨੂੰ ਭੁਲਾ ਦਿੱਤਾ ਹੁੰਦਾ ਹੈ ਅਤੇ ਇਸ ਦੇ ਬਾਹਰੀ ਰੂਪ ਨੂੰ ਹੀ ਚਿਪਕ ਗਏ ਹੁੰਦੇ ਹਨ, ਉਹ ਹੀ ਧਰਮ ਦੇ ਨਾਂ ਦੇ ਟਕਰਾਵਾਂ ਦੀ ਜੜ੍ਹ ਬਣ ਜਾਂਦੇ ਹਨ । ਇਸ ਕਰਕੇ ਪੱਛਮ ਵਿਚ ਆਪਣੇ ਮੁਢਲੇ ਸਾਲਾਂ ਤੋਂ ਹੀ ਯੋਗੀ ਜੀ ਲਗਾਤਾਰ ਇਸ ਪਹਿਲੂ ਤੇ ਜ਼ੋਰ ਦਿੰਦੇ ਰਹੇ ਕਿ ਸਾਰੇ ਹੀ ਧਰਮਾਂ ਵਿਚਕਾਰ ਸੰਵਾਦ ਚਲਦਾ ਰਹਿਣਾ ਚਾਹੀਦਾ ਹੈ । ਇਸ ਕਰਕੇ ਇਸ ਅੰਤਰ ਧਰਮ ਸੰਵਾਦ ਨੂੰ ਇਕ ਰੈਗੁਲਰ ਰੂਪ ਦੇਣ ਲਈ ਉਨ੍ਹਾ ਵਲੋਂ 1985 ਵਿਚ ਇੰਟਰਨੈਸ਼ਨਲ ਪੀਸ ਪਰੇਅਰ ਡੇ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਨੂੰ ਇਕ ਸਲਾਨਾ ਫੀਚਰ ਬਣਾ ਦਿੱਤਾ ਗਿਆ । ਇਹ ਵੱਡੀ ਕਾਨਫਰੰਸ ਹਰ ਸਾਲ ਨਿਊ ਮੈਕਸੀਕੋ ਵਿਚ ਐਸਪੇਨੋਲਾ ਦੇ ਨੇੜੇ ਇਕ ਸੁੰਦਰ ਪਹਾੜੀ ਖੇਤਰ ਵਿਚ ਹੁੰਦੀ ਹੈ ਜਿਸ ਵਿਚ ਸਾਰੇ ਧਰਮਾਂ ਦੇ ਆਗੂ ਅਤੇ ਜਗਿਆਸੂ ਸ਼ਾਮਲ ਹੁੰਦੇ ਹਨ ਅਤੇ ਅੰਤਰ ਧਰਮ ਸੰਵਾਦ ਦੇ ਖੇਤਰ ਵਿਚ ਪੀਸ ਪਰੇਅਰ ਡੇ ਨੇ ਹੁਣ ਇਕ ਵੱਡੀ ਸੰਸਥਾ ਦਾ ਰੂਪ ਧਾਰ ਲਿਆ ਹੈ ।
Wednesday, November 25, 2009
Subscribe to:
Post Comments (Atom)
No comments:
Post a Comment