Thursday, November 26, 2009

ਬਹੁ-ਪਰਤੀ ਸੁਧਾਰਾਂ ਦਾ ਸਫਰ

ਧਾਰਮਿਕ ਲੋਕਾਂ ਬਾਰੇ ਬਹੁਤੀ ਵੀ ਇਹੋ ਰਾਇ ਬਣੀ ਹੁੰਦੀ ਹੈ ਕਿ ਉਹ ਸੰਸਾਰ ਨਾਲੋਂ ਟੁੱਟੇ, ਫਰਜ਼ਾਂ-ਹਕਾਂ ਤੋਂ ਬੇਮੁੱਖ, ਵੈਰਾਗੀ ਤਿਆਗੀ ਲੋਕ ਹੁੰਦੇ ਹਨ । ਉਨ੍ਹਾਂ ਦਾ ਕੰਮ ਸਿਰਫ਼ ਕਿਸੇ ਹਨੇਰੀ ਗੁਫਾ ਵਿਚ ਬੈਠ ਕੇ ਕਿਸੇ ਰਹੱਸਮਈ ਅਦਿੱਖ ਸ਼ਕਤੀ ਨੂੰ ਪ੍ਰਸੰਨ ਕਰਨਾ ਹੀ ਹੁੰਦਾ ਹੈ। ਇਹ ਆਮ ਧਾਰਨਾ ਹੈ ਕਿ ਉਹ ਲੋਕ ਮੋਹ ਤੇਹ ਤੋਂ ਉਕੱਾ ਹੀ ਨਿਰਲੇਪ ਹੁੰਦੇ ਹਨ । ਇਸ ਲਈ ਇਸ ਸੰਸਾਰ 'ਤੇ ਜੋ ਵੀ ਵਾਪਰਦਾ ਹੈ, ਇਸ ਨਾਲ ਉਨ੍ਹਾਂ ਦਾ ਕੋਈ ਵਾਸਤਾ ਹੀ ਨਹੀਂ ਹੁੰਦਾ । ਉਹ ਸੰਸਾਰ ਨੂੰ ਬਸ ਮਾਇਆ ਹੀ ਸਮਝਦੇ ਹਨ । ਇਸ ਲਈ ਉਹ ਇਸ ਦੇ ਦੁੱਖਾਂ ਸੁੱਖਾਂ ਨਾਲ ਵੀ ਕੋਈ ਲਾਗਾ ਤਾਗਾ ਨਹੀਂ ਰੱਖਦੇ ।
ਸੰਸਾਰ ਨੂੰ ਸੁਫਨਾ ਕਹਿਣ ਵਾਲੇ ਕੁਝ ਧਾਰਮਿਕ ਫਲਸਫ਼ਿਆਂ ਕਾਰਨ ਹੀ ਲੋਕਾਂ ਵਿਚ ਇਹ ਧਾਰਨਾ ਪ੍ਰਚਲਿਤ ਹੋਈ ਹੈ । ਹਾਲਾਂਕਿ ਇਸ ਵਿਚ ਬਹੁਤਾ ਹੱਥ 'ਚੇਲੇ-ਮਨੁੱਖਾਂ' ਤੇ ਫੋਕੇ ਸ਼ਬਦਾਂ ਉਤੇ ਜੀਣ-ਥੀਣ ਵਾਲੇ ਪੰਡਤਾਂ ਦਾ ਹੀ ਹੈ । ਜਿੰਨ੍ਹਾਂ ਨੂੰ ਅੱਜ ਕੱਲ੍ਹ ਬੁੱਧੀਜੀਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਭਰਮ ਮੂਲਕ ਵਿਆਖਿਆਵਾਂ, ਜਿਨ੍ਹਾਂ ਪਿੱਛੇ ਨਿੱਜੀ ਤਜਰਬਾ ਉਕਾ ਨਦਾਰਦ ਹੁੰਦਾ ਹੈ, ਇਨ੍ਹਾਂ ਭ੍ਰਾਮਕ ਧਾਰਨਾਵਾਂ ਦਾ ਅਧਾਰ ਤਿਆਰ ਕਰਦੀਆਂ ਹਨ । ਅਸਲ ਗੱਲ ਇਹ ਹੈ ਕਿ ਖੁਦ ਕ੍ਰਿਸ਼ਨ ਨੇ ਅਰਜੁਨ ਨੂੰ ਕਰਮ ਯੋਗ ਦਾ ਰਾਹ ਦਿਖਾਇਆ, ਯੁੱਧ ਲਈ ਵੰਗਾਰਿਆ । ਬੁੱਧ ਨੇ ਵੀ ਸੰਸਾਰ 'ਤੇ ਨਿਰਵਾਨ ਦੇ ਦਵੈਤ ਨੂੰ ਰੱਦ ਕੀਤਾ । ਗੁਰੂ ਨਾਨਕ ਨੇ ਕਿਰਤ ਦਾ ਰਾਹ ਦਰਸਾਇਆ 'ਤੇ ਗੁਰੂ ਗੋਬਿੰਦ ਨੇ ਸੰਤ ਸਿਪਾਹੀ ਦਾ ।
ਯੋਗੀ ਭਜਨ ਵੀ ਇਨ੍ਹਾਂ ਅਵਤਾਰੀ ਪੁਰਸ਼ਾਂ ਦੇ ਦਰਸਾਏ ਰਾਹਾਂ ਉਤੇ ਚੱਲਣ ਵਾਲਾ ਇਕ ਰੂਹਾਨੀ ਆਗੂ ਹੈ । ਜੀਵਨ ਦੇ ਹਰ ਰੰਗ ਨੂੰ ਭਰਭੂਰਤਾ ਨਾਲ ਜੀਊਣ ਤੇ ਸਮੱਸਿਆਵਾਂ ਸਾਹਮਣੇ ਚੱਟਾਨ ਵਰਗੀ ਮਜ਼ਬੂਤੀ ਦਰਸਾਉਣਾ ਉਸ ਲਈ ਧਾਰਮਿਕ ਜੀਵਨ ਦਾ ਇਕ ਅੰਗ ਹੈ । ਪੱਛਮ ਦੀ ਪੂੰਜੀਵਾਦੀ ਸਭਿਅਤਾ ਵਲੋਂ ਕੁਦਰਤ ਦੀ ਕੀਤੀ ਗਈ ਅੰਨੀ ਤਬਾਹੀ ਦਾ ਸਵਾਲ ਹੋਵੇ, ਮੰਡੀਵਾਦੀ ਸਭਿਆਚਾਾਰ ਵਿਚ ਔਰਤ ਦੇ ਜਿਸਮ ਦੀ ਜਿਨਸ ਵਾਂਗ ਹੋ ਰਹੀ ਨੁਮਾਇਸ਼ ਦਾ ਮਾਮਲਾ ਹੋਵੇ ਜਾਂ ਫੇਰ ਪਛੱਮੀ ਜਗਤ ਵਿਚ ਇਕ ਧਾਰਮਿਕ ਭਾਈਚਾਰੇ ਵਜੋਂ ਸਿੱਖਾਂ ਦੀ ਪਛਾਣ ਦਾ ਸੰਘਰਸ਼ ਹੋਵੇ, ਹਰ ਥਾਂ ਉਹ ਮੂਹਰਲੀਆਂ ਸਫਾਂ ਵਿਚ ਖੜ੍ਹੇ ਦਿਖਾਈ ਦਿੰਦੇ ਰਹੇ । ਦੁਨੀਆ ਦੇ ਵੱਖ ਵੱਖ ਧਰਮਾਂ ਅੰਦਰ ਸੰਵਾਦ ਸਥਾਪਤ ਕਰਨ ਲਈ ਉਨ੍ਹਾਂ ਨੇ ਅਣਥੱਕ ਮਿਹਨਤ ਕੀਤੀ । ਇਥੋਂ ਤੱਕ ਕਿ ਉਨ੍ਹਾਂ ਦਾ ਹੋਕਾ ਸਿਰਫ਼ ਆਜ਼ਾਦ ਹਵਾ ਵਿਚ ਸਾਹ ਲੈਣ ਵਾਲਿਆਂ ਤੱਕ ਹੀ ਮਹਿਦੂਦ ਨਹੀਂ ਰਿਹਾ । ਉਨ੍ਹਾਂ ਵਲੋਂ ਪੈਦਾ ਕੀਤੇ ਗਏ ਯੋਗਾ ਟੀਚਰਾਂ ਨੇ ਉਨ੍ਹਾਂ ਦਾ ਸੁਨੇਹਾ ਜੇਲ ਦੀਆਂ ਸੀਖ਼ਾਂ ਪਿੱਛੇ ਡੱਕੀਆਂ ਰੂਹਾਂ ਤੱਕ ਵੀ ਪੁੱਜਦਾ ਕੀਤਾ । ਇੰਨੀਆਂ ਸਾਰੀਆਂ ਭੂਮਿਕਾਵਾਂ ਨਿਭਾਉਣ ਲਈ ਯੋਗੀ ਭਜਨ ਨੇ ਅਨੇਕਾਂ ਵਾਰ ਪੂਰੀ ਧਰਤੀ ਦਾ ਸਫਰ ਕੀਤਾ ਹੈ ।
ਪਛੱਮ ਬਾਰੇ ਪ੍ਰਚਲਿਤ ਬਹੁਤ ਸਾਰੀਆਂ ਮਿੱਥਾਂ ਵਿਚੋਂ ਇਕ ਮਿੱਥ ਇਹ ਵੀ ਹੈ ਕਿ ਉਸ ਸਮਾਜ ਵਿਚ ਔਰਤ ਨੂੰ ਮਰਦ ਨਾਲ ਬਰਾਬਰੀ ਕਰਨ ਦਾ ਦਰਜਾ ਹਾਸਲ ਹੋਇਆ ਹੈ । ਇਹ ਠੀਕ ਹੈ ਕਿ ਉਨ੍ਹਾਂ ਨੂੰ ਬਹੁਤ ਸਾਰੇ ਕਾਨੂਨੀ ਹੱਕ ਹਾਸਲ ਹੋਏ ਸਨ । ਉਨ੍ਹਾਂ ਦੀ ਆਰਥਿਕ ਸੁਤੰਤਰਤਾ ਵਿਚ ਵੀ ਵਾਧਾ ਹੋਇਆ ਸੀ । ਆਪਣੇ ਹਕਾਂ ਦੀ ਰਾਖੀ ਬਾਰੇ ਵੀ ਉਹ ਬਾਕੀ਼ ਸੰਸਾਰ ਦੀਆਂ ਔਰਤਾਂ ਨਾਲੋਂ ਵੱਧ ਚੇਤਨ ਸਨ । ਪਿਛਲੇ ਸਮਿਆਂ ਵਿਚ ਚੱਲੀ ਫੈਮਿਨਿਸਟ ਲਹਿਰ ਦਾ ਇਨ੍ਹਾਂ ਪ੍ਰਾਪਤੀਆਂ ਵਿਚ ਅਹਿਮ ਯੋਗਦਾਨ ਸੀ । ਪਰ ਅਚੇਤ ਤੌਰ ਉਤੇ ਇਸ ਲਹਿਰ ਦੇ ਬਹੁਤ ਸਾਰੇ ਨਾਂਹ ਪੱਖੀ ਪ੍ਰਭਾਵ ਵੀ ਪਏ ਸਨ । ਨਕਲ ਨੂੰ ਬਹੁਤ ਵਾਰ ਬਰਾਬਰੀ ਸਮਝਿਆ ਜਾਣ ਲੱਗਾ ਸੀ । ਇਸ ਝੂਠੀ ਬਰਾਬਰੀ ਦੇ ਚੱਕਰ ਵਿਚ ਔਰਤ ਦੀ ਆਪਣੀ ਸੁਤੰਤਰ ਪਛਾਣ ਹੀ ਖੁਰਨੀ ਸ਼ੁਰੂ ਹੋ ਗਈ ਸੀ । ਕੋਮਲਤਾ ਤੇ ਸਿਰਜਨਾਤਮਕਾ ਜੋ ਕਿ ਔਰਤ ਦੀ ਹੋਂਦ ਦਾ ਹਿੱਸਾ ਸੀ ਹੁਣ ਉਸ ਦੀ ਥਾਂ 'ਤੇ ਮਰਦਾਂ ਵਾਲੀ ਕਠੋਰਤਾ, ਹਮਲਾਵਰ ਮਾਨਸਿਕਤਾ ਤੇ ਹਿੰਸਾ ਨੇ ਲੈ ਲਈ ਸੀ ।
ਸਾਰੀ ਕਾਨੂੰਨੀ ਲਫਾਜ਼ੀ ਦੇ ਬਾਵਜੂਦ ਔਰਤ ਨੂੰ ਉਹ ਸਹਿਜ ਸਨਮਾਨ ਪਛੱਮ ਵਿਚ ਹੀ ਹਾਸਲ ਨਹੀਂ ਸੀ, ਜਿਸ ਦੀ ਉਹ ਹੱਕਦਾਰ ਸੀ । ਅੱਜ ਵੀ ਉਸ ਦਾ ਸਰੀਰ ਇਕ ਜਿਣਸ ਸੀ । ਜਿਸ ਦੀ ਵਰਤੋਂ ਸਨਅਤੀ ਇਕਾਈਆਂ ਦੂਜੇ ਮਾਲ ਦੀ ਸੇਲ ਵਧਾਉਣ ਲਈ ਕਰਦੀਆਂ ਸਨ । ਅੱਜ ਵੀ ਉਹ ਨੁਮਾਇਸ਼ ਦੀ ਗੁਡੀਆ ਸੀ । ਜਿਸ ਦੇ ਨੰਗੇਜ਼ ਨੂੰ ਦੇਖਣ ਖਾਤਰ ਡਾਲਰ ਖਰਚਨੇ ਪੈਂਦੇ ਸਨ । ਲਾਸ ਵੇਗਸ ਵਿਚ ਇਹ ਨਗਨ ਤਮਾਸ਼ਾ ਹਰ ਰਾਤ ਚਲਦਾ ਸੀ ਤੇ ਇਹ ਥਾਂ ਅਮਰੀਕਾ ਵਿਚ ਕਿਸੇ ਤੀਰਥ ਸਥਾਨ ਵਰਗਾ ਦਰਜਾ ਹੀ ਰੱਖਦੀ ਸੀ । ਲੋਕ ਉਥੇ ਘੱਟੋ ਘੱਟ ਇਕ ਵਾਰ ਜ਼ਰੂਰ ਹੋ ਕੇ ਆਉਣਾ ਆਪਣਾ ਇਖਲਾਕੀ ਫਰਜ਼ ਹੀ ਸਮਝਦੇ ਸਨ । ਇਹ ਉਸ ਸਭਿਅਤਾ ਦਾ ਆਇਨਾ ਸੀ, ਜੋ ਸਭ ਤੋਂ ਵੱਧ ਪ੍ਰਗਤੀਸ਼ੀਲ ਹੋਣ ਦਾ ਦੰਭ ਕਰਦੀ ਸੀ । ਮੁਨਸ਼ੀ ਪਰੇਮ ਚੰਦ ਨੇ 'ਗੋਦਾਨ' ਨਾਵਲ ਵਿਚ ਇਕ ਬੜੀ ਪਤੇ ਦੀ ਘੋਸ਼ਣਾ ਕੀਤੀ ਸੀ । ਉਸ ਦਾ ਕਹਿਣਾ ਸੀ ਕਿ ਕਿਸੇ ਮਰਦ ਵਿਚ ਔਰਤ ਵਾਲੇ ਗੁਣ ਆ ਜਾਣ ਤਾਂ ਉਹ ਮਹਾਨ ਹੋ ਜਾਂਦਾ ਹੈ । ਪਰ ਜੇ ਔਰਤ ਵਿਚ ਮਰਦਾਂ ਵਾਲੇ ਲੱਛਣਾਂ ਦੀ ਨਕਲ ਕਰਨ ਦੀ ਰੁਚੀ ਪੈਦਾ ਹੋ ਜਾਵੇ ਤਾਂ ਉਸ ਦਾ ਨਿਘਾਰ ਹੋ ਜਾਂਦਾ ਹੈ । ਬਹੁਤ ਸਾਰੇ ਮਨੋਵਿਗਿਆਨੀ ਤੇ ਰਹੱਸ ਦਰਸ਼ੀ ਵੀ ਉਸ ਦੇ ਨਿਰਣੇ ਨਾਲ ਸਹਿਮਤ ਹਨ । ਓਸ਼ੋ ਦਾ ਕਹਿਣਾ ਸੀ ਕਿ ਜਦੋਂ ਬੰਦਾ ਪਰਮ ਗਿਆਨ ਦੀ ਪ੍ਰਾਪਤੀ ਦੇ ਨੇੜੇ ਪਹੁੰਚਦਾ ਹੈ, ਉਹ ਵਧੇਰੇ ਔਰਤਾਂ ਵਰਗਾ ਹੁੰਦਾ ਜਾਂਦਾ ਹੈ। ਇਹ ਕਿਸੇ ਤਰ੍ਹਾਂ ਦੀ ਨਕਲ ਨਹੀਂ ਹੁੰਦੀ, ਸਗੋਂ ਚੇਤਨਾ ਦੇ ਵਿਕਾਸ ਦਾ ਸਹਿਜ ਫਲ ਹੁੰਦਾ ਹੈ । ਪਰ ਪੱਛਮ ਵਿਚ ਸਭ ਉਲਟਾ ਹੀ ਚੱਲ ਰਿਹਾ ਸੀ। ਮਰਦ ਤੋਂ ਅਜ਼ਾਦੀ ਦੇ ਨਾਂ ਉਤੇ ਔਰਤ ਨੂੰ ਵੀ ਮਰਦ ਬਣਾਇਆ ਜਾ ਰਿਹਾ ਸੀ । ਜ਼ਿੰਦਗੀ ਦੇ ਹਰ ਖੇਤਰ ਵਿਚ ਤਾਕਤਵਰ ਲੋਕਾਂ ਦਾ ਹੀ ਬੋਲਬਾਲਾ ਸੀ । ਇਸ ਲਈ ਸਦੀਆਂ ਤੋਂ ਦੱਬੀ ਔਰਤ ਅੰਦਰ ਤਾਕਤ ਦੀ ਇੱਛਾ ਪੈਦਾ ਹੋਣੀ ਇਕ ਕੁਦਰਤੀ ਗੱਲ ਸੀ । ਇਹ ਉਸ ਦੇ ਜਾਗਰਣ ਦੀ ਬਾਲ ਅਵਸਥਾ ਸੀ । ਆਪਣੀ ਕੋਮਲਤਾ ਕਾਰਨ ਉਸ ਨੇ ਬੇਸ਼ੁਮਾਰ ਤਸੀਹੇ ਝੱਲੇ ਸਨ । ਇਸ ਲਈ ਮਰਦਾਂ ਵਾਂਗ ਖੁਦ ਉਹ ਵੀ ਉਸ ਨੂੰ ਕਮਜ਼ੋਰੀ ਮੰਨਣ ਲੱਗ ਪਈ ਸੀ । ਉਹ ਇਤਿਹਾਸ ਦੀ ਉਸ ਸਾਜਿਸ਼ ਨੂੰ ਸਮਝਣ ਵਿਚ ਨਾਕਾਮ ਸੀ, ਜਿਸ ਦੀ ਉਹ ਅਣਭੋਲ ਹੀ ਸ਼ਿਕਾਰ ਬਣਦੀ ਜਾ ਰਹੀ ਸੀ। ਸਫਰ ਜਿਸ ਤੋਂ ਮੁਕਤ ਹੋਣ ਲਈ ਸ਼ੁਰੂ ਹੋਇਆ ਸੀ, ਮੰਜ਼ਿਲ ਖੁਦ ਉਹੋ ਬਣ ਜਾਣ ਦੇ ਰੂਪ ਵਿਚ ਸਾਹਮਣੇ ਆ ਰਹੀ ਸੀ ।
ਯੋਗੀ ਭਜਨ ਨੇ ਔਰਤਾਂ ਦਾ ਧਿਆਨ ਇਹ ਤਲਖ ਹਕੀਕਤ ਵੱਲ ਦੁਆਇਆ ਸੀ । ਉਸ ਅਨੁਸਾਰ ਮਰਦ ਦੀ ਬਰਾਬਰੀ ਦਾ ਸੌਦਾ ਔਰਤ ਲਈ ਘਾਟੇ ਦਾ ਸੌਦਾ ਹੈ । ਇਹ ਠੀਕ ਹੈ ਕਿ ਨਾਗਰਿਕ ਵਜੋਂ ਉਸ ਨੂੰ ਬਰਾਬਰ ਦੇ ਹੱਕ ਮਿਲਣੇ ਹੀ ਚਾਹੀਦੇ ਹਨ । ਪਰ ਔਰਤ ਦਾ ਵਜੂਦ ਇਸ ਨਾਲੋਂ ਕਿਤੇ ਵੱਧ ਵਿਸ਼ਾਲ ਹੈ । ਉਸ ਨੂੰ ਉਨ੍ਹਾਂ ਗੁਣਾਂ ਨੂੰ ਸੰਸਾਰ ਵਿਚ ਮਾਨਤਾ ਦਿਵਾਉਣ ਲਈ ਕੰਮ ਕਰਨਾ ਪਵੇਗਾ ਜੋ ਸਹਿਜੇ ਹੀ ਉਸ ਅੰਦਰ ਮੌਜੂਦ ਨੇ । ਸਦੀਆਂ ਦੇ ਮਰਦ ਪ੍ਰਧਾਨ ਸਭਿਆਚਾਰ ਨੇ ਉਨ੍ਹਾਂ ਨਾਲ ਕੁਝ ਖਾਸ ਕਿਸਮ ਦੀਆਂ ਹੀਣ ਭਾਵਨਾਵਾਂ ਨੂੰ ਨੱਥੀ ਕਰ ਦਿੱਤਾ ਸੀ । ਹੀਣਤਾ ਦੀਆਂ ਇਨ੍ਹਾਂ ਗ੍ਰੰਥੀਆਂ ਤੋਂ ਮੁਕਤ ਹੋ ਕੇ ਔਰਤ ਨੂੰ ਆਪਣੇ ਔਰਤ ਹੋਣ ਦਾ ਐਲਾਨ ਕਰਨਾ ਪਵੇਗਾ । ਉਸ ਨੂੰ ਆਪਣੇ ਗੌਰਵ ਦੀ ਘੋਸ਼ਣਾ ਕਰਨੀ ਪਵੇਗੀ । ਜਿੰਨੀ ਦੇਰ ਤੱਕ ਉਹ ਖੁਦ ਆਪਣੀ ਹੋਂਦ ਤੋਂ ਹੀ ਮੁਨਕਰ ਰਹੇਗੀ, ਉਹ ਉਸ ਸ਼ਾਨ ਨੂੰ ਹਾਸਲ ਨਹੀਂ ਹੋ ਸਕਦੀ ਜੋ ਕੁਦਰਤ ਨੇ ਖੁੱਲ੍ਹੇ ਮਨ ਨਾਲ ਉਸ ਤੇ ਲੁਟਾਈ ਹੈ ।
ਯੋਗੀ ਭਜਨ ਦੇ ਸ਼ਬਦਾਂ ਵਿਚ ਸੱਚ ਦੀ ਸ਼ਕਤੀ ਸੀ । ਉਨ੍ਹਾਂ ਨੇ ਅਮਰੀਕਾ ਦੇ ਰਾਜਸੀ ਢਾਂਚੇ ਤੇ ਜਿਣਸ ਸਭਿਆਚਾਰ ਵਿਚ ਔਰਤ ਦੀ ਸਹੀ ਸਥਿਤੀ ਉਨ੍ਹਾਂ ਸਾਹਮਣੇ ਬੇਲਿਹਾਜ਼ ਤੌਰ ਤੇ ਪੇਸ਼ ਕੀਤੀ ਸੀ । ਅਮਰੀਕਨ ਕਾਂਗਰਸ ਵਿਚ ਔਰਤਾਂ ਦੀ ਗਿਣਤੀ, ਸੈਨਟਰਾਂ ਵਿਚ ਉਨ੍ਹਾਂ ਦੀ ਗਿਣਤੀ । ਇਕ ਵੀ ਔਰਤ ਦਾ ਦੇਸ਼ ਦਾ ਪ੍ਰਧਾਨ ਨਾ ਬਣ ਪਾਉਣਾ । ਇਹ ਸਭ ਮੂੰਹੋਂ ਬੋਲਦੇ ਤੱਥ ਸਨ ਕਿ ਰੋਟੀ ਬਣਾਉਣ ਦੀ ਕੀਮਤ ਤੁਸੀਂ ਘੰਟੇ ਦੇ ਚਾਰ ਡਾਲਰ ਮਿੱਥ ਸਕਦੇ ਹੋ । ਪਰ ਜਦੋਂ ਉਹ ਔਰਤ ਆਪਣੇ ਖੁਨ ਨੂੰ ਦੁੱਧ 'ਚ ਪਲਟਾ ਕੇ ਬੱਚੇ ਅੰਦਰ ਪ੍ਰਾਣਾਂ ਦਾ ਸੰਚਾਰ ਕਰਦੀ ਹੈ, ਉਸ ਨੂੰ ਤੁਸੀਂ ਕਿਹੜੀ ਮੁਦਰਾ ਵਿਚ ਮਾਪੋਗੇ ?
ਯੋਗੀ ਭਜਨ ਨੇ ਇਹ ਸਿੱਟਾ ਪੱਛਮ ਦੇ ਸਾਹਮਣੇ ਰੱਖਿਆ ਸੀ ਕਿ ਕੋਈ ਤਕਨੀਕ, ਵਿਗਿਆਨ, ਧਰਮ ਕੁਝ ਨਹੀਂ ਕਰ ਸਕਦਾ । ਜਿੰਨੀ ਦੇਰ ਤੱਕ ਔਰਤ ਦਾ ਸਨਮਾਨ ਬਹਾਲ ਨਹੀਂ ਹੁੰਦਾ, ਇਸ ਧਰਤੀ ਉਤੇ ਅਮਨ ਨਹੀਂ ਹੋ ਸਕਦਾ । ਜਿਸ ਧਰਤੀ ਉਤੇ ਔਰਤ ਅੰਦਰ ਅਸੁਰੱਖਿਆ ਹੈ, ਉਥੇ ਆਉਂਦੀਆਂ ਨਸਲਾਂ ਡਰ ਦੇ ਹੀ ਸਾਏ ਹੇਠ ਜਨਮ ਲੈਣਗੀਆਂ । ਇਹੋ ਡਰ ਉਨ੍ਹਾਂ ਦੇ ਨਾਲ ਨਾਲ ਵਧੇਗਾ ਤੇ ਪੂਰੀ ਦੀ ਪੂਰੀ ਕੌਮ ਖੌਫ਼ ਦੇ ਜਾਲ ਵਿਚ ਉਲਝ ਜਾਏਗੀ ਤੇ ਇਹ ਡਰੀਆਂ ਹੋਈਆਂ ਕੌਮਾਂ ਕੀ ਕਰਨਗੀਆਂ । ਸੰਸਾਰ ਉਤੇ ਝਾਤ ਮਾਰ ਕੇ ਕੋਈ ਵੀ ਇਸ ਸਵਾਲ ਦਾ ਜਵਾਬ ਹਾਸਲ ਕਰ ਸਕਦਾ ਹੈ । ਇਹ ਹਥਿਆਰਾਂ ਦੀ ਦੌੜ, ਨਵੇਂ ਨਵੇਂ ਮਾਰੂ ਤਜ਼ਰਬੇ ਇਹ ਸਭ ਡਰੇ ਹੋਏ ਮਨਾਂ ਦੇ ਤਰਲੇ ਨੇ, ਜੋ ਕਿਸੇ ਤਰ੍ਹਾਂ ਆਪੇ ਸਿਰਜੇ ਤੰਦੂਆਂ ਜਾਲ ਤੋਂ ਛੁੱਟਣ ਲਈ ਫਾਲਤੂ ਹੱਥ ਪੈਰ ਮਾਰਦੇ ਰਹਿੰਦੇ ਹਨ ।
ਸਵਾਲਾਂ ਦੀ ਤੀਰਾਂ ਵਰਗੀ ਬੋਛਾਰ ਨਾਲ ਯੋਗੀ ਭਜਨ ਆਪਣੇ ਸਰੋਤਿਆਂ ਨੂੰ ਹਲੂਣ ਰਹੇ ਸਨ । ਉਹ ਕੌਣ ਨੇ ? ਕੀ ਨੇ ? ਉਨ੍ਹਾਂ ਦਾ ਅਸਲ ਸੁਭਾਅ ਕੀ ਹੈ ? ਮਰਦਾਂ ਨਾਲੋਂ ਉਨ੍ਹਾਂ ਦੇ ਕੁਦਰਤੀ ਵਖਰੇਵੇਂ ਕੀ ਨੇ ? ਕੀ ਉਨ੍ਹਾਂ ਦਾ ਮਨ ਤੇ ਬੁੱਧੀ ਹੂ-ਬ-ਹੂ ਮਰਦਾਂ ਵਾਂਗ ਹੀ ਕੰਮ ਕਰਦੀ ਹੈ ? ਉਸ ਦੀਆਂ ਭਾਵਨਾਵਾਂ ਕੀ ਨੇ ? ਕੀ ਰਿਸ਼ਤਿਆਂ ਬਾਰੇ ਉਸ ਦੀ ਪਹੁੰਚ ਪੁਰਸ਼ਾਂ ਵਰਗੀ ਹੀ ਹੈ ? ਉਸ ਦੀ ਰੂਹ ਕੀ ਹੈ ? ਉਸ ਦਾ ਉਸ ਦੇ ਸਰੀਰ, ਉਸ ਦੀ ਜ਼ਿੰਦਗੀ ਨਾਲ ਕੀ ਸਬੰਧ ਹੈ ? ਕੀ ਉਸ ਅੰਦਰ ਕੁਝ ਹੈ ਜੋ ਔਰਤ-ਮਰਦ ਦੀ ਵੰਡ ਤੋਂ ਉਪਰ ਹੈ ? ਅਨੇਕਾਂ ਇਹੋ ਜਿਹੇ ਸਵਾਲ ਜੋ ਕਿਸੇ ਨੂੰ ਵੀ ਜੜੋਂ ਹਿਲਾਉਣ ਲਈ ਕਾਫੀ ਸਨ ।
ਯੋਗੀ ਭਜਨ ਲਈ ਇਹ ਮਾਮਲਾ ਸਿਰਫ਼ ਸਮਾਜੀ-ਰਾਜਸੀ ਅਰਥਾਂ ਤੱਕ ਹੀ ਸੀਮਤ ਨਹੀਂ ਸੀ । ਉਹ ਇਸ ਦੇ ਮਨੋਵਿਗਿਆਨਕ ਪਿਛੋਕੜ ਤੋਂ ਵੀ ਪੂਰੀ ਤਰ੍ਹਾਂ ਜਾਣੂ ਸਨ । ਇਸ ਲਈ ਮੁਕਤੀ ਦਾ ਜੋ ਰਾਹ ਉਨ੍ਹਾਂ ਨੇ ਚੁਣਿਆ ਸੀ ਉਹ ਰਾਜਸੀ ਨਹੀਂ ਸੀ । ਉਹ ਧਿਆਨ ਦਾ ਮਾਰਗ ਸੀ । ਯੋਗੀ ਭਜਨ ਮਨੁੱਖ ਦੀ ਮੁਕਤੀ ਨੂੰ ਵੰਡੇ ਹੋਏ ਰੂਪ ਵਿਚ ਨਹੀਂ ਦੇਖਦੇ । ਉਨ੍ਹਾਂ ਦੀ ਸਾਫ ਸਮਝ ਹੈ ਕਿ ਜੇਕਰ ਔਰਤ ਦੀ ਪੂਰਣ ਸੁਤੰਤਰਤਾ ਤੋਂ ਬਿਨਾ ਸੁੰਦਰ ਸੰਸਾਰ ਦੀ ਕਲਪਨਾ ਨਹੀਂ ਹੋ ਸਕਦੀ ਤਾਂ ਨਾਲ ਹੀ ਨਾਲ ਪੁਰਸ਼ ਮਨ ਨੂੰ ਸਦੀਆਂ ਤੋਂ ਪ੍ਰਚਲਤ ਧਾਰਨਾਵਾਂ ਤੇ ਉਸ ਦੇ ਅਵਚੇਤਨ ਵਿਚ ਦੱਬੇ ਗੰਦ ਮੰਦ ਤੋਂ ਖਹਿੜਾ ਛੁਡਾਏ ਬਗੈਰ ਔਰਤ ਦੀ ਕਿਸੇ ਵੀ ਤਰ੍ਹਾਂ ਦੀ ਅਜ਼ਾਦੀ ਅਧੂਰੀ ਹੀ ਰਹੇਗੀ । ਇਹ ਭ੍ਰਾਮਕ ਆਜ਼ਾਦੀ ਔਰਤ-ਮਰਦ ਦਰਮਿਆਨ ਟਕਰਾਉ ਨੂੰ ਨਵੀਆਂ ਸਿਖਰਾਂ ਤੱਕ ਪਹੁੰਚਾ ਕੇ ਟੱਬਰਾਂ ਦੀ ਸਥਿਰਤਾ ਨੂੰ ਖ਼ਤਮ ਕਰਨ ਤੋਂ ਵੱਧ ਕੁਝ ਨਹੀਂ ਕਰ ਸਕਦੀ । ਯੋਗੀ ਭਜਨ ਦੇ ਇਹ ਕਥਨ ਉਨ੍ਹਾਂ ਲੋਕਾਂ ਦੇ ਨਿਜੀ ਤਜਰਬੇ ਨਾਲ ਕਾਫੀ ਮੇਲ ਖਾਂਦੇ ਸੀ । ਇਸ ਕਾਰਨ ਉਨ੍ਹਾਂ ਦੀ ਅਪੀਲ ਹੋਰ ਵੀ ਵੱਧ ਜਾਂਦੀ ਸੀ । ਉਨ੍ਹਾਂ ਅਨੁਸਾਰ ਮਰਦ ਅਤੇ ਔਰਤ ਦੋ ਵੱਖ ਵੱਖ ਇਕਾਈਆਂ ਨਹੀਂ ਸਗੋਂ ਇਕੋ ਹੀ ਇਕਾਈ ਦੇ ਹਿੱਸੇ ਹਨ । ਵਖਰੇਵਿਆਂ ਦੇ ਬਾਵਜੂਦ ਉਹ ਇਕ ਦੂਜੇ ਦੇ ਪੂਰਕ ਹਨ । ਇਸ ਲਈ ਸੰਪੂਰਨ ਇਕਾਈ ਦਾ ਕੋਈ ਵੀ ਹਿੱਸਾ ਜਦੋਂ ਅਣਗੌਲਿਆ ਰਹਿ ਜਾਂਦਾ ਹੈ ਜਾਂ ਉਸ ਦਾ ਦਮਨ ਹੁੰਦਾ ਹੈ, ਤਾਂ ਉਸ ਦਾ ਪ੍ਰਭਾਵ ਸਮੁੱਚੀ ਇਕਾਈ 'ਤੇ ਹੀ ਪੈਂਦਾ ਹੈ । ਇਸ ਤੋਂ ਵੀ ਅੱਗੇ ਇਸ ਦਾ ਅਸਰ ਫੈਲਦੇ ਫੈਲਦੇ ਪੂਰੀ ਸਭਿਅਤਾ ਅੰਦਰ ਅਸੰਤੁਲਨ ਪੈਦਾ ਕਰ ਦਿੰਦਾ ਹੈ । ਉਸ ਦੀ ਸਮਝ ਅਸਲ ਵਿਚ ਵਾੲ੍ਹੀਟ ਤੰਤਰ ਯੋਗ ਦੀ ਤਹਿ ਵਿਚ ਚੱਲ ਰਹੀ ਚਿੰਤਨ ਧਾਰਾ ਨੂੰ ਹੀ ਪ੍ਰਗਟਾਉਂਦੀ ਹੈ ।
ਯੋਗੀ ਭਜਨ ਅਸਲ ਵਿਚ ਕਰਮ ਯੋਗੀ ਸਨ । ਉਨ੍ਹਾਂ ਦਾ ਕੋਈ ਵੀ ਉਪਰਾਲਾ ਸਿਰਫ ਚਿੰਤਨ ਦੇ ਖੇਤਰ ਤੱਕ ਹੀ ਮਹਿਦੂਦ ਨਹੀਂ ਸੀ ਰਹਿੰਦਾ। ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਛੇੜੀ ਗਈ ਮੁਹਿੰਮ ਦੇ ਨਾਲ ਹੀ ਉਨ੍ਹਾਂ ਨੇ ਇਕ ਮੋਰਚਾ ਹੋਰ ਖੋਲ੍ਹ ਦਿੱਤਾ । ਇਥੇ ਉਨ੍ਹਾਂ ਦਾ ਉਦੇਸ਼ ਔਰਤ ਦੇ ਖੁੱਸੇ ਹੋਏ ਸਨਮਾਨ ਨੂੰ ਬਹਾਲ ਕਰਾਉਣਾ ਸੀ । ਉਨ੍ਹਾਂ ਦੀ ਦ੍ਰਿਸ਼ਟੀ ਵਿਚ ਇਹ ਦੋਨੋ ਜੁੜੇ ਹੋਏ ਸਨ । ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਕਿਸੇ ਵੀ ਮੰਦਰ, ਮਸੀਤ ਜਾਂ ਗੁਰਦੁਆਰੇ ਵਿਚ ਨਹੀਂ ਰਹਿੰਦਾ । ਉਹ ਤਾਂ ਉਨ੍ਹਾਂ ਘਰਾਂ ਵਿਚ ਵਸਦਾ ਹੈ, ਜਿਥੇ ਪਿਆਰ ਦਾ ਨਿੱਘ ਹੁੰਦਾ ਹੈ। ਜਦ ਇਹ ਨਿੱਘ ਮੁਕ ਜਾਂਦਾ ਹੈ, ਘਰ ਟੁੱਟਦੇ ਹਨ, ਰਿਸ਼ਤੇ ਤਿੜਕਦੇ ਤਾਂ ਸਮਾਜ ਵਿਚ ਕਈ ਤਰ੍ਹਾਂ ਦੀਆਂ ਅਲਾਮਤਾਂ ਫੈਲਦੀਆਂ ਹਨ । ਨਸ਼ਿਆਂ ਦੀ ਹਵਸ ਉਨ੍ਹਾਂ ਵਿਚੋਂ ਇਕ ਸੀ ।
22 ਸਤੰਬਰ 1970 ਵਾਲੇ ਦਿਨ ਉਨ੍ਹਾਂ ਨੇ ਔਰਤਾਂ ਦੀ ਬੰਦ ਖੁਲਾਸੀ ਲਈ ਛੇੜੀ ਜਾਣ ਵਾਲੀ ਮੁਹਿੰਮ ਦਾ ਬਿਗਲ ਵਜਾ ਦਿੱਤਾ । ਇਹ ਮਹਾਂ ਯਾਤਰਾ ਦਾ ਅਰੰਭ ਸਾਨ ਫਰਾਂਸਿਸਕੋ ਦੇ ਖਾੜੀ ਇਲਾਕੇ ਤੋਂ ਹੋਇਆ ਸੀ । ਔਰਤਾਂ ਲਈ ਉਨ੍ਹਾਂ ਦਾ ਸੰਦੇਸ਼ ਬਿਲਕੁਲ ਸਾਦਾ ਸੀ । ਉਨ੍ਹਾਂ ਨੇ ਦੱਸਿਆ ਕਿ ਸੰਸਾਰ ਦਾ ਆਰੰਭ ਤੇ ਅੰਤ ਔਰਤ ਨਾਲ ਹੀ ਜੁੜਿਆ ਹੈ । ਜਦੋਂ ਔਰਤ ਦਾ ਪਤਨ ਹੁੰਦਾ ਹੈ ਤਾਂ ਪੀੜੀਆਂ ਦੀਆਂ ਪੀੜੀਆਂ ਨਿੱਘਰ ਜਾਂਦੀਆਂ ਹਨ। ਔਰਤ ਦਾ ਉਥਾਨ ਹੀ ਰੱਬੀ ਉਥਾਨ ਹੈ । ਔਰਤ ਇਸ ਸੰਸਾਰ ਵਿਚ ਰੱਬੀ ਸ਼ਾਨ ਦੀ ਪ੍ਰਤੀਕ ਹੈ । ਉਸ ਦੇ ਮੁਕਤ ਵਿਕਾਸ ਰਾਂਹੀਂ ਹੀ ਮਨੁੱਖ ਜਾਤੀ ਦੀ ਚੇਤਨਾ ਉਚੇਰੀਆਂ ਮੰਜ਼ਲਾਂ ਵੱਲ ਦਾ ਸਫਰ ਸ਼ੁਰੂ ਕਰ ਸਕਦੀ ਹੈ । ਇਨ੍ਹਾਂ ਵਿਚਾਰਾਂ ਨੂੰ ਅਨੁਭਵ ਦਾ ਹਿੱਸਾ ਬਣਾਉਣ ਲਈ ਇਕ ਵਿਸ਼ੇਸ਼ ਧਿਆਨ ਵਿਧੀ ਉਨ੍ਹਾਂ ਨੂੰ ਸਿਖਾਈ ਗਈ ਸੀ ।
ਧਿਆਨ ਨੇ ਉਨ੍ਹਾਂ ਅੰਦਰ ਸਵੈ ਵਿਸ਼ਵਾਸ ਦੀ ਅਲਖ ਜਗਾਈ ਸੀ । ਉਸ ਜੋਤ ਦਾ ਨੂਰ ਹੁਣ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ ਝਲਕਦਾ ਸੀ । ਇਸੇ ਨੂਰ ਵਿਚੋਂ ਪੈਦਾ ਹੋਈ ਸੀ 'ਗ੍ਰੇਸ ਔਫ ਦਾ ਗੌਡ ਮੂਵਮੈਂਟ' । ਅਰਥਾਤ ਪ੍ਰਮਾਤਮਾ ਦੀ ਸ਼ਾਨ ਦੀ ਲਹਿਰ । ਔਰਤਾਂ ਦੀ ਅਜ਼ਾਦੀ ਲਈ ਸ਼ੁਰੂ ਕੀਤੀ ਗਈ ਇਹ ਬਿਲਕੁਲ ਹੀ ਵਖਰੀ ਤਰ੍ਹਾਂ ਦੀ ਲਹਿਰ ਸੀ । ਪਰੰਪਰਾਗਤ ਫੈਮਿਨਿਸਟ ਲਹਿਰਾਂ ਵਾਂਗ ਨਾ ਤਾਂ ਕਿਸੇ ਦਾ ਵਿਰੋਧ ਸੀ ਨਾ ਹੀ ਕੋਈ ਕੰਨ ਪਾੜਵੇਂ ਨਾਅਰੇ । ਇਸ ਤੋਂ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਭੜਕਾਹਟ ਪੈਦਾ ਨਹੀਂ ਸੀ ਹੁੰਦੀ । ਫੇਰ ਵੀ ਉਸ ਦਾ ਅਸਰ ਡੂੰਘਾ ਸੀ ।
22 ਸਤੰਬਰ ਦੀ ਰਾਤ ਯੋਗੀ ਭਜਨ ਦੀਆਂ ਕੁਝ ਵਿਦਿਆਰਥਣਾਂ ਸਿੱਖੀ ਬਾਣੇ ਵਿਚ ਲਿਪਟੀਆਂ, ਹੱਥਾਂ ਵਿਚ ਮੋਮਬੱਤੀਆਂ ਲਈਂ ਸੜਕਾਂ 'ਤੇ ਉਤਰੀਆਂ ਸਨ । ਨਾਰਥ ਬੀਚ ਦਾ ਇਲਾਕਾ, ਜੋ ਉਸ ਸ਼ਹਿਰ ਦਾ ਸਭ ਤੋਂ ਬਦਨਾਮ ਏਰੀਆ ਸੀ । ਚਿੱਟੇ ਦੁੱਧ ਵਸਤਰ ਤੇ ਹੱਥਾਂ ਵਿਚ ਜਗਦੀਆਂ ਰੋਸ਼ਨੀਆਂ ਦਾ ਕਾਫਲਾ ਹੌਲੀ ਹੌਲੀ ਅੱਗੇ ਵੱਧ ਰਿਹਾ ਸੀ । ਅਸੀਂ ਉਸ ਰੱਬ ਦੀ ਸ਼ਾਨ ਹਾਂ ਇਹੋ ਬੋਲ ਉਚਾਰਦੀਆਂ ਉਹ ਹਰ ਉਸ ਥਾਂ 'ਤੇ ਗਈਆਂ ਜਿਥੇ ਹਨੇਰਾ ਕੁੰਡਲ ਮਾਰੀਂ ਬੈਠਾ ਸੀ ।
ਰਾਤ ਦੀ ਮਦਹੋਸ਼ੀ ਪੂਰੇ ਜੋਬਨ 'ਤੇ ਸੀ । ਪੂਰਾ ਸ਼ਹਿਰ ਨਸ਼ੇ ਦੀ ਲੋਰ ਵਿਚ ਸੀ । ਉਹ ਹਰ ਉਸ ਥਾਂ 'ਤੇ ਗਈਆਂ, ਲਾਲ ਬੱਤੀ ਵਾਲੇ ਇਲਾਕਿਆਂ 'ਚ, ਨੰਗੇਜ਼ ਨਾਲ ਲਬਰੇਜ਼ ਸ਼ਰਾਬ ਦੀਆਂ ਬਾਰਾਂ ਵਿਚ, ਪੋਰਨੋ ਥੀਏਟਰਾਂ ਵਿਚ । ਫਿਜ਼ਾਵਾਂ ਵਿਚ ਉਨ੍ਹਾਂ ਦੀ ਆਵਾਜ਼ ਗੂੰਜਦੀ । ਉਹ ਗਾ ਰਹੀਆਂ ਸਨ ਕਿ ਉਹ ਉਸ ਪ੍ਰਮਾਤਮਾ ਦੀ ਸ਼ਾਨ ਹਨ । ਹੈਰਾਨ ਪਰੇਸ਼ਾਨ ਲੋਕ ਬੁੱਤ ਬਣੇ ਸਨ । ਉਨ੍ਹਾਂ ਦੇ ਚਿਹਰੇ, ਚਾਲ ਢਾਲ ਹਰ ਚੀਜ਼ ਤੋਂ ਡੂੰਘੀ ਸ਼ਾਂਤੀ ਫੈਲਦੀ ਜਾਪਦੀ ਸੀ । ਲੋਕ ਮੂੰਹ ਅੱਡੀ ਬੱਸ ਉਨ੍ਹਾਂ ਨੂੰ ਕੋਲੋਂ ਲੰਘਦੇ ਬਸ ਦੇਖਦੇ ਹੀ ਰਹਿ ਜਾਂਦੇ । ਪ੍ਰਮਾਤਮਾ ਦੀ ਸ਼ਾਨ ਦਾ ਉਨ੍ਹਾਂ ਦਾ ਗਾਨ ਹਵਾਵਾਂ ਸੰਗ ਰਲ ਕੇ ਮਨ ਅੰਦਰ ਤੁਰਿਆ ਜਾਂਦਾ ।
ਯੋਗੀ ਭਜਨ ਦੀਆਂ ਕੋਸ਼ਿਸ਼ਾਂ ਦਾ ਸੰਤ ਇਥੇ ਹੀ ਨਹੀਂ ਸੀ ਹੋਇਆ । ਸੰਨ 1976 ਦੇ ਸਾਲਾਨਾ ਸਾਧਨਾ ਸ਼ਿਵਰ ਤੋਂ ਬਾਅਦ ਉਨ੍ਹਾਂ ਨੇ ਐਸਪਨੋਲਾ ਵਿਚ ਪਹਿਲੇ ਖਾਲਸਾ ਵੂਮੈਨ ਟ੍ਰੇਨਿੰਗ ਕੈਂਪ ਦਾ ਐਲਾਨ ਕਰ ਦਿੱਤਾ । 2 ਮਹੀਨੇ ਚੱਲਣ ਵਾਲੇ ਇਸ ਕੈਂਪ ਵਿਚ ਹਿੱਸਾ ਲੈਣ ਲਈ ਦੁਨੀਆ ਭਰ ਦੀਆਂ ਔਰਤਾਂ ਨੂੰ ਸੁਨੇਹੇ ਭੇਜੇ ਗਏ ਸਨ । 3 ਐਚ ਓ ਰਾਹੀਂ ਇਹ ਖਬਰ ਤੇਜ਼ੀ ਨਾਲ ਚੌਹੀਂ ਪਾਸੀ ਫੈਲ ਗਈ । ਕਰੀਬ 200 ਔਰਤਾਂ ਨੇ ਇਸ ਕੈਂਪ ਵਿਚ ਹਿੱਸਾ ਲਿਆ ਸੀ ।
ਖੁਲ੍ਹੇ ਮੈਦਾਨ ਵਿਚ ਰੁੱਖਾਂ ਥੱਲੇ ਟੈਂਟ ਲਗਾ ਕੇ ਰਹਿਣ ਦਾ ਬੰਦੋਬਸਤ ਕੀਤਾ ਗਿਆ ਸੀ । ਅਰਾਮ ਪਸੰਦ ਲੋਕਾਂ ਲਈ ਇਹ ਕੈਂਪ ਇਕ ਵੱਡੀ ਚੁਣੌਤੀ ਸੀ । ਹਰ ਕਦਮ 'ਤੇ ਵੰਗਾਰ ਸੀ । ਸਾਰਾ ਸ਼ਡਿਊਲ ਇਕ ਦਮ ਟਾਈਟ ਸੀ । ਸਾਧਨਾ ਤੋਂ ਬਾਅਦ ਇਕ ਮੀਲ ਦੀ ਦੌੜ । ਨਾਸ਼ਤੇ ਤੋਂ ਬਾਅਦ ਫੇਰ ਤੈਰਾਕੀ ਜਾਂ ਟੈਨਿਸ । ਉਸ ਬਾਗ ਦੀ ਜ਼ਮੀਨ ਉਨ੍ਹਾਂ ਨੂੰ ਆਪ ਜੋਤਨੀ ਪੈਂਦੀ ਸੀ, ਜਿਥੋਂ ਉਨ੍ਹਾਂ ਦਾ ਭੋਜਨ ਆਉਂਦਾ ਸੀ । ਪੰਜ ਫੁੱਟੀ ਕੰਧ ਉਤੇ ਬਿਨਾ ਕਿਸੇ ਦੀ ਮੱਦਦ ਤੋਂ ਚੜਨਾ, ਕੂਹਣੀਆਂ ਭਾਰ ਰਿੜ ਕੇ ਚਿਕੜ ਵਿਚ ਦੀ ਲੰਘਣਾ । ਇਹ ਸਭ ਕੈਂਪ ਦੀਆਂ ਗਤੀਵਿਧੀਆਂ ਦਾ ਹਿੱਸਾ ਸੀ । ਇਸ ਤੋਂ ਇਲਾਵਾ ਪਰੰਪਰਾਗਤ ਸਿੱਖ ਮਾਰਸ਼ਲ ਆਰਟ ਗਤਕਾ ਸਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ । ਫੇਰ ਘੰਟੀ ਵਜਦੇ ਸਾਰ ਹੀ ਅਗਲੀ'ਕਰਾਟੇ ਕਲਾਸ' ਸ਼ੁਰੂ ਹੋ ਜਾਂਦੀ । ਯੋਗੀ ਭਜਨ ਨੇ ਉਸ ਕੈਂਪ ਦੀ ਅਹਿਮੀਅਤ ਦਾ ਉਨ੍ਹਾਂ ਨੂੰ ਅਹਿਸਾਸ ਕਰਵਾ ਦਿੱਤਾ ਸੀ । ਇਹ ਉਹ ਸਮਾਂ ਸੀ ਜਿੱਥੇ ਭਵਿੱਖ ਦੀ ਨੀਂਹ ਰੱਖੀ ਜਾ ਰਹੀ ਸੀ ।
ਯੋਗੀ ਭਜਨ ਇਸ ਕੈਂਪ ਦੀ ਵਿਆਖਿਆ ਲਈ ਆਦਿ ਸ਼ਕਤੀ ਚਿੰਨ੍ਹ ਵਿਚਲੀ ਪ੍ਰੇਰਣਾ ਨੂੰ ਹੀ ਆਪਣਾ ਅਧਾਰ ਬਣਾ ਰਹੇ ਸਨ । ਆਉਣ ਵਾਲੇ ਜਿਸ ਸਮੇਂ ਲਈ ਇਹ ਸਿਖਲਾਈ ਦਿੱਤੀ ਜਾ ਰਹੀ ਸੀ , ਉਥੇ ਸ਼ਕਤੀ ਅਤੇ ਸ਼ਰਧਾ, ਸੁਰੱਖਿਆ 'ਤੇ ਸੁੰਦਰਤਾ ਸਭ ਸ਼ੋਬਿਆਂ ਵਿਚ ਸੰਤੁਲਨ ਬਣਾਉਣਾ ਜ਼ਰੂਰੀ ਸੀ । ਇਹ ਇਕ ਤਰ੍ਹਾਂ ਸੰਤ ਸਿਪਾਹੀ ਦੇ ਸੰਕਲਪ ਦਾ ਹੀ ਵਿਕਾਸ ਸੀ । ਭਗੌਤੀ ਦੇ ਪੁਰਾਤਨ ਚਿੰਨ੍ਹ ਵਿਚ ਦੇਵੀ ਦੀਆਂ ਅੱਠਾਂ ਬਾਹਾਂ ਵਿਚ ਜੋ ਵਸਤਾਂ ਹਨ ਉਹ 'ਯਿਨ-ਯਾਂਗ' ਊਰਜਾ ਦੇ ਸੰਤੁਲਨ ਦੀਆਂ ਹੀ ਪ੍ਰਤੀਕ ਹਨ । ਚਾਰ ਬਾਹਾਂ ਵਿਚ ਹਥਿਆਰ ਹਨ ਅਤੇ ਬਾਕੀ ਦੇ ਚਾਰ ਹੱਥਾਂ ਵਿਚ ਫੁੱਲ ਤੇ ਮਾਲਾਵਾਂ ਵਰਗੀਆਂ ਕੋਮਲ ਭਾਵੀ ਚੀਜ਼ਾਂ ਹਨ । ਇਹੋ ਸੰਤੁਲਨ ਯੋਗੀ ਭਜਨ ਦੀਆਂ ਕੋਸ਼ਿਸ਼ਾਂ ਦਾ ਉਦੇਸ਼ ਸੀ ।
ਯੋਗੀ ਭਜਨ ਨੇ ਉਨ੍ਹਾਂ ਨੂੰ ਦੱਸਿਆ ਕਿ ਸਿੱਖ ਧਰਮ ਮਰਦ ਅਤੇ ਔਰਤ ਦਰਮਿਆਨ ਕਿਸੇ ਭੇਦ ਭਾਵ ਦੀ ਇਜਾਜ਼ਤ ਨਹੀਂ ਦਿੰਦਾ । ਖਾਲਸੇ ਦੀ ਹੋਂਦ ਲਿੰਗ ਵਿਭਾਜਨ ਤੋਂ ਉਪਰ ਹੈ । ਸਭ ਦੇ ਹੱਕ ਤੇ ਫਰਜ਼ ਬਰਾਬਰ ਸਨ । ਸਿਧਾਂਤਕ ਤੌਰ ਤੇ ਇਹ ਸਭ ਕਬੂਲਣ ਦੇ ਬਾਵਜੂਦ ਵੀ ਅਸਲ ਵਿਚ ਕੁਝ ਹੋਰ ਹੀ ਵਾਪਰ ਰਿਹਾ ਸੀ । ਔਰਤਾਂ ਨੂੰ ਹਰਿਮੰਦਰ ਸਾਹਿਬ ਵਿਚ ਕੀਰਤਨ ਤੇ ਸੇਵਾ ਦਾ ਹੱਕ ਨਹੀਂ ਸੀ । ਸਿੱਖ ਧਰਮ ਦੀ ਕੌਮਾਂਤਰੀ ਕੌਂਸਲ ਨੇ ਕਈ ਵਾਰ ਇਹ ਸਵਾਲ ਖੜ੍ਹੇ ਕੀਤੇ ਸਨ । ਅਕਾਲ ਤਖਤ ਦੇ ਵੱਖ ਵੱਖ ਜਥੇਦਾਰ ਸਾਹਿਬਾਨਾਂ ਨਾਲ ਇਸ ਮਾਮਲੇ ਉਤੇ ਗੱਲਬਾਤ 'ਤੇ ਖਤੋ ਖਿਤਾਬਤ ਵੀ ਕੀਤੀ ਗਈ ਸੀ । ਉਨ੍ਹਾਂ ਨੂੰ ਇਸ ਮਾਮਲੇ ਵਿਚ ਛੇਤੀ ਹੀ ਸੁਧਾਰ ਕਰਨ ਦਾ ਯਕੀਨ ਦਿੱਤਾ ਗਿਆ ਸੀ ।
26 ਅਗਸਤ 1980 ਸ੍ਰੀ ਸਿੰਘ ਸਾਹਿਬ ਹਰਿਭਜਨ ਸਿੰਘ ਯੋਗੀ ਦੇ ਜਨਮਦਿਨ ਉਤੇ ਵਾਪਰੀ ਘਟਨਾ ਇਸੇ ਸਿਲਸਿਲੇ ਦੀ ਹੀ ਇਕ ਕੜੀ ਹੈ । ਇਸ ਮੌਕੇ 'ਤੇ ਸ੍ਰੀ ਸਿੰਘ ਸਾਹਿਬ ਜੀ ਦੀ ਤੰਦਰੁਸਤੀ ਲਈ ਸ਼੍ਰੀ ਹਰਿਮੰਦਰ ਸਾਹਿਬ ਦੀ ਛੱਤ ਉਤੇ ਅਖੰਡ ਪਾਠ ਦਾ ਭੋਗ ਰੱਖਿਆ ਗਿਆ। ਭੋਗ ਤੋਂ ਬਾਅਦ ਵਿਕਰਮ ਸਿੰਘ ਖਾਲਸਾ ਕੀਰਤਨ ਕਰ ਰਹੇ ਸਨ । ਸਹਿਜ ਸੁਭਾਅ ਹੀ ਉਨ੍ਹਾਂ ਨੇ ਆਪਣੇ ਤੋਂ ਬਾਅਦ ਹਰਮੋਨੀਅਮ ਕ੍ਰਿਸ਼ਨ ਕੌਰ ਖਾਲਸਾ ਵੱਲ ਨੂੰ ਸਰਕਾ ਦਿੱਤਾ । ਉਹ ਹਾਲੇ ਤਿਆਰੀ ਕਰ ਹੀ ਰਹੀ ਸੀ ਕਿ ਕੁਝ ਸੇਵਾਦਾਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਉਹ ਮਰਿਯਾਦਾ ਦੀ ਉਲੰਘਣਾ ਦਾ ਰੌਲਾ ਪਾ ਰਹੇ ਸੀ । ਉਸ ਤੋਂ ਪਹਿਲਾਂ ਕਦੇ ਵੀ ਕਿਸੇ ਔਰਤ ਨੇ ਹਰਿਮੰਦਰ ਦੀ ਚਾਰ ਦੀਵਾਰੀ ਦੇ ਅੰਦਰ ਕੀਰਤਨ ਨਹੀਂ ਸੀ ਕੀਤਾ । ਵਿਰੋਧ ਕਰਨ ਵਾਲੇ ਸੇਵਾਦਾਰ ਅੱਗੇ ਵੱਧ ਹੀ ਰਹੇ ਸਨ ਕਿ ਐਨ ਉਸੇ ਵੇਲੇ ਬਾਬਾ ਨਿਹਾਲ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਨੇ ਆ ਕੇ ਵਿਚਾਲੇ ਪੁਜ਼ੀਸ਼ਨ ਲੈ ਲਈ । ਉਨ੍ਹਾਂ ਦੇ ਸਾਹਮਣੇ ਸੇਵਾਦਾਰਾਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ । ਉਹ ਅਣਮੰਨੇ ਜਿਹੇ ਅੱਧਵਾਟੇ ਖੜ੍ਹੇ ਸਨ । ਉਨ੍ਹਾਂ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਉਹ ਕੀ ਕਰਨ । ਥੋੜ੍ਹੀ ਦੇਰ ਰੌਲਾ ਰੱਪਾ ਪਾਉਣ ਤੋਂ ਬਾਅਦ ਉਹ ਆਪ ਹੀ ਠੰਡੇ ਹੋ ਕੇ ਬੈਠ ਗਏ । ਇੰਜ ਕ੍ਰਿਸ਼ਨ ਕੌਰ ਖਾਲਸਾ ਨੇ ਆਪਣਾ ਸ਼ਬਦ ਗਾਇਨ ਪੂਰਾ ਕੀਤਾ ।
ਭਾਵੇਂ ਕਿ ਇਕ ਬੰਧਨ ਢਿੱਲਾ ਹੋਇਆ ਸੀ । ਪਰ ਇਸ ਦੇ ਬਾਵਜੂਦ ਪਛਮ ਦੀਆਂ ਔਰਤਾਂ, ਜਿਨ੍ਹਾਂ ਸਿੱਖ ਧਰਮਾ 'ਤੇ ਖਾਲਸਾ ਸਰੂਪ ਨੂੰ ਅਪਣਾਇਆ ਸੀ, ਅੱਜ ਵੀ ਆਪਣੇ ਹੀ ਧਾਰਮਿਕ ਭਾਈਚਾਰੇ ਅੰਦਰ ਬਰਾਬਰੀ ਦੇ ਹੱਕ ਲਈ ਸੰਘਰਸ਼ ਕਰਦੀਆਂ ਦਿੱਖਦੀਆਂ ਹਨ । ਗੋਲਡਨ ਟੈਂਪਲ ਅੰਦਰ ਸੇਵਾ ਕਰਨ 'ਤੇ ਔਰਤਾਂ ਲਈ ਮਨਾਹੀ ਨੂੰ ਉਹ ਬ੍ਰਾਹਮਣਵਾਦੀ ਸੰਸਕ੍ਰਿਤੀ ਦਾ ਹੀ ਪਰਛਾਵਾਂ ਮੰਨਦੀਆਂ ਹਨ । ਕਈ ਮੌਕਿਆਂ ਉਤੇ ਉਨ੍ਹਾਂ ਆਪਣੇ ਇਸ ਹੱਕ ਲਈ ਹਰਿਮੰਦਰ ਸਾਹਿਬ ਅੰਦਰ ਵੀ ਆਪਣੇ ਰੋਸ ਦਾ ਇਜ਼ਹਾਰ ਕੀਤਾ ਹੈ । ਉਨ੍ਹਾਂ ਦੇ ਇਤਰਾਜ਼ ਤੇ ਸੰਘਰਸ਼ ਨਾਲ ਜੁੜੀਆਂ ਖ਼ਬਰਾਂ ਅਕਸਰ ਅਖਬਾਰਾਂ ਵਿਚ ਵੀ ਛਪਦੀਆਂ ਰਹਿੰਦੀਆਂ ਹਨ । ਹੌਲੀ ਹੌਲੀ ਭਾਰਤੀ ਸਿੱਖ ਭਾਈਚਾਰੇ ਵਿਚ ਵੀ ਉਨ੍ਹਾਂ ਦੀ ਇਸ ਵਾਜਿਬ ਮੰਗ ਪ੍ਰਤੀ ਹਮਦਰਦੀ 'ਤੇ ਚੇਤਨਾ ਦਾ ਮਾਹੌਲ ਬਣ ਰਿਹਾ ਹੈ ।
ਯੋਗੀ ਭਜਨ ਦੇ ਕਈ ਭਾਸ਼ਨਾਂ ਵਿਚ ਇਹੋ ਜਿਹੀਆਂ ਧਾਰਮਿਕ ਰੂੜੀਆਂ ਦਾ ਤਿੱਖਾ ਵਿਰੋਧ ਦਿਖਾਈ ਪੈਂਦਾ ਹੈ । ਉਹ ਇਸ ਤਰ੍ਹਾਂ ਦੇ ਆਚਰਣ ਨੂੰ 'ਧਾਰਮਿਕ ਦੋਗਲੇਪਣ' ਦਾ ਨਾਂ ਦਿੰਦੇ ਹਨ । ਉਹ ਇਸ ਗੱਲ ਨੂੰ ਗੰਭਰੌਤਾ ਨਾਲ ਘੋਖਦੇ ਪ੍ਰਤੀਤ ਹੁੰਦੇ ਹਨ ਕਿ ਆਖਰ ਕੀ ਕਾਰਣ ਹੈ ਕਿ ਬੇਸ਼ੁਮਾਰ ਪੀਰ ਪੈਗੰਬਰਾਂ, ਗੁਰੂਆਂ, ਫਕੀਰਾਂ 'ਤੇ ਅਵਤਾਰਾਂ ਦੀ ਆਮਦ ਦੇ ਬਾਵਜੂਦ ਵੀ ਇਸ ਸੰਸਾਰ ਦੀ ਹਾਲਤ ਵਿਚ ਕੋਈ ਸੁਧਾਰ ਹੋਇਆ ਨਜ਼ਰ ਨਹੀਂ ਆਉਂਦਾ । ਉਨ੍ਹਾਂ ਵੱਲੋਂ ਖੜਾ ਕੀਤਾ ਸਵਾਲ ਸਚਮੁੱਚ ਹੀ ਗੰਭੀਰ ਵੀ ਹੈ ਤੇ ਦਿਲਚਸਪ ਵੀ । ਉਸ ਨੂੰ ਉਨ੍ਹਾਂ ਦੇ ਸ਼ਬਦਾਂ ਵਿਚ ਪੇਸ਼ ਕਰਨਾ ਹੀ ਠੀਕ ਰਹੇਗਾ ।
ਜੀਸਸ ਆਏ ਤੇ ਤੁਰ ਗਏ, ਮੂਸਾ ਵੀ ਆ ਕੇ ਚਲੇ ਗਏ, ਬਾਬੇ ਨਾਨਕ ਵੀ ਫੇਰੀ ਪੂਰੀ ਕੀਤੀ ਤੇ ਚਲੇ ਗਏ । ਮੁਹੰਮਦ ਵੀ ਦੌਰਾ ਪੂਰਾ ਕੀਤਾ…….। ਉਨ੍ਹਾਂ ਸਭ ਨੇ ਇਕੋ ਗੱਲ ਕੀਤੀ । ਵਾਰ ਵਾਰ ਉਹ ਇਕੋ ਗੱਲ ਦੋਹਰਾਉਂਦੇ ਰਹੇ । ………। ਉਨ੍ਹਾਂ ਦਾ ਕਿਹਾ ਇਕ ਇਕ ਸ਼ਬਦ ਨੋਟ ਕਰ ਲਿਆ ਗਿਆ , ਪਰ ਬਦਲਿਆ ਤਾਂ ਕੁਝ ਵੀ ਨਹੀਂ ।
ਇਹ ਇਕ ਕੌੜੀ ਸਚਾਈ ਹੈ । ਮਨੁੱਖ ਅੰਦਰ ਸੁਹਜ-ਸਿਆਣਪ ਤੇ ਸੱਚ ਸਥਾਪਤ ਕਰਨ ਲਈ ਸੰਘਰਸ਼ ਓਨਾ ਹੀ ਪੁਰਾਣਾ ਹੈ ਜਿੰਨਾ ਖੁਦ ਮਨੁੱਖ । ਸਿਰਫ਼ ਧਰਮ ਹੀ ਨਹੀਂ ਗਿਆਨ ਦੀ ਹਰ ਸ਼ਾਖ ਨੇ ਆਪਣੀ ਪੂਰੀ ਵਾਹ ਲਾਈ ਹੈ । ਪਰ ਹਜ਼ਾਰਾਂ ਲਖਾਂ ਵਰ੍ਹਿਆਂ ਤੋਂ ਲਟਕਿਆ ਆਉਂਦਾ ਉਹ ਸੁਨਹਿਰੀ ਭਵਿੱਖ ਕਦੇ ਵਰਤਮਾਨ ਨਹੀਂ ਬਣਿਆ । ਈਸਾ ਨੇ ਈਸ਼ਵਰ ਦੇ ਰਾਜ਼ ਦਾ ਵਾਅਦਾ ਕੀਤਾ । ਮੂਸਾ ਨੇ ਸੁਫਨ ਦੇਸ਼ ਦਾ । ਇਸਲਾਮ ਦੀ ਜੱਨਤ ਤੇ ਹਿੰਦੂਆਂ ਦਾ ਸਵਰਗ । ਉਹ ਸਭ ਤਾਂ ਮੌਤ ਤੋਂ ਬਾਅਦ ਹੀ ਮਿਲਣ ਦਾ ਵਾਅਦਾ ਹੈ । ਇਸ ਲੋਕ ਵਿਚ ਨਹੀਂ ਕਿਸੇ ਪਰਲੋਕ ਵਿਚ । ਇਹ ਸ਼ਬਦਾਵਲੀ ਤੇ ਸੰਕਲਪ ਆਪਣੇ ਆਪ ਵਿਚ ਵੀ ਨਵੀਂ ਵਿਆਖਿਆ ਦੀ ਮੰਗ ਕਰਦੇ ਹਨ ।
ਪਰ ਇਸ ਤੋਂ ਬਾਅਦ ਵਿਗਿਆਨ ਦਾ ਦੌਰ ਆਇਆ । ਉਸ ਨੇ ਪੁਰਾਣੇ ਸਾਰੇ ਮਜ਼ਹਬੀ ਸੰਕਲਪਾਂ ਨੂੰ ਧੁੰਦਲੇ ਤੇ ਦਕਿਆਨੂਸੀ ਕਹਿ ਕੇ ਰੱਦ ਕਰ ਦਿੱਤਾ । ਉਸ ਦਾ ਵਾਅਦਾ ਇਥੇ ਧਰਤੀ 'ਤੇ ਇਸੇ ਜੀਵਨ ਵਿਚ ਸਵਰਗ ਨੂੰ ਉਤਾਰ ਲਿਆਉਣ ਦਾ ਸੀ । ਨਵੀਆਂ ਤਕਨੀਕਾਂ ਦੀ ਆਮਦ ਦੇ ਨਾਲ ਹੀ ਕੁਦਰਤੀ ਸ਼ਕਤੀਆਂ 'ਤੇ ਜਿੱਤਾਂ ਦਾ ਅੰਤਹੀਨ ਸਿਲਸਿਲਾ ਸ਼ੁਰੂ ਹੋਇਆ । ਭੌਤਿਕ ਪੱਖ ਤੋਂ ਜੋ ਤਰੱਕੀ ਇਸ ਦੌਰ ਵਿਚ ਮਨੁੱਖ ਨੇ ਕੀਤੀ ਹੈ ਉਹ ਲਾਮਿਸਾਲ ਹੈ । ਪਰ ਮਾਨਸਿਕ ਅਤੇ ਰੂਹਾਨੀ ਪੱਧਰ ਉਤੇ ਅੱਜ ਵੀ ਮਨੁੱਖ ਉਸੇ ਹੀ ਪਧੱਰ ਉਤੇ ਜੀ ਰਿਹਾ ਹੈ । ਮਨੁੱਖੀ ਰਿਸ਼ਤੇਆਂ ਦਾ ਤਾਣਾ ਬਾਣਾ ਚੇਤਨਾ ਦੀਆਂ ਨਵੀਆਂ ਬੁਲੰਦੀਆਂ ਨੂੰ ਹਾਸਲ ਕਰਨ ਵਿਚ ਹਾਲੇ ਵੀ ਨਾਕਾਮ ਹੀ ਹੈ । ਸਾਰੀਆਂ ਬੌਧਿਕ 'ਤੇ ਭੌਤਿਕ ਪ੍ਰਾਪਤੀਆਂ ਦੇ ਬਾਵਜੂਦ 'ਸਵਰਗ' ਦਾ ਵਾਅਦਾ ਸਿਰਫ਼ ਵਾਅਦਾ ਹੀ ਹੈ । ਇਸ ਦੇ ਨਾਲ ਹੀ ਸਨਅਤ ਤੇ ਵਿਗਿਆਨ ਦੇ ਜੁਗ ਨੇ ਪੂਰੀ ਸਭਿਅਤਾ ਦੀ ਹੋਂਦ ਲਈ ਵੀ ਨਵੇਂ ਖ਼ਤਰੇ ਪੈਦਾ ਕਰ ਦਿੱਤੇ ਹਨ । ਵਾਤਾਵਰਣ ਦੀ ਪਲੀਤੀ, ਐਟਮੀ ਜੰਗ ਤੇ ਹਵਾ ਪਾਣੀ ਦਾ ਮਸਲਾ ਲਾਮਿਸਾਲ ਹੈ । ਮਨੁੱਖੀ ਮਨ ਨਾਲ ਜੁੜੇ ਮਸਲਿਆਂ ਦਾ ਤਕਨੀਕੀ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ । ਚੇਤਨਾ ਅਤੇ ਤਕਨੀਕ ਵਿਚਲਾ ਖੱਪਾ ਖ਼ਤਰਨਾਕ ਹੱਦ ਤਕ ਵੱਧ ਗਿਆ ਹੈ । ਨਵੀਂ ਚੇਤਨਾ ਦੀ ਹੋਂਦ ਵਿਚ ਹਰ ਨਵੀਂ ਤਕਨੀਕ ਅਣਜਾਣੇ ਖ਼ਤਰਿਆਂ ਨੂੰ ਸੱਦਾ ਦਿੰਦੀ ਜਾਪਦੀ ਹੈ ।
ਸਮਾਜਿਕ ਤੇ ਰਾਜਸੀ ਲਹਿਰਾਂ ਨੇ ਵੀ ਪਿਛਲੀਆਂ ਕੁਝ ਸਦੀਆਂ ਦੌਰਾਨ ਮਨੁੱਖੀ ਮਸਲਿਆਂ ਦਾ ਹੱਲ ਲੱਭਣ ਦੇ ਵੱਡੇ ਹੰਭਲੇ ਮਾਰੇ ਹਨ। ਫਰਾਂਸ ਅਤੇ ਰੂਸ ਦੀਆਂ ਕ੍ਰਾਂਤੀਆਂ, ਭਾਈਚਾਰੇ ਤੇ ਬਰਾਬਰੀ ਸਥਾਪਿਤ ਕਰਨ ਦੇ ਸੁਫਨੇ ਲੈ ਕੇ ਆਈਆਂ, ਪਰ ਉਨ੍ਹਾਂ ਦਾ ਅੰਜਾਮ ਬਸਤੀਵਾਦੀ ਨਿਜ਼ਾਮ ਤੇ ਨੌਕਰਸ਼ਾਹੀ ਦੀਆਂ ਕੰਧਾਂ ਉਸਾਰਨ ਦੇ ਰੂਪ ਵਿਚ ਹੀ ਸਾਹਮਣੇ ਆਇਆ । ਕੌਮੀ ਅਜ਼ਾਦੀ ਦੀਆਂ ਲਹਿਰਾਂ ਤੇ ਕਿਰਤੀ ਵਰਗ ਦੇ ਕੌਮਾਂਤਰੀ ਅੰਦੋਲਨ ਨੇ ਕਿਸੇ ਵੇਲੇ ਕਈ ਪੀੜ੍ਹੀਆਂ ਨੂੰ ਬੜੇ ਹੀ ਹਸੀਨ ਸੁਫਨੇ ਦਿਖਾਏ ਸਨ । ਪਰ ਹਕੀਕਤ ਵਿਚ ਉਹ ਸਭ ਸਬਜ਼ਬਾਗ ਹੀ ਸਾਬਤ ਹੋਇਆ ਹੈ।
ਕਲਾ ਸਾਹਿਤ ਤੇ ਸੰਗੀਤ ਨੇ ਵੀ ਮਨੁੱਖ ਨੂੰ ਅੰਦਰੋਂ ਬਦਲਣ ਦੀਆਂ ਅਣਥਕ ਕੋਸ਼ਿਸ਼ਾਂ ਕੀਤੀਆਂ ਹਨ । ਇਥੇ ਉਸ ਪ੍ਰਾਪੇਗੰਡਾ ਸਾਹਿਤ ਗੱਲ ਨਹੀਂ ਕਰਦੇ ਜਿਸ ਨੇ ਕੁਝ ਵਿਚਾਰਾਂ ਤੇ ਵਿਚਾਰਥਾਰਾਂਵਾ ਦੇ ਪ੍ਰਚਾਰ ਤਾਈਂ ਖੁਦ ਨੂੰ ਸੀਮਤ ਕਰ ਲਿਆ ਸੀ । ਦੋਸਤੋਵਸਕੀ ਦਾ ਦਾਅਵਾ ਸੀ ਕਿ ਸਿਰਫ਼ ਸੁੰਦਰਤਾ ਇਸ ਸੰਸਾਰ ਨੂੰ ਬਚਾ ਸਕਦੀ ਹੈ । ਪਰ ਹਕੀਕਤ ਤਾਂ ਇਹ ਹੈ ਕਿ ਵਾਨ ਗਾਗ ਵਰਗੇ ਬੰਦਿਆਂ ਨੂੰ ਅੱਜ ਵੀ ਪਾਗਲਖਾਨਿਆਂ ਵਿਚ ਦਮ ਤੋੜਨਾ ਪੈਂਦਾ ਹੈ । ਅੱਜ ਵੀ ਨਾਦ ਦਾ ਇਕ ਪੂਜਾਰੀ ਸੰਗੀਤ ਦੇ ਦੂਜੇ ਫਕੀਰ ਨੂੰ ਜ਼ਹਿਰ ਦਾ ਪਿਆਲਾ ਭਰ ਕੇ ਦਿੰਦਾ ਹੈ। ਸਲੇਰੀ ਤੇ ਮੋਜ਼ਾਰਟ ਹਾਲੇ ਇਤਿਹਾਸ ਦੀ ਗੱਲ ਨਹੀਂ ਹੋਏ । ਹਾਲੇ ਵੀ ਇਕ ਨੂੰ ਦੂਜੇ ਤੋਂ ਆਪਣੀ ਹੋਂਦ ਲਈ ਖ਼ਤਰਾ ਦਿਖਾਈ ਪੈਂਦਾ ਹੈ । ਨਫਰਤ, ਸਾੜੇ ਤੇ ਹੋੜ ਦੀ ਘੁਮਣਘੇਰੀ ਵਿਚ ਫਸੀ ਚੇਤਨਾ ਦੂਜਿਆਂ ਲਈ ਬੰਦ ਖਲਾਸੀ ਦਾ ਰਾਹ ਕਿਵੇਂ ਖੋਲ ਸਕਦੀ ਹੈ । ਕਾਲੀਦਾਸ, ਗਾਲਿਬ, ਸ਼ੈਕਸਪੀਅਰ, ਗੋਇਥੇ, ਬੀਥੋਵਨ ਤੇ ਇਹੋ ਜਿਹੀਆਂ ਬੇਸ਼ੁਮਾਰ ਚੇਤਨਾਵਾਂ ਨੂੰ ਜਨਮ ਦੇ ਕੇ ਵੀ ਅਸੀਂ ਸਭ ਹਾਲੇ ਵੀ ਉਥੇ ਦੇ ਉਥੇ ਹੀ ਹਾਂ ।
ਇਹ ਨਿਰਾਸ਼ਾ ਦਾ ਦਾਰਸ਼ਨਿਕੀਕਰਨ ਨਹੀਂ, ਹਕੀਕਤ ਦਾ ਬਖਾਨ ਹੈ । ਕਿਸੇ ਅਖੌਤੀ ਆਸ਼ਾਵਾਦੀ ਫਲਸਫੇ ਦੀ ਖਾਤਰ ਇਸ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ । ਇਹ ਸਚਾਈ ਤੇ ਜ਼ਿੰਮੇਵਾਰੀ ਦੋਹਾਂ ਤੋਂ ਹੀ ਭਜਣ ਵਾਲੀ ਗੱਲ ਹੋਵੇਗੀ । ਜੇਕਰ ਹਨੇਰੇ ਕਾਇਮ ਨੇ ਤਾਂ ਜੁਗਨੂਆਂ ਦੇ ਕਾਫਿਲੇ ਵੀ ਖਾਮੋਸ਼ ਹੋ ਕੇ ਨਹੀਂ ਬੈਠੇ । ਯੋਗੀ ਭਜਨ ਨੇ ਇਸ ਸਥਿਤੀ ਨੂੰ ਇੰਜ ਬਿਆਨ ਕੀਤਾ ਹੈ ;
ਨਾ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਮੁੱਕੀਆਂ ਨੇ ਤੇ ਨਾ ਹੀ ਤੁਸੀਂ ਸੁਣਨਾ ਬੰਦ ਕੀਤਾ ਹੈ । ਇਹ ਇਕ ਤਰ੍ਹਾਂ ਦੀ ਰੱਸਾਕਸ਼ੀ ਹੈ, ਜੋ ਜਾਰੀ ਹੈ । ਆਦਿ ਕਾਲ ਤੋਂ ਉਨ੍ਹਾਂ ਕੋਲ ਵੀ ਕਹਿਣ ਲਈ ਇਕੋ ਗੱਲ ਹੈ । ਤੁਹਾਡੇ ਕੋਲ ਵੀ ਦੋ ਕੰਨ ਨੇ । ਪਰ ਨਾ ਤੇ ਤੁਸੀਂ ਸੁਣਿਆ ਹੈ ਤੇ ਨਾ ਹੀ ਸੁਣਨ ਦੀ ਕੋਈ ਇੱਛਾ ਤੁਹਾਡੇ ਅੰਦਰ ਕਿਤੇ ਦਿਖਦੀ ਹੈ ।
ਇਹ ਉਸ ਚੌਕੀਂਦਾਰ ਵਾਲੀ ਹੀ ਸਥਿਤੀ ਹੈ ਜੋ ਸਾਰੀ ਰਾਤ 'ਜਾਗਦੇ ਰਹੋ' ਦਾ ਹੋਕਾ ਦੇਈ ਜਾਂਦਾ ਹੈ । ਹਾਲਾਂਕਿ ਉਸ ਨੂੰ ਵੀ ਪਤਾ ਹੈ ਕਿ ਉਸ ਦੀ ਆਵਾਜ਼ ਸੁਣ ਕੇ ਜਾਗਣ ਵਾਲਾ ਤਾਂ ਸ਼ਾਇਦ ਹੀ ਕੋਈ ਹੋਵੇ । ਪਰ ਉਸ ਦੇ ਅੰਦਰੋਂ ਕੋਈ ਸ਼ੈਅ ਉਸ ਨੂੰ ਚੁੱਪ ਨਹੀਂ ਬੈਠਣ ਦਿੰਦੀ । ਇਹੋ ਵਜ੍ਹਾ ਸੀ ਜਿਸ ਨੇ ਬੁੱਧ, ਗੁਰੂ ਨਾਨਕ, ਮਹਾਂਵੀਰ ਕਿਸੇ ਨੂੰ ਚੁੱਪ ਬੈਠਣ ਨਹੀਂ ਦਿੱਤਾ । ਅੱਜ ਦੇ ਦੌਰ ਵਿਚ ਵੀ ਓਸ਼ੋ ਤੇ ਕ੍ਰਿਸ਼ਨਾਮੂਰਤੀ ਵਰਗੇ ਆਖਰੀ ਸਾਹਾਂ ਤਾਂਈਂ ਜਾਗਣ ਤੱਕ ਦਾ ਹੀ ਹੌਕਾ ਦਿੰਦੇ ਚਿਰ ਨਿੰਦਰਾ ਵਿਚ ਲੀਨ ਹੋ ਗਏ । ਰੌਲਾ ਪਾਉਣ ਵਾਲੇ ਤਾਂ ਹੋਰ ਵੀ ਬਥੇਰੇ ਨੇ । ਉਨ੍ਹਾਂ ਵਿਚੋਂ ਬਹੁਤੇ ਤਾਂ ਸਿਆਸਤਦਾਨ ਜਾਂ ਕੁਟਨੀਤੀਵਾਨ ਹਨ । ਬੋਲਣਾ ਉਨ੍ਹਾਂ ਦੀ ਇਕ ਮਜਬੂਰੀ ਹੈ । ਪਰ ਭਾਰਤੀ ਜਾਂ ਰੂਹਾਨੀ ਪਰੰਪਰਾ ਬੋਲਣ ਦਾ ਹੱਕ ਸਿਰਫ਼ ਉਸ ਨੂੰ ਹੀ ਦਿੰਦੀ ਹੈ, ਜਿਸ ਨੇ ਮੌਨ ਹਾਸਲ ਕੀਤਾ ਹੋਵੇ । ਯੋਗੀ ਭਜਨ ਵੀ ਇਸੇ ਪਰੰਪਰਾ ਦੇ ਬੰਦੇ ਸਨ । ਉਨ੍ਹਾਂ ਨੂੰ ਪਤਾ ਸੀ ਕਿ ਸਿਆਸਤਦਾਨਾਂ ਤੋਂ ਕੋਈ ਬਹੁਤੀ ਆਸ ਰੱਖਣਾ ਐਂਵੇ ਖੁਦ ਨੂੰ ਹੀ ਭੁਲੇਖੇ ਵਿਚ ਰੱਖਣ ਵਾਲੀ ਗੱਲ ਸੀ । ਇਸ ਲਈ ਉਹ ਵੱਖ ਵੱਖ ਧਰਮ ਦੇ ਲੋਕਾਂ ਨੂੰ ਇਕ ਮੰਚ ਉਤੇ ਲੈ ਕੇ ਆਉਣ ਦੇ ਚਾਹਵਾਨ ਸਨ ।
ਇਹ ਸਵਾਲ ਉਨ੍ਹਾਂ ਅੰਦਰ ਹਮੇਸ਼ਾ ਉਠਦਾ ਸੀ ਕਿ ਜੇ ਮਾਨਵ ਦੀ ਜਾਤ ਇਕ ਹੈ, ਚੇਤਨਾ ਦਾ ਆਕਾਸ਼ ਇਕ ਹੈ, ਤਾਂ ਫੇਰ ਵੱਖ ਵੱਖ ਰਾਹਾਂ ਦਰਮਿਆਨ ਇੰਨਾ ਟਕਰਾਓ, ਇੰਨੀ ਤਲਖ਼ੀ ਕਿਉਂ । ਵੰਨ ਸੁਵੰਨਤਾ ਦੇ ਤੌਰ 'ਤੇ ਉਹ ਇਨ੍ਹਾਂ ਸਾਰੇ ਰੰਗਾਂ ਦਾ ਸਵਾਗਤ ਕਰਦੇ ਸਨ ਤੇ ਉਨ੍ਹਾਂ ਨੂੰ ਇਕ ਗੁਲਦਸਤੇ ਵਿਚ ਇਕੱਠਾ ਕਰਨਾ ਚਾਹੁੰਦੇ ਸਨ । ਗਾਂਧੀ ਤੇ ਓਸ਼ੋਂ ਨੇ ਵੀ ਆਪੋ ਆਪਣੇ ਤਰੀਕਿਆਂ ਨਾਲ ਇਹੋ ਯਤਨ ਕੀਤੇ ਸਨ ।
ਨਵੀਂ 'ਅਕਵੇਰੀਅਨ ਏਜ' ਵਿਚ ਉਠ ਰਹੀਆਂ ਨਿਊ ਏਜ ਲਹਿਰਾਂ ਉਨ੍ਹਾ ਅੰਦਰ ਆਸ ਦੀ ਚਿਣਗ ਜਗਾਉਂਦੀਆਂ ਸੀ । ਜਿਨ੍ਹਾਂ ਪਾਦਰੀਆਂ, ਰਬੀਆਂ ਤੇ ਸਵਾਮੀਆਂ ਨੇ ਨਵੀਂ ਚੇਤਨਾ ਦਾ ਸਵਾਦ ਚੱਖ ਲਿਆ ਸੀ, ਉਹ ਸਭ ਸੱਚੇ ਧਾਰਮਿਕ ਅਨੁਭਵਾਂ 'ਤੇ ਜ਼ੋਰ ਦੇ ਰਹੇ ਸਨ । ਉਸ ਦਾ ਕਹਿਣਾ ਸੀ ਕਿ ਇਸ ਧਰਤੀ ਉਤੇ ਰੱਬੀ ਨੁਮਾਇੰਦਿਆਂ ਦੇ ਤੌਰ 'ਤੇ ਇਹ ਉਨ੍ਹਾਂ ਦਾ ਪਹਿਲਾ ਫਰਜ਼ ਬਣਦਾ ਹੈ । ਉਹ ਆਪਣੇ ਵਿਦਿਆਰਥੀਆਂ ਨੂੰ ਵੀ ਸ਼ਰਧਾਲੂ ਜਾਂ ਸ਼ਾਗਿਰਦ ਬਣਨ ਲਈ ਨਹੀਂ ਸਗੋਂ 'ਸੱਚ ਦੇ ਖੋਜੀ' ਬਣਨ ਲਈ ਪ੍ਰੇਰਦਾ ਸੀ । ਸੱਚ ਦੇ ਖੋਜੀਆਂ ਨੂੰ ਇਕ ਮੰਚ 'ਤੇ ਲਿਆਉਣਾ ਕੋਈ ਔਖਾ ਕੰਮ ਨਹੀਂ ਸੀ । ਪਰ ਵੱਖ ਵੱਖ ਮਤਾਂ ਦੇ ਰੂਹਾਨੀ ਆਗੂਆਂ ਨੂੰ ਇਕੱਠੇ ਕਰਨਾ ਹਮੇਸ਼ਾ ਤੋਂ ਹੀ ਟੇਢੀ ਖੀਰ ਰਹੀ ਸੀ । ਇਸ ਉਦੇਸ਼ ਲਈ ਬਹੁਤ ਸਬਰ ਤੇ ਸਿਰੜ ਨਾਲ ਯਤਨ ਕਰਨ ਦੀ ਲੋੜ ਸੀ ।
ਇਸ ਲਈ ਯੋਗੀ ਭਜਨ ਨੇ ਆਦਤ ਹੀ ਬਣਾ ਲਈ ਸੀ ਕਿ ਜਦੋਂ ਵੀ ਕੋਈ ਰੂਹਾਨੀ ਆਗੂ ਲਾਸ ਏਂਜਲਸ ਵਿਚ ਆਉਂਦਾ ਤਾਂ ਉਹ ਉਸ ਨੂੰ ਸੁਣਨ ਲਈ ਜ਼ਰੂਰ ਜਾਂਦੇ । ਇਸ ਮੌਕੇ 'ਤੇ ਉਹ ਆਪਣੇ ਵਿਦਿਆਥੀਆਂ ਨੂੰ ਵੀ ਨਾਲ ਲੈ ਕੇ ਜਾਂਦੇ । ਕਈ ਵਾਰ ਉਹਨਾਂ ਟੀਚਰਾਂ ਦੇ ਵਿਚਾਰ ਖੁਦ ਯੋਗੀ ਜੀ ਦੇ ਵਿਚਾਰਾਂ ਦੇ ਐਨ ਉਲਟ ਤੇ ਟਕਰਾਂਵੇ ਹੀ ਹੁੰਦੇ ਸਨ । ਉਸ ਦੀ ਇਹ ਪਹਿਲਕਦਮੀ ਸਚਮੁੱਚ ਇਤਿਹਾਸਕ ਤੇ ਰਾਹ ਦਿਖਾਊ ਸੀ ।
1970 ਦੀਆਂ ਗਤੀਵਿਧੀਆਂ ਵਿਚ ਯੋਗੀ ਜੀ ਨੂੰ ਅਟਲਾਂਟਾ ਦੇ ਪੌਪ ਫੈਸਟੀਵਲ ਵਿਚ ਬੋਲਣ ਦਾ ਸੱਦਾ ਦਿੱਤਾ ਗਿਆ । ਉਹ ਇਸ ਮੌਕੇ ਨੂੰ ਭਿੰਨ ਭਿੰਨ ਮਤਾਂ ਦੇ ਆਗੂਆਂ ਨੂੰ ਇਕੱਠੇ ਕਰਨ ਲਈ ਵਰਤਣਾ ਚਾਹੁੰਦੇ ਸਨ । ਸਵਾਮੀ ਸਚਿਦਾਨੰਦ, ਕ੍ਰਿਸਟੋਫਰ ਹਿਲਜ਼ ਤੇ ਰੋਬਰਟ ਬੋਜ਼ੇਰੀ ਨੂੰ ਉਥੇ ਬੁਲਾਉਣ ਵਿਚ ਵੀ ਉਨ੍ਹਾਂ ਦੀ ਵੱਡੀ ਭੂਮਿਕਾ ਸੀ । ਬੋਜ਼ੇਰੀ ਅਮਰੀਕਨ ਇੰਡੀਅਨਾਂ ਦੀ ਨੁਮਾਇੰਦਗੀ ਕਰਦਾ ਸੀ । ਦਾਦਾ ਜੀ ਤੇ ਸਵਾਮੀ ਵਿਸ਼ਨੂੰ ਦੇਵਨੰਦ ਵਰਗੇ ਆਨੰਦ ਮਾਰਗੀ ਸੰਤਾਂ ਨੇ ਵੀ ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕੀਤਾ । ਇਸ ਨੂੰ 'ਹੋਲੀ ਮੈਨ ਜੈਮ' ਕਿਹਾ ਗਿਆ ਸੀ । ਸਾਨ ਫਰਾਂਸਸਿਕੋ ਵਿਚ ਵੱਖ ਵੱਖ 'ਰਾਹਾਂ ਦਾ ਸੰਗਮ' ਦੀ ਪਹਿਲੀ ਮਿਲਣੀ ਵੀ ਉਨ੍ਹਾਂ ਦੇ ਕਾਰਨ ਹੀ ਸੰਭਵ ਹੋਈ ਸੀ । ਸਾਰੇ ਵਖਰੇਵਿਆਂ ਦੇ ਬਾਵਜੂਦ ਆਪਣੇ ਆਗੂਆਂ ਨੂੰ ਸਾਂਝੇ ਮੰਚ ਤੋਂ ਸੁਣਨ ਦਾ ਅਨੁਭਵ ਭਾਂਵੇ ਬਹੁਤ ਸੁਖਾਵਾਂ ਸੀ । ਪਰ ਇਸ ਕਾਫਲੇ ਨੂੰ ਜਾਰੀ ਰਖਣਾ ਕੋਈ ਆਮ ਗੱਲ ਨਹੀਂ ਸੀ । ਨਵੀਂ ਚੇਤਨਾ ਲਈ ਨੌਜਵਾਨਾਂ ਵਿਚ ਆਇਆ ਉਭਾਰ ਤੇ ਜੋਸ਼ ਵੀ ਠੰਡਾ ਪੈਂਦਾ ਜਾ ਰਿਹਾ ਸੀ । ਪੂਰਬ ਵਿਚੋਂ ਆਉਣ ਵਾਲੇ ਆਪਣੇ ਨਾਲ ਪਰੰਪਰਾਵਾਂ ਦਾ ਬੋਝ ਵੀ ਲੈ ਕੇ ਆਉਂਦੇ ਸਨ । ਸ਼ਖ਼ਸੀਅਤ ਪੂਜਾ ਉਨ੍ਹਾਂ ਦੇ ਵਿਚ ਸਿਖ਼ਰਾਂ 'ਤੇ ਸੀ । ਗੁਪਤ ਅੱਤਿਆਚਾਰਾਂ ਤੇ ਜ਼ੋਰ ਤੇ ਦੂਜਿਆਂ ਨਾਲ ਮੁਕਾਬਲੇਬਾਜ਼ੀ ਦੀ ਚੇਤਨਾ ਵੰਡੀਆਂ ਪਾ ਰਹੀ ਸੀ ।
ਇਸ ਦੇ ਨਾਲ ਹੀ ਪੱਛਮ ਵਿਚ ਮਨੋਵਿਗਿਆਨੀਆਂ ਦੀ ਇਕ ਵਡੱੀ ਫਸਲ ਵੀ ਤਿਆਰ ਹੋ ਗਈ ਸੀ । ਉਹ ਹਰ ਤਰ੍ਹਾਂ ਦੇ ਧਾਰਮਿਕ-ਅਨੁਭਵ ਨੂੰ ਲਿਸ਼ਕਵੇਂ ਪੈਕਟਾਂ ਵਿਚ ਸਪਲਾਈ ਕਰਨ ਦਾ ਦਾਅਵਾ ਕਰਦੇ ਸਨ । ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਸੀ । ਘਰ ਬੈਠੇ ਹੀ ਤੁਸੀਂ ਸਭ ਕੁਝ ਸਸਤੇ ਭਾਅ ਤੇ ਅਸਾਨ ਕਿਸ਼ਤਾਂ ਤੇ ਮਜ਼ੇ ਨਾਲ ਹਾਸਲ ਕਰ ਸਕਦੇ ਸੀ । ਪੱਛਮ ਦਾ ਸਾਰੇ ਦਾ ਸਾਰਾ 'ਮੀਡੀਆ' ਵੀ ਉਨ੍ਹੀਂ ਦਿਨੀਂ ਰੂਹਾਨੀ ਗਰੂੱਪਾਂ ਤੇ ਉਨ੍ਹਾ ਦੇ ਆਗੂਆਂ ਦੇ ਵਿਰੁੱਧ ਇਕਸੁਰ ਹੋ ਕੇ ਜ਼ਹਿਰ ਉਗਲ ਰਿਹਾ ਸੀ । ਇਹ ਸਭ ਕੁਝ ਹੁਣ ਲੋਕਾਂ ਦੀਆਂ ਨਜ਼ਰਾਂ ਵਿਚ ਵਿਕਾਊ ਮਾਲ ਬਣ ਕੇ ਰਹਿ ਗਿਆ ਸੀ ।
ਸਭ ਕੁਝ ਦੇ ਬਾਵਜੂਦ ਯੋਗੀ ਭਜਨ 'ਰੂਹਾਨੀ ਏਕਤਾ' ਲਈ ਕੰਮ ਕਰਦੇ ਰਹੇ । ਬਚਪਨ ਤੋਂ ਹੀ ਉਨ੍ਹਾਂ ਨੂੰ ਇਸ ਮਕਸਦ ਲਈ ਤਿਆਰ ਕੀਤਾ ਗਿਆ ਸੀ । ਉਹ ਖੁਦ ਹੀ ਚੱਲ ਕੇ ਜਾਂਦੇ ਤੇ ਆਪਣੇ ਸੇਵਾ ਭਾਵ ਨਾਲ ਵੱਖ ਵੱਖ ਧਾਰਮਿਕ ਆਗੂਆਂ ਦਾ ਦਿਲ ਜਿੱਤਣ ਵਿਚ ਅਕਸਰ ਕਾਮਯਾਬ ਹੋ ਜਾਂਦੇ । ਉਹ 1974 ਵਿਚ 'ਯੂਨਿਟੀ ਆਫ ਮੈਨ' ਕਾਨਫਰੰਸ ਵਿਚ ਹਿੱਸਾ ਲੈਣ ਲਈ ਭਾਰਤ ਵੀ ਪਹੁੰਚੇ ਸਨ । ਸੰਤ ਕਿਰਪਾਲ ਸਿੰਘ ਉਸ ਕਾਨਫਰੰਂਸ ਦੇ ਚੇਅਰਮੈਨ ਸਨ । ਉਨ੍ਹਾਂ ਯੋਗੀ ਭਜਨ ਨੂੰ ਇਸੇ ਕਾਨਫਰੰਸ ਦੀ ਕੜੀ ਜਾਰੀ ਰੱਖਦਿਆਂ ਅਮਰੀਕਾ ਵਿਚ ਇਸ ਦੀ ਦੂਜੀ ਬੈਠਕ ਕਰਵਾਊਣ ਲਈ ਕਿਹਾ । ਜੂਨ 1975 ਵਿਚ ਨਿਊ ਮੈਕਸੀਕੋ ਪਿਕੋਸ ਵਿਚ ਉਨ੍ਹਾਂ ਦਾ ਇਹ ਸੁਫਨਾ ਪੂਰਾ ਹੋਇਆ । ਦੁਨੀਆ ਦੇ ਕੋਨੇ ਕੋਨੇ ਤੋਂ ਧਾਰਮਿਕ ਆਗੂ ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚੇ ਸਨ । ਇਸ ਸਿਲਸਿਲੇ ਨੂੰ ਅੱਗੇ ਤੋਰਦਿਆਂ 3 ਐਚ ਓ ਨੇ ਮਨੁੱਖਤਾ ਦੇ ਵਿਸ਼ੇ ਉਤੇ ਪਹਿਲਾ ਸੰਸਾਰ ਪੱਧਰ ਦਾ ਸਿੰਪੋਜ਼ੀਅਮ ਕਰਾਇਆ । ਇਸ ਵਿਚ ਧਾਰਮਿਕ ਆਗੂਆਂ ਤੋਂ ਇਲਾਵਾ, ਸਮਾਜ ਵਿਗਿਆਨੀ, ਕਲਾਕਾਰ ਤੇ ਦਾਰਸ਼ਨਿਕ ਵੀ ਸ਼ਾਮਿਲ ਹੋਏ ਸਨ । ਸੰਸਾਰ ਪੱਧਰ 'ਤੇ ਰੂਹਾਨੀ ਲੋਕਾਂ ਦੀ ਕਾਨਫਰੰਸ ਕਰਵਾਉਣ ਉਹ ਪੋਪ ਪਾਲ ਦੂਜੇ ਨੂੰ ਮਿਲਣ ਲਈ ਵੀ ਵੈਟੀਗਨ ਵੀ ਗਏ ਸਨ ।
ਸ੍ਰੀ ਸਿੰਘ ਸਾਹਿਬ ਦੀ ਸਨਮਾਨਤ ਪਦਵੀ ਸਿੱਖ ਧਰਮ ਦੀਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਹੀ ਮਾਨਤਾ ਦਿੰਦੀ ਸੀ । ਪੱਛਮ ਵਿਚ ਇਸ ਧਰਮ ਦੀ ਨੁਮਾਇੰਦਗੀ ਕਰਨ ਦੀ ਜ਼ਿੰਮੇਦਾਰੀ ਉਨ੍ਹਾਂ ਦੇ ਸਿਰ ਹੀ ਸੀ । ਯੋਗੀ ਭਜਨ ਦਾ ਜਨਮ ਸਿੱਖ ਧਰਮ ਵਿਚ ਹੋਇਆ ਸੀ । ਪੜ੍ਹਾਈ ਉਸ ਕ੍ਰਿਸ਼ਚੀਅਨ ਸਕੂਲਾਂ 'ਚ ਹੀ ਕੀਤੀ ਸੀ । ਸੂਫੀ ਸੰਤਾਂ, ਬੋਧੀਆਂ ਤੇ ਵੇਦਾਂਤੀ ਸਵਾਮੀਆਂ ਤੋਂ ਵੀ ਕਈ ਸਾਲਾਂ ਤੱਕ ਗਿਆਨ ਹਾਸਲ ਕੀਤਾ ਸੀ । ਸਾਰੇ ਹੀ ਧਰਮਾਂ ਦੇ ਵਖਰੇਵਿਆਂ ਥੱਲੇ ਲੁਕੀ ਸਾਂਝੀ ਗਿਰੀ ਤੱਕ ਪਹੁੰਚਣ ਲਈ ਉਨ੍ਹਾਂ ਦੀ ਇਕ ਖਾਸ ਟ੍ਰੇਨਿੰਗ ਹੋਈ ਸੀ । ਉਹ ਵੱਖ ਵੱਖ ਧਾਰਮਿਕ ਚਿੰਨ੍ਹਾਂ ਤੇ ਭਾਸ਼ਾ ਜੁਗਤਾਂ ਪਿਛਲੇ ਅਰਥਾਂ ਨੂੰ ਉਘਾੜ ਸਕਦੇ ਸਨ ।
1977 ਵਿਚ ਲਾਂਸ ਏਂਜਲਸ ਅੰਦਰ ਮਨਾਈ ਗਈ 'ਰੂਹਾਨੀ ਜੁਬਲੀ' ਵਿਚ ਇਕ ਵਾਰ ਫੇਰ ਇਤਿਹਾਸ ਸਿਰਜਿਆ ਗਿਆ ਸੀ । ਇਹ ਮੁਕਾਮ ਸਿੱਖ ਧਰਮ ਤੇ ਅਲਇਸਲਾਮ ਦਾ ਇਕੋ ਮੰਚ ਉਤੇ ਜੁੜ ਬੈਠਣ ਦਾ ਮੌਕਾ ਸੀ । ਸੈਂਕੜੇ ਸਾਲਾਂ ਤੋਂ ਇਨ੍ਹਾਂ ਧਰਮਾਂ ਦੇ ਅਨੁਆਈ ਇਕ ਦੂਜੇ ਨਾਲ ਖੂਨੀ ਟਕਰਾਵਾਂ ਵਿਚ ਫਸੇ ਰਹੇ ਸਨ । ਪਰ ਇਤਿਹਾਸ ਦੀਆਂ ਸਾਰੀਆਂ ਰੰਜ਼ਿਸ਼ਾਂ ਨੂੰ ਭੁਲਾ ਕੇ ਹੁਣ ਉਹ ਮਨੁੱਖੀ ਚੇਤਨਾ ਦੇ ਵਿਕਾਸ ਲਈ ਇਕੱਠੇ ਕੰਮ ਕਰਨ ਲਈ ਤਿਆਰ ਹੋਏ ਸਨ । ਇਸ ਦੇ ਪਿਛੇ ਕਿਸੇ ਕਿਸਮ ਦੀ ਸਿਆਸਤ ਨਹੀਂ ਸੀ । ਜੋ ਕਿ ਉਨ੍ਹੀਂ ਦਿਨੀਂ ਭਾਰਤ ਵਿਚ ਘੱਟ ਗਿਣਤੀਆਂ ਦੇ ਪਲੇਟਫਾਰਮ 'ਤੇ ਦੇਖਣ ਨੂੰ ਮਿਲਦੀ ਸੀ । ਅਲ ਇਸਲਾਮ ਦੇ ਕੌਮਾਂਤਰੀ ਭਾਈਚਾਰੇ ਦੇ ਪਛੱਮੀ ਜਗਤ ਦੇ ਆਗੂ ਇਮਾਮ ਵਾਲੇਸ ਡੀ ਮੁਹੰਮਦ ਅਤੇ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਿਭਜਨ ਸਿੰਘ ਯੋਗੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਮਿਲਣੀ ਸੰਭਵ ਹੋ ਸਕਦੀ ਸੀ, ਜੋ ਨਵੇਂ ਜੁਗ ਦੇ ਆਮਦ ਦੀ ਆਸ ਜਗਾਉਂਦੀ ਸੀ ।
ਇਹੋ ਜਿਹੇ ਲੋਕ ਵੀ ਸਨ ਜਿਹੜੇ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਮੰਦਰਾਂ ਮਸੀਤਾਂ ਤੇ ਇਥੋਂ ਤੱਕ ਕਿ ਰੱਬ ਨੂੰ ਵੀ ਹਥਿਆਰ ਬਣਾਉਣ ਤੋਂ ਵੀ ਗੁਰੇਜ਼ ਨਹੀਂ ਸੀ ਕਰਦੇ । ਯੋਗੀ ਭਜਨ ਉਨ੍ਹਾਂ ਨੂੰ ਸਰਾਪੇ ਹੋਏ ਲੋਕ ਮੰਨਦਾ ਸੀ । ਇਹੋ ਜਿਹੇ ਲੋਕ ਬਦਕਿਸਮਤੀ ਨਾਲ ਹਰ ਮਜਹਬ ਵਿਚ ਹੀ ਸਨ ਤੇ ਹੋਰ ਵੀ ਮੰਦਭਾਰੀ ਗੱਲ ਇਹ ਸੀ ਕਿ ਉਨ੍ਹਾਂ ਵਿਚ ਬਹੁਤੇ ਜ਼ਿੰਮੇਵਾਰ ਅਹੁਦਿਆਂ 'ਤੇ ਸਨ । ਉਨ੍ਹਾਂ ਲੋਕਾਂ ਦੀ ਹਾਲਤ ਉਨ੍ਹਾਂ ਸੰਤਰੀਆਂ ਵਰਗੀ ਸੀ ਜੋ ਖਜ਼ਾਨੇ ਦੇ ਫਾਟਕ ਮੂਹਰੇ ਖੜ੍ਹ ਕੇ ਆਪੋ ਆਪਣੀਆਂ ਚਾਬੀਆਂ ਬਾਰੇ ਫੜਾਂ ਮਾਰਦੇ ਹੀ ਉਮਰ ਲੰਘਾ ਦਿੰਦੇ ਹਨ । ਕਿਸੇ ਨੂੰ ਇਹ ਗੁਮਾਨ ਹੈ ਕਿ ਉਸ ਦੀ ਚਾਬੀ ਖਾਲਸ ਸੋਨੇ ਦੀ ਹੈ । ਕੋਈ ਆਪਣੀ ਚਾਬੀ ਦੇ ਸਭ ਤੋਂ ਪੁਰਾਣੀ ਹੋਣ ਦੀ ਫੜ ਮਾਰਦਾ ਹੈ। ਇਕ ਹੋਰ ਜਿਸ ਦਾ ਸਾਰਾ ਜ਼ੋਰ ਇਹ ਸਿੱਧ ਕਰਨ ਉਤੇ ਹੀ ਲੱਗਾ ਹੋਇਆ ਹੈ ਕਿ ਬਾਕੀ ਸਭ ਚਾਬੀਆਂ ਝੂਠੀਆਂ ਹਨ, ਅਸਲ ਕੂੰਜੀ ਤਾਂ ਉਸ ਦੇ ਕੋਲ ਹੈ । ਤਿੰਨਾਂ ਦੇ ਆਪੋ ਆਪਣੇ ਪ੍ਰਸ਼ੰਸਕ ਤੇ ਮੁਰੀਦ ਹਨ । ਦਲੀਲਾਂ ਦੀ ਲੰਮੀ ਵਾਟ ਹੈ । ਪਰ ਕੋਈ ਵੀ ਇੰਨੀ ਅਕਲ ਨਹੀਂ ਕਰਦਾ ਕਿ ਚਾਬੀ ਨੂੰ ਵਰਤ ਕੇ ਉਸ ਖਜ਼ਾਨੇ ਤਾਈਂ ਪਹੁੰਚਣ ਦੀ ਖੇਚਲ ਕਰੇ, ਜਿਸ ਕਰਕੇ ਉਸ ਚਾਬੀ ਦਾ ਮੁੱਲ ਹੈ । ਚਾਬੀ ਦੇ ਰੰਗ ਰੂਪ ਪਿੱਛੇ ਝਗੜਦੇ ਉਹ ਸਾਰੀ ਉਮਰ ਕੰਗਾਲੀ ਵਿਚ ਹੀ ਕੱਟ ਦਿੰਦੇ ਹਨ । ਜਦਕਿ ਇਕ ਕਦਮ ਦੀ ਵਿੱਥ 'ਤੇ ਉਹ ਖਜ਼ਾਨਾ ਉਨ੍ਹਾਂ ਦੀ ਰਾਹ ਵੇਖਦਾ ਪਿਆ ਰਹਿੰਦਾ ਹੈ । ਸਚੱਮੁਚ ਉਨ੍ਹਾਂ ਲੋਕਾਂ ਨਾਲੋਂ ਵੱਧ ਬਦਕਿਸਮਤ ਹੋਰ ਕੌਣ ਹੋ ਸਕਦਾ ਹੈ ।
ਯੋਗੀ ਭਜਨ ਅਨੁਸਾਰ ਕ੍ਰਿਸ਼ਚਿਅਨ ਤਾਂ ਉਹੀ ਹੈ ਜੋ ਸੱਚ ਖਾਤਰ ਸੂਲੀ ਚੜ੍ਹਨ ਲਈ ਤਿਆਰ ਹੈ । ਮੁਸਲਮਾਨ ਉਹ ਜਿਸ ਦੇ ਈਮਾਨ ਵਿਚ ਵਾਲ ਜਿੰਨੀ ਖਾਈ ਨਾ ਰਹੇ । ਸਿੰਘ ਉਹ ਹੈ ਜਿਸ ਨੇ ਅੰਦਰਲੀਆਂ ਪਸ਼ੂ ਬਿਰਤੀਆਂ 'ਤੇ ਫਤਿਹ ਪਾ ਲਈ ਹੋਵੇ । ਸ਼ੇਖ ਵਲੀ ਅਲੀ ਯੋਗੀ ਭਜਨ ਬਾਰੇ ਇਕ ਬੜੀ ਦਿਲਚਸਪ ਕਹਾਣੀ ਸੁਣਾਉਂਦਾ ਹੈ । ਉਸ ਦਾ ਸੰਬਧ ਸੂਫੀ ਇਸਲਾਮੀਆ ਰੂਹਾਨੀਅਤ ਸੁਸਾਇਟੀ ਨਾਲ ਹੈ । ਕਿੱਸਾ ਕੁਝ ਇੰਜ ਹੈ ਕਿ ਸ਼ੇਖ ਵਲੀ ਹੋਰਾਂ ਦੇ ਮੁਰਸ਼ਦ ਸੈਮੂਅਲ ਅੱਲ ਲੈਵਿਸ, ਜਿਨ੍ਹਾਂ ਦਾ ਸਾਰਾ ਸੰਬਧ ਚਿਸਤੀਆਂ ਨਾਲ ਸੀ । ਉਨ੍ਹਾਂ ਸੰਸਾਰ ਅਮਨ ਦੀ ਖਾਤਰ ਕਈ ਸੂਫੀ ਨ੍ਰਿਤ ਵਿਕਸਤ ਕੀਤੇ ਸਨ । ਇਹ ਨ੍ਰਿਤ 'ਨਿਊ - ਏਜ' ਲਈ ਉਨ੍ਹਾਂ ਦੀ ਇਕ ਵਿਸ਼ੇਸ਼ ਦੇਣ ਹਨ । ਇਕ ਨ੍ਰਿਤ ਦੇ ਮੌਕੇ ਤੇ ਯੋਗੀ ਭਜਨ ਵੀ ਉਥੇ ਗਏ ਸਨ । ਮੁਰਸ਼ਦ ਨੇ ਸ਼ੇਖ ਵਲੀ ਨੂੰ ਭੇਜ ਕੇ ਉਨ੍ਹਾਂ ਦੀ ਅਗਵਾਈ ਕਰਨ ਲਈ ਕਿਹਾ । ਪਰ ਰਾਹ ਵਿਚ ਹੀ ਕੋਈ ਬੰਦਾ ਘੇਰ ਕੇ ਯੋਗੀ ਭਜਨ 'ਤੇ ਗਾਲ੍ਹਾਂ ਦਾ ਮੀਂਹ ਵਰ੍ਹਾਉਣ ਲੱਗਾ ਹੋਇਆ ਸੀ । ਮੁਰਸ਼ਦ ਵੀ ਥੋੜੀ ਦੇਰ ਵਿਚ ਉਥੇ ਪਹੁੰਚ ਗਏ । ਗਾਲਾਂ ਦੀ ਹਰ ਬੌਛਾਰ ਤੋਂ ਬਾਅਦ ਉਹ ਯੋਗੀ ਭਜਨ ਵੱਲ ਮੁੜਦੇ ਤੇ ਹੈਰਤ ਭਰੀਆਂ ਨਜ਼ਰਾਂ ਨਾਲ ਇਹ ਬਚਨ ਉਚਾਰਦੇ ''ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਇੰਨੇ ਮਹਾਨ ਹੋ ।" ਗਾਲਾਂ ਕੱਢਣ ਵਾਲੇ ਦੀ ਹਾਲਤ ਬੁਰੀ ਹੁੰਦੀ ਜਾ ਰਹੀ ਸੀ । ਮੁਰਸ਼ਦ ਕਹਿ ਰਹੇ ਸਨ ਕਿ ਜਿਉਂ ਜਿਉਂ ਉਹ ਸਖਸ਼ ਕਾਲਖ ਮਲਦਾ ਹੈ ਯੋਗੀ ਹੋਰਾਂ ਦਾ ਉਜਲਾ ਪਾਸਾ ਉਨ੍ਹਾਂ ਲਈ ਹੋਰ ਵੀ ਰੌਸ਼ਨ ਹੁੰਦਾ ਜਾਂਦਾ ਹੈ । ਝਿੱਥਾ ਪੈ ਕੇ ਉਹ ਸਖਸ਼ ਸਿੱਧੇ ਤੌਰ 'ਤੇ ਮੁਰਸ਼ਦ ਦੇ ਹੀ ਦਵਾਲੇ ਹੋ ਗਿਆ ਸੀ । ਜਿਵੇਂ ਹੀ ਉਸ ਨੇ ਮੁਰਸ਼ਦ ਨੂੰ ਖੋਤਾ ਕਿਹਾ ਤਾਂ ਉਨ੍ਹਾਂ ਨੇ ਝੱਟ ਚਾਰਾਂ ਖੁਰਾਂ ਭਾਰ ਹੋ ਕੇ ਖੋਤੇ ਵਾਂਗ ਹਿਣਕਣਾ ਸ਼ੁਰੂ ਕਰ ਦਿੱਤਾ । ਉਸ ਸਖਸ਼ ਦੇ ਹੋਸ਼ ਉਡ ਗਏ । ਇਹ ਗੱਲ ਉਸ ਨੇ ਸੁਫਨੇ ਵਿਚ ਹੀ ਨਹੀਂ ਸੀ ਸੋਚੀ । ਹੁਣ ਉਸ ਕੋਲ ਉਥੋਂ ਜਾਣ ਤੋਂ ਸਿਵਾਏ ਹੋਰ ਕੋਈ ਚਾਰਾ ਹੀ ਨਹੀਂ ਸੀ ਬਚਿਆ । ਉਸ ਦਿਨ ਤੋਂ ਹੀ ਪੱਛਮ ਦੇ ਸਿੱਖਾਂ ਅਤੇ ਉਸ ਮੁਰਸ਼ਦ ਦੇ ਸੂਫੀ ਮੁਰੀਦਾਂ ਦਰਮਿਆਨ ਦੋਸਤਾਨਾ ਸੰਬਧਾਂ ਦੀ ਨੀਂਹ ਬੱਝ ਗਈ ਸੀ । ਮੁਰਸ਼ਦ ਲੈਵਿਸ ਦੀ ਮੌਤ 'ਤੋਂ ਬਾਅਦ ਵੀ ਉਹ ਸਬੰਧ ਅੱਜ ਵੀ ਬਰਕਰਾਰ ਹਨ । ਭਾਰਤ ਦੇ ਸਮਾਜੀ ਭਾਈਚਾਰੇ ਵਿਚ ਆਈਆਂ ਤਰੇੜਾਂ ਨੂੰ ਪੂਰਨ ਲਈ ਇਨ੍ਹਾਂ ਤਜਰਬਿਆਂ ਤੋਂ ਬਹੁਤ ਸਬਕ ਲਏ ਜਾ ਸਕਦੇ ਹਨ । ਪਰ ਬਦਕਿਸਮਤੀ ਨਾਲ ਸਾਡੀਆਂ ਧਾਰਮਿਕ ਸੰਸਥਾਵਾਂ ਹਾਲੇ ਵੀ ਪੁਰਾਣੀ ਦਕਿਆਨੂਸੀ ਸੋਚ ਦਾ ਸ਼ਿਕਾਰ ਹਨ । ਨਿਊ ਏਜ ਚਿੰਤਨ ਹਾਲੇ ਵੀ ਦੂਰ ਦਿਖਦਾ ਹੈ । ਇਸ ਲਈ ਉਨ੍ਹਾਂ ਦਾ ਗੈਰ ਸਿਆਸੀਕਰਣ ਦੇ ਅਮਲ 'ਚੋਂ ਲੰਘਣਾ ਜ਼ਰੂਰੀ ਹੈ।ਕੁੰਡਲਨੀ ਯੋਗ ਦੇ ਨਾਲ ਹੀ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਦਾ ਪ੍ਰਚਾਰ ਯੋਗੀ ਭਜਨ ਦੇ ਜੀਵਨ ਦਾ ਮਿਸ਼ਨ ਸੀ । ਪੂਰੇ ਯੂਰਪ ਸਮੇਤ ਹੀ ਅਮਰੀਕਾ ਤੇ ਜਪਾਨ ਤੱਕ ਦਾ ਉਨ੍ਹਾਂ ਨੇ ਕਈ ਵਾਰ ਦੌਰਾ ਕੀਤਾ ਸੀ । ਇਸੇ ਕਾਰਨ ਹੀ ਉਸ ਨੂੰ 'ਘੁਮੱਕੜ ਟੀਚਰ' ਦਾ ਖਿਤਾਬ ਵੀ ਮਿਲਿਆ ਸੀ । 3 ਐਚ ਓ ਦੇ ਪੂਰੇ ਯੂਰਪ ਤੇ ਅਮਰੀਕਾ ਵਿਚ ਫੈਲੇ ਹੋਏ ਤੰਤਰ ਨਾਲ ਜੁੜਣ ਲਈ ਟੈਲੀਫੋਨ ਉਨ੍ਹਾਂ ਦਾ ਸਭ ਤੋਂ ਵੱਧ ਭਰੋਸੇ ਯੋਗ ਸਾਥੀ ਸੀ । ਧਾਰਮਿਕ ਤੇ ਸਮਾਜਕ ਖੇਤਰਾਂ ਤੋਂ ਇਲਾਵਾ ਉਹ ਗਲੋਬਲ ਇਨਵਾਇਰਨਮੈਂਟ ਨਾਲ ਜੁੜੇ ਮਸਲਿਆਂ ਬਾਰੇ ਵੀ ਪੂਰੀ ਤਰ੍ਹਾਂ ਚੇਤੰਨ ਸਨ । ਉਹ ਇਹੀ ਚੇਤਨਾ ਦੂਜੇ ਰੂਹਾਨੀ ਹਲਕਿਆਂ ਅੰਦਰ ਵੀ ਪੈਦਾ ਕਰਨੀ ਚਾਹੁੰਦੇ ਸਨ । ਜਨਵਰੀ 1990 ਵਿਚ ਗਲੋਬਲ ਇਨਵਾਇਰਨਮੈਂਟ ਫੋਰਮ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਉਹ ਮਾਸਕੋ ਤੱਕ ਵੀ ਜਾ ਪਹੁੰਚੇ ਸਨ । ਸੰਸਾਰ ਭਰ ਤੋਂ ਡੈਲੀਗੇਟ ਇਸ ਮੀਟਿੰਗ ਵਿਚ ਪਹੁੰਚੇ ਸਨ । ਉਨ੍ਹਾਂ ਵਿਚੋਂ ਅਮਰੀਕਾ ਦਾ ਹੋਣ ਵਾਲਾ ਉਪ ਪ੍ਰਧਾਨ ਅਲ ਗੋਰ ਵੀ ਸੀ । ਖੁਦ ਗਰਬਾਚੋਵ ਸਾਰੇ ਡੈਲੀਗੇਟਾਂ ਦੇ ਸਵਾਗਤ ਲਈ ਉਥੇ ਹਾਜ਼ਰ ਸੀ । ਇਸੇ ਮੀਟਿੰਗ ਦੌਰਾਨ ਯੋਗੀ ਭਜਨ ਨਾਲ ਉਸ ਦੀ ਛੋਟੀ ਜਿਹੀ ਮੁਲਾਕਾਤ ਵੀ ਹੋਈ ਸੀ । ਹਾਲਾਂਕਿ ਉਸੇ ਵੇਲੇ ਤੱਕ ਉਥੇ ਕਮਿਊਨਿਸਟ ਪਾਰਟੀ ਦੀ ਹੀ ਹਕੂਮਤ ਸੀ। ਪਰ ਫੇਰ ਵੀ ਹਾਲਤ ਬਦਲ ਗਏ ਸਨ । ਇਸੇ ਦੌਰਾਨ ਹੀ ਉਨ੍ਹਾਂ ਰੂਸੀ ਜ਼ਮੀਨ ਉਤੇ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਵੀ ਸ਼ੁਰੂ ਕੀਤਾ ਸੀ । ਹਾਂਗਕਾਂਗ ਤੇ ਸਿੰਗਾਪੁਰ ਵਿਚ ਇਹ ਸ਼ੁਰੂਆਤ ਤਾਂ ਦੋ ਦਹਾਕੇ ਪਹਿਲਾਂ ਦੀ ਹੋ ਗਈ ਸੀ ।
ਯੋਗੀ ਭਜਨ ਦੀਆਂ ਕੋਸ਼ਿਸ਼ਾਂ ਸਦਕਾ ਹੀ ਯੂਰਪ, ਅਮਰੀਕਾ ਤੇ ਕਨੇਡਾ ਵਿਚ ਸਿੱਖੀ ਪਛਾਣ ਨਾਲ ਜੁੜੇ ਮਸਲਿਆਂ ਬਾਰੇ ਜਨਤਕ ਰਾਇ ਤੇ ਸਰਕਾਰੀ ਰਵੱਈਏ ਵਿਚ ਵੀ ਤਬਦੀਲੀਆਂ ਆ ਰਹੀਆਂ ਸਨ । ਸਤਾਰਾਂ ਮਈ 1973 ਵਾਲੇ ਦਿਨ ਅਮਰੀਕਾ ਦੀ ਫੈਡਰਲ ਸਰਕਾਰ ਨੇ ਸਿੱਖ ਧਰਮ ਨੂੰ ਕਾਨੂਨੀ ਤੌਰ 'ਤੇ ਮਾਨਤਾ ਦੇ ਦਿੱਤੀ ਸੀ । ਇਹ ਸ੍ਰੀ ਸਿੰਘ ਸਾਹਿਬ 'ਤੇ ਉਨ੍ਹਾਂ ਦੇ ਸਾਥੀਆਂ ਦੇ ਹੀ ਸੰਘਰਸ਼ ਦਾ ਸਿੱਟਾ ਸੀ । ਉਨ੍ਹਾਂ ਦੇ ਹੀ ਯਤਨਾਂ ਕਾਰਨ 7 ਜਨਵਰੀ 1974 ਵਾਲੇ ਦਿਨ ਅਮਰੀਕਨ ਫੌਜ ਦੇ 'ਡਰੈਸ-ਕੋਡ' ਵਿਚ ਸੁਧਾਰ ਦੀ ਸਿੱਖਾਂ ਦੀ ਮੰਗ ਪੂਰੀ ਹੋਈ ਸੀ । ਇਸ ਕਾਨੂਨ ਦੇ ਤਹਿਤ ਹੁਣ ਸਿੱਖਾਂ ਨੂੰ ਪੰਜ ਕਰਾਰਾਂ ਸਮੇਤ ਪੂਰੇ ਸਿੱਖੀ ਸਰੂਪ ਵਿਚ ਫੌਜ ਅੰਦਰ ਰਹਿਣ ਦਾ ਹੱਕ ਹਾਸਲ ਹੋਇਆ ਸੀ । ਮਾਰਚ 1979 ਵਿਚ ਕਨੇਡਾ ਦੀ ਸਰਕਾਰ ਨੂੰ ਵੀ ਸਿੱਖਾਂ ਦੇ ਇਸ ਅਧਿਕਾਰ ਨੂੰ ਮਾਨਤਾ ਦੇਣੀ ਪਈ ਸੀ। ਮਨੁੱਖੀ ਹੱਕਾਂ ਦੀ ਰਾਖੀ ਦੇ ਸੰਘਰਸ਼ ਵਿਚ ਉਨ੍ਹਾਂ ਦੀਆਂ ਇਹ ਪ੍ਰਾਪਤੀਆਂ ਹਮੇਸ਼ਾਂ ਯਾਦ ਕੀਤੀਆਂ ਜਾਣਗੀਆਂ ।

No comments:

Post a Comment