ਅੰਤਮ ਘੜੀਆਂ ਨੂੰ ਪਹੁੰਚੇ ਹਰਿਭਜਨ ਦਾ ਅਚਾਨਕ ਠੀਕ ਹੋ ਜਾਣਾ ਇਕ ਇਤਫਾਕ ਹੋ ਸਕਦਾ ਹੈ । ਗੁਰੂ ਰਾਮ ਦਾਸ ਦਾ ਦੇਹ ਸਮੇਤ ਪ੍ਰਗਟ ਹੋ ਕੇ ਦਰਸ਼ਨ ਦੇਣੇ ਤੇ ਢੁਕਵੀਂ ਦਵਾਈ ਬਾਰੇ ਦੱਸਣਾ ਵੀ ਕਿਸੇ ਤਿਲਸਮੀ ਕਹਾਣੀ ਦਾ ਹਿੱਸਾ ਲੱਗ ਸਕਦਾ ਹੈ । ਪਰ ਇਹ ਆਪਣੇ ਆਪ ਵਿਚ ਕੋਈ ਵਿਕਲੋਤਰੀ ਘਟਨਾ ਨਹੀਂ । ਸੈਂਕੜੇ ਵਰ੍ਹੇ ਪਹਿਲਾਂ ਦੇਹ ਤਿਆਗ ਚੁੱਕੇ ਗੁਰੂਜਨਾ ਦੇ ਆਪਣੇ ਸ਼ਿਸ਼ ਸਾਹਮਣੇ ਪ੍ਰਗਟ ਹੋਣ ਦੇ ਅਨੇਕਾਂ ਕਿੱਸੇ ਇਤਿਹਾਸ ਵਿਚ ਦਰਜ ਹਨ । ਇਨ੍ਹਾਂ ਵਿਚੋਂ ਬਹੁਤਾ ਕੁਝ ਸ਼ਰਧਾਲੂਆਂ ਵਲੋਂ ਨਹੀਂ ਸਗੋਂ ਪੇਸ਼ੇਵਰ ਖੋਜੀ ਇਤਿਹਾਸਕਾਰਾਂ ਵਲੋਂ ਲਿਖਿਆ ਗਿਆ ਹੈ ।
ਪਿਛਲੇ ਕੁਝ ਦਹਾਕਿਆਂ ਤੋਂ ਲੇਖਕਾਂ ਦੀ ਇਕ ਪੂਰੀ ਫੌਜ ਇਸ ਮਾਮਲੇ ਵਿਚ ਸਿਰ ਖਪਾ ਰਹੀ ਹੈ । ਇਹ ਲੋਕ ਇਸ ਰੱਹਸ ਦੀ ਤਹਿ ਤਕ ਪਹੁੰਚਣ ਲਈ ਜੂਝ ਰਹੇ ਹਨ ਕਿ ਆਖਿਰ ਕਿਵੇਂ ਅਤੀਤ ਦੀ ਗੋਦ ਵਿਚ ਸਮਾ ਚੁੱਕੇ ਲੋਕ ਅਚਾਨਕ ਵਰਤਮਾਨ ਵਿਚ ਆ ਪ੍ਰਗਟ ਹੁੰਦੇ ਹਨ । ਇਹ ਸਮੇਂ ਦੇ ਇਕ ਰੇਖਾਈ ਵਹਿਣ ਅਤੇ ਇਤਿਹਾਸਕ ਵਿਕਾਸ ਦੇ ਨੇਮ ਦੀ ਸਿਧੀ ਸਾਦੀ ਉਲੰਘਣਾ ਹੈ । ਜੇ ਇਨ੍ਹਾਂ ਦਾਅਵਿਆਂ ਨੂੰ ਸੱਚ ਦੇ ਰੂਪ ਵਿਚ ਸਥਾਪਤ ਕਰ ਦਿੱਤਾ ਜਾਂਦਾ ਹੈ ਤਾਂ ਆਇਨਸਟਾਈਨ ਦੀ ਉਹ ਧਾਰਨਾ ਜਿਸ ਵਿਚ ਸਮਾਂ ਵੀ ਇਕ ਸਥਾਨ ਦਾ ਹੀ ਇਕ ਪਸਾਰ ਹੋ ਜਾਂਦਾ ਹੈ, ਬਿਲਕੁਲ ਨਵੇਂ ਅਰਥ ਗ੍ਰਹਿਣ ਕਰ ਜਾਵੇਗੀ । ਇਤਿਹਾਸ ਸਮੇਤ ਜੀਵਨ ਦੀ ਹਰ ਸ਼ੈਅ ਦੇ ਅਰਥ ਹੀ ਬਦਲ ਜਾਣਗੇ । ਸਮੇਂ ਦੀ ਗਤੀਸ਼ੀਲਤਾ 'ਤੇ ਸਵਾਲੀਆ ਚਿੰਨ੍ਹ ਲੱਗ ਜਾਵੇਗਾ । ਕਾਲ ਤੇ ਵਿਅਕਤੀ ਦੇ ਸਬੰਧਾਂ ਦਾ ਖਾਸਾ ਹੀ ਬਦਲ ਜਾਵੇਗਾ ।
ਇਸ ਸਿਲਸਿਲੇ ਵਿਚ ਆਧੁਨਿਕ ਢੰਗ ਤਰੀਕਿਆਂ ਨਾਲ ਖੋਜ ਕਰਨ ਵਾਲਿਆਂ ਵਿਚੋਂ ਬਹੁਤਿਆਂ ਦਾ ਸਬੰਧ ਥਿਉਸੌਫੀਕਲ ਸੋਸਾਇਟੀ ਦੇ ਇਤਿਹਾਸਕਾਰਾਂ ਨਾਲ ਹੈ । ਦੇਹ ਤਿਆਗ ਚੁੱਕੇ ਗੁਰੂਆਂ ਨਾਲ ਆਪਣੀਆਂ ਮੁਲਾਕਾਤਾਂ ਦਾ ਦਾਅਵਾ ਸਭ ਤੋਂ ਪਹਿਲਾਂ ਦਾਅਵਾ ਮੈਡਮ ਬਲਾਵਤਸਕੀ ਨੇ ਕੀਤਾ ਸੀ । ਇਸ ਸਬੰਧੀ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ਦਾ ਢੇਰ ਹੈ । ਇਸ ਦੇ ਨਾਲ ਹੀ ਅਨੇਕਾਂ ਸਨਮਾਨਤ ਵਿਅਕਤੀ ਵੀ ਇਸ ਦੇ ਹੱਕ ਵਿਚ ਆਪਣੀ ਗਵਾਹੀ ਭਰਦੇ ਹਨ ।
ਪਰ ਪੱਛਮੀ ਤੇ ਵਿਗਿਆਨਕ ਚਿੰਤਨ ਪਰੰਪਰਾ ਨਾਲ ਜੁੜੇ ਬਹੁਤ ਖੋਜੀ ਇਸ ਸਭ ਕੁਝ ਨੂੰ ਬਲਾਵਤਸਕੀ ਦੀ ਕਲਪਨਾ ਦੀ ਹੀ ਉਪਜ ਮੰਨਦੇ ਹਨ । ਉਨ੍ਹਾਂ ਦੀ ਖੋਜ ਦਾ ਆਰੰਭ ਹੀ ਇਸ ਮਨੌਤ ਦੇ ਬਿੰਦੂ ਤੋਂ ਹੁੰਦਾ ਹੈ । ਖੋਜ ਦੀ ਇਸ ਧਾਰਾ ਦੇ ਨਾਲ ਹੀ ਇਸ ਦੇ ਵਿਪਰੀਤ ਚਿੰਤਨ ਦੀ ਦਿਸ਼ਾ ਵਿਚ ਹੁਣ ਤਾਈਂ ਬਹੁਤ ਕੰਮ ਹੋ ਚੁੱਕਾ ਹੈ । ਹੁਣ ਤੱਕ ਹਾਸਲ ਰਿਪੋਰਟਾਂ ਅਨੁਸਾਰ ਦੇਹ ਤਿਆਗ ਚੁੱਕੇ ਗੁਰੂਆਂ ਦੀ ਵਾਰਤਾ ਸਿਰਫ਼ ਬਲਾਵਤਸਕੀ ਤੱਕ ਹੀ ਸੀਮਤ ਨਹੀਂ ਸੀ । ਸਗੋਂ ਘੱਟੋ ਘੱਟ ਦੋ ਦਰਜਨ ਲੋਕਾਂ ਨਾਲ ਉਨ੍ਹਾਂ ਦਾ ਸਿੱਧਾ ਸੰਵਾਦ ਚੱਲ ਰਿਹਾ ਸੀ । ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹੋਮਰੂਲ ਅੰਦੋਲਨ ਦੀ ਨਾਇਕਾ ਐਨੀ ਬੇਸੰਟ ਤੇ ਕ੍ਰਿਸ਼ਨਾਮੂਰਤੀ ਦਾ ਟੀਚਰ ਚਾਰਲਸ ਵੇਬਸਟਰ ਲੈਡਬੀਟਰ ਸੀ । ਇਸੇ ਲੜੀ ਦੀ ਇਕ ਹੋਰ ਬੜੀ ਅਹਿਮ ਕੜੀ ਕਰਨਲ ਹੈਨਰੀ ਸਟੀਲ ਓਲਕੋਟ ਹੈ ।
ਕਰਨਲ ਹੈਨਰੀ ਥਿੳਸਫੀਕਲ ਸੋਸਾਇਟੀ ਦਾ ਪਹਿਲਾ ਪ੍ਰਧਾਨ ਵੀ ਸੀ । ਅਮਰੀਕਨ ਘਰੇਲੂ ਜੰਗ ਦੇ ਦੌਰਾਨ ਫੋਜੀ ਘੁਟਾਲਿਆਂ ਦੀ ਜਾਂਚ ਪੜਤਾਲ ਕਰਨ ਲਈ ਉਸ ਨੂੰ ਇਹ ਉਚਾ ਅਹੁਦਾ ਦਿੱਤਾ ਗਿਆ ਸੀ । ਉਸ ਦੀ ਭਰੋਸੇਯੋਗਤਾ ਅਤੇ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਧਾਨ ਲਿੰਕਨ ਦੀ ਹੱਤਿਆ ਸਬੰਧੀ ਸਾਰੀ ਜਾਂਚ ਪ੍ਰਕਿਰਿਆ ਦਾ ਨਿਗਰਾਨ ਉਸ ਨੂੰ ਵੀ ਥਾਪਿਆ ਗਿਆ ਸੀ ।
ਕਰਨਲ ਹੈਨਰੀ ਨੇ ਛੇ ਸੈਂਚੀਆਂ ਵਿਚ ਉਸ ਲਹਿਰ ਦਾ ਮੁਢਲਾ ਇਤਿਹਾਸ ਲਿਖਿਆ ਹੈ । ਇਸੇ ਵਿਚ ਉਸ ਨੇ ਕੌਈ 33 ਸਾਲਾਂ ਦੇ ਲੰਬੇ ਅਰਸੇ ਤਕ ਦਿਵੰਗਤ ਗੁਰੂਆਂ ਨਾਲ ਆਪਣੀਆਂ ਮਿਲਣੀਆਂ ਦਾ ਸਿਲਸਿਲੇਵਾਰ ਬਿਉਰਾ ਦਿੱਤਾ ਹੈ । ਉਸ ਦੀਆਂ ਲਿਖਤਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਪੁਰਾਣੇ ਗੁਰੂ ਜਾਂਦੇ ਵਕਤ ਆਪਣੀ ਨਿਸ਼ਾਨੀ ਵਿਚੋਂ ਕੋਈ ਨਾ ਕੋਈ ਅਜਿਹੀ ਚੀਜ਼ ਛੱਡ ਜਾਂਦੇ ਸਨ, ਜਿਸ ਨਾਲ ਉਨ੍ਹਾਂ ਦਾ ਸਬੰਧ ਜੱਗ ਜ਼ਾਹਰ ਹੁੰਦਾ ਹੈ ।
ਇਸ ਕਿਸਮ ਦੀਆਂ ਹੋਰ ਅਨੇਕਾਂ ਮਿਸਾਲਾਂ ਵੱਖ ਵੱਖ ਧਰਮਾਂ ਦੇ ਇਤਿਹਾਸਕ ਪ੍ਰਸੰਗਾਂ ਵਿਚੋਂ ਲਾਈਆਂ ਜਾ ਸਕਦੀਆਂ ਹਨ । ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਮਿਸਾਲਾਂ ਉਨ੍ਹਾਂ ਧਰਮਾਂ ਤੇ ਵਿਅਕਤੀਆਂ ਦੀਆਂ ਹਨ ਜਿਨ੍ਹਾਂ ਦਾ ਕਿਸੇ ਦੈਵੀ ਸੱਤਾ ਦੀ ਹੋਂਦ ਵਿਚ ਵੀ ਕਦੇ ਕੋਈ ਯਕੀਨ ਨਹੀਂ ਰਿਹਾ । ਆਧੁਨਿਕ ਯੁਗ ਦੇ ਇਕ ਹੋਰ ਮਹਾਨ ਮਾਸਟਰ ਓਸ਼ੋ ਦਾ ਵੀ ਇਹ ਦਾਵਾ ਸੀ ਕਿ ਉਸ ਦੀ ਮੌਤ ਉਪਰੰਤ ਵੀ ਉਸ ਦੀ ਉਰਜਾ ਉਸ ਦੇ ਸੰਨਿਆਸੀਆਂ ਨੂੰ ਉਂਜ ਹੀ ਹਾਸਲ ਰਹੇਗੀ, ਜਿਵੇਂ ਉਸ ਦੇ ਜੀਵਨ ਕਾਲ ਵਿਚ ਸੀ । ਇਸ ਲਈ ਉਸ ਨੇ ਸ਼ਾਮ ਦਾ ਇਕ ਸਮਾਂ ਵੀ ਮੁਕਰਰ ਕੀਤਾ ਸੀ । ਅੱਜ ਵੀ ਓਸ਼ੋ ਦੇ ਦੇਹ ਤਿਆਗਣ ਤੋਂ ਬਾਅਦ ਹਰ ਸ਼ਾਮ ਉਸ ਮਿੱਥੇ ਸਮੇਂ 'ਤੇ ਕਮਿਊਨ ਵਿਚ ਇਕ ਖਾਸ ਧਿਆਨ ਸਾਧਨਾ ਹੁੰਦੀ ਹੈ । ਜਿਸ ਨੂੰ ਈਵਨਿੰਗ ਸਤਿਸੰਗ ਕਿਹਾ ਜਾਂਦਾ ਹੈ ਜਾਂ ਵਾਈਟਹੁਡ ਬ੍ਰਦਰਹੁੱਡ। ਇਹ ਕਮਿਊਨ ਦੀਆਂ ਸਾਰੇ ਦਿਨ ਦੀਆਂ ਗਤੀਵਿਧੀਆਂ ਦਾ ਇਕ ਤਰ੍ਹਾਂ ਨਾਲ ਸਿਖਰ ਹੀ ਹੁੰਦਾ ਹੈ । ਉਸ ਸਮੇਂ ਦੀ ਵੱਖਰੀ ਉਰਜਾ ਦਾ ਅਹਿਸਾਸ ਉਥੇ ਮੌਜੂਦ ਹਰ ਸਾਧਕ ਖੁਦ ਹੀ ਕਰ ਸਕਦਾ ਹੈ ।
ਇਸ ਸਾਰੇ ਵਿਸਥਾਰ ਦਾ ਮਕਸਦ ਸਿਰਫ ਇੰਨਾਂ ਹੈ ਕਿ ਕੁਝ ਪਾਠਕਾਂ ਦੇ ਮਨ ਅੰਦਰ ਜੜ੍ਹ ਹੋਏ ਸੰਸਕਾਰਾਂ ਨੂੰ ਥੋੜਾ ਹਿਲੂਣਾ ਦਿੱਤਾ ਜਾ ਸਕੇ । ਬਾਲਕ ਹਰਿਭਜਨ ਤੇ ਚਾਰ ਸਦੀਆਂ ਪਹਿਲਾਂ ਦੇਹ ਤਿਆਗ ਚੁੱਕੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਮਿਲਣੀ ਬਾਰੇ ਕਿਸੇ ਤਰ੍ਹਾਂ ਦੀ ਟਿੱਪਣੀ ਜਾਂ ਨਿਰਣਾ ਦੇਣਾ ਸਾਡਾ ਮਕਸਦ ਨਹੀਂ । ਅਸੀਂ ਇਸ ਨੂੰ ਰੂਹਾਨੀ ਜਾਂ ਨਿਊ ਏਜ ਇਤਿਹਾਸ ਵਿਚ ਮੌਜੂਦ ਦੂਜੀਆਂ ਉਦਹਰਣਾਂ ਦੇ ਪ੍ਰਸੰਗ ਵਿਚ ਪ੍ਰੰਸਤੁਤ ਕਰਨਾ ਚਾਹੁੰਦੇ ਹਾਂ ਤਾਂ ਜੋ ਇਸ ਨੂੰ ਸੌੜੇ ਇਤਿਹਾਸਕ ਅਰਥਾਂ ਵਿਚ ਲੈਣ ਦੇ ਬਜਾਏ ਇਸ ਦੇ ਵਸੀਹ ਅਰਥਾਂ ਵਿਚ ਗ੍ਰਹਿਣ ਕੀਤਾ ਜਾ ਸਕੇ ।
Thursday, November 26, 2009
Subscribe to:
Post Comments (Atom)
No comments:
Post a Comment